ਮਹੀਪਾਲ
ਹਾਲ ਹੀ ਵਿਚ ਵਾਪਰੀਆਂ ਦੋ ਘਟਨਾਵਾਂ ਨੇ ਲੋਕਾਂ ਦਾ ਧਿਆਨ ਵੱਡੇ ਪੱਧਰ 'ਤੇ ਖਿੱਚਿਆ ਅਤੇ ਲੋਕ ਮਨਾਂ ਨੂੰ ਝੰਜੋੜਿਆ ਹੈ। ਦੋਹਾਂ ਘਟਨਾਵਾਂ ਨੇ ਪੰਜਾਬ ਦੇ ਹਾਕਮਾਂ ਦਾ ਨਿਰਦਈ ਅਤੇ ਅਸੰਵੇਦਨਸ਼ੀਲ ਵਤੀਰਾ ਹੋਰ ਬੇਪਰਦ ਕੀਤਾ ਹੈ।
ਪਹਿਲੀ ਘਟਨਾ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੰਨੂੰ ਦੀ ਹੈ। ਇਹ ਪਿੰਡ ਸੂਬੇ ਦੇ ਮੁੱਖ ਮੰਤਰੀ ਦੇ ਪੁਸ਼ਤੈਨੀ ਪਿੰਡ ਬਾਦਲ ਤੋਂ ਕੋਈ ਪੰਜ ਛੇ ਕਿਲੋਮੀਟਰ ਦੀ ਦੂਰੀ 'ਤੇ ਹੈ। ਇੱਥੋਂ ਦੀ ਇਕ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ, ਜੋ ਬੇਜ਼ਮੀਨੇ ਦਲਿਤ ਪਰਿਵਾਰ ਦੀ ਧੀ ਹੈ (ਸੀ) ਨੂੰ ਇਕ ਬਸ ਥੱਲੇ ਦਰੜ ਕੇ ਮਾਰ ਦਿੱਤਾ ਗਿਆ। ਬਸ ਹੈ ; ਲੋਕਾਂ ਦੀ ਜਾਨ ਦਾ ਖੌਅ ਬਣੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੀ, ਜਿਸ ਦਾ ਮਾਲਕ ਡਿੰਪੀ ਢਿੱਲੋਂ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦਾ ਸ਼ਰੀਕੇ 'ਚੋਂ ਭਤੀਜਾ ਲੱਗਦਾ ਹੈ ਅਤੇ ਉਹ ਸ਼੍ਰ੍ਰੋਮਣੀ ਅਕਾਲੀ ਦਲ ਦਾ ਥਾਪਿਆ ਹੋਇਆ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਇੰਚਾਰਜ ਹੈ।
ਅਰਸ਼ਦੀਪ ਦੀ ਮੌਤ (ਅਸਲ ਵਿਚ ਕਤਲ) ਤੋਂ ਰੋਹ ਵਿਚ ਆਏ ਲੋਕਾਂ ਨੇ ਉਸ ਬੱਚੀ ਦਾ ਮ੍ਰਿਤਕ ਸਰੀਰ ਸੰਸਕਾਰ ਕਰਨ ਦੀ ਬਜਾਏ ਉਵੇਂ ਹੀ ਰੱਖ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੋਗਾ ਜ਼ਿਲ੍ਹੇ ਦੀ ਦਲਿਤ ਬੱਚੀ ਨੂੰ ਪਿੰਡ ਲੰਡੇਕੇ ਵਿਖੇ ਓਰਬਿਟ ਬਸ 'ਚੋਂ ਸੁੱਟ ਕੇ ਮਾਰ ਦੇਣ ਦੀ ਘਟਨਾ ਤੋਂ ਬਾਅਦ ਸੂਬੇ ਭਰ ਵਿਚ ਹੋਏ ਰੋਸ ਪ੍ਰਦਰਸ਼ਨਾਂ ਅਤੇ ਵਿਆਪਕ ਨਿੰਦਾ ਨੂੰ ਯਾਦ ਕਰਦਿਆਂ ਬਾਦਲ ਪਰਵਾਰ ਨੇ ਉਸੇ ਤਰ੍ਹਾਂ ਦੇ ਹਾਲਾਤ ਦੇ ਦੁਹਰਾਏ ਜਾਣ ਤੋਂ ਬਚਣ ਲਈ ਪੁਰਾਣੇ ਅਜਮਾਏ ਹੋਏ ਅਤੇ ਨਵੇਂ ਅਤਿ ਦਰਜ਼ੇ ਦੇ ਨਿਰਦਈ ਪੈਂਤੜਿਆਂ ਦੀ ਵਰਤੋਂ ਕੀਤੀ।
ਸਭ ਤੋਂ ਪਹਿਲਾਂ ਲੋਕ ਸੱਥ ਵਿਚ ਰੋਸ ਦੇ ਪ੍ਰਤੀਕ ਵਜੋਂ ਰੱਖੇ ਨਾਬਾਲਿਗ ਬੱਚੀ ਅਰਸ਼ਦੀਪ ਦੇ ਮ੍ਰਿਤਕ ਸਰੀਰ ਨੂੰ ਬਾਦਲਾਂ ਦੀ ਹੱਥਠੋਕਾ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਪਰਵਾਰ ਅਤੇ ਅੰਦੋਲਨਕਾਰੀਆਂ ਤੋਂ ਜਬਰੀ ਖੋਹ ਕੇ ਲੈ ਗਏ। ਖੋਹ ਖਿੰਝ ਇਸ ਤਰ੍ਹਾਂ ਨਿਰਦਇਤਾ ਨਾਲ ਕੀਤੀ ਗਈ ਕਿ ਉਸ ਗਰੀਬ ਪਰਿਵਾਰ ਦੀ ਮ੍ਰਿਤਕ ਬੇਟੀ ਦੇ ਮੁਰਦਾ ਜਿਸਮ ਦੇ ਹਿੱਸੇ ਸੜਕ 'ਤੇ ਖਿਲਰ ਗਏ। ਇਹ ਕੁੱਝ ਕਰਨ ਵੇਲੇ ਪਰਵਾਰ, ਪਿੰਡ ਵਾਸੀਆਂ ਅਤੇ ਅੰਦੋਲਨਕਾਰੀਆਂ ਨੂੰ ਖਦੇੜਣ ਲਈ ਹਵਾ ਵਿਚ ਅੰਨ੍ਹੇਵਾਹ ਫਾਇਰੰਗ ਕਰਕੇ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਗਿਆ। ਇਨ੍ਹਾਂ ਕਰਕੇ ਹੀ ਸਬਰ ਨਹੀਂ ਕੀਤਾ ਗਿਆ। ਸਭ ਅੱਧੀਆਂ ਅਧੂਰੀਆਂ ਕਾਨੂੰਨੀ ਪੇਚੀਦਗੀਆਂ ਹੱਥੋਂ ਹੱਥੀ ਨਿਪਟਾ ਕੇ ਸਥਾਪਤ ਸਮਾਜੀ ਮਾਪਦੰਡਾਂ ਅਤੇ ਰਿਵਾਇਤਾਂ ਦੇ ਉਲਟ ਗੂੜ੍ਹੇ ਹਨੇਰੇ 'ਚ ਰਾਤ ਨੂੰ ਹੀ ਸਰਕਾਰੀ ''ਦੇਖ-ਰੇਖ'' ਵਿਚ ਬੱਚੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਨਿਰਦਈ ਹਾਕਮਾਂ ਨੇ ਆਪਣੇ ਤੌਖਲੇ ਹੋਰ ਪੱਕੇ ਤੌਰ 'ਤੇ ਦੂਰ ਕਰਨ ਲਈ ਚੰਨੂ ਪਿੰਡ ਅਤੇ ਇਸ 'ਚ ਦਾਖ਼ਲ ਹੋਣ ਦੇ ਸਭੇ ਰਸਤੇ ਸੀਲ ਕਰ ਦਿੱਤੇ। ਸ. ਪ੍ਰਕਾਸ਼ ਸਿਘ ਬਾਦਲ ਗਾਹੇ-ਬਗਾਹੇ, ਜੂਨ 1984 'ਚ ਭਾਰਤੀ ਫੌਜ ਵਲੋਂ ਸ਼੍ਰੀ ਹਰਮੰਦਰ ਸਾਹਿਬ ਦੀ ਕੀਤੀ ਗਈ ਘੇਰਾਬੰਦੀ ਬਾਰੇ ਬਹੁਤ ਹੰਝੂ (ਮਗਰਮੱਛ ਵਾਲੇ) ਵਹਾਉਂਦੇ ਹਨ। ਪਰ ਸਿਰਫ 'ਤੇ ਸਿਰਫ ਆਪਣੇ ਭਤੀਜੇ ਦੇ ਹਿੱਤਾਂ ਦੀ ਰਾਖੀ ਲਈ ਚੰਨੂੰ ਪਿੰਡ 'ਚ ਅਰਸ਼ਦੀਪ ਕੌਰ ਦੀ ਮੌਤ ਦਾ ਅਫਸੋਸ ਕਰਨ ਵਾਲਿਆਂ, ਇੱਥੋਂ ਤੱਕ ਕਿ ਅਤੀ ਨਜ਼ਦੀਕਿਆਂ ਨੂੰ ਵੀ ਨਹੀਂ ਜਾਣ ਦਿੱਤਾ, ਬਾਦਲ ਸਾਹਿਬ ਦੇ ਹੁਕਮਾਂ ਦੇ ਬੱਧੇ ਪੁਲੀਸ ਪ੍ਰਸ਼ਾਸਨ ਨੇ। ਕੀ ਗੱਲ ਬਾਦਲ ਸਾਹਿਬ? ਚੰਨੂੰ ਪਿੰਡ 'ਚ ਵਾਹਿਗੁਰੂ ਦਾ ਵਾਸ ਨਹੀਂ ਜਾਂ ਉਥੇ ਗੁਰੂ ਘਰ ਹੈ ਨ੍ਹੀਂ!
ਅਜੇ ਪਿਛਲੇ ਹੀ ਦਿਨੀਂ ਕਿਸੇ ਅਖੌਤੀ ਸਦਭਾਵਨਾ ਰੈਲੀ 'ਚ ਬੋਲਦਿਆਂ ਬਾਦਲ ਸਾਹਿਬ ਬੜੇ ਮਾਨ ਨਾਲ ਬਿਆਨ ਕਰ ਰਹੇ ਸਨ ਕਿ ਉਨ੍ਹਾਂ ਦੀ ਪਿੰਡ ਬਾਦਲ ਵਾਲੀ ਨਿੱਜੀ ਅਤੇ ਚੰਡੀਗੜ੍ਹ ਵਾਲੀ ਸਰਕਾਰੀ ਰਿਹਾਇਸ਼ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਤ ਹਨ ਅਤੇ ਬਕੌਲ ਬਾਦਲ ਸਾਹਿਬ ਉਹ ਦਿਨ ਦੇ ਰੁਟੀਨ ਦੇ ਕਿਸੇ ਵੀ ਕੰਮ ਤੋਂ ਪਹਿਲਾਂ ਪਾਠ ਕਰਦੇ ਹਨ ਫਿਰ ਕੁੱਝ ਹੋਰ ਕਰਦੇ ਹਨ। ਲਗਦੈ ਬਾਦਲ ਸਾਹਿਬ ''ਏਤੀ ਮਾਰ ਪਈ ਕੁਰਲਾਨੇ, ਤੈਂ ਕੀ ਦਰਦ ਨਾ ਆਇਆ'' ਵਾਲੇ ਸਫ਼ਿਆਂ 'ਤੇ ਕਤਈ ਧਿਆਨ ਨਹੀਂ ਦਿੰਦੇ। ਜੋ ਕੁੱਝ ਮਾਸੂਮ ਬੱਚੀ ਦੇ ਮ੍ਰਿਤਕ ਸਰੀਰ ਨਾਲ ਕੀਤਾ ਕਰਾਇਆ ਗਿਐ, ਕੀ ਉਹ ਗੁਰੂਬਾਣੀ ਦੇ ਮਾਨਵੀ ਸਰੋਕਾਰਾਂ ਨਾਲ ਭੋਰਾ ਵੀ ਮੇਲ ਖਾਂਦਾ ਐ? ਬਾਦਲ ਸਾਹਿਬ ਚੁੱਪ ਹਨ; ਕਿਉਂਕਿ ਸਭੇ ਕੁਝ ਨੂੰ ਉਨ੍ਹਾਂ ਦੀ ਸਰਪਰਸਤੀ ਹਾਸਲ ਹੈ। ਹੁਣ ਪਤਾ ਲੱਗਿਐ ਸ਼੍ਰੋਮਣੀ ਅਕਾਲੀ ਦਲ 'ਚ ਸਰਪਰਸਤ ਵਾਲਾ ਅਹੁਦਾ ਕਿਉਂ ਸਜਾਇਆ ਗਿਐ! ਅਰਬ ਦੇਸ਼ਾਂ 'ਚ ਇਕ ਬਲੱਡ ਮਨੀ ਨਾਂਅ ਦੀ ਮੱਧਯੁਗੀ ਅਮਾਨਵੀ ਰਿਵਾਇਤ ਪ੍ਰਚਲਤ ਹੈ। ਕਿਸੇ ਨੂੰ ਕਤਲ ਕਰਨ ਵਾਲਾ ਵਿਅਕਤੀ ਜਾਂ ਉਸ ਦੇ ਸਾਕ ਸਨੇਹੀ ਕਤਲ ਹੋਣ ਵਾਲੇ ਦੇ ਵਾਰਸਾਂ ਨੂੰ ਇਕ ਤੈਅਸ਼ੁਦਾ ਰਕਮ ਅਦਾ ਕਰ ਦੇਣ ਤਾਂ ਕਤਲ ਕਰਨ ਵਾਲਾ ਵਿਅਕਤੀ ਸਮੁੱਚੇ ਕਾਨੂੰਨੀ ਸਮਾਜੀ ਮੁਕੱਦਮੇਂ ਤੋਂ ਮੁਕੰਮਲ ਬਰੀ ਹੋ ਜਾਂਦਾ ਹੈ। ''ਤਰੱਕੀ'' ਕਰਕੇ ''ਕੈਲੀਫੋਰਨਿਆਂ'' ਬਣ ਚੁੱਕੇ ਅਜੋਕੇ ਪੰਜਾਬ ਵਿਚ ਬਾਦਲ ਕੁਨਬਾ ਵੀ ਉਕਤ ਰਸਮੋ-ਰਿਵਾਇਤ ਨੂੰ ਆਪਣੇ ਗੁਨਾਹਾਂ ਤੋਂ ਮੁਕਤ ਹੋਣ ਲਈ ਖੂਬ ਨਿਭਾਅ ਰਿਹਾ ਹੈ। ਲੰਡੇ ਕੇ ਹੋਵੇ ਜਾਂ ਬਰਗਾੜੀ, ਪੁਲਸ ਗੋਲੀ ਨਾਲ ਮਰੇ ਸੰਘਰਸ਼ਸ਼ੀਲ ਆਗੂ ਤੇ ਕਾਰਕੁੰਨ ਹੋਣ, ਸਰਕਾਰੀ ਵਧੀਕੀਆਂ ਕਾਰਣ ਖੁਦਕੁਸ਼ੀਆਂ ਕਰ ਗਏ ਕਿਸਾਨ ਮਜ਼ਦੂਰ ਹੋਣ, ਢਾਈ ਸੌ ਰੁਪਏ ਦੀ ''ਵਿਸ਼ਾਲ ਧੰਨਰਾਸ਼ੀ'' ਵਾਲੀ ਪੈਨਸ਼ਨ ਨਾ ਮਿਲਣ ਕਰਕੇ ਆਤਮਦਾਹ ਕਰ ਗਿਆ ਬਜ਼ੁਰਗ ਹੋਵੇ, ਸਭ ਨੂੰ ਪੈਸਾ (ਅਖੌਤੀ ਮੁਆਵਜ਼ਾ) ਦੇ ਕੇ ਚੁੱਪ ਕਰਵਾਉਣ ਦਾ ਪੈਂਤੜਾ ਧੜੱਲੇ ਨਾਲ ਆਜ਼ਮਾਇਆ ਜਾਂਦਾ ਹੈ। ਸਮੁੱਚੇ ਹਾਲਾਤ 'ਤੇ ਗੌਰ ਕਰਨ ਤੋਂ ਇਹ ਪੈਂਤੜਾ ਚੰਨੂੰ ਵਿਖੇ ਵੀ ਅਜਮਾਇਆ ਗਿਆ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਮੁੱਖ ਮੰਤਰੀ ਹਮੇਸ਼ਾਂ ਦੀ ਤਰ੍ਹਾਂ ਚੁੱਪ ਹਨ। ਚੰਨੂੰ ਵਿਖੇ ਹੋ ਸਕਦੈ ਮਾਸੂਮ ਧੀ ਅਰਸ਼ਦੀਪ ਦੀ ਅੰਤਮ ਅਰਦਾਸ ਵਿਚ ਇਹ ਸ਼ਬਦ ਉਚਾਰਿਆ ਗਿਆ ਹੋਵੇ ''ਘੱਲੇ ਆਵਹਿ ਨਾਨਕਾ ਸੱਦੇ ਉਠਿ ਜਾਹਿ।'' ਪਰ ਪੰਜਾਬ ਦੇ ਲੋਕੀਂ ਇਸ ਮੌਤ ਦੀ ਘਟਨਾ ਨੂੰ ਸਧਾਰਨ ਆਵਾਗਮਨ ਦਾ ਵਰਤਾਰਾ ਨਹੀਂ ਸਮਝਦੇ। ਸਮਾਂ ਆਉਣ 'ਤੇ ਸਮੇਂ ਦੀ ਸਰਕਾਰ ਦੇ ਸਾਰੇ 'ਭਰਮ ਭਲੇਖੇ' ਵੀ ਦੂਰ ਕਰ ਦਿੱਤੇ ਜਾਣਗੇ। ਅਜੇ ਅਸੀਂ ਏਥੇ ਕੁੱਝ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਆਪਣਾ ਫਰਜ਼ ਸਮਝਦੇ ਹਾਂ।
ਇਸ ਦੀਪ ਕੰਪਨੀ ਦੀਆਂ ਧਾੜਾਂ ਨੇ ਫਰੀਦਕੋਟ ਵਿਖੇ ਵਿਦਿਆਰਥੀ-ਵਿਦਿਆਰਥਣਾਂ ਦੀ ਜਾਲਿਮਾਨਾ ਕੁੱਟਮਾਰ ਕੀਤੀ ਸੀ ਅਤੇ ਮਗਰੋਂ 'ਅਮਨ ਕਾਨੂੰਨ' ਦੀ ਰਾਖੀ ਕਰਨ ਵਾਲੀ ਪੁਲਸ ਤੋਂ ਵੀ ਉਨ੍ਹਾਂ ਦੀ ''ਸੇਵਾ'' ਕਰਵਾਈ ਸੀ।
ਬਠਿੰਡਾ ਵਿਖੇ ਪੀ.ਆਰ.ਟੀ.ਸੀ. ਦੇ ਠੇਕਾ ਅਧਾਰਤ ਕਰਮਚਾਰੀਆਂ ਨੂੰ ਦਬਕਾਉਣ ਲਈ ਰਾਤੋ-ਰਾਤ ਇਸੇ ਦੀਪ ਕੰਪਨੀ ਦੀਆਂ ਬੱਸਾਂ ਸੜਕਾਂ 'ਤੇ ਲਾ ਕੇ ਸੂਬਾ ਵਾਸੀਆਂ 'ਤੇ ਨਾਜਾਇਜ਼ ਟਰਾਂਸਪੋਰਟ ਹੜਤਾਲ ਠੋਸੀ ਗਈ ਸੀ।
ਮੁਕਤਸਰ ਨੇੜੇ ਇਸੇ ਬਸ ਦੇ ਕਰਮਚਾਰੀਆਂ ਨੇ ਗੂੜ੍ਹੀ ਸੰਗਰ ਦੀ ਅਪੰਗ ਬੱਚੀ ਨੂੰ ਅਬਾਦੀ ਤੋਂ ਦੂਰ ਜਬਰੀ ਬੱਸ 'ਚੋਂ ਉਤਾਰਿਆ ਸੀ।
ਇਸੇ ਨਿਊ ਦੀਪ ਕੰਪਨੀ ਦਾ ਮਾਲਕ ਡਿੰਪੀ ਢਿੱਲੋਂ ਹੀ ਸੀ ਜਿਸਨੇ ਇਹ ਐਲਾਨ (ਅਖਬਾਰੀ ਬਿਆਨਾਂ ਰਾਹੀਂ) ਕੀਤਾ ਸੀ ਕਿ ਜੇ ਲੋਕਾਂ ਨੇ ਹੜਤਾਲ ਕੀਤੀ ਤਾਂ ਅਸੀਂ ਯੂਥ ਅਕਾਲੀ ਦਲ ਦੇ ਵਰਕਰਾਂ (ਅਸਲ ਵਿਚ ਲੱਠਮਾਰਾਂ) ਦੀ ਮਦਦ ਨਾਲ ਬੱਸਾਂ ਚਲਾਵਾਂਗੇ।
ਪੰਜਾਬ 'ਚ ਹੋਈਆਂ ਜ਼ਿਆਦਾਤਰ ਬਸ ਦੁਰਘਟਨਾਵਾਂ 'ਚ ਹੋਈਆਂ ਮੌਤਾਂ ਅਤੇ ਸਵਾਰੀਆਂ ਨਾਲ ਘੋਰ ਦੁਰਵਿਵਹਾਰ ਦੀਆਂ ਘਟਨਾਵਾਂ ਬਾਦਲ ਪਰਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਦੀਆਂ ਟਰਾਂਸਪੋਰਟ ਕੰਪਨੀਆਂ ਨਾਲ ਹੀ ਜੁੜੀਆਂ ਹੋਈਆਂ ਹਨ।
ਟਰਾਂਸਪੋਰਟ ਧੰਦੇ 'ਚ ਏਕਾਅਧਿਕਾਰ ਕਾਇਮ ਰੱਖਣ ਲਈ ਦੂਜੇ ਟਰਾਂਸਪੋਰਟਾਂ ਅਤੇ ਜਨਤਕ ਟਰਾਂਸਪੋਰਟ ਨੂੰ ਬਾਦਲ ਕੇ ਲਾਣੇ ਵਲੋਂ ਧੱਕੇ ਨਾਲ ਫੇਲ੍ਹ ਕਰਨ ਬਾਰੇ ਪੰਜਾਬ ਦੇ ਲੋਕ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ।
ਲੋੜ ਹੈ ਲੋਕ ਮਨਾਂ 'ਚ ਉਬਲ ਰਹੇ ਰੋਹ ਨੂੰ ਜਨਤਕ ਜਮਹੂਰੀ ਅੰਦੋਲਨ ਵਲੋਂ ਤਰਤੀਬਬੱਧ ਕੀਤੇ ਜਾਣ ਦੀ।
ਦੂਜੀ ਘਟਨਾ ਅਬੋਹਰ ਦੀ ਹੈ। ਇੱਥੋਂ ਦੇ ਇਕ ਬਹੁਤ ਵੱਡੇ ਸ਼ਰਾਬ ਕਾਰੋਬਾਰੀ ਦੇ ਸ਼ਹਿਰੋਂ ਬਾਹਰ ਵਿਸ਼ਾਲ ਫਾਰਮ ਹਾਊਸ 'ਚ ਬਣੇ ਕਿਲ੍ਹੇਨੁਮਾ ਬੰਗਲੇ ਵਿਚ ਦੋ ਵਿਅਕਤੀਆਂ ਦੇ ਅੰਗ ਬੜੀ ਬੇਰਹਿਮੀ ਨਾਲ ਕੱਟ ਦਿੱਤੇ ਗਏ ਅਤੇ ਇਨ੍ਹਾਂ ਵਿਚੋਂ ਇਕ ਵਾਲਮੀਕਿ ਪਰਵਾਰ ਨਾਲ ਸਬੰਧਤ ਨੌਜਵਾਨ ਭੀਮ ਸੈਨ ਟਾਂਕ ਦੀ ਮੌਤ ਹੋ ਗਈ। ਜਦੋਂਕਿ ਦੂਜਾ ਗੁਰਜੰਟ ਸਿੰਘ ਅੰਮ੍ਰਿਤਸਰ ਵਿਖੇ ਗੰਭੀਰ ਅਵਸਥਾ ਵਿਚ ਜ਼ੇਰੇ ਇਲਾਜ਼ ਹੈ। ਸਥਾਨਕ ਵਸਨੀਕਾਂ ਵਲੋਂ ਦੱਸੇ ਅਨੁਸਾਰ ਮ੍ਰਿਤਕ ਭੀਮ ਸੈਨ ਟਾਂਕ ਅਰਸਾ ਪਹਿਲਾਂ ਬੰਗਲੇ ਦੇ ਮਾਲਕ ਸ਼ਿਵ ਲਾਲ ਡੋਡਾ ਉਰਫ ਸ਼ੋਲ੍ਹੀ ਦਾ ਕਰਿੰਦਾ ਸੀ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਘਟਨਾ ਵਾਲੇ ਦਿਨ ਮ੍ਰਿਤਕ ਨੂੰ ਕਿਸੇ ਪਰਵਾਰਕ ਝਗੜੇ ਦਾ ਰਾਜ਼ੀਨਾਮਾ ਕਰਨ ਲਈ ਟੈਲੀਫੋਨ ਰਾਹੀਂ ਘਟਨਾ ਸਥਾਨ ਯਾਨਿ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ 'ਤੇ ਸੱਦਿਆ ਗਿਆ ਸੀ। ਇਲਾਕੇ ਦੇ ਲੋਕ ਘਟਨਾ ਤੋਂ ਕਾਫੀ ਚਿੰਤਤ ਅਤੇ ਸਹਿਮੇ ਹੋਏ ਹਨ। ਪਰਵਾਰਕ ਮੈਂਬਰ ਅਤੇ ਲਗਭਗ ਸਮੁੱਚਾ ਵਾਲਮੀਕਿ ਭਾਈਚਾਰਾ ਗਮਜ਼ਦਾ ਹੋਣ ਦੇ ਨਾਲ ਹੀ ਭਾਰੀ ਰੋਹ 'ਚ ਵੀ ਹੈ। ਘਟਨਾ ਦੀ ਗੂੰਜ ਲੋਕ ਸਭਾ 'ਚ ਵੀ ਸੁਣਾਈ ਦਿੱਤੀ ਅਤੇ ਸੂਬਾਈ ਹਕੂਮਤ ਦੇ ਤਰਜ਼ਮਾਨ ਵੀ ਚੰਡੀਗੜ੍ਹ ਵਿਖੇ ਘਟਨਾ ਸਬੰਧੀ ਬੋਲਣ ਲਈ ਮਜ਼ਬੂਰ ਹੋਏ ਹਨ।
ਹਮੇਸ਼ਾਂ ਵਾਂਗੂ ਮੁੱਖ ਮੰਤਰੀ ਚੁੱਪ ਹਨ। ਧ੍ਰਿਤਰਾਸ਼ਟਰ, ਦਰੋਣ ਅਚਾਰੀਆ, ਭੀਸ਼ਮ ਪਿਤਾਮਾਹ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ''ਇਤਿਹਾਸਕ ਸਿੱਧ ਪੁਰਸ਼'' ਅਕਸਰ ਚੁੱਪ ਹੀ ਰਹਿੰਦੇ ਹਨ।
ਆਉ ਪਹਿਲਾਂ ਸ਼ਿਵ ਲਾਲ ਡੋਡੇ ਬਾਰੇ ਕੁੱਝ ਗੱਲਾਂ ਸਾਂਝੀਆਂ ਕਰੀਏ। ਜੋ ਸਥਾਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਪੌਂਟੀ ਚੱਢਾ ਕੋਲ ਸੀ, ਬਾਦਲ ਰਾਜ ਵਿਚ ਉਹੀ ਮੁਕਾਮ ਸ਼ਿਵ ਲਾਲ ਡੋਡਾ ਨੂੰ ਹਾਸਲ ਹੈ। 2012 ਦੀ ਅਸੰਬਲੀ ਚੋਣ ਵੇਲੇ ਅਬੋਹਰ ਵਿਧਾਨ ਸਭਾ ਹਲਕਾ ਗਠਜੋੜ ਵਿਚੋਂ ਭਾਜਪਾ ਦੇ ਹਿੱਸੇ ਆਇਆ ਸੀ ਅਤੇ ਭਾਜਪਾ ਆਗੂ ਵਿਜੈ ਲਕਸ਼ਮੀ ਭਾਦੂ ਅਕਾਲੀ-ਭਾਜਪਾ ਗਠਜੋੜ ਦੀ ਸਾਂਝੀ ਅਧਿਕਾਰਤ ਉਮੀਦਵਾਰ ਸੀ। ਸ਼ਿਵ ਲਾਲ ਡੋਡਾ ਉਰਫ ਸ਼ੋਲ੍ਹੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ 'ਚ ਨਿੱਤਰਿਆ। ਸਾਰੇ ਅਬੋਹਰ ਵਿਧਾਨ ਸਭਾ ਹਲਕੇ ਦੇ ਲੋਕ ਇਸ ਤੱਥ ਤੋਂ ਭਲੀ ਭਾਂਤ ਜਾਣੂੰ ਹਨ ਕਿ ਅਧਿਕਾਰਤ ਉਮੀਦਵਾਰ ਵਿਜੈ ਲਕਸ਼ਮੀ ਭਾਦੂ ਚੋਣ ਦੰਗਲ ਵਿਚ ਕਿਧਰੇ ਭਾਲੀ ਨ੍ਹੀ ਥਿਆਈ ਅਤੇ ਮੁੱਖ ਮੁਕਾਬਲਾ ਮੌਜੂਦਾ ਵਿਧਾਇਕ ਸੁਨੀਲ ਜਾਖੜ ਅਤੇ ਸ਼ਿਵ ਲਾਲ ਡੋਡਾ ਦਰਮਿਆਨ ਰਿਹਾ। ਉਸ ਵੇਲੇ ਇਹ ਆਮ ਧਾਰਨਾ ਸੀ ਕਿ ਸ਼ਿਵ ਲਾਲ ਡੋਡਾ ਸੁਖਬੀਰ ਬਾਦਲ ਦੇ ਥਾਪੜੇ ਨਾਲ ਖੜ੍ਹਾ ਹੋਇਆ ਸੀ। ਬਾਗੀ ਹੋਣ ਦੇ ਬਾਵਜੂਦ ਸ਼ਿਵਲਾਲ ਨੂੰ ਪਈਆਂ ਵੋਟਾਂ ਨੇ ਇਸ ਤੱਥ ਦੀ ਪੁਸ਼ਟੀ ਕਰ ਦਿੱਤੀ। ਸਾਰਾ ਅਕਾਲੀ ਕਾਡਰ ਸਿੱਧਾ-ਅਸਿੱਧਾ ਇਸ ਦੇ ਨਾਲ ਡਟਿਆ ਹੋਇਆ ਸੀ। ਹੁਣ ਵੀ ਇਸ ਸ਼ਿਵ ਲਾਲ ਡੋਡਾ ਨੂੰ ਮੌਜੂਦਾ ਘਟਣਾਕ੍ਰਮ ਤੋਂ ਪਾਕਿ ਸਾਫ ਰੱਖਣ ਲਈ ਕੇਂਦਰੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਜਿਵੇਂ ਜ਼ੋਰ ਲਾ-ਲਾਕੇ ਸਾਰੀ ਘਟਨਾ ਨੂੰ ਗੈਂਗਵਾਰ ਸਾਬਤ ਕਰਨ ਲੱਗੀ ਹੋਈ ਸੀ, ਉਸ ਨੂੰ ਕਤਈ ''ਬੀਬਾ'' ਵਤੀਰਾ ਨਹੀਂ ਮੰਨਿਆ ਜਾ ਸਕਦਾ।
ਠੀਕ ਇਹੋ ਭਾਸ਼ਾ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਤਰਜ਼ਮਾਨ ਦਲਜੀਤ ਸਿੰਘ ਚੀਮਾਂ ਬੋਲ ਰਿਹਾ ਸੀ। ਮੁੱਕਦੀ ਗੱਲ ਇਹ ਹੈ ਕਿ ਸ਼ਿਵਲਾਲ ਡੋਡਾ ਕੋਈ ਸਧਾਰਨ ਅਮੀਰ ਕਾਰੋਬਾਰੀ ਨਹੀਂ ਬਲਕਿ ਮੌਜੂਦਾ ਸੱਤਾ 'ਤੇ ਕਾਬਜ਼ ਟੱਬਰ ਦਾ ਅਤੀ ਚਹੇਤਾ ਹੈ।
ਇਹ ਸੰਭਵ ਹੀ ਨਹੀਂ ਕਿ ਕਿਸੇ ਐਰੇ ਗੈਰੇ ਵਿਅਕਤੀ ਦੀ ਸਰਕਾਰੀ ਸੁਰੱਖਿਆ ਵਿਚ ਮਿੰਟੋ ਮਿੰਟ ਸਰਕਾਰ ਨੇ ਐਂਵੇਂ ਹੀ ਵਾਧਾ ਕਰ ਦਿੱਤਾ ਹੋਵੇ। ਸ਼ਿਵ ਲਾਲ ਡੋਡਾ ਸਰਕਾਰ ਲਈ ਕਿੰਨਾ ਮਹੱਤਵਪੂਰਨ ਹੈ ਇਹ ਪਾਠਕ ਆਪ ਹੀ ਸੋਚ ਸਕਦੇ ਹਨ।
ਅਸੀਂ ਇਸ ਗੱਲ ਨਾਲ ਕਤਈ ਸਹਿਮਤ ਨਹੀਂ ਹੋ ਸਕਦੇ ਕਿ ਰਾਜਸੀ ਤੌਰ 'ਤੇ ਐਨੇ ਮਹੱਤਵਪੂਰਨ ਅਤੇ ਅਮੀਰ ਕਾਰੋਬਾਰੀ ਦੇ ਕਿਲ੍ਹਾਨੁਮਾ ਬੰਗਲੇ (ਲਗਭਗ 32 ਏਕੜਾਂ ਵਿਚ ਬਣਿਆ) ਵਿਚ ਕੁੱਝ ਅਤੇ ਉਹ ਵੀ ਕਤਲ ਵਰਗੀ ਘਿਨੌਣੀ ਘਟਨਾ ਵਾਪਰਨ ਦੀ ਮਾਲਕ ਨੂੰ ਜਾਣਕਾਰੀ ਹੀ ਨਾ ਹੋਵੇ। ਦੱਸਣ ਵਾਲੇ ਦੱਸਦੇ ਹਨ ਕਿ ਉਥੇ ਚਿੱੜੀ ਨ੍ਹੀ ਫੜਕ ਸਕਦੀ। ਕੀ ਕਾਤਲ ਉਸ ਕਿਲੇ ਵਿਚ ਪਹਿਲੀ ਵੇਰ ਗਏ ਹਨ? ਸ਼ਿਵ ਲਾਲ ਡੋਡਾ ਦੀ ਕਾਤਲਾਂ ਨਾਲ ਕੀ ਨੇੜਤਾ ਅਤੇ ਕਿਸ ਕਿਸਮ ਦੇ ਸਬੰਧ ਹਨ? ਇਨ੍ਹਾਂ ਸਵਾਲਾਂ ਨੂੰ ਗੌਰਮਿੰਟ ਭਾਵੇਂ ਕਿੰਨੀ ਵੀ ਸਫਾਈ ਨਾਲ ਦਰਕਿਨਾਰ ਕਰਨ ਦੀ ਕੋਸ਼ਿਸ਼ ਕਰੇ ਪਰ ਲੋਕਾਂ ਦੇ ਵਿਵੇਕ 'ਚ ਇਹ ਸਵਾਲ ਠੱਕ-ਠੱਕ ਕਰ ਰਹੇ ਹਨ। ਕਾਤਲਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਿਵ ਲਾਲ ਡੋਡੇ ਦਾ ਕਿਲਾ ਹੀ ਕਿਉਂ ਭਾਇਆ।
ਸਰਕਾਰ ਦੇ ਕਹੇ ਅਨੁਸਾਰ ਹੀ ਚਲਦੇ ਹਾਂ; ਜੇ ਇਹ ਗੈਂਗਵਾਰ ਹੈ ਤਦ ਇਸਨੂੰ ਕਿਸਨੇ ਰੋਕਣਾ ਸੀ ਅਤੇ ਸਰਕਾਰ ਜਵਾਬਦੇਹੀ ਤੋਂ ਕਿਵੇਂ ਭੱਜ ਸਕਦੀ ਹੈ। ਗੈਂਗਵਾਰ ਜੇਕਰ ਸ਼ਿਵ ਲਾਲ ਦੇ ਕਿਲ੍ਹੇ 'ਚ ਵਾਪਰਦੀ ਹੈ ਤਾਂ ਕੀ ਸੂਬਾ ਸਰਕਾਰ ਨੂੰ ਸ਼ਿਵ ਲਾਲ ਦੇ ਗੈਂਗਵਾਰ ਨਾਲ ਸਬੰਧ ਬਾਰੇ ਸ਼ੱਕੀ ਨਜ਼ਰੀਏ ਤੋਂ ਪੜਤਾਲ ਨਹੀਂ ਕਰਾਉਣੀ ਚਾਹੀਦੀ?
ਸਭ ਤੋਂ ਭੱਦਾ ਅਤੇ ਨੰਗਾ ਸੱਚ ਇਹ ਹੈ ਕਿ ਸਰਕਾਰ ਸ਼ਿਵ ਲਾਲ ਡੋਡਾ, ਅਮਿਤ ਡੋਡਾ ਆਦਿ ਦੀ ਇਮਦਾਦ ਕਰ ਰਹੀ ਹੈ। ਹਾਂ ਜੇਕਰ ਭੀਮ ਸੈਨ ਟਾਂਕ ਦੇ ਜੀਵਨ ਦੇ ਲੋਕ ਵਿਰੋਧੀ ਜਾਂ ਕੋਈ ਅਪਰਾਧਿਕ ਪਹਿਲੂ ਹਨ ਤਾਂ ਉਹ ਵੀ ਉਜਾਗਰ ਹੋਣੇ ਲਾਜ਼ਮੀਂ ਹਨ। ਪਰ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਪੁਲਸ ਵਲੋਂ ਅਪਰਾਧੀ ਦੱਸਿਆ ਜਾਣ ਵਾਲਾ ਮਕਤੂਲ ਭੀਮ ਸੈਨ ਲੰਮਾ ਅਰਸਾ ਸ਼ਿਵਲਾਲ ਡੋਡਾ ਦਾ ਕਰਿੰਦਾ ਰਿਹਾ ਹੈ।
ਸ਼ਿਵ ਲਾਲ ਕੀ ਉਸ ਤੋਂ ਗਊਆਂ ਨੂੰ ਪੱਠੇ ਪੁਆਉਂਦਾ ਸੀ? ਮੁੱਕਦੀ ਗੱਲ ਇਹ ਹੈ ਕਿ ਅਮਨ ਕਾਨੂੰਨ ਦੀ ਬੁਰੀ ਤਰ੍ਹਾਂ ਵਿਗੜ ਚੁੱਕੀ ਅਤੇ ਦਿਨੋਂ ਦਿਨ ਹੋਰ ਵਿਗੜ ਰਹੀ ਸਥਿਤੀ ਲਈ ਸੂਬਾ ਸਰਕਾਰ ਦੀ ਉਪਰੋਕਤ ਨੁਕਸਦਾਰ ਪਹੁੰਚ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ।

No comments:
Post a Comment