Monday 3 November 2014

ਸਵੱਛ ਭਾਰਤ ਦਾ ਸੁਪਨਾ ਅਤੇ ਹਕੀਕਤ

ਮੱਖਣ ਕੁਹਾੜ

ਸਮੁੱਚੇ ਭਾਰਤ ਵਿਚ ਬਹੁਤ ਗੰਦਗੀ ਹੈ। ਗੰਦਗੀ ਦੇ ਢੇਰ ਥਾਂ-ਥਾਂ ਲੱਗੇ ਦਿਸਦੇ ਹਨ। ਲੋਕ ਆਪਣੇ ਘਰਾਂ ਦੀ ਸਫ਼ਾਈ ਤਾਂ ਕਰਦੇ ਹਨ ਪਰ ਘਰ ਦੇ ਬਾਹਰ ਗਲੀਆਂ 'ਚ ਫੈਲੇ ਗੰਦ ਨੂੰ ਕੋਈ ਨਹੀਂ ਹੂੰਝਦਾ। ਵਿਦੇਸ਼ਾਂ ਵਿਚ ਭਾਰਤ ਨੂੰ 'ਡਰਟੀ ਇੰਡੀਆ' (ਗੰਦਾ ਭਾਰਤ) ਅਤੇ 'ਇੰਡੀਆ ਇਜ਼ ਐਨ ਓਪਨ ਬਾਥਰੂਮ' (ਭਾਰਤ ਇਕ ਖੁੱਲ੍ਹਾ ਗੁਸਲਖ਼ਾਨਾ ਹੈ) ਕਰ ਕੇ ਜਾਣਿਆ ਜਾਂਦਾ ਹੈ। ਇਥੋਂ ਤੀਕਰ ਕਿ ਜੋ ਭਾਰਤੀ ਮੂਲ ਦੇ ਛੋਟੇ ਬੱਚੇ ਵਿਦੇਸ਼ਾਂ ਵਿਚ ਰਹਿੰਦੇ ਹਨ, ਉਹ ਜਦ ਕਦੇ ਭਾਰਤ ਆਉਂਦੇ ਹਨ ਤਾਂ ਇਥੋਂ ਦੀ ਗੰਦਗੀ ਵੇਖ ਕੇ ਹੈਰਾਨ ਹੁੰਦੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹਰ ਛੋਟੇ-ਵੱਡੇ ਸ਼ਹਿਰ ਵਿਚ ਪੈਰ-ਪੈਰ 'ਤੇ ਖਿੱਲਰੀ ਰਫ਼ਾ-ਹਾਜ਼ਤ, ਮਲ-ਮੂਤਰ, ਕੂੜਾ-ਕਰਕਟ, ਰੂੜੀਆਂ, ਸੀਵਰੇਜ ਗੰਦਗੀ ਦੇ ਢੇਰ ਨੱਕ 'ਤੇ ਰੁਮਾਲ ਰੱਖ ਕੇ ਲੰਘਣ ਲਈ ਮਜਬੂਰ ਕਰ ਦਿੰਦੇ ਹਨ। ਸਿੱਟੇ ਵਜੋਂ ਪਾਣੀ, ਹਵਾ ਤੇ ਸਮੁੱਚਾ ਵਾਤਾਵਰਨ ਹੀ ਬਦਬੂਦਾਰ ਹੋਇਆ ਪਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵੱਛ ਭਾਰਤ' ਦਾ ਨਾਅਰਾ ਦਿੱਤਾ ਹੈ। ਪਰ ਇਸ ਮੁਹਿੰਮ ਨੂੰ ਅਮਲੀ ਰੂਪ ਦੇ ਕੇ 'ਮੋਦੀ ਸਰਕਾਰ' ਜੇ ਭਾਰਤ ਨੂੰ ਸੁੰਦਰ ਬਣਾਉਣ ਦੀ ਇੱਛਾ ਸ਼ਕਤੀ ਲਗਾਤਾਰ ਕਾਇਮ ਰੱਖਦੀ ਹੈ ਤਾਂ ਇਸ ਬਾਰੇ ਚੰਗਾ ਕਹਿਣਾ ਹੀ ਹੋਵੇਗਾ। ਭਾਵੇਂ ਕਿ ਇਸ ਬਾਰੇ ਅਨੇਕਾਂ ਤਰ੍ਹਾਂ ਦੇ ਖ਼ਦਸ਼ੇ ਬਰਕਰਾਰ ਹਨ।
ਸਭ ਤੋਂ ਪਹਿਲੀ ਸਮੱਸਿਆ ਘਰ ਦਾ ਕੂੜਾ ਕਰਕਟ ਬਾਹਰ ਗਲੀ ਤੀਕ ਲੈ ਜਾਣ ਦੀ ਸਮੱਸਿਆ ਹੈ। ਇਸ ਸਮੱਸਿਆ ਦਾ ਸਬੰਧ ਗ਼ਰੀਬ ਘਰਾਂ ਨਾਲ ਹੈ। ਬੇਰੁਜ਼ਗਾਰੀ, ਗ਼ਰੀਬੀ ਅਤੇ ਗ਼ੰਦਗੀ ਸੱਕੀਆਂ ਭੈਣਾ ਹਨ। ਇਕ ਗ਼ਰੀਬ ਬੰਦੇ ਦੇ ਘਰ ਜੇ ਪਖਾਨਾ ਹੀ ਨਹੀਂ ਹੈ ਤਾਂ ਉਹ ਹਾਜ਼ਤ-ਰਫ਼ਾ ਕਿੱਥੇ ਕਰਨਗੇ। ਜ਼ਰੂਰੀ ਹੈ, ਇਹਨੂੰ ਪਹਿਲ ਦਿੱਤੀ ਜਾਵੇ। ਹਰ ਪਰਿਵਾਰਕ ਇਕਾਈ ਕੋਲ ਇਕ ਵਖਰਾ ਗੁਸਲਖਾਨਾ ਹੋਵੇ। ਇਸ ਬਾਰੇ ਮੌਜੂਦਾ ਪ੍ਰਧਾਨ ਮੰਤਰੀ ਤੋਂ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ। 20 ਲੱਖ ਰੁਪਈਆ ਹਰ ਪਿੰਡ ਲਈ ਦੇਣ ਦੀ ਗੱਲ ਕੀਤੀ ਹੈ, ਪਰ ਉਸ ਦੀ ਠੀਕ ਵਰਤੋਂ ਹੋਵੇਗੀ ਜਾਂ ਕੁਲ ਦਾ 12 ਫ਼ੀਸਦੀ ਹੀ ਠੀਕ ਥਾਂ  ਲੱਗੇਗਾ, ਕੀ ਪਤਾ? ਪਰ ਜਿਸ ਪਰਿਵਾਰ ਨੇ ਘਰ ਵਿਚ ਰੁਜ਼ਗਾਰ ਚਲਾਉਣ ਲਈ ਕੋਈ ਮੱਝ, ਗਾਂ, ਬੱਕਰੀ, ਭੇਡ, ਕੁਕੜੀ ਆਦਿ ਰੱਖੀ ਹੈ, ਉਸ ਦਾ ਕੀ ਬਣੇਗਾ? ਇਸ ਦਾ ਸਬੰਧ ਸਿੱਧਾ ਹੀ ਗ਼ਰੀਬੀ ਨਾਲ ਹੈ। ਗ਼ਰੀਬੀ ਦੂਰ ਕੀਤੇ ਬਿਨਾਂ ਭਾਰਤ ਸਵੱਛ ਕਿਵੇਂ ਬਣੇਗਾ। ਗ਼ਰੀਬ ਘਰਾਂ ਵਿਚ ਤਾਂ ਸਿਆਲ ਨੂੰ ਸਾਰਾ ਪਰਿਵਾਰ ਵੀ ਉਸੇ ਹੀ ਅੰਦਰ 'ਚ ਸੌਂਦਾ ਹੈ, ਜਿਸ ਦੇ ਵਿਚ ਗਾਂ-ਮੱਝ ਆਦਿ ਬੱਝੀ ਹੁੰਦੀ ਹੈ। ਜੇ ਉਸ ਪਰਿਵਾਰ ਦਾ ਵਿਆਹਿਆ ਪੁੱਤਰ ਅੱਡ ਰਹਿਣਾ ਚਾਹਵੇ ਤਾਂ ਉਸ ਕੋਲ ਨਾ ਤਾਂ ਨਵਾਂ ਕਮਰਾ ਪਾਉਣ ਲਈ ਕੋਈ ਪੈਸਾ ਹੁੰਦਾ ਹੈ, ਨਾ ਸਥਾਨ। ਇਹ ਸਮੱਸਿਆ ਭਾਰਤ ਦੇ ਅੱਧਿਓਂ ਵੱਧ ਲੋਕਾਂ ਦੀ ਹੈ। ਗ਼ਰੀਬੀ ਤੇ ਅਨਪੜ੍ਹਤਾ ਵੀ ਨਜ਼ਦੀਕੀ ਰਿਸ਼ਤੇਦਾਰ ਹਨ। ਅੰਧ ਵਿਸ਼ਵਾਸ ਵੀ ਅਨਪੜ੍ਹਤਾ ਦੀ ਹੀ ਜਾਈ ਹੈ। ਅਨਪੜ੍ਹਤਾ ਹੋਣ ਕਰ ਕੇ ਉਨ੍ਹਾਂ ਗ਼ਰੀਬਾਂ ਤੀਕ ਭਾਰਤ ਨੂੰ ਸਵੱਛ ਬਣਾਉਣ ਵਾਲੀ ਮੁਹਿੰਮ ਤਾਂ ਪਹੁੰਚ ਹੀ ਨਹੀਂ ਸਕੇਗੀ। ਇਸ ਲਈ ਸਭ ਤੋਂ ਪਹਿਲਾਂ ਜਿਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ, ਉਹ ਗ਼ਰੀਬੀ ਹੀ ਹੈ। ਵਰਨਾ ਭਾਰਤ ਨੂੰ ਸੁੰਦਰ ਬਣਾਉਣ ਦਾ ਸੁਪਨਾ,  ਬਸ ਇਕ ਨਾਅਰਾ ਮਾਤਰ ਹੀ ਰਹੇਗਾ। ਅੰਧ ਵਿਸ਼ਵਾਸਾਂ 'ਚ ਫਸੇ ਲੋਕ ਗੁੱਡੀਆਂ-ਪਟੋਲੇ, ਨਾਰੀਅਲ ਤੇ ਹੋਰ ਅਨੇਕਾਂ ਤਰ੍ਹਾਂ ਦੀ ਗੰਦਗੀ ਛਪੜਾਂ, ਟੋਭਿਆਂ, ਨਦੀਆਂ, ਨਾਲਿਆਂ 'ਚ ਅਕਸਰ ਸੁੱਟਦੇ ਰਹਿੰਦੇ ਹਨ। ਇਸ ਨਾਲ ਗੰਦਗੀ ਵਿਚ ਹੋਰ ਵਾਧਾ ਹੁੰਦਾ ਹੈ। ਕਾਰਖਾਨਿਆਂ 'ਚੋਂ ਨਿਕਲਦੇ ਰਸਾਇਣ ਅਤੇ ਕਈ ਤਰ੍ਹਾਂ ਦੇ ਬਿਜਲਈ ਤੇ ਹੋਰ ਉਪਰਕਣਾਂ ਦੇ ਕਚਰੇ ਦੀ ਵੀ ਵੱਡੀ ਸਮੱਸਿਆ ਹੈ।
ਦੂਜੀ ਸਭ ਤੋਂ ਵੱਡੀ ਪਹਿਲ ਕੂੜਾ ਚੁੱਕਣ ਵਾਲਿਆਂ ਵੱਲ ਧਿਆਨ ਦੇਣ ਦੀ  ਬਣਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੋਇਆ ਹੈ ਕਿ ਕੋਈ ਵੀ ਵਿਅਕਤੀ ਮੈਲ ਨਹੀਂ ਢੋਵੇਗਾ। ਪਰ ਅੱਜ ਵੀ ਬਾਹਰ ਸੁੱਟੇ ਕੂੜੇ ਦੇ ਢੇਰ ਜਦ ਸਫ਼ਾਈ 'ਚ ਲੱਗੇ ਮਜ਼ਦੂਰ ਸਿਰ 'ਤੇ ਟੋਕਰੀਆਂ ਚੁੱਕ ਕੇ ਟਰਾਲੀਆਂ ਵਿਚ ਸੁੱਟਦੇ ਹਨ ਤਾਂ ਹਾਲਤ ਵੇਖਣ ਵਾਲੀ ਹੀ ਹੁੰਦੀ ਹੈ। ਸੀਵਰੇਜ ਦੇ ਗਟਰਾਂ ਵਿਚ ਜੋ ਸਫ਼ਾਈ ਸੇਵਕ ਉਤਰਦੇ ਹਨ, ਸਭ ਮੈਲ਼ ਨਾਲ ਲੱਥ-ਪੱਥ ਹੋ ਜਾਂਦੇ ਹਨ, ਸਿਰ 'ਤੇ ਚੁਕਣਾ ਤਾਂ ਪਾਸੇ ਰਿਹਾ। ਕਈ ਵਾਰ ਗਟਰਾਂ 'ਚ ਉਤਰ ਕੇ ਸਫ਼ਾਈ ਕਰਨ ਵਾਲਿਆਂ ਦੀ ਜ਼ਹਿਰੀਲੀਆਂ ਗੈਸਾਂ ਨਾਲ ਮੌਤ ਹੋ ਜਾਂਦੀ ਹੈ। ਸਫ਼ਾਈ ਕਰਮਚਾਰੀ ਬਹੁਤ ਘੱਟ ਗਿਣਤੀ ਵਿਚ ਰੱਖੇ ਹੋਏ ਹਨ। ਉਨ੍ਹਾਂ 'ਤੇ ਕੰਮ ਦਾ ਬੋਝ ਵਧੇਰੇ ਹੈ। ਥੋੜੀ ਗਿਣਤੀ ਵਿਚ ਹੋਣ ਕਰ ਕੇ ਉਹ ਸਫ਼ਾਈ ਦੇ ਕੰਮ ਨਾਲ ਇਨਸਾਫ਼ ਨਹੀਂ ਕਰ ਸਕਦੇ। ਇਸ ਮਕਸਦ ਲਈ ਸਭ ਤੋਂ ਜ਼ਰੂਰੀ ਹੈ ਸਫ਼ਾਈ ਕਰਮਚਾਰੀ ਲੋੜੀਂਦੀ  ਗਿਣਤੀ ਵਿਚ ਭਰਤੀ ਕੀਤੇ ਜਾਣ। ਨਾਲ ਦੀ ਨਾਲ ਹੋਰ ਵੀ ਜ਼ਰੂਰੀ ਹੈ, ਇਨ੍ਹਾਂ ਨੂੰ ਵੱਧ ਤਨਖ਼ਾਹਾਂ ਦੇਣ ਦੀ। ਕੈਸੀ ਵਿਡੰਬਨਾ ਹੈ ਭਾਰਤ ਦੇਸ਼ ਦੇ 'ਨਿਯਮਾਂ' ਦੀ, ਕਿ ਜੋ ਸਭ ਤੋਂ ਕਠਿਨ ਅਤੇ ਵਧੇਰੇ ਕੰਮ ਕਰਦਾ ਹੈ, ਉਸ ਨੂੰ ਸਭ ਤੋਂ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਜੋ ਵਿਹਲੇ ਰਹਿ ਕੇ ਕੁਰਸੀਆਂ ਹੀ ਤੋੜਦੇ ਹਨ, ਉਨ੍ਹਾਂ ਨੂੰ ਸਭ ਤੋਂ ਵੱਧ! ਸੜਕ 'ਤੇ ਰੋੜੀ ਕੁੱਟਣ ਵਾਲਾ, ਭੱਠੇ 'ਤੇ ਇੱਟਾਂ ਪੱਥਣ ਵਾਲਾ, ਸਾਰਾ ਦਿਨ ਕਹੀ ਵਾਹੁਣ ਵਾਲਾ ਆਦਿ-ਆਦਿ, ਮਜ਼ਦੂਰ ਨੂੰ ਸਭ ਤੋਂ ਘੱਟ ਪੈਸੇ ਮਿਲਦੇ ਹਨ। ਮੌਜੂਦਾ ਪ੍ਰਬੰਧ ਵਿਚ ਕਿਸੇ ਮਨੁੱਖ ਦਾ ਮੁੱਲ ਕੰਮ ਕਰ ਕੇ ਨਹੀਂ, ਪੈਸੇ ਕਰਕੇ ਪੈਂਦਾ ਹੈ। ਫਿਰ ਸਭ ਤੋਂ ਵੱਧ ਮਿਹਨਤ ਦਾ ਮੁੱਲ ਕਿਵੇਂ ਪਵੇਗਾ। ਦੁਨੀਆ ਭਰ ਵਿਚ ਸਭ ਤੋਂ ਕਠਿਨ ਕਾਰਜ ਜੇ ਕੋਈ ਹੈ ਤਾਂ ਉਹ ਗੰਦਗੀ ਚੁੱਕਣ ਦਾ ਹੈ। ਪਰ ਅਫ਼ਸੋਸ ਕਿ ਗੰਦਗੀ ਦੇ ਢੇਰ ਚੁੱਕ ਕੇ ਸਭ ਨੂੰ ਗੰਦਗੀ ਤੋਂ ਬਚਾਉਣ ਵਾਲੇ ਨੂੰ ਸਭ ਤੋਂ ਘੱਟ ਪੈਸੇ ਮਿਲਦੇ ਹਨ। ਸਾਰਾ ਕੰਮ ਠੇਕੇ 'ਤੇ  (ਆਊਟ ਸੋਰਸਿੰਗ) ਰਾਹੀਂ ਕਰਾਇਆ ਜਾਂਦਾ ਹੈ। ਠੇਕੇਦਾਰ ਪਹਿਲਾਂ ਹੀ ਘੱਟ ਤੋਂ ਘੱਟ ਮਿਲਦੇ ਪੈਸਿਆਂ 'ਚੋਂ ਵੀ ਵਧੇਰੇ ਹਿੱਸਾ ਆਪ ਰੱਖ ਲੈਂਦੇ ਹਨ। ਲੋੜ ਹੈ ਸਫ਼ਾਈ ਕਰਮਚਾਰੀ ਨੂੰ ਆਮ ਨਾਲੋਂ ਵਧੇਰੇ ਘੱਟੋ ਘੱਟ ਤੀਜੇ ਦਰਜੇ ਅਧਿਕਾਰੀ ਦੇ ਬਰਾਬਰ ਤਨਖ਼ਾਹ ਦਿੱਤੀ ਜਾਵੇ। ਉਨ੍ਹਾਂ ਦਾ ਬੀਮਾ ਕੀਤਾ ਜਾਵੇ। ਉਨ੍ਹਾਂ ਨੂੰ ਛੂਤ ਦੀਆਂ ਤੇ ਹੋਰ ਬੇਹੱਦ ਬਿਮਾਰੀਆਂ ਲਗ ਜਾਂਦੀਆਂ ਹਨ। ਅਕਸਰ ਉਹ 50 ਸਾਲ ਤਕ ਦੀ ਉਮਰ ਹੀ ਮਸਾਂ ਭੋਗਦੇ ਹਨ। ਉਨ੍ਹਾਂ ਦਾ ਲਗਾਤਾਰ ਡਾਕਟਰੀ ਮੁਆਇਨਾ ਅਤੇ ਇਲਾਜ ਕੀਤਾ ਜਾਵੇ। ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰ ਨੂੰ ਆਮ ਨਾਲੋਂ ਵਧੇਰੇ ਮੁਆਵਜ਼ਾ ਮਿਲੇ। ਉਨ੍ਹਾਂ ਦੀ ਭਰਤੀ ਸਥਾਈ ਤੇ ਸਰਕਾਰੀ ਪੱਧਰ 'ਤੇ ਹੋਵੇ। ਠੇਕੇ 'ਤੇ ਉੱਕਾ ਹੀ ਨਾ ਰੱਖੇ ਜਾਣ। ਸਫ਼ਾਈ ਦਾ ਕੰਮ ਠੇਕੇ 'ਤੇ ਨਾ ਹੋਵੇ। ਸਫ਼ਾਈ ਕਾਮਿਆਂ ਦੇ ਬੱਚਿਆਂ ਦੀ ਪੜ੍ਹਾਈ ਦਾ ਵਧੇਰੇ ਧਿਆਨ ਰੱਖਿਆ ਜਾਵੇ ਅਤੇ ਨੌਕਰੀ 'ਚ ਉਨ੍ਹਾਂ ਲਈ ਕੋਟਾ ਰਾਖਵਾਂ ਹੋਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਇਸ ਸਫ਼ਾਈ  ਦਾ ਕੰਮ ਕਰਨ ਵੱਲ ਕੋਈ ਰੁਚਿਤ ਨਹੀਂ ਹੋਵੇਗਾ। ਅਜਿਹੀਆਂ ਹਾਲਤਾਂ ਵਿਚ ਸਵੱਛ ਭਾਰਤ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ। ਉਂਜ ਵੀ ਇਸ ਕਾਰਜ ਲਈ ਸਭ ਤੋਂ ਘੱਟ ਵੇਤਨ ਦੇਣਾ, ਦੇਸ਼ ਅਤੇ ਸਰਕਾਰ ਦੇ ਮੱਥੇ 'ਤੇ ਕਲੰਕ ਬਰਾਬਰ ਹੈ।
ਨਦੀਆਂ, ਨਾਲਿਆਂ ਦੀ ਸਫ਼ਾਈ ਬਗੈਰ ਭਾਰਤ ਦੀ ਸੁੰਦਰਤਾ ਦੀ ਕਲਪਨਾ ਕਰਨਾ ਵੀ ਹਨੇਰੇ 'ਚ ਤੀਰ ਮਾਰਨ ਬਰਾਬਰ ਹੋਵੇਗੀ। ਗੰਗਾ ਦੀ ਸਫ਼ਾਈ ਤਾਂ ਹੋਵੇ ਪਰ ਉਸ ਤੋਂ ਇਲਾਵਾ  ਹੋਰ ਨਦੀਆਂ ਨਾਲਿਆਂ ਦੀ  ਵੀ ਸਫ਼ਾਈ ਹੋਵੇ ਅਤੇ ਸਭ ਤੋਂ ਪਹਿਲਾਂ ਸਭ ਗੰਦਿਆਂ ਨਾਲਿਆਂ ਦੀ ਸਫ਼ਾਈ ਹੋਵੇ। ਸ਼ਹਿਰਾਂ ਵਿਚ ਤਾਂ ਉਂਜ ਹੀ ਜਿਥੋਂ ਦੀ ਸੀਵਰੇਜ ਦੇ ਗੰਦ ਵਾਲਾ ਕੋਈ ਨਾਲਾ ਲੰਘਦਾ ਹੈ ਅਤਿਅੰਤ ਬਦਬੂ ਮਾਰਦਾ, ਬਿਮਾਰੀਆਂ ਫੈਲਾਉਂਦਾ ਹੈ। ਭਲਾ ਜਿਹੜੇ ਇਸ ਦੇ ਦੋਹੀਂ ਪਾਸੀਂ ਘਰ ਬਣਾ ਕੇ ਰਹਿ ਰਹੇ ਹਨ, ਉਨ੍ਹਾਂ ਦਾ ਕੀ ਹਾਲ ਹੋਵੇਗਾ; ਸੋਚਿਆਂ ਵੀ ਡਰ ਲਗਦਾ ਹੈ। ਗੰਦੇ ਨਾਲਿਆਂ ਦੀ ਸਾਫ਼ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਦੇ ਪਾਣੀ ਨੂੰ ਨਵੀਂ ਤਕਨੀਕੀ ਵਿਧੀ ਨਾਲ ਸਾਫ਼ ਕਰ ਕੇ ਸਵੱਛ ਅਤੇ ਫਸਲਾਂ ਦੇ ਯੋਗ ਬਣਾਉਣਾ ਹੋਵੇਗਾ।
ਪਿੰਡਾਂ ਵਿਚ ਰੂੜੀਆਂ ਦੇ ਢੇਰਾਂ ਦੇ ਢੇਰ ਹਨ। ਗੰਦਗੀ ਦੇ ਢੇਰ ਹਨ। ਰੂੜੀਆਂ ਸੁੱਟਣ ਲਈ ਥਾਂ ਨਹੀਂ ਹੈ, ਜੋ ਇਸ ਮਕਸਦ ਲਈ ਟੋਏ ਵੰਡੇ ਸਨ, ਉਹ ਵੱਡਿਆਂ ਤੇ ਡਾਢਿਆਂ ਨੇ ਮੱਲ ਲਏ ਹੋਏ ਹਨ। ਪਿੰਡਾਂ ਦੀਆਂ ਨਾਲੀਆਂ ਦਾ ਪਾਣੀ ਬਾਹਰ ਲਿਜਾਣ ਲਈ ਕੋਈ ਸਾਧਨ ਨਹੀਂ ਹੈ। ਕੋਈ ਛੱਪੜ ਨਹੀਂ ਹੈ। ਕੋਈ ਵਿਰਲਾ ਟਾਵਾਂ ਜੇ ਛਪੜ ਹੈ ਵੀ ਤਾਂ ਉਸ ਦਾ ਵਾਧੂ ਪਾਣੀ ਨਿਕਲਣ ਲਈ ਨਿਕਾਸੀ ਨਾਲ਼ਾ ਨਹੀਂ ਹੈ। ਛੱਪੜ ਸ਼ਾਮਲਾਟ ਦੀ ਵਾਧੂ ਭੌਂਇ ਸਮਝ ਕੇ 'ਵੱਡੇ ਲੋਕਾਂ' ਨੇ ਮੱਲ ਲਏ ਹੋਏ ਹਨ, ਪੂਰ ਦਿੱਤੇ ਗਏ ਹਨ। ਉਪਰ ਮਕਾਨ ਬਣਾ ਲਏ ਹੋਏ ਹਨ। ਕੌਣ ਕਰੂ ਸ਼ਾਮਲਾਟ ਨੂੰ ਕਬਜ਼ਿਆਂ ਤੋਂ ਮੁਕਤ? ਛਪੜਾਂ ਦੀ ਫਿਰ ਤੋਂ ਹੋਂਦ ਕਿਵੇਂ ਬਣੇਗੀ ਵਰਨਾ ਗੰਦੇ ਪਾਣੀ ਨੂੰ ਟਿਕਾਉਣ/ ਕੱਢਣ ਲਈ ਕੋਈ ਰਾਹ ਨਹੀਂ ਲੱਭੇਗਾ। ਪਿੰਡਾਂ ਵਿਚਲੀ ਸਾਫ਼-ਸਫ਼ਾਈ ਦਾ ਆਪਣਾ ਮਹੱਤਵ ਹੈ। ਇਥੇ ਤਾਂ ਹਾਲਤ ਇਹ ਹੈ ਕਿ ਸੜਕ 'ਤੇ ਜੇ ਕੁੱਤਾ ਜਾਂ ਕੋਈ ਹੋਰ ਜਾਨਵਰ ਕਿਸੇ ਵਾਹਨ ਹੇਠ ਆ ਕੇ ਮਰ ਗਿਆ ਹੋਵੇ ਤਾਂ ਉਸ ਨੂੰ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਹੈ। ਕੋਈ ਰਾਹ ਤੋਂ ਲਾਂਭੇ ਨਹੀਂ ਕਰਦਾ। ਕੀੜੇ ਪੈ ਕੇ ਬਦਬੂ ਮਾਰਦੇ ਉਸ ਜਾਨਵਰ ਕੋਲੋਂ ਲੋਕ ਮੂੰਹ ਢੱਕ ਕੇ ਲੰਘ ਜਾਂਦੇ ਹਨ। ਪਰ ਕਿਸੇ ਵੀ ਸਫ਼ਾਈ ਕਰਮਚਾਰੀ ਦੀ ਇਸ ਪਾਸੇ ਕਦੇ ਕੋਈ ਡਿਊਟੀ ਨਹੀਂ ਲਾਈ ਜਾਂਦੀ। ਸੜਕਾਂ ਦੇ ਟੋਏ ਜਿਵੇਂ ਗੰਦਗੀ ਫੈਲਾਉਣ ਦਾ ਕਾਰਨ ਬਣਦੇ ਹਨ, ਇਸ ਨੂੰ ਇਸ ਸਫ਼ਾਈ ਮੁਹਿੰਮ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
ਸੜਕਾਂ ਉਪਰ ਥੋੜ੍ਹੇ-ਥੋੜ੍ਹੇ ਫਾਸਲੇ 'ਤੇ ਸਾਰੇ ਚੁਰਾਹਿਆਂ, ਮੋੜਾਂ ਉਪਰ ਕੂੜਾ ਦਾਨ (ਗਾਰਬੇਜ਼ ਬਾਕਸ) ਰੱਖੇ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਥਾਂ-ਥਾਂ ਗੁਸਲਖਾਨੇ ਹੋਣ। ਜਿਨ੍ਹਾਂ ਦੀ ਰੋਜ਼ਾਨਾ ਸਫ਼ਾਈ ਹੋਵੇ। ਜੇ ਭਾਰਤ ਸਰਕਾਰ ਦੇਸ਼ ਨੂੰ ਸਾਫ਼ ਸੁਥਰਾ ਬਣਾਉਣਾ ਲੋਚਦੀ ਹੈ ਤਾਂ ਜ਼ਰੂਰੀ ਹੈ ਕਿ ਇਸ ਨੂੰ ਫੋਕੀ ਸ਼ੌਹਰਤ ਜਾਂ ਰਾਜਨੀਤਕ ਸਟੰਟ ਨਾ ਬਣਾਇਆ ਜਾਵੇ। ਸਿਰਫ਼ ਦੋ ਅਕਤੂਬਰ ਵਾਂਗ ਝਾੜੂ ਫੜ ਕੇ ਫੋਟੋ ਖਿਚਵਾਉਣ ਤੀਕ ਸੀਮਤ ਨਾ ਰਹੇ। ਕਿਉਂਕਿ ਸਾਫ਼ ਸਫ਼ਾਈ ਦਾ ਕੰਮ ਭਾਰਤ ਦੇ ਲੋਕਾਂ ਨੇ ਕਰਨਾ ਹੈ। ਆਮ ਲੋਕਾਂ ਦੀ ਸਵੈ-ਇੱਛਤ ਭਾਈਵਾਲੀ ਬਿਨਾਂ ਇਸ ਦੀ ਕਲਪਨਾ ਵੀ ਬੇਕਾਰ ਹੈ। ਜੇ ਲੋਕਾਂ ਦਾ ਮਨ ਜਿੱਤਣਾ ਹੈ ਤਾਂ ਸਰਕਾਰ ਦੇ ਦ੍ਰਿੜ ਨਿਸ਼ਚੇ ਪ੍ਰਤੀ ਭਰੋਸਾ ਵੀ ਲੋਕਾਂ ਨੂੰ ਹੋਣਾ ਚਾਹੀਦਾ ਹੈ। ਸਫ਼ਾਈ ਦਾ ਸੰਕਲਪ ਹਰ ਕਿਸੇ ਨੂੰ ਇਹ ਵਿਸ਼ਵਾਸ ਦਿਵਾਏ ਕਿ ਮੇਰੇ ਸਫ਼ਾਈ ਕੀਤਿਆਂ ਹੀ ਸਫ਼ਾਈ ਹੋਣੀ ਹੈ। ਉਹ ਕੇਲੇ ਤੇ ਹੋਰ ਫਲਾਂ ਦੇ ਛਿੱਲੜ ਜਾਂ ਰੱਦੀ ਕਾਗ਼ਜ਼ ਆਦਿ ਸੜਕ ਕਿਨਾਰੇ ਜਾਂ ਖੁਲ੍ਹੇ ਥਾਂ ਸੁੱਟਣ ਦੀ ਥਾਂ ਸੜਕ ਕਿਨਾਰੇ ਲੱਗੇ ਕੂੜਾਦਾਨ ਵਿਚ ਸੁੱਟਣ ਨੂੰ ਪਹਿਲ ਦੇਵੇ। ਪਰ ਜੇ ਪਹਿਲਾਂ ਹੀ ਸੜਕਾਂ ਕਿਨਾਰੇ ਤੇ ਹੋਰ ਜਨਤਕ ਥਾਵਾਂ 'ਤੇ ਕੂੜਿਆਂ ਦੇ ਢੇਰ ਹੋਣਗੇ ਤਾਂ ਕੋਈ ਵੀ ਕੂੜਾਦਾਨ ਵੱਲ ਨਹੀਂ ਝਾਕੇਗਾ। 
ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਿਦੇਸ਼ਾਂ ਤੋਂ ਜੇ ਬਹੁ-ਰਾਸ਼ਟਰੀ ਕੰਪਨੀਆਂ ਅਤੇ ਸਾਮਰਾਜੀ ਦੇਸ਼ਾਂ ਨੂੰ ਭਾਰਤ ਵਿਚ ਸਿੱਧੇ ਨਿਵੇਸ਼ (ਐਫ਼.ਡੀ.ਆਈ.) ਕਰਨ ਲਈ ਖੁਲ੍ਹੇ ਸੱਦੇ ਦੇਣੇ ਹਨ ਤਾਂ ਸਾਫ਼-ਸਫ਼ਾਈ ਤਾਂ ਜ਼ਰੂਰੀ ਹੈ ਹੀ। ਭਾਰਤ 'ਚ ਨਿਵੇਸ਼ ਕਰਨ ਵਾਲੇ ਦੋ ਗੱਲਾਂ ਜ਼ਰੂਰੀ ਲੋਚਦੇ ਹਨ। ਪਹਿਲੀ ਕਿ ਭਾਰਤ ਵਿਚ ਸਾਫ਼-ਸਫ਼ਾਈ ਹੋਵੇ, ਉਨ੍ਹਾਂ ਨੂੰ ਕਿਧਰੋਂ ਵੀ ਬਦਬੂ ਨਾ ਆਵੇ ਤੇ ਕੋਈ ਛੂਤ ਦੀ ਬਿਮਾਰੀ ਨਾ ਲੱਗੇ। ਦੂਜੀ ਕਿ ਦੇਸ਼ ਵਿਚ ਕਿਧਰੇ ਵੀ ਕੋਈ ਧਰਨਾ, ਰੈਲੀ, ਜਲਸਾ, ਜਲੂਸ, ਮੁਜਾਹਰਾ, ਹੜਤਾਲ ਆਦਿ ਦਾ ਨਾਮੋ-ਨਿਸ਼ਾਨ ਤਕ ਨਾ ਹੋਵੇ। ਕਿਰਤ ਕਾਨੂੰਨਾਂ ਦੀ ਵੀ ਮੁਕੰਮਲ ਸਫ਼ਾਈ ਹੋਵੇ। ਇਸ ਲਈ ਮੋਦੀ ਜੀ ਨੇ ਜੇ ਵੱਡੇ ਖੂੰਖਾਰ ਸਾਮਰਾਜੀ ਬਘਿਆੜਾਂ ਨੂੰ ਭਾਰਤੀ ਲੇਲਿਆਂ ਦੇ ਵਾੜਿਆਂ ਵਿਚ ਸੱਦਣਾ ਹੈ ਤਾਂ ਇਹ ਦੋਵੇਂ ਹੀ ਕੰਮ ਜ਼ਰੂਰੀ ਹਨ। ਵਿਦੇਸ਼ੀ ਨਿਵੇਸ਼ਕਾਂ ਦੇ ਹਿੱਤਾਂ ਵਾਲੇ ਸਥਾਨਾਂ ਦੀ ਅਤੇ ਸਮੁੱਚੇ  ਕਿਰਤ ਕਾਨੂੰਨਾਂ ਦੀ ਵੀ ਮੁਕੰਮਲ ਸਫ਼ਾਈ। ਪਹਿਲੀ ਸਫ਼ਾਈ ਲਈ ਸਰਕਾਰ ਦੀ ਘਾਟ ਅਤੇ ਹੋਰ ਅਨੇਕਾ ਰੁਕਾਵਟਾਂ ਆਉਣੀਆਂ ਹਨ ਪਰ ਦੂਜੀ ਉਨ੍ਹਾਂ ਦੇ ਕਹੇ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਪਹਿਲੀ ਤਾਂ ਆਮ ਲੋਕਾਂ ਦੀ ਵੀ ਲੋੜ ਹੈ ਪਰ ਦੂਜੀ ਕੇਵਲ ਦੇਸੀ-ਵਿਦੇਸ਼ੀ ਸਰਮਾਏਦਾਰ ਘਰਾਣਿਆਂ ਦੀ ਹੀ ਲੋੜ ਹੈ।

No comments:

Post a Comment