Saturday 17 October 2015

ਡੇਂਗੂ ਫੈਲਣ ਲਈ ਜ਼ਿੰਮੇਵਾਰ ਹੈ ਸਰਕਾਰੀ ਸਿਹਤ-ਸੰਭਾਲ ਤੇ ਸਫ਼ਾਈ ਢਾਂਚਾ

ਸਰਬਜੀਤ ਗਿੱਲ 
ਡੇਂਗੂ ਦੇ ਖਤਰੇ ਦਾ ਡੰਗ ਇਸ ਸਾਲ ਵੀ ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾ ਖੇਤਰਾਂ 'ਚ ਵੀ ਆਪਣਾ ਰੰਗ ਦਿਖਾ ਰਿਹਾ ਹੈ। ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਿਕ ਇਸ ਸਾਲ ਵੀ ਮੌਤਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ। ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਸਰਕਾਰੀ ਤੰਤਰ ਕੋਲ ਇੱਛਾ ਸ਼ਕਤੀ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ। ਹਾਲਾਂਕਿ ਇਹ ਕੋਈ ਅਜਿਹੀ ਬਿਮਾਰੀ ਨਹੀਂ ਹੈ, ਜਿਸ 'ਤੇ ਕਾਬੂ ਨਾ ਪਾਇਆ ਜਾ ਸਕਦਾ ਹੋਵੇ, ਫਿਰ ਵੀ ਵੱਡੀ ਗਿਣਤੀ 'ਚ ਮਰੀਜ਼ ਹਸਪਤਾਲਾਂ 'ਚ ਪਏ ਹਨ। ਇਹ ਬਿਮਾਰੀ ਇੱਕ ਵਾਇਰਸ ਰਾਹੀਂ ਫੈਲਣ ਵਾਲੀ ਬਿਮਾਰੀ ਹੈ। ਜਿਸ ਨੂੰ ਮੱਛਰ ਫੈਲਾਉਣ 'ਚ ਆਪਣਾ ਰੋਲ ਅਦਾ ਕਰਦਾ ਹੈ। ਬਿਮਾਰੀ ਫੈਲਾਉਣ ਲਈ ਸਾਰੇ ਤਰ੍ਹਾਂ ਦੇ ਮੱਛਰ ਨਹੀਂ, ਸਗੋਂ ਇੱਕ ਖਾਸ ਕਿਸਮ ਦਾ ਮੱਛਰ ਹੀ ਇਸ ਬਿਮਾਰੀ ਨੂੰ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਲੈ ਕੇ ਜਾਂਦਾ ਹੈ। ਇਹ ਬਿਮਾਰੀ ਆਪਣੇ ਆਪ ਫੈਲਣ ਵਾਲੀ ਜਾਂ ਛੂਤ ਦੀਆਂ ਬਿਮਾਰੀਆਂ ਵਰਗੀ ਕੋਈ ਬਿਮਾਰੀ ਨਹੀਂ ਹੈ। ਮੱਛਰਾਂ ਨਾਲ ਫੈਲਣ ਵਾਲੀ ਬਿਮਾਰੀ ਦਾ ਵੱਡਾ ਹਮਲਾ ਗਰੀਬ ਵਰਗ 'ਤੇ ਹੋ ਰਿਹਾ ਹੈ ਕਿਉਂਕਿ ਖਾਂਦੇ ਪੀਦੇ ਲੋਕ ਇਸ ਦਾ ਹੱਲ ਕੱਢ ਲੈਂਦੇ ਹਨ। ਗਰੀਬ ਵਰਗ ਲਈ ਤਾਂ ਮੱਛਰਦਾਨੀ ਵੀ ਨਹੀਂ ਜੁੜਦੀ, ਇਸ ਕਾਰਨ ਗਰੀਬ ਵਰਗ ਲਈ ਬਚਾਅ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ। ਸਾਧਨਾਂ ਦੀ ਕਮੀ ਅਤੇ ਅਨਪੜ੍ਹਤਾ ਵੀ ਇਸ 'ਚ ਵੱਡਾ ਰੋਲ ਅਦਾ ਕਰਦੀ ਹੈ।
ਸਰਕਾਰੀ ਤੰਤਰ 'ਤੇ ਚਰਚਾ ਕਰਨ ਤੋਂ ਪਹਿਲਾ ਕੁੱਝ ਬਿਮਾਰੀ ਬਾਰੇ ਜਾਨਣਾ ਚਾਹੀਦਾ ਹੈ। ਮਾਹਿਰਾਂ ਮੁਤਾਬਿਕ ਜਦੋਂ ਕੋਈ ਬਿਮਾਰੀ ਕਿਸੇ ਵਾਇਰਸ (ਵਿਸ਼ਾਣੂ) ਦੇ ਸਰੀਰ 'ਚ ਦਾਖਲ ਹੋਣ ਕਾਰਨ ਫੈਲਦੀ ਹੋਵੇ ਤਾਂ ਇਸ ਦਾ ਅਰਥ ਇਹ ਹੈ ਕਿ ਇਸ ਨੇ ਆਪਣਾ ਜੋਰ ਲਗਾ ਕੇ ਹੀ ਹਟਣਾ ਹੈ। ਇਸ ਦੇ ਉਲਟ ਬੈਕਟੀਰੀਆ (ਜੀਵਾਣੂ) ਨਾਲ ਫੈਲਣ ਵਾਲੀ ਬਿਮਾਰੀ ਨੂੰ ਐਂਟੀ ਬਾਇਓਟੈਕ ਦਵਾਈਆਂ ਦੇਕੇ ਠੀਕ ਕੀਤਾ ਜਾ ਸਕਦਾ ਹੈ। ਇਹ ਬਿਮਾਰੀ ਸਰੀਰઠ'ਚ ਉਸ ਵੇਲੇ ਦਾਖਲ ਹੁੰਦੀ ਹੈ ਜਦੋਂ ਇੱਕ ਖਾਸ ਕਿਸਮ ਦਾ ਮੱਛਰ ਇਸ ਬਿਮਾਰੀ ਨੂੰ ਇਕ ਥਾਂ ਤੋਂ ਦੂਜੇ ਤੱਕ ਲੈ ਕੇ ਜਾਂਦਾ ਹੈ। ਮਨੁੱਖ ਨੂੰ ਕੱਟਣ ਦੇ ਬਾਅਦ ਪੰਜ ਤੋਂ ਲੈ ਕੇ ਪੰਦਰਾਂ ਦਿਨ ਤੱਕ ਇਸ ਬਿਮਾਰੀ ਦੀ ਪਹਿਲੀ ਨਿਸ਼ਾਨੀ ਨਜ਼ਰ ਆਉਂਣ ਲੱਗ ਜਾਂਦੀ ਹੈ। ਇਸ ਬਿਮਾਰੀ 'ਚ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ 'ਚ ਦਰਦ, ਜੋੜਾਂ 'ਚ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਅੱਖਾਂ ਦੇ ਡੇਲੇ ਘਮਾਉਣ ਵੇਲੇ ਦਰਦ, ਮਸੂੜਿਆਂ 'ਚੋਂ ਖੂਨ ਰਿਸਣਾ ਅਤੇ ਇਥੋਂ ਤੱਕ ਚਮੜੀ 'ਚੋਂ ਵੀ ਖ਼ੂਨ ਰਿਸ ਸਕਦਾ ਹੈ।
ਹਾਲਤ ਮਾੜੀ ਹੋਣ 'ਤੇ ਪੇਟ 'ਚ ਵੀ ਦਰਦ ਰਹਿਣ ਲੱਗ ਪੈਂਦਾ ਹੈ ਅਤੇ ਸਰੀਰ 'ਚੋਂ ਖ਼ੂਨ ਦੀ ਘਾਟ ਕਰਕੇ ਅਤੇ ਪਲੈਟਲਿਟਸ ਘੱਟਣ ਨਾਲ ਮਰੀਜ਼ ਮੌਤ ਦੇ ਮੂੰਹ 'ਚ ਵੀ ਜਾ ਸਕਦਾ ਹੈ। ਸਰੀਰ 'ਚ ਖ਼ੂਨ ਦੀ ਘਾਟ ਨਾਲ ਸਰੀਰ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਸ ਨਾਲ ਵੱਡੇ ਨੁਕਸਾਨ ਹੋ ਜਾਂਦੇ ਹਨ। ਹਾਰਟ ਦਾ ਕੰਮ ਕਰਨਾ ਘੱਟ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਘੱਟ ਜਾਂਦਾ ਹੈ। ਲਿਵਰ ਕੰਮ ਕਰਨਾ ਘਟਾ ਦਿੰਦਾ ਹੈ, ਜਿਸ ਨਾਲ ਕਈ ਕੇਸਾਂ 'ਚ ਮੌਤ ਹੋ ਜਾਂਦੀ ਹੈ।
ਵਾਈਰਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੇ ਆਪਣਾ ਜੋਰ ਲਗਾ ਕੇ ਹੀ ਹਟਣਾ ਹੁੰਦਾ ਹੈ। ਵਾਈਰਸ ਨੂੰ ਮਾਰਨ ਵਾਸਤੇ ਸਿੱਧੇ ਰੂਪ 'ਚ ਕੋਈ ਵੀ ਦਵਾਈ ਨਹੀਂ ਹੁੰਦੀ ਸਗੋਂ ਵਾਈਰਸ ਦੇ ਕਾਰਨ ਪੈਦਾ ਹੋਈਆਂ ਨਿਸ਼ਾਨੀਆਂ ਦਾ ਇਲਾਜ ਹੀ ਕਰਨਾ ਹੁੰਦਾ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਜੇ ਬੁਖਾਰ ਚੜ੍ਹ ਗਿਆ ਹੈ ਤਾਂ ਬੁਖਾਰ ਨੂੰ ਘੱਟ ਕਰਨ ਦੀ ਦਵਾਈ ਅਤੇ ਜੇ ਦਰਦ ਹੋ ਰਿਹਾ ਹੈ ਤਾਂ ਦਰਦ ਨੂੰ ਘਟਾਉਣ ਦੀ ਦਵਾਈ ਦੇਣੀ ਬਣਦੀ ਹੈ। ਇਸ ਬਿਮਾਰੀ ਨਾਲ ਵੱਡੇ ਹੋ ਰਹੇ ਨੁਕਸਾਨਾਂ ਕਾਰਨ ਮਰੀਜ਼ ਨੂੰ ਹਸਪਤਾਲ 'ਚ ਦਾਖ਼ਲ ਕਰਨ ਦੀ ਅਕਸਰ ਹੀ ਲੋੜ ਪੈਂਦੀ ਹੈ। ਕਿਉਂਕਿ ਜਾਨ ਬਚਾਉਣ ਲਈ ਗਲੂਕੋਜ਼ ਆਦਿ ਵੀ ਦੇਣਾ ਪੈਂਦਾ ਹੈ, ਜਿਸ ਲਈ ਮਰੀਜ਼ ਦਾ ਇਲਾਜ਼ ਘਰ 'ਚ ਰਹਿ ਕੇ ਕਰਨਾ ਕੁੱਝ ਔਖਾ ਹੁੰਦਾ ਹੈ। ਇਹ ਬਿਮਾਰੀ ਅਕਸਰ ਤਕੜਿਆਂ ਨੂੰ ਹੁੰਦੀ ਹੀ ਨਹੀਂ ਤੇ ਗਰੀਬ ਵਰਗ ਮੁਕਾਬਲਤਨ ਵੱਧ ਘੇਰੇ 'ਚ ਆ ਰਿਹਾ ਹੈ।
ਇਸ ਦਾ ਵੱਡਾ ਕਾਰਨ ਸਾਡਾ ਗਲਿਆ ਸੜਿਆ ਪ੍ਰਬੰਧ ਹੀ ਹੈ, ਜਿਸ 'ਚ ਹਰ ਸ਼ਾਖ 'ਤੇ ਉੱਲੂ ਬੈਠਾ ਹੈ। ਮੋਦੀ ਦੀ ਸਵੱਛ ਭਾਰਤ ਮੁਹਿੰਮ ਫੋਟੋ ਸੈਸ਼ਨਾਂ ਤੱਕ ਹੀ ਸੀਮਤ ਹੈ। ਮੱਛਰਾਂ ਦਾ ਮਾਮਲਾ ਸਫਾਈ ਨਾਲ ਜੁੜਿਆ ਹੋਇਆ ਹੈ। ਸਫਾਈ ਸਿਰਫ ਝਾੜੂ ਫੇਰ ਕੇ ਹੀ ਨਹੀਂ ਹੋਣੀ ਸ਼ਹਿਰਾਂ ਅਤੇ ਪਿੰਡਾਂ ਦੇ ਕੂੜੇ ਕਰਕਟ ਨੂੰ ਸਮੇਟਣ ਲਈ ਸਾਡੇ ਕੋਲ ਯੋਗ ਪ੍ਰਬੰਧ ਨਹੀਂ ਹਨ। ਦੇਸ਼ ਦੇ ਹਾਕਮਾਂ ਨੂੰ ਇਸ ਬਾਰੇ ਫਿਕਰ ਨਹੀਂ ਹੈ। ਘੁਟਾਲੇ ਤੇ ਘੁਟਾਲੇ ਹਰ ਰੋਜ਼ ਹੋ ਰਹੇ ਹਨ ਅਤੇ ਲੋਕਾਂ ਨੂੰ ਪੀਣ ਵਾਸਤੇ ਸਾਫ ਪਾਣੀ, ਗੰਦੇ ਪਾਣੀ ਦਾ ਨਿਕਾਸ, ਕੂੜੇ ਕਰਕਟ ਨੂੰ ਸਮੇਟਣ ਲਈ ਕਿਤੇ ਵੀ ਯੋਗ ਪ੍ਰਬੰਧ ਨਹੀਂ ਹਨ। ਜਿਸ ਕਾਰਨ ਬਿਮਾਰੀਆਂ ਫੈਲਣੀਆਂ ਤਹਿ ਹੀ ਹਨ। ਹਾਂ, ਕਾਗਜ਼ਾਂ ਪੱਤਰਾਂ 'ਚ ਸਾਰਾ ਕੁੱਝ ਜਰੂਰ ਹੋ ਰਿਹਾ ਹੋਵੇਗਾ। ਫਿਲੌਰ ਵਰਗੇ ਸ਼ਹਿਰ 'ਚ ਪਿਛਲੇ ਵਿੱਤੀ ਸਾਲ ਦੌਰਾਨ ਕਰੀਬ ਪੰਜ ਲੱਖ ਰੁਪਏ ਦੀ ਦਵਾਈ ਮੱਛਰ ਮਾਰਨ ਵਾਸਤੇ ਫੌਗਿੰਗ ਕਰਨ ਲਈ ਵਰਤੀ ਗਈ ਹੈ। ਇਸ ਦੀ ਹਾਲੇ ਵਿਸਥਾਰਿਤ ਜਾਣਕਾਰੀ ਲੈਣੀ ਬਾਕੀ ਹੈ ਪਰ ਪੰਜ ਲੱਖ ਰੁਪਏ ਦੀ ਦਵਾਈ ਸਾਲ ਲਈ ਵਰਤਣੀ ਕਿਤੇ ਸਵਾਲ ਖੜੇ ਜਰੂਰ ਕਰਦੀ ਹੈ। ਉਹ ਵੀ ਅਜਿਹੇ ਹਾਲਾਤ 'ਚ ਜਦੋਂ ਲੋਕ ਮੁਸ਼ਕਲ ਦੀਆਂ ਘੜੀਆਂ 'ਚ ਫੌਗਿੰਗ ਦੀ ਮੰਗ ਵੀ ਕਰ ਰਹੇ ਹੋਣ। ਜੇ ਸਾਲ ਦਾ ਪੰਜ ਲੱਖ ਰੁਪਏ ਖਰਚ ਕੀਤਾ ਗਿਆ ਹੋਵੇ ਤਾਂ ਸ਼ਾਇਦ ਲੋਕਾਂ ਨੂੰ ਫੌਗਿੰਗ ਕਰਵਾਉਣ ਦੀ ਮੰਗ ਕਰਨੀ ਹੀ ਨਹੀਂ ਪਵੇਗੀ। ਪਿੰਡਾਂ ਦੀ ਹਾਲਤ ਇਸ ਤੋਂ ਵੀ ਬਦਤਰ ਹੈ, ਜਿਥੇ ਮੱਛਰਾਂ ਨੂੰ ਮਾਰਨ ਲਈ ਅਜਿਹੀ ਫੌਗਿੰਗ ਦਾ ਕੋਈ ਪ੍ਰਬੰਧ ਹੀ ਨਹੀਂ ਹੈ। ਫਿਰ ਕਿਸ ਸਿਰ ਰੋਸਾ ਕੀਤਾ ਜਾ ਸਕਦਾ ਹੈ, ਕੀ ਇਸ ਲਈ ਪੰਚਾਇਤਾਂ ਜਿੰਮੇਵਾਰ ਹਨ, ਬਿਲਕੁੱਲ ਨਹੀਂ। ਕਿਸੇ ਵੇਲੇ ਪਿੰਡਾਂ 'ਚ ਡੀਡੀਟੀ ਦਾ ਛਿੜਕਾਓ ਕੀਤਾ ਜਾਂਦਾ ਸੀ, ਉਸ ਵੇਲੇ ਵੀ ਕਿਹਾ ਜਾਂਦਾ ਸੀ ਕਿ ਲੋਕ ਇੱਹ ਦਵਾਈ ਛਿੜਕਾਅ ਕੇ ਰਾਜੀ ਨਹੀਂ ਹਨ ਕਿਉਂਕਿ ਇਸ ਦੇ ਖਤਰਿਆਂ ਦੇ ਨਾਲ-ਨਾਲ ਕੰਧਾਂ 'ਤੇ ਦਾਗ ਵੀ ਪੈ ਜਾਂਦੇ ਸਨ। ਮਨੁੱਖੀ ਸਿਹਤ ਲਈ ਖਤਰੇ ਕਾਰਨ ਡੀਡੀਟੀ 'ਤੇ ਪਾਬੰਦੀ ਲੱਗਣ ਕਾਰਨ ਵਿਭਾਗ ਨੇ ਦਵਾਈ ਛਿੜਕਣ ਦਾ ਕੰਮ ਹੀ ਬੰਦ ਕਰ ਦਿੱਤਾ ਹੈ। ਇਸ ਦੀ ਜਿੰਮੇਵਾਰੀ ਸਾਡੀਆਂ ਹਾਕਮ ਧਿਰਾਂ ਸਿਰ ਹੈ। ਪਿੰਡਾਂ 'ਚ ਇੱਕ ਹਿੱਸੇ ਵਲੋਂ ਆਪਣੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਵੱਡਾ ਹਿੱਸਾ ਹਾਲੇ ਵੀ ਗੰਦੇ ਮਹੌਲ 'ਚ ਰਹਿਣ ਨੂੰ ਮਜ਼ਬੂਰ ਹੈ, ਜਿਥੇ ਮੱਛਰਦਾਨੀ ਖਰੀਦਣੀ ਵੀ ਔਖਾ ਕੰਮ ਹੈ। ਡੇਂਗੂ ਦੇ ਬਚਾਅ ਲਈ ਵਿਭਾਗ ਮੱਛਰਦਾਨੀ ਲਗਾਉਣ ਅਤੇ ਹੋਰ ਕਰੀਮਾਂ ਵਰਤਣ ਦੀ ਸਲਾਹ ਦੇ ਰਿਹਾ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਵੱਡਾ ਹਿੱਸਾ ਸ਼ਾਮ ਵੇਲੇ ਘਾਹ ਫੂਸ ਦਾ ਧੂੰਆਂ ਕਰਕੇ ਹੀ ਮੱਛਰ ਭਜਾਉਂਦਾ ਹੈ ਅਤੇ ਡੇਂਗੂ ਫੈਲਾਉਣ ਵਾਲਾ ਮੱਛਰ ਤਾਂ ਦਿਨ ਵੇਲੇ ਕਾਰਵਾਈ ਕਰਦਾ ਹੈ। ਵਿਭਾਗ ਵਲੋਂ ਦਿਨ ਵੇਲੇ ਪੂਰੀ ਬਾਹਾਂ ਵਾਲੀ ਕਮੀਜ਼ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇਸ ਤਰੀਕੇ ਨਾਲ ਹੀ ਗੰਦੇ ਪਾਣੀ ਦੇ ਨਿਕਾਸ ਦਾ ਸਵਾਲ ਹੈ। ਸੀਵਰੇਜ਼ ਸਿਸਟਮ ਕਈ ਸ਼ਹਿਰਾਂ 'ਚ ਪੁਰਾਣੇ ਹੋ ਗਏ ਹਨ। ਹੁਣ ਤਕਨੀਕਾਂ ਬਦਲ ਗਈਆਂ ਹਨ ਅਤੇ ਨਵੇਂ ਸਿਸਟਮ ਬਣਾਉਣ ਲਈ ਹਾਕਮਾਂ ਕੋਲ ਪੈਸਿਆਂ ਦੀ 'ਘਾਟ' ਹੈ। ਇਨ੍ਹਾਂ ਕੋਲ ਘੁਟਾਲੇ ਕਰਨ ਲਈ ਪੈਸਿਆਂ ਦੀ ਘਾਟ ਨਹੀਂ ਆਉਂਦੀ। ਸੀਵਰੇਜ਼ ਟਰੀਟਮੈਂਟ ਪਲਾਂਟ 'ਚੋਂ ਨਿਕਲਣ ਵਾਲੇ ਪਾਣੀ ਦਾ ਕੀ ਕਰਨਾ ਹੈ, ਇਸ ਬਾਰੇ ਵੀ ਵਿਭਾਗ ਕਦੇ ਸਪੱਸ਼ਟ ਨਹੀਂ ਹੋ ਸਕਿਆ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ 'ਚੋਂ ਨਿਕਲਣ ਵਾਲਾ ਪਾਣੀ ਖੇਤਾਂ ਨੂੰ ਲਗਾਇਆ ਜਾ ਸਕਦਾ ਹੈ ਪਰ ਕੋਈ ਵੀ ਕਿਸਾਨ ਇਸ ਪਾਣੀ ਨੂੰ ਆਪਣੇ ਖੇਤਾਂ ਨੂੰ ਲਗਾਉਣ ਲਈ ਤਿਆਰ ਹੀ ਨਹੀਂ ਹੁੰਦਾ ਕਿਉਂਕਿ ਜਿਥੇ ਕਿਤੇ ਗੰਦਾ ਪਾਣੀ ਪੈ ਰਿਹਾ ਹੁੰਦਾ ਹੈ, ਉਥੇ ਅਕਸਰ ਫਸਲ ਖਰਾਬ ਹੀ ਹੁੰਦੀ ਹੈ। ਇਸ ਬੇਵਿਸ਼ਵਾਸ਼ੀ 'ਚ ਉਹ ਟਰੀਟਮੈਂਟ ਪਲਾਂਟ ਦਾ ਪਾਣੀ ਵੀ ਆਪਣੇ ਖੇਤਾਂ 'ਚ ਨਹੀਂ ਪੈਣ ਦਿੰਦਾ। ਮੋਟੇ ਰੂਪ 'ਚ ਸਫਾਈ ਪ੍ਰਬੰਧਾਂ ਦੀ ਅਣਹੋਂਦ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਅਕਸਰ ਸਾਡਾ ਗੁੱਸਾ ਸਫਾਈ ਕਰਮਚਾਰੀਆਂ 'ਤੇ ਹੀ ਨਿੱਕਲ ਜਾਂਦਾ ਹੈ ਜਦੋਂ ਕਿ ਕੰਮ ਸਿਰਫ ਝਾੜੂ ਮਾਰਨਾ ਹੀ ਨਹੀਂ ਹੁੰਦਾ ਸਗੋਂ ਸਮੁੱਚੇ ਤੌਰ 'ਤੇ ਸਫਾਈ ਦੀ ਲੋੜ ਹੁੰਦੀ ਹੈ। ਇਸ 'ਚ ਗੰਦੇ ਪਾਣੀ ਨੂੰ ਸਮੇਟਣਾ, ਕੂੜੇ ਕਰਕਟ ਨੂੰ ਸਮੇਟਣਾ ਜਰੂਰੀ ਹੁੰਦਾ ਹੈ। ਪਿੰਡਾਂ ਦੀ ਹਾਲਤ ਹੋਰ ਵੀ ਮਾੜੀ ਹੈ। ਗੰਦਾ ਪਾਣੀ ਛੱਪੜਾਂ 'ਚ ਜਾਂਦਾ ਹੈ ਅਤੇ ਆਲੇ ਦੁਆਲੇ ਆਬਾਦੀ ਹੁੰਦੀ ਹੈ। ਕੁੱਝ ਪਿੰਡਾਂ 'ਚ ਤਕੜੇ ਲੋਕ ਬਿਮਾਰੀਆਂ ਫੈਲਣ ਦੇ ਡਰੋਂ ਇਹ ਗੰਦਾ ਪਾਣੀ ਹੋਰ ਕਿਤੇ ਜਾਣ ਵੀ ਨਹੀਂ ਦਿੰਦੇ। ਸਿੱਟੇ ਵਜੋਂ ਛੱਪੜਾਂ 'ਚ ਖੜ੍ਹਾ ਪਾਣੀ ਬਿਮਾਰੀਆਂ ਲੈਕੇ ਹੀ ਆਉਂਦਾ ਹੈ
ਬਰਸਾਤਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਹੀ ਜਰੂਰੀ ਹੈ। ਜਿਸ ਲਈ ਜਿੰਨੇ ਕੁ ਪ੍ਰਬੰਧ ਕੀਤੇ ਜਾਂਦੇ ਹਨ, ਉਹ ਬਹੁਤ ਹੀ ਨਿਗੂਣੇ ਹਨ। ਹਰ ਸਾਲ ਅੰਤਰਰਾਸ਼ਟਰੀ ਪੱਧਰ 'ਤੇ 15 ਜੂਨ ਨੂੰ ਐਟੀ ਡੇਂਗੂ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਲਈ ਬਹੁਤੀਆਂ ਥਾਵਾਂ 'ਤੇ ਸਿਵਲ ਹਸਪਤਾਲ ਦੇ ਵਿਹੜਿਆਂ 'ਚ ਹੀ ਦਵਾਈ ਲੈਣ ਆਏ ਮਰੀਜ਼ਾਂ ਨੂੰ ਰੋਕ ਕੇ ਹੀ ਉਨ੍ਹਾਂ 'ਤੇ ਭਾਸ਼ਣ ਝਾੜ ਦਿੱਤਾ ਜਾਂਦਾ ਹੈ। ਖ਼ਾਨਾਪੂਰਤੀ ਨਾਲ ਬਿਮਾਰੀਆਂ ਤੋਂ ਬਚਾਅ ਹੋ ਹੀ ਨਹੀਂ ਸਕਦਾ। ਅਖ਼ਬਾਰ 'ਚ ਇਸ਼ਤਿਹਾਰ ਦੇਣ ਨਾਲ ਸਾਡਾ ਸਰਕਾਰੀ ਤੰਤਰ ਇਹ ਸਮਝਦਾ ਹੈ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਜਰੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਅਸਲ 'ਚ ਇਸ ਦੀ ਦਸਤਕ ਆਮ ਲੋਕਾਂ ਦੇ ਘਰਾਂ 'ਚ ਦੇਣੀ ਪਵੇਗੀ ਅਤੇ ਵਕਤੀ ਤੌਰ 'ਤੇ ਬਦਲਵੇਂ ਪ੍ਰਬੰਧ ਤੱਕ ਖੜ੍ਹੇ ਪਾਣੀ ਦਾ ਇਲਾਜ ਕਰਨਾ ਪਵੇਗਾ, ਜਿਥੇ ਅਜਿਹਾ ਮੱਛਰ ਪੈਦਾ ਹੋ ਰਿਹਾ ਹੈ।
ਖ਼ੇਡਾਂ ਦੇ ਖੇਤਰ 'ਚ ਅਕਸਰ ਸਾਡੇ ਦੇਸ਼ ਦੀ ਹਾਰ ਰਹੀ ਟੀਮ ਬਾਰੇ ਕਹਿਣਗੇ ਕਿ ਜੇ ਉਹ ਫਲਾਣਾ ਦੇਸ਼ ਫਲਾਣੇ ਦੇਸ਼ ਨੂੰ ਹਰਾ ਦੇਵੇ ਤਾਂ ਸਾਡੇ ਦੇਸ਼ ਦੀ ਟੀਮ ਸੈਮੀਫਾਈਨਲ 'ਚ ਪੁੱਜ ਸਕਦੀ ਹੈ। ਬਿਗਾਨੀਆਂ ਆਸਾਂ 'ਤੇ ਜਿਉਣ ਵਾਲੇ ਲੋਕ ਕਿਵੇਂ ਕਾਮਯਾਬ ਹੋ ਸਕਦੇ ਹਨ। ਸਾਡੇ ਦੇਸ਼ ਦੇ ਹਾਕਮ ਸਫਾਈ ਦੇ ਕੰਮ ਨੂੰ ਠੀਕ ਕਰਨ ਦੀ ਥਾਂ ਇਹ ਕਹਿਣਗੇ ਕਿ ਹੁਣ ਬੱਸ ਮੌਸਮ ਠੰਢਾ ਹੋਣ ਹੀ ਵਾਲਾ ਹੈ ਅਤੇ ਇਹ ਮੱਛਰ ਆਪਣੇ ਆਪ ਮਰ ਜਾਵੇਗਾ ਜਾਂ ਬਸ ਹੁਣ ਗਰਮੀ ਵੱਧਣ ਵਾਲੀ ਹੈ ਅਤੇ ਇਹ ਬੈਕਟੀਰੀਆ ਅਤੇ ਵਾਈਰਸ ਆਪਣੇ ਆਪ ਹੀ ਮਰ ਜਾਣਗੇ। ਸਾਡੇ ਹਾਕਮ ਬਿਮਾਰੀਆਂ ਨਾਲ ਘੁਲ ਰਹੇ ਲੋਕਾਂ ਨਾਲ ਸ਼ੁਗਲ ਕਰ ਰਹੇ ਹਨ। ਹਰ ਸਾਲ ਸੀਜਨ ਦੌਰਾਨ ਫੈਲਣ ਵਾਲੀਆਂ ਅਜਿਹੀਆਂ ਹੀ ਹੋਰ ਬਿਮਾਰੀਆਂ ਸਬੰਧੀ ਅਕਸਰ ਅਜਿਹੇ ਹੀ ਬਿਆਨ ਦੇਖਣ, ਸੁਣਨ ਨੂੰ ਮਿਲ ਜਾਣਗੇ। ਹਾਕਮ ਧਿਰ ਨੂੰ ਇਸ ਗੱਲ ਦਾ ਭਲੀਭਾਂਤ ਅਹਿਸਾਸ ਹੁੰਦਾ ਹੈ ਕਿ ਉਹ ਆਪ ਅਜਿਹੀਆਂ ਬਿਮਾਰੀਆਂ ਤੋਂ ਅਕਸਰ ਬਚੇ ਹੋਏ ਰਹਿਣਗੇ ਅਤੇ ਜੇ ਕੁੱਝ ਲੋਕ ਮਰ ਵੀ ਗਏ ਤਾਂ ਉਹ ਆਪਣੇ ਆਪ ਵਿਧਾਤਾ ਦੀ ਲਿਖੀ ਹੀ ਮੰਨ ਲੈਣਗੇ। ਜਦੋਂ ਤੱਕ ਲੋਕਾਂ ਦੇ ਗੁੱਸੇ ਨੇ ਉਬਾਲਾ ਮਾਰਨਾ ਹੈ, ਉਸ ਵੇਲੇ ਤੱਕ ਬਿਮਾਰੀ ਦਾ ਸੀਜ਼ਨ ਲੰਘ ਹੀ ਜਾਵੇਗਾ।
ਡੇਂਗੂ 'ਚ ਜਿਆਦਾਤਰ ਮੌਤਾਂ ਖ਼ੂਨ ਦੀ ਘਾਟ ਕਾਰਨ ਹੀ ਹੁੰਦੀਆਂ ਹਨ। ਜਿਸ ਲਈ ਵੱਡੇ ਹਸਪਤਾਲਾਂ ਕੋਲ ਸਾਰੇ ਪ੍ਰਬੰਧ ਹਨ। ਅਜਿਹੇ ਹਸਪਤਾਲਾਂ 'ਚ ਪਲੈਟਲਿਟਸ ਘਟਣ ਦਾ ਹੱਲ ਕੀਤਾ ਜਾ ਸਕਦਾ ਹੈ ਪਰ ਸਬ ਡਵੀਜਨ ਪੱਧਰ ਦੇ ਸਰਕਾਰੀ ਹਸਪਤਾਲਾਂ 'ਚ ਅਜਿਹਾ ਪ੍ਰਬੰਧ ਹੀ ਨਹੀਂ ਹੈ। ਅਜਿਹੇ ਹਸਪਤਾਲਾਂ 'ਚ ਸਿਰਫ ਮੁਢਲੀ ਸਹਾਇਤਾ ਵਾਂਗ ਹੀ ਦਿੱਤੀ ਜਾਣ ਵਾਲੀ ਸਹੂਲਤ ਹੈ। ਸਾਡੇ ਸਿਵਲ ਹਸਪਤਾਲਾਂ 'ਚ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਯੋਗ ਪ੍ਰਬੰਧ ਨਹੀਂ ਹਨ ਤਾਂ ਇਸ ਸਥਿਤੀ 'ਚ ਸਾਡੇ ਸਮਾਜ ਦੇ ਗਰੀਬ ਵਰਗ ਲਈ ਵੱਡੀ ਮੁਸੀਬਤ ਬਣ ਜਾਂਦੀ ਹੈ। ਸਰਕਾਰੀ ਹਸਪਤਾਲਾਂ 'ਚ ਇਸ ਬਿਮਾਰੀ ਨੂੰ ਜਾਂਚਣ ਦੇ ਵੀ ਠੀਕ ਪ੍ਰਬੰਧ ਨਹੀਂ ਹਨ। ਮੁਸੀਬਤ ਮਾਰੇ ਲੋਕ ਉਧਾਰੇ ਪੈਸੇ ਫੜ ਕੇ ਇਲਾਜ ਕਰਵਾਉਣ ਦੇ ਚੱਕਰਾਂ 'ਚ ਪੈ ਰਹੇ ਹਨ ਅਤੇ ਸਰਕਾਰੀ ਤੰਤਰ ਇਨ੍ਹਾਂ ਨੂੰ ਆਪਣੀ ਬਾਂਹ ਹੀ ਨਹੀਂ ਫੜਾਉਂਦਾ। ਲੋਕ ਬੱਕਰੀ ਦਾ ਦੁੱਧ ਮਹਿੰਗੇ ਭਾਅ 'ਤੇ ਖਰੀਦ ਰਹੇ ਹਨ ਅਤੇ ਕਦੇ ਉਨ੍ਹਾਂ ਨੂੰ ਖਾਸ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਹੜਾ ਹਰ ਇੱਕ ਦੇ ਪਹੁੰਚ 'ਚ ਹੀ ਨਹੀਂ ਹੈ।
ਕਹਿਣ ਨੂੰ ਇਸ ਬਿਮਾਰੀ ਨੂੰ ਜਾਨਣ ਲਈ ਪੀਸੀਆਰ ਟੈਸਟ, ਵਾਈਰਲ ਐਟੀਜਨ ਡੀਟੈਕਸ਼ਨ, ਸੈਲ ਕਲਚਰ ਵੀ ਕੀਤਾ ਜਾ ਸਕਦਾ ਹੈ। ਇਹ ਕੁੱਝ ਅਜਿਹੇ ਟੈਸਟ ਹਨ, ਜਿਥੋਂ ਇਸ ਬਿਮਾਰੀ ਨੂੰ ਠੀਕ ਕਰਨ ਲਈ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਹੜੀ ਦਵਾਈ ਵਧੀਆ ਨਤੀਜੇ ਦੇ ਸਕਦੀ ਹੈ ਅਤੇ ਕੀ ਬਿਮਾਰੀ ਸਰੀਰ ਦੇ ਅੰਦਰ ਹੈ ਕਿ ਨਹੀਂ। ਇਹ ਟੈਸਟ ਆਮ ਲੋਕ ਕਰਵਾ ਹੀ ਨਹੀਂ ਸਕਦੇ। ਸਿਹਤ ਸਿਸਟਮ ਦੇ ਹੋ ਰਹੇ ਵਪਾਰੀਕਰਨ ਕਾਰਨ ਸਿਹਤ ਸਹੂਲਤਾਂ ਤੋਂ ਆਮ ਲੋਕ ਵਾਂਝੇ ਹੋ ਰਹੇ ਹਨ। ਵਪਾਰੀਕਰਨ ਇਥੋਂ ਤੱਕ ਹੋ ਗਿਆ ਹੈ ਕਿ ਇਸ 'ਚ ਬਰਾਂਡ ਕੰਮ ਕਰਨ ਲੱਗੇ ਹਨ। ਜਿਵੇਂ ਆਪ ਕਿਸੇ ਮਾਰਕੇ ਦੀ ਚੀਜ਼ ਖਰੀਦ ਰਹੇ ਹੋਈਏ, ਉਸ ਤਰ੍ਹਾਂ ਹੀ ਹਸਪਤਾਲ ਦੇ ਵੀ ਮਾਰਕੇ ਚੱਲਦੇ ਹਨ ਅਤੇ ਇਹ ਮਾਰਕੇ ਵਾਲੇ ਵੱਡੇ ਸ਼ਹਿਰਾਂ 'ਚ ਵੱਡੇ-ਵੱਡੇ ਹਸਪਤਾਲ ਖੋਲ੍ਹ ਰਹੇ ਹਨ, ਜਿਥੇ ਖਾਂਦੇ ਪੀਦੇ ਲੋਕ ਇਲਾਜ਼ ਕਰਵਾ ਰਹੇ ਹਨ ਅਤੇ ਗਰੀਬ ਲੋਕ ਇਨ੍ਹਾਂ ਹਸਪਤਾਲਾਂ ਦੇ ਅੱਗੋ ਤਾਂ ਲੰਘ ਸਕਦੇ ਹਨ ਪਰ ਇਸ ਦੇ ਅੰਦਰ ਨਹੀਂ ਜਾ ਸਕਦੇ। ਲੋਕਾਂ ਦੀਆਂ ਅੱਖਾਂ ਪੂੰਝਣ ਲਈ ਸਰਕਾਰੀ ਹਸਪਤਾਲਾਂ 'ਚ ਥੋੜੀ ਬਹੁਤ ਸਹੂਲਤ ਦਿੱਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦਾ ਗੁੱਸਾ ਸਰਕਾਰ ਦੇ ਖਿਲਾਫ ਇੱਕਦਮ ਨਾ ਹੋ ਜਾਵੇ। ਆਓ ਆਪਾਂ ਆਪੋ ਆਪਣੀਆਂ ਜਥੇਬੰਦੀਆਂ ਦੇ ਪਲੇਟਫਾਰਮ ਤੋਂ ਸਰਕਾਰ ਦੇ ਸਿਸਟਮ ਵਿਰੁੱਧ ਅਵਾਜ਼ ਬੁਲੰਦ ਕਰੀਏ ਤਾਂ ਜੋ ਆਮ ਗਰੀਬ ਲੋਕਾਂ ਨੂੰ ਵੀ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ। 

No comments:

Post a Comment