Friday, 9 October 2015

ਸ਼ਰਧਾਂਜਲੀਆਂ

ਕਾਮਰੇਡ ਤਾਰਾ ਸਿੰਘ ਪੁਆਧੜਾ ਸਦੀਵੀਂ ਵਿਛੋੜਾ ਦੇ ਗਏਬਜ਼ੁਰਗ ਕਮਿਊਨਿਸਟ ਆਗੂ, ਸੀ.ਪੀ.ਐਮ.ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਤਾਰਾ ਸਿੰਘ ਪੁਆਧੜਾ ਮਾਣਮੱਤਾ ਸੰਘਰਸ਼ਾਂ ਭਰਪੂਰ ਜੀਵਨ ਜੀਉਂ ਕੇ ਲੰਘੀ 23 ਸਤੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ। ਅਣਵਿਆਹੇ ਰਹਿ ਕੇ ਮਿਹਨਤਕਸ਼ਾਂ ਦੇ ਕਾਜ ਲਈ ਪੂਰਾ ਜੀਵਨ ਅਰਪਣ ਕਰ ਦੇਣ ਦਾ ਤਹੱਈਆ ਸਿਰਤੋੜ ਨਿਭਾਉਣ ਵਾਲੇ ਸਾਥੀ ਤਾਰਾ ਸਿੰਘ ਨੇ ਆਪਣਾ ਜਨਤਕ ਜੀਵਨ ਸਾਂਝੀ ਕਮਿਊਨਿਸਟ ਪਾਰਟੀ ਤੋਂ ਸ਼ੁਰੂ ਕੀਤਾ।
ਵੇਲੇ ਦੀ ਕੈਰੋਂ ਸਰਕਾਰ ਵਲੋਂ ਲਾਏ ਗਏ ਨਾਦਰਸ਼ਾਹੀ ਜ਼ਜ਼ੀਏ ''ਖੁਸ਼ ਹੈਸੀਅਤੀ ਟੈਕਸ'' ਵਿਰੁੱਧ ਲੜੇ ਅਤੇ ਜਿੱਤੇ ਗਏ ਸੰਗਰਾਮ ਵਿਚ ਸਾਥੀ ਤਾਰਾ ਸਿੰਘ ਹੋਰਾਂ ਮੁਕੰਮਲ ਜਥੇਬੰਦਕ ਦੀ ਭੂਮਿਕਾ ਨਿਭਾਈ। ਪਿੰਡ-ਪਿੰਡ ਪ੍ਰਚਾਰ ਕਰਨਾ, ਫੰਡ/ਰਾਸ਼ਨ ਇਕੱਤਰ ਕਰਨਾ, ਵਲੰਟੀਅਰ ਭਰਤੀ ਕਰਨੇ, ਜਥੇ ਤੋਰਨੇ ਆਦਿ ਸਰਵਪੱਖੀ ਕਾਰਜ, ਉਨ੍ਹਾਂ ਬੜੀ ਸਿਦਕ ਦਿਲੀ ਅਤੇ ਸੂਝ-ਬੂਝ ਨਾਲ ਸਿਰੇ ਚੜ੍ਹਾਏ। ਪਾਰਟੀ ਦੇ ਅੰਦਰ ਵਿਚਾਰਧਾਰਕ ਮਤਭੇਦਾਂ ਦੇ ਤਿੱਖੇ ਹੋਣ ਸਮੇਂ ਸ਼ੁਰੂ ਕੀਤੇ ਗਏ ਹਫਤਾਵਾਰੀ 'ਲੋਕ ਲਹਿਰ' ਨੂੰ ਹਰਮਨਪਿਆਰਾ ਬਨਾਉਣ ਦੇ ਯਤਨਾਂ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਮਾਲਵੇ ਦੇ ਬਜ਼ੁਰਗ ਸਾਥੀਆਂ ਵਲੋਂ ਦੱਸੀ ਇਹ ਗੱਲ ਬੜੀ ਚੇਤੇ ਆਉਂਦੀ ਹੈ ਕਿ ਕਾਮਰੇਡ ਤਾਰਾ ਸਿੰਘ ਮਣਾਂਮੂੰਹੀ ਅਖਬਾਰ (ਲੋਕ ਲਹਿਰ) ਦੇ ਬੰਡਲ ਸਾਈਕਲ 'ਤੇ ਲੱਦ ਕੇ ਜਲੰਧਰੋਂ ਚਲ ਕੇ ਮੁਕਤਸਰ, ਜਲਾਲਾਬਾਦ, ਗੁਰੂ ਹਰ ਸਹਾਇ ਤੱਕ ਪੁਚਾਇਆ ਕਰਦੇ ਸਨ।
ਸੋਧਵਾਦ ਦਾ ਟਾਕਰਾ ਕਰਦਿਆਂ ਗਠਿਤ ਹੋਈ ਸੀ.ਪੀ.ਆਈ. (ਐਮ) ਦਾ ਹਿੱਸਾ ਬਣਦਿਆਂ ਉਨ੍ਹਾਂ ਜਲੰਧਰ ਜ਼ਿਲ੍ਹੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕੀਤਾ। ਆਪ ਲੰਮਾ ਸਮਾਂ ਸੀ.ਪੀ.ਆਈ.(ਐਮ) ਦੇ ਫਿਲੌਰ ਤਹਿਸੀਲ ਦੇ ਸਕੱਤਰ ਅਤੇ ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਰਹੇ। ਉਹ ਉਂਝ ਤਾਂ ਪਾਰਟੀ ਦੀਆਂ ਮੁਕੰਮਲ ਸਰਗਰਮੀਆਂ 'ਚ ਸ਼ਾਨਾਮੱਤਾ ਯੋਗਦਾਨ ਪਾਉਂਦੇ ਰਹੇ ਪਰ ਉਨ੍ਹਾਂ ਜਨਤਕ ਕੰਮ ਕਿਸਾਨੀ ਅਤੇ ਟਰੇਡ ਯੂਨੀਅਨ ਫਰੰਟਾਂ 'ਤੇ ਕੀਤਾ। ਕਿਰਤੀ, ਕਿਸਾਨਾਂ ਅਤੇ ਮਿਹਨਤਕਸ਼ਾਂ ਦੇ ਦੂਜੇ ਭਾਗਾਂ ਦੀ ਬੰਦਖਲਾਸੀ ਦੇ ਫਲਸਫੇ ਵਿਚ ਅਟੁੱਟ ਵਿਸ਼ਵਾਸ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਿਆਂ ਨਵੇਂ ਸਾਥੀਆਂ ਨੂੰ ਉਤਸ਼ਾਹਤ ਕਰਨਾ ਉਨ੍ਹਾਂ ਦੇ ਜੀਵਨ ਦੀ ਵੱਡੀ ਪ੍ਰਾਪਤੀ ਅਤੇ ਆਉਣ ਵਾਲੀਆਂ ਕਮਿਊਨਿਸਟ ਨਸਲਾਂ ਲਈ ਦੇਣ ਹੈ ਅਤੇ ਰਹੇਗੀ।
ਸੀ.ਪੀ.ਆਈ.(ਐਮ) ਵਲੋਂ 1964 ਦੇ ਇਨਕਲਾਬੀ ਪ੍ਰੋਗਰਾਮ  ਨੂੰ ਬੇਦਾਵਾ ਦੇਣ ਅਤੇ ਇਨਕਲਾਬੀ ਪੈਂਤੜੇ ਤੋਂ ਖੁੱਸਣ ਨੂੰ ਦੇਖਦਿਆਂ ਸਾਥੀ ਤਾਰਾ ਸਿੰਘ ਨੇ ਇਕ ਵਾਰ ਫਿਰ ਬੇਝਿਜਕ ਦਰੁਸਤ ਫੈਸਲਾ ਲੈਂਦਿਆਂ ਨਵੀਂ ਕਾਇਮ ਹੋਈ ਸੀ.ਪੀ.ਐਮ.ਪੰਜਾਬ ਦਾ ਪੱਲਾ ਫੜਿਆ ਅਤੇ ਅੰਤਮ ਸਾਹਾਂ ਤੱਕ ਪਾਰਟੀ ਦੀ ਵਿਚਾਰਧਾਰਾ 'ਤੇ ਨਾ ਕੇਵਲ ਕਾਇਮ ਰਹੇ ਬਲਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਹੂ-ਮੁੜ੍ਹਕਾ ਇਕ ਕਰ ਦਿੱਤਾ। ਆਪ ਸੀ.ਪੀ.ਐਮ.ਪੰਜਾਬ ਦੀ ਕਾਇਮੀ ਤੋਂ ਲੈ ਕੇ ਅੰਤਮ ਸਾਹਾਂ ਤੱਕ ਸੂਬਾ ਕਮੇਟੀ ਦੇ ਮੈਂਬਰ ਰਹੇ। ਸੀ.ਪੀ.ਐਮ.ਪੰਜਾਬ ਅਤੇ ਅਦਾਰਾ 'ਸੰਗਰਾਮੀ ਲਹਿਰ' ਵਲੋਂ ਅਸੀਂ ਆਪਣੇ ਰਾਹ ਦਰਸਾਵੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਲਈ ਜੀਵਨ ਲਾਉਣ ਦਾ ਪ੍ਰਣ ਦੁਹਰਾਉਂਦੇ ਹਾਂ।
 
ਸ਼ਹੀਦ ਸੋਹਣ ਸਿੰਘ ਢੇਸੀ ਦੀ 26ਵੀਂ ਬਰਸੀ 'ਤੇ ਸ਼ਰਧਾਂਜਲੀ ਸਮਾਗਮਗੁਰਾਇਆ : ਗੁਰਾਇਆ ਨਜ਼ਦੀਕ ਪਿੰਡ ਕਾਹਨਾ ਢੇਸੀਆਂ 'ਚ ਸ਼ਹੀਦ ਸੋਹਣ ਸਿੰਘ ਢੇਸੀ ਦੀ 26ਵੀਂ ਸ਼ਹੀਦੀ ਬਰਸੀ ਮੌਕੇ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਨਾਲ ਘੱਟ ਗਿਣਤੀਆਂ 'ਚ ਅਸੁਰੱਖਿਆ ਵਾਲਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਆਪਣਾ ਲੁੱਕਵਾਂ ਏਜੰਡਾ ਹੌਲੀ-ਹੌਲੀ ਬਾਹਰ ਲੈ ਕੇ ਆ ਰਹੀ ਹੈ ਅਤੇ ਇਸ ਨੂੰ ਹੁਣ ਉਚੇਚੇ ਤੌਰ 'ਤੇ ਲਾਗੂ ਕਰਨ ਵੱਲ ਨੂੰ ਤੁਰੀ ਜਾ ਰਹੀ ਹੈ। ਸਾਥੀ ਪਾਸਲਾ ਨੇ ਕਿਹਾ ਕਿ ਹੁਣ ਲੋਕਾਂ ਦੇ ਅੱਛੇ ਦਿਨ ਦੇ ਸੁਫਨੇ ਚੁਕਨਾਚੂਰ ਹੋਣੇ ਸ਼ੁਰੂ ਹੋ ਗਏ ਹਨ ਅਤੇ ਲੋਕ ਮਹਿੰਗਾਈ ਆਦਿ 'ਚ ਬੁਰੀ ਤਰ੍ਹਾਂ ਪਿਸ ਕੇ ਰਹਿ ਗਏ ਹਨ। ਬਰਸੀ ਮੌਕੇ ਕੀਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਗੰਨੇ ਤੋਂ ਬਾਅਦ ਹੁਣ ਬਾਸਮਤੀ 'ਤੇ ਹਮਲਾ ਬੋਲਿਆ ਜਾ ਰਿਹਾ ਹੈ ਅਤੇ ਐੱਫ ਸੀ ਆਈ ਦਾ ਭੋਗ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਰੀਦ ਏਜੰਸੀਆਂ ਦਾ ਭੋਗ ਪੈਣ ਨਾਲ ਕਿਸਾਨ ਖੁੱਲ੍ਹੀ ਮੰਡੀ 'ਤੇ ਨਿਰਭਰ ਕਰਨਗੇ, ਜਿਸ ਨਾਲ ਦੇਸ਼ 'ਚ ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਖੁਦਕਸ਼ੀਆਂ ਕਰਨਗੇ। ਇਸ ਮੌਕੇ ਸ਼ਹੀਦੀ ਸਮਾਗਮ ਨੂੰ ਗੁਰਨਾਮ ਸਿੰਘ ਸੰਘੇੜਾ, ਮੇਲਾ ਸਿੰਘ ਰੁੜਕਾ, ਪਰਮਜੀਤ ਰੰਧਾਵਾ, ਜਸਵਿੰਦਰ ਸਿੰਘ ਢੇਸੀ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਇਲਾਕੇ ਭਰ 'ਚੋਂ ਇਕੱਠੇ ਹੋਏ ਪਾਰਟੀ ਕਾਰਕੁਨਾਂ ਨੇ ਪਿੰਡ 'ਚੋਂ ਮਾਰਚ ਕਰਦੇ ਹੋਏ ਸ਼ਹੀਦੀ ਲਾਟ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। 

1968 ਦੇ ਰੇਲਵੇ ਸ਼ਹੀਦਾਂ ਦੀ ਯਾਦ ਵਿਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਪਠਾਨਕੋਟ : ਨਾਰਦਰਨ ਰੇਲਵੇ ਮੈੱਨਜ਼ ਯੂਨੀਅਨ ਫਿਰੋਜ਼ਪੁਰ ਡਵੀਜ਼ਨ ਅਤੇ ਟਰੇਡ ਯੂਨੀਅਨ ਕੌਂਸਲ ਪਠਾਨਕੋਟ ਨੇ ਸਾਂਝੇ ਤੌਰ 'ਤੇ 47ਵੀਂ ਸ਼ਹੀਦੀ ਕਾਨਫਰੰਸ ਦਾ ਆਯੋਜਨ ਰੇਲਵੇ ਸਟੇਸ਼ਨ ਪਠਾਨਕੋਟ 'ਤੇ ਕੀਤਾ। ਇਹ ਸ਼ਹੀਦੀ ਕਾਨਫਰੰਸ 19 ਸਤੰਬਰ 1968 ਦੀ ਹੜਤਾਲ ਸਮੇਂ ਪੰਜ ਰੇਲਵੇ ਮੁਲਾਜ਼ਮਾਂ ਨੂੰ ਉਸ ਵੇਲੇ ਦੀ ਸਰਕਾਰ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਯਾਦ ਵਿੱਚ ਹਰ ਸਾਲ 19 ਸਤੰਬਰ ਨੂੰ ਮਨਾਈ ਜਾਂਦੀ ਹੈ। ਪੂਰੇ ਫਿਰੋਜ਼ਪੁਰ ਡਵੀਜ਼ਨ ਵਿੱਚੋਂ ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਜੰਮੂ ਤੋਂ ਵਿਸ਼ੇਸ਼ ਗੱਡੀਆਂ ਰਾਹੀਂ 6 ਹਜ਼ਾਰ ਤੋਂ ਵੱਧ ਰੇਲ ਕਾਮੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪਹੁੰਚੇ ਅਤੇ ਟਰੇਡ ਯੂਨੀਅਨ ਕੌਂਸਲ ਦੇ ਵੀ ਸੈਂਕੜੇ ਸਾਥੀ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਪਾਲ ਮਿਸ਼ਰਾ ਜਨਰਲ ਸਕੱਤਰ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ, ਸੀਟੂ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੰਗਤ ਰਾਮ ਪਾਸਲਾ, ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਦੇ ਡਵੀਜ਼ਨ ਸੈਕਟਰੀ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਕਾਰਕੁੰਨ ਮੌਜੂਦ ਸਨ। ਕਾਨਫਰੰਸ ਦੀ ਅਗਵਾਈ ਸ਼ਿਵ ਦੱਤ ਅਤੇ ਹਰਦੀਪ ਸਿੰਘ ਨੇ ਕੀਤੀ।
ਕਾਨਫਰੰਸ ਦੀ ਸ਼ੁਰੂਆਤ ਸ਼ਿਵ ਗੋਪਾਲ ਮਿਸ਼ਰਾ ਵੱਲੋਂ ਲਾਲ ਝੰਡਾ ਲਹਿਰਾ ਕੇ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਦਲਜੀਤ ਸਿੰਘ ਡਵੀਜ਼ਨ ਸਕੱਤਰ ਐੱਨ ਆਰ ਐੱਮ ਯੂ ਫਿਰੋਜ਼ਪੁਰ ਨੇ ਸਰਕਾਰ ਵੱਲੋਂ ਰੇਲਾਂ ਦੇ ਤੇਜ਼ੀ ਨਾਲ ਕੀਤੇ ਜਾ ਰਹੇ ਨਿੱਜੀਕਰਨ, ਨਵੀਂ ਪੈਨਸ਼ਨ ਯੋਜਨਾ ਅਤੇ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਖਤਮ ਕਰਨ, ਰੇਲਵੇ ਵਿਭਾਗ ਵਿੱਚ 100 ਫੀਸਦੀ ਐੱਫ ਡੀ ਆਈ ਲਾਗੂ ਕਰਨ ਦਾ ਵਿਰੋਧ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਇਸ ਤੋਂ ਬਾਜ਼ ਆਵੇ, ਨਹੀਂ ਤਾਂ ਰੇਲ ਕਾਮੇ ਇਸ ਵਿਰੁੱਧ ਸੰਘਰਸ਼ ਲਈ ਮਜਬੂਰ ਹੋਣਗੇ। ਉਨ੍ਹਾ ਕਿਹਾ ਕਿ 23 ਨਵੰਬਰ ਨੂੰ ਹੋਣ ਵਾਲੀ ਹੜਤਾਲ ਮੌਕੇ ਫਿਰੋਜ਼ਪੁਰ ਡਵੀਜ਼ਨ 'ਚ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ।
ਸ਼ਿਵ ਗੋਪਾਲ ਮਿਸ਼ਰਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮੋਦੀ ਸਰਕਾਰ ਦੇ ਆਉਣ ਨਾਲ ਰੇਲ ਨਿੱਜੀਕਰਨ ਦਾ ਖਤਰਾ ਹੋਰ ਵਧ ਗਿਆ ਹੈ। ਉਨ੍ਹਾ ਨਿੱਜੀਕਰਨ ਆਊਟ ਸੋਰਸਿੰਗ ਰਾਹੀਂ ਰੇਲਾਂ ਨੂੰ ਵੇਚਣ ਦੀ ਸਖਤ ਨਿਖੇਧੀ ਕੀਤੀ। ਉਨ੍ਹਾ ਸਰਕਾਰ ਪਾਸੋਂ ਮੰਗ ਕੀਤੀ ਕਿ ਰੇਲਵੇ ਵਿੱਚ ਐੱਫ ਡੀ ਆਈ ਦਾ ਦਾਖਲਾ ਮੁਕੰਮਲ ਰੂਪ ਵਿੱਚ ਬੰਦ ਕੀਤਾ ਜਾਵੇ। ਜੇਕਰ ਸਰਕਾਰ ਵੱਲੋਂ ਰੇਲ ਨਿੱਜੀਕਰਨ 'ਤੇ ਰੋਕ ਨਾ ਲਗਾਈ ਗਈ ਅਤੇ ਐੱਫ ਡੀ ਆਈ ਦਾ ਫੈਸਲਾ ਵਾਪਸ ਨਾ ਲਿਆ ਤਾਂ ਆਲ ਇੰਡੀਆ ਰੇਲਵੇ ਫੈਡਰੇਸ਼ਨ ਅਤੇ ਕੇਂਦਰੀ ਮੁਲਾਜ਼ਮਾਂ ਦੀਆਂ ਹੋਰ ਜਥੇਬੰਦੀਆਂ 23 ਨਵੰਬਰ ਸ਼ਾਮ 6 ਵਜੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੀਆਂ। ਸੀਟੂ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੰਗਤ ਰਾਮ ਪਾਸਲਾ ਨੇ ਕੇਂਦਰ ਸਰਕਾਰ ਦੀਆਂ ਸਾਮਰਾਜ ਪੱਖੀ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਦੇ ਬਹੁਮੁੱਲੀ ਕੁਦਰਤੀ ਖਜ਼ਾਨੇ ਲੋਹਾ, ਕੋਲਾ, ਜੰਗਲ, ਜਲ ਅਤੇ ਜ਼ਮੀਨ ਵਿਦੇਸ਼ੀ ਤੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਹਰ ਤਰ੍ਹਾਂ ਦੇ ਪਬਲਿਕ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਵੇਚਿਆ ਜਾ ਰਿਹਾ  ਹੈ। ਕਿਰਤ ਕਾਨੂੰਨ ਮੁਕੰਮਲ ਰੂਪ ਵਿੱਚ ਖਤਮ ਕੀਤੇ ਜਾ ਰਹੇ ਹਨ। ਉਨ੍ਹਾ ਭੂਮੀ ਅਧਿਗ੍ਰਹਿਣ ਬਿੱਲ ਨੂੰ ਸਰਕਾਰ ਵੱਲੋਂ ਵਾਪਸ ਲਏ ਜਾਣ ਨੂੰ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਦੱਸਿਆ ਅਤੇ ਲੋਕਾਂ ਨੂੰ ਬੀ ਜੇ ਪੀ ਦੀਆਂ ਫਿਰਕੂ ਨੀਤੀਆਂ ਤੋਂ ਅਗਾਹ ਕਰਦੇ ਹੋਏ ਕਿਹਾ ਕਿ ਇਸ ਨਾਲ ਭਾਰਤ ਦੀ ਏਕਤਾ ਨੂੰ ਖਤਰਾ ਪੈਦਾ ਹੋ  ਰਿਹਾ ਹੈ। ਉਨ੍ਹਾ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਂਝੇ ਸੰਘਰਸ਼ਾਂ ਨਾਲ ਹੀ ਇਨ੍ਹਾਂ ਨੀਤੀਆਂ 'ਤੇ ਰੋਕ ਲਗਾਈ ਜਾ ਸਕਦੀ ਹੈ।  ਟਰੇਡ ਯੂਨੀਅਨ ਕੌਂਸਲ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਨੇ 19 ਸਤੰਬਰ 1968 ਦੇ ਸਾਕੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

No comments:

Post a Comment