Monday 3 November 2014

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਨਵੰਬਰ 2014)

ਰਵੀ ਕੰਵਰ

ਹਾਂਗ ਕਾਂਗ ਵਿਚ ਅੰਦੋਲਨ
ਹਾਂਗ ਕਾਂਗ ਵਿਚ 22 ਸਤੰਬਰ ਤੋਂ ਰੋਸ ਮੁਜ਼ਾਹਰੇ ਜਾਰੀ ਹਨ। ਇਨ੍ਹਾਂ ਦੀ ਅਗਵਾਈ ਮੁੱਖ ਰੂਪ ਵਿਚ ਵਿਦਿਆਰਥੀ ਜਥੇਬੰਦੀਆਂ 'ਹਾਂਗ ਕਾਂਗ ਫੈਡਰੇਸ਼ਨ ਆਫ ਸਟੂਡੈਂਟਸ', ਜਿਹੜੀ ਕਿ ਯੂਨੀਵਰਸਿਟੀ ਤੇ ਕਾਲਜ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ ਅਤੇ 'ਸਕੋਲਰਿਜ਼ਮ', ਜਿਹੜੀ  ਸੀਨੀਅਰ ਸਕੈਂਡਰੀ ਸਕੂਲ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀਆਂ ਹਨ, ਕਰ ਰਹੀਆਂ ਹਨ। ਇਨ੍ਹਾਂ ਵਿਚ ਸ਼ਾਮਲ ਹੋਣ ਵਾਲੇ ਵੀ ਮੁੱਖ ਰੂਪ ਵਿਚ ਨੌਜਵਾਨ 'ਤੇ ਵਿਦਿਆਰਥੀ ਹੀ ਹਨ। ਕਈ ਮੋੜਾਂ-ਘੋੜਾਂ ਤੋਂ ਨਿਕਲਦਾ ਹੋਇਆ ਇਹ ਅੰਦੋਲਨ ਅਜੇ ਵੀ ਜਾਰੀ ਹੈ। 
22 ਸਤੰਬਰ ਨੂੰ 'ਸਕੋਲਰਿਜਮ' ਦੇ ਕਨਵੀਨਰ ਜੋਸ਼ੂਆ ਵੋਂਗ ਦੀ ਅਗਵਾਈ ਵਿਚ 100 ਕੁ ਮੁਜ਼ਾਹਰਾਕਾਰੀਆਂ  ਵਲੋਂ ਸਰਕਾਰੀ ਦਫਤਰ ਕੰਪਲੈਕਸ ਸਾਹਮਣੇ ਸਥਿਤ ਚੌਕ ਵਿਖੇ ਜਬਰਦਸਤੀ ਵੜਨ ਨਾਲ ਇਹ ਅੰਦੋਲਨ ਸ਼ੁਰੂ ਹੋਇਆ ਸੀ। ਇਹ ਚੌਕ  ਪਹਿਲਾਂ ਆਮ ਲੋਕਾਂ ਲਈ ਖੁੱਲਾ ਸੀ, ਪ੍ਰੰਤੂ ਜੁਲਾਈ ਵਿਚ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਆਕੁਪਾਈ ਸੈਂਟਰਲ ਮੂਵਮੈਂਟ ਨਾਂਅ ਦੀ ਲਹਿਰ ਦੇ ਵੀ ਇਸ ਅੰਦੋਲਨ ਦਾ ਹਿੱਸਾ ਬਣਨ ਨਾਲ ਇਹ ਸਮੁੱਚੇ ਹਾਂਗ ਕਾਂਗ ਵਿਚ ਫੈਲ ਗਿਆ ਸੀ ਅਤੇ ਸ਼ਹਿਰ ਦੇ ਸਾਰੇ ਹੀ ਮਹੱਤਵਪੂਰਨ ਥਾਵਾਂ-ਵਾਨ ਚਾਈ, ਕਾਰਵੇਅ ਬੇਅ, ਮੋਂਗ ਕਾਕ, ਯੂਨੀਵਰਸਿਟੀ ਆਦਿ ਵਿਚ ਦਿਨ-ਰਾਤ ਚੱਲਣ ਵਾਲੇ ਧਰਨਿਆਂ ਦਾ ਰੂਪ ਅਖਤਿਆਰ ਕਰ ਗਿਆ ਸੀ। ਇਸ ਖਿੱਤੇ ਦੇ ਸਰਕਾਰੀ ਦਫਤਰ ਵੀ ਕੁਝ ਕੁ ਦਿਨ ਇਨ੍ਹਾਂ ਅੰਦੋਲਨਕਾਰੀਆਂ ਵਲੋਂ ਕੀਤੇ ਗਏ ਘਿਰਾਓ ਕਰਕੇ ਬੰਦ ਕਰਨੇ ਪਏ ਸੀ। ਪੁਲਸ ਵਲੋਂ ਇਸ ਅੰਦੋਲਨ ਦਾ ਟਾਕਰਾ ਕਰਨ ਲਈ ਅੱਥਰੂ ਗੈਸ ਆਦਿ ਦੀ ਵਰਤੋਂ ਵੀ ਕੀਤੀ ਗਈ ਸੀ। ਸਥਾਨਕ ਸਰਕਾਰ ਦੇ ਪੱਖ ਵਿਚ ਛੋਟੇ ਆਮ ਕਾਰੋਬਾਰੀਆਂ ਅਤੇ ਉਨ੍ਹਾਂ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਨਾਲ ਜਨਤਾ ਦੇ ਕੁੱਝ ਹਿੱਸਿਆਂ ਵਲੋਂ ਇਸ ਅੰਦੋਲਨ ਦਾ ਸਰਗਰਮ ਵਿਰੋਧ ਵੀ ਸਾਹਮਣੇ ਆਇਆ ਹੈ। ਕਈ ਥਾਵਾਂ 'ਤੇ ਛੋਟੇ ਕਾਰੋਬਾਰੀ ਆਪਣੇ ਕਾਰੋਬਾਰਾਂ ਦੇ ਠੱਪ ਹੋਣ ਕਰਕੇ ਅਤੇ ਆਵਾਜਾਈ ਬੰਦ ਹੋਣ ਕਾਰਨ ਪੈਦਾ ਹੋਈ ਨਿੱਤ ਵਰਤੋਂ ਦੀਆਂ ਵਸਤਾਂ ਦੀ ਕਿੱਲਤ ਦਾ ਵਾਸਤਾ ਪਾਉਂਦੇ ਹੋਏ ਅੰਦੋਲਨਕਾਰੀਆਂ ਨਾਲ ਟਕਰਾਅ ਤੱਕ ਵੀ ਪਹੁੰਚ ਗਏ ਸਨ, ਜਿਸਨੂੰ ਪੁਲਸ ਨੇ ਦਖਲਅੰਦਾਜ਼ੀ ਕਰਕੇ ਰੋਕਿਆ ਸੀ। ਅੰਦੋਲਨਕਾਰੀਆਂ ਦੀ ਮੰਗ ਹੈ ਕਿ ਮੁੱਖ ਪ੍ਰਸ਼ਾਸਕ ਦੀ 2017 ਵਿਚ ਹੋਣ ਵਾਲੀ ਚੋਣ ਸਭ ਬਾਲਗਾਂ ਨੂੰ ਵੋਟ ਦੇ ਅਧਿਕਾਰ ਰਾਹੀਂ ਕੀਤੀ ਜਾਵੇ, ਮੌਜੂਦਾ ਮੁੱਖ ਪ੍ਰਸ਼ਾਸਕ ਸੀ.ਵਾਈ. ਲੀਉਂਗ ਅਸਤੀਫਾ ਦੇਵੇ, ਚੀਨ ਦੀ ਨੈਸ਼ਨਲ ਪੀਪਲਜ ਕਾਂਗਰਸ ਦੀ ਸਟੈਂਡਿਗ ਕਮੇਟੀ ਦਾ ਫੈਸਲਾ ਵਾਪਸ ਲਿਆ ਜਾਵੇ, ਮੁੱਖ ਪ੍ਰਸ਼ਾਸਕ ਦੀ ਚੋਣ ਲਈ ਚੋਣ ਸੁਧਾਰ ਕੀਤੇ ਜਾਣ। ਜਿਸ ਵਿਚ ਹਾਂਗ ਕਾਂਗ ਦੇ ਹਰ ਨਾਗਰਿਕ ਨੂੰ ਉਮੀਦਵਾਰ ਬਨਣ ਦਾ ਅਧਿਕਾਰ ਹੋਵੇ ।
ਹਾਂਗ ਕਾਂਗ, ਏਸ਼ੀਆ ਦੇ ਪ੍ਰਮੁੱਖ ਦੇਸ਼ ਅਤੇ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਵਾਲੇ ਦੇਸ਼ ਲੋਕ ਗਣਰਾਜ ਚੀਨ ਦਾ ਇਕ ਹਿੱਸਾ ਹੈ। ਜਿਸਨੂੰ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦਾ ਦਰਜਾ ਹਾਸਲ ਹੈ। ਪਹਿਲੀ ਅਫੀਮ ਜੰਗ ਤੋਂ ਬਾਅਦ 1842 ਵਿਚ ਚੀਨ ਨੇ ਹਾਂਗ ਕਾਂਗ ਨੂੰ ਬ੍ਰਿਟੇਨ ਦੇ ਹਵਾਲੇ ਕਰ ਦਿੱਤਾ ਸੀ। ਚੀਨ ਨੇ 1 ਜੁਲਾਈ 1898 ਨੂੰ ਹੋਰ 235 ਜਜੀਰਿਆਂ ਦੇ ਨਾਲ ਹਾਂਗ ਕਾਂਗ ਨੂੰ ਵੀ ਬ੍ਰਿਟੇਨ ਕੋਲ 99 ਸਾਲਾਂ ਲਈ ਲੀਜ਼ ਉਤੇ ਦੇ ਦਿੱਤਾ ਸੀ। ਦੂਜੀ ਸੰਸਾਰ ਜੰਗ ਦੇ ਦੌਰਾਨ 1941 ਵਿਚ ਹਾਂਗ ਕਾਂਗ ਉਤੇ ਜਾਪਾਨ ਨੇ ਕਬਜ਼ਾ ਕਰ ਲਿਆ ਸੀ। ਜਾਪਾਨ ਦੀ ਹਾਰ ਤੋਂ ਬਾਅਦ 1946 ਵਿਚ ਬ੍ਰਿਟੇਨ ਨੇ ਇੱਥੇ ਮੁੜ ਸਰਕਾਰ ਸਥਾਪਤ ਕਰ ਲਈ ਸੀ। ਚੀਨ ਅੰਦਰ 1949 ਵਿਚ ਕਾਮਰੇਡ ਮਾਓ-ਜੇ-ਦੁੰਗ ਦੀ ਅਗਵਾਈ ਵਿਚ ਇਨਕਲਾਬ ਹੋਣ ਦੇ ਨਾਲ ਉਥੇ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਲੋਕ ਪੱਖੀ ਸਰਕਾਰ ਦੀ ਸਥਾਪਨਾ ਹੋ ਗਈ ਸੀ। 1982 ਵਿਚ ਚੀਨ ਤੇ ਬ੍ਰਿਟੇਨ ਦਰਮਿਆਨ ਹਾਂਗ ਕਾਂਗ ਦੇ ਭਵਿੱਖ ਲਈ ਗੱਲਬਾਤ ਸ਼ੁਰੂ ਹੋਈ। 1984 ਵਿਚ ਇਕ ਸਾਂਝੇ ਐਲਾਨਨਾਮੇ ਰਾਹੀਂ ਐਲਾਨ ਕੀਤਾ ਗਿਆ ਸੀ ਕਿ 1997 ਵਿਚ ਲੀਜ਼ ਦੇ ਖਾਤਮੇਂ ਨਾਲ ਹਾਂਗ ਕਾਂਗ ਚੀਨ ਨੂੰ ਵਾਪਸ ਦੇ ਦਿੱਤਾ ਜਾਵੇਗਾ। ''ਇਕ ਦੇਸ਼, ਦੋ ਪ੍ਰਬੰਧਾਂ'' ਦੇ ਫਾਰਮੂਲੇ ਅਧੀਨ ਇਸ ਵਿਚ ਪੂੰਜੀਵਾਦੀ ਆਰਥਕ ਵਿਵਸਥਾ ਜਾਰੀ ਰਹੇਗੀ ਅਤੇ ਚੀਨ ਨੂੰ ਦਿੱਤੇ ਜਾਣ ਤੋਂ ਬਾਅਦ 50 ਸਾਲਾਂ ਤੱਕ ਇੱਥੇ ਅੰਸ਼ਕ ਜਮਹੂਰੀਅਤ ਅਧਾਰਤ ਰਾਜਨੀਤਕ ਢਾਂਚਾ ਜਾਰੀ ਰੱਖਿਆ ਜਾਵੇਗਾ। 1990 ਵਿਚ ਚੀਨ ਨੇ ਹਾਂਗ ਕਾਂਗ ਨੂੰ ਬ੍ਰਿਟੇਨ ਵਲੋਂ ਉਸਨੂੰ ਸੌਂਪੇ ਜਾਣ ਤੋਂ ਬਾਅਦ ਲਾਗੂ ਕੀਤੇ ਜਾਣ ਵਾਲੇ ਸੰਵਿਧਾਨ ਜਿਸਨੂੰ 'ਬੇਸਿਕ ਲਾਅ' ਦਾ ਨਾਂਅ ਦਿੱਤਾ ਗਿਆ ਸੀ, ਦੀ ਵੀ ਪੁਸ਼ਟੀ ਕਰ ਦਿੱਤੀ ਸੀ। 
ਮੌਜੂਦਾ ਅੰਦੋਲਨ ਇਸ 'ਬੇਸਿਕ ਲਾਅ' ਨੂੰ ਰਾਜਨੀਤਕ ਵਿਵਥਾ ਦੇ ਮਾਮਲੇ ਵਿਚ ਲਾਗੂ ਕਰਨ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਇਆ ਹੈ। 31 ਅਗਸਤ ਨੂੰ ਚੀਨ ਦੀ ਸਭ ਤੋਂ ਵੱਡੀ ਸਰਕਾਰੀ ਪ੍ਰਸ਼ਾਸਕੀ ਸੰਸਥਾ ਨੈਸ਼ਨਲ ਪੀਪਲਜ ਕਾਂਗਰਸ ਦੀ ਸਟੈਂਡਿੰਗ ਕਮੇਟੀ ਦੇ ਅਜਲਾਸ ਵਿਚ ਹਾਂਗ ਕਾਂਗ ਵਿਚ 2017 ਵਿਚ ਹੋਣ ਵਾਲੀ ਮੁੱਖ ਪ੍ਰਸ਼ਾਸਕ ਦੀ ਚੋਣ ਬਾਰੇ ਨਿਰਣੇ ਲਏ ਗਏ ਸੀ। ਇਸ ਅਨੁਸਾਰ ਜਿੱਥੇ ਮੁੱਖ ਪ੍ਰਸ਼ਾਸਕ ਦੀ ਚੋਣ ਵਿਚ ਸਭ ਬਾਲਗ ਨਾਗਰਿਕਾਂ ਲਈ ਵੋਟ ਦੇ ਅਧਿਕਾਰ ਦੀ ਆਗਿਆ ਦਿੱਤੀ ਗਈ ਹੈ, ਉਥੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਮੁੱਖ ਪ੍ਰਸ਼ਾਸਕ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਦੇਸ਼ ਭਾਵ ਚੀਨ ਨੂੰ ਵੀ ਪਿਆਰ ਕਰਦਾ ਹੋਵੇ ਅਤੇ ਹਾਂਗਕਾਂਗ ਨੂੰ ਵੀ। ਇਸਨੂੰ ਯਕੀਨੀ ਬਨਾਉਣ ਲਈ ਮੁੱਖ ਪ੍ਰਸ਼ਾਸਕ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਇਕ ਚੋਣ ਕਮੇਟੀ ਨਾਮਜ਼ਦ ਕਰੇਗੀ। ਇਸ ਕਮੇਟੀ ਵਿਚ ਮੌਜੂਦਾ ਚੋਣ ਕਮੇਟੀ ਦੀ ਤਰ੍ਹਾਂ ਹੀ 1200 ਦੇ ਲਗਭਗ ਮੈਂਬਰ ਹੋਣਗੇ, ਜਿਹੜੇ ਸਥਾਨਕ ਅਜਾਰੇਦਾਰ, ਵੱਖ ਵੱਖ ਵਪਾਰਕ ਸੰਸਥਾਵਾਂ ਦੇ ਮੈਂਬਰ, ਹੋਰ ਸਥਾਨਕ ਕਾਰੋਬਾਰੀ ਅਤੇ ਦੇਸ਼ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦੇ ਹੋਣਗੇ। ਇਸ ਚੋਣ ਲਈ ਸਿਰਫ  ਦੋ ਜਾਂ ਤਿੰਨ ਉਹ ਉਮੀਦਵਾਰ ਹੀ ਖੜ੍ਹੇ ਹੋ ਸਕਣਗੇ, ਜਿਨ੍ਹਾਂ ਨੂੰ ਇਸ ਕਮੇਟੀ ਦੇ ਬਹੁਮਤ ਦੀ ਹਿਮਾਇਤ ਹਾਸਲ ਹੋਵੇਗੀ। ਇਨ੍ਹਾਂ ਖੜ੍ਹੇ ਉਮੀਦਵਾਰਾਂ ਵਿਚੋਂ ਹਾਗ ਕਾਂਗ ਦੇ ਸਾਰੇ ਬਾਲਗ ਨਾਗਰਿਕਾਂ ਵਲੋਂ ਵੋਟਾਂ ਪਾਕੇ ਮੁੱਖ ਪ੍ਰਸ਼ਾਸਕ ਚੁਣਿਆ ਜਾਵੇਗਾ। ਇਸ ਤਰ੍ਹਾਂ ਚੁਣੇ ਗਏ ਵਿਅਕਤੀ ਨੂੰ ਚੀਨ ਦੀ ਕੇਂਦਰੀ ਸਰਕਾਰ ਹਾਂਗ ਕਾਂਗ ਦਾ ਮੁੱਖ ਪ੍ਰਸ਼ਾਸਕ ਥਾਪੇਗੀ। 2016 ਵਿਚ ਸਥਾਨਕ ਅਸੰਬਲੀ ਲਈ ਚੋਣ ਪ੍ਰਕਿਰਿਆ ਪਹਿਲਾਂ ਦੀ ਹੀ ਤਰ੍ਹਾਂ ਰਹੇਗੀ। ਪਰ ਮੁੱਖ ਪ੍ਰਸ਼ਾਸਕ ਦੀ 2017 ਵਿਚ ਹੋਣ ਵਾਲੀ ਚੋਣ ਤੋਂ ਬਾਅਦ ਸਥਾਨਕ ਅਸੰਬਲੀ ਦੀ ਚੋਣ ਲਈ ਵੀ ਸਭ ਬਾਲਗ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਪ੍ਰਣਾਲੀ 'ਤੇ ਅਧਾਰਤ ਪ੍ਰਕਿਰਿਆ ਚੀਨ ਦੀ ਸਹਿਮਤੀ ਨਾਲ ਵਿਕਸਿਤ ਕੀਤੀ ਜਾਵੇਗੀ। 
ਇਸ ਅੰਦੋਲਨ ਦੇ ਆਗੂਆਂ ਦਾ ਕਹਿਣਾ ਹੈ ਕਿ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ ਦਾ 2017 ਵਿਚ ਮੁੱਖ ਪ੍ਰਸ਼ਾਸਕ ਦੀ ਚੋਣ ਬਾਰੇ ਫੈਸਲਾ ਹਾਂਗ ਕਾਂਗ ਨਾਲ ਸਬੰਧਤ ਸੰਵਿਧਾਨ, ਬੇਸਿਕ ਲਾਅ ਦੀ ਉਲੰਘਣਾ ਹੈ, ਕਿਉਂਕਿ ਇਹ ਮੁੱਖ ਪ੍ਰਸ਼ਾਸਕ ਨੂੰ ਸਭ ਬਾਲਗਾਂ ਨੂੰ ਬਰਾਬਰ ਦੇ ਵੋਟ ਦੇ ਅਧਿਕਾਰ ਰਾਹੀਂ ਚੁਣਨ ਦੀ ਵਿਵਸਥਾ ਅਨੁਸਾਰ ਨਹੀਂ ਹੈ ਅਤੇ ਚੀਨ ਆਪਣੇ ਵਾਅਦੇ ਤੋਂ ਭੱਜ ਰਿਹਾ ਹੈ। ਜਦੋਂਕਿ ਇਸ ਕਾਨੂੰਨ ਦੇ ਕੁੱਝ ਮਾਹਿਰਾਂ ਜਿਵੇਂ ਬੇਸਿਕ ਲਾਅ ਇੰਸਟੀਚਿਊਟ ਦੇ ਚੇਅਰਮੈਨ ਉਘੇ ਬੈਰਿਸਟਰ ਅਲਾਨ ਹੂ ਦਾ ਕਹਿਣਾ ਹੈ, ''ਮੈਂ ਸਮਝਦਾ ਹਾਂ ਕਿ ਸਥਿਤੀ ਪੂਰੀ ਤਰ੍ਹਾਂ ਗਲਤਫਹਿਮੀ ਵਾਲੀ ਹੈ। ਪਹਿਲੀ ਗੱਲ ਤਾਂ ਇਹ ਕੋਈ ਵਾਅਦਾ ਨਹੀਂ ਹੈ। ਇਹ ਇਕ ਕਾਨੂੰਨੀ ਜ਼ਿੰਮੇਵਾਰੀ ਹੈ, ਬੇਸਿਕ ਲਾਅ ਰਾਹੀਂ ਦਿੱਤੀ ਗਈ ਕਾਨੂੰਨੀ ਜ਼ਿੰਮੇਵਾਰੀ।'' ਬੇਸਿਕ ਲਾਅ ਦੀ ਧਾਰਾ 45 ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੇ ਹਨ ''ਇਹ ਧਾਰਾ ਇਕ ਵਿਅਕਤੀ ਇਕ ਵੋਟ ਦੀ ਵਿਵਸਥਾ ਕਰਦੀ ਹੈ। ਇਸਦਾ ਅੰਤਮ ਮਕਸਦ ਮੁੱਖ ਪ੍ਰਸ਼ਾਸਕ ਦੀ ਚੋਣ ਕਰਨਾ ਹੈ, ਇਕ ਵਿਆਪਕ ਪ੍ਰਤੀਨਿੱਧਤਾ ਵਾਲੀ ਨਾਮਜ਼ਦਗੀ ਕਮੇਟੀ ਵਲੋਂ ਜਮਹੂਰੀ ਪ੍ਰਕਿਰਿਆ ਅਪਨਾਉਂਦੇ ਹੋਏ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਵਿਚੋਂ ਸਭ ਬਾਲਗਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦਿਆਂ''। ਜਦੋਂਕਿ ਅੰਦੋਲਨ ਦੇ ਆਗੂਆਂ ਦਾ ਕਹਿਣਾ ਹੈ ਕਿ 'ਸਭ ਬਾਲਗਾਂ ਲਈ ਵੋਟ ਦੇ ਅਧਿਕਾਰ' ਦਾ ਭਾਵ ਵੱਖ ਵੱਖ ਰਾਜਨੀਤਕ ਪਾਰਟੀਆਂ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਵਿਚੋਂ ਕਿਸੇ ਇਕ ਨੂੰ ਵੋਟਾਂ ਰਾਹੀਂ ਚੁਣਨਾ ਹੈ। 
ਅਸਲ ਵਿਚ ਹਾਂਗ ਕਾਂਗ ਦੇ ਆਮ ਲੋਕ ਵੀ ਪੂੰਜੀਵਾਦ ਤੋਂ ਪੈਦਾ ਹੁੰਦੇ ਮਸਲਿਆਂ ਤੋਂ ਉਸੇ ਤਰ੍ਹਾਂ ਦੋ ਚਾਰ ਹਨ ਜਿਵੇਂ ਬਾਕੀ ਪੂੰਜੀਵਾਦੀ ਦੇਸ਼ਾਂ ਦੇ ਲੋਕ। ਚੀਨ ਵਿਚੋਂ, ਆਰਥਕ ਵਿਕਾਸ ਦੀ ਤੇਜ਼ ਰਫਤਾਰ ਦਾ ਲਾਭ ਲੈ ਕੇ ਅਮੀਰ ਹੋਇਆ ਵਪਾਰੀ ਵਰਗ, ਹਾਂਗ ਕਾਂਗ ਵਿਚ ਆਪਣੇ ਵਪਾਰਕ ਅਦਾਰੇ ਸਥਾਪਤ ਕਰ ਰਿਹਾ ਹੈ। ਇਸ ਨਾਲ ਪਹਿਲਾਂ ਤੋਂ ਬੁਨਿਆਦੀ ਰੂਪ ਵਿਚ ਹਾਂਗ ਕਾਂਗ ਵਿਚ ਹੀ ਕਾਰੋਬਾਰ ਕਰ ਰਹੇ ਵਪਾਰੀਆਂ ਦੇ ਹਿੱਤਾਂ ਨੂੰ ਨੁਕਸਾਨ ਪੁੱਜਦਾ ਹੈ। ਉਥੇ ਖਾਂਦੇ ਪੀਂਦੇ ਵਰਗਾਂ ਦੇ ਲੋਕ ਆਰਥਕ ਰੂਪ ਵਿਚ ਕੁਝ ਹੱਦ ਤੱਕ ਹਾਸ਼ੀਏ 'ਤੇ ਪੁੱਜ ਰਹੇ ਹਨ। ਜਿਸਨੂੰ ਉਹ ਆਪਣੀ ਪਛਾਣ ਦੇ ਸੁਆਲ ਵਜੋਂ ਖੜ੍ਹਾ ਕਰ ਰਹੇ ਹਨ। ਹਾਂਗ ਕਾਂਗ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਦੀ ਘਣਤਾ ਵਾਲਾ ਸ਼ਹਿਰ ਹੈ। ਇਕ ਮੁਰੱਬਾ ਕਿਲੋਮੀਟਰ ਵਿਚ 6300 ਲੋਕ ਰਹਿੰਦੇ ਹਨ। ਜਿਸ ਕਰਕੇ ਸੰਪਤੀ ਅਤੇ ਰਿਹਾਇਸ਼ੀ ਘਰਾਂ ਦੀਆਂ ਦਰਾਂ ਅਸਮਾਨ ਛੂੰਹਦੀਆਂ ਹਨ, ਕਈ ਮਾਮਲਿਆਂ ਵਿਚ ਲੋਕਾਂ ਨੂੰ ਆਪਣੀ ਆਮਦਣ ਦਾ 70% ਤੱਕ ਰਿਹਾਇਸ਼ 'ਤੇ ਖਰਚਣਾ ਪੈਂਦਾ ਹੈ। ਨੌਜਵਾਨਾਂ ਸਾਹਮਣੇ ਇਹ ਸਮੱਸਿਆ ਸਭ ਤੋਂ ਵਧੇਰੇ ਹੈ। ਇਹ ਅਸੰਤੋਸ਼ ਹੀ ਇਕ ਤਰ੍ਹਾਂ ਨਾਲ ਇਨ੍ਹਾਂ ਅੰਦੋਲਨਾਂ ਦੀ ਚਾਲਕ ਸ਼ਕਤੀ ਹੈ। ਅਮਰੀਕੀ ਸਾਮਰਾਜ ਅਤੇ ਇਸਦੇ ਸਹਿਯੋਗੀਆਂ ਵਲੋਂ ਵੀ ਚੀਨ ਵਿਰੁੱਧ ਆਪਣੇ ਹਿੱਤ ਸਾਧਨ ਲਈ ਇਨ੍ਹਾਂ ਅੰਦੋਲਨਕਾਰੀਆਂ ਨੂੰ ਸਿੱਧੇ ਅਸਿੱਧੇ ਰੂਪ ਵਿਚ ਸਮਰਥਨ ਦਿੱਤਾ ਜਾ ਰਿਹਾ ਹੈ। 
ਹਾਂਗ ਕਾਂਗ ਵਿਚ ਚਲ ਰਹੇ ਇਸ ਅੰਦੋਲਨ ਨੂੰ 'ਛੱਤਰੀ ਇਨਕਲਾਬ' ਦਾ ਨਾਂਅ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਵਿਚ ਇਸ ਨੂੰ ਭਰਪੂਰ ਸਮਰਥਨ ਹਾਸਲ ਹੈ, ਕਿਉਂਕਿ ਅਮਰੀਕਾ ਅਤੇ ਪੱਛਮੀ ਦੇਸ਼ ਇਸਦਾ ਸਮਰਥਨ ਕਰਦੇ ਹਨ। ਇਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਕਿ ਦੁਨੀਆਂ ਦੇ ਵੱਖ ਵੱਖ ਭਾਗਾਂ, ਖਾਸ ਕਰਕੇ ਮੱਧ ਪੂਰਬ ਵਿਚ ਹੋਏ ਅਜਿਹੇ 'ਰੰਗ ਬਰੰਗੇ' ਇਨਕਲਾਬਾਂ ਵਿਚੋਂ ਇਕ ਵੀ ਇਨਕਲਾਬ ਲੋਕਾਂ ਦੇ ਹੱਕ ਵਿਚ ਨਹੀਂ ਭੁਗਤ ਸਕਿਆ। ਬਲਕਿ  ਅਮਰੀਕੀ ਸਾਮਰਾਜ ਅਤੇ ਪੱਛਮੀ ਪੂੰਜੀਵਾਦੀ ਦੇਸ਼ ਹੀ ਇਨ੍ਹਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਵਿਚ ਸਫਲ ਹੋਏ ਹਨ ਅਤੇ ਇਹ ਅਖੌਤੀ ਇੰਨਕਲਾਬ ਉਸ ਦੇਸ਼ ਦੇ ਆਮ ਲੋਕਾਂ ਲਈ ਮੱਧ ਪੂਰਬ ਤੋਂ ਲੈ ਕੇ ਯੁਕਰੇਨ ਤੱਕ ਤਬਾਹੀ ਤੇ ਬਰਬਾਦੀ ਲੈ ਕੇ ਹੀ ਆਏ ਹਨ। 
ਲੋਕ ਗਣਰਾਜ ਚੀਨ ਵਲੋਂ 'ਇਕ ਦੇਸ਼, ਦੋ ਵਿਵਸਥਾਵਾਂ' ਦੇ ਸਿਧਾਂਤ ਉਤੇ ਵੀ ਹਾਂਗ ਕਾਂਗ ਦਾ ਅੰਦੋਲਨ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਕਿਉਂਕਿ ਚੀਨ ਦੀ ਸਰਪ੍ਰਸਤੀ ਹੇਠ ਵੀ ਪੂੰਜੀਵਾਦ ਆਪਣੇ ਬੁਨਿਆਦੀ ਲੱਛਣਾਂ ਨੂੰ ਉਸੇ ਤਰ੍ਹਾਂ ਲਾਗੂ ਕਰ ਰਿਹਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਅ ਰਿਹਾ ਹੈ ਅਤੇ ਅਜਿਹੇ ਅੰਦੋਲਨਾਂ ਨੂੰ ਬਲ ਪ੍ਰਦਾਨ ਕਰ ਰਿਹਾ ਹੈ।


ਬੋਲੀਵੀਆ ਦੇ ਖੱਬੇ ਪੱਖੀ ਆਗੂ ਈਵੋ ਮੋਰਾਲੇਜ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਚੁਣੇ ਗਏ
ਅਮਰੀਕੀ ਸਾਮਰਾਜ ਦੇ ਗੁਆਂਢ ਸਥਿਤ ਲਾਤੀਨੀ ਅਮਰੀਕਾ  ਦੇ ਦੇਸ਼ ਬੋਲੀਵੀਆ ਦੇ ਖੱਬੇ ਪੱਖੀ ਆਗੂ ਈਵੋ ਮੋਰਾਲੇਜ 12 ਅਕਤੂਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਮੁੜ ਇਕ ਵਾਰ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਰਾਸ਼ਟਰਪਤੀ ਚੁਣੇ ਗਏ ਹਨ। ਇਹ ਉਨ੍ਹਾਂ ਦੀ ਤੀਜੀ ਨਿਰੰਤਰ ਜਿੱਤ ਹੈ। ਉਹ ਪਹਿਲੀ ਵਾਰ 2005 ਵਿਚ ਨਵ ਉਦਾਰਵਾਦੀ ਆਰਥਕ ਨੀਤੀਆਂ ਦਾ ਵਿਰੋਧ ਕਰਦੇ ਹੋਏ 54% ਵੋਟਾਂ ਲੈ ਕੇ ਜਿੱਤੇ ਸਨ। 2009 ਵਿਚ ਉਹ ਮੁੜ ਹੋਰ ਵਧੇਰੇ ਬਹੁਮਤ ਨਾਲ ਜਿੱਤੇ ਅਤੇ ਹੁਣ 12 ਅਕਤੂਬਰ ਨੂੰ ਹੋਈ ਚੋਣ ਵਿਚ 67% ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਜਦੋਂਕਿ ਉਨ੍ਹਾ ਦੇ ਵਿਰੋਧੀ ਸੀਮੈਂਟ ਸਨਅੱਤ ਦੇ ਅਜਾਰੇਦਾਰ ਸੈਮੁਅਲ ਡੋਰੀਆ ਮੇਡੀਨਾ ਨੂੰ ਸਿਰਫ 24% ਵੋਟਾਂ ਮਿਲੀਆਂ ਹਨ। ਇਸ ਚੋਣ ਦੇ ਨਾਲ ਹੀ ਦੇਸ਼ ਦੀ ਸੰਸਦ ਦੀਆਂ 130 ਸੀਟਾਂ ਲਈ ਵੀ ਚੋਣ ਹੋਈ ਸੀ, ਜਿਨ੍ਹਾਂ ਵਿਚੋਂ 117 ਉਤੇ ਉਨ੍ਹਾਂ ਦੀ ਪਾਰਟੀ 'ਮੂਵਮੈਂਟ ਟੁਵਾਰਡਜ ਸੋਸ਼ਲਿਜ਼ਮ' (ਐਮ.ਏ.ਐਸ.) ਨੇ 117 ਸੀਟਾਂ ਜਿੱਤੀਆਂ ਹਨ, ਵਿਰੋਧੀ ਧਿਰ ਨੂੰ ਸਿਰਫ 13 ਸੀਟਾਂ ਹੀ ਮਿਲੀਆਂ ਹਨ। 
ਸਾਥੀ ਮੋਰਾਲੇਜ, ਲਾਤੀਨੀ ਅਮਰੀਕੀ ਮਹਾਂਦੀਪ ਦੇ ਉਹ ਆਗੂ ਹਨ, ਜਿਨ੍ਹਾਂ ਨੇ ਵੈਨਜ਼ੁਏਲਾ ਦੇ ਮਰਹੂਮ ਖੱਬੇ ਪੱਖੀ ਆਗੂ ਤੇ ਰਾਸ਼ਟਰਪਤੀ ਸਾਥੀ ਹੂਗੋ ਸ਼ਾਵੇਜ਼ ਨਾਲ ਰਲਕੇ ਸਾਮਰਾਜੀ ਸੰਸਾਰੀਕਰਨ ਦੇ ਵਿਰੋਧ ਦਾ ਝੰਡਾ ਬੁਲੰਦ ਕਰਦੇ ਹੋਏ ਅਮਰੀਕੀ ਸਾਮਰਾਜ ਦੇ ਗੁਆਂਢ ਵਿਚ ਹੀ ਉਸਨੂੰ ਚੁਣੌਤੀ ਦਿੱਤੀ ਸੀ। ਉਹ ਬੋਲੀਵੀਆ ਦੇ ਕੋਕੋ ਉਤਪਾਦਕਾਂ ਦੇ ਆਗੂ ਸਨ ਅਤੇ ਉਥੇ ਦੇ ਮੂਲ ਨਿਵਾਸੀ ਸਨ। ਇਸ ਚੋਣ ਵਿਚ ਵੀ ਨਵਉਦਾਰਵਾਦੀ ਸੰਸਾਰੀਕਰਨ ਪ੍ਰੇਰਤ ਆਰਥਕ ਨੀਤੀਆਂ ਅਧੀਨ ਨਿੱਜੀਕਰਨ ਅਧਾਰਤ ਮਾਡਲ ਅਤੇ ਲੋਕ ਪੱਖੀ ਵਿਕਾਸ ਮਾਡਲ ਲਾਗੂ ਕਰਦਿਆਂ ਕੌਮੀ ਵਸੀਲਿਆਂ ਦਾ ਕੌਮੀਕਰਨ ਦਾ ਮੁੱਦਾ ਬਹਿਸ ਦਾ ਮੁੱਖ ਮੁੱਦਾ ਬਣਕੇ ਉਭਰਿਆ ਸੀ। ਇਸ ਚੋਣ ਮੁਹਿੰਮ ਦਾ ਮੁੱਖ ਨਾਅਰਾ ਵੀ, ''ਕੌਮੀਕਰਨ ਜਾਂ ਨਿੱਜੀਕਰਨ'' ਹੀ ਸੀ। 
ਪਿਛਲੀ ਸਦੀ ਦੇ 80ਵੇਂ ਦਹਾਕੇ ਵਿਚ ਅਮਰੀਕੀ ਸਾਮਰਾਜ ਨੇ ਆਪਣੇ ਗੁਆਂਢ ਸਥਿਤ ਲਾਤੀਨੀ ਅਮਰੀਕਾ ਨੂੰ ਸਾਮਰਾਜੀ ਸੰਸਾਰੀਕਰਣ ਅਧਾਰਤ ਆਰਥਕ ਤੇ ਸਮਾਜਕ ਨੀਤੀਆਂ ਨੂੰ ਲਾਗੂ ਕਰਨ ਲਈ ਇਕ ਪ੍ਰਯੋਗਸ਼ਾਲਾ ਵਜੋਂ ਵਰਤਣਾ ਸ਼ੁਰੂ ਕੀਤਾ ਸੀ। ਜਿਸਦੇ ਸਿੱਟੇ ਵਜੋਂ ਇਹ ਖਿੱਤਾ ਬੁਰੀ ਤਰ੍ਹਾਂ ਰਾਜਨੀਤਕ ਤੇ ਸਮਾਜਕ ਅਸਥਿਰਤਾ ਦਾ ਸ਼ਿਕਾਰ ਹੋਇਆ ਸੀ। ਇਸ ਕੁਦਰਤੀ ਵਸੀਲਿਆਂ ਨਾਲ ਜਰਖੇਜ਼ ਖਿੱਤੇ ਉਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਨੇ ਕਬਜ਼ਾ ਕਰ ਲਿਆ ਅਤੇ ਉੇਥੇ ਦੇ ਲੋਕਾਂ ਨੂੰ ਆਰਥਕ ਤੇ ਸਮਾਜਕ ਸਮੱਸਿਆਵਾਂ ਦਾ ਸ਼ਿਕਾਰ ਹੋਣਾ ਪਿਆ ਸੀ। ਇਨ੍ਹਾਂ ਵਿਰੁੱਧ ਉਠੇ ਜਨ-ਸੰਘਰਸ਼ਾਂ ਨੂੰ ਬੁਰੀ ਤਰ੍ਹਾਂ ਕੁਚਲਣ ਲਈ, ਕਿਉਬਾ ਜਿਹੜਾ ਇਕ ਸਮਾਜਵਾਦੀ ਦੇਸ਼ ਸੀ, ਨੂੰ ਛੱਡਕੇ ਲਗਭਗ ਸਾਰੇ ਹੀ ਦੇਸ਼ਾਂ ਵਿਚ ਤਾਨਾਸ਼ਾਹਾਂ ਜਾਂ ਲੋਕ ਵਿਰੋਧੀ ਹਾਕਮਾਂ ਨੇ ਅਮਰੀਕੀ ਸਾਮਰਾਜ ਦੀ ਮਦਦ ਨਾਲ ਸੱਤਾ ਸੰਭਾਲ ਲਈ ਸੀ। ਇਸ ਸਦੀ ਦੇ ਸ਼ਰੂ ਵਿਚ ਵੈਨਜ਼ੁਏਲਾ ਦੇ ਆਗੂ ਮਰਹੂਮ ਸਾਥੀ ਸ਼ਾਵੇਜ਼ ਵਲੋਂ ਸਾਮਰਾਜੀ ਸੰਸਾਰੀਕਰਨ ਵਿਰੁੱਧ ਇਕ ਲੋਕ ਪੱਖੀ ਮਾਡਲ ਪੇਸ਼ ਕੀਤਾ ਗਿਆ ਅਤੇ ਆਪਣੇ ਦੇਸ਼ ਵਿਚ ਹੀ ਸਖਤ ਰਾਜਨੀਤਕ ਸੰਘਰਸ਼ ਤੋਂ ਬਾਅਦ ਉਹ ਸੱਤਾ ਵਿਚ ਆਏ ਅਤੇ ਉਨ੍ਹਾ ਨੇ ਇਸ ਲੋਕ ਪੱਖੀ ਮਾਡਲ ਨੂੰ ਉਸ ਵੇਲੇ ਲਾਗੂ ਕੀਤਾ ਜਦੋਂ ਸੋਵੀਅਤ ਰੂਸ ਦਾ ਸਮਾਜਵਾਦੀ ਢਾਂਚਾ ਢਹਿ ਢੇਰੀ ਹੋ ਚੁੱਕਾ ਸੀ। ਕਿਊਬਾ ਵਰਗਾ ਅਮਰੀਕੀ ਸਾਮਰਾਜ ਦੇ ਗੁਆਂਢ ਸਥਿਤ ਸਮਾਜਵਾਦੀ ਦੇਸ਼ ਸਾਥੀ ਫੀਡਲ ਕਾਸਟਰੋ ਦੀ ਅਗਵਾਈ ਵਿਚ ਬੜੀ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਸੀ। ਸਾਥੀ ਸ਼ਾਵੇਜ਼ ਨੇ ਉਸ ਔਖੀ ਘੜੀ ਵਿਚ ਕਿਊਬਾ ਦੀ ਨੈਤਿਕ ਤੋਂ ਲੈ ਕੇ ਆਰਥਕ ਤੱਕ ਹਰ ਤਰ੍ਹਾਂ ਦੀ ਮਦਦ ਕੀਤੀ। ਸਾਥੀ ਹੂਗੋ ਸ਼ਾਵੇਜ਼ ਦੇ ਲੋਕ ਪੱਖੀ ਮਾਡਲ ਨਾਲ ਜੁੜਨ ਵਾਲੇ ਦੂਜੇ ਆਗੂ ਸਨ ਬੋਲੀਵੀਆ ਦੇ ਸਾਥੀ ਈਵੋ ਮੋਰਾਲੇਜ਼। ਉਹ 2005 ਵਿਚ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੇ ਸਨ ਅਤੇ ਉਨ੍ਹਾਂ ਲੋਕ ਪੱਖੀ ਨੀਤੀਆਂ ਲਾਗੂ ਕਰਕੇ ਦੇਸ਼ ਦਾ ਕਾਇਆ ਕਲਪ ਹੀ ਕਰ ਦਿੱਤਾ ਹੈ। ਅਸੀਂ ਉਨ੍ਹਾਂ ਵਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨਾਲ ਦੇਸ਼ ਦੇ ਆਮ ਲੋਕਾਂ ਦੀ ਜਿੰਦਗੀ ਅਤੇ ਅਰਥਚਾਰੇ ਵਿਚ ਹੋਏ ਵਿਕਾਸ ਬਾਰੇ ਕੁੱਝ ਨੁਕਤੇ ਦੇ ਰਹੇ ਹਾਂ, ਜਿਹੜੇ ਉਨ੍ਹਾਂ ਦੇ ਵਾਰ-ਵਾਰ ਜਿੱਤ ਹਾਸਲ ਕਰਨ ਦਾ ਅਧਾਰ ਹਨ : 

2005 ਵਿਚ ਸੱਤਾ ਹਾਸਲ ਕਰਨ ਤੋਂ ਬਾਅਦ ਦੇਸ਼ ਦਾ ਨਵਾਂ ਸੰਵਿਧਾਨ, ਬਾਕਾਇਦਾ ਰਾਇਸ਼ੁਮਾਰੀ ਕਰਕੇ ਲਾਗੂ ਕੀਤਾ ਗਿਆ। ਨਵੇਂ ਸੰਵਿਧਾਨ ਦੀਆਂ ਵਿਵਸਥਾਵਾਂ ਅਨੁਸਾਰ ਸਰਕਾਰ ਵਲੋਂ ਸਮਾਜਕ ਕਲਿਆਣ ਦੇ ਪ੍ਰੋਗਰਾਮ ਲਈ ਖਰਚੇ ਜਾਂਦੇ ਆਰਥਕ ਵਸੀਲਿਆਂ ਵਿਚ ਵਾਧਾ ਕੀਤਾ ਗਿਆ ਜਿਸਦੇ ਸਿੱਟੇ ਵਜੋਂ ਅੱਤ ਦੇ ਗਰੀਬਾਂ ਦੀ ਗਿਣਤੀ ਜਿਹੜੀ 2005 ਵਿਚ 38.2% ਸੀ, 2012 ਵਿਚ ਘਟਕੇ 21.6% ਰਹਿ ਗਈ। 

ਮੋਰਾਲੇਜ ਸਰਕਾਰ ਨੇ ਬਹੁਤ ਸਾਰੀਆਂ ਅਜਿਹੀਆਂ ਆਰਥਕ ਨੀਤੀਆਂ ਅਪਣਾਈਆਂ ਜਿਸ ਨਾਲ ਦੇਸ਼ ਦੇ ਕੁਦਰਤੀ ਵਸੀਲਿਆਂ ਤੋਂ ਆਮਦਨੀ ਕਈ ਗੁਣਾ ਵੱਧ ਗਈ, ਜਿਸ ਲਈ ਉਨ੍ਹਾਂ ਨੂੰ ਬਹੁਕੌਮੀ ਕੰਪਨੀਆਂ ਨਾਲ ਟੱਕਰ ਵੀ ਲੈਣੀ ਪਈ ਅਤੇ ਸੀਮਤ ਰੂਪ ਵਿਚ ਫੌਜ ਦੀ ਵਰਤੋਂ ਵੀ ਕਰਨੀ ਪਈ। ਉਨ੍ਹਾਂ ਇਸ ਤਰ੍ਹਾਂ, ਵਧੇ ਸਰਕਾਰੀ ਮਾਲੀਏ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਲਈ ਸਮਾਜਕ ਕਲਿਆਣ ਪ੍ਰੋਗਰਾਮਾਂ ਵਿਚ ਨਿਵੇਸ਼ ਨੂੰ 750% ਤਕ ਵਧਾ ਦਿੱਤਾ। 

ਉਨ੍ਹਾਂ ਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਛੋਟੇ-ਛੋਟੇ ਪ੍ਰੋਜੈਕਟਾਂ ਨੂੰ ਉਸਾਰਨ ਲਈ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਮੌਕੇ ਦਿੱਤੇ। ਇਸ ਤਰ੍ਹਾਂ ਸਮੁੱਚੇ ਦੇਸ਼ ਵਿਚ 1 ਅਰਬ ਅਮਰੀਕੀ ਡਾਲਰ ਦੇ 5000 ਪ੍ਰੋਜੈਕਟ ਉਸਾਰੇ ਜਾ ਚੁੱਕੇ ਹਨ। ਜਿਨ੍ਹਾਂ ਵਿਚ ਛੋਟੇ ਹਸਪਤਾਲ, ਸਕੂਲ ਤੇ ਜਿਮਨੇਜ਼ੀਅਮ, ਜਿਸ ਨਾਲ ਕਮਜ਼ੋਰ ਤਬਕਿਆਂ ਦੇ ਇਨ੍ਹਾਂ ਕਾਰੀਗਰਾਂ ਨੂੰ ਸਥਾਨਕ ਪੱਧਰ 'ਤੇ ਰੁਜ਼ਗਾਰ ਮਿਲ ਰਿਹਾ ਹੈ। 

2005 ਵਿਚ ਸੱਤਾ ਸੰਭਾਲਣ ਤੋਂ ਬਾਅਦ ਮੋਰਾਲੇਜ ਸਰਕਾਰ ਨੇ ਸਰਕਾਰੀ ਖੇਤਰ ਵਿਚ ਹਈਡਰੋਕਾਰਬਨ ਗੈਸ ਉਤਪਾਦਨ ਨੂੰ 330 ਲੱਖ ਕਿਊਬਿਕ ਮੀਟਰ ਤੋਂ ਵਧਾਕੇ 560 ਲੱਖ ਕਿਊਬਿਕ ਮੀਟਰ ਕਰ ਲਿਆ ਹੈ ਅਤੇ 2015 ਤੱਕ ਉਸਦੇ ਗੈਸ ਦੇ ਮਾਮਲੇ ਵਿਚ ਸਵੈ-ਨਿਰਭਰ ਹੋ  ਜਾਣ ਦਾ ਟੀਚਾ ਪੂਰਾ ਹੋ ਜਾਵੇਗਾ। ਇਸ ਨਾਲ ਸਰਕਾਰੀ ਮਾਲੀਏ ਵਿਚ ਤਾਂ ਵਾਧਾ ਹੋਇਆ ਹੀ ਹੈ, ਨਾਲ ਹੀ ਲੋਕਾਂ ਨੂੰ  ਸਸਤੇ ਰੇਟਾਂ 'ਤੇ ਗੈਸ ਮਿਲ ਰਹੀ ਹੈ। 

ਦੇਸ਼ ਵਿਚ ਗਰੀਬੀ ਘਟਾਉਣ ਵਿਚ ਸਰਕਾਰ ਵਲੋਂ ਵਧਾਈ ਅਸਲ ਘੱਟੋ ਘੱਟ ਤਨਖਾਹ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੌਮਾਂਤਰੀ ਲੇਬਰ ਜਥੇਬੰਦੀ ਮੁਤਾਬਕ ਬੋਲੀਵੀਆ ਵਿਚ ਘੱਟੋ ਘੱਟ ਤਨਖਾਹ ਵਿਚ ਪਿਛਲੇ 2 ਸਾਲਾਂ ਵਿਚ ਸਭ ਤੋਂ ਵੱਡਾ ਵਾਧਾ ਹੋਇਆ ਹੈ, ਅਤੇ ਇਹ ਕਿਸੇ ਵੀ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਹੋਣ ਵਾਲਾ ਸਭ ਤੋਂ ਵੱਡਾ ਵਾਧਾ ਹੈ। 2005-2013 ਦੇ ਮੁਕਾਬਲੇ ਇਹ 104% ਦਾ ਵਾਧਾ ਹੈ। 

ਮੋਰਾਲੇਜ ਦੀ ਅਗਵਾਈ ਵਾਲੀ ਬੋਲੀਵੀਆ ਸਰਕਾਰ ਦੀ ਗਰੀਬੀ ਘਟਾਉਣ ਦੀ ਰਣਨੀਤੀ ਵਿਚ ਮਜ਼ਬੂਤ ਭੋਜਨ ਸੁਰੱਖਿਆ ਨੀਤੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। 2009-2011 ਅਤੇ 2012-2014 ਦੌਰਾਨ ਭੁਖਮਰੀ ਵਿਚ 7.4% ਦੀ ਕਮੀ ਆਈ ਹੈ। ਤਿੰਨ ਸਾਲਾਂ ਤੋਂ ਘੱਟ ਦੇ ਬੱਚਿਆਂ ਵਿਚ ਕੁਪੋਸ਼ਣ ਦਰ ਜਿਹੜੀ 1989 ਵਿਚ 41.7% ਸੀ, 2012 ਵਿਚ ਘੱਟਕੇ 18.5%  ਰਹਿ ਗਈ ਸੀ। ਸੰਯੁਕਤ ਰਾਸ਼ਟਰ ਦੀ ਭੋਜਨ ਤੇ ਖੇਤੀ ਬਾਰੇ ਜਥੇਬੰਦੀ ਦੀ ਰਿਪੋਰਟ ਵਿਚ ਇਸ ਗੱਲ ਨੂੰ ਤਸਦੀਕ ਕੀਤਾ ਗਿਆ ਹੈ। 

ਦੇਸ਼ ਵਿਚ ਲਾਗੂ ਕੀਤਾ ਗਿਆ ਨਵਾਂ ਸੰਵਿਧਾਨ, ਦੇਸ਼ ਦੀ ਇਕ ਮਹੱਤਵਪੂਰਨ ਰਾਜਨੀਤਕ ਪ੍ਰਾਪਤੀ ਹੈ। ਇਸ ਰਾਹੀਂ ਕਈ ਲੋਕ ਪੱਖੀ ਤੇ ਦੇਸ਼ ਦੇ ਅਰਥਚਾਰੇ ਨੂੰ ਪ੍ਰਫੁਲਤ ਕਰਨ ਵਾਲੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਦੇਸੀ ਨਿਵੇਸ਼ ਨੂੰ ਵਿਦੇਸ਼ੀ ਨਿਵੇਸ਼ ਨਾਲੋਂ ਤਰਜੀਹ ਦਿੱਤੀ ਗਈ ਹੈ। ਅਰਥਚਾਰੇ ਵਿਚ ਦੇਸ਼ ਦੇ ਮੂਲ ਨਿਵਾਸੀਆਂ ਦੀ ਰਾਜਨੀਤਕ ਪੱਖੋਂ ਭਾਈਵਾਲੀ ਵਧੀ ਹੈ ਅਤੇ ਉਨ੍ਹਾਂ ਨੂੰ ਸਵੈ ਨਿਰਭਰਤਾ ਪ੍ਰਦਾਨ ਕੀਤੀ ਗਈ ਹੈ। 

ਨਵੇਂ ਸੰਵਿਧਾਨ ਰਾਹੀਂ ਬੋਲੀਵੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਕੋਆ ਪੱਤਿਆਂ ਦੀ ਪਰੰਪਰਾਗਤ ਢੰਗ ਨਾਲ ਵਰਤੋਂ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ। ਇੱਥੇ ਇਹ ਵਰਣਨਯੋਗ ਹੈ ਕਿ ਕੋਰੋਆ, ਇਕ ਅਜਿਹਾ ਪੌਦਾ ਹੈ, ਜਿਸਦੇ ਪੱਤਿਆਂ ਤੋਂ ਨਸ਼ੀਲੇ ਪਦਾਰਥ ਤਿਆਰ ਹੁੰਦੇ ਹਨ ਅਤੇ ਇਸਦੀ ਖੇਤੀ 'ਤੇ ਪਾਬੰਦੀ ਲਾਉਣ ਲਈ ਸਮੂਚੀ ਦੁਨੀਆਂ ਵਿਚ ਮੁਹਿੰਮ ਚਲ ਰਹੀ ਹੈ। ਪ੍ਰੰਤੂ ਬੋਲੀਵੀਆ ਦੇ ਮੂਲ ਨਿਵਾਸੀ ਇਸਦੀ ਵੱਡੀ ਪੱਧਰ 'ਤੇ ਖੇਤੀ ਕਰਦੇ ਹਨ। ਬੋਲੀਵੀਆ, ਇਸ ਦੀ ਦੇਸ਼ ਦੀਆਂ ਸੀਮਾਵਾਂ ਦੇ ਅੰਦਰ ਸੀਮਤ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਸੰਯੁਕਤ ਰਾਸ਼ਟਰ ਨੂੰ ਸਹਿਮਤ ਕਰਨ ਵਿਚ ਸਫਲ ਹੋ ਗਿਆ ਹੈ। ਦੂਜੇ ਪਾਸੇ ਇਸਦੇ ਉਤਪਾਦਨ ਨੂੰ ਘਟਾਉਣ ਅਤੇ ਉਸਦੀ ਥਾਂ ਬਦਲਵੀਂ ਖੇਤੀ ਕਰਨ ਲਈ ਵੀ ਵੱਡੇ ਪੱਧਰ 'ਤੇ ਸਫਲਤਾ ਹਾਸਲ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਪਿਛਲੇ ਤਿੰਨ ਸਾਲਾਂ ਵਿਚ ਬੋਲੀਵੀਆ ਵਿਚ ਇਸਦਾ ਉਤਪਾਦਨ 26% ਤੋਂ ਘੱਟਕੇ 9% ਰਹਿ ਗਿਆ ਹੈ। 

2005 ਤੋਂ ਹੀ ਮੋਰਾਲੇਜ ਸਰਕਾਰ ਦੀਆਂ ਆਰਥਕ ਨੀਤੀਆਂ ਦਾ ਮਹੱਤਵਪੂਰਣ ਪੱਖ ਸਨਅਤੀਕਰਨ ਰਿਹਾ ਹੈ। ਖਾਸ ਕਰਕੇ ਟਰਾਂਸਪੋਰਟ ਤੇ ਊਰਜਾ ਉਤਪਾਦਨ 'ਤੇ ਕੇਂਦਰਤ ਇਸ ਨੀਤੀ ਦਾ ਮੁੱਖ ਮਕਸਦ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਇਕ ਖੇਤਰੀ ਇਨਰਜੀ ਹੱਬ ਵਜੋਂ ਵਿਕਸਿਤ ਕਰਨਾ ਹੈ। 

ਦੇਸ਼ ਦੀ ਇਸ ਖੱਬੇ ਪੱਖੀ ਸਰਕਾਰ ਨੇ ਆਰਥਕ ਨੀਤੀਆਂ ਅਜਿਹੀਆਂ ਅਪਣਾਈਆਂ ਹਨ, ਜਿਸ ਨਾਲ ਵੱਡੀ ਪੱਧਰ 'ਤੇ ਸਰਕਾਰ ਦਾ ਮਾਲੀਆ ਵਧਿਆ ਹੈ, ਉਸਨੂੰ ਲੋਕ ਕਲਿਆਣ ਦੇ ਪਰੋਗਰਾਮਾਂ ਲਈ ਵਰਤਿਆ ਗਿਆ ਹੈ। ਇਸਦੇ ਨਾਲ ਹੀ ਅਰਥਚਾਰਾ ਵੀ ਮਜ਼ਬੂਤ ਹੋਇਆ ਹੈ। 2005-2013 ਦਰਮਿਆਨ ਕੁਲ ਘਰੇਲੂ ਉਤਪਾਦ ਵਧਕੇ ਤਿਗੁਣਾ ਹੋ ਗਿਆ ਹੇੈ। ਦੇਸ਼ ਦੇ ਕੌਮਾਂਤਰੀ ਰਿਜ਼ਰਵ ਵੱਧਕੇ ਕੁੱਲ ਘਰੇਲੂ ਉਤਪਾਦ ਦੇ 48% ਤੱਕ ਪੁੱਜ ਗਏ ਹਨ। 
ਬੋਲੀਵੀਆ ਚੌਗਿਰਦੇ ਦੀ ਸੁਰੱਖਿਆ ਲਈ ਦੁਨੀਆਂ ਭਰ ਵਿਚ ਚਲ ਰਹੀ ਮੁਹਿੰਮ ਵਿਚ ਵੀ ਆਗੂ ਰੋਲ ਅਦਾ ਕਰ ਰਿਹਾ ਹੈ ਤਾਂਕਿ ਦੁਨੀਆਂ ਨੂੰ ਕੁਦਰਤੀ ਆਫਤਾਂ ਤੋਂ ਬਚਾਇਆ ਜਾ ਸਕੇ। ਕੋਪੇਨਹੇਗਨ ਵਿਚ ਜਦੋਂ ਦੁਨੀਆਂ ਦੇ ਵੱਡੇ ਦੇਸ਼ਾਂ ਦਰਮਿਆਨ ਚੁਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦੀ ਹੱਦ ਮਿੱਥਣ ਬਾਰੇ ਸਮਝੌਤਾ ਨਹੀਂ ਹੋ ਸਕਿਆ ਸੀ, ਉਸ ਵੇਲੇ ਰਾਸ਼ਟਰਪਤੀ ਈਵੋ ਮੋਰਾਲੇਜ ਨੇ ਫੌਰੀ ਤੌਰ ਉਤੇ ''ਦੁਨੀਆਂ ਭਰ ਦੇ ਲੋਕਾਂ ਨੂੰ ''ਮੌਸਮ ਤਬਦੀਲੀਆਂ ਅਤੇ ਮਾਂ ਧਰਤੀ ਦੇ ਅਧਿਕਾਰ'' ਬਾਰੇ ਕਾਨਫਰੰਸ ਆਪਣੇ ਦੇਸ਼ ਬੋਲੀਵੀਆ ਵਿਚ ਕਰਨ ਦਾ ਸੱਦਾ ਦਿੱਤਾ ਸੀ ਤਾਂਕਿ ਇਸ ਮੁੱਦੇ ਨੂੰ ਦੁਨੀਆਂ ਭਰ ਦੇ ਆਮ ਲੋਕਾਂ ਦੀ ਮੁਹਿੰਮ ਵਿਚ ਤਬਦੀਲ ਕੀਤਾ ਜਾ ਸਕੇ। 
ਬੋਲੀਵੀਆ ਵਿਚ ਸਾਥੀ ਈਵੋ ਮੋਰਾਲੇਜ ਦੀ ਤੀਜੀ ਵਾਰ ਇਸ ਜਿੱਤ ਦਾ ਕਾਰਨ ਇਹ ਵੀ ਹੈ ਕਿ ਇਸ ਸਦੀ ਦੇ ਸ਼ੁਰੂ ਵਿਚ ਜਦੋਂ  ਸੋਵੀਅਤ ਰੂਸ ਵਿਚ ਸਮਾਜਵਾਦੀ ਅਰਥਚਾਰੇ ਦੇ ਢਹਿ-ਢੇਰੀ ਹੋ ਜਾਣ ਤੋਂ ਬਾਅਦ ਸਾਰੀ ਦੁਨੀਆਂ ਦੀਆਂ ਖੱਬੇ ਪੱਖੀ ਸ਼ਕਤੀਆਂ ਘੋਰ ਨਿਰਾਸ਼ਾ ਵਿਚ ਬੈਠੀਆਂ ਸਨ, ਬਲਕਿ ਕਈ ਕਮਿਊਨਿਸਟ ਪਾਰਟੀਆਂ ਨੇ ਤਾਂ ਆਪਣੇ ਨਾਂਅ ਵੀ ਬਦਲ ਲਏ ਸਨ। ਦੁਨੀਆਂ ਭਰ ਵਿਚ ਪੂੰਜੀਵਾਦ ਦਾ ਡੰਕਾ ਵੱਜ ਰਿਹਾ ਸੀ ਅਤੇ ਇਹ ਗੱਜ ਵੱਜ ਕੇ ਕਿਹਾ ਜਾ ਰਿਹਾ ਸੀ ਕਿ ਪੂੰਜੀਵਾਦ ਹੀ ਇਸ ਦੁਨੀਆਂ ਵਿਚ ਇਕੋ ਇਕ ਰਾਜਨੀਤਕ ਤੇ ਆਰਥਕ ਮਾਡਲ ਹੈ। ਸਾਮਰਾਜ ਵਲੋਂ ਆਪਣੀਆਂ ਸੰਸਾਰੀਕਰਨ ਅਧਾਰਤ ਨਵਉਦਾਰਵਾਦੀ ਨੀਤੀਆਂ ਸਾਰੀ ਦੁਨੀਆਂ ਵਿਚ ਵਿਕਾਸ ਦੇ ਆਰਥਕ ਮਾਡਲ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਸਨ। ਅਜਿਹੇ ਮੁਸ਼ਕਲ ਸਮੇਂ ਵਿਚ ਹੂਗੋ ਸ਼ਾਵੇਜ਼ ਦੀ ਅਗਵਾਈ ਵਿਚ ਪੇਸ਼ ਕੀਤੇ ਗਏ ਲੋਕ ਪੱਖੀ ਵਿਕਾਸ ਮਾਡਲ ਨੂੰ ਲਾਤੀਨੀ ਅਮਰੀਕਾ ਵਿਚ ਲਾਗੂ ਕਰਨ ਲਈ ਬੋਲੀਵੀਆ ਦੇ ਇਸ ਮੂਲ ਨਿਵਾਸੀ ਆਗੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਦੋਂ ਕਮਿਊਨਿਸਟਾਂ ਨੂੰ ਦੁਨੀਆਂ ਭਰ ਵਿਚ ਨਫਰਤ ਭਰੀਆਂ ਨਿਗਾਹਾਂ ਨਾਲ ਦੇਖਿਆ ਜਾਂਦਾ ਸੀ, ਉਸ ਵੇਲੇ ਅਮਰੀਕੀ ਹੱਥਠੋਕਿਆਂ ਨੇ ਉਨ੍ਹਾਂ ਨੂੰ ਅਤੇ ਸਾਥੀ ਸ਼ਾਵੇਜ਼ ਨੂੰ ਕਮਿਊਨਿਸਟ ਗਰਦਾਨਿਆ ਸੀ। ਸਾਥੀ ਸ਼ਾਵੇਜ਼ ਤੇ ਮੋਰਾਲੇਜ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਕਿਹਾ ਸੀ, ਜੇਕਰ ਲੋਕ ਕਲਿਆਣ ਦੀਆਂ ਨੀਤੀਆਂ ਲਾਗੂ ਕਰਨਾ ਹੀ ਕਮਿਊਨਿਸਟ ਹੋਣਾ ਹੈ ਤਾਂ ਅਸੀਂ ਕਮਿਊਨਿਸਟ ਹੀ ਸਹੀ। ਇਨ੍ਹਾਂ ਦੋਹਾਂ ਆਗੂਆਂ ਨੇ ਲਾਤੀਨੀ ਅਮਰੀਕਾ ਵਿਚ ਇਸ ਲੋਕ ਪੱਖੀ ਵਿਕਾਸ ਮਾਡਲ ਦੇ ਪ੍ਰਸਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਹੋਰ ਕਈ ਲਾਤੀਨੀ ਅਮਰੀਕੀ ਦੇਸ਼ ਉਨ੍ਹਾਂ ਦੀ ਇਸ ਮੁਹਿੰਮ ਵਿਚ ਉਨ੍ਹਾਂ ਦੇ ਸਾਥੀ ਬਣੇ। ਸਮਾਜਵਾਦੀ ਦੇਸ਼ ਕਿਊਬਾ ਅਤੇ ਉਥੋਂ ਦੇ ਕਮਿਊਨਿਸਟ ਆਗੂ ਫੀਡਲ ਕਾਸਟਰੋ ਨਾਲ ਅਜਿਹੇ ਰਿਸ਼ਤੇ ਬਣਾਏ ਕਿ ਇਨ੍ਹਾਂ ਨੇ ਕਿਊਬਾ ਦੀ ਕੁਦਰਤੀ ਵਸੀਲਿਆਂ ਰਾਹੀਂ ਔਖੀ ਘੜੀ ਵਿਚ ਮਦਦ ਕੀਤੀ ਅਤੇ ਉਸਨੇ ਆਪਣੇ ਦੇਸ਼ ਦੇ ਡਾਕਟਰ ਇਨ੍ਹਾਂ ਦੇਸ਼ਾਂ ਵਿਚ ਭੇਜਕੇ ਲੋਕ ਕਲਿਆਣ ਦੇ ਪ੍ਰੋਗਰਾਮਾਂ ਨੂੰ ਸਫਲ ਬਣਇਆ। 
ਰਾਸ਼ਟਰਪਤੀ ਈਵੋ ਮੋਰਾਲੇਜ ਨੇ ਆਪਣੀ ਜਿੱਤ ਤੋਂ ਬਾਅਦ ਰਾਸ਼ਟਰਪਤੀ ਭਵਨ ਦੀ ਗੈਲਰੀ ਵਿਚੋਂ ਵਿਸ਼ਾਲ ਜਨਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ-''ਇਹ ਜਿੱਤ ਕੌਮੀਕਰਨ ਦੀ ਜਿੱਤ ਹੈ। ਬੋਲੀਵੀਆ ਵਿਚ ਹੀ ਨਹੀਂ ਬਲਕਿ ਸਾਰੇ ਲਾਤੀਨੀ ਅਮਰੀਕਾ  ਵਿਚ ਇਸ ਜਿੱਤ ਨੇ ਆਜ਼ਾਦੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਇਹ ਸਾਮਰਾਜਵਾਦ ਦੇ ਵਿਰੋਧ ਦੀ ਜਿੱਤ ਹੈ।'' ਉਨ੍ਹਾ ਦੇ ਇਹ ਕਹਿਣ 'ਤੇ ਵਿਸ਼ਾਲ ਜਨਸਮੂਹ ਨੇ, ''ਹੋਮਲੈਂਡ ਯੈਸ, ਕੋਲੋਨੀਏਲਿਜ਼ਮ ਨੋ!'' (ਸਾਡਾ ਦੇਸ਼ ਜ਼ਿੰਦਾਬਾਦ, ਬਸਤੀਵਾਦ ਮੁਰਦਾਬਾਦ) ਦੇ ਨਾਅਰਿਆਂ ਨਾਲ ਇਸਦਾ ਜ਼ੋਰਦਾਰ ਜਵਾਬ ਦਿੱਤਾ। ਉਨ੍ਹਾਂ ਅੱਗੇ ਕਿਹਾ-''ਅਸੀਂ ਇਕੱਲੇ ਨਹੀਂ ਹਾਂ। ਆਪਣੀ ਇਸ ਜਿੱਤ ਨੂੰ ਅਸੀਂ ਮਹਾਨ ਆਗੂ ਫੀਡਲ ਕਾਸਟਰੋ ਅਤੇ ਮਰਹੂਮ ਆਗੂ ਹੂਗੋ ਸ਼ਾਵੇਜ਼ ਨੂੰ ਸਮਰਪਿਤ ਕਰਦੇ ਹਾਂ।''
ਬੋਲੀਵੀਆ ਵਿਚ ਸਾਥੀ ਈਵੇ ਮੋਰਾਲੇਜ ਦੀ ਇਸ ਜਿੱਤ ਨਾਲ ਪੂਰੀ ਦੁਨੀਆਂ ਸਾਹਮਣੇ ਸਾਮਰਾਜੀ ਸੰਸਾਰੀਕਰਨ ਦੇ ਵਿਰੋਧ ਵਿਚ ਜਿਹੜਾ ਲੋਕ ਪੱਖੀ ਵਿਕਾਸ ਮਾਡਲ ਪੇਸ਼ ਕੀਤਾ ਗਿਆ ਹੈ, ਉਹ ਤਾਂ ਮਜ਼ਬੂਤ ਹੋਇਆ ਹੀ ਹੈ। ਉਨ੍ਹਾਂ ਵਲੋਂ ਵਿਕਸਿਤ ਰਾਜਨੀਤਕ ਮਾਡਲ ਵਿਚ ਵਿਰੋਧੀਆਂ ਦੇ ਹਰ ਹਮਲੇ ਦਾ ਜਮਹੂਰੀ ਢੰਗ ਨਾਲ ਲੋਕਾਂ ਕੋਲ ਜਾ ਕੇ ਲੋਕ ਫਤਵਾ ਲੈਂਦਿਆਂ ਹੋਇਆਂ ਜਵਾਬ ਦੇਣਾ ਇਕ ਵਿਲੱਖਣ ਪੱਖ ਹੈ। ਜਿਸ ਨਾਲ ਉਹ ਸਾਮਰਾਜ ਤੇ ਉਸਦੇ ਹੱਥਠੋਕਿਆਂ ਦੇ ਹਰ ਹਮਲੇ ਦਾ ਟਾਕਰਾ ਕਰਨ ਵਿਚ ਸਫਲ ਰਹੇ ਹਨ। ਦੁਨੀਆਂ ਭਰ ਵਿਚ ਲੋਕ ਪੱਖੀ ਹੀਕੀਕੀ, ਜਮਹੂਰੀਅਤ ਲਈ ਸੰਘਰਸ਼ ਕਰ ਰਹੀਆਂ ਸ਼ਕਤੀਆਂ ਨੂੰ ਇਸ ਜਿੱਤ ਨੇ ਬੱਲ ਤੇ ਹੌਂਸਲਾ ਪ੍ਰਦਾਨ ਕੀਤਾ ਹੈ। 

No comments:

Post a Comment