ਸੰਪਾਦਕੀ ਟਿੱਪਣੀ
ਸਾਡੇ ਦੇਸ਼ ਦੀ ਪਾਰਲੀਮੈਂਟ ਦਾ ਹੁਣੇ-ਹੁਣੇ ਸਮਾਪਤ ਹੋਇਆ 'ਸਰਦ ਰੁੱਤ' ਸਮਾਗਮ, ਹਾਊਸ ਵਿਚ ਰੋਜ਼ਾਨਾ ਹੁੰਦੇ ਰਹੇ ਸ਼ੋਰ ਸ਼ਰਾਬੇ ਦੇ ਪੱਖੋਂ ਤਾਂ ਕੋਈ ਨਿਵੇਕਲੀ ਘਟਨਾ ਨਹੀਂ ਕਹੀ ਜਾ ਸਕਦੀ। ਪਹਿਲਾਂ ਵੀ ਏਥੇ ਅਕਸਰ, ਏਸੇ ਤਰ੍ਹਾਂ ਦੀ ਕਾਵਾਂਰੌਲੀ ਪੈਂਦੀ ਹੀ ਰਹਿੰਦੀ ਹੈ। ਐਪਰ ਇਸ ਸੈਸ਼ਨ ਦੀਆਂ ਦੋ ਹੋਰ, ਵਿਸ਼ੇਸ਼ ਤੌਰ 'ਤੇ ਯਾਦਗਾਰੀ, ਘਟਨਾਵਾਂ ਜ਼ਰੂਰ ਹਨ। ਪਹਿਲੀ ਹੈ : ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਦੇ ਪਰਿਵਾਰ ਵਲੋਂ ਨੈਸ਼ਨਲ ਹੈਰਲਡ ਅਖਬਾਰ ਦੀ 1000 ਕਰੋੜ ਰੁਪਏ ਦੀ ਜਾਇਦਾਦ ਉਪਰ, ਕਾਨੂੰਨਾਂ ਦੀ ਭੰਨਤੋੜ ਕਰਕੇ, ਕੀਤੇ ਗਏ ਅਨੈਤਿਕ ਕਬਜ਼ੇ ਬਾਰੇ ਅਦਾਲਤੀ ਫੈਸਲੇ ਤੋਂ ਕਾਂਗਰਸ ਪਾਰਟੀ ਦਾ ਸ਼ਟਪਟਾਉਣਾ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਦਾ ਕੇਸ ਗਰਦਾਨਕੇ ਪਾਰਲੀਮੈਂਟ ਦੇ ਦੋਵਾਂ ਸਦਨਾਂ ਸਮੇਤ ਦੇਸ਼ ਭਰ ਵਿਚ ਹੋ-ਹੱਲਾ ਮਚਾਉਣਾ। ਇਸ ਅਨੈਤਿਕ ਸ਼ੋਰ ਸ਼ਰਾਬੇ ਨਾਲ ਇਸ ਕੇਸ ਨੂੰ ਦਬਾਉਣ ਲਈ ਹਾਕਮ ਭਾਜਪਾ ਉਪਰ ਤਾਂ ਸ਼ਾਇਦ ਥੋੜਾ ਬਹੁਤ ਦਬਾਅ ਜ਼ਰੂਰ ਬਣਿਆ ਹੋਵੇਗਾ, ਪ੍ਰੰਤੂ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਗਾਂਧੀ ਪਰਿਵਾਰ ਦਾ ਇਹ ਘਿਨਾਉਣਾ ਜ਼ੁਰਮ ਹੋਰ ਵਧੇਰੇ ਸਾਫ ਹੋ ਗਿਆ ਹੈ। ਅਤੇ, ਕਾਂਗਰਸੀ ਆਗੂਆਂ ਦੇ ਚਰਚਾ ਵਿਚ ਰਹੇ ਹੋਰ ਅਣਗਿਣਤ ਵਿੱਤੀ ਸਕੈਂਡਲਾਂ ਦੀ ਸੂਚੀ ਵਿਚ ਇਕ ਹੋਰ ਸ਼ਰਮਨਾਕ ਅੰਕ ਦਾ ਵਾਧਾ ਹੋ ਗਿਆ ਹੈ।
ਇਸ ਸੈਸ਼ਨ ਦਾ ਦੂਜਾ ਤੇ ਹੁਣ ਤੱਕ ਦਾ ਸਭ ਤੋਂ ਵੱਧ ਘਿਨਾਉਣਾ ਤੇ ਸ਼ਰਮਨਾਕ ਇਨਕਸ਼ਾਫ ਹੈ ਵਿੱਤ ਮੰਤਰੀ ਅਰੁਨ ਜੇਤਲੀ ਦਾ 'ਕਰਿਕਟ ਪਿਆਰ'। ਜੇਤਲੀ ਜੀ 1999 ਤੋਂ 2013 ਤੱਕ 14 ਸਾਲ ਦਿੱਲੀ ਕਰਿਕਟ ਐਸੋਸੀਏਸ਼ਨ (ਡੀ.ਡੀ.ਸੀ.ਏ.) ਦੇ ਮੁਖੀ ਰਹੇ ਹਨ। ਉਹਨਾਂ ਦੀ ਇਸ ਲੰਬੀ ਛਤਰ-ਛਾਇਆ ਹੇਠ ਇਸ ਸੰਸਥਾ ਵਲੋਂ ਜਨਤਕ ਫੰਡਾਂ ਦੀ ਘੋਰ ਦੁਰਵਰਤੋਂ ਕੀਤੀ ਗਈ ਹੈ। ਇਹ ਘਪਲਾ 100 ਕਰੋੜ ਰੁਪਏ ਤੋਂ ਵੀ ਵੱਧ ਦਾ ਦਿਖਾਈ ਦਿੰਦਾ ਹੈ। ਇਸ ਸਕੈਂਡਲ ਦਾ ਖੁਲਾਸਾ ਦਿੱਲੀ ਦੀ ਮੌਜੂਦਾ ਕੇਜਰੀਵਾਲ ਸਰਕਾਰ ਨੇ ਵੀ ਕੀਤਾ ਹੈ, ਪ੍ਰੰਤੂ ਵਧੇਰੇ ਠੋਸ ਤੇ ਅਤੀ ਘਿਨਾਉਣੇ ਤੱਥ ਭਾਜਪਾ ਦੇ ਆਪਣੇ ਹੀ ਐਮ.ਪੀ.ਸ਼੍ਰੀ ਕੀਰਤੀ ਆਜ਼ਾਦ, ਜਿਹੜੇ ਕਿ ਆਪ ਕਰਿਕਟ ਦੇ ਉਘੇ ਖਿਡਾਰੀ ਰਹੇ ਹਨ, ਨੇ ਉਜਾਗਰ ਕਰ ਦਿੱਤੇ ਹਨ। ਉਹਨਾਂ ਅਨੁਸਾਰ ਇਹਨਾਂ 14 ਸਾਲਾਂ ਵਿਚ ਡੀ.ਡੀ.ਸੀ.ਏ. ਵਲੋਂ 14 ਅਜੇਹੀਆਂ ਫਰਮਾਂ ਨੂੰ ਕਰੋੜਾਂ ਰੁਪਏ ਦੇ ਠੇਕੇ ਦਿੱਤੇ ਜਾਂਦੇ ਰਹੇ ਹਨ, ਜਿਹੜੀਆਂ ਕਿ ਪੂਰੀ ਤਰ੍ਹਾਂ ਬੋਗਸ ਹਨ। ਉਹਨਾਂ ਦੀ ਉਕਾ ਹੀ ਕੋਈ ਹੋਂਦ ਨਹੀਂ ਹੈ। ਇਸ ਸੰਦਰਭ ਵਿਚ ਇੰਡੀਅਨ ਐਕਸਪ੍ਰੈਸ ਵਲੋਂ 19 ਦਸੰਬਰ ਨੂੰ ਛਾਪੀ ਗਈ ਇਕ ਖੋਜ-ਖਬਰ ਅਨੁਸਾਰ ਯੂ-23 ਅਰਵਿੰਦ ਨਗਰ, ਨਵੀਂ ਦਿੱਲੀ ਦੇ ਪਤੇ 'ਤੇ ਰਜਿਸਟਰਡ ਦੱਸੀਆਂ ਜਾਂਦੀਆਂ ਤਿੰਨ ਫਰਮਾਂ-ਸਟਰੀਮ ਮਾਰਕੀਟਿੰਗ, ਅਲਟੀਮੇਟ ਆਈ ਟੀ ਸਲਿਊਸ਼ਨਜ਼ ਅਤੇ ਐਡਵੈਂਟ ਟਰੇਡਿੰਗ, ਤਿੰਨੋ ਹੀ ਬੋਗਸ ਹਨ, ਜਿਹਨਾਂ ਨੂੰ ਫਿਰੋਜ਼ਸ਼ਾਹ ਕੋਟਲਾ ਦੇ ਸਟੇਡੀਅਮ ਦੀ ਸਾਫ ਸਫਾਈ ਲਈ ਲੱਖਾਂ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਰਹੀ ਹੈ। ਉਪਰੋਕਤ ਪਤੇ ਤੇ ਬਣੀਆਂ ਹੋਈਆਂ ਤਿੰਨ ਦੁਕਾਨਾਂ 'ਚੋਂ ਇਕ ਤੋਂ ਦੇਸੀ ਘਿਓ ਵਿਕਦਾ ਹੈ, ਦੂਜੀ ਤੋਂ ਗਾਰਮੈਂਟਸ ਅਤੇ ਤੀਜੀ 'ਤੇ ਸ਼ਕਤੀ-ਕਲੀਨਿਕ ਦਾ ਬੋਰਡ ਹੈ। ਇਹਨਾਂ ਦੁਕਾਨਾਂ ਤੇ ਨਾਲ ਜੁੜਵੇਂ ਘਰ ਦੇ ਮਾਲਕ ਮਕਾਨ ਤੇ ਨਰੇਸ਼ ਚੰਦ ਸ਼ਰਮਾ ਨੂੰ ਡੀ.ਡੀ.ਸੀ.ਏ. ਦੇ ਕਾਗਜਾਂ ਵਿਚੋਂ ਸਟਰੀਮ ਮਾਰਕੀਟਿੰਗ ਦਾ ਡਾਇਰੈਕਟਰ ਦਿਖਾਇਆ ਗਿਆ ਅਤੇ ਉਸਨੂੰ ਲੱਖਾਂ ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ। ਜਦੋਂਕਿ ਉਸ ਗਰੀਬ ਆਦਮੀ ਦਾ ਇਸ ਅਨੈਤਿਕ ਤੇ ਗੈਰ ਕਾਨੂੰਨੀ ਗੋਰਖ ਧੰਦੇ ਨਾਲ ਉਕਾ ਹੀ ਕੋਈ ਸਬੰਧ ਨਹੀਂ, ਅਤੇ ਉਹ ਘਰ-ਘਰ ਜਾ ਕੇ ਅਗਰਬੱਤੀਆਂ ਵੇਚਕੇ ਆਪਣਾ ਪਰਿਵਾਰ ਪਾਲਦਾ ਹੈ। ਇਹੋ ਹਾਲ ਹੋਰ ਸਾਰੀਆਂ ਕੰਪਨੀਆਂ ਦਾ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸ਼੍ਰੀ ਅਰੁਨ ਜੇਤਲੀ ਸਾਹਿਬ ਦੀ ਸਿੱਧੀ ਦੇਖਰੇਖ ਹੇਠ ਡੀ.ਡੀ.ਸੀ.ਏ ਅੰਦਰ ਹੋਈਆਂ ਇਹਨਾਂ ਧਾਂਦਲੀਆਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਿਉਂਕਿ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਚੈਕਾਂ ਰਾਹੀਂ ਹੋਈਆਂ ਹਨ, ਇਸ ਲਈ ਇਸ ਘਿਰਨਾਜਨਕ ਚੋਰ-ਬਾਜ਼ਾਰੀ ਵਿਚ ਸਬੰਧਤ ਬੈਂਕਾਂ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਬੇਪਰਦ ਕਰਨੀ ਬਣਦੀ ਹੈ। ਹੁਣ ਤਾਂ ਖੇਡਾਂ ਦੀਆਂ ਐਸੋਸੀਏਸ਼ਨਾਂ ਨਾਲ ਅਤੀ ਨੇੜਿਓਂ ਜੁੜੇ ਰਹੇ ਉਘੇ ਪੁਲਸ ਅਫਸਰ ਕੇ.ਪੀ.ਐਸ.ਗਿੱਲ ਨੇ ਇਹ ਇਨਕਸ਼ਾਫ ਵੀ ਕਰ ਦਿੱਤਾ ਹੈ ਕਿ ਸ਼੍ਰੀ ਜੇਤਲੀ ਨੇ ਚੋਖੇ ਮਿਹਨਤਾਨੇ 'ਤੇ ਆਪਣੀ ਬੇਟੀ ਨੂੰ ਕਰਿਕਟ ਐਸੋਸੀਏਸ਼ਨ ਦੀ ਕਾਨੂੰਨੀ ਸਲਾਹਕਾਰ ਵੀ ਨਿਯੁਕਤ ਕਰਵਾਇਆ ਸੀ।
ਦੇਸ਼ ਦੇ ਖਜਾਨਾ ਤੇ ਸੂਚਨਾਂ ਮੰਤਰੀ ਨਾਲ ਸਬੰਧਤ ਇਸ ਬਹੁਪਰਤੀ ਸਕੈਂਡਲ ਦੇ ਸਪੱਸ਼ਟ ਰੂਪ ਵਿਚ ਬਾਹਰ ਆਉਣ ਉਪਰੰਤ ਚਾਹੀਦਾ ਤਾਂ ਇਹ ਹੈ ਕਿ ਉਹ ਤੁਰੰਤ ਅਸਤੀਫਾ ਦੇਣ ਅਤੇ ਇਸ ਸਕੈਂਡਲ ਦੀ ਜਾਂਚ ਕਰਵਾਉਣਾ। ਪ੍ਰੰਤੂ ਭਰਿਸ਼ਟਾਚਾਰ ਮੁਕਤ ਭਾਰਤ ਬਨਾਉਣ ਦਾ ਢੰਡੋਰਾ ਪਿੱਟਣ ਵਾਲੀ ਭਾਜਪਾ, ਆਪਣੇ ਪੂਰੇ ਲਾਮ-ਲਸ਼ਕਰ ਨਾਲ, ਮੰਤਰੀ ਦੇ ਬਚਾਅ ਤੇ ਉਤਰ ਆਈ ਹੈ। ਕੀਰਤੀ ਆਜ਼ਾਦ ਨੂੰ ਸੱਚ ਬੋਲਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਸਦੇ 5 ਸਹਿਯੋਗੀਆਂ 'ਤੇ ਡੀਫੈਮੇਸ਼ਨ 'ਤੇ 10 ਕਰੋੜ ਦੇ ਹਰਜਾਨੇ ਦਾ ਕੇਸ ਪਾ ਦਿੱਤਾ ਗਿਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਜਪਾ ਦੇ ਲਗਭਗ ਸਾਰੇ ਹੀ ਆਗੂ ਬਿਨਾਂ ਕਿਸੇ ਪੜਤਾਲ ਦੇ ਹੀ ਅਰੁਨ ਜੇਤਲੀ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ। ਭਾਜਪਾ ਦੇ ਸਾਬਕਾ ਪ੍ਰਧਾਨ ਤੇ ਹੁਣ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਹੈ ਕਿ ''ਜੇਤਲੀ ਤਾਂ ਸੂਰਜ ਹੈ ਜਿਸ 'ਤੇ ਥੁੱਕਣ ਵਾਲਿਆਂ ਦੇ ਆਪਣੇ ਚਿਹਰੇ ਹੀ ਗੰਦੇ ਹੋਣਗੇ।'' ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਸ਼ਰਮਨਾਕ ਸਕੈਂਡਲ ਦੇ ਬੇਪਰਦ ਹੋਣ ਦੇ ਬਾਵਜੂਦ ਜੇਕਰ ਅਜੇ ਵੀ ਉਹ ਸੂਰਜ ਹੈ ਤਾਂ ਫਿਰ ਆਰ.ਐਸ.ਐਸ. ਦੇ ਮਹਿਲਾਂ ਵਿਚ ਤਾਂ ਲਾਜ਼ਮੀ ਘੁੱਪ ਹਨੇਰਾ ਹੀ ਹੋਵੇਗਾ।
ਦੇਸ਼ ਅੰਦਰ ਹਾਕਮਾਂ ਵਲੋਂ ਜਨਤਕ ਫੰਡਾਂ ਦੀ ਬੇਰਹਿਮੀ ਤੇ ਬੇਹਿਆਈ ਨਾਲ ਕੀਤੀ ਜਾ ਰਹੀ ਲੁੱਟ ਦੀ ਇਹ ਇਕ ਹੋਰ ਘਿਨਾਉਣੀ ਕਹਾਣੀ ਹੈ ਜਿਸਦੀ ਕਿਸੇ ਨੂੰ ਕੋਈ ਸਜ਼ਾ ਮਿਲਣ ਦੀ ਸੰਭਾਵਨਾ ਨਹੀਂ। ਰਾਜ ਸੱਤਾ ਤੋਂ ਹਰ ਰੰਗ ਦੇ ਲੁਟੇਰਿਆਂ ਨੂੰ ਉਖਾੜਕੇ ਹੀ ਜਨਤਕ ਫੰਡਾਂ ਦੀ ਹੋ ਰਹੀ ਇਸ ਅੰਨ੍ਹੀ ਲੁੱਟ ਨੂੰ ਖਤਮ ਕੀਤਾ ਜਾ ਸਕੇਗਾ। - ਹ.ਕ.ਸਿੰਘ

No comments:
Post a Comment