Thursday 17 December 2015

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਦਸੰਬਰ 2015)

ਰਵੀ ਕੰਵਰ

ਪੈਰਿਸ 'ਤੇ ਵਹਿਸ਼ੀਆਨਾ ਅੱਤਵਾਦੀ ਹਮਲਾਯੂਰਪੀ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 13-14 ਨਵੰਬਰ ਦੀ ਦਰਮਿਆਨੀ ਰਾਤ ਨੂੰ ਹੋਏ ਅੱਤਵਾਦੀ ਹਮਲਿਆਂ ਵਿਚ 129 ਬੇਦੋਸ਼ੇ ਸ਼ਹਿਰੀ ਮਾਰੇ ਗਏ ਅਤੇ 368 ਜਖਮੀ ਹੋਏ, ਜਿਨ੍ਹਾਂ ਵਿਚੋਂ 80 ਦੀ ਹਾਲਤ ਗੰਭੀਰ ਹੈ। ਮੱਧ ਪੂਰਬ ਏਸ਼ੀਆ ਦੀ ਇਸਲਾਮਕ ਕੱਟੜਪੰਥੀ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਨੇ ਇਨ੍ਹਾਂ ਹਮਲਿਆਂ ਦੀ ਜਿੰਮੇਵਾਰੀ ਲਈ ਹੈ। ਰਾਤ ਦੇ 9.20 ਵਜੇ ਸ਼ੁਰੂ ਹੋਏ ਇਨ੍ਹਾਂ ਹਮਲਿਆਂ ਵਿਚ ਅੱਤਵਾਦੀਆਂ ਦੀਆਂ ਤਿੰਨ ਟੀਮਾਂ ਨੇ ਹਿੱਸਾ ਲਿਆ ਅਤੇ ਛੇ ਥਾਵਾਂ 'ਤੇ ਇਹ ਹਮਲੇ ਕੀਤੇ। ਇਹ ਹਮਲੇ ਅੰਨ੍ਹੇਵਾਹ ਗੋਲੀਬਾਰੀ, ਲੋਕਾਂ ਨੂੰ ਬੰਧਕ ਬਣਾਕੇ ਕੀਤੇ ਗਏ ਕਤਲਾਂ ਅਤੇ ਆਤਮਘਾਤੀ ਹਮਲਿਆਂ ਦੇ ਰੂਪ ਵਿਚ ਕੀਤੇ ਗਏ। ਪਹਿਲਾ ਹਮਲਾ ਰਾਜਧਾਨੀ ਵਿਚਲੇ ਕੌਮੀ ਖੇਡ ਸਟੇਡੀਅਮ ਦੇ ਬਾਹਰ ਆਤਮਘਾਤੀ ਹਮਲੇ ਦੇ ਰੂਪ ਵਿਚ ਹੋਇਆ। ਸਟੇਡੀਅਮ ਵਿਖੇ ਫਰਾਂਸ ਅਤੇ ਜਰਮਨੀ ਦੀਆਂ ਫੁਟਬਾਲ ਟੀਮਾਂ ਦਰਮਿਆਨ ਕੌਮਾਂਤਰੀ ਪੱਧਰ ਦਾ ਦੋਸਤਾਨਾ ਮੈਚ ਚਲ ਰਿਹਾ ਸੀ। ਦਰਸ਼ਕਾਂ ਵਿਚ ਦੇਸ਼ ਦੇ ਰਾਸ਼ਟਰਪਤੀ ਫਰਾਕੁਇਸ ਹੋਲਾਂਦ ਅਤੇ ਵਿਦੇਸ਼ ਮੰਤਰੀ ਵੀ ਸ਼ਾਮਲ ਸਨ। ਮੈਚ ਸ਼ੁਰੂ ਹੋਏ ਨੂੰ ਅਜੇ 20 ਮਿੰਟ ਹੀ ਹੋਏ ਸਨ ਕਿ ਇਕ ਆਤਮਘਾਤੀ ਹਮਲਾਵਰ ਨੇ ਸਟੇਡੀਅਮ ਦੇ ਅੰਦਰ ਵੜਨ ਦਾ ਯਤਨ ਕੀਤਾ ਪ੍ਰੰਤੂ ਗੇਟ ਉਤੇ ਖਲੋਤੇ ਸੁਰੱਖਿਆ ਗਾਰਡ ਨੇ ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸਨੂੰ ਹਮਲਾਵਰ ਵਲੋਂ ਪਾਈ ਹੋਈ ਧਮਾਕਾਖੇਜ਼ ਬੈਲਟ ਦਾ ਪਤਾ ਲੱਗ ਗਿਆ ਸੀ। ਹਮਲਾਵਰ ਨੇ ਕੁੱਝ ਪਿੱਛੇ ਹਟਕੇ ਆਪਣੇ ਆਪ ਨੂੰ ਉੜਾ ਲਿਆ ਅਤੇ ਆਪਣੇ ਨਾਲ ਇਕ ਹੋਰ ਵਿਅਕਤੀ ਦੀ ਵੀ ਜਾਨ ਲੈ ਲਈ। ਬਾਹਰ ਲਗਭਗ 10 ਮਿੰਟ ਬਾਅਦ ਇਕ ਹੋਰ ਆਤਮਘਾਤੀ ਹਮਲਾਵਰ ਨੇ ਗੇਟ ਦੇ ਨੇੜੇ ਹੀ ਆਪਣੇ ਆਪ ਨੂੰ ਉੜਾ ਲਿਆ। ਇਸਦੇ ਲਗਭਗ 33 ਮਿੰਟ ਬਾਅਦ ਨਜ਼ਦੀਕ ਹੀ ਸਥਿਤ ਮੈਕਡੋਨਾਲਡ ਰੈਸਟੋਰੈਂਟ ਵਿਚ ਤੀਜੇ ਆਤਮਘਾਤੀ ਹਮਲਾਵਰ ਨੇ ਵੀ ਅਪਣੇ ਆਪ ਨੂੰ ਉਡਾ ਲਿਆ। ਸਟੇਡੀਅਮ ਵਿਚ ਮੈਚ ਦੇਖ ਰਹੇ ਰਾਸ਼ਟਰਪਤੀ ਹੋਲਾਂਦ ਨੂੰ ਸੁਰੱਖਿਆ ਬਲਾਂ ਵਲੋਂ ਮੈਚ ਦੇ ਇੰਟਰਵਲ ਦੌਰਾਨ ਚੁਪਚਾਪ ਕੱਢ ਲਿਆ ਗਿਆ ਅਤੇ ਉਨ੍ਹਾਂ ਦੇਸ਼ ਦੀ ਗ੍ਰਹਿ ਵਜਾਰਤ ਵਿਖੇ ਇਨ੍ਹਾਂ ਹਮਲਿਆਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਪ੍ਰੰਤੂ ਦੇਸ਼ ਦੇ ਵਿਦੇਸ਼ ਮੰਤਰੀ ਦਰਸ਼ਕਾਂ ਵਿਚ ਹੀ ਹਾਜ਼ਰ ਰਹੇ। ਇੱਥੇ ਇਹ ਵਰਨਣਯੋਗ ਹੈ ਕਿ ਮੈਚ ਚੱਲਣ ਦੇ 20 ਮਿੰਟ ਬਾਅਦ ਹੀ ਹੋਏ ਇਨ੍ਹਾਂ ਹਮਲਿਆਂ ਦੀ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ ਅਤੇ ਸਿਰਫ ਰੈਫਰੀਆਂ ਨੂੰ ਹੀ ਇਸ ਬਾਰੇ ਵਿਸ਼ਵਾਸ ਵਿਚ ਲਿਆ। ਮੈਚ ਚਲਦਾ ਰਿਹਾ ਅਤੇ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਨੂੰ ਖੇਡ ਦੇ ਮੈਦਾਨ ਵਿਚ ਲੈ ਆਂਦਾ ਗਿਆ। ਪੁਲਸ ਦੀ ਨਿਗਰਾਨੀ ਅਧੀਨ ਦਰਸ਼ਕਾਂ ਨੂੰ ਸਹਿਜੇ-ਸਹਿਜੇ ਬਾਹਰ ਕੱਢਿਆ ਗਿਆ। ਇਸ ਤਰ੍ਹਾਂ ਸੁਰੱਖਿਆ ਬਲਾਂ ਅਤੇ ਪ੍ਰਸ਼ਾਸਨ ਨੇ ਬਹੁਤ ਹੀ ਸੁਚੱਜੇ ਢੰਗ 'ਤੇ ਸਿਦਕਦਿਲੀ ਨਾਲ ਸਥਿਤੀ ਨੂੰ ਸਾਂਭਦੇ ਹੋਏ ਅੱਤਵਾਦੀਆਂ ਦੀ ਸਾਜਿਸ਼ ਕਾਫੀ ਹੱਦ ਤੱਕ ਨਾਕਾਮ ਕਰ ਦਿੱਤੀ। ਪੁਲਸ ਸੂਤਰਾਂ ਅਨੁਸਾਰ ਅੱਤਵਾਦੀਆਂ ਦੀ ਯੋਜਨਾ ਇਕ ਆਤਮਘਾਤੀ ਹਮਲਾਵਰ ਵਲੋਂ ਸਟੇਡੀਅਮ ਵਿਚ ਦਾਖਲ ਹੋ ਕੇ ਆਪਣੇ ਆਪ ਨੂੰ ਉਡਾਉਣ ਦੀ ਸੀ ਅਤੇ ਇਸ ਨਾਲ ਮਚੀ ਘਬਰਾਹਟ ਤੇ ਭਗਦੜ ਕਰਕੇ ਜਦੋਂ ਦਰਸ਼ਕਾਂ ਨੇ ਬਾਹਰ ਵੱਲ ਭੱਜਣਾ ਸੀ ਤਾਂ ਬਾਹਰ ਗੇਟ 'ਤੇ ਖੜ੍ਹੇ ਦੋ ਆਤਮਘਾਤੀ ਹਮਲਾਵਰਾਂ ਨੇ ਇਨ੍ਹਾਂ ਭੀੜਾਂ ਵਿਚ ਆਪਣੇ ਆਪ ਨੂੰ ਉਡਾ ਲੈਣਾ ਸੀ। ਇਸ ਤਰ੍ਹਾਂ ਉਨ੍ਹਾਂ ਦੀ ਵੱਡੀ ਪੱਧਰ 'ਤੇ ਦਰਸ਼ਕਾਂ ਨੂੰ ਮਾਰਨ ਦੀ ਯੋਜਨਾ ਨਾਕਾਮ ਹੋ ਗਈ। ਸਭ ਤੋਂ ਘੱਟ ਜਾਨੀ ਨੁਕਸਾਨ ਇੱਥੇ ਹੀ ਹੋਇਆ।
ਆਤਮਘਾਤੀ ਹਮਲਾਵਰਾਂ ਦੀ ਇਕ ਹੋਰ ਟੀਮ ਨੇ ਰਾਤ 9 ਵੱਜ ਕੇ 40 ਮਿੰਟ 'ਤੇ ਸਟੇਡੀਅਮ ਦੇ ਨੇੜੇ ਹੀ ਸਥਿਤ 5 ਰੈਸਟੋਰੈਂਟਾਂ ਅਤੇ ਕੈਫਿਆਂ ਦੇ ਬਾਹਰ ਅਤੇ ਅੰਦਰ ਅੰਧਾਧੁੰਧ ਗੋਲੀਬਾਰੀ ਕੀਤੀ। ਇਨ੍ਹਾਂ ਹਮਲਿਆਂ ਵਿਚ ਘੱਟੋ ਘੱਟ 26 ਲੋਕ ਮਾਰੇ ਗਏ। ਇੱਥੇ ਇਕ ਆਤਮ ਘਾਤੀ ਹਮਲਾਵਰ ਨੇ ਵੀ ਆਪਣੇ ਆਪ ਨੂੰ ਉਡਾ ਲਿਆ।
ਸਭ ਤੋਂ ਵੱਡਾ ਅਤੇ ਗੰਭੀਰ ਸਿੱਧ ਹੋਇਆ ਹਮਲਾ ਪੈਰਿਸ ਦੇ ਬੌਓਲਵਾਰਡ ਵੋਲਟਾਇਰ ਖੇਤਰ ਵਿਚ ਸਥਿਤ ਬਾਤਾਕਲਾਂ ਥਿਏਟਰ ਵਿਖੇ ਰਾਤ 9 ਵੱਜਕੇ 45 ਮਿੰਟ 'ਤੇ ਕੀਤਾ ਗਿਆ। ਇਥੇ ਉਸ ਵੇਲੇ ਅਮਰੀਕਾ ਦੇ 'ਈਗਲਜ ਆਫ ਡੈਥ ਮੈਟਲ' ਨਾਂਅ ਦੇ ਬੈਂਡ ਦਾ ਸੰਗੀਤ ਪ੍ਰੋਗਰਾਮ ਚਲ ਰਿਹਾ ਸੀ। ਲਗਭਗ 1500 ਸੰਗੀਤ ਪ੍ਰੇਮੀ ਇਸਨੂੰ ਮਾਣ ਰਹੇ ਸਨ। ਅਜੇ ਪ੍ਰੋਗਰਾਮ ਨੂੰ ਸ਼ੁਰੂ ਹੋਇਆਂ ਇਕ ਘੰਟਾ ਹੀ ਹੋਇਆ ਸੀ ਕਿ ਤਿੰਨ ਅੱਤਵਾਦੀ ਹਮਲਾਵਰ ਥਿਏਟਰ ਦੇ ਅੰਦਰ ਦਾਖਲ ਹੋ ਗਏ ਅਤੇ 'ਅੱਲਾ ਹੂ ਅਕਬਰ' ਦੇ ਨਾਅਰੇ ਲਾਉਂਦੇ ਹੋਏ ਹਾਜ਼ਰ ਦਰਸ਼ਕਾਂ ਉਤੇ ਗੋਲੀਆਂ ਵਰ੍ਹਾਉਣ ਲੱਗ ਪਏ। ਇਸਦੇ ਲਗਭਗ 20 ਮਿੰਟ ਬਾਅਦ ਉਨ੍ਹਾਂ ਹੈਂਡ ਗਰਨੇਡ ਵੀ  ਸੁੱਟੇ। 10 ਵਜੇ ਦੇ ਲਗਭਗ ਜਦੋਂ ਪੁਲਸ ਨੇ ਥਿਏਟਰ ਨੂੰ ਘੇਰ ਲਿਆ ਤਾਂ ਅੱਤਵਾਦੀਆਂ ਨੇ 60 ਤੋਂ 100 ਦੇ ਕਰੀਬ ਦਰਸ਼ਕਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਸਿਰਾਂ ਵਿਚ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲ 12 ਵੱਜ ਕੇ 20 ਮਿੰਟ 'ਤੇ ਹਾਲ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਦਾ ਇਹ ਆਪਰੇਸ਼ਨ 12 ਵੱਜਕੇ 50 ਮਿੰਟ ਤੱਕ ਚਲਿਆ। ਇਸ ਦੌਰਾਨ 2 ਹਮਲਾਵਰਾਂ ਨੇ ਤਾਂ ਆਪਣੇ ਆਪ ਨੂੰ ਉਡਾ ਲਿਆ ਅਤੇ ਤੀਜਾ ਜਦੋਂ ਪੁਲਸ ਦੀ ਗੋਲੀ ਨਾਲ ਥੱਲੇ ਡਿੱਗਿਆ ਤਾਂ ਉਸਦੀ ਧਮਾਕਾ ਖੇਜ ਬੈਲਟ ਵਿਚ ਧਮਾਕਾ ਹੋ ਗਿਆ ਅਤੇ ਉਹ ਵੀ ਮਾਰਿਆ ਗਿਆ। ਇਸ ਭਿਆਨਕ ਹਮਲੇ ਵਿਚ 89 ਲੋਕ ਮਾਰੇ ਗਏ।
18ਵੀਂ ਸਦੀ ਵਿਚ ਹੋਏ ਦੁਨੀਆਂ ਦੇ ਸਭ ਤੋਂ ਪਹਿਲੇ ਇਨਕਲਾਬ 'ਪੈਰਿਸ ਕਮਿਊਨ', ਜਿਹੜਾ ਕਿ ਸਫਲ ਨਹੀਂ ਹੋ ਸਕਿਆ ਸੀ, ਲਈ ਪ੍ਰਸਿੱਧ ਫਰਾਂਸ ਦੀ ਇਸ ਰਾਜਧਾਨੀ ਵਿਚ ਹੋਏ ਇਨ੍ਹਾਂ 6 ਹਮਲਿਆਂ ਦੀ ਦੁਨੀਆਂ ਦੇ ਸਭ ਤੋਂ ਕਰੂਰ, ਵਹਿਸ਼ੀ ਅਤੇ ਕੱਟੜਪੰਥੀ ਇਸਲਾਮਕ ਅੱਤਵਾਦੀ ਗਰੁੱਪ ਆਈ.ਐਸ.ਆਈ.ਐਸ. ਨੇ ਸੀਰੀਆ ਵਿਚ ਯੋਜਨਾਬੰਦੀ ਕੀਤੀ ਸੀ ਅਤੇ ਇਸਨੂੰ ਯੂਰਪ ਦੇ ਹੀ ਫਰਾਂਸ ਨਾਲ ਲੱਗਦੀ ਸਰਹੱਦ ਵਾਲੇ ਦੇਸ਼ ਬੈਲਜੀਅਮ ਵਿਚ ਜਥੇਬੰਦ ਕੀਤਾ ਗਿਆ ਸੀ। ਇਸ ਨੂੰ ਨੇਪਰੇ ਚੜ੍ਹਾਉਣ ਵਿਚ ਫਰਾਂਸ ਦੇ ਨਾਗਰਿਕਾਂ ਨੇ ਵੀ ਮਦਦ ਕੀਤੀ ਸੀ। ਫਰਾਂਸ ਵਿਚ ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਇਨ੍ਹਾਂ ਸਭ ਤੋਂ ਘਾਤਕ ਹਮਲਿਆਂ ਵਿਚ ਮਰਨ ਵਾਲੇ ਲਗਭਗ ਸਾਰੇ ਹੀ ਵਿਅਕਤੀ ਨੌਜਵਾਨ ਮਰਦ ਤੇ ਔਰਤਾਂ ਹਨ।
ਇਨ੍ਹਾਂ ਹਮਲਿਆਂ ਨੂੰ ਫਰਾਂਸ ਦੇ ਰਾਸ਼ਟਰਪਤੀ ਹੋਲਾਂਦ ਨੇ ਆਈ.ਐਸ.ਆਈ.ਐਸ. ਵਲੋਂ ਫਰਾਂਸ ਵਿਰੁੱਧ ਯੁੱਧ ਗਰਦਾਨਦੇ ਹੋਏ ਇਸਦਾ ਜੁਆਬ ਬੇਤਰਸ ਹੋ ਕੇ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਫਰਾਂਸ ਦੇ ਜੰਗੀ ਜਹਾਜਾਂ ਨੇ ਆਈ.ਐਸ.ਆਈ.ਐਸ. ਦੀ ਖਿਲਾਫਤ (ਰਾਜ) ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਸੀਰੀਆਈ ਸ਼ਹਿਰ 'ਰੱਕਾ' ਸਥਿਤ ਉਸਦੇ ਟਿਕਾਣਿਆਂ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਅੱਤਵਾਦੀ ਹਮਲਿਆਂ ਤੋਂ ਕੁੱਝ ਘੰਟੇ ਬਾਅਦ ਹੀ 14 ਨਵੰਬਰ ਦੀ ਸਵੇਰ ਨੂੰ ਆਈ.ਐਸ.ਆਈ.ਐਸ. ਦੇ ਮੀਡੀਆ ਗਰੁੱਪ 'ਅਲ-ਹਿਆਤ' ਨੇ ਇਨ੍ਹਾਂ ਹਮਲਿਆਂ ਨੂੰ ਫਰਾਂਸ ਵਲੋਂ ਸੀਰੀਆ ਅਤੇ ਈਰਾਕ ਵਿਚ ਉਨ੍ਹਾਂ ਦੇ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਦਾ ਜਵਾਬ ਅਤੇ ਨਾਲ ਹੀ ਰਾਸ਼ਟਰਪਤੀ ਹੋਲਾਂਦ ਦੀ ਦੁਨੀਆਂ ਭਰ ਦੇ ਮੁਸਲਮਾਨਾਂ ਪ੍ਰਤੀ ਅਪਨਾਈ ਗਈ ਵਿਦੇਸ਼ ਨੀਤੀ ਦਾ ਸਿੱਟਾ ਦੱਸਿਆ। ਪੈਰਿਸ ਉਤੇ ਵਿਸ਼ੇਸ਼ ਰੂਪ ਵਿਚ ਇਨ੍ਹਾਂ ਹਮਲਿਆਂ ਨੂੰ ਕੀਤੇ ਜਾਣ ਲਈ ਵੀ ਉਸਨੇ ਇਸਨੂੰ 'ਕੁਹੱਜ ਅਤੇ ਸਭਿਆਚਾਰਕ ਨਿਘਾਰ' (ਫੈਸ਼ਨ ਅਤੇ ਵੇਸ਼ਵਾਵਿਰਤੀ) ਦਾ ਕੇਂਦਰ ਦੱਸਿਆ, ਜਿਹੜਾ ਕਿ ਇਸਲਾਮੀ ਸ਼ਰੀਅਤ ਮੁਤਾਬਕ ਕੁਫ਼ਰ ਹੈ। ਫਰਾਂਸ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਇਨ੍ਹਾਂ ਹਮਲਿਆਂ ਨਾਲ ਸਬੰਧਤ ਅੱਤਵਾਦੀਆਂ ਨੂੰ ਫੜਨ ਲਈ ਫਰਾਂਸ ਅਤੇ ਗੁਆਂਢੀ ਦੇਸ਼ ਬੈਲਜੀਅਮ ਵਿਚ ਵੀ ਉਥੋਂ ਦੀਆਂ ਸੁਰੱਖਿਆ ਅਜੰਸੀਆਂ ਨਾਲ ਤਾਲਮੇਲ ਕਰਕੇ ਮੁਹਿੰਮ ਚਲਾਈ ਗਈ ਅਤੇ ਇਸ ਹਮਲੇ ਦੀ ਯੋਜਨਾਬੰਦੀ ਕਰਨ ਅਤੇ ਜਥੇਬੰਦ ਕਰਨ ਲਈ ਜਿੰਮੇਵਾਰ ਮੁੱਖ ਅੱਤਵਾਦੀ ਅਬਦੇਲਹਮੀਦ ਅਬਆਉਦ ਨੂੰ 18 ਨਵੰਬਰ ਨੂੰ ਪੈਰਿਸ ਦੀ ਉਪ ਬਸਤੀ ਸੇਂਟ ਡੇਨਿਸ ਵਿਚ ਮਾਰਨ ਵਿਚ ਸਫਲ ਰਹੇ। 7 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਮਾਰਿਆ ਗਿਆ ਇਹ 26 ਸਾਲਾ ਅੱਤਵਾਦੀ ਮੋਰੱਕੋ ਮੂਲ ਦਾ ਬੈਲਜੀਅਮ ਦਾ ਸ਼ਹਿਰੀ ਸੀ, ਜਿਹੜਾ ਕਿ 2013 ਵਿਚ ਸੀਰੀਆ ਵਿਚ ਇਕ ਆਈ.ਐਸ. ਲੜਾਕੇ ਵਜੋਂ ਲੜਦਾ ਰਿਹਾ ਸੀ।
ਇਨ੍ਹਾਂ ਹਮਲਿਆਂ ਤੋਂ ਫੌਰੀ ਬਾਅਦ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਗਈ ਸੀ, ਜਿਹੜੀ ਕਿ ਫਰਾਂਸ ਦੀ ਸੰਸਦ ਵਲੋਂ 3 ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਦੇਸ਼ ਭਰ ਵਿਚ ਮਾਰੇ ਗਏ ਬੇਦੋਸ਼ੇ ਲੋਕਾਂ ਦੀ ਯਾਦ ਵਿਚ ਸੋਗ ਮਨਾਇਆ ਗਿਆ। ਫਰਾਂਸ ਦੇ ਸਮਾਜ ਦੀ ਇਕ ਹੋਰ ਨਰੋਈ ਗੱਲ ਇਹ ਉਭਰਕੇ ਆਈ ਹੈ ਕਿ ਮੁਸਲਮ ਅੱਤਵਾਦੀਆਂ ਵਲੋਂ ਕੀਤੇ ਗਏ ਇਨ੍ਹਾਂ ਹਮਲਿਆਂ ਤੋਂ ਬਾਵਜੂਦ ਮੁਸਲਮ ਸਮਾਜ ਪ੍ਰਤੀ ਕੋਈ ਭੜਕਾਹਟ ਪੈਦਾ ਨਹੀਂ ਹੋਈ। ਵਰਣਨਯੋਗ ਹੈ ਕਿ ਸਟੇਡੀਅਮ ਦੇ ਗੇਟ 'ਤੇ ਅੱਤਵਾਦੀ ਹਮਲਾਵਰ ਨੂੰ ਰੋਕਣ ਵਾਲਾ ਗਾਰਡ ਖੁਦ ਵੀ ਮੁਸਲਮਾਨ ਸੀ। ਇੱਥੇ ਇਹ ਨੋਟ ਕਰਨ ਯੋਗ ਹੈ ਕਿ ਇਨ੍ਹਾਂ ਹਮਲਿਆਂ ਦੇ ਸਿੱਟੇ ਵਜੋਂ ਅਮਰੀਕਾ ਵਿਚ ਕੁੱਝ ਮਸਜਿਦਾਂ 'ਤੇ ਹਮਲੇ ਹੋਏ ਹਨ।
ਆਈ.ਐਸ.ਆਈ.ਐਸ. ਅੱਤਵਾਦੀ ਗਰੁੱਪ ਜਿਸਨੂੰ ਅਰਬੀ ਭਾਸ਼ਾ ਵਿਚ ਦਾਇਸ਼ ਵੀ ਕਿਹਾ ਜਾਂਦਾ ਹੈ ਵਲੋਂ ਕੀਤੇ ਗਏ ਪੈਰਿਸ ਵਿਚ ਘਿਨਾਉਣੇ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਜਿਨ੍ਹਾਂ ਖੇਤਰਾਂ ਵਿਚ ਹਮਲੇ ਕੀਤੇ ਗਏ ਹਨ, ਇਹ ਖੇਤਰ ਪੈਰਿਸ ਦੇ ਮਿਹਨਤਕਸ਼ ਲੋਕਾਂ ਦੀ ਆਬਾਦੀ ਵਾਲੇ ਖੇਤਰ ਹਨ। ਇਨ੍ਹਾਂ ਅੱਤਵਾਦੀ ਹਮਲਿਆਂ ਵਿਚ ਮਰਨ ਵਾਲੇ ਵੀ ਲਗਭਗ ਸਾਰੇ ਹੀ ਨੌਜਵਾਨ, ਔਰਤਾਂ ਅਤੇ ਮਰਦ ਸਨ, ਜਿਹੜੇ ਕਿ ਹਫਤੇ ਭਰ ਦੀ ਸਖਤ ਮਿਹਨਤ ਤੋਂ ਬਾਅਦ ਸ਼ੁੱਕਰਵਾਰ ਦੀ ਸ਼ਾਮ ਨੂੰ ਆਪਣੇ ਮਨੋਰੰਜਨ ਹਿੱਤ ਮੈਚ ਦੇਖਣ ਜਾਂ ਸੰਗੀਤ ਦਾ ਪ੍ਰੋੋਗਰਾਮ ਮਾਨਣ ਲਈ ਜਾਂ ਫੁਰਸਤ ਦੇ ਪਲਾਂ 'ਚ ਖਾਣ-ਪੀਣ ਅਤੇ ਸੈਰ ਕਰਨ ਲਈ ਆਏ ਹੋਏ ਸਨ। ਆਈ.ਐਸ.ਆਈ. ਐਸ. ਇਸ ਵੇਲੇ ਦੁਨੀਆਂ ਦਾ ਸਭ ਤੋਂ ਬਰਬਰ, ਵਹਿਸ਼ੀ ਤੇ ਅੱਤ ਦਾ ਪਿਛਾਖੜੀ ਮੱਧਕਾਲੀਨ  ਕਦਰਾਂ-ਕੀਮਤਾਂ ਦਾ ਪੈਰੋਕਾਰ ਕਟੜਪੰਥੀ ਮੁਸਲਮ ਅੱਤਵਾਦੀ ਗਰੁੱਪ ਹੈ। ਜਿਹੜਾ ਕਿ ਇਸਲਾਮ ਧਰਮ ਦੀ ਸੁੰਨੀ ਧਾਰਾ ਦਾ ਪੈਰੋਕਾਰ ਹੈ। ਇਹ ਗਰੁੱਪ ਆਪਣੇ ਧਰਮ ਦੇ ਸ਼ੀਆ ਧਾਰਾ ਨਾਲ ਜੁੜੇ ਲੋਕਾਂ ਦੇ ਆਮ ਹੀ ਕਤਲ ਕਰਦਾ ਰਹਿੰਦਾ ਹੈ। ਇਹ ਆਪਣੇ ਹਜ਼ਾਰਾਂ ਵਿਰੋਧੀਆਂ ਦੇ ਨਿਰਦਈ ਕਤਲਾਂ ਲਈ ਤਾਂ ਬਦਨਾਮ ਹੈ ਹੀ, ਜਿਸ ਵਿਚ ਸੰਯੁਕਤ ਰਾਸ਼ਟਰ ਅਜੰਸੀਆਂ ਦੇ ਉਹ ਕਾਰਕੁੰਨ ਵੀ ਸ਼ਾਮਲ ਹਨ, ਜਿਹੜੇ ਇਸ ਖਿੱਤੇ ਵਿਚ ਜੰਗਾਂ ਦੇ ਸ਼ਿਕਾਰ ਹੋਏ ਲੋਕਾਂ ਦੀ ਮਨੁੱਖੀ ਮਦਦ ਕਰਨ ਲਈ ਗਏ ਹੋਏ ਸਨ। ਇਸਦੇ ਨਾਲ ਹੀ ਇਹ ਬਦਇਖਲਾਕ ਵੀ ਸਿਰੇ ਦਾ ਹੈ। ਇਸਨੇ ਆਪਣੇ ਕਬਜ਼ੇ ਵਾਲੇ ਖੇਤਰਾਂ ਦੀਆਂ ਯਜ਼ੀਦੀ, ਈਸਾਈ ਤੇ ਸ਼ੀਆ ਔਰਤਾਂ ਨਾਲ ਬਲਾਤਕਾਰ ਹੀ ਨਹੀਂ ਕੀਤੇ ਬਲਕਿ ਉਨ੍ਹਾਂ ਦੀ ਗੁਲਾਮਾਂ ਦੀ ਤਰ੍ਹਾਂ ਖਰੀਦ-ਫਰੋਖਤ ਵੀ ਕੀਤੀ ਹੈ। ਪਿਛਲੇ 2 ਹਫਤਿਆਂ ਵਿਚ ਹੀ ਇਸਨੇ ਅੱਤ ਦੀਆਂ ਘਿਨਾਉਣੀਆਂ ਅੱਤਵਾਦੀ ਕਾਰਵਾਈਆਂ ਕੀਤੀਆਂ ਹਨ, ਜਿਸ ਵਿਚ ਸੈਂਕੜੇ ਬੇਦੋਸ਼ਿਆਂ ਦੀਆਂ ਜਾਨਾਂ ਗਈਆਂ ਹਨ। ਪੈਰਿਸ ਦੇ ਅੱਤਵਾਦੀ ਹਮਲਿਆਂ ਤੋਂ ਪਹਿਲਾਂ ਅਕਤੂਬਰ ਦੇ ਆਖਰੀ ਹਫਤੇ ਵਿਚ ਮਿਸਰ ਦੇ ਸ਼ਰਮ-ਅਲ-ਸ਼ੇਖ ਤੋਂ ਸੈਂਟ ਪੀਟਰਸਬਰਗ ਜਾ ਰਹੇ ਰੂਸੀ ਯਾਤਰੀ ਹਵਾਈ ਜਹਾਜ ਵਿਚ ਬੰਬ ਰੱਖਕੇ ਇਸਨੂੰ ਹਵਾ ਵਿਚ ਤਬਾਹ ਕਰ ਦਿੱਤਾ ਸੀ, ਜਿਸ ਵਿਚ 224 ਯਾਤਰੀ ਮਾਰੇ ਸਨ। ਨਵੰਬਰ ਵਿਚ ਲੈਬਨਾਨ ਦੀ ਰਾਜਧਾਨੀ ਬੇਰੂਤ ਵਿਚ ਕੀਤੇ ਗਏ ਅੱਤਵਾਦੀ ਬੰਬ ਹਮਲੇ ਵਿਚ 43 ਅਤੇ ਈਰਾਨ ਦੀ ਰਾਜਧਾਨੀ ਬਗਦਾਦ ਵਿਚ ਵੀ ਇਸੇ ਤਰ੍ਹਾਂ ਦੇ ਹਮਲੇ ਵਿਚ 26 ਲੋਕ ਮਾਰੇ ਗਏ ਸਨ। ਇਨ੍ਹਾਂ ਸਾਰੇ ਹਮਲਿਆਂ ਦੀ ਜਿੰਮੇਵਾਰੀ ਵੀ ਆਈ.ਐਸ.ਆਈ.ਐਸ. ਨੇ ਲਈ ਹੈ।
ਫਰਾਂਸ ਦੇ ਰਾਸ਼ਟਰਪਤੀ ਹੋਲਾਂਦ ਨੇ ਹੀ ਨਹੀਂ ਬਲਕਿ ਜੀ-20 ਦੇਸ਼ਾਂ ਦੇ ਤੁਰਕੀ ਵਿਚ ਹੋਏ ਸੰਮੇਲਨ ਮੌਕੇ ਅਮਰੀਕਾ, ਰੂਸ, ਚੀਨ ਸਮੇਤ ਸਭ ਦੇਸ਼ਾਂ ਨੇ ਦੁਨੀਆਂ ਵਿਚੋਂ  ਅੱਤਵਾਦ ਦੇ ਇਸ ਸਭ ਤੋਂ ਭਿਆਨਕ ਦੈਂਤ ਨੂੰ ਮੁਢੋਂ-ਸੁੱਢੋਂ ਖਤਮ ਕਰਨ ਦਾ ਐਲਾਨ ਕੀਤਾ ਹੈ। ਪ੍ਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਵਿਚ ਸਫਲਤਾ ਮਿਲੇਗੀ? ਇਹ ਸਫਲਤਾ ਤਾਂ ਹੀ ਮਿਲ ਸਕਦੀ ਹੈ, ਜੇਕਰ ਇਸ ਅੱਤਵਾਦ ਦੇ ਸਰੋਤ ਦੀ ਪਛਾਣ ਕੀਤੀ ਜਾਵੇ ਅਤੇ ਉਸਨੂੰ ਖਤਮ ਕਰਨ ਲਈ ਢੁਕਵੀਆਂ ਨੀਤੀਆਂ ਤੇ ਤਰੀਕੇ ਅਪਨਾਏ ਜਾਣ। ਜੇਕਰ ਇਸਦਾ ਸਰੋਤ ਲਭਿਆ ਜਾਵੇ ਤਾਂ ਕੁੱਝ ਅਜਿਹੇ ਤਲਖ ਤੱਥ ਤੇ ਹਕੀਕਤਾਂ ਸਾਹਮਣੇ ਆਉਂਦੀਆਂ ਹਨ, ਜੋ ਰੌਂਗਟੇ ਖੜੇ ਕਰਨ ਦੇ ਨਾਲ ਨਾਲ ਅਮਰੀਕਾ, ਫਰਾਂਸ ਸਮੇਤ ਨਾਟੋ ਸਹਿਯੋਗੀਆਂ ਅਤੇ ਮੱਧ ਪੂਰਬ ਵਿਚਲੇ ਉਨ੍ਹਾਂ ਦੇ ਕਰੀਬੀ ਮਿੱਤਰਾਂ ਸਾਉਦੀ ਅਰਬ, ਕੱਤਾਰ ਆਦਿ ਨੂੰ ਕਟਘਰੇ ਵਿਚ ਖੜਾ ਕਰਦੇ ਹਨ।
ਆਈ.ਐਸ.ਆਈ.ਐਸ. ਜਾਂ ਦਾਇਸ਼ ਦੇ ਮੌਜੂਦਾ ਲੜਾਕਿਆਂ ਦੀਆਂ ਜੜ੍ਹਾਂ ਇਸਲਾਮ ਦੀ ਉਸ ਕੱਟੜਤਾ ਵਿਚ ਹਨ, ਜਿਸਨੂੰ ਪ੍ਰਫੂਲਤ ਕਰਨ ਲਈ 20ਵੀਂ ਸਦੀ ਦੇ 6ਵੇਂ ਦਹਾਕੇ ਵਿਚ ਮੱਧ ਪੂਰਬੀ ਏਸ਼ੀਆ ਵਿਚ ਸਾਉਦੀ ਅਰਬ ਦੀ ਅਗਵਾਈ ਵਿਚ ਸਾਮਰਾਜ ਵਲੋਂ ਸੰਸਾਰ ਮੁਸਲਮ ਲੀਗ ਦੀ ਸਥਾਪਨਾ ਕੀਤੀ ਗਈ ਸੀ। ਜਿਸਦਾ 1960 ਤੋਂ 1970 ਦਰਮਿਆਨ ਕਾਰਜ ਹੀ ਇਸ ਖਿੱਤੇ ਵਿਚੋਂ ਧਰਮ ਨਿਰਪੱਖ, ਕੌਮਪ੍ਰਸਤ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਖਤਮ ਕਰਨਾ ਸੀ। ਇਸਲਾਮ ਦੀਆਂ ਕੱਟੜਪੰਥੀ ਕਦਰਾਂ-ਕੀਮਤਾਂ ਤੇ ਸਾਮੰਤਵਾਦ ਦੀਆਂ ਵਿਰੋਧੀ ਇਨ੍ਹਾਂ ਸ਼ਕਤੀਆਂ ਨੂੰ ਖਤਮ ਕਰਨ ਪਿੱਛੇ ਉਸ ਵੇਲੇ ਮਕਸਦ ਖਾੜੀ ਦੀਆਂ ਬਾਦਸ਼ਾਹਤਾਂ ਤੇ ਸਾਉਦੀ ਅਰਬ ਦੀ ਰਾਜਾਸ਼ਾਹੀ ਦੀ ਰੱਖਿਆ ਕਰਨੀ ਅਤੇ ਅਮਰੀਕੀ ਸਾਮਰਾਜ 'ਤੇ ਪੱਛਮੀ ਸ਼ਕਤੀਆਂ ਦੇ ਤੇਲ ਹਿਤਾਂ ਦੀ ਰਾਖੀ ਕਰਨਾ ਸੀ। ਇਸਦਾ ਹੀ ਹਿੱਸਾ ਹੈ, 1970ਵਿਆਂ ਵਿਚ ਅਫਗਾਨਿਸਤਾਨ ਵਿਚ ਕਮਿਊਨਿਸਟ ਹਕੂਮਤ ਕਾਇਮ ਹੋਣ ਉਤੇ ਉਸਨੂੰ ਖਤਮ ਕਰਨ ਲਈ ਸਾਊਦੀ ਅਰਬ ਤੇ ਪੱਛਮੀ ਤਾਕਤਾਂ ਵਲੋਂ ਕੀਤਾ ਗਿਆ ਅਸਿੱਧਾ ਹਮਲਾ। ਇਸ ਹਮਲੇ ਦਾ ਟਾਕਰਾ ਕਰਨ ਲਈ ਹੀ ਸੋਵੀਅਤ ਰੂਸ ਨੂੰ ਅਫਗਾਨਿਸਤਾਨ ਵਿਚ ਫੌਜੀ ਦਖਲ ਦੇਣਾ ਪਿਆ ਸੀ। ਉਸ ਤੋਂ ਬਾਅਦ ਅਫਗਾਨਿਸਤਾਨ ਵਿਚੋਂ ਕਮਿਊਨਿਸਟ ਹਕੂਮਤ ਅਤੇ ਸੋਵੀਅਤ ਫੌਜ ਨੂੰ ਬਾਹਰ ਕਰਨ ਲਈ ਅਮਰੀਕੀ ਸਾਮਰਾਜ, ਪੱਛਮੀ ਸ਼ਕਤੀਆਂ ਤੇ ਸਾਊਦੀ ਅਰਬ ਵਲੋਂ ਪਾਕਿਸਤਾਨ ਦੀ ਮਦਦ ਨਾਲ ਓਸਾਮਾ-ਬਿਨ-ਲਾਦੇਨ ਦੀ ਅਗਵਾਈ ਵਿਚ ਖੜੀ ਕੀਤੀ ਗਈ ਅਲ-ਕਾਇਦਾ ਨਾਂਅ ਦੀ ਅੱਤਵਾਦੀ ਜਥੇਬੰਦੀ ਹੀ ਉਹ ਬੀਜ ਹੈ, ਜਿਸਨੇ ਇਹ ਆਈ.ਐਸ.ਆਈ.ਐਸ. ਵਰਗਾ ਮਨੁੱਖ ਖਾਣਾ ਦੈਂਤ ਪੈਦਾ ਕੀਤਾ ਹੈ।
ਸੈਂਕੜੇ ਮੁਰੱਬਾ ਕਿਲੋਮੀਟਰ ਦਾ ਉਹ ਭੂਗੋਲਿਕ ਖਿੱਤਾ ਜਿਸ ਨੂੰ ਅੱਜ ਆਈ.ਐਸ.ਆਈ.ਐਸ. ਆਪਣੀ ਖਿਲਾਫਤ ਐਲਾਨੀ ਬੈਠਾ ਹੈ, ਈਰਾਕ ਦਾ ਉਤਰੀ ਭਾਗ ਅਤੇ ਸੀਰੀਆ ਦਾ ਹਿੱਸਾ ਹੈ। ਈਰਾਕ ਉਤੇ ਅਮਰੀਕੀ ਸਾਮਰਾਜ ਵਲੋਂ ਮਨੁੱਖੀ ਜਨਸੰਘਾਰ ਦੇ ਹਥਿਆਰਾਂ ਦੇ ਹੋਣ ਦੇ ਸਰਾਸਰ ਝੂਠੇ ਬਹਾਨੇ ਹੇਠ ਕੀਤੇ ਗਏ ਹਮਲੇ ਅਤੇ ਸੱਦਾਮ ਹੁਸੈਨ ਨੂੰ ਗੱਦਿਓਂ ਲਾਹ ਕੇ ਇਕ ਧਰਮ ਨਿਰਪੱਖ ਹਕੂਮਤ ਦੇ ਖਾਤਮੇ ਅਤੇ ਬਾਅਦ ਵਿਚ ਉਸ ਨੂੰ ਮਾਰੇ ਜਾਣ ਦੇ ਸਿੱਟੇ ਵਜੋਂ ਉਸ ਦੇਸ਼ ਦੇ ਸੁੰਨੀ ਵਸਨੀਕਾਂ ਵਿਚ ਪੈਦਾ ਹੋਏ ਰੋਹ ਨੇ ਹੀ ਆਈ.ਐਸ.ਆਈ.ਐਸ. ਨੂੰ ਫੌਜੀ ਰੂਪ ਵਿਚ ਸਿਖਿਅਤ ਲੜਾਕਿਆਂ ਦੀ ਫੌਜ ਪ੍ਰਦਾਨ ਕੀਤੀ ਹੈ। ਅਮਰੀਕਾ ਅਤੇ ਨਾਟੋ ਵਲੋਂ ਨਿੱਤ ਦੇ ਅੰਨ੍ਹੇਵਾਹ ਕੀਤੇ ਜਾ ਰਹੇ ਹਵਾਈ ਹਮਲਿਆਂ ਦੌਰਾਨ ਉਜੜੇ ਲੋਕਾਂ ਵਿਚੋਂ ਵੀ ਨੌਜਵਾਨਾਂ ਦਾ ਚੌਖਾ ਹਿੱਸਾ ਆਈ.ਐਸ. ਦੇ ਲੜਾਕਿਆਂ ਵਿਚ ਸ਼ਾਮਲ ਹੋ ਰਿਹਾ ਹੈ।
ਸੀਰੀਆ ਵਿਚ ਬਸ਼ਰ-ਅਲ-ਅਸਦ ਨੂੰ ਸੱਤਾ ਤੋਂ ਲਾਹੁਣ ਲਈ ਵੀ ਅਮਰੀਕੀ ਸਾਮਰਾਜ ਤੇ ਫਰਾਂਸ ਸਮੇਤ ਨਾਟੋ ਦੇ ਦੇਸ਼ ਉਸਦੇ ਸੁੰਨੀ ਵਿਰੋਧੀਆਂ ਨੂੰ ਉਸ ਵਿਰੁੱਧ ਜੰਗ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਦੇ ਰਹੇ ਹਨ। ਬਸ਼ਰ-ਅਲ-ਅਸਦ ਦੀ ਧਰਮ ਨਿਰਪੱਖ ਸਰਕਾਰ ਵਿਰੁੱਧ ਖੜੀ ਕੀਤੀ ਗਈ ਇਸ ਖਾਨਾਜੰਗੀ ਦੇ ਸਿੱਟੇ ਕਰਕੇ ਹੀ ਸੀਰੀਆ ਦੇ ਇਕ ਵੱਡੇ ਭਾਗ 'ਤੇ ਆਈ.ਐਸ.ਆਈ.ਐਸ. ਨੇ ਕਬਜ਼ਾ ਕਰ ਲਿਆ ਹੈ। ਅਮਰੀਕੀ ਸਾਮਰਾਜ ਅਤੇ ਫਰਾਂਸ ਸਮੇਤ ਨਾਟੋ ਸ਼ਕਤੀਆਂ ਦੇ ਮੱਧ-ਪੂਰਬ ਵਿਚਲੇ ਸਭ ਤੋਂ ਨੇੜਲੇ ਸਹਿਯੋਗੀ ਸਾਉਦੀ ਅਰਬ ਵਲੋਂ ਆਪਣੇ ਸੌੜੇ ਧਾਰਮਕ ਅਕੀਦੇ, ਸੁੰਨੀ ਧਾਰਾ ਨੂੰ ਪ੍ਰਫੂਲਤ ਕਰਨ ਹਿੱਤ ਇਸੇ ਧਾਰਾ ਦੇ ਕੱਟੜ ਅੱਤਵਾਦੀ ਪੈਰੋਕਾਰਾਂ, ਆਈ.ਐਸ.ਆਈ.ਐਸ. ਅਤੇ ਅਲ ਨੁਸਰਾ ਨੂੰ ਸੀਰੀਆ ਦੇ ਸ਼ੀਆ ਸ਼ਾਸਕ ਬਸ਼ਰ-ਅਲ-ਅਸਦ ਵਿਰੁੱਧ ਮਦਦ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਤੁਰਕੀ ਵਿਚ ਇਰਦੋਗਨ ਦੀ ਹਕੂਮਤ ਆਪਣੇ ਸੌੜੇ ਰਾਜਸੀ ਹਿਤਾਂ ਦੀ ਪੂਰਤੀ ਲਈ ਉਨ੍ਹਾਂ ਕੁਰਦ ਗੁਰੀਲਿਆਂ ਉਤੇ ਹਮਲੇ ਕਰ ਰਹੀ ਹੈ ਜਿਹੜੇ ਕਿ ਬੜੀ ਬਹਾਦਰੀ ਨਾਲ ਕੋਬਾਨੀ ਅਤੇ ਸਿੰਜਾਰ ਖੇਤਰਾਂ ਵਿਚੋਂ ਆਈ.ਐਸ.ਆਈ.ਐਸ. ਨੂੰ ਖਦੇੜ ਰਹੇ ਹਨ। ਇੱਥੇ ਇਹ ਵਰਣਨਯੋਗ ਹੈ ਕਿ ਆਈ.ਐਸ.ਆਈ.ਐਸ. ਨਾਲ ਰਲਣ ਵਾਲੇ ਵਿਦੇਸ਼ੀ ਲੜਾਕੇ ਤੁਰਕੀ ਰਾਹੀਂ ਹੀ ਆਉਂਦੇ ਹਨ। ਅਮਰੀਕੀ ਸਾਮਰਾਜ ਅਤੇ ਨਾਟੋ ਸਹਿਯੋਗੀਆਂ ਵਲੋਂ ਮੱਧ ਪੂਰਬ ਵਿਚ ਆਪਣੇ ਰਣਨੀਤਕ ਤੇ ਤੇਲ ਹਿਤਾਂ ਦੇ ਮੱਦੇਨਜ਼ਰ ਅਪਨਾਈਆਂ ਗਈਆਂ ਨੀਤੀਆਂ ਹੀ ਇਸ ਆਦਮ-ਖਾਣੇ ਦੈਂਤ ਨੂੰ ਪੈਦਾ ਕਰਨ ਲਈ ਜਿੰਮੇਵਾਰ ਹਨ, ਜਿਹੜਾ ਕਿ ਹੁਣ ਉਨ੍ਹਾਂ ਦੇ ਦੇਸ਼ਾਂ ਦੇ ਆਮ ਲੋਕਾਂ ਲਈ ਹੀ ਮੁਸੀਬਤ ਬਣ ਰਿਹਾ ਹੈ।
ਯੂਰਪੀ ਮਹਾਂਦੀਪ ਵਿਚ ਸਭ ਤੋਂ ਵਧੇਰੇ ਮੁਸਲਮ ਅਬਾਦੀ ਫਰਾਂਸ ਵਿਚ ਹੈ, ਜਿਹੜੀ 50 ਲੱਖ ਤੋਂ ਵੀ ਵੱਧ ਹੈ। ਫਰਾਂਸ ਅਤੇ ਬ੍ਰਿਟੇਨ ਵਿਚ ਮੁਸਲਮ ਨੌਜਵਾਨਾਂ ਨੂੰ ਸਭ ਤੋਂ ਵਧੇਰੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਿਤੀ ਇਹ ਹੈ ਕਿ ਉਨ੍ਹਾਂ ਵਿਚ ਬੇਰੁਜ਼ਗਾਰੀ ਦੀ ਦਰ 40% ਹੈ, ਜਿਹੜੀ ਕਿ ਕੌਮੀ ਔਸਤ ਨਾਲੋਂ ਕਾਫੀ ਜ਼ਿਆਦਾ ਹੈ। ਬੈਲਜੀਅਮ ਵਿਚ ਵੀ ਅਜਿਹੀ ਹੀ ਹਾਲਤ ਹੈ। ਇਹ ਵੀ ਆਈ.ਐਸ.ਆਈ.ਐਸ. ਵਰਗੀਆਂ ਅੱਤਵਾਦੀ ਜਥੇਬੰਦੀਆਂ ਪ੍ਰਤਿ ਨੌਜਵਾਨਾਂ ਵਿਚ ਆਕਰਸ਼ਣ ਪੈਦਾ ਕਰਨ ਦਾ ਕਾਰਨ ਬਣਦੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਇਸ ਵੇਲੇ ਆਈ.ਐਸ.ਆਈ.ਐਸ. ਵਿਚ ਹਜ਼ਾਰਾਂ ਵਿਦੇਸ਼ੀ ਲੜਾਕੇ ਸ਼ਾਮਲ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵਧੇਰੇ 3000 ਟਿਊਨੀਸ਼ੀਆ ਅਤੇ 1300 ਫਰਾਂਸ ਤੋਂ ਹਨ।
ਆਈ.ਐਸ.ਆਈ.ਐਸ. ਦੇ ਟਿਕਾਣਿਆਂ 'ਤੇ ਹਵਾਈ ਹਮਲਿਆਂ ਨਾਲ ਉਸਨੂੰ ਖਤਮ ਨਹੀਂ ਕੀਤਾ ਜਾ ਸਕੇਗਾ। ਇਸ ਲਈ ਅਮਰੀਕਾ, ਨਾਟੋ ਸ਼ਕਤੀਆਂ ਅਤੇ ਸਾਉਦੀ ਅਰਬ, ਤੁਰਕੀ ਵਰਗੇ ਉਨ੍ਹਾਂ ਦੇ ਸਹਿਯੋਗੀ ਜੇਕਰ ਸੀਰੀਆ ਦੀ ਅਸਦ ਸਰਕਾਰ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਅਤੇ ਉਸ ਵਿਰੁੱਧ ਜੰਗ ਕਰ ਰਹੇ ਸਭ ਤਰ੍ਹਾਂ ਦੇ ਅੱਤਵਾਦੀ ਗਰੁੱਪਾਂ ਨੂੰ ਮਦਦ ਦੇਣਾ ਪੂਰੀ ਤਰ੍ਹਾਂ ਬੰਦ ਕਰਨ ਤਾਂ ਆਈ.ਐਸ.ਆਈ.ਐਸ. ਦਾ ਕਾਫੀਆ ਤੰਗ ਕੀਤਾ ਜਾ ਸਕਦਾ ਹੈ। ਰੂਸ ਅਤੇ ਈਰਾਨ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਵੀ ਆਈ.ਐਸ.ਆਈ.ਐਸ. ਨੂੰ ਨਿਖੇੜਨਾ ਤੇ ਖਤਮ ਕਰਨਾ ਸੰਭਵ ਨਹੀਂ ਹੈ। ਇਸਦੇ ਲਈ ਸੀਰੀਆ ਵਿਚ ਅਮਨ ਕਾਇਮ ਕਰਕੇ ਉਥੋਂ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਰਾਜਨੀਤਕ ਭਵਿੱਖ ਦਾ ਫੈਸਲਾ ਖੁਦ ਕਰਨ ਦੇਣਾ ਵੀ ਇਕ ਲੋੜੀਂਦਾ
ਕਾਰਜ ਹੈ।
ਇੱਥੇ ਇਹ ਤੱਥ ਵੀ ਨੋਟ ਕਰਨ ਯੋਗ ਹੈ ਕਿ ਆਈ.ਐਸ.ਆਈ.ਐਸ. ਨੂੰ ਤਾਂ ਉਪਰੋਕਤ ਕਦਮਾਂ ਨਾਲ ਸ਼ਾਇਦ ਠੱਲ੍ਹ ਦਿੱਤਾ ਜਾਵੇ ਪ੍ਰੰਤੂ ਜਦੋਂ ਤੱਕ ਈਰਾਕ, ਸੀਰੀਆ ਸਮੇਤ ਸਮੁੱਚੇ ਮੱਧ ਪੂਰਬ ਵਿਚੋਂ ਰੂੜ੍ਹੀਵਾਦੀ ਧਰਮ ਅਧਾਰਤ ਕੱਟੜਵਾਦੀ ਸ਼ਕਤੀਆਂ ਨੂੰ ਪੂਰਣ ਰੂਪ ਵਿਚ ਖਤਮ ਨਹੀਂ ਕੀਤਾ ਜਾਂਦਾ ਅਤੇ ਮਿਹਨਤੀ ਲੋਕਾਂ ਨੂੰ ਤਕੜਾ ਕਰਦੇ ਹੋਏ ਧਰਮ ਨਿਰਪੱਖ ਸ਼ਕਤੀਆਂ ਨੂੰ ਪ੍ਰਫੁਲਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸੇ ਨਾ ਕਿਸੇ ਰੂਪ ਵਿਚ ਅੱਤਵਾਦੀ ਗਰੁੱਪ ਪੈਦਾ ਹੁੰਦੇ ਹੀ ਰਹਿਣਗੇ।

ਮਿਆਂਮਾਰ ਦੀਆਂ ਆਮ ਚੋਣਾਂ ਵਿਚ ਆਂਗ ਸਾਨ ਸੂ ਕੀ ਦੀ ਪਾਰਟੀ ਦੀ ਭਾਰੀ ਜਿੱਤ ਸਾਡੇ ਗੁਆਂਢੀ ਦੇਸ਼ ਮਿਆਂਮਾਰ, ਜਿਸਨੂੰ ਬਰਮਾ ਵੀ ਕਿਹਾ ਜਾਂਦਾ ਹੈ, ਵਿਚ 8 ਨਵੰਬਰ ਨੂੰ ਆਮ ਚੋਣਾਂ ਹੋਈਆਂ ਹਨ। ਮਿਆਂਮਾਰ ਦੀ ਸੰਸਦ ਦੇ ਵੀ ਸਾਡੇ ਦੇਸ਼ ਦੀ ਸੰਸਦ ਦੀ ਤਰ੍ਹਾਂ ਦੋ ਸਦਨ ਹੀ ਹਨ, ਹਾਊਸ ਆਫ ਰਿਪ੍ਰੈਜੈਂਟੇਟਿਵਜ (ਹੇਠਲਾ ਸਦਨ) ਸਾਡੀ ਲੋਕ ਸਭਾ ਵਰਗਾ, ਦੂਜਾ ਹੈ-ਹਾਊਸ ਆਫ ਨੈਸ਼ਨਲਟੀਜ (ਉਪਰਲਾ ਸਦਨ), ਸਾਡੀ ਰਾਜਸਭਾ ਵਰਗਾ। ਇਨ੍ਹਾਂ ਦੋਹਾਂ ਹੀ ਸਦਨਾਂ ਦੀਆਂ ਚੋਣਾਂ ਸਿੱਧੀਆਂ ਭਾਵ ਵੋਟਰਾਂ ਵਲੋਂ ਵੋਟ ਪਾ ਕੇ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲਾ ਜਿੱਤਿਆ ਐਲਾਨਿਆ ਜਾਂਦਾ ਹੈ। ਇਨ੍ਹਾਂ ਦੀਆਂ ਹੋਈਆਂ ਚੋਣਾਂ ਵਿਚ ਜਮਹੂਰੀਅਤ ਲਈ ਲੰਮੇ ਸਮੇਂ ਤੋਂ ਲੜ ਰਹੀ ਆਗੂ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐਨ.ਐਲ.ਡੀ.) ਨੂੰ ਭਾਰੀ ਬਹੁਮਤ ਮਿਲਿਆ ਹੈ। ਮੌਜੂਦਾ ਸਮੇਂ ਵਿਚ ਰਾਜ ਕਰ ਰਹੀ ਫੌਜ ਦੀ ਹਿਮਾਇਤ ਪ੍ਰਾਪਤ ਪਾਰਟੀ ਯੂਨੀਅਨ  ਸੋਲੀਡੈਰਟੀ ਐਂਡ ਡਿਵਲਪਮੈਂਟ ਪਾਰਟੀ (ਯੂ.ਐਸ.ਡੀ.ਪੀ.) ਉਸ ਤੋਂ ਬਹੁਤ ਪਿੱਛੇ ਰਹਿ ਗਈ ਹੈ। ਇਨ੍ਹਾਂ ਚੋਣਾਂ ਲਈ ਸੰਵਿਧਾਨ ਦੀਆਂ ਵਿਵਸਥਾਵਾਂ ਮੁਤਾਬਕ 91 ਰਾਜਨੀਤਕ ਪਾਰਟੀਆਂ ਰਜਿਸਟਰਡ ਕੀਤੀਆਂ ਗਈਆਂ ਸਨ।
ਹਾਊਸ ਆਫ ਨੈਸ਼ਨਲਾਟੀਜ਼ ਦੀਆਂ ਕੁੱਲ 224 ਸੀਟਾਂ ਹਨ। ਇਨ੍ਹਾਂ ਵਿਚੋਂ ਸਿਰਫ 168 ਸੀਟਾਂ ਲਈ ਵੋਟਾਂ ਪਈਆਂ ਸਨ। ਬਾਕੀ 56 ਸੀਟਾਂ ਦੇਸ਼ ਦੇ ਸੰਵਿਧਾਨ ਮੁਤਾਬਕ ਫੌਜ ਵਲੋਂ ਨਾਮਜਦ ਵਿਅਕਤੀਆਂ ਰਾਹੀਂ ਭਰੀਆਂ ਜਾਣੀਆਂ ਹਨ। ਜਿਨ੍ਹਾਂ 168 ਸੀਟਾਂ 'ਤੇ ਵੋਟਾਂ ਪਾਈਆਂ ਸਨ, ਉਨ੍ਹਾਂ ਦੇ ਨਤੀਜੇ ਆ ਗਏ ਹਨ ਅਤੇ 136 ਸੀਟਾਂ 'ਤੇ ਐਨ.ਐਲ.ਡੀ.ਨੇ ਜਿੱਤ ਹਾਸਲ ਕੀਤੀ ਹੈ। ਜਦੋਂਕਿ ਹਕਮ ਯੂ.ਐਸ.ਡੀ.ਪੀ. ਨੂੰ ਸਿਰਫ 12 ਸੀਟਾਂ ਮਿਲੀਆਂ ਹਨ। ਰਾਖੀਨ ਸੂਬੇ ਦੀ ਸਥਾਨਕ ਪਾਰਟੀ ਅਰਾਕਾਨ ਨੈਸ਼ਨਲ ਪਾਰਟੀ ਨੇ 10 ਸੀਟਾਂ, ਐਸ.ਐਨ.ਐਲ.ਡੀ. ਨੇ 3, ਜੈਡ.ਸੀ.ਡੀ. ਨੇ 2, ਐਮ.ਐਨ.ਪੀ., ਐਨ.ਯੂ.ਪੀ., ਪੀ.ਐਨ.ਉ., ਟੀ.ਐਨ.ਪੀ. ਨੇ ਇਕ-ਇਕ ਸੀਟ 'ਤੇ ਅਤੇ 2 ਸੀਟਾਂ 'ਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਇਸ ਤਰ੍ਹਾਂ ਫੌਜ ਵਲੋਂ ਨਾਮਜਦ ਕੀਤੀਆਂ ਜਾਣ ਵਾਲੀਆਂ 56 ਸੀਟਾਂ ਨੂੰ ਜੇਕਰ ਰਲਾ ਲਿਆ ਜਾਵੇ ਤਾਂ ਵੀ ਐਨ.ਐਲ.ਡੀ. ਕੋਲ ਸਪੱਸ਼ਟ ਬਹੁਮਤ ਤੋਂ ਵੱਧ ਸੀਟਾਂ ਹਨ।
ਹਾਊਸ ਆਫ ਰਿਪ੍ਰੈਜੈਂਟੇਟਿਵਜ਼, ਸਾਡੀ ਲੋਕ ਸਭਾ ਦੀ ਤਰ੍ਹਾਂ, ਦੀਆਂ ਕੁੱਲ 440 ਸੀਟਾਂ ਹਨ। ਜਿਨ੍ਹਾਂ ਵਿਚੋਂ 25% ਭਾਵ 110 ਫੌਜ ਵਲੋਂ ਨਾਮਜਦ ਪ੍ਰਤੀਨਿਧਾਂ ਲਈ ਰਾਖਵੀਆਂ ਹਨ। ਬਾਕੀ 330 ਉਤੇ ਵੋਟਾਂ ਪਈਆਂ ਹਨ। ਇਨ੍ਹਾਂ ਵਿਚੋਂ 7 ਸੀਟਾਂ ਉਤੇ ਗੜਬੜ ਕਰਕੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬਾਕੀ 323 ਦੇ ਨਤੀਜੇ ਆ ਚੁੱਕੇ ਹਨ। ਜਿਨ੍ਹਾਂ ਅਨੁਸਾਰ ਐਨ.ਐਲ.ਡੀ. ਨੂੰ 255 ਸੀਟਾਂ ਹਾਸਲ ਹੋਈਆਂ ਹਨ। ਹਾਕਮ ਯੂ.ਐਸ.ਡੀ.ਪੀ. ਨੂੰ 30, ਏ.ਐਨ.ਪੀ. ਨੂੰ 12, ਐਸ.ਐਨ.ਐਲ.ਡੀ. ਨੂੰ 12, ਪੀ.ਐਨ.ਓ. 3, ਟੀ.ਐਨ.ਪੀ. 3, ਐਨ.ਐਨ.ਡੀ.ਪੀ. 2, ਜੈਡ ਸੀ.ਪੀ. 2 ਅਤੇ ਕੇ.ਐਸ.ਡੀ.ਪੀ., ਕੇ.ਡੀ.ਯੂ.ਪੀ., ਡਬਲਿਊ. ਪੀ.ਡੀ. ਨੂੰ 1-1 ਸੀਟਾਂ ਮਿਲੀਆਂ ਅਤੇ 1 ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿਚ ਗਈ ਹੈ। ਇਸ ਤਰ੍ਹਾਂ ਇਸ ਸਦਨ ਵਿਚ ਵੀ ਫੌਜ ਵਲੋਂ ਨਾਮਜਦ ਸੀਟਾਂ ਨੂੰ ਰਲਾ ਲੈਣ ਤੋਂ ਬਾਅਦ ਵੀ ਐਨ.ਐਲ.ਡੀ. ਨੂੰ ਪੂਰਣ ਬਹੁਮਤ ਪ੍ਰਾਪਤ ਹੋ ਗਿਆ ਹੈ।
ਇਨ੍ਹਾਂ ਆਮ ਚੋਣਾਂ ਦੌਰਾਨ ਦੇਸ਼ ਦੀ ਸੰਸਦ ਦੇ ਨਾਲ-ਨਾਲ ਸੂਬਿਆਂ ਅਤੇ ਖੇਤਰੀ ਅਸੈਂਬਲੀਆਂ ਲਈ ਵੀ ਚੋਣਾਂ ਹੋਈਆਂ ਹਨ। ਇਨ੍ਹਾਂ ਦੀਆਂ ਕੁੱਲ ਸੀਟਾਂ 860 ਸਨ, ਜਿਨ੍ਹਾਂ ਵਿਚੋਂ 644 'ਤੇ ਸਿੱਧੀ ਚੋਣ ਹੋਈ ਸੀ। ਬਾਕੀ 216 ਸੀਟਾਂ ਫੌਜ ਵਲੋਂ ਨਾਮਜਦ ਵਿਅਕਤੀਆਂ ਨਾਲ ਭਰੀਆਂ ਜਾਣੀਆਂ ਹਨ। ਇਨ੍ਹਾਂ 644 ਸੀਟਾਂ ਵਿਚੋਂ ਐਨ.ਐਲ.ਡੀ. ਨੇ 476 ਸੀਟਾਂ ਜਿੱਤੀਆਂ ਹਨ। ਹਾਕਮ ਯੂ.ਐਸ.ਡੀ.ਪੀ. ਨੇ 73, ਐਸ.ਐਨ.ਐਲ.ਡੀ. ਨੇ 25, ਏ.ਐਨ.ਪੀ. ਨੇ 22, ਟੀ.ਐਨ.ਪੀ. ਨੇ 7, ਪੀ.ਐਨ. ਓ. ਨੇ 6, ਕੇ.ਐਸ.ਡੀ.ਪੀ. ਨੇ 3, ਐਲ.ਐਨ.ਡੀ.ਪੀ., ਐਮ.ਐਨ.ਪੀ., ਡਬਲਿਊ.ਡੀ.ਪੀ., ਜੈਡ.ਸੀ.ਡੀ. ਨੇ 2-2, ਸੂਬਾ ਪੱਧਰੀ 9 ਸਥਾਨਕ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਨੇ 1-1 ਸੀਟ ਜਿੱਤੀ ਹੈ। 14 ਸੀਟਾਂ 'ਤੇ ਗੜਬੜੀ ਕਰਕੇ ਚੋਣ ਰੱਦ ਕਰ ਦਿੱਤੀ ਗਈ ਹੈ।
ਮਿਆਂਮਾਰ ਦੇ 2008 'ਚ ਬਣੇ ਸੰਵਿਧਾਨ ਮੁਤਾਬਕ, ਨਸਲਾਂ ਦੀ ਪ੍ਰਤੀਨਿੱਧਤਾ ਲਈ ਵੀ 29 ਸੀਟਾਂ ਰੱਖੀਆਂ ਗਈਆਂ ਹਨ। ਉਨ੍ਹਾਂ ਲਈ ਉਸ ਨਸਲ ਦੇ ਲੋਕਾਂ ਵਲੋਂ ਵੋਟਾਂ ਪਾ ਕੇ ਆਪਣਾ ਪ੍ਰਤੀਨਿਧ ਚੁਣਿਆ ਜਾਂਦਾ ਹੈ। ਇਨ੍ਹਾਂ ਨੂੰ ਨਸਲੀ ਮਾਮਲਿਆਂ ਬਾਰੇ ਮੰਤਰੀ ਕਿਹਾ ਜਾਂਦਾ ਹੈ। ਇਹ ਕੁੱਲ 29 ਸੀਟਾਂ ਹਨ, ਜਿਨ੍ਹਾਂ ਸਾਰੀਆਂ ਲਈ ਹੀ ਸਿੱਧੀਆਂ ਚੋਣਾਂ ਹੁੰਦੀਆਂ ਹਨ। ਇਨ੍ਹਾਂ ਉਤੇ ਹੋਈਆਂ ਚੋਣਾਂ ਵਿਚ 21 ਸੀਟਾਂ ਐਨ.ਐਲ.ਡੀ. ਨੇ ਹਾਸਲ ਕੀਤੀਆਂ ਹਨ। ਹਾਕਮ ਯੂ.ਐਸ.ਡੀ.ਪੀ. ਨੇ 2 ਅਤੇ ਬਾਕੀ ਸੀਟਾਂ, ਏ.ਕੇ.ਐਨ.ਪੀ., ਏ.ਏ.ਐਨ.ਡੀ.ਪੀ., ਐਲ.ਐਚ.ਐਨ.ਡੀ.ਪੀ., ਐਲ.ਐਨ.ਡੀ.ਪੀ., ਟੀ.ਐਲ.ਐਨ.ਡੀ.ਪੀ. ਅਤੇ ਆਜ਼ਾਦ ਨੇ 1-1 ਸੀਟ ਹਾਸਲ ਕੀਤੀ ਹੈ।
ਦੇਸ਼ ਦੇ ਇਤਿਹਾਸ ਵਿਚ 1990 ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹਨ, ਜਿਨ੍ਹਾਂ ਵਿਚ ਆਮ ਲੋਕਾਂ ਨੇ ਵੋਟਾਂ ਪਾ ਕੇ ਆਪਣੇ ਪ੍ਰਤੀਨਿਧ ਚੁਣੇ ਹਨ। 1990 ਵਿਚ ਹੋਈਆਂ ਚੋਣਾਂ ਵਿਚ ਵੀ ਆਂਗ ਸਾਨ ਸੂ ਕੀ ਦੀ ਪਾਰਟੀ ਨੇ ਜਬਰਦਸਤ ਜਿੱਤ ਹਾਸਲ ਕੀਤੀ ਸੀ। ਉਸਨੇ ਕੁੱਲ 492 ਸੀਟਾਂ ਵਿਚੋਂ 392 ਸੀਟਾਂ ਹਾਸਲ ਕੀਤੀਆਂ ਸਨ। ਪ੍ਰੰਤੂ ਇਨ੍ਹਾਂ ਚੋਣਾਂ ਨੂੰ ਰੱਦ ਕਰਦੇ ਹੋਏ ਫੌਜ ਨੇ ਸੱਤਾ ਉਤੇ ਆਪਣਾ ਕਬਜ਼ਾ ਕਾਇਮ ਰੱਖਿਆ ਸੀ। 2010 ਵਿਚ ਚੋਣਾਂ ਤਾਂ ਹੋਈਆਂ ਸਨ, ਪ੍ਰੰਤੂ ਉਹ ਸਿਰਫ ਨਾਂਅ ਦੀਆਂ ਹੀ ਸਨ। ਇਨ੍ਹਾਂ ਚੋਣਾਂ ਤੋਂ ਬਾਅਦ ਬਣੀ ਸਰਕਾਰ ਲਗਭਗ ਪੂਰੀ ਤਰ੍ਹਾਂ, ਫੌਜ ਦੇ ਕੰਟਰੋਲ ਹੇਠ ਹੀ ਸੀ। ਇਸ ਵੇਲੇ ਦੇਸ਼ ਵਿਚ ਉਹ ਹੀ ਫੌਜ ਦੀ ਹੱਥਠੋਕਾ ਯੂ.ਐਸ.ਡੀ.ਪੀ. ਦੀ ਸਰਕਾਰ ਹੈ, ਜਿਸ ਵਿਚ ਰਾਸ਼ਟਰਪਤੀ ਥੀਨ ਸੀਨ ਹਨ।
ਦੇਸ਼ ਵਿਚ ਹੁਣ ਹੋਈਆਂ ਚੋਣਾਂ 2008 ਵਿਚ ਬਣੇ ਸੰਵਿਧਾਨ ਮੁਤਾਬਕ ਹੋਈਆਂ ਹਨ। ਇਸ ਸੰਵਿਧਾਨ ਨੂੰ ਬਨਾਉਣ ਸਮੇਂ ਪੂਰਾ ਪੂਰਾ ਯਤਨ ਕੀਤਾ ਗਿਆ ਸੀ ਕਿ ਦੇਸ਼ ਦੀ ਸੰਸਦ ਵਿਚ ਫੌਜ ਦਾ ਗਲਬਾ ਰਹੇ। ਇਸੇ ਲਈ ਹਾਉਸ ਆਫ ਰਿਪ੍ਰੈਜੈਂਟੇਟਿਵਸ ਵਿਚ 25% ਸੀਟਾਂ ਅਤੇ ਹਾਊਸ ਆਫ ਨੈਸ਼ਨਲਟੀਜ ਵਿਚ 20% ਸੀਟਾਂ ਫੌਜ ਵਲੋਂ ਨਾਮਜਦ ਕੀਤੀਆਂ ਜਾਂਦੀਆਂ ਹਨ। ਇਸਦੇ ਨਾਲ ਹੀ 'ਅਨੁਸ਼ਾਸਨਬੱਧ ਜਮਹੂਰੀਅਤ' ਦੇ ਨਾਂਅ ਅਧੀਨ ਫੌਜ ਕੋਲ ਸੰਵਿਧਾਨ ਵਿਚ ਕੀਤੀ ਜਾਣ ਵਾਲੀ ਕਿਸੇ ਵੀ ਸੋਧ ਨੂੰ ਰੱਦ ਕਰਨ ਦੀ ਵੀਟੋ ਪਾਵਰ ਵੀ ਹੈ।
ਸੰਵਿਧਾਨ ਮੁਤਾਬਕ ਦੇਸ਼ ਦੀ ਸਰਕਾਰ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ। ਰਾਸ਼ਟਰਪਤੀ ਦੀ ਚੋਣ ਲਈ ਕਾਫੀ ਪੇਚੀਦਾ ਵਿਧੀ ਅਪਣਾਈ ਜਾਂਦੀ ਹੈ। ਦੇਸ਼ ਦੀ ਸੰਸਦ ਦੇ ਦੋਵਾਂ ਸਦਨਾਂ ਦੇ ਸਿੱਧੇ ਚੁਣੇ ਗਏ ਮੈਂਬਰਾਂ ਅਤੇ ਫੌਜ ਵਲੋਂ ਦੋਹਾਂ ਸਦਨਾਂ ਵਿਚ ਨਾਮਜਦ ਕੀਤੇ ਮੈਂਬਰਾਂ ਵਲੋਂ ਵੱਖ-ਵੱਖ ਮੀਟਿੰਗਾਂ ਕਰਕੇ ਰਾਸ਼ਟਰਪਤੀ ਲਈ ਇਕ-ਇਕ ਉਮੀਦਵਾਰ ਨਾਮਜ਼ਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਰਾਸ਼ਟਰਪਤੀ ਲਈ ਤਿੰਨ ਉਮੀਦਵਾਰ ਹੋਣਗੇ। ਇਕ ਹਾਊਸ ਆਫ ਰਿਪ੍ਰੈਜੈਂਟੇਟਿਵਜ ਦੇ ਸਿੱਧੇ ਚੁਣੇ ਗਏ ਮੈਂਬਰਾਂ ਵਲੋਂ, ਇਕ ਹਾਊਸ ਆਫ ਨੈਸ਼ਨਲਟੀਜ ਦੇ ਸਿੱਧੇ ਚੁਣੇ ਗਏ ਅਤੇ ਇਕ ਦੋਹਾਂ ਸਦਨਾਂ ਵਿਚ ਨਾਮਜਦ ਫੌਜ ਦੇ ਨੁਮਾਇੰਦਿਆਂ ਵਲੋਂ। ਇਨ੍ਹਾਂ ਤਿੰਨਾਂ ਵਿਚੋਂ ਰਾਸ਼ਟਰਪਤੀ ਚੁਣਨ ਲਈ ਮੁੜ ਦੋਵੇਂ ਸਦਨਾਂ ਦੇ ਸਮੁੱਚੇ ਮੈਂਬਰ ਵੋਟ ਪਾਉਣਗੇ। ਸਭ ਤੋਂ ਵਧੇਰੇ ਵੋਟਾਂ ਹਾਸਲ ਕਰਨ ਵਾਲਾ ਰਾਸ਼ਟਰਪਤੀ ਬਣੇਗਾ, ਬਾਕੀ ਦੋ ਉਪ-ਰਾਸ਼ਟਰਪਤੀ ਬਣਨਗੇ।
ਦੇਸ਼ ਦੇ ਮੌਜੂਦਾ ਸੰਵਿਧਾਨ ਦੀ ਧਾਰਾ 25-ਐਫ. ਮੁਤਾਬਕ ਕੋਈ ਵੀ ਵਿਅਕਤੀ ਜਿਸਦਾ ਪਤੀ/ਪਤਨੀ ਜਾਂ ਬੱਚੇ ਵਿਦੇਸ਼ੀ ਨਾਗਰਿਕ ਹੋਣਗੇ, ਉਹ ਰਾਸ਼ਟਰਪਤੀ ਨਹੀਂ ਬਣ ਸਕਦਾ। ਇਨ੍ਹਾਂ ਚੋਣਾਂ ਵਿਚ ਜਬਰਦਸਤ ਜਿੱਤ ਹਾਸਲ ਕਰਨ ਵਾਲੀ ਪਾਰਟੀ ਐਨ.ਐਲ.ਡੀ. ਦੀ ਆਗੂ ਆਂਗ ਸਾਨ ਸੂ ਕੀ ਰਾਸ਼ਟਰਪਤੀ ਨਹੀਂ ਬਣ ਸਕਦੀ ਕਿਉਂਕਿ ਉਸਦੇ ਮਰਹੂਮ ਪਤੀ ਅਤੇ ਦੋਵੇਂ ਲੜਕੇ ਬ੍ਰਿਟਿਸ਼ ਨਾਗਰਿਕ ਹਨ। ਅਸਲ ਵਿਚ ਇਹ ਧਾਰਾ ਬਣਾਈ ਹੀ ਸੂ ਕੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੱਕ ਪੁੱਜਣ ਤੋਂ ਰੋਕਣ ਲਈ ਹੈ।
ਨਵੰਬਰ ਵਿਚ ਹੋਈਆਂ ਚੋਣਾਂ ਮੁਤਾਬਕ ਮਾਰਚ 2016 ਵਿਚ ਸਰਕਾਰ ਦਾ ਗਠਨ ਹੋਵੇਗਾ ਅਤੇ ਉਹ ਪੁਰਾਣੀ ਸਰਕਾਰ ਦਾ ਥਾਂ ਲਵੇਗੀ। ਐਨ.ਐਲ.ਡੀ. ਦੀ ਆਗੂ ਸੂ ਕੀ ਅਨੁਸਾਰ ਉਹ ਨਾ ਵੀ ਰਾਸ਼ਟਰਪਤੀ ਬਣ ਸਕੇ ਪ੍ਰੰਤੂ ਹਾਕਮ ਪਾਰਟੀ ਦੀ ਆਗੂ ਹੋਣ ਕਰਕੇ ਸਭ ਸ਼ਕਤੀਆਂ ਉਹ ਆਪਣੇ ਹੱਥ ਵਿਚ ਹੀ ਰੱਖੇਗੀ। ਸੂ ਕੀ ਨੇ ਦੇਸ਼ ਦੇ ਰਾਸ਼ਟਰਪਤੀ, ਸੰਸਦ ਦੇ ਸਪੀਕਰ ਅਤੇ ਫੌਜ ਦੇ ਮੁਖੀ, ਤਿੰਨਾਂ ਤੋਂ ਹੀ ਸੱਤਾ ਦੀ ਤਬਦੀਲੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਮਾਂ ਮੰਗਿਆ ਸੀ। ਪ੍ਰੰਤੂ ਕਿਸੇ ਨੇ ਵੀ ਅਜੇ ਤੱਕ ਇਸ ਪ੍ਰਤੀ ਹੁੰਗਾਰਾ ਨਹੀਂ ਭਰਿਆ ਹੈ। ਰਾਸ਼ਟਰਪਤੀ ਦੇ ਬੁਲਾਰੇ ਨੇ ਜ਼ਰੂਰ ਕਿਹਾ ਹੈ ਕਿ ਦੇਸ਼ ਦੇ ਚੋਣ ਕਮੀਸ਼ਨ ਵਲੋਂ ਨਤੀਜਿਆਂ ਬਾਰੇ ਅੰਤਮ ਰਿਪੋਰਟ ਜਾਰੀ ਕਰ ਦੇਣ ਤੋਂ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਹੋ ਸਕਦਾ ਹੈ। ਇੱਥੇ ਇਹ ਵਰਣਨਯੋਗ ਹੈ ਕਿ 23 ਦਸੰਬਰ ਅਜਿਹੀ ਰਿਪੋਰਟ ਜਾਰੀ ਕਰਨ ਦੀ ਅੰਤਮ ਸਮਾਂ  ਸੀਮਾ ਹੈ। ਦੂਜੇ ਪਾਸੇ ਐਨ.ਐਲ.ਡੀ. ਆਗੂ ਸਾਨ ਸੂ ਕੀ ਨੂੰ ਕੌਮਾਂਤਰੀ ਭਾਈਚਾਰੇ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਪਿਛਲੇ ਦਿਨੀਂ ਦੇਸ਼ ਦੀ ਰਾਜਧਾਨੀ ਵਿਖੇ 50 ਦੇਸ਼ਾਂ ਦੇ ਰਾਜਦੂਤਾਂ ਨੇ ਸੂ ਕੀ ਨਾਲ ਮੀਟਿੰਗ ਕੀਤੀ ਅਤੇ ਉਸ ਨੂੰ ਸੱਤਾ ਦੀ ਤਬਦੀਲੀ ਵਿਚ ਪੂਰੀ-ਪੂਰੀ ਮਦਦ ਦਾ ਭਰੋਸਾ ਦਿੱਤਾ। ਇਸ ਵਿਚ ਅਮਰੀਕਾ, ਰੂਸ, ਚੀਨ, ਫਰਾਂਸ, ਬ੍ਰਿਟੇਨ, ਜਰਮਨੀ, ਜਾਪਾਨ ਆਦਿ ਸਮੇਤ ਦੁਨੀਆਂ ਦੇ ਲਗਭਗ ਸਾਰੇ ਵੱਡੇ ਦੇਸ਼ਾਂ ਦੇ ਰਾਜਦੂਤ ਹਾਜ਼ਰ ਸਨ।     (22.11.2015)


ਤੁਰਕੀ 'ਚ ਚੋਣਾਂ ਜਿੱਤਣ ਤੋਂ ਬਾਅਦ ਹਾਕਮ ਪਾਰਟੀ ਵਲੋਂ ਕੁਰਦਾਂ 'ਤੇ ਦਮਨਚੱਕਰ ਤੇਜ਼ ਤੁਰਕੀ ਵਿਚ 1 ਨਵੰਬਰ ਨੂੰ ਹੋਈਆਂ ਚੋਣਾਂ ਵਿਚ, ਸੱਤਾਧਾਰੀ ਸੱਜ ਪਿਛਾਖੜੀ ਪਾਰਟੀ, ਏ.ਕੇ.ਪੀ. (ਜਸਟਿਸ ਐਂਡ ਡਵੈਲਪਮੈਂਟ ਪਾਰਟੀ) ਜਿਸਦੀ ਅਗਵਾਈ ਰਾਸ਼ਟਰਪਤੀ ਇਰਦੋਗਨ ਕਰਦੇ ਹਨ, ਸੰਸਦ ਵਿਚ ਬਹੁਮਤ ਹਾਸਲ ਕਰਨ ਵਿਚ ਸਫਲ ਰਹੀ ਹੈ। ਇਥੇ ਇਹ ਵਰਣਨਯੋਗ ਹੈ ਕਿ ਇਸੇ ਸਾਲ ਦੇ ਜੂਨ ਵਿਚ ਹੋਈਆਂ ਚੋਣਾਂ ਵਿਚ ਹਾਕਮ ਪਾਰਟੀ 40.9% ਵੋਟਾਂ ਲੈ ਸਕੀ ਸੀ, ਸੰਸਦ ਵਿਚ ਉਸ ਕੋਲ ਬਹੁਮਤ ਨਹੀਂ ਸੀ, ਕੋਈ ਵੀ ਹੋਰ ਪਾਰਟੀ ਉਸ ਨਾਲ ਰਲਕੇ ਸਰਕਾਰ ਬਨਾਉਣ ਲਈ ਰਾਜੀ ਨਹੀਂ ਹੋਈ ਸੀ। ਜਿਸਦੇ ਸਿੱਟੇ ਵਜੋਂ 1 ਨਵੰਬਰ ਨੂੰ ਮੁੜ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿਚ ਏ.ਕੇ.ਪੀ. 49.5 ਫੀਸਦੀ ਵੋਟਾਂ ਲੈ ਕੇ ਬਹੁਮਤ ਹਾਸਲ ਕਰਨ ਵਿਚ ਸਫਲ ਰਹੀ ਹੈ।
ਜਿਵੇਂ ਕਿ ਅਸੀਂ ਆਪਣੇ ਪਿਛਲੇ ਅੰਕ ਵਿਚ ਲਿਖਿਆ ਸੀ ਕਿ ਏ.ਕੇ.ਪੀ. ਨੇ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ ਅਗਾਂਹਵਧੂ ਸ਼ਕਤੀਆਂ ਵਿਰੁੱਧ ਦਮਨ ਦੀ ਮੁਹਿੰਮ ਚਲਾਈ ਸੀ ਤਾਂਕਿ ਉਨ੍ਹਾਂ ਦੇ ਪ੍ਰਭਾਵ ਵਾਲੇ ਵੋਟਰਾਂ ਨੂੰ ਡਰਾ ਧਮਕਾ ਕੇ ਹਤਾਸ਼ ਤੇ ਨਿਰਾਸ਼ ਕੀਤਾ ਜਾ ਸਕੇ। 10 ਅਕਤੂਬਰ ਨੂੰ ਦੇਸ਼ ਦੀ ਕੁਰਦ ਨਸਲ ਅਧਾਰਤ ਖੱਬੇ ਪੱਖੀ ਪਾਰਟੀ ਐਚ.ਡੀ.ਪੀ. ਅਤੇ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵਲੋਂ ਕੁਰਦ ਬਹੁਲਤਾ ਵਾਲੇ ਖੇਤਰਾਂ ਵਿਚ ਚਲਾਈ ਜਾ ਰਹੀ ਏ.ਕੇ.ਪੀ. ਸਰਕਾਰ ਦੀ ਦਮਨ ਮੁਹਿੰਮ ਵਿਰੁੱਧ ਆਵਾਜ਼ ਬੁਲੰਦ ਕਰਨ ਹਿੱਤ ਦੇਸ਼ ਦੀ ਰਾਜਧਾਨੀ ਅੰਕਾਰਾ ਵਿਚ ਅਮਨ ਮਾਰਚ ਕੀਤਾ ਜਾਣਾ ਸੀ। ਇਸ ਮਾਰਚ ਲਈ ਇਕੱਠੇ ਹੋਏ ਕਾਰਕੁੰਨਾਂ ਉਤੇ ਬੰਬ ਹਮਲੇ ਕਰ ਦਿੱਤੇ ਗਏ ਸੀ, ਜਿਸ ਵਿਚ 128 ਕਾਰਕੁੰਨ ਮਾਰੇ ਗਏ ਸਨ ਅਤੇ 48 ਗੰਭੀਰ ਜਖ਼ਮੀ ਹੋਏ ਸਨ। ਟਰੇਡ ਯੂਨੀਅਨਾਂ ਅਤੇ ਐਚ.ਡੀ.ਪੀ. ਨੇ ਸਪੱਸ਼ਟ ਰੂਪ ਵਿਚ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਏ.ਕੇ.ਪੀ. ਸਰਕਾਰ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਅਨੁਸਾਰ ਹਾਕਮ ਪਾਰਟੀ ਦਾ ਇਸ ਪਿੱਛੇ ਦੁਹਰਾ ਮਕਸਦ ਹੈ। ਇਕ ਤਾਂ ਉਹ ਐਚ.ਡੀ.ਪੀ. (ਪੀਪਲਜ਼ ਡੈਮੋਕਰੇਸੀ ਪਾਰਟੀ) ਦੇ ਲੱਖਾਂ ਸਮਰਥਕਾਂ, ਜਿਨ੍ਹਾਂ ਨੇ ਉਸਨੂੰ ਵੋਟਾਂ ਪਾਈਆਂ ਸਨ, ਨੂੰ ਭੈਭੀਤ ਕਰਨਾ ਚਾਹੁੰਦੀ ਹੈ। ਇਸਦੇ ਨਾਲ ਹੀ ਉਹ ਲੋਕਾਂ ਵਿਚ ਤੁਰਕ ਕੌਮਪ੍ਰਸਤੀ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸੱਜ ਪਿਛਾਖੜੀ ਪਾਰਟੀਆਂ ਦੇ ਸਮਰਥਕ ਵੋਟਰਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ।
ਹਾਕਮ ਪਾਰਟੀ ਏ.ਕੇ.ਪੀ. ਆਪਣੇ ਇਸ ਮਕਸਦ ਨੂੰ ਪ੍ਰਾਪਤ ਕਰਨ ਵਿਚ ਕਾਫੀ ਹੱਦ ਤੱਕ ਸਫਲ ਵੀ ਰਹੀ ਹੈ। ਇਕ ਨਵੰਬਰ ਨੂੰ ਹੋਈਆਂ ਚੋਣਾਂ ਵਿਚ ਉਸਨੇ ਆਪਣੀ ਵੋਟ ਨੂੰ 40.9% ਤੋਂ ਵਧਾਕੇ 49.7% ਕਰ ਲਿਆ ਹੈ। ਅਤੇ ਸਭ ਤੋਂ ਵੱਧ ਖੋਰਾ ਧੁਰ ਕੌਮਪ੍ਰਸਤ ਸੱਜ ਪਿਛਾਖੜੀ ਪਾਰਟੀ ਐਮ.ਐਚ.ਪੀ (ਨੈਸ਼ਨਲ ਮੂਵਮੈਂਟ ਪਾਰਟੀ) ਨੂੰ ਲਾਇਆ ਜਿਸਨੂੰ ਜੂਨ ਦੀਆਂ ਚੋਣਾਂ ਨਾਲੋਂ ਅੱਧੀਆਂ ਸੀਟਾਂ ਹੀ ਇਨ੍ਹਾਂ ਚੋਣਾਂ ਵਿਚ ਮਿਲ ਸਕੀਆਂ ਹਨ। ਖੱਬੇ ਪੱਖੀ ਕੁਰਦ ਪਾਰਟੀ ਐਚ.ਡੀ.ਪੀ. ਨੂੰ ਵੀ 13.1% ਦੀ ਥਾਂ ਇਨ੍ਹਾਂ ਚੋਣਾਂ ਵਿਚ 10.7% ਵੋਟਾਂ ਹੀ ਮਿਲੀਆਂ ਹਨ। ਪ੍ਰੰਤੂ, ਇੱਥੇ ਇਹ ਤਸੱਲੀ ਵਾਲੀ ਗੱਲ ਹੈ ਕਿ ਇਹ ਸੰਸਦ ਵਿਚ ਪ੍ਰਤੀਨਿਧਤਾ ਪ੍ਰਾਪਤ ਕਰਨ ਦੀ 10% ਦੀ ਸੀਮਾ ਰੇਖਾ ਨੂੰ ਪਾਰ ਕਰ ਗਈ ਹੈ। ਇੱਥੇ ਇਹ ਵਰਣਨਯੋਗ ਹੈ ਕਿ ਜੂਨ ਚੋਣਾਂ ਵਿਚ ਪਹਿਲੀ ਵਾਰ ਐਚ.ਡੀ.ਪੀ 10% ਦੀ ਸੀਮਾ ਰੇਖਾ ਨੂੰ ਪਾਰ ਕਰਦੀ ਹੋਈ ਸੰਸਦ ਵਿਚ ਪ੍ਰਤੀਨਿਧਤਾ ਹਾਸਲ ਕਰਨ ਯੋਗ ਬਣੀ ਸੀ, ਅਤੇ ਉਸਨੇ ਤੁਰਕੀ ਦੇ ਰਾਜਨੀਤਕ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਸੀ। ਹੁਣ ਏ.ਕੇ.ਪੀ. ਸਰਕਾਰ ਦੇ ਸਖਤ ਦਮਨਚੱਕਰ ਦੇ ਬਾਵਜੂਦ ਉਹ ਸੰਸਦ ਵਿਚ ਮੁੜ ਪ੍ਰਤੀਨਿਧਤਾ ਹਾਸਲ ਕਰਨ ਵਿਚ ਸਫਲ ਰਹੀ ਹੈ।  ਏ.ਕੇ.ਪੀ. ਸੰਸਦ ਵਿਚ ਸਪੱਸ਼ਟ ਬਹੁਮਤ ਤਾਂ ਹਾਸਲ ਕਰ ਗਈ ਹੈ, ਪ੍ਰੰਤੂ ਇਹ ਉਸਦੇ ਏਕਾਅਧਿਕਾਰਵਾਦੀ ਮੰਸੂਬਿਆਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।
ਦੇਸ਼ ਦੇ ਕੁਰਦਾਂ ਨੂੰ ਇਹ ਆਸ ਸੀ ਕਿ ਇਕ ਨਵੰਬਰ ਦੀਆਂ ਚੋਣਾਂ ਤੋਂ ਬਾਅਦ ਏ.ਕੇ.ਪੀ. ਸਰਕਾਰ ਵਲੋਂ ਉਨ੍ਹਾਂ ਉਤੇ ਚਲਾਇਆ ਜਾ ਰਿਹਾ ਦਮਨਚੱਕਰ ਬੰਦ ਹੋ ਜਾਵੇਗਾ। ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਬਲਕਿ 2 ਨਵੰਬਰ ਤੋਂ ਕੁਰਦ ਬਹੁਲ ਪ੍ਰਾਂਤ ਦੀਆਰਬਾਕੀਰ ਦੇ ਫਰਕੀਨ (ਸਲਵਾਨ) ਕਸਬੇ ਨੂੰ ਪੁਲਸ ਤੇ ਫੌਜ ਨੇ ਆਪਣੇ ਕਬਜ਼ੇ ਵਿਚ ਲੈ ਕੇ ਕਰਫਿਊ ਲਗਾ ਦਿੱਤਾ ਹੈ। ਤੋਪਾਂ ਅਤੇ ਜੰਗੀ ਹਵਾਈ ਜਹਾਜ ਤੈਨਾਤ ਕਰ ਦਿੱਤੇ ਗਏ ਹਨ। ਕਸਬੇ ਦੇ ਵਸਨੀਕਾਂ ਮੁਤਾਬਕ ਹਮਲੇ ਕਰਨ ਵਾਲੇ ਅਰਬੀ ਭਾਸ਼ੀ ਹਨ, ਆਈ.ਐਸ.ਆਈ.ਐਸ. ਦੇ ਲੜਾਕੇ ਤੁਰਕੀ ਫੌਜ ਤੇ ਪੁਲਸ ਦੀ ਸਰਪ੍ਰਸਤੀ ਵਿਚ ਇਨ੍ਹਾਂ ਹਮਲਿਆਂ ਵਿਚ ਸ਼ਾਮਲ ਹੋ ਰਹੇ ਹਨ। ਕਸਬੇ ਦੀ ਮੇਅਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸਬੇ ਦੀ ਉਪ ਮੇਅਰ ਜੁਹਾਲ ਟੈਕੀਨੇਰ ਨੇ ਏ.ਐਨ.ਐਫ. ਨਿਊਜ਼ ਅਜੰਸੀ ਨੂੰ ਦੱਸਿਆ-''ਕਸਬੇ ਦੇ ਮੇਸਸਿਟ ਤੇ ਟੇਕੇਲ ਮੁਹੱਲਿਆਂ ਉਤੇ ਹੈਲੀਕਾਪਟਰਾਂ ਦੀ ਸੰਘਣੀ ਆਵਾਜਾਈ ਹੈ, ਉਥੋਂ ਕੋਈ ਖ਼ਬਰ ਨਹੀਂ ਆ ਰਹੀ। ਇਨ੍ਹਾਂ ਖੇਤਰਾਂ ਵਿਚ ਕੀ ਹੋ ਰਿਹਾ ਹੈ? ਅਸੀਂ ਨਹੀਂ ਜਾਣਦੇ, ਪਰ ਅਸੀਂ ਬੰਬਾਂ ਦੇ ਸੁੱਟੇ ਜਾਣ ਤੋਂ ਬਾਅਦ ਧੂੰਆਂ ਉਠਦਾ ਦੇਖ ਰਹੇ ਹਾਂ। ਸਾਡਾ ਅੰਦਾਜ਼ਾ ਹੈ ਕਿ ਕੁਝ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ।'' ਇਸ ਤਰ੍ਹਾਂ ਤੁਰਕੀ ਦੀ ਏ.ਕੇ.ਪੀ.ਸਰਕਾਰ ਨੇ ਆਪਣੇ ਦੇਸ਼ ਦੇ ਕੁਰਦ ਬਹੁਲ ਖੇਤਰਾਂ ਵਿਚ ਹਮਲੇ ਕਰਕੇ ਉਨ੍ਹਾਂ ਦੀ ਨਸਲਕੁਸ਼ੀ ਦੀ ਮੁਹਿੰਮ ਪਹਿਲਾਂ ਦੀ ਹੀ ਤਰ੍ਹਾਂ ਜਾਰੀ ਰੱਖੀ ਹੋਈ ਹੈ।
ਤੁਰਕੀ ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਫੌਜੀ ਗਠਜੋੜ ਨਾਟੋ ਦਾ ਇਕ ਮੈਂਬਰ ਹੈ ਅਤੇ ਪੈਰਿਸ ਵਿਚ ਹਮਲਿਆਂ ਤੋਂ ਬਾਅਦ ਇਸਦੇ ਹੀ ਸ਼ਹਿਰ ਅੰਤਾਲਿਆ ਵਿਚ ਜੀ-20 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ ਸੀ, ਜਿਸ ਵਿਚ ਮੱਧ ਪੂਰਬ ਏਸ਼ੀਆ ਵਿਚੋਂ ਆਈ.ਐਸ.ਆਈ.ਐਸ. ਨੂੰ ਮੁੱਢੋ-ਸੁੱਢੋਂ ਖਤਮ ਕਰਨ ਦਾ ਅਹਿਦ ਕੀਤਾ ਗਿਆ ਸੀ। ਪ੍ਰੰਤੂ ਅਜੇ ਉਸ ਅਹਿਦ ਦੀ ਸਿਆਹੀ ਵੀ ਨਹੀਂ ਸੁੱਕੀ ਹੈ ਕਿ ਨਾਟੋ ਦਾ ਇਸ ਖੇਤਰ ਦਾ, ਇਸ ਜੰਗ ਵਿਚ ਰਣਨੀਤਕ ਰੂਪ ਵਿਚ ਸਭ ਤੋਂ ਵਧੇਰੇ ਮਹੱਤਵਪੂਰਨ ਥਾਂ ਰੱਖਣ ਵਾਲਾ ਮੈਂਬਰ ਤੁਰਕੀ, ਉਨ੍ਹਾਂ ਕੁਰਦਾਂ ਉਤੇ ਹਮਲੇ ਕਰ ਰਿਹਾ ਹੈ, ਜਿਹੜੇ ਆਈ.ਐਸ.ਆਈ.ਐਸ. ਵਿਰੁੱਧ ਜੰਗ ਵਿਚ ਬਹਾਦਰੀ ਭਰਪੂਰ ਭੂਮਿਕਾ ਨਿਭਾਅ ਰਹੇ ਹਨ। ਇੱਥੇ ਇਹ ਵਰਣਨਯੋਗ ਹੈ ਕਿ ਕੁਰਦ ਮਿਲੀਸ਼ੀਆ ਵਾਈ.ਪੀ.ਜੀ. ਅਤੇ ਪੇਸ਼ਮਰਗਾ ਦੇ ਗੁਰੀਲੇ ਹੀ ਇਕੋ ਇਕ ਹਨ, ਜਿਹੜੇ ਕਿ ਆਈ.ਐਸ.ਆਈ.ਐਸ. ਵਿਰੁੱਧ ਜ਼ਮੀਨੀ ਜੰਗ ਲੜ ਰਹੇ ਹਨ ਅਤੇ ਉਸਨੂੰ ਕੋਬਾਨੀ ਤੇ ਸਿੰਜਾਰ ਵਰਗੇ ਖੇਤਰਾਂ ਵਿਚੋਂ ਖਦੇੜਨ ਵਿਚ ਸਫਲ ਰਹੇ ਹਨ।

No comments:

Post a Comment