Friday, 9 October 2015

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਕਤੂਬਰ 2015)

ਕਹਾਣੀ 
ਸੁਨਿਹਰੀ ਜਿਲਦ  
- ਨਾਨਕ ਸਿੰਘ ''ਕਿਉਂ ਜੀ, ਤੁਸੀਂ ਸੁਨਹਿਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''
ਖੈਰ ਦੀਨ ਦਫ਼ਤਰੀ, ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗੱਲ ਸੁਣ ਕੇ ਬੋਲਿਆ-
'ਆਹੋ ਜੀ, ਜਿਹੋ ਜਿਹੀ ਕਹੋ।'
ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ 'ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਤੇ ਕੋਮਲਤਾ ਨਾਲ ਖੋਲ੍ਹਣ ਲੱਗ ਪਿਆ। ਪੰਜ-ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ ਕਿਤਾਬ ਕੱਢੀ। ਦਫ਼ਤਰੀ ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰਹ ਨੀਵਾਂ ਪਾ ਹੱਸਣ ਲੱਗ ਗਏ। ਇਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖ ਹੀ ਦਿੱਤਾ, ''ਕੱਖਾਂ ਦੀ ਕੁੱਲੀ ਤੇ ਹਾਥੀ ਦੰਦ ਦਾ ਪਰਨਾਲਾ।''
ਕਿਤਾਬ ਸਾਰੀ ਵਰਕਾ-ਵਰਕਾ ਹੋਈ ਹੋਈ ਸੀ। ਉਸ ਨੇ ਧੂੰਏਂ-ਰੰਗੇ ਸਫ਼ੇ, ਹੱਥ ਲਾਇਆਂ ਭੁਰਦੇ ਜਾਂਦੇ ਸਨ। ਜਿਲਦ ਦੀ ਥਾਂ ਉਸ ਦੇ ਦੋਹੀਂ ਪਾਸੀਂ ਦੋ ਮੋਟੇ ਤੇ ਡਾਹਢੇ ਮੈਲੇ ਗੱਤੇ ਸਨ ਜਿਹਨਾਂ ਦੀਆਂ ਨੁੱਕਰਾਂ ਮੁੜੀਆਂ ਸਨ। ਇਉਂ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜਿਲਦ ਦੇ ਰੂਪ ਵਿਚ ਰਹਿ ਚੁੱਕੇ ਹਨ।
ਕਿਤਾਬ ਦਫ਼ਤਰੀ ਨੇ ਹੱਥ ਵਿਚ ਫੜ੍ਹੀ ਤੇ ਉਥਲ-ਪੁੱਥਲ ਕੇ ਵੇਖੀ। ਵੇਖਦਿਆਂ ਹੀ ਬਿਟਰ ਬਿਟਰ ਗਾਹਕ ਦੇ ਮੂੰਹ ਵੱਲ ਤੱਕਣ ਲੱਗ ਪਿਆ। ਇਹ ਇਕ ਹੱਥਾਂ ਦੀ ਲਿਖਿਆ ਹੋਇਆ 'ਕੁਰਾਨ-ਸ਼ਰੀਫ' ਸੀ। ਦਫ਼ਤਰੀ ਨੇ ਕਿਹਾ-
''ਬਣ ਜਾਏਗੀ ਸਰਦਾਰ ਜੀ!'' ਫ਼ੇਰ ਸੰਕੋਚਵੇਂ ਭਾਵ ਨਾਲ ਪੁੱਛਣ ਲੱਗਾ-
''ਸਰਦਾਰ ਜੀ! 'ਕੁਰਾਨ ਸ਼ਰੀਫ' ਤੁਹਾਡਾ ਆਪਣਾ ਏਂ? ਲਿਖਾਈ ਤੇ ਬੜ੍ਹੀ ਕਮਾਲ ਦੀ ਏ।''
''ਨਹੀਂ ਇਹ ਮੇਰੀ ਲੜਕੀ ਦਾ ਏ।''
''ਹੱਛਾ? ਚੀਜ਼ ਤੇ ਸਰਦਾਰ ਜੀ ਬੜੀ ਚੰਗੀ ਏ ਪਰ ਵਰਕੇ ਬੜੇ ਖਸਤਾ ਹੋ ਗਏ ਨੇ। ਇਸ ਨਾਲੋਂ ਜੇ ਕਦੇ ਛਪੇ ਦਾ ਲੈ ਕੇ ਜਿਲਦ ਬਣਵਾਂਦੇ ਤਾਂ ਚੰਗਾ ਸੀ।''
''ਤੁਸੀਂ ਠੀਕ ਕਹਿੰਦੇ ਹੋ ਪਰ ਕੁੜੀ ਦੀ ਏਸ ਨਾਲ ਮੁਹੱਬਤ ਏ ਇਹ ਉਸ ਦੇ ਪਿਉ ਦੀ ਨਿਸ਼ਾਨੀ ਏ।''
ਦਫ਼ਤਰੀ ਨੂੰ ਹੈਰਾਨੀ ਦੇ ਨਾਲ ਹੀ ਕੁੱਝ ਕੁੱਝ ਸ਼ੱਕ ਵੀ ਹੋਣ ਲੱਗਾ, ''ਮੇਰੀ ਲੜਕੀ'' ਤੇ ਫ਼ੇਰ ''ਉਸ ਦੇ ਪਿਉ ਦੀ ਨਿਸ਼ਾਨੀ'' ਗੱਲ ਉਸ ਦੀ ਸਮਝ ਵਿਚ ਨਾ ਆਈ। ਉਸ ਨੇ ਫ਼ੇਰ ਪੁਛਿਆ-
''ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਬੀ ਏ!''
''ਆਹੋ.... ਨਹੀਂ ਨਹੀਂ ਮੇਰੀ ਆਪਣੀ ਲੜਕੀ ਏ... ਹਾਂ ਦੱਸੋ, ਕੱਦ ਤਕ ਦਿਉਗੇ? ਮੈਨੂੰ ਏਸ ਦੀ ਬਹੁਤ ਛੇਤੀ ਲੋੜ ਏ। ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਏ ਤੇ ਮੈਂ ਉਸ ਨੂੰ ਦਾਜ ਵਿਚ ਦੇਣਾ ਏ। ਹਾਂ ਸੱਚ, ਇਕ ਕੰਮ ਹੋਰ ਕਰਨਾ, ਜਿਲਦ ਉਤੇ ਸੁਨਹਿਰੀ ਅੱਖਰਾਂ ਵਿਚ ''ਬੀਬੀ ਜੈਨਾ'' ਲਿਖ ਦੇਣਾ। ਪੈਸਿਆਂ ਦਾ ਕੋਈ ਖ਼ਿਆਲ ਨਾ ਕਰਨਾ ਜੇ ਕਹੋਗੇ ਦਿਆਂਗਾ।'
ਜਿਉਂ ਜਿਉਂ ਦਫ਼ਤਰੀ ਏਸ ਪੇਚ ਨੂੰ ਖੋਲ੍ਹਣ ਦੀ ਕੋਸ਼ਿਸ ਕਰਦਾ ਸੀ, ਤਿਉਂ-ਤਿਉਂ ਉਹ ਹੋਰ ਉਲਝਣ ਵਿਚ ਪੈਂਦਾ ਜਾਂਦਾ ਸੀ। ਇਸ ਅਨੌਖੀ ਗੱਲ-ਕਥ ਨੇ ਉਸ ਦੇ ਹੋਰ ਸਾਥੀਆਂ ਤੋਂ ਵੀ ਆਰਾਂ-ਮਿਸਤਰ ਛੁੜਾ ਦਿੱਤੇ।
ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਣੇ ਹੀ ਇਹ ਹਾਲ ਸੁਨਣ ਦੇ ਚਾਹਵਾਨ ਹਨ ਤਾਂ ਉਸ ਨੇ ਉਹਨਾਂ ਨੂੰ ਏਸ ਤਰ੍ਹਾਂ ਦੱਸਣਾ ਸ਼ੁਰੂ ਕੀਤਾ :
''ਅੱਜ ਤੋਂ ਪੰਜ ਵਰ੍ਹੇ ਪਹਿਲਾਂ ਦਾ ਜ਼ਿਕਰ ਹੈ, ਜਦ ਏਸ ਸ਼ਹਿਰ ਵਿਚ ਹਿੰਦੂਆਂ-ਮੁਸਲਮਾਨਾਂ ਦਾ ਬੜਾ ਭਾਰੀ ਫ਼ਸਾਦ ਹੋਇਆ ਸੀ, ਉਹਨੀਂ ਦਿਨੀਂ ਮੈਂ ਬਜਾਜੀ ਦੀ ਹੱਟੀ ਕਰਦਾ ਸਾਂ। ਘਰ ਵਿਚ ਅਸੀਂ ਦੋਵੇਂ ਜੀ ਸਾਂ - ਮੈਂ ਤੇ ਮੇਰੀ ਘਰ ਵਾਲੀ।....''
''.... ਦੁਪਹਿਰ ਵੇਲੇ ਸਾਰੇ ਸ਼ਹਿਰ ਵਿਚ ਰੌਲਾ ਪੈ ਗਿਆ। ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਫ਼ਸਾਦ ਦਾ ਮੁੱਢ ਉਸੇ ਮੁਹੱਲੇ ਤੋਂ ਬੱਝਾ ਜਿਸ ਵਿਚ ਮੇਰਾ ਘਰ ਸੀ, ਤੇ ਇਹ ਮੁਹੱਲਾ ਲੱਗਭਗ ਮੁਸਲਮਾਨਾਂ ਦਾ ਹੀ ਸੀ। ਹੱਟੀ ਬੰਦ ਕਰ ਕੇ ਮੈਂ ਵਾਹੋ-ਦਾਹੀ ਘਰ  ਵੱਲ ਭੱਜਾ। ਰਾਹ ਵਿਚ ਟੋਲਿਆਂ ਦੇ ਟੋਲੇ ਡਾਂਗਾਂ ਫੜੀ, ਦੱਗੜ-ਦੱਗੜ ਕਰਦੇ ਫ਼ਿਰਦੇ ਸਨ।....''
''..... ਮੈਂ ਘਰ ਪੁੱਜਾ, ਪਰ ਦਰਵਾਜੇ ਨੂੰ ਜਿੰਦਰਾ ਲੱਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਤ ਕੌਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ। ਉਸ ਦੀ ਮਾਸੀ ਦਾ ਘਰ ਖਤਰੱਮੇਂ ਪਾਸੇ ਸੀ।
''ਉਸ ਦੀ ਦੂਰ-ਅੰਦੇਸ਼ੀ ਨੂੰ ਦਿਲ ਵਿਚ ਸਲਾਹੁੰਦਾ ਹੋਇਆ ਮੈਂ ਆਪਣੀ ਮਸੇਸ ਦੇ ਘਰ ਵੱਲ ਟੁਰ ਪਿਆ।''
''ਮੇਰਾ ਉਤਲਾ ਸਾਹ ਉਤੇ ਤੇ ਹੇਠਲਾ ਸਾਹ ਹੇਠਾਂ ਰਹਿ ਗਿਆ। ਜਦੋਂ ਮੈਨੂੰ ਪਤਾ ਲੱਗਾ ਕਿ ਸਤਵੰਤ ਕੌਰ ਏਥੇ ਨਹੀਂ ਆਈ ਮੱਥੇ ਤੇ ਹੱਥ ਮਾਰ ਕੇ ਮੈਂ ਉਥੇ ਹੀ ਬੈਠ ਗਿਆ।''
''ਸਾਡੀ ਸਾਰੇ ਦਿਨ ਦੀ ਸਿਰ-ਤੋੜ ਢੂੰਡ ਭਾਲ ਦਾ ਕੁਝ ਵੀ ਸਿੱਟਾ ਨਾ ਨਿਕਲਿਆ। ਏਧਰ ਫ਼ਸਾਦ ਪਲ-ਪਲ ਜ਼ੋਰਾਂ 'ਤੇ ਹੁੰਦਾ ਜਾਂਦਾ ਸੀ। ਕਈ ਮੁਹੱਲੇ ਫੂਕੇ ਗਏ, ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈ ਬੇਦੋਸ਼ਿਆਂ ਦੇ ਲਹੂ ਵਹਾਏ ਗਏ।''
''ਹਫ਼-ਹੱਟ ਕੇ ਮੈਂ ਘਰ ਜਾ ਡਿੱਗਾ। ਚੰਗਾ ਹਨ੍ਹੇਰਾ ਪੈ ਗਿਆ ਸੀ। ਸਾਰੀ ਗਲੀ ਵਿਚ ਸੁੰਨਸਾਨ ਸੀ। ਕਿਸੇ-ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਹੀਆਂ ਦੇ ਫਿਰਨ ਦੀ ਆਵਾਜ਼ ਆਉਂਦੀ ਸੀ। ਏਸ ਵੇਲੇ ਸੇਵਾ ਸੰਮਤੀ ਦਾ ਇਕ ਵਲੰਟੀਅਰ ਮੇਰੇ ਘਰ ਆਇਆ। ਉਸ ਨੇ ਮੈਨੂੰ ਦੱਸਿਆ ਕਿ ਮੇਰੀ ਵਹੁਟੀ ਸਰਕਾਰੀ ਹਸਪਤਾਲ ਵਿਚ ਮੈਨੂੰ ਉਡੀਕ ਰਹੀ ਹੈ।''
''ਮੈਨੂੰ ਸੁਣ ਕੇ ਖੁਸ਼ੀ ਹੋਈ, ਪਰ ਡਰ ਤੇ ਸਹਿਮ ਦੀ ਭਰੀ ਹੋਈ। ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਮੈਂ ਹਸਪਤਾਲ ਪਹੁੰਚਿਆ।''
ਉਥੇ ਜਾ ਕੇ ਮੈਂ ਜੋ ਕੁਝ ਡਿੱਠਾ ਉਸ ਨੇ ਮੈਨੂੰ ਹੋਰ ਵੀ  ਹੈਰਾਨੀ ਵਿਚ ਪਾ ਦਿੱਤਾ। ਇਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੀਕ ਪੱਟੀਆਂ ਨਾਲ ਬੰਨ੍ਹਿਆਂ ਹੋਇਆ ਬੇਹੋਸ਼ ਪਿਆ ਸੀ, ਤੇ ਸਤਵੰਤ ਕੌਰ ਉਸ ਦੇ ਪਾਸ ਬੈਠੀ, ਅੱਥਰੂ ਵਹਾਂਦੀ ਹੋਈ, ਉਸ ਦੇ ਮੂੰਹ ਵਿਚ ਦੁੱਧ ਪਾਉਣ ਦਾ ਯਤਨ ਕਰ ਰਹੀ ਸੀ।
''ਮੈਨੂੰ ਦੇਖਦਿਆਂ ਹੀ ਉਹ ਡਡਿਆ ਕੇ ਮੇਰੇ ਗੱਲ ਲੱਗ ਗਈ। ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਦਿਲਾਸਾ ਦਿੱਤਾ। ਮੇਰਾ ਭਾਵ ਸਮਝ ਕੇ ਉਹ ਬੋਲੀ-''ਜੇ ਏਹ ਨਾ ਹੁੰਦੇ ਤਾਂ.....!'' ਏਸ ਦੇ ਅੱਗੋਂ ਉਹ ਬੋਲ ਨਾ ਸਕੀ।
ਅੰਤ ਉਸ ਨੇ ਵੇਰਵੇ ਨਾਲ ਬੈਠ ਕੇ ਆਪਣੀ ਸਾਰੀ ਹੱਡ ਬੀਤੀ ਮੈਨੂੰ ਸੁਣਾਈ। ਉਸਨੇ ਦੱਸਿਆ -
''ਫ਼ਸਾਦ ਦੀ ਖਬਰ ਸੁਣਦਿਆਂ ਹੀ ਸਾਰਾ ਗਹਿਣਾ-ਗੱਟਾ ਤੇ ਨਗਦੀ ਇਕ ਨਿੱਕੇ ਟਰੰਕ ਵਿਚ ਪਾ ਕੇ ਕੱਛੇ ਮਾਰ ਕੇ ਮੈਂ ਮਾਸੀ ਦੇ ਘਰ ਵੱਲ ਟੁਰ ਪਈ। ਰਸਤੇ ਵਿਚ ਗੁੰਡਿਆਂ ਦਾ ਇਕ ਟੋਲਾ ਮੈਂ ਆਪਣੇ ਵੱਲ ਆਉਂਦਿਆਂ ਡਿੱਠਾ। ਉਹਨਾਂ ਤੋਂ ਬਚਣ ਲਈ ਮੈਂ ਘਾਬਰ ਕੇ ਏਧਰ-ਉਧਰ ਤੱਕਣ ਲੱਗੀ। ਜਦ ਮੈਨੂੰ ਨੱਠ੍ਹਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਇਸ ਬੁੱਢੇ ਹਲਵਾਈ ਦੀ ਹੱਟੀ ਵਿਚ ਜਾ ਖਲੋਤੀ। ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾੜ ਆ ਪੁੱਜੀ। ਮੇਰਾ ਟਰੰਕ ਵੇਖ ਕੇ ਉਹ ਸਮਝ ਗਏ ਸਨ ਕਿ ਏਸ ਵਿਚ ਚੋਖਾ ਮਾਲ ਹੈ।''
''ਏਸ ਬਾਬੇ ਦਾ ਰੱਬ ਦੋਹਾਂ ਜਹਾਨਾਂ ਵਿਚ ਭਲਾ ਕਰੇ। ਏਸ ਨੇ ਮੈਨੂੰ ਪਿਛਲੇ ਅੰਦਰ ਵਾੜ ਦਿੱਤਾ ਤੇ ਆਪ ਹੱਟੀ ਵਿਚ ਡੱਟ ਕੇ ਗੁੰਡਿਆਂ ਦੇ ਟਾਕਰੇ ਲਈ ਖਲੋ ਗਿਆ। ਇਸ ਨੇ ਉਹਨਾਂ ਲੋਕਾਂ ਨੂੰ ਬਥੇਰਾ ਸਮਝਾਇਆ, ਪਰ ਉਹਨਾਂ ਦਾ ਇਹੋ ਕਹਿਣਾ ਸੀ ਕਿ ਟਰੰਕ ਸਾਡੇ ਹਵਾਲੇ ਕਰਦੇ ਤਾਂ ਅਸੀਂ ਚਲੇ ਜਾਂਦੇ ਹਾਂ।''
''ਅੰਤ ਉਹ ਜਦ ਨਾ ਟਲੇ ਤਾਂ ਏਸ ਨੇ ਕੜ੍ਹਦੇ ਦੁੱਧ ਦੇ ਪਿਆਲੇ ਭਰ ਭਰ ਕੇ ਉਹਨਾਂ ਉਤੇ ਸੁੱਟਣੇ ਸ਼ੁਰੂ ਕਰ ਦਿੱਤੇ। ਉਹ ਇਕ ਵਾਰੀ ਤਾਂ ਸਾਰੇ ਨੱਸ ਗਏ ਪਰ ਜਦ ਉਹਨਾਂ ਵੇਖਿਆ ਕਿ ਦੁੱਧ ਦੀ ਕੜਾਹੀ ਖਾਲੀ ਹੋ ਗਈ ਹੈ ਤਾਂ ਉਹ ਫੇਰ ਮੁੜ ਆਏ।
''ਦੂਜੀ ਵੇਰਾਂ ਉਸਨੇ ਚੁੱਲ੍ਹੇ ਵਿਚੋਂ ਅੱਗ ਤੇ ਫੇਰ ਤੱਤੀ ਭੁੱਭਲ ਕੱਢ-ਕੱਢ ਕੇ ਉਹਨਾਂ ਉਤੇ ਵਰ੍ਹਾਣੀ ਸ਼ੁਰੂ ਕਰ ਦਿੱਤੀ ਕਈਆਂ ਦੇ ਮੂੰਹ-ਸਿਰ ਤੇ ਕੱਪੜੇ ਝੁਲਸ ਗਏ, ਪਰ ਏਸ ਨਾਲ ਉਹਨਾਂ ਦਾ ਜੋਸ਼ ਹੋਰ ਵੀ ਵੱਧ ਗਿਆ। ਜਦ ਚੁੱਲ੍ਹਾ ਵੀ ਖਾਲੀ ਹੋ ਗਿਆ ਤੇ ਏਸ ਬਾਬੇ ਪਾਸ ਹੋਰ ਕੋਈ ਹਥਿਆਰ ਨਾ ਰਿਹਾ ਤਾਂ ਉਹ ਸਾਰੇ ਹੱਟੀ 'ਤੇ ਆ ਚੜੇ ਤੇ 'ਕਾਫ਼ਰ ਕਾਫ਼ਰ ਕਹਿ ਕੇ ਏਸ ਵਿਚਾਰੇ ਨੂੰ ਹੱਥੋਂ ਹੱਥ ਲੈ ਲਿਆ ਮਾਰ ਮਾਰ ਕੇ ਗਰੀਬ ਨੂੰ ਫ਼ੇਹ ਸੁੱਟਿਆ।''
''ਫਿਰ ਉਹ ਗੁੰਡੇ ਮੇਰੇ ਵੱਲ ਵਧੇ, ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ। ਉਹਨਾਂ ਨੂੰ ਬੂਹਾ ਭੰਨਣ ਵਿਚ ਚੋਖਾ ਚਿਰ ਲੱਗ ਗਿਆ। ਏਸੇ ਵੇਲੇ ਪੁਲਸ ਆ ਗਈ ਦਾ ਰੌਲਾ ਪੈ ਗਿਆ ਤੇ ਸਾਰੇ ਜਿੱਧਰ ਮੂੰਹ ਆਇਆ ਨੱਸ ਗਏ।''
''ਬਾਬਾ ਲਹੂ-ਲੁਹਾਨ ਹੋਇਆ ਪਿਆ ਸੀ। ਸੇਵਾ ਸੰਮਤੀ ਵਾਲਿਆਂ ਉਸ ਨੂੰ ਸਟੈਚਰ 'ਤੇ ਪਾ ਲਿਆ। ਮੈਂ ਵੀ ਆਪਣਾ ਟਰੰਕ ਚੁੱਕ ਕੇ ਬਾਬੇ ਦੇ ਨਾਲ ਹੀ ਏਥੇ ਹਸਪਤਾਲ ਆ ਗਈ। ਦਿਹਾੜੀ ਵਿਚ ਕਈ ਵਾਰੀ ਸੇਵਾ ਸੰਮਤੀ ਵਾਲੇ ਤੁਹਾਨੂੰ ਘਰੋਂ ਤੇ ਹੱਟੀਓਂ ਲੱਭਣ ਗਏ  ਪਰ ਤੁਹਾਡਾ ਕੁਝ ਪਤਾ ਨਾ ਲੱਗਾ।''
ਥੋੜ੍ਹਾ ਚਿਰ ਠਹਿਰ ਕੇ ਕਰਮ ਸਿੰਘ ਦਫ਼ਤਰੀ ਨੂੰ ਫ਼ੇਰ ਸੁਨਾਣ ਲੱਗਾ -
''ਸਤਵੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ। ਮੈਂ ਬੇਹੋਸ਼ ਪਏ ਬਾਬੇ ਦੇ ਪੈਰਾਂ ਤੇ ਸ਼ਰਧਾ ਨਾਲ ਕਈ ਵਾਰ ਮੱਥਾ ਟੇਕਿਆ -
ਦੂਜੇ ਦਿਨ ਸਵੇਰੇ ਬਾਬੇ ਨੂੰ ਹੋਸ਼ ਆਈ। ਉਸ ਦੇ ਮੂੰਹੋਂ ਪਹਿਲਾਂ ਵਾਕ ਨਿਕਲਿਆ। - ''ਜੈਨਾ! ਪੁੱਤ ਤੂੰ ਕਿੱਥੇ ਐ?''
''ਥੋਹੜੇ ਚਿਰ ਪਿਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫ਼ੇਰ ਪਈ ਤੇ ਆਪਣੇ ਆਪ ਹੀ ਉਸ ਨੂੰ ਸਾਰੀ ਗੱਲ ਦੀ ਸਮਝ ਆ ਗਈ। ਅਸੀਂ ਦੋਵੇਂ ਉਸ ਦੇ ਪੈਰਾਂ 'ਤੇ ਸਿਰ ਰੱਖ ਕੇ ਉਸਦਾ ਧੰਨਵਾਦ ਕਰਨ ਲੱਗੇ। ਬਾਬਾ ਪਿਆਰ ਨਾਲ ਸਾਨੂੰ ਏਸ ਕੰਮੋਂ ਰੋਕਦਾ ਹੋਇਆ ਬੋਲਿਆ -
''ਸਰਦਾਰ ਜੀ! ਮੈਂ ਤੁਹਾਡੇ ਉਤੇ ਕੋਈ ਹਸਾਨ ਨਹੀਂ ਕੀਤਾ। ਜਹੀ ਮੇਰੀ ਜੈਨਾ ਬੱਚੀ ਤਹੀ ਇਹ। ਪਰ ਸਰਦਾਰ ਜੀ ਅੱਲਾ ਦੇ ਵਾਸਤੇ ਉਸ ਨੂੰ ਏਥੇ ਲੈ ਆਉ ਉਹ ਕੱਲੀ ਮਰ ਜਾਏਗੀ। ਜੇ ਵਿਚਾਰੀ ਦੀ ਮਾਂ ਜਿਉਂਦੀ ਹੁੰਦੀ ਤਾਂ ਮੇਰੇ ਪਿੱਛੇ ਰੁਲਖੁਲ ਕੇ ਪਲ ਜਾਂਦੀ। ਹੁਣ ਕੌਣ ਉਸ ਨੂੰ....।'' ਕਹਿੰਦਾ-ਕਹਿੰਦਾ ਬੁੱਢਾ ਰੋਣ ਲੱਗ ਪਿਆ।
''ਉਸ ਦੇ ਦੱਸੇ ਪਤੇ 'ਤੇ ਜਾ ਕੇ ਅਸੀਂ ਜੈਨਾਂ ਨੂੰ ਲੈ ਆਏ। ਜੈਨਾਂ ਉਸ ਵੇਲੇ ਦਸਾਂ ਕੁ ਵਰ੍ਹਿਆਂ ਦੀ ਸੀ, ਡਾਹਢੀ ਭੋਲੀ-ਭਾਲੀ। ਭਾਵੇਂ ਰੋ-ਰੋ ਕੇ ਉਹ ਡਾਹਢੀ ਬੇਹਾਲ ਹੋਈ ਸੀ, ਪਿਉ ਦੇ ਗੱਲ ਲੱਗ ਕੇ ਉਸ ਦਾ ਦੁੱਖ ਅੱਧਾ ਹੋ ਗਿਆ।''
'ਸਵਾ ਮਹੀਨਾ ਹਸਪਤਾਲ ਰੱਖਣ 'ਤੇ ਵੀ ਜਦ ਅਸਾਂ ਬਾਬੇ ਨੂੰ ਕੋਈ ਫਰਕ ਪੈਂਦਾ ਨਾ ਡਿੱਠਾ ਤਾਂ ਅਸੀਂ ਉਸ ਨੂੰ ਆਪਣੇ ਘਰ ਲੈ ਆਏ। ਅੰਦਰ ਦੀਆਂ ਸੱਟਾਂ ਨੇ ਉਸ ਦਾ ਲੱਕ ਉਕਾ ਹੀ ਨਕਾਰਾ ਕਰ ਦਿੱਤਾ ਸੀ। ਛਾਤੀ ਦੀਆਂ ਸੱਟਾਂ ਵੀ ਗੁੱਝੀਆਂ ਸਨ।''
''ਘਰ ਆ ਕੇ ਜੈਨਾਂ ਸਾਡੇ ਨਾਲ ਏਸ ਤਰ੍ਹਾਂ ਹਿਲਮਿਲ ਗਈ ਜਿਵੇਂ ਸਾਡੇ ਹੀ ਘਰ ਜੰਮੀ ਪਲੀ ਹੋਵੇ। ਉਹ ਸਾਨੂੰ ਡਾਹਢੀ ਪਿਆਰੀ ਲੱਗਦੀ ਸੀ। ਸਤਵੰਤ ਕੌਰ ਨੂੰ ਤਾਂ ਜਿਵੇਂ ਕੋਈ ਖਜ਼ਾਨਾ ਲੱਭ ਪਿਆ ਸੀ। ਸਾਡੀ ਵੀ ਕਦੇ ਤਿੰਨਾਂ ਵਰ੍ਹਿਆਂ ਦੀ ਇਕ ਕੁੜੀ ਸੀ, ਜੋ ਰੱਬ ਨੇ ਸਾਨੂੰ ਦੇ ਕੇ ਫੇਰ ਲੈ ਲਈ ਸੀ। ਸਾਨੂੰ ਇਹੋ ਜਾਪਦਾ ਸੀ ਕਿ ਰੱਬ ਨੇ ਸਾਥੋਂ ਖੋਹੀ ਹੋਈ ਚੀਜ਼ ਫੇਰ ਸਾਨੂੰ ਮੋੜ ਦਿੱਤੀ ਹੈ। ਅਸੀਂ ਇਕ ਪਲ ਵੀ ਜੈਨਾਂ ਨੂੰ ਅੱਖੋਂ ਉਹਲੇ ਨਹੀਂ ਸਾਂ ਕਰ ਸਕਦੇ।''
''ਮੰਜੇ ਤੇ ਪਿਆ-ਪਿਆ ਜਦ ਬਾਬਾ ਸਾਨੂੰ ਜੈਨਾਂ ਨਾਲ ਪਿਆਰ ਕਰਦਾ ਵੇਖਦਾ ਸੀ ਤਾਂ ਖੁਸ਼ੀ ਨਾਲ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਸਨ।''
''ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਾ ਪਿਆ।''
''ਅਚਾਨਕ ਹੀ ਉਸਦੀ ਛਾਤੀ 'ਚੋਂ ਲਹੂ ਆਉਣ ਲੱਗ ਪਿਆ ਤੇ ਪੈਰੋ ਪੈਰ ਉਸ ਦੀ ਹਾਲਤ ਖਰਾਬ ਹੋਣ ਲੱਗੀ।''
''ਅਖੀਰ ਇਕ ਰਾਤ ਉਹ ਜੈਨਾਂ ਦੀ ਬਾਂਹ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ, ਤਸੱਲੀ ਤੇ ਬੇਫ਼ਿਕਰੀ ਨਾਲ ਏਸ ਦੁਨੀਆਂ ਤੋਂ ਵਿਦਾ ਹੋ ਗਿਆ। ਦੂਜੇ ਦਿਨ ਇਕ ਸਿੱਖ ਦੇ ਘਰ ਵਿਚੋਂ ਮੁਸਲਮਾਨ ਦਾ ਜਨਾਜ਼ਾ, ਨਰੋਲ ਮੁਸਲਮਾਨੀ ਤਰੀਕੇ ਨਾਲ, ਨਿਕਲਦਾ ਵੇਖ ਕੇ ਸਾਰਾ ਗਲੀ-ਮੁਹੱਲਾ ਪਿਆਰ ਦੇ ਅੱਥਰੂ ਵਹਾ ਰਿਹਾ ਸੀ।''
''ਉਸੇ ਦਿਨ ਤੋਂ ਜੈਨਾਂ ਲਈ ਮੈਂ ਇਕ ਹਾਫ਼ਜ ਮੌਲਵੀ ਉਸਤਾਦ ਰੱਖ ਦਿੱਤਾ ਜੋ ਦੋਵੇਂ ਵੇਲੇ ਆ ਕੇ ਉਸ ਨੂੰ 'ਕੁਰਾਨ-ਸ਼ਰੀਫ' ਪੜ੍ਹਾਉਂਦਾ ਸੀ।''
''ਹੁਣ ਜੈਨਾਂ ਦੀ ਉਮਰ ਪੰਦਰਾ ਵਰ੍ਹਿਆਂ ਦੀ ਹੈ ਤੇ ਸਾਰਾ 'ਕੁਰਾਨ-ਸ਼ਰੀਫ' ਇਹਨਾਂ ਪੰਜਾਂ ਵਰ੍ਹਿਆਂ ਵਿਚ ਉਸ ਨੇ ਹਿਫ਼ਜ ਕਰ ਲਿਆ ਹੈ। ਇਕ ਖਾਨਦਾਨੀ ਮੁਸਲਮਾਨ ਨਾਲ ਉਸ ਦੀ ਮੰਗਣੀ ਹੋ ਚੁੱਕੀ ਹੈ ਤੇ ਅੱਜ ਤੋਂ ਚੌਥੇ ਦਿਨ ਉਸ ਦਾ ਨਿਕਾਹ ਹੋਣ ਵਾਲਾ ਹੈ। ਵਿਆਹ ਭਾਵੇਂ ਮੁਸਲਮਾਨੀ ਸ਼ਰ੍ਹਾ ਨਾਲ ਹੋਵੇਗਾ, ਪਰ ਜੰਝੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਹੀ ਆਉਣਗੇ।''
''ਜੈਨਾਂ ਦਾ ਦਾਜ ਬਨਾਉਣ ਵਿਚ ਅਸਾਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ 'ਕੁਰਾਨ-ਸ਼ਰੀਫ' ਜੈਨਾਂ ਨੂੰ ਬਹੁਤ ਪਿਆਰਾ ਹੈ। ਇਹੋ ਉਸ ਦਾ ਪਿਉ ਪੜ੍ਹਿਆ ਕਰਦਾ ਸੀ, ਤੇ ਏਸੇ ਤੋਂ ਹੀ ਜੈਨਾਂ ਨੇ ਤਾਲੀਮ ਹਾਸਲ ਕੀਤੀ ਹੈ। ਇਸੇ ਕਰਕੇ ਹੀ ਮੈਂ ਏਸ ਦੀ ਵਧੀਆ ਜਿਲਦ ਬਣਵਾ ਕੇ ਉਸ ਦੇ ਦਾਜ ਵਿਚ ਦੇਣਾ ਚਾਹੁੰਦਾ ਹਾਂ।''
ਖੈਰਦੀਨ ਦਫ਼ਤਰੀ ਤੇ ਉਸਦੇ ਕਾਰੀਗਰਾਂ ਨੇ ਮਾਨੋਂ ਪੱਥਰ ਦੇ ਬੁੱਤ ਬਣ ਕੇ ਸਾਰੀ ਵਾਰਤਾ ਸੁਣੀ। ਉਹਨਾਂ ਅਦਬ ਨਾਲ ਸਿਰ ਨਿਵਾਇਆ ਤੇ ਅੱਖਾਂ ਪੂੰਝੀਆਂ। ਕਿਸੇ-ਕਿਸੇ ਨੇ ਇਕ-ਦੋ ਹਉਕੇ ਵੀ ਭਰੇ ਤੇ ਫ਼ੇਰ ਆਪਣੇ ਕੰਮ ਲੱਗ ਪਏ।
ਜਿਲਦ, ਵੇਲੇ ਸਿਰ ਬੰਨ੍ਹ ਦੇਣ ਦੀ ਪੱਕੀ ਕਰ ਕੇ, ਰੁਮਾਲਾਂ ਨੂੰ ਲਪੇਟ ਕੇ ਖੀਸੇ ਵਿਚ ਪਾਂਦਾ ਹੋਇਆ ਕਰਮ ਸਿੰਘ ਆਪਣੇ ਰਾਹ ਪਿਆ।


ਕਵਿਤਾ ਦੱਲੇ ਦੀ ਚੜ੍ਹਤ
 
- ਹਰਭਜਨ ਸਿੰਘ ਹੁੰਦਲਅੱਜ ਕੱਲ ਦੱਲੇ ਦੀ ਚੜ੍ਹਤ ਹੈ।
    ਉਸ ਦੀ ਸਤਰੰਗੀ ਗੁੱਡੀ
    ਬੱਦਲਾਂ ਤੋਂ ਪਾਰ
    ਸੱਤਵੇਂ ਅਸਮਾਨ ਵਿਚ
    ਪੇਚੇ ਲਾਉਂਦੀ ਹੈ।
ਉਹ ਅੰਬਰ 'ਚ
ਟਾਕੀਆਂ ਲਾ ਸਕਦਾ ਹੈ,
ਚੰਮ ਦੇ ਸਿੱਕੇ ਢਲਵਾ ਸਕਦਾ ਹੈ!
ਭੁੱਜੇ ਮੋਠ ਉਗਾ ਸਕਦਾ ਹੈ!
ਤਾਰੇ ਦਿਨੇਂ ਦਿਖਾ ਸਕਦਾ ਹੈ!!
ਦੱਲਾ ਬੜੀ ਵਿਚਿੱਤਰ ਹਸਤੀ ਹੈ!!
    ਥਾਣੇ ਵਿਚ ਉਸ ਦਾ ਇਸ਼ਾਰਾ ਚੱਲਦਾ ਹੈ,
    ਡੀ.ਐਸ.ਪੀ.
    ਉਸ ਦੇ ਸਾਹਮਣੇ ਮਿੱਟੀ ਦੀ ਮੂਰਤ ਹੈ।
    ਹਰ ਵੱਡਾ ਅਫਸਰ
    ਉਸ ਦੀ ਜੀ-ਹਜ਼ੂਰੀ ਕਰਦਾ ਹੈ।
    ਰਾਜ ਕੁਮਾਰ ਦਾ ਫੋਨ-ਨੰਬਰ
    ਉਸ ਦੇ ਕੰਨ ਨਾਲ ਲਟਕਦਾ ਹੈ।
    ਜਿੱਥੇ ਮਰਜ਼ੀ
    ਜਿਸ ਨਾਲ ਚਾਹੇ
    ਉਹ ਪੰਗੇ ਲੈ ਸਕਦਾ ਹੈ।
    ਫੁੰਕਾਰੇ ਮਾਰਦਾ
    ਉਹ ਰੱਬ ਨੂੂੰ  ਵੀ ਘੂਰਦਾ ਹੈ।
    ਜਿਸ ਨੂੰ ਚਾਹੇ ਅੰਦਰ ਕਰਵਾ ਸਕਦਾ ਹੈ,
    ਬੰਦੇ ਮਰਵਾ ਸਕਦਾ ਹੈ,
    ਤੇ ਫੜੇ ਨੂੰ ਛੁਡਵਾ ਸਕਦਾ ਹੈ।
    ਚੱਲਦੀ ਬਸ 'ਚੋਂ
    ਬੰਦੇ ਨੂੰ ਸੁਟਵਾ ਸਕਦਾ ਹੈ
    ਸਿਖਰ ਦੁਪਹਿਰੇ
    ਛਾਪਾਂ-ਛੱਲੇ ਲਾਹ ਸਕਦਾ ਹੈ।
    ਮਾਰੂਥਲ ਵਿਚ
    ''ਛੇਵਾਂ ਦਰਿਆ''
    ਰਾਤੋ-ਰਾਤ ਵਗਾ ਸਕਦਾ ਹੈ
ਦੱਸੋ ਯਾਰੋ!
ਹੋਰ ਭਲਾ ਫਿਰ
ਬੰਦੇ ਨੂੰ, ਕੀ ਚਾਹੀਦਾ ਹੈ?

No comments:

Post a Comment