Thursday 17 December 2015

ਬਿਹਾਰ ਵਿਧਾਨ ਸਭਾ ਚੋਣਾਂ : ਸਿੱਟੇ ਅਤੇ ਸੰਦੇਸ਼

ਮਹੀਪਾਲ 
ਹੁਣੇ-ਹੁਣੇ ਹੋ ਕੇ ਹਟੀਆਂ ਬਿਹਾਰ ਵਿਧਾਨ ਸਭਾ ਦੀਆਂ ਪੰਜ ਪੜਾਵੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। 
ਰਾਸ਼ਟਰੀ ਜਨਤਾ ਦਲ, ਜਨਤਾ ਦਲ ਯੂਨਾਇਟਿਡ ਅਤੇ ਕਾਂਗਰਸ ਪਾਰਟੀ 'ਤੇ ਅਧਾਰਤ ਮਹਾਂਗਠਜੋੜ ਨੂੰ ਬਹੁਮਤ ਹਾਸਲ ਹੋਇਆ ਹੈ।
ਚੋਣ ਨਤੀਜੇ ਆਉਣ ਤੱਕ ਬਿਜਲਈ ਮੀਡੀਏ 'ਤੇ ਬੈਠੇ ''ਸਰਬ ਗਿਆਨੀ'' ਐਨ.ਡੀ.ਏ. ਦੀ ਸਰਕਾਰ ਬਣਨ ਦੀਆਂ ਬੁਲੰਦ ਬਾਂਗ ਭਵਿੱਖਬਾਣੀਆਂ ਕਰ ਰਹੇ ਸਨ। ਪਰ ਉਨ੍ਹਾਂ ਦੀਆਂ ਪੇਸ਼ੇਨਗੋਈਆਂ ਅਤੇ ਆਸਾਂ ਬੁਰੀ ਤਰ੍ਹਾਂ ਮਿੱਟੀ ਵਿਚ ਮਿਲ ਗਈਆਂ। 2014 ਦੀਆਂ ਆਮ ਚੋਣਾਂ ਸਮੇਂ ਬਿਹਾਰ ਦੇ ਬਹੁਗਿਣਤੀ ਅਸੰਬਲੀ ਹਲਕਿਆਂ 'ਚੋਂ ਚੋਖੀਆਂ ਵੋਟਾਂ ਹਾਸਲ ਕਰਨ ਵਾਲੀ ਭਾਜਪਾ ਅਤੇ ਐਨ.ਡੀ.ਏ. ਉਸੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਆਸ ਵਿਚ ਸਨ। ਭਾਜਪਾ ਲਾਣੇ ਨੂੰ ਦੂਜਾ ਭਰੋਸਾ ਇਸ ਗੱਲ ਦਾ ਸੀ ਕਿ ਕੇਂਦਰ ਵਿਚ ਐਨ.ਡੀ.ਏ. ਦੀ ਹਕੂਮਤ ਹੈ ਅਤੇ ਇਸ ਸਰਕਾਰ ਦੀ ਆਗੂ ਬੀ.ਜੇ.ਪੀ. ਇਕੱਲੀ ਕੋਲ ਬਹੁਮਤ ਹੈ। ਇਸ ਕੁਨਬੇ ਦੇ ਅਤੀ ਉਤਸ਼ਾਹ 'ਚ ਹੋਣ ਦਾ ਇਕ ਕਾਰਣ ਇਹ ਵੀ ਸੀ ਕਿ ਮੁਕਾਬਲੇ 'ਤੇ ਖੜਾ ਮਹਾਂਗਠਜੋੜ ਲੰਮੇ ਸਮੇਂ ਤੋਂ ਬਿਹਾਰ 'ਚ ਰਾਜ ਕਰ ਰਿਹਾ ਹੈ ਅਤੇ ਲੋਕ ਉਸਦੀ ਮਾੜੀ ਕਾਰਗੁਜ਼ਾਰੀ ਕਾਰਨ ਉਸ ਤੋਂ ਨਾਰਾਜ਼ ਸਨ। ਸਿਰੇ ਦੇ ਮੌਕਾਪ੍ਰਸਤ, ਲੋੜ ਅਨੁਸਾਰ ਪਾਲਾ ਬਦਲਣ ਦੇ ਮਾਹਰ ਅਖੌਤੀ ਸਮਾਜਵਾਦੀ ਮੁਲਾਇਮ ਸਿੰਘ ਯਾਦਵ ਨੂੰ ਮਹਾਂਗਠਜੋੜ ਤੋਂ ਲਾਂਭੇ ਕਰਕੇ ਐਨ.ਡੀ.ਏ. ਸਰਕਾਰ ਦੀ ਜਿੱਤ ਦੀ ਨੀਂਹ ਪੱਕੀ ਕਰਨ ਦਾ ਇਕ ਹੋਰ ਯਤਨ ਵੀ ਭਾਜਪਾ ਲਾਣੇ ਨੇ ਸਫਲਤਾ ਨਾਲ ਸਿਰੇ ਚੜ੍ਹਾਇਆ। ਲੋਕ ਸਭਾ ਚੋਣਾਂ ਵੇਲੇ ਤੋਂ ਨਰਿੰਦਰ ਮੋਦੀ, ਭਾਜਪਾ ਅਤੇ ਐਨ.ਡੀ.ਏ. ਗਠਜੋੜ ਦੇ ਹੱਕ 'ਚ ਇਕਤਰਫਾ ਪ੍ਰਚਾਰ 'ਚ ਰੁੱਝੇ ਹੋਏ ਬਿਜਲਈ ਤੇ ਪ੍ਰਿੰਟ ਮੀਡੀਏ ਦੇ ਵੱਡੇ ਹਿੱਸੇ ਨੇ ਵੀ ਆਪਣਾ ਮੋਰਚਾ ਸਾਂਭ ਕੇ ਅਖੀਰ ਤੱਕ ''ਲੋਕਤੰਤਰ'' ਪ੍ਰਤੀ ਆਪਣੇ ''ਫਰਜ਼'' ਨੂੰ ਪੂਰੀ ਤਰ੍ਹਾਂ ਨਿਭਾਉਂਦਿਆਂ ਇਹ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਕਿ ਬਿਹਾਰ 'ਚ ਭਾਜਪਾ ਦੀ ਸਰਕਾਰ ਤਾਂ ਵੱਟ 'ਤੇ ਪਈ ਹੈ। ਅਗਲਾ ਕੰਮ ਭਾਜਪਾ ਰਣਨੀਤੀਕਾਰਾਂ ਨੇ ਇਹ ਕੀਤਾ ਕਿ ਇਕ ਹਮਲਾਵਰ, ਗੈਰ ਸੰਜੀਦਾ, ਮਿਆਰਾਂ ਤੋਂ ਗਿਰੀ ਹੋਈ ਤੇਜ਼ ਤਰਾਰ ਪ੍ਰਚਾਰ ਮੁਹਿੰਮ ਚਲਾਈ। ਆਪਣੀ ਸਫਲਤਾ ਦੇ ਸਭ ਤੋਂ ਜ਼ਰੂਰੀ ਪੈਂਤੜੇ ''ਫਿਰਕੂ ਪਾਟੋ-ਧਾੜ ਅਧਾਰਿਤ ਕਤਾਰਬੰਦੀ'' ਨੂੰ ਭਾਜਪਾ ਰਣਨੀਤੀਕਾਰਾਂ ਨੇ ਰੱਜ ਕੇ ਇਸਤੇਮਾਲ ਕੀਤਾ। ਸਮੁੱਚੀ ਪ੍ਰਚਾਰ ਮੁਹਿੰਮ ਦੀ ਕਮਾਨ ਆਰ.ਐਸ.ਐਸ. ਨੇ ਆਪਣੇ ਹੱਥਾਂ ਵਿਚ ਲਈ ਹੋਈ ਸੀ। ਕਹਿਣ ਵਾਲੇ ਤਾਂ ਇਥੋਂ ਤੱਕ ਕਹਿ ਰਹੇ ਹਨ ਕਿ ਭਾਜਪਾ ਵਾਲਿਆਂ ਨੇ ਆਪਣੀ ਜਿੱਤ ਦੀ ਖੁਸ਼ੀ 'ਚ ਚਲਾਉਣ ਲਈ ਪਟਾਖੇ ਅਤੇ ਵੰਡੀਆਂ ਜਾਣ ਵਾਲੀਆਂ ਮਿਠਆਈਆਂ ਦਾ ਜਖ਼ੀਰਾ ਵੀ ਇਕੱਠਾ ਕਰ ਰੱਖਿਆ ਸੀ। ਕਈ ਥਾਂਈਂ ਸਥਾਨਕ ਭਾਜਪਾ ਆਗੂਆਂ ਨੇ ਸ਼ੁਰੂਆਤੀ ਦੌਰਾਂ ਦੀ ਗਿਣਤੀ 'ਚ ਮਿਲੀ ਬੜ੍ਹਤ ਤੋਂ ਬਾਅਦ ਪਟਾਖੇ ਚਲਾਏ ਵੀ ਖਾਸੇ।
ਪਰ ਸਦਕੇ ਜਾਈਏ ਬਿਹਾਰ ਦੇ ਬਹੁਗਿਣਤੀ ਵੋਟਰਾਂ ਦੇ ਜਿਨ੍ਹਾਂ ਨੇ ਭਾਜਪਾਈ ਹਵਾਈ ਜਿੱਤ ਦੇ ''ਤੂਸ਼ਕੇ'' ਉਡਾ ਦਿੱਤੇ। ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਪੰਜ ਦਰਜਨ ਦੇ ਕਰੀਬ  ਅਸੰਬਲੀ ਹਲਕਿਆਂ 'ਚ ਮੂਧੇ ਮੂੰਹ ਜਾ ਡਿੱਗੀ। ਮਹਾਂਗਠਜੋੜ ਦੋ ਤਿਹਾਈ ਤੋਂ ਵੀ ਜ਼ਿਆਦਾ ਸੀਟਾਂ ਜਿੱਤ ਗਿਆ। ਹਮਲਾਵਰ (aggressive) ਪ੍ਰਚਾਰ ਮੁਹਿੰਮ ਫਿਰਕੂ ਕਤਾਰਬੰਦੀ,  ਖਰੀਦੇ ਹੋਏ ਪ੍ਰਚਾਰ ਸਾਧਨਾਂ ਦੇ ਇਕੱਤਰਫਾ ਪ੍ਰਚਾਰ, ਕੇਂਦਰ 'ਚ ਸਰਕਾਰ ਹੋਣ ਦਾ ਲਾਭ, ਬਿਹਾਰ ਵਾਸੀਆਂ ਦੀ ਚੇਤਨਾ ਖਰੀਦਣ ਲਈ  ਐਲਾਨਿਆ ਗਿਆ ਲੱਖਾਂ ਕਰੋੜ ਰੁਪਏ ਦਾ ਪੈਕੇਜ, ਧਰਮਨਿਰਪੱਖਤਾ ਦੇ ਪਵਿੱਤਰ ਅਕੀਦੇ ਨਾਲ ਮੁਲਾਇਮ ਸਿੰਘ ਵਲੋਂ ਕੀਤੀ ਗਈ ਗੱਦਾਰੀ, ਆਰ.ਐਸ.ਐਸ. ਦਾ ਸੰਗਠਨ ਤੰਤਰ ਕੁੱਝ ਵੀ ਭਾਜਪਾ ਦੇ ਕੰਮ ਨਾ ਆਇਆ। ਅਖੌਤੀ ਵਿਕਾਸ ਪੁਰਸ਼, ਭਾਸ਼ਣ ਕਲਾ (ਗੱਪਬਾਜ਼ੀ) ਦੇ ਮਾਹਰ ਅਤੇ ਮਿਆਰ ਤੋਂ ਡਿੱਗੀ ਬਿਆਨਬਾਜ਼ੀ ਦਾ ਆਸਰਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ 30 ਤੋਂ ਜ਼ਿਆਦਾ ਜਨਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਲਗਭਗ ਇਹ ਜਨਸਭਾਵਾਂ ਵਾਲੀਆਂ ਸਾਰੀਆਂ ਸੀਟਾਂ ਹੀ ਹਾਰ ਗਈ। ਭਾਜਪਾ ਦੇ ਬੜਬੋਲੇ, ਅਪਰਾਧੀ ਕਾਰਵਾਈਆਂ 'ਚ ਨਾਮਜਦ ਕੀਤੇ, ਫਿਰਕੂ ਜ਼ਹਿਰ ਉਗਲਣ ਦੇ ਮਾਹਿਰ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੂਰਾ ਅਕਤੂਬਰ ਮਹੀਨਾ ਬਿਹਾਰ 'ਚ ਡੇਰੇ ਲਾਈ ਰੱਖੇ। ਆਪਣੇ ਆਪ ਨੂੰ ਭਾਜਪਾ ਲਈ ਹਰ ਕਿਸਮ ਦੀਆਂ ਚੋਣਾਂ 'ਚ ਸ਼ੁਭ ਗਰਦਾਨਣ ਵਾਲੇ ਇਸ ਮਿਆਂ-ਮਿੱਠੂ ਨੇ 60 ਤੋਂ ਵਧੇਰੇ ਜਨ ਸਭਾਵਾਂ 'ਚ (ਕੁ) ਭਾਸ਼ਣ ਕੀਤੇ ਅਤੇ ਹਾਈਟੈਕ ਰਣਨੀਤੀ ਦਾ ਰੱਜ ਕੇ ਆਸਰਾ ਲਿਆ। ਪਰ ਨਤੀਜਾ ਸਭ ਦੇ ਸਾਹਮਣੇ ਹੈ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਭਾਜਪਾ ਦੀ ਉਸ ਤੋਂ ਵੀ ਕਿਤੇ ਵੱਡੀ ਅਤੇ ਮਹੱਤਵਪੂਰਨ ਹਾਰ ਹੈ। ਆਸ ਅਨੁਸਾਰ ਭਾਜਪਾ 'ਚ ਨਰਿੰਦਰ ਮੋਦੀ-ਅਮਿਤ ਸ਼ਾਹ ਐਂਡ ਐਸੋਸੀਏਸ਼ਨ ਦੇ ਖਿਲਾਫ ਬਹੁਤ ਤਿੱਖੀ ਅੰਦਰੂਨੀ ਜੰਗ ਸ਼ੁਰੂ ਹੋ ਗਈ ਹੈ ਅਤੇ ਸਨਸਨੀ ਦਾ ਭੁੱਖਾ ਮੀਡੀਆ ਇਸ ਦੀਆਂ ਖ਼ਬਰਾਂ ਵੀ ਮਸਾਲੇ ਲਾ-ਲਾ ਕੇ ਛਾਪ ਰਿਹਾ ਹੈ। ਭਾਜਪਾ ਦੇ ਵਿਰੋਧੀ ਅਤੇ ਪੱਖੀ ਹਾਰ ਦੇ ਕਾਰਣਾਂ ਅਤੇ ਇਸ ਦੇ ਭਵਿੱਖੀ ਪ੍ਰਭਾਵਾਂ ਬਾਰੇ ਆਪੋ ਆਪਣੇ ਨਜ਼ਰੀਏ ਤੋਂ ਦਿਮਾਗੀ ਵਰਜਿਸ਼ ਕਰ ਰਹੇ ਹਨ।
ਸਾਡੀ ਜਾਚੇ ਹੇਠ ਲਿਖੇ ਕਾਰਣਾਂ ਨੇ ਭਾਜਪਾ ਦੇ ਭਾਂਡੇ ਮੂਧੇ ਮਾਰੇ ਹਨ।
(ੳ) ਉਚੀ-ਉਚੀ ਵਿਕਾਸ ਦੇ ਦਾਅਵੇ ਕਰੀ ਜਾਣੇ ਹੋਰ ਚੀਜ਼ ਹੈ ਪਰ ਲੋਕਾਂ ਨੂੰ ਸਧਾਰਣ ਖਾਣ ਪੀਣ ਦੀਆਂ ਵਸਤਾਂ; ਜਿਵੇਂ ਦਾਲਾਂ, ਪਿਆਜ਼, ਟਮਾਟਰ ਆਦਿ ਦੀਆਂ ਵਿਤੋਂ ਬਾਹਰ ਹੋਈਆਂ ਕੀਮਤਾਂ ਨੇ ਭਾਜਪਾ ਤੋਂ ਬਦਜਨ ਕਰ ਦਿੱਤਾ।
(ਅ) ਵਿਦੇਸ਼ਾਂ 'ਚੋਂ ਕਾਲਾ ਧੰਨ ਲਿਆ ਕੇ ਹਰੇਕ ਪਰਵਾਰ 'ਚ ਵੰਡ ਦੇਣ ਦੇ ਲੋਕ ਸਭਾ ਚੋਣਾਂ 'ਚ ਕੀਤੇ ਵਾਅਦੇ ਨੂੰ ਖ਼ੁਦ ਭਾਜਪਾ ਪ੍ਰਧਾਨ ਵਲੋਂ ਹੀ ਜੁਮਲੇ ਕਹੇ ਜਾਣ ਤੋਂ ਵੋਟਰਾਂ 'ਚ ਪਾਰਟੀ ਦੀ ਭਰੋਸੇਯੋਗਤਾ ਅਤੀ ਨੀਵੇਂ ਪੱਧਰ 'ਤੇ ਚਲੀ ਗਈ।
(ੲ) ਅਖੌਤੀ ''ਗੁਜਰਾਤ ਵਿਕਾਸ ਮਾਡਲ'' ਦਾ ਖੋਖਲਾਪਨ ਲੋਕਾਂ 'ਚ ਦਿਨੋਂ ਦਿਨ ਹੋਰ ਉਜਾਗਰ ਹੁੰਦਾ ਜਾ ਰਿਹਾ ਹੈ ਅਤੇ ਲੋਕ ਸਮਝ ਗਏ ਹਨ ਕਿ ਮਿਹਨਤੀ ਲੋਕਾਂ ਦੀ ਹਾਲਤ ਇਸ ਸੂਬੇ 'ਚ ਵੀ ਬਾਕੀ ਭਾਰਤ ਵਰਗੀ ਹੀ ਹੈ, ਬਲਕਿ ਕਈਆਂ ਪੱਖਾਂ ਤੋਂ ਤਾਂ ਬਾਕੀ ਦੇਸ਼ ਨਾਲੋਂ ਵੀ ਭੈੜੀ ਹੈ।
(ਸ) ਜ਼ਿਆਦਾਤਰ ਵਿਦੇਸ਼ 'ਚ ਰਹਿਣ; ਮਿੰਟ ਮਿੰਟ 'ਤੇ ਕੱਪੜੇ ਬਦਲਣ ਅਤੇ ਕੋਈ ਹਾਂ ਪੱਖੀ ਪ੍ਰਸ਼ਾਸਕੀ ਪਹਿਲਕਦਮੀਆਂ ਦੀ ਅਣਹੋਂਦ ਕਾਰਨ ਪ੍ਰਧਾਨ ਮੰਤਰੀ ਦੀ ਬਣੀ ਹਰਮਨਪਿਆਰੀ ਦਿਖ ਤੋਂ ਲੋਕਾਂ ਦਾ ਮੋਹਭੰਗ ਹੁੰਦਾ ਜਾ ਰਿਹਾ ਹੈ।
(ਹ) ਵਾਅਦਿਆਂ-ਦਾਅਵਿਆਂ ਦੇ ਬਾਵਜੂਦ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ, ਬੇਕਾਰੀ-ਗਰੀਬੀ-ਭੁਖਮਰੀ-ਕੁਪੋਸ਼ਣ ਆਦਿ 'ਚ ਹੋਰ ਢੇਰਾਂ ਵਾਧਾ ਹੋਣਾ ਅਤੇ ਜੀਵਣ ਰੱਖਿਅਕ ਦਵਾਈਆਂ ਦੀਆਂ ਕੀਮਤਾਂ 'ਚ ਹਜ਼ਾਰਾਂ ਗੁਣਾ ਵਾਧਾ ਹੋਣਾ ਵੀ ਲੋਕ ਅੱਖੀਂ ਦੇਖ ਰਹੇ ਹਨ।
(ਕ) ਚੋਣਾਂ ਤੋਂ ਪਹਿਲਾਂ ਹੋਈਆਂ ਸੌਦੇਬਾਜ਼ੀਆਂ ਦੇ ਸਿੱਟੇ ਵਜੋਂ ਦੇਸੀ ਅਤੇ ਵਿਦੇਸ਼ੀ ਧਨਕੁਬੇਰਾਂ ਨੂੰ ਮਿਲ ਰਹੇ ਪਹਾੜਾਂ ਜਿੱਡੇ ਵਿੱਤੀ ਲਾਭ ਅਤੇ ਆਮ ਲੋਕਾਂ ਤੋਂ ਖੋਹੀਆਂ ਜਾ ਰਹੀਆਂ ਸਹੂਲਤਾਂ ਅਤੇ ਲੱਦੇ ਜਾ ਰਹੇ ਟੈਕਸਾਂ ਦੇ ਭਾਰ ਨੇ ਵੀ ਭਾਜਪਾ ਗਠਜੋੜ ਦੀ ਹਾਰ ਪੱਕੀ ਕਰ ਦਿੱਤੀ।
(ਖ) ਸਥਾਪਿਤ ਮਿਆਰਾਂ ਤੋਂ ਉਲਟ ਭੱਦੀ ਬਿਆਨਬਾਜ਼ੀ ਅਤੇ ਤਾਨਾਸ਼ਾਹ ਰੂਚੀਆਂ ਨੇ ਭਾਜਪਾ ਅਤੇ ਇਸ ਦੇ ਜੋਟੀਦਾਰਾਂ ਦੀ ਸਾਖ ਬਹੁਤ ਘਟਾਈ।
(ਗ) ਵੋਟਰਾਂ ਦੀ ਬਹੁਗਿਣਤੀ ਨੇ ਇਹ ਪਸੰਦ ਨਹੀਂ ਕੀਤਾ ਕਿ ਸਿਆਸੀ ਲਾਭ ਲੈਣ ਲਈ ਲੋਕਾਂ 'ਚ ਫਿਰਕੇਦਾਰਾਨਾਂ ਫੁਟ ਪਾਈ ਜਾਵੇ ਅਤੇ ਸਥਿਤੀ ਫਿਰਕੂ ਦੰਗੇ ਹੋਣ ਤੱਕ ਵਿਗਾੜ ਦਿੱਤੀ ਜਾਵੇ। ਭਾਜਪਾ ਆਗੂਆਂ, ਇਸ ਦੇ ਕੇਂਦਰੀ ਮੰਤਰੀਆਂ ਅਤੇ ਕਈ ਮੁੱਖ ਮੰਤਰੀਆਂ, ਪੈਰ ਥੱਲੇ ਬਟੇਰ ਆਉਣ ਵਾਂਗ ਚੋਣਾਂ ਜਿੱਤੇ ਸਾਧ ਸਾਧਣੀਆਂ ਦੇ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਖਿਲਾਫ ਦਿੱਤੇ ਗਏ ਨਫਰਤਪੂਰਨ ਬਿਆਨਾਂ ਨੇ ਰਲ ਮਿਲ ਕੇ ਸ਼ਾਂਤੀ ਨਾਲ ਜੂਨ ਗੁਜ਼ਾਰਾ ਕਰਨ ਵਾਲੇ ਜਨਸਧਾਰਨ ਦੇ ਮਨਾਂ 'ਚ ਸ਼ੰਕੇ ਖੜੇ ਕਰ ਦਿੱਤੇ। ਪਿਛਲੇ ਸਮੇਂ 'ਚ ਗਊਮਾਸ ਖਾਣ ਜਾਂ ਨਾ ਖਾਣ ਦੇ ਮੁੱਦੇ 'ਤੇ ਹੋਈਆਂ (ਕਰਾਈਆਂ ਗਈਆਂ) ਘਟਨਾਵਾਂ ਨੇ ਵੀ ਲੋਕਾਂ ਨੂੰ ਭਾਜਪਾ ਖਿਲਾਫ ਤੋਰਿਆ।
(ਘ) ਲੋਕਾਂ ਅੰਦਰ ਇਹ ਭਾਵਨਾ ਕਮੋਬੇਸ਼ ਕਾਇਮ ਹੈ ਕਿ ਆਪੋ ਆਪਣੀ ਵਿਧੀ ਰਾਹੀਂ ਆਪਣੇ ਇਸ਼ਟਾਂ ਦੀ ਪੂਜਾ ਕੀਤੀ ਜਾਵੇ; ਆਪਣੀ ਮਨਮਰਜ਼ੀ ਦਾ ਖਾਧਾ ਜਾਵੇ, ਪਰ ਮਿਲਜੁਲ ਕੇ ਰਿਹਾ ਜਾਵੇ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ। ਪਰ ਭਾਜਪਾ ਨੂੰ ਅਗਵਾਈ ਦੇ ਰਹੇ ਸੰਘ ਪਰਵਾਰ ਦੀਆਂ ਸਭੇ ਕਾਰਵਾਈਆਂ ਵੋਟਰਾਂ ਨੂੰ ਇਸ ਮੂਲ ਭਾਵਨਾ ਦੇ ਉਲਟ ਜਾਪੀਆਂ।
(ਙ) ਸਤੰਬਰ ਮਹੀਨੇ ਹੋਈ ਦੇਸ਼ ਵਿਆਪੀ ਹੜਤਾਲ, ਜਿਸ ਨੂੰ ਕਿਰਤੀ ਲੋਕਾਂ ਦੇ ਸਭੇ ਭਾਗਾਂ ਨੇ ਭਰਪੂਰ ਸਮਰਥਨ ਦਿੱਤਾ ਸੀ, ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਹੀਜ਼ ਪਿਆਜ਼ ਲੋਕਾਂ 'ਚ ਵਿਆਪਕ ਬੇਪਰਦ ਕੀਤਾ। ਬਿਹਾਰ ਦੇ ਵੋਟਰਾਂ ਦੇ ਮਨਾਂ 'ਚ ਵੀ ਇਸ ਦਾ ਚੰਗਾ ਅਸਰ ਸੀ।
(ਚ) ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਇਤਿਹਾਸਕਾਰਾਂ, ਲੇਖਕਾਂ, ਸਾਇੰਸਦਾਨਾਂ, ਰੰਗਕਰਮੀਆਂ, ਕਲਾਕਾਰਾਂ ਦੇ ਅਸਤੀਫਿਆਂ ਕਾਰਨ ਹੋਈ ਵਿਆਪਕ ਚਰਚਾ ਨੇ ਲੋਕ ਮਨਾਂ 'ਚ ਇਕ ਹੱਦ ਤੱਕ ਇਹ ਭਾਵਨਾ ਬਿਠਾ ਦਿੱਤੀ ਕਿ ਭਾਜਪਾ ਸਰਕਾਰ ਹਨੇਰ ਬਿਰਤੀਵਾਦ ਦਾ ਵਾਜਬ ਵਿਰੋਧ ਸਹਿਣ ਕਰਨ ਨੂੰ ਵੀ ਹੇਠੀ ਸਮਝਦੀ ਹੈ।
ਨਤੀਜਾ ਸਭ ਦੇ ਸਾਹਮਣੇ ਹੈ ਵੱਡ ਅਕਾਰੀ ਦਿੱਲੀ ਦੇ ਰਾਜਭਾਗ 'ਤੇ ਕਾਬਜ਼ ਭਾਜਪਾ ਅਤੇ ਇਸ ਦੇ ਜੋਟੀਦਾਰ ਅਰਸ਼ੋਂ ਫਰਸ਼ 'ਤੇ ਧੜੰਮ ਆ ਡਿੱਗੇ ਅਤੇ ਬਿਹਾਰ ਵਿਚ ਮਹਾਂਗਠਜੋੜ ਦੀ ਸਰਕਾਰ ਬਨਣ ਦਾ ਰਾਹ ਪੱਧਰਾ ਹੋ ਗਿਆ।
ਅਸੀਂ ਬਿਹਾਰ ਦੇ ਸੂਝਵਾਨ ਵੋਟਰਾਂ ਦੇ ਇਸ ਫੈਸਲੇ ਦਾ ਸਨਮਾਨ ਕਰਦੇ ਹੋਏ ਬਿਹਾਰ ਦੀ ਜਨਤਾ ਨੂੰ ਸਲਾਮ ਕਰਦੇ ਹਾਂ। ਸਾਨੂੰ ਇਹ ਕਹਿਣ 'ਚ ਵੀ ਕੋਈ ਝਿਜਕ ਨਹੀਂ ਕਿ ਇਹ ਫੈਸਲਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਸੂਝਵਾਨ ਦੀ ਤਰਕੀਬ ਨੇ ਬੰਦੇ ਖਾਣੇ ਦਿਓ ਦੀ ਬੂ-ਮਾਨਸ ਪ੍ਰਵਿਰਤੀ ਮੂਹਰੇ ਇਕ ਵੇਰਾਂ ਅੜਿੱਕਾ ਲਾ ਦਿੱਤਾ ਹੋਵੇ। ਕਹਿਣ ਦੀ ਲੋੜ ਨਹੀਂ ਇਸ ਚੋਣ ਦੰਗਲ 'ਚ ਭਾਜਪਾ ਦੇ ਸਹਿਯੋਗੀ ਮੌਕਾਪਸ੍ਰਤ ਤਾਂ ਕਿਧਰੇ ਭਾਲੇ ਵੀ ਨਹੀਂ ਥਿਆਏ।
ਇਨ੍ਹਾਂ ਚੋਣਾਂ ਦਾ ਇਕ ਹੋਰ ਸ਼ਾਨਦਾਰ ਪੱਖ ਵੀ ਸਾਂਝਾ ਕਰਨਾ ਅਤੀ ਜ਼ਰੂਰੀ ਹੈ। ਖੱਬੀਆਂ ਪਾਰਟੀਆਂ ਵਲੋਂ ਸਾਂਝਾ ਮੋਰਚਾ ਬਣਾ ਕੇ ਚੋਣਾਂ ਲੜੀਆਂ ਗਈਆਂ ਅਤੇ ਲੋਕਾਂ ਲਈ, ਲੋਕਾਂ ਦੇ ਸਹਿਯੋਗ ਨਾਲ ਲੜੇ ਗਏ ਇਸ ਚੋਣ ਘੋਲ ਵਿਚ 3.5% ਵੋਟਾਂ ਅਤੇ ਤਿੰਨ ਸੀਟਾਂ ਪ੍ਰਾਪਤ ਕੀਤੀਆਂ ਗਈਆਂ। ਅਨੇਕਾਂ ਥਾਵਾਂ 'ਤੇ ਖੱਬੇ ਪੱਖੀ ਉਮੀਦਵਾਰ ਦੂਜੇ ਅਤੇ ਤੀਜੇ ਥਾਵਾਂ 'ਤੇ ਰਹੇ। ਖੱਬੇ ਪੱਖ ਦਾ ਮੁੱਖ ਨਾਅਰਾ ''ਮਹਾਂਗਠਜੋੜ ਅਤੇ ਐਨ.ਡੀ.ਏ. ਦੇ ਮੁਕਾਬਲੇ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕਰਨਾ ਸੀ।'' ਮੀਡੀਏ ਨੇ ਇਸ ਬਦਲ ਬਾਰੇ ਕੁਝ ਵੀ ਕਹਿਣਾ ਮੁਨਾਸਿਬ ਨਹੀਂ ਸਮਝਿਆ। ਖੱਬੇ ਪੱਖ ਦੀਆਂ ''ਬਿਨਾਂ ਕਿਸੇ ਪੂੰਜੀਪਤੀ ਪਾਰਟੀ ਜਾਂ ਘਰਾਣੇ ਦੇ ਸਹਿਯੋਗ'' ਤੋਂ ਕੀਤੀਆਂ ਗਈਆਂ ਇਹ ਪ੍ਰਾਪਤੀਆਂ ਅਤੀ ਮਾਣ ਕਰਨ ਯੋਗ ਹਨ। ਖੱਬੇ ਪੱਖ ਵਲੋਂ ਲੋਕ ਹਿਤਾਂ ਲਈ ਲੜੇ ਗਏ ਅਨੇਕਾਂ ਸੰਘਰਸ਼ ਇਨ੍ਹਾਂ ਚੋਣਾਂ 'ਚ ਜਿੱਤ ਦੇ ਰੂਪ 'ਚ ਉਜਾਗਰ ਹੋਏ ਹਨ। ਇਹ ਵਰਤਾਰਾ ਦੇਸ਼ ਪੱਧਰ ਤੱਕ ਵਿਸਥਾਰ ਕਰੇਗਾ, ਇਸ ਦੀ ਪੂਰਨ ਆਸ ਹੈ।
ਬਿਹਾਰ ਚੋਣ ਦੇ ਹਾਂ ਪੱਖੀ ਚੋਣ ਨਤੀਜਿਆਂ ਦੀ ਖੁਸ਼ੀ ਮਨਾ ਰਹੇ  ਸਭਨਾਂ ਨਾਲ ਕੁੱਝ ਗੱਲਾਂ ਸਾਂਝੀਆਂ ਕਰਨੀਆਂ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਹਾਂ। ਬਿਹਾਰ ਚੋਣ ਨਤੀਜਿਆਂ ਦੇ ਦੂਰਗਾਮੀ ਹਾਂਪੱਖੀ ਪ੍ਰਭਾਵ ਪੈਣਗੇ ਇਸ ਵਿਚ ਕੋਈ ਸ਼ੱਕ ਨਹੀਂ। ਪਰ ਆਪਣੇ ਫੁਟਪਾਊ ਖਾਸੇ ਅਨੁਸਾਰ ਅਮਲ ਕਰਦਿਆਂ ਸੰਘ ਪਰਿਵਾਰ ਆਪਣਾ ਵੰਡਵਾਦੀ ਏਜੰਡਾ ਅੱਗੇ ਵਧਾਉਣ ਦੇ ਯਤਨ ਹੋਰ ਤੇਜ਼ ਕਰੇਗਾ। ਆਪਣੀ ਹੱਥਠੋਕਾ ਸਰਕਾਰ ਦਾ ਲਾਹਾ ਲੈਂਦਿਆਂ ਇਹ ਪਹਿਲਾਂ ਹੀ ਆਪਣਾ ਜਹਿਰੀਲਾ ਪ੍ਰਚਾਰ ਕਰਨ ਵਾਲੀਆਂ ''ਸ਼ਾਖਾਵਾਂ'' ਦੀ ਗਿਣਤੀ 'ਚ ਹਜ਼ਾਰਾਂ ਦਾ ਵਾਧਾ ਕਰ ਚੁੱਕਾ ਹੈ ਅਤੇ ਅੱਗੋਂ ਹੋਰ ਵਾਧਾ ਕਰਨ ਦਾ ਪੂਰਾ ਯਤਨ ਕਰੇਗਾ। ਲੋਕਾਂ ਦੀ ਸਾਂਝੀਵਾਲਤਾ ਅਤੇ ਸ਼ਾਂਤੀਪੂਰਨ ਸਹਿਹੋਂਦ ਸੰਘ ਪਰਵਾਰ ਦੇ ਟੀਚੇ ਪੂਰੇ ਕਰਨ ਦੇ ਰਾਹ 'ਚ ਸਭ ਤੋਂ ਵੱਡਾ ਅੜਿੱਕਾ ਹੈ, ਇਸ ਨੂੰ ਖੋਰਾ ਲਾਉਣ ਦੇ ਲੋਕ ਮਾਰੂ ਮਨਸੂਬੇ ਇਸ ਵਲੋਂ ਹੋਰ ਤੇਜ਼ ਕੀਤੇ ਜਾਣਗੇ। ਬਾਲ ਮਨਾਂ 'ਤੇ ਸਦੀਵੀਂ ਮਾਰੂ ਪ੍ਰਭਾਵ ਪਾਉਣ ਲਈ ਇਹ ਇਤਿਹਾਸ, ਸਿੱਖਿਆ, ਪ੍ਰਸ਼ਾਸਕੀ ਮਸ਼ੀਨਰੀ, ਚੁਣੇ ਹੋਏ ਅਦਾਰਿਆਂ ਦੀ ਤੋੜ ਮਰੋੜ ਅਤੇ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਲਈ ਦੁਰਵਰਤੋਂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਲੋਕਾਂ ਦੀਆਂ ਸਭੇ ਦਿੱਕਤਾਂ ਦਾ ਕਾਰਨ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਵਲੋਂ ਅਮਲ 'ਚ ਲਿਆਂਦੀਆਂ ਜਾ ਰਹੀਆਂ ਲੋਕ  ਦੋਖੀ ਅਤੇ ਧਨਾਢ-ਪੱਖੀ ਨੀਤੀਆਂ ਹਨ। ਭਾਜਪਾ ਹਾਰਨ ਦੇ ਬਾਵਜੂਦ ਕਿਸੇ ਵੀ ਕੀਮਤ 'ਤੇ ਇਹ ਨੀਤੀਆਂ ਛੱਡਣ ਨਹੀਂ ਜਾ ਰਹੀ, ਬਲਕਿ ਹੋਰ ਤੇਜ਼ ਕਰੇਗੀ। ਭਾਵੇਂ ਇਹ ਗੱਲ ਹੁਣੇ ਕਹੀ ਜਾਣ 'ਤੇ ਜਲਦਬਾਜ਼ੀ ਲੱਗੇ, ਪਰ ਸਚਾਈ ਇਹੀ ਹੈ ਕਿ ਮਹਾਂਗਠਜੋੜ (ਜੋ ਚੋਣ ਜਿੱਤਿਆ ਹੈ) ਵੀ ਇਨ੍ਹਾਂ ਹੀ ਨੀਤੀਆਂ 'ਤੇ ਅਮਲ ਕਰੇਗਾ। ਸੋ ਸਾਫ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਸਗੋਂ ਹੋਰ ਵਧਣਗੀਆਂ। ਅਜਿਹੀ ਸਥਿਤੀ 'ਚ ਜੇ ਬਦਲਵੀਆਂ ਨੀਤੀਆਂ 'ਤੇ ਅਮਲ ਕਰਨ ਵਾਲਾ ਖੱਬਾ ਪੱਖ ਮਜ਼ਬੂਤ ਨਾ ਹੋਇਆ ਤਾਂ ਪੂਰੀ ਸੰਭਾਵਨਾ ਹੈ ਕਿ ਏਥੇ ਵੀ ਪਿਛਾਖੜੀ ਤਾਕਤਾਂ ਫਿਰ ਮੁੜ ਕੇ ਤਕੜੀਆਂ ਹੋ ਸਕਦੀਆਂ ਹਨ।
ਇਸ ਲਈ ਸਭ ਤੋਂ ਜ਼ਰੂਰੀ ਕੰਮ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਉਨ੍ਹਾਂ ਦੀਆਂ ਸੱਭੇ ਦਿੱਕਤਾਂ ਦਾ ਕਾਰਨ ਸਾਮਰਾਜੀ ਸੰਸਾਰੀਕਰਣ-ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਅਤੇ ਉਨ੍ਹਾਂ 'ਤੇ ਰੰਗ ਬਿਰੰਗੀਆਂ ਸਰਕਾਰਾਂ ਵਲੋਂ ਕੀਤਾ ਜਾ ਰਿਹਾ ਅਮਲ ਹੈ। ਦਿੱਕਤਾਂ ਦਾ ਹੱਲ ਸਾਂਝੇ ਵਿਸ਼ਾਲ ਸੰਘਰਸ਼ਾਂ ਰਾਹੀਂ ਨੀਤੀਆਂ ਬਦਲਣ ਨਾਲ ਹੋਵੇਗਾ ਨਾਕਿ ਲੋਟੂ ਜਮਾਤਾਂ ਦੇ ਹਿੱਤਾਂ ਦੀ ਰਖਵਾਲੀ ਕਰਦੀਆਂ ਪਾਰਟੀਆਂ ਦੀ ਅਦਲਾ-ਬਦਲੀ ਕਰਨ ਨਾਲ।
ਇਹ ਅਤੀ ਮਹੱਤਵਪੂਰਨ ਕਾਰਜ ਹੀ ਭਾਰਤ ਦੇ ਖੱਬੇ ਪੱਖ ਦੇ ਹਿੱਸੇ ਆਈ ਅਜੋਕੇ ਸਮੇਂ ਦੀ ਅਹਿਮ ਇਤਿਹਾਸਕ ਜ਼ਿੰਮੇਵਾਰੀ ਹੈ। 

No comments:

Post a Comment