Tuesday 6 May 2014

ਇੱਕ ਹਿਟਲਰ ਸੀ.....?

ਅੱਜ ਦੇ ਦੌਰ 'ਚ ਇੰਟਰਨੈੱਟ ਜ਼ਿੰਦਗੀ ਦਾ ਹਿੱਸਾ ਹੀ ਬਣ ਗਿਆ ਹੈ। ਸੂਚਨਾ ਦਾ ਆਦਾਨ-ਪ੍ਰਦਾਨ ਪਲਾਂ-ਛਿਣਾਂ ਵਿੱਚ ਹੀ ਹੋ ਜਾਂਦਾ ਹੈ। ਇਸ 'ਤੇ ਮੌਜੂਦ ਸੋਸ਼ਲ ਸਾਈਟਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਲੇਵੇਂ 'ਚ ਲਿਆ ਹੋਇਆ ਹੈ। ਇਨ੍ਹਾਂ ਦੇ ਜਿੱਥੇ ਨੁਕਸਾਨ ਵੀ ਬਹੁਤ ਹਨ, ਪਰ ਫਾਇਦਿਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਸਾਈਟਾਂ 'ਤੇ ਪਾ ਦਿੱਤੀ ਜਾਂਦੀ ਹੈ ਤੇ ਇਹ ਕੁੱਝ ਹੀ ਦੇਰ ਵਿੱਚ ਦੂਰ-ਦੂਰ ਤੱਕ ਚਲੀ ਜਾਂਦੀ ਹੈ। ਨੌਜਵਾਨ ਪੀੜ੍ਹੀ ਤੱਕ ਪਹੁੰਚਣ ਲਈ ਇਹ ਇੱਕ ਕਾਰਗਰ ਮਾਧਿਅਮ ਹੋ ਸਕਦਾ ਹੈ। ਇਨੀਂ ਦਿਨੀਂ ਫੇਸਬੁੱਕ 'ਤੇ ਇੱਕ ਦਿਲਚਸਪ 'ਪੋਸਟ' ਸ਼ੇਅਰ ਕੀਤੀ ਜਾ ਰਹੀ ਹੈ। ਪਤਾ ਨਹੀਂ ਇਹ ਕਿਸ ਨੇ ਸਭ ਤੋਂ ਪਹਿਲਾਂ ਪਾਈ ਹੋਵੇਗੀ, ਪਰ ਜਿਸ ਦੇ ਵੀ ਦਿਮਾਗ ਦੀ ਉਪਜ ਹੈੇ, ਉਸ ਦੀ ਦਾਦ ਦੇਣੀ ਬਣਦੀ ਹੈ। ਆਪਣੇ ਪਾਠਕਾਂ ਦੀ ਜਾਣਕਾਰੀ ਲਈ ਇੱਹ ਪੋਸਟ ਹੇਠਾਂ ਦਿੱਤੀ ਜਾ ਰਹੀ ਹੈ :
ਇੱਕ ਵਾਰ ਇੱਕ ਹਿਟਲਰ ਸੀ
1) ਹਿਟਲਰ ਨੇ ਸ਼ਾਦੀ ਨਹੀਂ ਕੀਤੀ ਸੀ।
2) ਹਿਟਲਰ ਪੱਕਾ 'ਰਾਸ਼ਟਰਵਾਦੀ' ਸੀ।
3) ਹਿਟਲਰ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਦੇਸ਼ ਦਾ ਦੁਸ਼ਮਣ ਮੰਨਦਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਸੀ।
4) ਹਿਟਲਰ ਕਮਿਊਨਿਸਟਾਂ/ਸਮਾਜਵਾਦੀਆਂ ਨੂੰ ਬਦੇਸ਼ੀ ਏਜੰਟ ਕਹਿੰਦਾ ਸੀ।
5) ਹਿਟਲਰ ਦੇ ਸਮੱਰਥਕਾਂ ਨੂੰ ਉਸ ਦੀ ਆਲੋਚਨਾ ਬਰਦਾਸ਼ਤ ਨਹੀਂ ਹੁੰਦੀ ਸੀ।
6) ਹਿਟਲਰ ਇੱਕ ਅਖੰਡ ਤੇ ਵੱਡਾ ਜਰਮਨੀ ਬਣਾਉਣਾ ਚਾਹੁੰਦਾ ਸੀ।
7) ਹਿਟਲਰ ਨੇ ਬਚਪਨ 'ਚ ਪੇਂਟ ਕਰਨ ਦਾ ਅਤੇ ਰੰਗ ਵੇਚਣ ਦਾ ਕੰਮ ਕੀਤਾ ਸੀ।
8) ਹਿਟਲਰ ਨਾਜ਼ੀ ਪਾਰਟੀ 'ਚ ਸਧਾਰਨ ਮੈਂਬਰ ਦੇ ਤੌਰ 'ਤੇ ਭਰਤੀ ਹੋਇਆ ਸੀ ਅਤੇ ਫਿਰ ਸਾਰੀ ਮੁਕਾਬਲੇਬਾਜ਼ੀ ਖਤਮ ਕਰਕੇ ਪਾਰਟੀ ਦਾ ਸਰਬ-ਸੰਮਤ ਆਗੂ ਬਣ ਗਿਆ ਸੀ।
9) ਹਿਟਲਰ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾ ਸੀ।
10) ਹਿਟਲਰ ਆਪਣੇ ਗੁਆਂਢੀ ਦੇਸ਼ਾਂ ਨੂੰ ਜਰਮਨੀ ਦਾ ਦੁਸ਼ਮਣ ਕਹਿੰਦਾ ਸੀ।
11) ਪ੍ਰਚਾਰ ਦੇ ਸਾਰੇ ਸਾਧਨ, ਅਖਬਾਰ, ਰਸਾਲੇ ਹਿਟਲਰ ਦੇ ਪ੍ਰਚਾਰ 'ਚ ਲੱਗੇ ਸਨ।
12) ਹਿਟਲਰ ਨੇ ਸਾਰੇ ਮਜ਼ਦੂਰ ਅੰਦੋਲਨਾਂ ਨੂੰ ਕੁਚਲ ਦਿੱਤਾ ਸੀ। 
13) ਹਿਟਲਰ ਆਪਣੇ ਵਿਰੋਧੀਆਂ ਨੂੰ ਦੇਸ਼ ਧ੍ਰੋਹੀ ਕਹਿੰਦਾ ਸੀ। 
14) ਹਿਟਲਰ ਇਹ ਪ੍ਰਚਾਰ ਕਰਕੇ ਸੱਤਾ 'ਚ ਆਇਆ ਸੀ ਕਿ ਉਹ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਚੁਟਕੀ 'ਚ ਖਤਮ ਕਰ ਦੇਵੇਗਾ। 
ਇਸ 'ਪੋਸਟ' ਦੀਆਂ ਇਹ ਆਖਰੀ ਸਤਰਾਂ ਵੀ ਧਿਆਨ ਮੰਗਦੀਆਂ ਹਨ, ''ਇਹ 'ਪੋਸਟ' ਸਿਰਫ ਤੇ ਸਿਰਫ ਹਿਟਲਰ ਬਾਰੇ ਹੈ। ਹਿਟਲਰ ਤੋਂ ਇਲਾਵਾ ਇਸ ਪੋਸਟ ਨਾਲ ਜੇ ਕਿਸੇ ਦਾ ਸੰਬੰਧ ਨਿਕਲ ਆਉਂਦਾ ਹੈ ਤਾਂ ਇਸ ਦਾ ਸਿਹਰਾ ਕੇਵਲ ਖ਼ੁਦ ਦੀ ਕਲਪਨਾ ਨੂੰ ਹੀ ਦਿਓ।''
(ਪੇਸ਼ਕਸ਼ - ਇੰਦਰਜੀਤ ਚੁਗਾਵਾਂ) 

No comments:

Post a Comment