Monday, 3 November 2014

'ਮੇਲਾ ਗਦਰੀ ਬਾਬਿਆਂ ਦਾ' ਪੰਜਾਬ ਦੇ ਸਿਹਤਮੰਦ ਸਭਿਆਚਾਰ ਦਾ ਹਸਤਾਖ਼ਰ

ਇੰਦਰਜੀਤ ਚੁਗਾਵਾਂ

ਮੇਲੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ। ਆਪਣੀ ਨਿੱਤ ਦਿਨ ਦੀ ਭੱਜ ਦੌੜ, ਸਮੱਸਿਆਵਾਂ ਨਾਲ ਜੂਝਦਿਆਂ ਪੈਦਾ ਹੋਏ ਤਣਾਅ ਨੂੰ ਦੂਰ ਕਰਨ ਤੇ ਨੀਰਸਤਾ ਤੋਂ ਖਹਿੜਾ ਛੁਡਾਉਣ ਲਈ ਮੇਲਿਆਂ ਵੱਲ ਮਨੁੱਖ ਦਾ ਧਿਆਨ ਆਪਣੇ ਆਪ ਹੀ ਖਿਚਿਆ ਜਾਂਦਾ ਹੈ। ਇਸੇ ਕਾਰਨ ਹੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਲਿਖਿਆ ਸੀ, ''ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।'' ਸਮੇਂ ਦੇ ਨਾਲ ਨਾਲ ਮੇਲਿਆਂ ਦਾ ਮੁਹਾਂਦਰਾ ਵੀ ਬਹੁਤ ਬਦਲ ਗਿਆ ਹੈ। ਮਾਘੀ, ਵਿਸਾਖੀ, ਹੋਲਾ ਮੁਹੱਲਾ ਤੇ ਇਸ ਤਰ੍ਹਾਂ ਦੇ ਹੋਰ ਮੇਲਿਆਂ ਦਾ ਸਰੂਪ ਉਹ ਨਹੀਂ ਰਿਹਾ ਜੋ ਪਹਿਲਾਂ ਹੋਇਆ ਕਰਦਾ ਸੀ। ਜੇ ਇਹ ਤਬਦੀਲੀ ਬਿਹਤਰੀ ਵੱਲ ਜਾਂਦੀ ਤਾਂ ਹੋਰ ਗੱਲ ਸੀ ਪਰ ਤਬਦੀਲੀ ਵਿਗਾੜ ਵੱਲ ਜ਼ਿਆਦਾ ਵੱਧਦੀ ਨਜ਼ਰੀ ਪੈਂਦੀ ਹੈ। ਇਹਨਾਂ ਮੇਲਿਆਂ 'ਤੇ ਹੁਣ ਜਾਂ ਤਾਂ ਕੱਟੜਤਾ ਦਾ ਪ੍ਰਛਾਵਾਂ ਰਹਿੰਦਾ ਹੈ ਜਾਂ ਫਿਰ ਊਲ ਜ਼ਲੂਲਤਾ ਦਾ। ਸੱਭਿਆਚਾਰ ਦੇ ਨਾਂਅ 'ਤੇ ਲੱਗਦੇ ਮੇਲਿਆਂ ਨੇ ਤਾਂ ਪੰਜਾਬੀ ਸੱਭਿਆਚਾਰ ਨੂੰ ਨਿਘਾਰ ਵੱਲ ਧੱਕਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਦੋ-ਅਰਥੀ ਗਾਣਿਆਂ, ਅਖੌਤੀ ਲੋਕ ਗਾਇਕਾਂ ਦੀਆਂ ਫੂਹੜ ਹਰਕਤਾਂ ਨੇ ਇਨ੍ਹਾਂ ਸੱਭਿਆਚਾਰਕ ਮੇਲਿਆਂ 'ਚ ਪਰਵਾਰਾਂ ਨੂੰ ਅੱਖਾਂ ਨੀਵੀਆਂ ਕਰਨ ਲਈ ਮਜ਼ਬੂਰ ਕਰਕੇ ਰੱਖ ਦਿੱਤਾ। ਇਹ ਸਭ ਕੁੱਝ ਕੋਈ ਸਹਿਵਨ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ, ਇਸ ਨੂੰ ਹੁਕਮਰਾਨ ਜਮਾਤ ਦੀ ਸਰਪ੍ਰਸਤੀ ਹਾਸਲ ਹੈ। ਕਿਸੇ ਵੀ ਕੌਮ, ਕਿਸੇ ਵੀ ਦੇਸ਼ ਦਾ ਨੌਜਵਾਨ ਵਰਗ ਉਪਰਾਮਤਾ ਦਾ ਸ਼ਿਕਾਰ ਰਹਿੰਦਾ ਹੈ। ਉਹ ਆਪਣੇ ਆਲੇ ਦੁਆਲੇ ਦੇ ਹਾਲਾਤ ਨੂੰ ਆਪਣੀ ਇੱਛਾ ਜਾਂ ਆਪਦੀ ਸਹੂਲਤ ਮੁਤਾਬਕ ਬਦਲਣ ਲਈ ਬੇਚੈਨ ਰਹਿੰਦਾ ਹੈ। ਇਹ ਵਰਗ ਜੇ ਸਹੀ ਦਿਸ਼ਾ ਵੱਲ ਚੱਲ ਪਵੇ ਤਾਂ ਯੁਗ ਪਲਟਾਊ ਤਬਦੀਲੀ ਲਿਆ ਦਿੰਦਾ ਹੈ ਤੇ ਜੇ ਲੀਹੋਂ ਲੱਥ ਜਾਵੇ ਤਾਂ ਆਸ ਪਾਸ ਦੇ ਹਾਲਾਤ 'ਚ ਕਿਸੇ ਤਬਦੀਲੀ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਪੂੰਜੀਵਾਦੀ ਪ੍ਰਬੰਧ ਇਸ ਹਕੀਕਤ ਤੋਂ ਭਲੀਭਾਂਤ ਜਾਣੂ ਹੈ। ਇਸੇ ਕਾਰਨ ਉਹ ਇਸ ਵਰਗ ਨੂੰ ਹਮੇਸ਼ਾਂ ਵਰਗਲਾਉਣ ਦੇ ਆਹਰ 'ਚ ਜੁਟਿਆ ਰਹਿੰਦਾ ਹੈ। ਲੱਚਰ ਸੱਭਿਆਚਾਰ ਇਸੇ ਰਣਨੀਤੀ ਦਾ ਹੀ ਹਿੱਸਾ ਹੈ। ਲੱਚਰ ਗੀਤ, ਉਕਸਾਵੇ ਵਾਲੀਆਂ ਫਿਲਮਾਂ, ਟੀ.ਵੀ. 'ਤੇ ਪਰੋਸੇ ਜਾਂਦੇ ਹਕੀਕਤਾਂ ਤੋਂ ਕੋਹਾਂ ਦੂਰ ਲੜੀਵਾਰ ਨਾਟਕ ਨੌਜਵਾਨ ਵਰਗ ਨੂੰ ਵਰਗਲਾਉਣ ਦਾ ਹੀ ਹਥਿਆਰ ਹਨ। ਪੂੰਜੀਵਾਦੀ ਪ੍ਰਬੰਧ ਜੇ ਅਜਿਹਾ ਨਹੀਂ ਕਰੇਗਾ ਤਾਂ ਪੜ੍ਹ ਲਿਖ ਕੇ ਬੇਰੁਜ਼ਗਾਰ ਫਿਰ ਰਹੇ ਨੌਜਵਾਨ ਲਾਜ਼ਮੀ ਹੀ ਇਸ ਪ੍ਰਬੰਧ ਦੀਆਂ ਚੂਲਾ ਹਿਲਾ ਕੇ ਰੱਖ ਦੇਣਗੇ। 
ਪੰਜਾਬ ਦੇ ਧਰਮ ਨਿਰਪੱਖ ਜਮਹੂਰੀ ਤੇ ਅਗਾਂਹਵਧੂ ਹਿੱਸੇ, ਖਾਸਕਰ ਖੱਬੀ ਧਿਰ ਲਈ ਇਹ ਪਹਿਲੂ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਚਿੰਤਾ 'ਚੋਂ ਹੀ ਉਪਜਿਆ ਸੀ, 'ਮੇਲਾ ਗ਼ਦਰੀ ਬਾਬਿਆਂ ਦਾ'। ਆਪਣੀ ਹਯਾਤੀ ਦੇ 23ਵੇਂ ਵਰ੍ਹੇ 'ਚੋਂ ਲੰਘ ਰਿਹਾ ਮੇਲਾ ਗਦਰੀ ਬਾਬਿਆਂ ਦਾ ਪੂੰਜੀਵਾਦੀ ਪ੍ਰਬੰਧ ਦੇ ਸੱਭਿਆਚਾਰਕ ਵਿਗਾੜ ਦੇ ਟਾਕਰੇ ਲਈ ਖੱਬੀ ਧਿਰ ਦਾ ਇਕ ਸਫਲ ਹਥਿਆਰ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਦੇਸ਼ ਭਗਤ ਯਾਦਗਾਰ ਕੰਪਲੈਕਸ ਅੰਦਰ ਹਰ ਸਾਲ ਅਕਤੂਬਰ ਦੇ ਆਖਰੀ ਹਫਤੇ ਤੋਂ ਪਹਿਲੀ ਤੇ ਦੋ ਨਵੰਬਰ ਦੇ ਪਹੁ-ਫੁਟਾਲੇ ਤੱਕ ਚੱਲਣ ਵਾਲਾ ਇਹ ਮੇਲਾ ਪੰਜਾਬ ਦੀ ਸਿਹਤਮੰਦ ਸੱਭਿਆਚਾਰਕ ਵਿਰਾਸਤ ਦਾ ਇਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ। 
ਜਿਥੇ ਰਵਾਇਤੀ ਮੇਲੇ ਮੌਜਮਸਤੀ ਕਰਨ, ਖਾਣ ਪੀਣ ਤੱਕ ਹੀ ਸੀਮਤ ਰਹਿੰਦੇ ਹਨ, ਉਥੇ ਇਹ ਪਹਿਲਾ ਮੇਲਾ ਹੈ ਜਿਸ ਵਿਚ ਸ਼ਰੀਕ ਹੋਣ ਵਾਲਾ ਹਰ ਸਖਸ਼ ਕੋਈ ਅਜਿਹਾ ਨਵਾਂ ਵਿਚਾਰ ਲੈ ਕੇ ਜਾਂਦਾ ਹੈ, ਜੋ ਉਸ ਨੂੰ ਆਪਣੇ ਆਲੇ ਦੁਆਲੇ ਨੂੰ ਸਮਝਣ ਤੇ ਸਮੱਸਿਆਵਾਂ ਦੇ ਵਿਗਿਆਨਕ ਹਲ ਕਰਨ ਵੱਲ ਵੱਧਣ ਲਈ ਪ੍ਰੇਰਿਤ ਕਰਦਾ ਹੈ। ਇਹ ਇਸ ਮੇਲੇ ਦੀ ਪ੍ਰਾਪਤੀ ਹੈ ਕਿ ਇਸ ਵਿਚ ਬੱਚਿਆਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕ ਸ਼ਰੀਕ ਹੁੰਦੇ ਹਨ। ਜਿਥੇ ਛੋਟੇ ਛੋਟੇ ਬੱਚਿਆਂ ਨੂੰ ਪੇਂਟਿੰਗ ਮੁਕਾਬਲਿਆਂ ਰਾਹੀਂ ਉਘੇ ਦੇਸ਼ ਭਗਤਾਂ ਦੇ ਰੂ-ਬ-ਰੂ ਕੀਤਾ ਜਾਂਦਾ ਹੈ, ਉਥੇ ਕੁਇਜ਼ ਮੁਕਾਬਲਿਆਂ ਰਾਹੀਂ ਨੌਜਵਾਨ ਵਰਗ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਅਹਿਮ ਸਥਾਨ ਰੱਖਣ ਵਾਲੀਆਂ ਵੱਖ ਵੱਖ ਲਹਿਰਾਂ ਨਾਲ ਜੋੜਿਆ ਜਾਂਦਾ ਹੈ। ਕਿਸੇ ਵੀ ਕੌਮ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਸਿਹਤਮੰਦ ਵਿਰਾਸਤ ਤੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਂਦੀ ਰਹੇ। ਇਸ ਪੱਖ ਤੋਂ ਅਵੇਸਲੀਆਂ ਕੌਮਾਂ ਦਾ ਭਵਿੱਖ ਕਦੇ ਵੀ ਰੌਸ਼ਨ ਨਹੀਂ ਰਹਿੰਦਾ। ਇਸ ਹਕੀਕਤ ਤੋਂ ਵਾਕਿਫ਼ ਦੇਸ਼ ਭਗਤ ਯਾਦਗਾਰ ਕਮੇਟੀ, ਜਿਸ ਦੀ ਅਗਵਾਈ ਵਿਚ 'ਮੇਲਾ ਗਦਰੀ ਬਾਬਿਆਂ ਦਾ', ਚਲਦਾ ਹੈ, ਆਖਰੀ ਜ਼ੁੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ। 
'ਮੇਲਾ ਗਦਰੀ ਬਾਬਿਆਂ ਦਾ' ਦੀ ਇਕ ਹੋਰ ਅਹਿਮ ਪ੍ਰਾਪਤੀ ਹੈ ਕਿ ਇਸ ਦੇ ਮੰਚ ਨੇ ਦੇਸ਼ ਭਗਤ, ਧਰਮ ਨਿਰਪੱਖ, ਜਮਹੂਰੀ ਤੇ ਅਗਾਂਹਵਧੂ ਸਿਆਸੀ ਧਾਰਾਵਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਆਪਸ 'ਚ ਨੇੜੇ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਵੱਖ ਵੱਖ ਧਾਰਾਵਾਂ ਨੂੰ ਇਕ ਸਾਂਝੇ ਮੰਚ 'ਤੇ ਦੇਖ ਕੇ ਪੰਜਾਬ ਦੇ ਲੋਕਾਂ ਵਿਚ ਇਕ ਚੰਗਾ ਸੰਦੇਸ਼ ਜਾਂਦਾ ਹੈ। ਮੇਲੇ ਦੇ ਮੰਚ ਤੋਂ ਕੋਈ ਵੱਖਰੀ ਸੁਰ ਨਹੀਂ ਗੂੰਜਦੀ, ਸਾਂਝੇ ਬੋਲ ਹੀ ਗੂੰਜਦੇ ਹਨ, ਜਿਹੜੇ ਕਿਰਤੀ ਜਮਾਤ ਦੀ ਅਗਵਾਈ ਵਾਲੇ ਨਿਜਾਮ ਦੀ ਸਥਾਪਤੀ ਲਈ ਬੱਝਵੇਂ ਤੇ ਵਿਆਪਕ ਸੰਘਰਸ਼ ਦਾ ਹੀ ਹੋਕਾ ਦਿੰਦੇ ਹਨ। 
ਹਰ ਵਾਰ ਇਹ ਮੇਲਾ ਦੇਸ਼ ਦੇ ਆਜ਼ਾਦੀ ਅੰਦੋਲਨ ਦੀਆਂ ਉਨ੍ਹਾਂ ਲਹਿਰਾਂ 'ਚੋਂ ਕਿਸੇ ਇਕ ਲਹਿਰ ਨੂੰ ਸਮਰਪਤ ਕੀਤਾ ਜਾਂਦਾ ਹੈ, ਜਿਸ ਨੂੰ ਸਾਡੇ ਦੇਸ਼ ਦੀ ਹੁਕਮਰਾਨ ਜਮਾਤ ਨੇ ਗਿਣੇ ਮਿਥੇ ਢੰਗ ਨਾਲ ਦਬਾਅ ਕੇ ਰੱਖਿਆ ਹੋਇਆ ਹੈ। ਜੇ ਪਿਛਲੀ ਵਾਰ ਦਾ ਮੇਲਾ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਤ ਸੀ ਤਾਂ ਇਸ ਵਾਰ ਦਾ ਮੇਲਾ 'ਕਾਮਾਗਾਟਾਮਾਰੂ ਕਾਂਡ' ਦੀ ਸ਼ਤਾਬਦੀ ਨੂੰ ਸਮਰਪਤ ਹੈ। ਇਸ ਤਰ੍ਹਾਂ ਸਾਡੇ ਭੁੱਲੇ ਵਿਸਰੇ ਮਹਾਨ ਦੇਸ਼ ਭਗਤਾਂ ਨੂੰ ਲੋਕ ਮਨਾਂ ਦੇ ਚਿੱਤਰਪੱਟ 'ਤੇ ਨਵੇਂ ਸਿਰਿਓਂ ਉਕੇਰ ਕੇ ਇਹ ਮੇਲਾ ਇਕ ਮਹਾਨ ਕਾਰਜ ਕਰ ਰਿਹਾ ਹੈ। 
'ਮੇਲਾ ਗਦਰੀ ਬਾਬਿਆਂ ਦਾ' ਕੇਵਲ ਦੇਸ਼ ਭਗਤ ਯਾਦਗਾਰ ਕੰਪਲੈਕਸ ਦੀ ਵਲਗਣ ਤੱਕ ਹੀ ਸੀਮਤ ਨਹੀਂ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗਦਰੀ ਦੇਸ਼ ਭਗਤਾਂ ਦੇ ਪਿੰਡਾਂ 'ਚ ਜਾ ਕੇ ਉਥੋਂ ਦੇ ਲੋਕਾਂ ਨੂੰ ਉਨ੍ਹਾਂ ਦੇ ਮਹਾਨ ਵਿਰਸੇ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੇ ਉਹਨਾਂ ਨੂੰ ਆਪਣੇ ਮਾਣ ਮੱਤੇ ਵਿਰਸੇ ਦੀ ਰੌਸ਼ਨੀ 'ਚ ਅੱਗੇ ਵਧਣ ਲਈ ਪ੍ਰੇਰਿਆ ਜਾਂਦਾ ਹੈ। ਹਰ ਵਾਰ ਮੇਲੇ 'ਚ ਕਿਸੇ ਦੇਸ਼ ਭਗਤ, ਗਦਰੀ ਸੂਰਬੀਰ ਦੇ ਪਿੰਡ, ਆਪਣੇ ਵਿਰਸੇ .'ਤੇ ਖਰੇ ਉਤਰਨ ਵਾਲੇ ਦੇਸ਼ ਭਗਤ ਦੇ ਪਰਵਾਰ ਨੂੰ ਬੁਲਾਕੇ ਸਨਮਾਨਤ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਦੇਖ ਕੇ ਪੰਜਾਬ ਦੇ ਜੁਝਾਰੂ ਲੋਕ ਆਪਣੀਆਂ ਦੇਸ਼ ਭਗਤ, ਧਰਮ ਨਿਰਪੱਖ ਜੁਝਾਰੂ ਕਦਰਾਂ ਕੀਮਤਾਂ ਦੀ ਰਾਖੀ ਲਈ ਅੱਗੇ ਆਉਣ। 
ਅੱਜ ਵੱਖ ਵੱਖ ਰੂਪਾਂ 'ਚ ਸਾਮਰਾਜੀ ਹਮਲਾ ਬਹੁਤ ਤਿੱਖਾ ਰੂਪ ਧਾਰਨ ਕਰ ਗਿਆ ਹੈ, ਦੇਸ਼ ਦੇ ਹਾਕਮ ਸਾਮਰਾਜੀ ਤਾਕਤਾਂ ਨਾਲ ਘਿਓ ਖਿਚੜੀ ਹੋ ਰਹੇ ਹਨ, ਜਦੋਂ ਪੂਰੇ ਦੇਸ਼ ਅੰਦਰ ਫਿਰਕਾਪ੍ਰਸਤ, ਬੁਨਿਆਦ ਪ੍ਰਸਤ ਤਾਕਤਾਂ ਇਕ ਵਾਰ ਫਿਰ ਦਨਦਨਾਉਂਦੀਆਂ ਫਿਰ ਰਹੀਆਂ ਹਨ, ਉਸ ਵੇਲੇ ਸਾਮਰਾਜ ਵਿਰੋਧੀ, ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਝੰਡਾ ਬੁਲੰਦ ਕਰਕੇ 'ਮੇਲਾ ਗ਼ਦਰੀ ਬਾਬਿਆਂ ਦਾ' ਇਕ ਅਹਿਮ ਜ਼ੁੰਮੇਵਾਰੀ ਨਿਭਾਅ ਰਿਹਾ ਹੈ। 
'ਮੇਲਾ ਗਦਰੀ ਬਾਬਿਆਂ ਦਾ', ਦਾ ਇਕ ਮਾਣਮੱਤਾ ਪਹਿਲੂ ਇਹ ਵੀ ਹੈ ਕਿ ਇਹ ਮੇਲਾ ਬਿਨਾ ਕਿਸੇ ਸਰਕਾਰੀ ਮਦਦ ਤੇ ਬਿਨਾਂ ਕਿਸੇ ਪੁਲਸ ਸੁਰੱਖਿਆ ਦੇ ਪੰਜ ਦਿਨ ਬੇਰੋਕ ਟੋਕ ਚਲਦਾ ਹੈ। ਇਸ ਵਿਚ ਆਉਣ ਵਾਲੇ ਲੋਕ, ਜਿਨ੍ਹਾਂ 'ਚ ਛੋਟੀਆਂ ਬੱਚੀਆਂ ਤੇ ਮੁਟਿਆਰਾਂ ਵੀ ਵੱਡੀ ਗਿਣਤੀ 'ਚ ਹੁੰਦੀਆਂ ਹਨ, ਬਿਨਾਂ ਕਿਸੇ ਡਰ ਭੈਅ ਦੇ ਮੇਲੇ ਦਾ ਆਨੰਦ ਮਾਣਦੇ ਹਨ। ਕਿਰਤੀ ਲੋਕਾਂ ਦੇ ਪੈਸੇ ਨਾਲ ਚੱਲਣ ਵਾਲਾ ਇਹ ਮੇਲਾ ਸਹਿਵਨ ਸੁਰੱਖਿਆ ਦਾ ਇਕ ਅਜਿਹਾ ਮਾਹੌਲ ਸਿਰਜਦਾ ਹੈ ਕਿ ਮੇਲਾ ਦੇਖਣ ਆਇਆ ਹਰ ਸਖਸ਼ ਇਕ ਵਡੇਰੇ ਤੇ ਸਿਹਤਮੰਦ ਪਰਵਾਰ ਦਾ ਜੀਅ ਬਣ ਜਾਂਦਾ ਹੈ ਤੇ ਅਜਿਹੇ ਪਰਵਾਰ ਵਿਚ ਕਿਸੇ ਨੂੰ ਵੀ ਸੁਰੱਖਿਆ ਦੀ ਲੋੜ ਮਹਿਸੂਸ ਨਹੀਂ ਰਹਿੰਦੀ। ਉਹਨਾਂ ਦੀ ਮਦਦ ਲਈ ਵਲੰਟੀਅਰ ਹਰ ਸਮੇਂ ਮੌਜੂਦ ਰਹਿੇੰਦੇ ਹਨ। 
ਇਲੈਕਟਰਾਨਿਕ ਮੀਡੀਆ ਦੇ ਆਉਣ ਨਾਲ ਜਿਥੇ ਸੂਚਨਾ ਦਾ ਆਦਾਨ ਪ੍ਰਦਾਨ ਬਹੁਤ ਸੁਖਾਲਾ ਹੋ ਗਿਆ ਹੈ ਉਥੇ ਇਸ ਦੀ ਹੋਂਦ ਨੇ ਲੋਕਾਂ ਦੀ ਪੜ੍ਹਨ ਦੀ ਰੁਚੀ ਨੂੰ ਵੀ ਭਾਰੀ ਢਾਅ ਲਾਈ ਹੈ। ਇੰਟਰਨੈਟ ਦੇ ਆਦੀ ਹੋ ਚੁੱਕੇ ਲੋਕ ਆਪਣੀ ਲੋੜੀਂਦੀ ਚੀਜ਼ ਦੀ ਓਨੀ ਕੁ ਹੀ ਭਾਲ ਕਰਦੇ ਹਨ, ਜਿੰਨੀ ਉਨ੍ਹਾਂ ਦਾ ਮਕਸਦ ਪੂਰਾ ਕਰਦੀ ਹੋਵੇ। ਨਿੱਠ ਕੇ ਕਿਤਾਬਾਂ ਪੜ੍ਹਨ ਦਾ ਰੁਝਾਨ ਬਹੁਤ ਘਟਿਆ ਹੈ। ਅਜਿਹੇ ਮਾਹੌਲ 'ਚ 'ਮੇਲਾ ਗਦਰੀ ਬਾਬਿਆਂ ਦਾ' ਪੰਜਾਬ ਦੇ ਲੋਕਾਂ 'ਚ ਇਕ ਨਰੋਆ ਪੁਸਤਕ ਸੱਭਿਆਚਾਰ ਪੈਦਾ ਕਰਨ 'ਚ ਵੱਡਮੁੱਲਾ ਯੋਗਾਦਾਨ ਪਾ ਰਿਹਾ ਹੈ। ਦੇਸ਼ ਭਰ ਦੇ ਪੁਸਤਕ ਪ੍ਰਕਾਸ਼ਕ ਇਸ ਮੇਲੇ 'ਚ ਆਪਣੀਆਂ ਕਿਤਾਬਾਂ ਦੀ ਨੁਮਾਇਸ਼ ਕਰਨ ਆਉਂਦੇ ਹਨ। ਹਰ ਵਾਰ ਲੱਖਾਂ ਰੁਪਏ ਦੀਆਂ ਕਿਤਾਬਾਂ ਵਿਕਦੀਆਂ ਹਨ ਤੇ ਕਿਤਾਬਾਂ ਵੀ ਲੋਕ ਪੱਖੀ, ਚੰਗੀ ਸੇਧ ਦੇਣ ਵਾਲੀਆਂ, ਵਿਗਿਆਨਕ ਵਿਚਾਰਧਾਰਾ 'ਤੇ ਅਧਾਰਤ। ਪੁਸਤਕ ਪ੍ਰੇਮੀਆਂ ਨੂੰ ਆਪਣੀ ਮਨਪਸੰਦ ਦੀਆਂ ਪੁਸਤਕਾਂ ਦੀ ਟੋਹ ਲਾਉਂਦਿਆਂ ਦੇਖਣ ਦਾ ਇਕ ਆਪਣਾ ਹੀ ਮਜ਼ਾ ਹੈ। 
ਗ਼ਦਰੀ ਬਾਬਿਆਂ ਦੀ ਵਿਰਾਸਤ ਸਾਮਰਾਜ ਵਿਰੋਧੀ ਵਿਰਾਸਤ ਹੈ, ਗਦਰੀ ਬਾਬਿਆਂ ਦੀ ਵਿਰਾਸਤ ਧਰਮ ਨਿਰਪੱਖਤਾ ਦੀ ਵਿਰਾਸਤ ਹੈ, ਗ਼ਦਰੀ ਬਾਬਿਆਂ ਦੀ ਵਿਰਾਸਤ ਜਮਹੂਰੀਅਤ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਰਾਹੀਂ ਬਰਾਬਰਤਾ 'ਤੇ ਅਧਾਰਤ ਨਿਜ਼ਾਮ ਸਿਰਜਣ ਦੀ ਵਿਰਾਸਤ ਹੈ। ਉਹਨਾਂ ਦੇ ਨਾਂਅ 'ਤੇ ਲੱਗਦੇ ਇਸ ਮੇਲੇ 'ਮੇਲਾ ਗ਼ਦਰੀ ਬਾਬਿਆਂ ਦਾ' ਨੇ ਇਹਨਾਂ ਮਹਾਨ ਗਦਰੀਆਂ ਦੀ ਵਿਰਾਸਤ ਨੂੰ ਜਿਉਂਦਾ ਹੀ ਨਹੀਂ ਰੱਖਿਆ ਸਗੋਂ ਹੋਰ ਪੱਕੇ ਪੈਰੀਂ ਕੀਤਾ ਹੈ। ਜੇ ਅੱਜ ਪੰਜਾਬ ਦੀਆਂ ਚਾਰ ਪ੍ਰਮੁੱਖ ਖੱਬੀਆਂ ਪਾਰਟੀਆਂ ਇਕ ਸਾਂਝੇ ਮੰਚ 'ਤੇ ਆਈਆਂ ਹਨ ਤਾਂ ਇਸ ਵਿਚ ਇਸ ਮੇਲੇ ਦਾ ਵੀ ਅਹਿਮ ਰੋਲ ਹੈ। ਇਸ ਤਰ੍ਹਾਂ ਇਹ ਮੇਲਾ ਨਵੇਂ ਦਿਸਹੱਦੇ ਸਿਰਜਦਾ ਹੋਇਆ ਆਪਣੇ ਹਰ ਨਵੇਂ ਕਦਮ ਨਾਲ ਨਵੀਆਂ ਪ੍ਰਾਪਤੀਆਂ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। 

No comments:

Post a Comment