Saturday, 17 October 2015

ਪ੍ਰਗਤੀਸ਼ੀਲ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਬੁੱਧੀਜੀਵੀਆਂ ਦੇ ਕਤਲ ਹਿੰਦੂ ਫਾਸ਼ੀਵਾਦ ਦਾ ਘਿਨੌਣਾ ਚਿਹਰਾ

ਇੰਦਰਜੀਤ ਚੁਗਾਵਾਂ 
ਉਘੇ ਕੰਨੜ ਲੇਖਕ ਤੇ ਤਰਕਸ਼ੀਲ ਡਾ. ਐਮ.ਐਮ. ਕਲਬੁਰਗੀ ਦੇ ਕਤਲ ਨੇ ਇਕ ਵਾਰ ਫੇਰ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੇ ਫਾਸ਼ੀਵਾਦ ਵੱਲ ਚੇਤੰਨ ਲੋਕਾਂ ਦਾ ਧਿਆਨ ਖਿੱਚਿਆ ਹੈ। ਕਰਨਾਟਕ ਦੇ ਸਭ ਤੋਂ ਵੱਡੇ ਲਿੰਗਾਇਤ ਭਾਈਚਾਰੇ 'ਚ ਪ੍ਰਚਲਤ ਵਿਤਕਰੇ ਭਰਪੂਰ ਰਵਾਇਤਾਂ ਅਤੇ ਮੂਰਤੀ ਪੂਜਾ ਵਿਰੁੱਧ ਲਿਖਣ ਵਾਲੇ ਡਾ. ਕਲਬੁਰਗੀ ਨੂੰ ਧਾਰਵਾੜ 'ਚ ਉਨ੍ਹਾਂ ਦੇ ਘਰ ਅੰਦਰ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਕੰਨੜ ਸਾਹਿਤਕਾਰਾਂ ਦੇ ਇਕ ਹਿੱਸੇ ਨੇ ਸਰਕਾਰ ਨੂੰ ਯਾਦ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਡਾ. ਕਲਬੁਰਗੀ ਦੇ ਕਤਲ 'ਚ ਹਿੰਦੂ ਕੱਟੜਪੰਥੀ ਜਥੇਬੰਦੀ ਸ਼੍ਰੀਰਾਮ ਸੇਨੇ ਦੇ ਰੋਲ ਦੀ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸਾਹਿਤਕਾਰਾਂ ਵਲੋਂ ਇਹ ਮੰਗ ਕੀਤੇ ਜਾਣ ਤੋਂ ਬਾਅਦ ਸ਼੍ਰੀਰਾਮ ਸੇਨੇ ਦੇ ਦੋ ਸਰਗਰਮ ਕਾਰਕੁੰਨਾਂ ਨੇ ਉਨ੍ਹਾਂ ਸਾਹਿਤਕਾਰਾਂ ਨੂੰ ਗੰਭੀਰ ਸਿੱਟੇ ਭੁਗਤਣ ਦੀ ਧਮਕੀ ਵੀ ਦੇ
ਦਿੱਤੀ ਹੈ।
ਇਸੇ ਤਰ੍ਹਾਂ ਇਕ ਹੋਰ ਕੰਨੜ ਲੇਖਕ ਤੇ ਤਰਕਸ਼ੀਲ ਕੇ.ਐਸ. ਭਗਵਾਨ ਨੂੰ ਵੀ ਧਰਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਰਨਾਟਕ ਸਾਹਿਤ ਅਕਾਦਮੀ ਨੇ ਕੇ.ਐਸ.ਭਗਵਾਨ ਨੂੰ ਆਪਣਾ 2013 ਦਾ 'ਜੀਵਨ ਪ੍ਰਾਪਤੀ ਪੁਰਸਕਾਰ' ਦਿੱਤਾ ਹੈ। ਸਾਹਿਤ ਅਕਾਦਮੀ ਨੂੰ ਵੀ ਇਸ ਚੋਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਵੱਖਰਿਆਂ ਕਰਕੇ ਨਹੀਂ ਦੇਖਿਆ ਜਾ ਸਕਦਾ। ਇਹ ਤਾਂ ਚਿਰਾਂ ਤੋਂ ਸਿਰ ਚੁੱਕ ਰਹੇ ਫਾਸ਼ੀਵਾਦੀ ਸਿਲਸਿਲੇ ਦਾ ਹਿੱਸਾ ਹਨ ਜਿਸ ਦਾ ਨੰਗਾ ਚਿੱਟਾ ਪ੍ਰਗਟਾਵਾ ਅਯੁਧਿਆ 'ਚ ਬਾਬਰੀ ਮਸਜਿੱਦ ਨੂੰ ਡੇਗੇ ਜਾਣ ਦੇ ਰੂਪ ਵਿਚ ਹੋਇਆ ਸੀ। ਅਯੁੱਧਿਆ 'ਚ ਵਾਪਰੇ ਇਸ ਕਾਂਡ ਤੋਂ ਬਾਅਦ ਰਾਮ ਮੰਦਰ ਦੀ ਉਸਾਰੀ ਤੇ ਇਕਸਾਰ ਨਾਗਰਿਕ ਜਾਬਤੇ ਦੇ ਨਾਂਅ 'ਤੇ ਦੇਸ਼ ਅੰਦਰ ਹਿੰਦੂ ਕੱਟੜਪੰਥੀਆਂ, ਜਿਨ੍ਹਾਂ ਦੀ ਵਾਗਡੋਰ ਆਰ.ਐਸ.ਐਸ. ਦੇ ਹੱਥ ਹੈ, ਨੇ ਘੱਟ ਗਿਣਤੀਆਂ 'ਤੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ। ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਬਲਾਤਕਾਰ, ਜਿਊਂਦੇ ਸਾੜ ਦੇਣ, ਫਿਰਕੂ ਦੰਗਿਆਂ ਰਾਹੀਂ ਵਹਿਸ਼ੀਆਨਾ ਕਤਲੋਗਾਰਤ ਦੇ ਹਥਿਆਰ ਲਗਾਤਾਰ ਵਰਤੇ ਜਾ ਰਹੇ ਹਨ। ਆਸਟਰੇਲੀਆਈ ਮੂਲ ਦੇ ਪਾਦਰੀ ਨੂੰ ਉੜੀਸਾ 'ਚ ਉਸ ਦੇ ਦੋ ਬੱਚਿਆਂ ਸਮੇਤ ਜਿਊਂਦੇ ਸਾੜ ਦੇਣ ਅਤੇ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ 'ਚ ਹੋਈ ਮੁਸਲਮਾਨਾਂ ਦੀ ਕਤਲੋਗਾਰਤ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ।
 ਫਾਸ਼ੀਵਾਦੀ ਤਾਕਤਾਂ ਨੇ ਇਨ੍ਹਾਂ ਹਥਿਆਰਾਂ ਦੇ ਨਾਲ ਨਾਲ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਖਾਤਮੇ ਦਾ ਵੀ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਜਿਹੜਾ ਵੀ ਹਨੇਰਬਿਰਤੀਵਾਦ, ਬੁਨਿਆਦਪ੍ਰਸਤੀ ਜਾਂ ਵਹਿਮਾਂ-ਭਰਮਾਂ ਖਿਲਾਫ ਆਵਾਜ਼ ਬੁਲੰਦ ਕਰਦਾ ਹੈ, ਭਾਵੇਂ ਉਹ ਲੇਖਣੀ ਦੇ ਰੂਪ ਵਿਚ ਹੋਵੇ ਜਾਂ ਨਾਟਕਾਂ ਦੇ ਰੂਪ ਵਿਚ, ਉਸ ਨੂੰ ਪਹਿਲਾਂ ਤਾਂ ਡਰਾਇਆ ਧਮਕਾਇਆ ਜਾਂਦਾ ਹੈ ਤੇ ਜੇ ਉਹ ਫਿਰ ਵੀ ਪਿੱਛੇ ਨਹੀਂ ਹਟਦਾ ਤਾਂ ਉਸ ਉਪਰ ਹਮਲਾ ਕਰ ਦਿੱਤਾ ਜਾਂਦਾ ਹੈ। ਨਰਿੰਦਰ ਦਭੋਲਕਰ ਦਾ ਕਤਲ ਇਸੇ ਮੁੰਿਹੰਮ ਦਾ ਹਿੱਸਾ ਸੀ।
ਦਭੋਲਕਰ ਨੇ 12 ਸਾਲ ਡਾਕਟਰ ਵਜੋਂ ਕੰਮ ਕਰਨ ਬਾਅਦ 1980ਵਿਆਂ 'ਚ ਇਕ ਸਮਾਜ ਸੇਵਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹ ਬਾਬਾ ਆਧਵ ਦੇ 'ਇਕ ਪਿੰਡ-ਇਕ ਖੂਹ' ਅੰਦੋਲਨ 'ਚ ਸ਼ਾਮਲ ਹੋ ਗਿਆ। ਉਸ ਨੇ ਵਹਿਮਾਂ ਭਰਮਾਂ ਤੇ ਅੰਨ੍ਹੀ ਸ਼ਰਧਾ  ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਅਤੇ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸੰਮਤੀ ਦਾ ਗਠਨ ਕੀਤਾ। ਉਸ ਨੇ ਅਖੌਤੀ ਤਾਂਤਰਿਕਾਂ, ਸਾਧਾਂ, ਬਾਬਿਆਂ ਨੂੰ ਚੁਣੌਤੀ ਦਿੱਤੀ, ਜਿਹੜੇ ਬਿਮਾਰੀਆਂ ਦੇ ਚਮਤਕਾਰੀ ਇਲਾਜ ਦਾ ਦਾਅਵਾ ਕਰਦੇ ਸਨ। ਉਸ ਨੇ ਮਹਾਰਾਸ਼ਟਰ 'ਚ ਵਹਿਮਾਂ ਭਰਮਾਂ, ਜਾਦੂ ਟੂਣਿਆਂ ਖਿਲਾਫ ਕਾਨੂੰਨ ਬਣਾਏ ਜਾਣ ਲਈ ਸੰਘਰਸ਼ ਕੀਤਾ ਜਿਸਦਾ ਭਾਜਪਾ ਤੇ ਸ਼ਿਵ ਸੈਨਾ ਵਰਗੀਆਂ ਫਿਰਕਾਪ੍ਰਸਤ ਪਾਰਟੀਆਂ ਨੇ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਇਸ ਨਾਲ ਹਿੰਦੂ ਸੱਭਿਆਚਾਰ, ਕਦਰਾਂ, ਰਵਾਇਤਾਂ 'ਤੇ ਬੁਰਾ ਅਸਰ ਪਵੇਗਾ। ਦਭੋਲਕਰ ਦੀ ਅਗਵਾਈ ਹੇਠ ਉਸ ਦੀ ਸੰਸਥਾ ਨੇ ਜਾਦੂ-ਟੂਣਾ ਵਿਰੋਧੀ ਬਿਲ ਤਿਆਰ ਕੀਤਾ ਉਸ ਦੇ ਜਿਊਂਦਿਆਂ ਵਿਧਾਨ  ਸਭਾ 'ਚ ਸੱਤ ਵਾਰ ਪੇਸ਼ ਕੀਤੇ ਜਾਣ ਦੇ ਬਾਵਜੂਦ ਬਿੱਲ 'ਤੇ ਬਹਿਸ ਨਹੀਂ ਹੋਈ ਅਤੇ 20 ਅਗਸਤ 2013 ਨੂੰ ਦਭੋਲਕਰ ਦੇ ਕਤਲ ਤੋਂ ਇਕ ਦਿਨ ਬਾਅਦ ਇਹ ਬਿੱਲ ਪਾਸ ਕਰ ਦਿੱਤਾ ਗਿਆ। ਦਭੋਲਕਰ ਜਾਦੂ-ਟੂਣਿਆਂ, ਵਹਿਮਾਂ-ਭਰਮਾਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਦਾ ਸੀ, ਲੋਕਾਂ ਨੂੰ ਤਰਕ ਨਾਲ ਜਿਊਣ-ਸੋਚਣ ਦਾ ਵੱਲ ਸਿਖਾਉਂਦਾ ਸੀ ਪਰ ਹਿੰਦੂ ਕੱਟੜਪੰਥੀਆਂ ਨੂੰ ਇਹ ਵੀ ਬਰਦਾਸ਼ਤ ਨਹੀਂ ਸੀ।
ਦਭੋਲਕਰ ਦੇ ਕਤਲ ਖਿਲਾਫ ਦੇਸ਼ ਭਰ 'ਚ ਆਵਾਜ਼ ਬੁਲੰਦ ਹੋਈ ਪਰ ਉਸ ਦੇ ਕਾਤਲ ਅਜੇ ਵੀ ਕਾਨੂੰਨ ਦੀ ਪਕੜ 'ਚ ਨਹੀਂ ਆਏ। ਸਿੱਟੇ ਵਜੋਂ ਫਾਸ਼ੀਵਾਦੀ ਤਾਕਤਾਂ ਦੇ ਹੌਸਲੇ ਹੋਰ ਬੁਲੰਦ ਹੋਏ ਦਭੋਲਕਰ ਤੋਂ ਬਾਅਦ ਪ੍ਰਗਤੀਸ਼ੀਲ ਲੇਖਕਾਂ/ਕਾਰਕੁੰਨਾਂ 'ਤੇ ਹਮਲਿਆਂ ਦੀ ਲੜੀ 'ਚ ਨਾਂ ਜੁੜਿਆ ਗੋਵਿੰਦ ਪਨਸਾਰੇ ਦਾ।
ਗੋਵਿੰਦ ਪਨਸਾਰੇ ਵੀ ਇਕ ਤਰਕਸੀਲ, ਸੀ.ਪੀ.ਆਈ. ਦੇ ਆਗੂ ਸਨ।  ਵਹਿਮਾਂ-ਭਰਮਾਂ ਖਿਲਾਫ਼ ਮੁਹਿੰਮ ਦੇ ਨਾਲ ਨਾਲ ਵਿਗਾੜ ਕੇ ਪੇਸ਼ ਕੀਤੀ ਜਾ ਰਹੀ  ਕੌਮੀ ਨਾਇਕਾਂ ਦੀ ਅਸਲ ਦਿੱਖ ਨੂੰ ਲੋਕਾਂ ਅੱਗੇ ਪੇਸ਼ ਕਰਨਾ ਵੀ ਉਨ੍ਹਾਂ ਦੀ ਮੁਹਿੰਮ ਦਾ ਇਕ ਹਿੱਸਾ ਸੀ। ਹਿੰਦੂ ਸੱਜ-ਪਿਛਾਖੜੀ ਉਨ੍ਹਾਂ ਨੂੰ ਜਿਸ ਕਾਰਨ ਆਪਣਾ ਦੁਸ਼ਮਣ ਸਮਝਦੇ ਸਨ, ਉਨ੍ਹਾਂ 'ਚੋਂ ਇਕ ਮਹਾਰਾਸ਼ਟਰ ਦੇ ਨਾਇਕ ਸ਼ਿਵਾ ਜੀ ਬਾਰੇ ਉਨ੍ਹਾਂ ਦੇ ਵਿਚਾਰ ਸਨ। ਆਰ.ਐਸ.ਐਸ. ਸ਼ਿਵਾ ਜੀ, ਜਿਸ ਨੂੰ ਉਹ 'ਹਿੰਦੂ ਹਿਰਦੇ ਸਮਰਾਟ' ਕਹਿਣ 'ਚ ਮਾਣ ਮਹਿਸੂਸ ਕਰਦੇ ਹਨ, ਦੀ ਦਿੱਖ ਨੂੰ ਹਮੇਸ਼ਾ ਮੁਸਲਿਮ ਵਿਰੋਧੀ ਆਗੂ ਦੇ ਰੂਪ ਵਿਚ ਪੇਸ਼ ਕਰਦੀ ਆ ਰਹੀ ਹੈ ਜਿਸ ਵਿਚ ਉਹ ਸਫਲ ਵੀ ਹੋਈ ਹੈ। ਆਰ.ਐਸ.ਐਸ. ਜਾਂ ਉਸ ਦੇ ਪਰਾਂ ਹੇਠਲੀਆਂ ਹੋਰ ਜਥੇਬੰਦੀਆਂ ਨੇ ਹਮੇਸ਼ਾਂ ਸ਼ਿਵਾ ਜੀ ਦੇ ਉਨ੍ਹਾਂ ਦਿਓ ਕੱਦ ਪੋਸਟਰਾਂ ਦੀ ਵਰਤੋਂ ਕੀਤੀ ਹੈ ਜਿਨ੍ਹਾਂ 'ਚ ਉਸ ਨੂੰ ਅਫਜ਼ਲ ਖਾਨ ਦੇ ਛੁਰਾ ਮਾਰਦੇ ਹੋਏ ਦਿਖਾਇਆ ਜਾਂਦਾ ਹੈ। ਇਸ ਇਤਿਹਾਸਕ ਘਟਨਾ ਦੀ ਵਰਤੋਂ ਸੰਘ ਵਲੋਂ ਮੁਸਲਮਾਨਾਂ ਨੂੰ ਗੱਦਾਰ ਦੇ ਰੂਪ 'ਚ ਪੇਸ਼ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਉਲਟ ਗੋਬਿੰਦ ਪਨਸਾਰੇ ਨੇ ਆਪਣੀ ਕਿਤਾਬ 'ਸ਼ਿਵਾ ਜੀ ਕੌਣ ਹੋਤਾ' (ਸ਼ਿਵਾ ਜੀ ਕੌਣ ਸਨ) ਵਿਚ ਉਨ੍ਹਾਂ ਦੀ ਇਸ ਦਿੱਖ ਨੂੰ ਤੋੜਦਿਆਂ ਲਿਖਿਆ ਹੈ ਕਿ ਸ਼ਿਵਾਜੀ ਕੇਵਲ ਇਸ ਲਈ ਹਰਮਨ ਪਿਆਰੇ ਨਹੀਂ ਸਨ ਹੋਏ ਕਿ ਉਹ ਇਕ ਹਿੰਦੂ ਸਮਰਾਟ ਸਨ, ਸਗੋਂ ਇਸ ਕਾਰਨ ਮਸ਼ਹੂਰ ਹੋਏ ਸਨ ਕਿ ਉਹਨਾਂ ਨੇ ਇਨਸਾਫ ਲਈ ਜੰਗ ਲੜੀ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਅਤੇ ਸਵਰਾਜ ਦਾ ਸੁਪਨਾ ਸੱਚ ਕਰਨ ਲਈ ਜਾਤੀ ਤੇ ਭਾਈਚਾਰੇ ਦੇ ਭਿੰਨ-ਭੇਦ ਨੂੰ ਪਾਸੇ ਰੱਖਕੇ ਜੰਗਜੂਆਂ ਦੀ ਭਰਤੀ ਆਪਣੀ ਫੌਜ ਵਿਚ ਕੀਤੀ ਸੀ। ਮੁਸਲਿਮ ਵਿਰੋਧੀ ਏਜੰਡਾ ਲੈ ਕੇ ਤੁਰੇ ਸੰਘ ਪਰਿਵਾਰ ਨੂੰ ਸ਼ਿਵਾ ਜੀ ਦੀ ਧਰਮ ਨਿਰਪੱਖ ਦਿਖ ਹਜ਼ਮ ਨਹੀਂ ਹੋਈ।
ਆਪਣੇ ਕਤਲ ਤੋਂ ਕੋਈ ਇਕ ਮਹੀਨਾ ਪਹਿਲਾਂ ਗੋਬਿੰਦ ਪਨਸਾਰੇ ਨੇ ਸ਼ਿਵਾਜੀ ਯੂਨੀਵਰਸਿਟੀ ਕੋਹਲਾਪੁਰ 'ਚ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲੇ ਨੱਥੂ ਰਾਮ ਗੋਡਸੇ ਦੀ ਵਡਿਆਈ 'ਚ ਹੋ ਰਹੇ ਵਾਧੇ ਵਿਰੁੱਧ ਭਾਸ਼ਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲਾ ਨੱਥੂਰਾਮ ਗੋਡਸੇ ਆਰ.ਐਸ.ਐਸ. ਦਾ ਵਰਕਰ ਸੀ। ਉਨ੍ਹਾਂ ਦੇ ਇਹ ਕਹਿਣ 'ਤੇ ਭਾਸ਼ਣ ਦੌਰਾਨ ਹੀ ਭਾਜਪਾ ਦੇ ਯੂਥ ਵਿੰਗ ਦਾ ਇਕ ਨੌਜਵਾਨ ਹਾਲ 'ਚ ਉਠ ਕੇ ਖਲੋ ਗਿਆ ਤੇ ਉਸ ਨੇ ਪਨਸਾਰੇ 'ਤੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ।
ਗੋਵਿੰਦ ਪਨਸਾਰੇ ਨੇ ਹਿੰਦੂ ਕੱਟੜਪੰਥੀ ਜਥੇਬੰਦੀ ਸਨਾਤਨ ਸੰਸਥਾ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਸੀ। ਇਸੇ ਸੰਸਥਾ ਦਾ ਇਕ ਕਾਰਕੁੰਨ ਸਮੀਰ ਗਾਇਕਵਾੜ 16 ਸਤੰਬਰ 2015 ਨੂੰ ਪਨਸਾਰੇ ਦੇ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਉਹੀ ਸਨਾਤਨ ਸੰਸਥਾ ਹੈ ਜਿਸ ਵਿਰੁੱਧ ਮਾਲੇਗਾਉਂ ਤੇ ਗੋਆ 'ਚ ਹੋਏ ਧਮਾਕਿਆਂ ਦੇ ਸਬੰਧ 'ਚ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ। ਸਮੀਰ ਗਾਇਕਵਾੜ ਦੀ ਗ੍ਰਿਫਤਾਰੀ ਤੋਂ ਬਾਅਦ ਸਨਾਤਨ ਸੰਸਥਾ 'ਤੇ ਪਾਬੰਦੀ ਲਾਉਣ ਦੀ ਮੰਗ ਨੂੰ ਗੋਆ ਸਰਕਾਰ ਨੇ ਦਰਕਿਨਾਰ ਕਰ ਦਿੱਤਾ ਹੈ।
ਨਰਿੰਦਰ ਮੋਦੀ ਦੀ ਅਗਵਾਈ ਹੇਠ ਸੱਤਾ 'ਚ ਆਉਣ ਤੋਂ ਬਾਅਦ ਫਿਰਕੂ ਜਨੂੰਨੀਆਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋਏ ਹਨ। ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ, ਇਥੋਂ ਤੱਕ ਕਿ ਸੰਵਿਧਾਨ ਨਾਲ ਛੇੜ-ਛਾੜ ਦੀਆਂ ਗਿਣੀਆਂ ਮਿੱਥੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦੇਸ਼ ਦੇ ਪ੍ਰਮੁੱਖ ਅਦਾਰਿਆਂ 'ਤੇ ਸੰਘ ਦੇ ਆਪਣੇ ਬੰਦੇ ਬਿਠਾਏ ਜਾ ਰਹੇ ਹਨ। ਪਰਸਾਰ ਭਾਰਤੀ ਦਾ ਮੁੱਖੀ ਇਕ ਅਜਿਹੇ ਸਾਬਕਾ ਪੱਤਰਕਾਰ ਤੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਮੈਂਬਰ ਨੂੰ ਬਣਾ ਦਿੱਤਾ ਗਿਆ ਹੈ ਜਿਸਨੇ ਸਤੰਬਰ 2007 'ਚ 'ਪਾਇਨੀਰ' ਲਈ ਲਿਖੇ ਆਪਣੇ ਸੰਪਾਦਕੀ 'ਚ ਇਨ੍ਹਾਂ 'ਬੁਰਛਾਗਰਦਾਂ ਨੂੰ ਫਾਹੇ ਲਾਓ', 'ਚ ਲਿਖਿਆ ਸੀ ''ਭਾਰਤੀ ਬਹੁਤ ਹੀ ਧਾਰਮਿਕ ਵਿਸ਼ਵਾਸਾਂ ਵਾਲੇ ਲੋਕ ਹਨ ਅਤੇ ਰੱਬ ਨੂੰ ਨਾ ਮੰਨਣ ਵਾਲਿਆਂ ਨੂੰ ਧਾਰਮਕ ਵਿਸ਼ਵਾਸਾਂ ਬਾਰੇ ਮੰਦਭਾਵਨਾ ਵਾਲੀਆਂ ਟਿੱਪਣੀਆਂ ਰਾਹੀਂ ਕੌਮੀ ਜੀਵਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਰੱਬ ਨੂੰ ਨਾ ਮੰਨਣ ਵਾਲੇ ਮੁੱਠੀ ਭਰ ਲੋਕ ਹਨ।'' ਕੀ ਪ੍ਰਧਾਨ ਮੰਤਰੀ ਨੂੰ ਇਸ ਨਿਯੁਕਤੀ ਵੇਲੇ ਇਸ ਬੰਦੇ ਦੇ ਪਿਛੋਕੜ ਬਾਰੇ ਨਹੀਂ ਸੀ ਪਤਾ ਜਿਹੜਾ ਦਭੋਲਕਰ ਤੇ ਪਨਸਾਰੇ ਨੂੰ ਅਪਰਾਧੀਆਂ ਦੇ ਬਰਾਬਰ ਰੱਖਦਾ ਹੈ? ਪ੍ਰਧਾਨ ਮੰਤਰੀ ਇਹ ਬਿਆਨ ਤਾਂ ਦੇ ਚੁੱਕੇ ਹਨ ਕਿ ਧਾਰਮਿਕ ਅਸਹਿਣਸ਼ੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰ ਕੁੱਝ ਮਹੀਨੇ ਪਹਿਲਾਂ ਰਾਜ ਸਭਾ ਨੂੰ ਜਦ ਮੈਂਬਰਾਂ ਨੇ ਘਰ ਵਾਪਸੀ ਜਾਂ ਮੁੜ ਧਰਮ ਤਬਦੀਲੀ ਦੇ ਨਾਂਅ 'ਤੇ ਚਲਾਈ ਜਾ ਰਹੀ ਦਹਿਸ਼ਤਪਾਊ ਮੁਹਿੰਮ ਦੀ ਨਿਖੇਧੀ ਕਰਨ ਲਈ ਕਿਹਾ ਸੀ ਤਾਂ ਉਨ੍ਹਾਂ ਇਸ ਵਿਰੁੱਧ ਇਕ ਲਫਜ਼ ਵੀ ਨਹੀਂ ਸੀ ਕਿਹਾ। ਜੇ ਉਹ ਰਾਜ ਸਭਾ 'ਚ ਬੋਲਦੇ ਤਾਂ ਸੰਦੇਸ਼ ਹੋਰ ਜਾਣਾ ਸੀ। ਉਹ ਇਸ ਨਫਰਤ ਦੀ ਹਨੇਰੀ ਨੂੰ ਠੱਲ੍ਹ ਸਕਦੇ ਸਨ ਪਰ ਅਜਿਹਾ ਹੋਇਆ ਨਹੀਂ। ਕਤਲਾਂ, ਹਮਲਿਆਂ ਦਾ ਸਿਲਸਿਲਾ ਹੋਰ ਤੇਜ਼ ਹੋਇਆ ਹੈ।
ਇਹ ਮਾਨਸਿਕਤਾ ਉਸ ਕਰੂਪ ਵਿਅਕਤੀ ਵਾਲੀ ਹੈ ਜਿਹੜਾ ਸ਼ੀਸ਼ੇ ਵਿਚ ਆਪਣੀ ਕਰੂਪਤਾ ਦੇਖ ਕੇ ਸ਼ੀਸ਼ੇ ਨੂੰ ਦੋਸ਼ੀ ਮੰਨ ਬੈਠਦਾ ਹੈ ਤੇ ਸ਼ੀਸ਼ਾ ਤੋੜ ਦਿੰਦਾ ਹੈ ਪਰ ਸ਼ੀਸ਼ੇ ਦੇ ਹੋਏ ਸੈਂਕੜੇ ਟੁਕੜਿਆਂ 'ਚੋਂ ਉਸ ਨੂੰ ਆਪਣੇ ਇਕ ਨਹੀਂ ਸੈਂਕੜੇ ਬਿੰਬ ਦਿਖਾਈ ਦੇਣ ਲਗ ਜਾਂਦੇ ਹਨ। ਇਸੇ ਤਰ੍ਹਾਂ ਜਦ ਕੋਈ ਪ੍ਰਗਤੀਸ਼ੀਲ ਲੇਖਕ ਜਾਂ ਕਾਰਕੁੰਨ ਹਨੇਰਬਿਰਤੀਵਾਦੀਆਂ, ਫਿਰਕੂ ਕੱਟੜਪੰਥੀਆਂ ਨੂੰ ਆਪਣੀ ਲੇਖਣੀ ਜਾਂ ਸਰਗਰਮੀਆਂ ਰਾਹੀਂ ਸ਼ੀਸ਼ਾ ਦਿਖਾਉਂਦਾ ਹੈ ਤਾਂ ਉਹ ਉਸ ਸ਼ੀਸ਼ੇ (ਲੇਖਕ) ਨੂੰ ਖਤਮ ਕਰਕੇ ਸੋਚਦੇ ਹਨ ਕਿ ਉਹਨਾਂ ਦੀ ਕਰੂਪਤਾ ਖਤਮ ਹੋ ਗਈ ਹੈ ਜਦ ਉਨ੍ਹਾਂ ਦੇ ਇਸ ਕਾਰੇ ਵਿਰੁੱਧ ਇਕ ਨਹੀਂ, ਅਨੇਕਾਂ ਲੇਖਕ/ਕਾਰਕੁੰਨ ਪੈਦਾ ਹੋ ਜਾਂਦੇ ਹਨ ਤਾਂ ਹੋਰ ਬੁਖਲਾ ਉਠਦੇ ਹਨ।
ਇੱਥੇ ਯਾਦ ਆਉਂਦੀ ਹੈ ਇਟਲੀ ਦੇ ਮਹਾਨ ਭੌਤਿਕ ਵਿਗਿਆਨੀ ਗਲਿਲਿਓ ਦੀ ਜਿਸ ਨੇ ਇਹ ਸਿੱਧ ਕਰਕੇ ਦਿਖਾ ਦਿੱਤਾ ਸੀ ਕਿ ਸੂਰਜ ਧਰਤੀ ਦੁਆਲੇ ਨਹੀਂ, ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਪਰ ਈਸਾਈ ਚਰਚ ਨੂੰ ਇਹ ਗਲ ਬਰਦਾਸ਼ਤ ਨਹੀਂ ਸੀ। ਇਸ ਮਹਾਨ ਕਾਰਜ ਲਈ ਸਨਮਾਨਿਤ ਕਰਨ ਦੀ ਥਾਂ ਗਲਿਲਿਓ 'ਤੇ ਮੁਕੱਦਮਾ ਚਲਾਕੇ ਆਪਣੀ ਖੋਜ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਕੇ ਅੱਠ ਸਾਲ ਘਰ 'ਚ ਨਜ਼ਰਬੰਦ ਰੱਖਿਆ ਗਿਆ। ਗਲਿਲਿਓ ਦੀ ਮੌਤ ਇਸ ਨਜ਼ਰਬੰਦੀ ਦੌਰਾਨ 1642 'ਚ 77 ਸਾਲ ਦੀ ਉਮਰ 'ਚ ਹੋਈ ਸੀ। ਗਲਿਲਿਓ ਦੀ ਮੌਤ ਤੋਂ 350 ਸਾਲ ਤੋਂ ਵੀ ਵੱਧ ਸਮਾਂ ਬਾਅਦ ਚਰਚ ਨੇ ਇਹ ਗੱਲ ਮੰਨੀ ਕਿ ਗਲਿਲਿਓ ਸਹੀ ਸੀ। ਚਰਚ ਨੇ ਇਹ ਤਾਂ ਭਾਵੇਂ ਮੰਨ ਲਿਆ ਹੈ ਕਿ ਗਲਿਲਿਓ ਸਹੀ ਸੀ। ਪਰ ਕੀ ਉਸ ਦੀ ਪਹੁੰਚ ਵਿਚ, ਉਸ ਦੇ ਨਜ਼ਰੀਏ 'ਚ ਕੋਈ ਤਬਦੀਲੀ ਆਈ ਹੈ, ਸ਼ਾਇਦ ਨਹੀਂ।
ਇਹੋ ਹਾਲ ਹਿੰਦੂ ਜਾਂ ਹੋਰ ਕਿਸੇ ਵੀ ਧਰਮ ਨਾਲ ਸਬੰਧਤ ਕੱਟੜਪੰਥੀਆਂ ਦਾ ਹੈ। ਉਹ ਬਿਆਨਬਾਜ਼ੀ ਵਿਚ ਤਾਂ ਭਾਵੇਂ ਮੰਨ ਲੈਣ ਕਿ ਉਹ ਅਸਹਿਣਸ਼ੀਲਤਾ ਦੇ ਖਿਲਾਫ ਹਨ ਪਰ ਅਮਲ ਉਹੀ ਰਹਿਣਗੇ।
ਕੀ ਮੌਜੂਦਾ ਹਾਲਾਤ ਦੇ ਵਹਿਣ ਨੂੰ ਆਪਣੀ ਚਾਲੇ ਚੱਲਦੇ ਰਹਿਣ ਦੇਣਾ ਚਾਹੀਦਾ ਹੈ? ਇਹ ਸਵਾਲ ਧਰਮ ਨਿਰਪੱਖ ਤੇ ਪ੍ਰਗਤੀਵਾਦੀ ਤਾਕਤਾਂ ਅੱਗੇ ਇਕ ਵੱਡੀ ਚੁਣੌਤੀ ਹੈ ਜਿਸ ਨੂੰ ਸਵੀਕਾਰ ਕਰਦਿਆਂ ਇਕ ਵਿਸ਼ਾਲ ਲਹਿਰ ਲੈ ਕੇ ਅੱਗੇ ਆਉਣਾ ਹੀ ਇਕੋ ਇਕ ਬਦਲ ਹੈ।

No comments:

Post a Comment