Thursday 17 December 2015

ਆਖਰੀ ਸਾਹ ਲੈ ਰਹੇ ਇਕ ਵਿਦਿਅਕ ਅਦਾਰੇ ਦੀ ਦਾਸਤਾਨ

ਤਨੋ ਮਨੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਚਾਹਵਾਨ ਸੂਝਵਾਨ ਅਤੇ ਸੁਹਿਰਦ ਪੰਜਾਬ ਵਾਸੀ ਵਿਸ਼ੇਸ਼ ਕਰਕੇ ਵਿਦਿਆਰਥੀ ਅਤੇ ਨੌਜਵਾਨ ਸ਼ੁਭਚਿੰਤਕੋ, ਮੇਰੀ ਆਵਾਜ਼ ਸੁਣੋ! ਮੈਂ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ ਦਾ 'ਸ਼ਹੀਦ ਨੰਦ ਸਿੰਘ ਬਹੁ-ਤਕਨੀਕੀ' ਯਾਨੀ ਪੋਲੀਟੈਕਨਿਕ ਕਾਲਜ ਅਰਜ ਕਰ ਰਿਹਾ ਹਾਂ। ਮੈਂ ਲਗਭਗ 100-100 ਕਿਲੋਮੀਟਰ ਦੇ ਘੇਰੇ ਵਿਚ ਇਕਲੌਤਾ ਸਰਕਾਰੀ ਬਹੁਤਕਨੀਕੀ ਕਾਲਜ ਹਾਂ! ਮੈਨੂੰ ਅਤੇ ਮੇਰੇ ਛੇ ਹੋਰ ਭਰਾਵਾਂ ਨੂੰ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਭਵਿੱਖ ਦੇ ਨਿਰਮਾਤਾਵਾਂ ਨੂੰ ਵੱਖ-ਵੱਖ ਕਿਸਮ ਦੀ ਤਕਨੀਕੀ ਸਿਖਲਾਈ ਦੇਣ ਅਤੇ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿਚ ਯੋਗਾਦਨ ਪਾਉਣ ਦੇ ਯੋਗ ਬਣਾਉਣ ਲਈ ਸਥਾਪਤ ਕੀਤਾ ਗਿਆ ਸੀ। ਮੰਡੀ ਦੇ ਲੋਕਾਂ ਵਲੋਂ, ਮੇਰੀ ਬਿਲਡਿੰਗ ਬਣਾਉਣ ਲਈ ਕੂਲਰੀਆਂ ਵਾਲੇ ਫਾਟਕ ਦੇ ਨਜ਼ਦੀਕ, ਕਰੋੜਾਂ ਰੁਪਏ ਦੀ ਕੀਮਤ ਦੀ 5 ਏਕੜ ਜ਼ਮੀਨ ਦਾਨ ਦਿੱਤੀ ਗਈ ਸੀ ਅਤੇ ਉਸਾਰੀ ਦਾ ਸਾਰਾ ਖਰਚਾ ਕੇਂਦਰ ਸਰਕਾਰ ਨੇ ਦਿੱਤਾ ਸੀ। 28 ਜਨਵਰੀ 2010 ਨੂੰ ਬੜੇ ਧੂਮ-ਧੜੱਕੇ ਨਾਲ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਰ ਕਮਲਾਂ ਨਾਲ ਮੇਰਾ ਨੀਂਹ ਪੱਥਰ ਰੱਖਿਆ ਸੀ ਅਤੇ ਬੁਲੰਦ ਆਵਾਜ਼ ਵਿਚ ਦਾਅਵਾ ਕੀਤਾ ਸੀ ਕਿ ਇਸ ਕਾਲਜ ਦੇ ਬਣਨ ਨਾਲ ਇਸ ਪਛੜੇ ਹੋਏ ਇਲਾਕੇ ਦੀ ਇੰਨੀ ਤਰੱਕੀ ਹੋਵੇਗੀ ਕਿ ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਣਗੀਆਂ। ਇਥੋਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਲੈ ਕੇ ਤੁਹਾਡੇ ਬੱਚੇ ਵੀ ਉਚੇ ਅਹੁਦਿਆਂ ਤੱਕ ਪਹੁੰਚ ਸਕਣਗੇ। ਖੁਸ਼ੀ ਵਿਚ ਖੀਵੇ ਹੋਏ ਲੋਕਾਂ ਨੇ ਬਾਦਲ ਸਾਹਿਬ ਦੀ ਖੂਬ ਜੈ-ਜੈ ਕਾਰ ਕੀਤੀ ਸੀ! ਅਤੇ ਮੇਰੀ ਸਥਾਪਨਾ ਲਈ ਯਤਨ ਕਰਨ ਵਾਲੇ ਇਲਾਕਾ ਨਿਵਾਸੀ ਸੱਜਣ ਫੁੱਲੇ ਨਹੀਂ ਸਮਾ ਰਹੇ ਸਨ।
ਮੇਰਾ ਨਾਂ ਬਰੇਟਾ ਮੰਡੀ ਦੇ ਨਾਲ ਲੱਗਦੇ ਪਿੰਡ ਬਹਾਦਰਪੁਰ ਦੇ ਬਹਾਦਰ ਸਪੂਤ, ਸ਼ਹੀਦ ਨੰਦ ਸਿੰਘ (ਵਿਕਟੋਰੀਆ ਕਰਾਸ) ਦੇ ਨਾਂਅ ਉਪਰ ਰੱਖਿਆ ਗਿਆ ਹੈ। ਕਿਉਂਕਿ ਸਰਕਾਰਾਂ ਲੋਕਾਚਾਰੀ ਹੀ ਸਹੀ, ਸ਼ਹੀਦਾਂ ਦਾ ਸਤਿਕਾਰ ਕਰਦੀਆਂ ਹਨ, ਇਸ ਲਈ ਮੈਨੂੰ ਵੀ ਆਸ ਸੀ ਕਿ ਸਰਕਾਰਾਂ ਮੇਰੇ ਪਾਲਣ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦੇਣਗੀਆਂ ਅਤੇ ਮਾਨਸਾ ਵਰਗੇ, ਸਿੱਖਿਆ ਪੱਖੋਂ ਪਛੜੇ ਜ਼ਿਲ੍ਹੇ ਦੇ ਤਾਂ ਭਾਗ ਹੀ ਖੁਲ੍ਹ ਜਾਣਗੇ। ਸੁਖੀਂ-ਸਾਂਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ 9.12.2011 ਨੂੰ ਮੇਰਾ ਬਾਕਾਇਦਾ ਉਦਘਾਟਨ ਵੀ ਹੋਇਆ। ਖੂਬ ਰੰਗ ਤਮਾਸ਼ੇ ਹੋਏ ਮੇਰੇ ਵਿਹੜੇ ਅਤੇ ਚੰਦ ਕੁ ਪ੍ਰੋਫੈਸਰ/ਲੈਕਚਰਾਰ ਵੀ ਆਏ ਅਤੇ 4 ਸਕਿਊਰਟੀ ਗਾਰਡ ਵੀ। ਮੇਰੇ ਹਿਤੈਸ਼ੀ ਸੱਜਣਾਂ ਦੀ ਹਿੰਮਤ ਅਤੇ ਪ੍ਰੇਰਨਾ ਸਦਕਾ ਦੋ ਕੁ ਟਰੇਡਾਂ ਵਿਚ 12-15 ਸਿੱਖਿਆਰਥੀਆਂ ਨੇ ਦਾਖਲ ਵੀ ਲੈ ਲਿਆ।
ਪ੍ਰੰਤੂ ਮੈਨੂੰ ਬੜੇ ਹੀ ਰੰਜ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੂੰ ਤਾਂ ਜਿਵੇਂ ਜੰਮਦੇ ਸਾਰ ਹੀ ਸਰਕਾਰਾਂ ਦੀਆਂ ਨੀਤੀਆਂ ਜਾਂ ਕਹਿ ਲਓ ਕਿ ਬਦਨੀਤੀ  ਕਾਰਨ ਪੋਲੀਓ ਦੀ ਮਾਰ ਪੈ ਗਈ। ਕਿਉਂਕਿ ਲੰਮੇ ਸਮੇਂ ਤੋਂ ਪ੍ਰੋਫੈਸਰਾਂ/ਲੈਕਚਰਾਰਾਂ ਦੀ ਭਰਤੀ 'ਤੇ ਲੱਗੀ, ਅਣ ਐਲਾਨੀ ਪਾਬੰਦੀ ਕਾਰਨ, ਮੈਨੂੰ ਲੋੜੀਂਦੇ ਸਿੱਖਿਅਕ ਨਸੀਬ ਨਾ ਹੋਏ। ਇਕ ਵਾਰ ਇਲਾਕੇ ਦੇ ਲੋਕਾਂ ਦੇ ਯਤਨਾਂ ਸਦਕਾ, ਟੈਕਨੀਕਲ ਬੋਰਡ ਪੰਜਾਬ ਵਲੋਂ 2013 ਵਿਚ, ਪਟਿਆਲਾ ਕਾਲਜ ਤੋਂ ਚਾਰ ਅਧਿਆਪਕਾਂ ਨੂੰ ਅਰਜ਼ੀ ਤੌਰ 'ਤੇ (ਡੈਪੂਟੇਸ਼ਨ ਉਪਰ) ਨਿਯੁਕਤ ਕੀਤਾ ਗਿਆ ਪਰ ਕੁਝ ਚਿਰ ਪਿਛੋਂ, ਹਾਰ ਹੁੱਟ ਕੇ, ਉਹ ਵੀ ਵਾਪਸ ਚਲੇ ਗਏ ਅਤੇ ਮੇਰੇ ਵਿਦਿਆਰਥੀਆਂ ਨੂੰ 'ਵਿੱਦਿਆ ਰਤਨ ਕਾਲਜ ਲਹਿਰਾਗਾਗਾ' ਵਿਚ ਸ਼ਿਫਟ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਕਲਾਸਾਂ, ਅੱਜ ਵੀ ਉਥੇ ਹੀ ਲੱਗਦੀਆਂ ਹਨ ਅਤੇ ਮੈਂ ਸੁੰਨ-ਮ-ਸੁੰਨਾ, ਆਪਣੇ ਬੱਚਿਆਂ ਦੇ ਹਿਜਰ ਵਿਚ ਹੌਂਕੇ ਭਰ ਰਿਹਾ ਹਾਂ। ਇਸ ਵਾਰ ਤਾਂ ਹੱਦ ਹੀ  ਹੋ ਗਈ ਕਿ ਪਤਾ ਨਹੀਂ ਕਿਸ ਕਾਰਨ, ਨਵੇਂ ਸੈਸ਼ਨ ਵਿਚ ਬੱਚਿਆਂ ਦੇ ਦਾਖਲੇ ਦਾ ਇਸ਼ਤਿਹਾਰ ਹੀ ਨਹੀਂ ਦਿੱਤਾ ਗਿਆ। ਪਤਾ ਨਹੀਂ ਇਹ ਕੁਝ ਪ੍ਰਾਈਵੇਟ ਕਾਲਜਾਂ ਵਾਲਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ ਜਾਂ ਕਿ ਹੋਰਨਾਂ ਪਬਲਿਕ ਅਦਾਰਿਆਂ ਵਾਂਗ ਮੈਨੂੰ ਵੀ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੋਸਤੋ, ਇਹ ਗੱਲ ਸੁਣਕੇ ਮੈਨੂੰ ਕੁੱਝ ਧਰਵਾਸ ਵੀ ਹੋਇਆ ਹੈ ਕਿ ਇਲਾਕਾ ਨਿਵਾਸੀ, ਮੇਰੇ ਹਿਤੈਸ਼ੀ ਲੋਕ ਸਰਬ ਸ਼੍ਰੀ ਬਾਲ ਕ੍ਰਿਸ਼ਨ ਕਟੌਦੀਆ, ਜਗਦੀਸ਼ ਰਾਏ ਕੂਲਰੀਆਂ, ਬਾਬੂ ਰਾਮ ਬਰੇਟਾ, ਬਹਾਲ ਸਿੰਘ ਸਾਬਕਾ ਪੰਚ ਦਿਆਲਪੁਰਾ, ਦਸੌਂਦਾ ਸਿੰਘ ਬਹਾਦਰਪੁਰ ਕ੍ਰਿਸ਼ਨ ਸਿੰਘ ਰੰਘੜਿਆਲ ਅਤੇ ਹੋਰ ਸੱਜਣਾ ਨੇ ''ਇਲਾਕਾ ਵਿਕਾਸ ਕਮੇਟੀ'' ਬਣਾ ਕੇ ਪੈਰਵੀ ਕਰਦਿਆਂ ਮੈਨੂੰ ਮੁੜ ਪੈਰਾਂ 'ਤੇ ਖੜਾ ਕਰਨ ਲਈ ਯਤਨ ਆਰੰਭੇ ਹੋਏ ਹਨ। ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹੀਦ  ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਇਨਕਲਾਬੀ ਸਟੂਡੈਂਟਸ ਯੂਨੀਅਨ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ ਫਫੜੇ ਵੀ ਹਾਅ ਦਾ ਨਾਅਰਾ ਮਾਰਕੇ ਗਏ ਹਨ। ਆਸ ਬੱਝੀ ਹੈ ਕਿ ਭਵਿੱਖ ਵਿਚ ਮੇਰੇ ਵੀ ''ਅੱਛੇ ਦਿਨ ਆਨੇ ਵਾਲੇ ਹੈਂ।'' ਇਸ ਲੋਕ ਭਲਾਈ ਦੇ ਸ਼ੁਭਕਰਮ ਲਈ, ਜੁੜਕੇ ਹੰਭਲਾ ਮਾਰੋ ਤਾਂ ਕਿ ਮੈਂ ਮਿਥੇ ਆਸ਼ੇ ਮੁਤਾਬਿਕ ਤੁਹਾਡੇ ਬੱਚਿਆਂ ਦੀ ਇਲਾਕੇ ਦੀ ਅਤੇ ਦੇਸ਼ ਦੀ ਸੇਵਾ ਕਰ ਸਕਾਂ। ਆਮੀਨ!!
ਤੁਹਾਡਾ ਸਭ ਦਾ ਆਪਣਾ
ਸ਼ਹੀਦ ਨੰਦ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ ਬਰੇਟਾ।

No comments:

Post a Comment