Monday 3 November 2014

ਰਾਜਨੀਤੀ ਵਿਚ ਧਾਰਮਿਕ ਦਖਲ ਨੂੰ ਰੋਕੋ

ਸੰਪਾਦਕੀ ਟਿੱਪਣੀ

ਸਾਡੇ ਦੇਸ਼ ਦੀ ਇਹ ਵਿਲੱਖਣਤਾ ਤੇ ਖੂਬਸੂਰਤੀ ਹੀ ਸਮਝੀ ਜਾਣੀ ਚਾਹੀਦੀ ਹੈ ਕਿ ਏਥੇ ਵੱਖ ਵੱਖ ਧਰਮਾਂ, ਕੌਮਾਂ ਤੇ ਬੋਲੀਆਂ ਬੋਲਣ ਵਾਲੇ ਲੋਕ ਆਪਸੀ ਇਕਜੁੱਟਤਾ ਤੇ ਪ੍ਰਸਪਰ ਸਦਭਾਵਨਾ ਵਾਲਾ ਜੀਵਨ ਬਸਰ ਕਰਦੇ ਆ ਰਹੇ ਹਨ। ਸਮਾਜ ਅੰਦਰ ਕੋਈ ਕੁੜੱਤਣ ਜਾਂ ਫਿਰਕੂ ਤ੍ਰੇੜ ਕੇਵਲ ਉਦੋਂ ਹੀ ਉਪਜਦੀ ਹੈ, ਜਦੋਂ ਸੁਆਰਥੀ ਤੇ ਕੱਟੜਵਾਦੀ ਅਨਸਰ ਸੌੜੀ ਸੋਚਣੀ ਅਧੀਨ ਕਿਸੇ ਦੂਸਰੇ ਧਰਮ ਉਪਰ ਹੱਲਾ ਬੋਲਦੇ ਹਨ ਜਾਂ ਦਖਲ ਅੰਦਾਜ਼ੀ ਕਰਦੇ ਹਨ। ਮਸਲਾ ਉਦੋਂ ਹੋਰ ਵੀ ਗੰਭੀਰ ਬਣ ਜਾਂਦਾ ਹੈ ਜਦੋਂ ਕਿਸੇ ਸਿਆਸੀ ਧਿਰ ਵਲੋਂ ਰਾਜਨੀਤਕ ਮਕਸਦ ਹਾਸਲ ਕਰਨ ਲਈ ਧਰਮ ਦੀ ਓਟ ਲਈ ਜਾਂਦੀ ਹੈ ਤੇ 'ਧਰਮ ਅਤੇ ਰਾਜਨੀਤੀ' ਦਾ ਰਲੇਵਾਂ ਕਰਕੇ ਫਿਰਕਾਪ੍ਰਸਤੀ ਦੀ ਜ਼ਹਿਰ ਦੇ ਬੀਜ ਬੀਜੇ ਜਾਂਦੇ ਹਨ। ਇਸ ਲਈ ਹਕੀਕੀ ਧਰਮ-ਨਿਰਪੱਖ ਸ਼ਕਤੀਆਂ ਵਲੋਂ ਹਮੇਸ਼ਾਂ ਹੀ ਧਰਮ ਜਾਂ ਆਸਥਾ ਦਾ ਨਹੀਂ, ਸਗੋਂ ਫਿਰਕੂ ਤੇ ਸੰਕੀਰਨ ਸੋਚ ਅਤੇ 'ਧਰਮ ਤੇ ਰਾਜਨੀਤੀ' ਦੇ ਏਕੀਕਰਨ ਦਾ ਵਿਰੋਧ ਕੀਤਾ ਜਾਂਦਾ ਹੈ। ਇਤਿਹਾਸ ਦਰਸਾਉਂਦਾ ਹੈ ਕਿ ਲੁਟੇਰੀਆਂ ਜਮਾਤਾਂ ਨੇ ਆਪਣੇ ਜਮਾਤੀ ਹਿੱਤਾਂ ਦੀ ਪੂਰਤੀ ਲਈ ਹਮੇਸ਼ਾ ਹੀ ਧਰਮਾਂ ਦਾ ਦੁਰਪਯੋਗ ਕੀਤਾ ਹੈ ਅਤੇ ਧਰਮਾਂ ਵਿਚਲੀਆਂ ਮਾਨਵਵਾਦੀ ਤੇ ਅਗਾਂਹਵਧੂ ਪ੍ਰੰਪਰਾਵਾਂ ਨੂੰ ਪੈਰਾਂ ਹੇਠਾਂ ਰੌਂਦਿਆਂ ਹੈ। ਜਦੋਂ ਕਥਿਤ ਧਰਮ ਗੁਰੂ ਤੇ 'ਧਾਰਮਕ ਡੇਰੇ' ਸਵਾਰਥੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਦੀ ਧਰਮ ਪ੍ਰਤੀ ਆਸਥਾ ਦਾ ਦੁਰਪਯੋਗ ਕਰਕੇ ਉਨ੍ਹਾਂ ਨੂੰ ਲੁਟੇਰੀਆਂ ਧਿਰਾਂ ਦੇ ਲੜ ਲਾ ਦਿੰਦੇ ਹਨ, ਤਦ ਇਹ ਸਥਿਤੀ ਹੋਰ ਵੀ ਵਧੇਰੇ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ।  
ਅਕਤੂਬਰ 2014 ਵਿਚ ਹੋਈਆਂ ਹਰਿਆਣਾ ਅਸੈਂਬਲੀ ਚੋਣਾਂ ਦੌਰਾਨ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਰਾਜਨੀਤਕ ਵਿੰਗ ਵਲੋਂ ਭਾਜਪਾ ਦੀ ਖੁਲ੍ਹੀ ਹਮਾਇਤ ਦੇ ਐਲਾਨ ਨੇ ਲੋਕਰਾਜੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਮਨਾਂ ਅੰਦਰ ਨਵੀਆਂ ਚਿੰਤਾਵਾਂ ਪੈਦਾ ਕੀਤੀਆਂ ਹਨ। ਡੇਰੇ ਦੇ ਪ੍ਰਤੀਨਿੱਧਾਂ ਅਨੁਸਾਰ ਇਹ ਫੈਸਲਾ ਕੇਂਦਰੀ ਭਾਜਪਾ ਸਰਕਾਰ ਦੁਆਰਾ ਅਪਣਾਈਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਹੋਇਆਂ ਕੀਤਾ ਗਿਆ ਹੈ। ਵਿਡੰਬਨਾ ਤਾਂ ਇਹ ਹੈ ਕਿ ਜਨਸਧਾਰਣ ਤਾਂ ਮੋਦੀ ਸਰਕਾਰ ਦੀਆਂ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੀਆਂ ਪਹੁੰਚਾਂ ਅਤੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਲੁਟੇਰਿਆਂ ਨੂੰ ਭਾਰਤੀ ਅਵਾਮ ਤੇ ਦੇਸ਼ ਦੇ ਕੁਦਰਤੀ ਖਜ਼ਾਨਿਆਂ ਨੂੰ ਲੁੱਟਣ ਵਾਸਤੇ ਦਿੱਤੀਆਂ ਜਾ ਰਹੀਆਂ ਖੁਲੀਆਂ ਛੁੱਟੀਆਂ ਤੋਂ ਤਰਾਹ ਤਰਾਹ ਕਰ ਉਠੇ ਹਨ, ਪ੍ਰੰਤੂ ਡੇਰਾ ਸੱਚਾ ਸੌਦਾ ਦਾ ਰਾਜਸੀ ਵਿੰਗ ਇਸ ਤੋਂ ਗਦਗਦ ਹੈ। ਕਿਸੇ ਧਾਰਮਿਕ ਡੇਰੇ ਵਲੋਂ ਚੋਣਾਂ ਅੰਦਰ ਵਿਸ਼ੇਸ਼ ਰਾਜਨੀਤਕ ਪਾਰਟੀ ਨੂੰ ਖੁਲ੍ਹੀ ਜਾਂ ਲੁਕਵੀਂ ਹਮਾਇਤ ਦੇਣ ਦਾ ਇਹ ਐਲਾਨ ਭਾਰਤੀ ਰਾਜਨੀਤੀ ਵਿਚ ਪਹਿਲੀ ਵਾਰ ਨਹੀਂ ਵਾਪਰਿਆ। ਕਾਂਗਰਸ, ਭਾਜਪਾ, ਅਕਾਲੀ ਦਲ ਸਮੇਤ ਦੇਸ਼ ਦੀਆਂ ਤਮਾਮ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਅਤੇ ਇਨ੍ਹਾਂ ਦੇ ਆਗੂ ਹਰ ਚੋਣ ਵਿਚ ਅਜਿਹਾ ਪਹਿਲਾਂ ਵੀ ਕਰਦੇ ਅਏ ਹਨ ਤੇ ਧਾਰਮਿਕ ਡੇਰੇ/ਧਰਮ ਗੁਰੂ ਧਾਰਮਕ ਪ੍ਰਚਾਰ ਦੀਆਂ ਸਾਰੀਆਂ ਸੀਮਾਵਾਂ ਉਲੰਘ ਕੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਵੱਖ ਵੱਖ ਰਾਜਨੀਤਕ ਦਲਾਂ ਨੂੰ ਆਪਣੇ ਅਨੁਆਈਆਂ ਦੀਆਂ ਵੋਟਾਂ ਦੀ ਖੈਰਾਤ ਪਾਉਂਦੇ ਵੀ ਆਏ ਹਨ। ਜਦੋਂ ਸੰਘ ਪਰਿਵਾਰ ਨਾਲ ਜੁੜ੍ਹੇ ਅਨੇਕਾਂ ਧਾਰਮਕ ਮੱਠਾਂ ਦੇ ਮੁਖੀ ਤੇ ਕਥਿਤ ਸਾਧੂਆਂ ਦਾ ਗਿਰੋਹ ਭਾਜਪਾ ਦੇ ਸਿਰ ਉਪਰ ਤਾਜ ਰੱਖਣ ਵਾਸਤੇ 'ਧਰਮ ਸੰਸਦ', 'ਯਾਤਰਾਵਾਂ' ਆਦਿ ਵਰਗੇ ਅਨੇਕਾਂ ਪਾਖੰਡ ਰਚ ਸਕਦਾ ਹੈ, ਤਦ ਮੁਸਲਿਮ ਧਰਮ ਦੇ 'ਇਮਾਮ', ਸਿੱਖ ਧਰਮ ਨਾਲ ਜੁੜੇ ਬੈਠੇ 'ਬਾਬੇ' ਤੇ ਇਸਾਈ ਮਿਸ਼ਨਰੀ ਵੀ ਅਜਿਹੇ ਕੰਮ ਕਰਨ ਵਿਚ ਪਿੱਛੇ ਕਿਉਂ ਰਹਿਣ? ਰਾਜਨੀਤਕ ਦਲਾਂ ਦੇ ਉਚ ਆਗੂ ਆਪਣਾ ਜਨ ਅਧਾਰ ਵਧਾਉਣ ਤੇ ਵੋਟ ਹਾਸਲ ਕਰਨ ਲਈ ਹਰ ਸਮੇਂ ਹੀ, ਖਾਸਕਰ ਚੋਣਾਂ ਦੌਰਾਨ ਧਾਰਮਿਕ ਡੇਰਿਆਂ ਦੇ ਚੱਕਰ ਲਗਾਉਣ ਤੇ ਕਥਿਤ ਧਾਰਮਿਕ ਗੁਰੂਆਂ ਦੇ ਸਾਹਮਣੇ 'ਸਿਜਦੇ' ਕਰਨ ਲਈ ਉਚੇਚਾ ਵਕਤ ਤੇ ਯਤਨ ਜੁਟਾਉਂਦੇ ਰਹਿੰਦੇ ਹਨ। ਇਨ੍ਹਾਂ ਆਸ਼ੀਰਵਾਦਾਂ ਦੇ ਇਵਜ਼ ਵਿਚ ਵੱਖ ਵੱਖ ਰੰਗਾਂ ਦੀਆਂ ਸਰਕਾਰਾਂ ਤੇ ਰਾਜਨੀਤੀ ਨੂੰ ਲਾਹੇਵੰਦ ਧੰਦਾ ਬਣਾ ਚੁੱਕੇ 'ਰਾਜਸੀ ਆਗੂਆਂ' ਵਲੋਂ ਇਨ੍ਹਾਂ ਧਾਰਮਿਕ ਸੰਸਥਾਵਾਂ ਨੂੰ ਲੋਕਾਂ ਦੇ ਗਾੜ੍ਹੇ ਪਸੀਨੇ ਦੀ ਕਮਾਈ 'ਚੋਂ ਨਿਚੋੜੀ ਗਈ ਟੈਕਸ ਰੂਪੀ ਮਾਇਆ ਵਿਚੋਂ ਖੁੱਲ੍ਹੀਆਂ ਗਰਾਟਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ 'ਧਰਮ ਤੇ ਰਾਜਨੀਤੀ' ਦੇ ਇਸ ਰਲੇਵੇਂ ਨਾਲ ਧਰਮ ਦੇ ਨਾਂਅ ਉਪਰ ਜਨ ਸਧਾਰਨ ਨੂੰ ਗੁਮਰਾਹ ਕਰਕੇ ਅੰਧ ਵਿਸ਼ਵਾਸ਼ੀ ਤੇ ਕਿਸਮਤਵਾਦੀ ਬਣਾਉਣ ਵਾਲੇ ਐਸ਼ਪ੍ਰਸਤ 'ਕਥਿਤ ਬਾਬਿਆਂ ਤੇ ਮਹਾਂਪੁਰਸ਼ਾਂ' ਦੀ ਵੀ ਮੌਜ ਬਣੀ ਰਹਿੰਦੀ ਹੈ ਤੇ ਕੁਕਰਮੀ ਰਾਜਨੀਤੀਵਾਨ ਵੀ ਮਾਲਾ ਮਾਲ ਹੋਈ ਜਾਂਦੇ ਹਨ। ਜੇਕਰ ਦਰਦ ਹੰਢਾ ਰਿਹਾ ਹੈ ਤਾਂ ਉਹ ਹੈ ਸਿਰਫ ਤੇ ਸਿਰਫ ਮੌਤ ਤੋਂ ਬਾਅਦ ਸਵਰਗਾਂ ਦੀ ਆਸ ਲਗਾਈ ਬੈਠਾ ਭੁੱਖਾ ਕਿਰਤੀ ਅਤੇ ਜਾਂ ਫਿਰ ਭੋਲਾ ਭਾਲਾ ਧਰਮ ਦਾ ਅਨੁਆਈ ਜੋ ਆਤਮਿਕ ਸ਼ਾਂਤੀ ਵਾਸਤੇ ਕਥਿਤ 'ਧਰਮ ਗੁਰੂਆਂ' ਤੇ ''ਧਾਰਮਿਕ ਡੇਰਿਆਂ'' ਲਈ ਤਨ, ਮਨ ਤੇ ਧਨ ਸਭ ਕੁੱਝ ਅਰਪਨ ਕਰੀ ਬੈਠਾ ਹੈ। 
ਸਾਡੇ ਸੰਵਿਧਾਨ ਦੇ ਬੁਨਿਆਦੀ ਅਸੂਲਾਂ ਵਿਚ ਸ਼ਾਮਿਲ ਹੈ ਧਰਮ ਨਿਰਪੱਖਤਾ ਦਾ ਸਿਧਾਂਤ। ਇਸ ਸਿਧਾਂਤ ਦੇ ਸਹੀ ਅਰਥਾਂ ਤੇ ਭਾਵਨਾ ਅਨੁਸਾਰ ਹਰੇਕ ਵਿਅਕਤੀ ਨੂੰ ਆਪੋ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਧਰਮ ਨੂੰ ਅਪਣਾਉਣ (ਜਾਂ ਨਾਸਤਕ ਹੋਣ) ਦੀ ਪੂਰਨ ਆਜ਼ਾਦੀ ਹੈ ਤੇ ਸਰਕਾਰ ਨੂੰ ਕਿਸੇ ਵੀ ਧਰਮ ਵਿਚ ਦਖਲ ਦੇਣ ਦੀ ਮਨਾਹੀ ਹੈ। ਕਿਸੇ ਵਿਅਕਤੀ ਨੂੰ ਵੀ ਜਿਥੇ ਆਪਣੀ ਇੱਛਾ ਅਨੁਸਾਰ ਆਪਣੇ ਧਾਰਮਕ ਵਿਚਾਰ ਰੱਖਣ ਅਤੇ ਪਰਗਟ ਕਰਨ (ਜਾਂ ਨਾਸਤਕ ਹੋਣ) ਦੀ ਆਜ਼ਾਦੀ ਹੈ, ਉਥੇ ਇਸ ਮੁੱਦੇ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ ਕਿ ਅਜਿਹਾ ਕਰਦਿਆਂ ਕਿਸੇ ਦੂਸਰੇ ਧਰਮ ਦੇ ਮੰਨਣ ਵਾਲਿਆਂ ਦੇ ਮਨਾਂ ਜਾਂ ਧਾਰਮਕ ਵਿਸ਼ਵਾਸਾਂ ਨੂੰ ਠੇਸ ਨਾ ਲੱਗਦੀ ਹੋਵੇ। ਵੱਖ ਵੱਖ ਧਰਮਾਂ ਨੇ ਸਮੇਂ ਸਮੇਂ 'ਤੇ ਸਮਾਜਿਕ ਵਿਕਾਸ ਦੇ ਅਮਲ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਹਰ ਇਕ ਧਰਮ ਵਿਚ ਮਾਨਵਵਾਦੀ ਕਦਰਾਂ ਕੀਮਤਾਂ ਤੇ ਬਰਾਬਰਤਾ, ਆਜ਼ਾਦੀ ਤੇ ਭਰੱਪਣ ਦੇ ਬਹੁਤ ਸਾਰੇ ਸਾਂਝੇ ਸੂਤਰ ਉਪਲੱਬਧ ਹਨ। ਇਸ ਤੋਂ ਬਿਨਾਂ ਅਨੇਕਾਂ ਧਾਰਮਿਕ ਲਿਖਤਾਂ ਅੰਦਰ ਅਨਿਆਂ ਤੇ ਜ਼ੁਲਮ ਦੇ ਵਿਰੁੱਧ ਜੂਝਣ ਦੀ ਪ੍ਰੇਰਣਾ ਵੀ ਮਿਲਦੀ ਹੈ ਅਤੇ ਮਨੁੱਖੀ ਇਤਿਹਾਸ ਵਿਚ ਆਪਣੇ ਸਮਿਆਂ ਦੀ ਜ਼ਾਲਮ ਸਥਾਪਤੀ ਵਿਰੁੱਧ ਜੂਝਣ ਵਾਲੇ ਅਨੇਕਾਂ ਬਹਾਦਰਾਂ ਵਲੋਂ ਨਿਭਾਈ ਗਈ ਭੂਮਿਕਾ ਅੱਜ ਵੀ ਸਮਾਜਕ ਬੇਇਨਸਾਫੀਆਂ ਤੇ ਲੁੱਟ-ਚੋਂਘ ਵਿਰੁੱਧ ਜੂਝ ਰਹੇ ਲੋਕਾਂ ਵਾਸਤੇ ਪ੍ਰੇੇਰਨਾ ਸਰੋਤ ਬਣੀ ਹੋਈ ਹੈ। ਪ੍ਰੰਤੂ ਤ੍ਰਾਸਦੀ ਇਹ ਹੈ ਕਿ ਧਰਮ ਦੇ ਪਸਾਰੇ ਤੇ ਧਾਰਮਕ ਵਿਸ਼ਵਾਸ਼ਾਂ ਦੀ ਰਾਖੀ ਦਾ ਦਾਅਵਾ ਕਰਨ ਵਾਲੇ ਅੱਜ ਅਨੇਕਾਂ ਧਾਰਮਕ ਡੇਰੇ ਤੇ ਅਡੰਬਰੀ ਬਾਬੇ ਪਿਛਾਖੜੀ ਵਿਚਾਰਧਾਰਾ, ਅੰਧ ਵਿਸ਼ਵਾਸ਼, ਹਨੇਰ ਵਿਰਤੀ ਫੈਲਾਉਣ ਅਤੇ ਤਰਕ ਰਹਿਤ ਵਿਅਖਿਆਨ ਕਰਨ ਉਪਰ ਹੀ ਸਾਰਾ ਜ਼ੋਰ ਲਗਾਈ ਜਾ ਰਹੇ ਹਨ ਅਤੇ ਕਦੀ ਵੀ ਸਬੰਧਤ ਧਰਮ ਦੀਆਂ ਨਰੋਈਆਂ, ਮਾਨਵਵਾਦੀ ਤੇ ਅਗਾਂਹਵਧੂ ਪ੍ਰੇਰਨਾਵਾਂ ਨੂੰ ਨਹੀਂ ਛੋਂਹਦੇ। ਉਲਟਾ ਜਿਨ੍ਹਾਂ ਅਮਲਾਂ ਤੇ ਵਿਸ਼ਵਾਸਾਂ, ਜਿਵੇਂ ਕਿ ਅਨੈਤਿਕ ਤੇ ਗੈਰ ਸਮਾਜੀ ਗਤੀਵਿਧੀਆਂ, ਚਮਤਕਾਰੀ ਕਾਰਨਾਮੇ, ਛੂਆਛਾਤ, ਮਾਇਆ ਦਾ ਅੰਨ੍ਹਾ ਲੋਭ, ਸੰਸਾਰ ਮੋਹ ਨੂੰ ਤਿਆਗ ਕੇ ਪਰਮਾਤਮਾ ਦੀ ਅਰਾਧਨਾ ਦਾ ਝੂਠਾ ਦਾਅਵਾ ਤੇ ਕਈ ਤਰ੍ਹਾਂ ਦੇ ਹੋਰ ਫਰੇਬ ਕਰਨ ਵਾਲੇ ਤੱਤਾਂ (ਜਿਹਨਾਂ ਦਾ ਬਹੁਤ ਸਾਰੇ ਧਰਮਾਂ ਵਿਚ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ) ਦੇ ਪਰਦੇ ਫਾਸ਼ ਕਰਨ ਹਿੱਤ ਤਾਂ ਕਦੇ ਕੋਈ ਵਿਆਖਿਆਨ ਨਹੀਂ ਕਰਦੇ ਸਗੋਂ ਆਪਣੇ ਭੋਲੇ ਭਾਲੇ ਅਨੁਆਈਆਂ ਨੂੰ ਸ਼ਖਸ਼ੀ ਪੂਜਾ ਤੇ ਅੰਧ ਵਿਸ਼ਵਾਸਾਂ ਦੇ ਮੱਕੜ ਜਾਲ ਵਿਚ ਫਸਾ ਕੇ ਉਨ੍ਹਾਂ ਦਾ ਭਰਪੂਰ ਸ਼ੋਸ਼ਣ ਕਰਦੇ ਹਨ। ਦਾਅਵਾ ਪੰਜ ਵਿਸ਼ੇ-ਵਿਕਾਰਾਂ (ਕਾਮ, ਕਰੋਧ, ਮੋਹ, ਲੋਭ, ਅਹੰਕਾਰ) ਦੇ ਤਿਆਗ ਕਰਨ ਵਾਲੇ 'ਅਵਤਾਰ' ਹੋਣ ਦਾ ਕਰਦੇ ਹਨ ਪ੍ਰੰਤੂ ਅਸਲੀਅਤ ਵਿਚ ਇਨ੍ਹਾਂ ਸਾਰੀਆਂ ਬੁਰਿਆਈਆਂ ਨਾਲ ਨੱਕੋ ਨੱਕ ਭਰੇ ਹੋਏ ਹੁੰਦੇ ਹਨ। 
ਇਸੇ ਸੋਚ ਅਧੀਨ ਹੀ ਇਨ੍ਹਾਂ ਧਾਰਮਕ ਡੇਰਿਆਂ/ਬਾਬਿਆਂ ਵਲੋਂ ਆਪਣੀ ਸੁਵਿਧਾ ਮੁਤਾਬਕ ਵੋਟਾਂ ਦੌਰਾਨ ਵੱਖ ਵੱਖ ਲੁਟੇਰੀਆਂ ਰਾਜਨੀਤਕ ਪਾਰਟੀਆਂ ਦਾ ਸਮਰਥਨ ਕੀਤਾ ਜਾਂਦਾ ਹੈ। ਜਿਸ ਰਾਜਸੀ ਦਲ ਨੂੰ ਇਨ੍ਹਾਂ ਧਾਰਮਕ ਡੇਰਿਆਂ ਦਾ ਸਮਰਥਨ ਮਿਲ ਜਾਂਦਾ ਹੈ, ਉਹ ਤਾਂ ਬਾਗੋ ਬਾਗ ਹੋ ਜਾਂਦਾ ਹੈ ਪ੍ਰੰਤੂ ਦੂਸਰੀ ਧਿਰ ਅਸਥਾਈ ਰੂਪ ਵਿਚ ਨਿਰਾਸ਼ ਹੋ ਜਾਂਦੀ ਹੈ ਤੇ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਤਾਕਤ ਦਾ ਨਜ਼ਾਇਜ਼ ਲਾਭ ਉਠਾ ਕੇ ਉਸ ਡੇਰੇ ਜਾਂ ਸੰਸਥਾ ਵਿਰੁੱਧ ਬਦਲਾਖੋਰੀ ਦੀਆਂ ਕਾਰਵਾਈਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਕਿਸੇ ਧਰਮ ਜਾਂ ਕੋਈ ਖਾਸ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਵਿਅਕਤੀਆਂ ਦੇ ਅਸਲ ਦੁਸ਼ਮਣ ਧਰਮ ਨਿਰਪੱਖਤਾ ਦੇ ਸਿਧਾਂਤ ਪ੍ਰਤੀ ਸੱਚੀ ਪ੍ਰਤੀਬੱਧਤਾ ਰੱਖਣ ਵਾਲੇ ਅਗਾਂਹਵਧੂ ਲੋਕ ਜਾਂ ਸੰਗਠਨ ਨਹੀਂ ਹਨ, ਸਗੋਂ ਧਰਮ ਦੇ ਨਾਂ ਉਪਰ ਦੁਕਾਨਾਂ ਚਲਾ ਰਹੇ ਅਡੰਬਰੀ ਬਾਬੇ, ਧਰਮ ਗੁਰੂ ਤੇ ਧਾਰਮਕ ਡੇਰੇ ਹਨ ਜੋ ਨਿੱਜੀ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਸਧਾਰਨ ਲੋਕਾਂ ਦੀ ਆਸਥਾ ਦਾ ਨਜਾਇਜ਼ ਲਾਹਾ ਲੈ ਕੇ ਉਨ੍ਹਾਂ ਨੂੰ ਕਿਸੇ  ਰਾਜਸੀ ਦਲ ਦੇ ਪਿੱਛਲੱਗੂ ਬਣਨ ਦਾ ਫਰਮਾਨ ਜਾਰੀ ਕਰਦੇ ਹਨ ਅਤੇ ਜਾਂ ਫਿਰ ਉਹਨਾਂ ਆਮ ਲੋਕਾਂ ਦੇ ਦੁਸ਼ਮਣ ਹਨ ਲੁਟੇਰੀਆਂ ਜਮਾਤਾਂ ਦੇ ਹਿਤਾਂ ਦੀ ਰਾਖੀ ਲਈ ਜੁਟੇ ਹੋਏ ਰਾਜਨੀਤਕ ਦਲਾਂ ਦੇ ਉਹ ਆਗੂ ਹਨ ਜੋ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਧਾਰਮਕ ਡੇਰਿਆਂ ਤੋਂ ਵੋਟਾਂ ਦੀ ਭੀਖ ਮੰਗ ਕੇ ਸੱਤਾ ਹਥਿਆਉਣ ਦਾ ਯਤਨ ਕਰਦੇ ਹਨ। ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨਾ ਅਸਲ ਵਿਚ ਧਾਰਮਕ ਵਿਸ਼ਵਾਸਾਂ ਦੇ ਨਿਰਛਲ ਧਾਰਨੀਆਂ ਅਤੇ ਮਨੁੱਖਤਾ ਦੇ ਭਲੇ ਲਈ ਕੀਤੀ ਜਾ ਰਹੀ ਲੋਕ ਪੱਖੀ ਰਾਜਨੀਤੀ ਦੋਨਾਂ ਨੂੰ ਹੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ। 
ਦੇਸ਼ ਵਿਚ ਚੋਣਾਂ ਅੰਦਰ ਕਿਸੇ ਧਾਰਮਿਕ ਡੇਰੇ ਜਾਂ ਧਰਮ ਗੁਰੂ ਵਲੋਂ ਆਪਣੇ ਅਨੁਆਈਆਂ ਨੂੰ ਕਿਸੇ ਖਾਸ ਰਾਜਸੀ ਦਲ ਲਈ ਵੋਟਾਂ ਪਾਉਣ ਦੀ ਹਦਾਇਤ ਜਾਂ ਹੁਕਮ ਜਾਰੀ ਕਰਨ ਦਾ ਸਵਾਲ ਧਰਮ ਦੀ ਸੁਆਰਥੀ ਹਿੱਤਾਂ ਲਈ ਦੁਰਵਰਤੋਂ ਕਰਨ ਦੇ ਨਾਲ ਨਾਲ ਧਰਮ ਦੀ ਆੜ ਹੇਠ ਚਲ ਰਹੇ ਧਾਰਮਿਕ ਡੇਰਿਆਂ ਤੇ ਬਾਬਿਆਂ ਵਲੋਂ ਮੌਜੂਦਾ ਦੋਸ਼ਪੂਰਨ ਪ੍ਰਬੰਧ ਤੇ ਲੋਟੂ ਤੱਤਾਂ ਦੀ ਰਾਖੀ ਕਰਨ ਦੀਆਂ ਚਾਲਾਂ ਨੂੰ ਫੇਲ੍ਹ ਕਰਨ ਦਾ ਵੀ ਹੈ, ਜਿਸਦਾ ਮੂਲ ਰੂਪ ਵਿਚ ਪਰਿਵਰਤਨ ਸਮੁੱਚੇ ਸਮਾਜਿਕ ਵਿਕਾਸ ਲਈ ਅਤੀ ਲੋੜੀਂਦਾ ਹੈ। ਜਿਉਂ ਜਿਉਂ ਦੇਸ਼ ਦੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਦਾ ਸੰਕਟ ਤਿੱਖਾ ਹੋਵੇਗਾ ਤੇ ਲੋਕਾਂ ਦੀਆਂ ਦੁਸ਼ਵਾਰੀਆਂ ਵਧਣਗੀਆਂ, ਤਿਉਂ-ਤਿਉਂ ਇਸਦੇ ਵਿਰੋਧ ਵਿਚ ਮਿਹਨਤਕਸ਼ ਲੋਕ ਇਕਜੁਟ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਵੀ ਨਿੱਤਰਨਗੇ। ਇਸ ਸਥਿਤੀ ਵਿਚ ਧਾਰਮਕ ਆਸਥਾ ਦੀ ਦੁਰਵਰਤੋਂ ਰਾਹੀਂ ਕਿਰਤੀ ਲੋਕਾਂ ਨੂੰ ਸੰਘਰਸ਼ਾਂ ਦੀ ਪਟੜੀ ਤੋਂ ਲਾਹ ਕੇ ਉਨ੍ਹਾਂ ਸਾਰੀਆਂ ਕਰੋਪੀਆਂ, ਜੋ ਮੌਜੂਦਾ ਲੁਟੇਰੇ ਪ੍ਰਬੰਧ ਦੀ ਦੇਣ ਹਨ, ਦੇ ਸਨਮੁੱਖ ਨਿਆਸਰੇ ਤੇ ਬੇਬੱਸ ਬਣਾਉਣ ਵਾਲੇ ਧਾਰਮਕ ਡੇਰਿਆਂ ਤੇ ਕਥਿਤ ਧਰਮ ਗੁਰੂਆਂ ਪ੍ਰਤੀ ਅੰਨ੍ਹੇ ਵਿਸ਼ਵਾਸ਼ ਤੋਂ ਜਨ ਸਮੂਹਾਂ ਨੂੰ ਮੁਕਤ ਕਰਾਉਣਾ ਜ਼ਰੂਰੀ ਹੈ। ਇਸ ਨਾਲ ਧਰਮ ਦੀਆਂ ਮਾਨਵਵਾਦੀ ਤੇ ਅਗਾਂਹਵਧੂ ਪ੍ਰੰਪਰਾਵਾਂ ਦੀ ਰਾਖੀ ਵੀ ਹੋ ਸਕੇਗੀ ਤੇ ਲੋਕਾਂ ਦਾ ਆਪਣੀ ਧਾਰਮਕ ਆਜ਼ਾਦੀ ਨੂੰ ਮਾਨਣ ਦਾ ਅਧਿਕਾਰ ਵੀ ਸੁਰੱਖਿਅਤ ਰਹਿ ਸਕੇਗਾ। ਇਸ ਲਈ ਹਰ ਸਹੀ ਸੋਚ ਦੇ ਧਾਰਨੀ ਵਿਅਕਤੀ ਨੂੰ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਵਿਰੁੱਧ ਆਵਾਜ਼ ਬੁਲੰਦ ਕਰਨੀ ਹੋਵੇਗੀ ਤੇ ਜਨ ਸਧਾਰਣ ਨੂੰ ਆਪਣੀ ਇੱਛਾ ਮੁਤਾਬਕ ਕਿਸੇ ਵੀ ਧਰਮ ਜਾਂ ਵਿਚਾਰਧਾਰਾ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਦਿੰਦਿਆਂ  ਹੋਇਆਂ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕੰਮ ਕਰਦੇ ਧਾਰਮਕ ਡੇਰਿਆਂ ਜਾਂ ਧਰਮ ਗੁਰੂਆਂ ਨੂੰ ਕਿਸੇ ਖਾਸ ਰਾਜਸੀ ਪਾਰਟੀ ਜਾਂ ਆਗੂ ਨੂੰ ਵੋਟ ਪਾਉਣ ਦੀ ਹਦਾਇਤ ਜਾਂ ਹੁਕਮ ਜਾਰੀ ਕਰਨ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣੀ ਹੋਵੇਗੀ। ਨਹੀਂ ਤਾਂ ਇਹ ਸਵਾਰਥੀ ਤੱਤ ਸਮੁੱਚੇ ਸਮਾਜ ਨੂੰ ਹੀ ਆਸਥਾ ਦੇ ਨਾਮ ਹੇਠਾਂ ਐਸੀ ਗੁਲਾਮ ਮਾਨਿਸਕਤਾ ਵਿਚ ਜਕੜ ਦੇਣਗੇ, ਜਿਸ ਤੋਂ ਛੁਟਕਾਰਾ ਪਾਉਣਾ ਅਤਿਅੰਤ ਮੁਸ਼ਕਿਲ ਹੋ ਜਾਵੇਗਾ। ਅੰਨ੍ਹੀ ਤੇ ਤਰਕ ਰਹਿਤ ਆਸਥਾ ਆਪਣੇ ਅਤੀਤ ਦੇ ਤਜ਼ਰਬਿਆਂ ਤੋਂ ਸਿਖਦਿਆਂ ਹੋਇਆਂ 'ਅੱਛੇ ਤੇ ਬੁਰੇ' ਵਿਚਕਾਰ 'ਨੇਕੀ ਤੇ ਬਦੀ' ਵਿਚਕਾਰ ਅੰਤਰ ਕਰਨਾ ਅਸੰਭਵ ਬਣਾ ਦਿੰਦੀ ਹੈ। 
- ਮੰਗਤ ਰਾਮ ਪਾਸਲਾ

No comments:

Post a Comment