Monday 3 November 2014

ਅੰਗਰੇਜ ਹਕੂਮਤ ਦੇ ਵਹਿਸ਼ੀਪੁਣੇ ਦੀ ਕਹਾਣੀ ਅਜਨਾਲੇ ਦਾ ਸ਼ਹੀਦਾਂ ਵਾਲਾ ਖੂਹ

ਸਰਬਜੀਤ ਸਿੰਘ ਹੈਰੀ

1 ਅਗਸਤ 1857 ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਇਹੋ ਜਿਹਾ ਪੰਨਾ ਜੁੜਿਆ ਜੋ ਅੰਗਰੇਜ ਹਕੂਮਤ ਦੇ ਰਾਜ ਦੀ ਕਬਰ ਦਾ ਪਹਿਲਾ ਕਿੱਲ ਸਾਬਿਤ ਹੋਇਆ। ਮੰਗਲ ਪਾਂਡੇ ਨੇ ਮੇਰਠ ਵਿੱਚ ਈਸਟ ਇੰਡੀਆ ਕੰਪਨੀ ਵਿਰੁੱਧ ਵਿਦਰੋਹ ਦੀ ਚੰਗੀਆੜੀ ਨੂੰ ਜੋ ਹਵਾ ਦਿੱਤੀ ਸੀ ਉਹ ਪੂਰੇ ਭਾਰਤ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਕਰ ਯੋਗ ਗੱਲ ਇਹ ਹੈ ਕਿ ਇਹੀ ਵਿਦਰੋਹ ਅੱਗੇ ਚੱਲ ਕੇ ਭਾਰਤ ਦੀ ਆਜਾਦੀ ਦਾ ਮੂਲ ਸੂਤਰਧਾਰ ਬਣਿਆ। ਈਸਟ ਇੰਡੀਆ ਕੰਪਨੀ ਨੇ ਵਿਦਰੋਹ ਨੂੰ ਦਬਾਉਣ ਲਈ ਪੂਰੇ ਭਾਰਤ ਵਿੱਚ ਆਪਣੀਆਂ ਛਾਉਣੀਆਂ ਵਿੱਚ ਭਾਰਤੀ ਫੌਜੀਆਂ ਤੋਂ ਉਹਨਾਂ ਦੇ ਹਥਿਆਰ ਖੋਹ ਕੇ ਉਹਨਾਂ ਫੌਜੀਆਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ। ਸਿਰਫ ਤੇ ਸਿਰਫ ਉਹਨਾਂ ਨੂੰ ਸਵੇਰੇ ਅਤੇ ਰਾਤ ਦੇ ਖਾਣੇ ਲਈ ਹੀ ਬੈਰਕਾਂ ਵਿੱਚੋਂ ਬਾਹਰ ਕੱਢਿਆ ਜਾਂਦਾ ਸੀ। ਲਾਹੌਰ ਦੀ ਮੀਆਂ ਮੀਰ ਛਾਉਣੀ (ਜੋ ਹੁਣ ਪਾਕਿਸਤਾਨ ਵਿੱਚ ਹੈ) ਦੇ ਫੌਜੀਆਂ ਨਾਲ ਵੀ ਇਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਸੀ। ਇਸ ਮੀਆਂ ਮੀਰ ਛਾਉਣੀ ਵਿੱਚ ਕਰੀਬ 3 ਹਜਾਰ ਭਾਰਤੀ ਫੌਜੀਆਂ ਨੂੰ ਬੰਧਕ ਬਣਾਇਆ ਹੋਇਆ ਸੀ। 30 ਜੁਲਾਈ 1857 ਨੂੰ ਸਵੇਰੇ ਪ੍ਰਕਾਸ਼ ਪਾਂਡੇ ਵੱਲੋਂ ਇੱਕ ਅੰਗਰੇਜ ਅਫਸਰ ਦੀ ਉਸਦੀ ਕਿਰਪਾਨ ਹੀ ਉਸ ਕੋਲੋਂ ਖੋਹ ਕੇ ਉਸ ਦਾ ਸਿਰ ਕਲਮ ਕਰ ਦਿੱਤਾ ਅਤੇ ਨਾਲ ਹੀ ਉਸਦੇ ਦੋ ਸਹਾਇਕ ਅੰਗਰੇਜ ਅਫਸਰਾਂ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਮੀਆਂ ਮੀਰ ਛਾਉਣੀ ਵਿੱਚ ਬਗਾਵਤ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਨਾਲ 26 ਬੰਗਾਲ ਇਨਫੈਂਟਰੀ ਰੈਜੀਮੈਂਟ ਦੇ 500 ਭਾਰਤੀ ਫੌਜੀਆਂ ਨੂੰ ਬਿਨ੍ਹਾਂ ਹਥਿਆਰਾਂ ਦੇ ਉਥੋਂ ਨਾਲ ਲੈ ਕੇ ਪੈਦਲ ਹੀ ਨਿਕਲ ਤੁਰਿਆ। 
31 ਜੁਲਾਈ 1857 ਨੂੰ ਉਹ ਸਾਰੇ ਫੌਜੀ ਪਿੰਡ ਡੱਡੀਆਂ ਦੇ ਬਾਹਰਵਾਰ ਪਹੁੰਚੇ। ਉਹਨਾਂ ਅੱਗੇ ਇੱਕ ਬਹੁਤ ਵੱਡੀ ਮੁਸ਼ਕਲ ਆਣ ਖਲੌਤੀ ਸੀ। ਉਹ ਪਿੰਡ ਰਾਵੀ ਦਰਿਆ ਦੇ ਕੰਡੇ 'ਤੇ ਵੱਸਿਆ ਸੀ। ਇੱਧਰ ਪਿੰਡ ਦਾ ਚੌਂਕੀਦਾਰ ਸੁਲਤਾਨ ਖਾਂ ਇੰਨੀ ਵੱਡੀ ਗਿਣਤੀ ਵਿੱਚ ਫੌਜੀਆਂ ਨੂੰ ਵੇਖ ਕੇ ਉਨ੍ਹਾਂ ਕੋਲ ਪਹੁੰਚਿਆ। ਫੌਜੀਆਂ ਨੇ ਚੌਂਕੀਦਾਰ ਕੋਲੋਂ ਪੈਦਲ ਰਾਵੀ ਪਾਰ ਕਰਨ ਦਾ ਰਸਤਾ ਪੁੱਛਿਆ ਅਤੇ ਆਪਣੀ ਹੱਡਬੀਤੀ ਚੌਂਕੀਦਾਰ ਨੂੰ ਸੁਣਾਈ। ਉਹਨਾਂ ਦੀ ਹੱਡਬੀਤੀ ਸੁਣ ਕੇ ਚੌਂਕੀਦਾਰ ਦੇ ਮਨ ਵਿੱਚ ਲਾਲਚ ਆ ਗਿਆ ਕਿ ਮੈਂ ਇਹਨਾਂ ਨੂੰ ਅੰਗਰੇਜ ਹਕੂਮਤ ਦੇ ਹਵਾਲੇ ਕਰਕੇ ਆਪਣੀ ਵਫਾਦਾਰੀ ਦਾ ਸਬੂਤ ਦੇਵਾਂਗਾ ਅਤੇ ਉਹਨਾਂ ਕੋਲੋਂ ਭਾਰੀ ਨਕਦ ਇਨਾਮ ਲਵਾਂਗਾ। ਇਸ ਦੇ ਤਹਿਤ ਚੌਂਕੀਦਾਰ ਸੁਲਤਾਨ ਖਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਪੁੱਤਰਾਂ ਵਰਗੇ ਹੋ ਅਤੇ ਤੁਸੀਂ ਇਸ ਸਮੇਂ ਭੁੱਖੇ ਵੀ ਹੋ ਤੁਸੀਂ ਘਬਰਾਓ ਨਾ ਮੈਂ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕਰਦਾ ਹਾਂ ਪਰ ਤੁਸੀਂ ਇਸੇ ਜਗ੍ਹਾ ਤੇ ਹੀ ਰਹਿਣਾ। ਬਗਾਵਤੀ ਫੌਜੀ ਉਸਦੀਆਂ ਗੱਲਾਂ ਵਿੱਚ ਆ ਗਏ। ਚੌਂਕੀਦਾਰ ਸੁਲਤਾਨ ਖਾਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਹ ਖਬਰ ਤਹਿਸੀਲ ਸੌੜੀਆਂ, ਪਿੰਡ ਨਿੱਜਰਾਂ ਵਾਲਾ (ਜਿਸ ਨੂੰ ਹੁਣ ਅਜਨਾਲਾ ਕਿਹਾ ਜਾਂਦਾ ਹੈ) ਦੇ ਤਹਿਸੀਲਦਾਰ ਪ੍ਰਾਨ ਨਾਥ ਨੂੰ ਦੇ ਦਿੱਤੀ ਅਤੇ ਇਸ ਇਤਲਾਹ ਦੇ ਬਦਲੇ ਵਿੱਚ ਨਕਦ ਇਨਾਮ ਪ੍ਰਾਪਤ ਕਰ ਲਿਆ। ਤਹਿਸੀਲਦਾਰ ਨੇ ਇਹ ਖਬਰ ਫੌਰੀ ਤੌਰ ਤੇ ਅੰਮ੍ਰਿਤਸਰ ਦੇ ਡੀ.ਸੀ. ਐਫ.ਐਚ ਕੂਪਰ ਨੂੰ ਭੇਜ ਦਿੱਤੀ ਅਤੇ ਤਹਿਸੀਲਦਾਰ ਨੇ ਖੁਦ ਆਪਣੇ ਸਿਪਾਹੀਆਂ ਦਾ ਲਸ਼ਕਰ ਨਾਲ ਲੈ ਕੇ ਰਾਵੀ ਦੇ ਕੰਢੇ 'ਤੇ ਬੈਠੇ ਭਾਰਤੀ ਬਗਾਵਤੀ ਫੌਜੀਆਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 218 ਫੌਜੀਆਂ ਨੂੰ ਮਾਰ ਕੇ ਰਾਵੀ ਵਿੱਚ ਸੁੱਟ ਦਿੱਤਾ ਅਤੇ ਬਾਕੀ 282 ਫੌਜੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਨਿੱਜਰਾਂ ਵਾਲੇ (ਅਜਨਾਲਾ) ਵੱਲ ਲਿਆਉਣ ਲਈ ਤੁਰ ਪਏ। ਰਸਤੇ ਵਿੱਚ ਹੀ ਬਹੁਤ ਤੇਜ ਬਾਰਿਸ਼ ਸ਼ੁਰੂ ਹੋ ਗਈ। 
31 ਜੁਲਾਈ 1857 ਨੂੰ ਤਹਿਸੀਲਦਾਰ ਉਹਨਾਂ ਫੌਜੀਆਂ ਨੂੰ ਲੈ ਕੇ ਨਿੱਜਰਾਂ ਵਾਲੇ (ਅਜਨਾਲਾ) ਦੇ ਥਾਣੇ ਵਿੱਚ ਪਹੁੰਚਿਆ ਉਸ ਸਮੇਂ ਹਨੇਰਾ ਹੋ ਚੁੱਕਾ ਸੀ ਅਤੇ ਕੂਪਰ ਵੀ ਉਸ ਥਾਣੇ ਵਿੱਚ ਮੌਜੂਦ ਸੀ। ਥਾਣੇ ਵਿੱਚ ਜਗ੍ਹਾ ਘੱਟ ਹੋਣ ਕਰਕੇ ਕੂਪਰ ਸਿਰਫ 237 ਫੌਜੀਆਂ ਨੂੰ ਹੀ ਉਸ ਥਾਣੇ ਵਿੱਚ ਰੱਖ ਸਕਿਆ। ਬਾਕੀ 45 ਫੌਜੀਆਂ ਨੂੰ ਥਾਣੇ ਦੇ ਸਾਹਮਣੇ ਤਹਿਸੀਲ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਦਿੱਤਾ। 
ਕੂਪਰ ਨੇ ਤਹਿਸੀਲਦਾਰ ਨੂੰ ਮਜਬੂਤ ਰੱਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਪਰ ਸਵੇਰੇ ਕੂਪਰ ਨੂੰ ਉਸ ਜਗ੍ਹਾ ਐਸਾ ਕੋਈ ਰੁੱਖ ਨਜ਼ਰ ਨਹੀਂ ਆਇਆ ਜਿਸ ਨਾਲ ਉਹ ਸਾਰੇ ਬਗਾਵਤੀ ਭਾਰਤੀ ਫੌਜੀਆਂ ਨੂੰ ਫਾਂਸੀ ਤੇ ਲਟਕਾ ਸਕੇ ਦੂਜਾ ਕਾਰਨ ਬਾਰਿਸ਼ ਵੀ ਬਹੁਤ ਹੋ ਰਹੀ ਸੀ। ਕੂਪਰ ਨੇ ਉਹਨਾਂ ਨੂੰ ਗੋਲੀ ਮਾਰਨ ਦਾ ਫੈਸਲਾ ਲਿਆ ਅਤੇ 10-10 ਦੀ ਗਿਣਤੀ ਨਾਲ ਬਗਾਵਤੀ ਫੌਜੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੀ ਨੀਂਦ ਸੁਆ ਦਿੱਤਾ। ਕੂਪਰ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਨੂੰ ਦੇਖ ਕੇ ਸੋਚ ਵਿੱਚ ਪੈ ਗਿਆ ਕਿ ਇੰਨੀ ਤੇਜ ਬਾਰਿਸ਼ ਵਿੱਚ ਇੰਨੀਆਂ ਲਾਸ਼ਾਂ ਨੂੰ ਟਿਕਾਣੇ ਕਿਵੇਂ ਲਗਾਵਾਂ, ਅਜੇ ਤਾਂ 45 ਫੌਜੀ ਹੋਰ ਜਿੰਦਾ ਹਨ। ਉਸ ਨੇ ਥਾਣੇ ਦੇ ਬਾਹਰ ਆ ਕੇ ਚਾਰੇ ਪਾਸੇ ਨਜਰ ਮਾਰੀ ਤਾਂ ਉਸ ਨੇ ਇੱਕ ਵੀਰਾਨ ਖੂਹ ਵੇਖਿਆ। ਕੂਪਰ ਨੇ ਜਮਾਂਦਾਰਾਂ ਨੂੰ ਹੁਕਮ ਦਿੱਤਾ ਕਿ ਸਾਰੀਆਂ ਲਾਸ਼ਾਂ ਨੂੰ ਘੜੀਸ ਕੇ ਉਸ ਖੂਹ ਵਿੱਚ ਸੁੱਟ ਦਿੱਤਾ ਜਾਵੇ ਅਤੇ ਮੈਨੂੰ ਦੱਸਿਆ ਜਾਵੇ ਕਿ ਖੂਹ ਪੂਰਾ ਭਰਿਆ ਜਾਂ ਨਹੀਂ। ਜਮਾਂਦਾਰਾਂ ਨੇ ਸਾਰੀਆਂ ਲਾਸ਼ਾਂ ਉਸ ਖੂਹ ਵਿੱਚ ਸੁੱਟ ਦਿੱਤੀਆਂ ਅਤੇ ਆ ਕੇ ਕੂਪਰ ਨੂੰ ਦੱਸਿਆ ਕਿ ਖੂਹ ਅਜੇ ਕਾਫੀ ਖਾਲੀ ਹੈ। ਉਸ ਨੇ ਤਹਿਸੀਲਦਾਰ ਨੂੰ ਹੁਕਮ ਦਿੱਤਾ ਕਿ ਬਾਕੀ ਬਚੇ ਫੌਜੀਆਂ ਨੂੰ ਉਸ ਕਮਰੇ ਵਿੱਚੋਂ ਕੱਢ ਕੇ ਲਿਆਓ ਅਤੇ ਉਹਨਾਂ ਨੂੰ ਵੀ ਗੋਲੀ ਮਾਰਨ ਦੀ ਤਿਆਰੀ ਕਰੋ। ਪਰ ਤਹਿਸੀਲਦਾਰ ਪ੍ਰਾਨ ਨਾਥ ਨੇ ਉਸ ਕਮਰੇ ਨੂੰ ਖੋਲ੍ਹਿਆ ਤਾਂ ਕੁਝ ਫੌਜੀ ਸਾਹ ਘੁੱਟਣ ਕਾਰਨ ਮਰ ਚੁੱਕੇ ਸਨ ਤੇ ਬਾਕੀ ਫੌਜੀ ਸਹਿਕ ਰਹੇ ਸਨ। ਫਿਰ ਕੂਪਰ ਨੇ ਹੁਕਮ ਦਿੱਤਾ ਕਿ ਇਹਨਾਂ 45 ਫੌਜੀਆਂ ਨੂੰ ਇਸੇ ਹਾਲਤ ਵਿੱਚ (ਜਿੰਦਾ ਹੀ) ਖੂਹ ਵਿੱਚ ਦਫਨ ਕਰ ਦਿੱਤਾ ਜਾਵੇ ਅਤੇ ਖੂਹ ਦੇ ਕੰਢੇ ਤੋੜ ਕੇ ਖੂਹ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਜਮਾਂਦਾਰਾਂ ਨੇ ਇਸੇ ਤਰ੍ਹਾਂ ਹੀ ਕੀਤਾ ਕਿ ਖੂਹ ਨੂੰ ਜਮੀਨ ਤੋਂ ਖਤਮ ਕਰਕੇ ਉਸ ਨੂੰ ਟਿੱਲੇ ਦੀ ਸ਼ਕਲ ਦੇ ਦਿੱਤੀ। ਇਸ ਸਾਰੀ ਘਟਨਾ ਦੀ ਪੁਸ਼ਤੀ ਕੂਪਰ ਆਪਣੀ ਲਿਖੀ ਕਿਤਾਬ (ਦੀ ਕਰਾਇਸ ਇੰਨ ਪੰਜਾਬ) ਵਿੱਚ ਬੜੇ ਹੀ ਮਾਨ ਨਾਲ ਦਰਜ ਕਰਦਾ ਹੈ ਕਿ ਮੈਂ ਈਸਟ ਇੰਡੀਆ ਕੰਪਨੀ ਦੇ ਗੱਦਾਰ ਭਾਰਤੀ ਫੌਜੀਆਂ ਨੂੰ ਬੜੀ ਹੀ ਨਿਰਦਇਤਾ ਨਾਲ ਮਾਰਿਆ।
 ਪਰ ਇਹ ਸਾਡੇ ਲਈ ਬੜੀ ਮੰਦਭਾਗੀ ਗੱਲ ਹੈ ਕਿ ਇਸ ਕਤਲੇਆਮ ਦੇ 157 ਸਾਲ ਬਾਅਦ ਕਿਸੇ ਵੀ ਰਾਜ ਕਰ ਰਹੀ ਸਰਕਾਰ ਦਾ ਧਿਆਨ ਇਸ ਖੂਹ ਵੱਲ ਨਹੀਂ ਗਿਆ। ਪਰ 1947 ਵਿਚ ਦੇਸ਼ ਆਜਾਦ ਹੋਣ ਤੋਂ ਮਗਰੋਂ 1957 ਵਿੱਚ ਕਾਮਰੇਡ ਦਲੀਪ ਸਿੰਘ ਟਪਿਆਲਾ ਜੀ ਨੇ ਇਸ ਅਸਥਾਨ ਤੇ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ ਮਨਾਈ ਅਤੇ ਨਾਲ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਮਿਨਾਰ ਸਥਾਪਿਤ ਕੀਤਾ (ਇਸ ਮਿਨਾਰ ਸਥਾਪਨਾ ਦੀ ਇਕ ਦੁਰਲਭ ਤਸਵੀਰ ਅੱਜ ਵੀ ਮੌਜੂਦ ਹੈ)। ਪਰ ਬਾਅਦ ਵਿੱਚ ਇਹ ਸਾਰਾ ਕੁਝ ਅਣਗੋਲਿਆਂ ਹੀ ਰਿਹਾ। ਫਿਰ 1972 ਵਿੱਚ ਗ੍ਰੰਥੀ ਹਰਬੰਸ ਸਿੰਘ ਨੇ ਉਸ ਯਾਦਗਾਰ ਦੇ ਦੁਆਲੇ ਇੱਕ ਛੋਟਾ ਜਿਹਾ ਕਮਰਾ ਉਸਾਰ ਕੇ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਅਤੇ 1999 ਵਿੱਚ ਅਮਰਜੀਤ ਸਿੰਘ ਸਰਕਾਰੀਆ ਅਤੇ ਅਜਨਾਲੇ ਦੇ ਲੋਕਾਂ ਨਾਲ ਮਿਲ ਕੇ ਉਸ ਕਮਰੇ ਦਾ ਦੁਬਾਰਾ ਨਿਰਮਾਣ ਕਰਕੇ ਵੱਡਾ ਕੀਤਾ। 2007 ਵਿੱਚ ਸਥਾਨਕ ਲੋਕਾਂ ਨੇ 1857 ਦੇ ਸ਼ਹੀਦ ਫੌਜੀਆਂ ਦੀ 150ਵੀਂ ਵਰ੍ਹੇਗੰਢ ਮਨਾਈ ਅਤੇ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਵਾਲਾ ਖੂਹ ਦੀ 11 ਮੈਂਬਰੀ ਕਮੇਟੀ ਹੋਂਦ ਵਿੱਚ ਲਿਆਂਦੀ ਤੇ ਇਸ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ, ਜਨਰਲ ਸਕੱਤਰ ਕਾਬਲ ਸਿੰਘ ਸ਼ਾਹਪੁਰ ਅਤੇ ਖਜਾਨਚੀ ਹਰਭਜਨ ਸਿੰਘ ਨੇਪਾਲ ਨੂੰ ਚੁਣਿਆ। ਸਾਰੀ ਕਮੇਟੀ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਪਹਿਲਾਂ ਖੂਹ ਨੂੰ ਲੱਭਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਖੂਹ ਨੂੰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਦੀ ਅਣਥਕ ਮਿਹਨਤ ਸਦਕਾ 4 ਦਸੰਬਰ 2012 ਨੂੰ ਜਮੀਨ ਤੋਂ 10 ਫੁੱਟ ਥੱਲੇ ਖੂਹ ਦਾ ਬੰਨਾ ਮਿਲ ਗਿਆ। ਇਹ ਖੂਹ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੇ ਐਨ ਥੱਲੇ ਸੀ। ਗੁਰਦੁਆਰਾ ਸ਼ਹੀਦਗੰਜ ਸ਼ਹੀਦਾਂ ਵਾਲਾ ਖੂਹ ਦੀ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਨੂੰ ਮੁੱਖ ਰੱਖਦੇ ਹੋਏ ਗੁਰਦਆਰਾ ਸਾਹਿਬ ਜੀ ਦੀ ਇਮਾਰਤ ਉਸ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਤਬਦੀਲ ਕਰਨ ਲਈ ਫੌਰੀ ਤੌਰ ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਇਹ ਇਮਾਰਤ ਇਕ ਸਾਲ ਦੇ ਅੰਦਰ-ਅੰਦਰ ਤਿਆਰ ਕਰ ਲਈ। ਇਸ ਇਮਾਰਤ ਤੇ ਜਿੰਨਾਂ ਵੀ ਖਰਚਾ ਹੋਇਆ ਉਹ ਸਾਰਾ ਵੀ ਕਮੇਟੀ ਮੈਂਬਰਾਂ ਨੇ ਆਪਣੇ ਕੋਲੋਂ ਹੀ ਕੀਤਾ।
2 ਫਰਵਰੀ 2014 ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਮੀਟਿੰਗ ਅਜਨਾਲੇ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਨੌਜਵਾਨ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਸ਼ਾਮਿਲ ਹੋਏ। ਮੀਟਿੰਗ ਸ਼ਾਮ ਨੂੰ ਖਤਮ ਹੋਈ ਅਤੇ ਮੈਂ ਉਨ੍ਹਾਂ ਨੂੰ ਸ਼ਹੀਦਾਂ ਵਾਲੇ ਖੂਹ ਤੇ ਜਾਣ ਲਈ ਕਿਹਾ। ਪ੍ਰਧਾਨ ਸਾਹਿਬ ਸਹਿਮਤ ਹੋ ਗਏ। ਇਸ ਮੌਕੇ ਸਾਡੇ ਨਾਲ ਕੁਲਵੰਤ ਸਿੰਘ ਮੱਲੂ ਨੰਗਲ ਅਤੇ ਸੁਰਜੀਤ ਸਿੰਘ ਦੁਧਰਾਏ ਵੀ ਆ ਗਏ। ਅਸੀਂ ਖੂਹ ਤੇ ਪਹੁੰਚੇ ਅਤੇ ਖੂਹ ਤੇ ਸਾਡਾ ਬਹੁਤ ਨਿੱਘਾ ਸਵਾਗਤ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਅਤੇ ਜਨਰਲ ਸਕੱਤਰ ਕਾਬਲ ਸਿੰਘ ਸ਼ਾਹਪੁਰ ਨੇ ਕੀਤਾ। ਅਸੀਂ ਸਾਰੇ ਕਰੀਬ 1 ਘੰਟਾ ਉਸ ਖੂਹ ਤੇ ਰਹੇ। ਉਹਨਾਂ ਸਾਨੂੰ ਇਸ ਖੂਹ ਬਾਰੇ ਸਾਰੀ ਜਾਣਕਾਰੀ ਦਿੱਤੀ। ਖੂਹ ਦੀ 2 ਫੁੱਟ ਦੀ ਬੰਨ੍ਹੀ ਵੀ ਸਾਨੂੰ ਦਿਖਾਈ। ਜੋ ਜਮੀਨ ਦੇ ਕਾਫੀ ਥੱਲੇ ਸੀ। ਅਮਰਜੀਤ ਸਿੰਘ ਸਰਕਾਰੀਆ ਜੀ ਨੇ ਸਾਨੂੰ 28 ਫਰਵਰੀ 2014 ਨੂੰ ਹੋਣ ਵਾਲੀ ਇਸ ਖੂਹ ਦੀ ਖੁਦਾਈ ਬਾਰੇ ਦੱਸਿਆ ਅਤੇ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਅਸੀਂ ਉਸ ਖੂਹ ਤੋਂ ਵਾਪਸ ਆ ਗਏ। ਉਨ੍ਹਾਂ ਦੇ ਸੱਦੇ ਦੇ ਤਹਿਤ ਮੈਂ 28 ਫਰਵਰੀ ਨੂੰ ਸਵੇਰੇ 10 ਵਜੇ 25 ਨੌਜਵਾਨਾਂ ਦਾ ਇਕ ਜਥਾ ਲੈ ਕੇ ਉਸ ਖੂਹ 'ਤੇ ਪਹੁੰਚ ਗਿਆ। ਸਾਡੇ ਜਾਂਦਿਆਂ ਨੂੰ ਚੋਹਾਂ ਧਰਮਾਂ ਦੇ ਪੈਰੋਕਾਰ ਉਸ ਖੂਹ ਵਿਚ ਪਾਠ ਪੂਜਾ ਕਰ ਰਹੇ ਸਨ। ਮੇਰੇ ਮਨ ਵਿਚ ਇਕ ਤਾਂਘ ਸੀ ਕਿ ਮੈਂ ਜਿਨ੍ਹਾਂ ਸ਼ਹੀਦਾਂ ਦੀਆਂ ਗੱਲਾਂ ਸੁਣਿਆਂ ਕਰਦਾ ਸੀ ਉਨ੍ਹਾਂ ਨੂੰ ਮੈਂ ਜਰੂਰ ਦੇਖਣਾ ਹੈ। ਮੈਂ ਖੂਹ ਤੇ ਆਏ ਲੋਕਾਂ ਦੀ ਭੀੜ ਵਿਚ ਇਕ ਸਾਈਡ ਤੇ ਬੈਠ ਗਿਆ। ਖੁਦਾਈ ਸ਼ੁਰੂ ਹੋ ਗਈ ਸੀ। ਦੁਪਹਿਰ ਸਾਡੇ 12 ਵਜੇ ਇਸ ਖੂਹ ਵਿਚੋਂ 8 ਫੁੱਟ ਮਿੱਟੀ ਕੱਢ ਲਈ ਗਈ ਸੀ। ਪਰ ਹੁਣ ਅਚਾਨਕ ਖੂਹ ਅੰਦਰੋਂ ਬੋਲੇ ਸੋ ਨਿਹਾਲ ਦੇ ਨਾਹਰਿਆਂ ਦੀ ਆਵਾਜ ਗੂੰਜ ਉਠੀ ਅਤੇ ਖੂਹ ਵਿਚੋਂ ਇਕ ਬਾਲਟੇ ਵਿਚ ਚਾਰ ਪੰਜ ਛੋਟੀਆਂ ਛੋਟੀਆਂ ਹੱਡੀਆਂ ਬਾਹਰ ਕੱਢੀਆਂ ਗਈਆਂ ਅਤੇ ਆਏ ਹੋਏ ਲੋਕਾਂ ਨੂੰ ਦਿਖਾਈਆਂ ਗਈਆਂ। ਅਸੀਂ ਇਨਕਲਾਬ ਜਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਸਾਰਾ ਮਹੌਲ ਗਮਗੀਨ ਹੋ ਗਿਆ। ਉਸ ਸਮੇਂ ਸਾਰਿਆਂ ਦੀਆਂ ਅੱਖਾਂ ਨਮ ਸਨ ਅਤੇ ਮੈਂ ਵੀ ਆਪਣੇ ਜਜਬਾਤਾਂ ਨੂੰ ਸੰਭਾਲ ਨਾ ਸਕਿਆ। ਥੋੜੀ ਹੋਰ ਖੁਦਾਈ ਕਰਨ ਮਗਰੋਂ ਹੁਣ ਹੋਰ ਜਿਆਦਾ ਅਸਥੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਹੁਣ ਮੇਰਾ ਦਿਲ ਖੂਹ ਦੇ ਅੰਦਰ ਜਾਣ ਲਈ ਉਤਾਵਲਾ ਹੋਣ ਲੱਗਾ ਪਰ ਖੂਹ ਦੀ ਖੁਦਾਈ ਦਾ ਕੰਮ ਸਿਰਫ ਖੂਹ ਦੀ ਪ੍ਰਬੰਧਕ ਕਮੇਟੀ ਕੋਲ ਸੀ। ਹੋਰ ਕੋਈ ਵੀ ਇਸ ਖੂਹ ਅੰਦਰ ਨਹੀਂ ਜਾ ਸਕਦਾ ਸੀ। ਜੋ ਮਿੱਟੀ ਖੂਹ ਵਿਚੋਂ ਨਿਕਲ ਰਹੀ ਸੀ ਉਹ ਗੁਰਦੁਆਰੇ ਦੇ ਦਰਸ਼ਨ ਕਰਨ ਆਈ ਸੰਗਤ ਬਾਲਟਿਆਂ ਵਿਚ ਲਿਜਾ ਕੇ ਬਾਹਰ ਸੁੱਟ ਰਹੀ ਸੀ। ਇੰਨੇ ਨੂੰ ਅਜਨਾਲਾ ਦਾ ਐਸ.ਡੀ.ਐਮ. ਉਸ ਖੂਹ 'ਤੇ ਆਇਆ ਤੇ ਕਹਿਣ ਲੱਗਾ ਕਿ ਇਸ ਖੂਹ ਦੀ ਖੁਦਾਈ ਰੋਕ ਦਿਉ। ਇਹ ਖੁਦਾਈ ਕਰਨ ਦੀ ਆਗਿਆ ਤੁਹਾਡੇ ਕੋਲ ਨਹੀਂ ਹੈ। ਪਰ ਆਏ ਹੋਏ ਲੋਕਾਂ ਨੇ ਉਸ ਐਸ.ਡੀ.ਐਮ. ਨੂੰ ਉਸ ਖੂਹ ਤੋਂ ਭਜਾ ਦਿੱਤਾ ਤੇ ਉਹ ਖੁਦਾਈ ਨੂੰ ਇਕ ਮਿੰਟ ਵੀ ਨਾ ਰੋਕ ਸਕਿਆ। 2 ਵਜੇ ਦੇ ਕਰੀਬ ਖੂਹ ਵਿਚੋਂ ਪਹਿਲੀ ਖੋਪੜੀ ਨਿਕਲੀ ਅਤੇ ਮਾਹੌਲ ਫਿਰ ਇਨਕਲਾਬੀ ਨਾਹਰਿਆਂ ਨਾਲ ਗੂੰਜ ਉਠਿਆ। ਇੰਨੇ ਨੂੰ ਖੂਹ ਦੀ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਨੇ ਮੈਨੂੰ ਵੇਖ ਲਿਆ ਅਤੇ ਮੈਨੂੰ ਖੂਹ ਵਿਚ ਆਉਣ ਲਈ ਕਿਹਾ। ਬਸ ਫਿਰ ਕੀ ਸੀ ਮੈਂ ਦੌੜ ਕੇ ਖੂਹ ਦੇ ਅੰਦਰ ਗਿਆ। ਅਤੇ ਖੂਹ ਦੀ ਪ੍ਰਬੰਧਕ ਕਮੇਟੀ ਨੇ ਮੇਰੀ ਡਿਊਟੀ ਖੂਹ ਵਿਚੋਂ ਨਿਕਲ ਰਹੀਆਂ ਅਸਥੀਆਂ ਨੂੰ ਸੰਭਾਲਣ ਲਈ ਲਗਾ ਦਿੱਤੀ। ਸ਼ਾਮ ਤੱਕ ਖੂਹ ਵਿਚੋਂ ਕਾਫੀ ਅਸਥੀਆਂ ਅਤੇ ਫੌਜੀਆਂ ਦੀਆਂ ਕੁੱਝ ਨਿਸ਼ਾਨੀਆਂ ਜਿਵੇਂ ਸਿੱਕੇ ਅਤੇ ਮੁੰਦਰੀਆਂ ਆਦਿ ਨਿਕਲ ਚੁੱਕੀਆਂ ਸਨ। ਪਰ ਖੂਹ ਵਿਚ ਹੁਣ ਨਾ ਮਾਤਰ ਹੀ ਮਿੱਟੀ ਸੀ ਪਰ ਇਨਸਾਨੀ ਪਿੰਜਰਾਂ ਦੇ ਢੇਰਾਂ ਦੇ ਢੇਰ ਲੱਗੇ ਹੋਏ ਸਨ। ਖੂਹ ਦੀ ਪ੍ਰਬੰਧਕ ਕਮੇਟੀ ਨੇ 5 ਵਜੇ ਖੁਦਾਈ ਦਾ ਕੰਮ ਰੋਕ ਦਿੱਤਾ ਅਤੇ ਇਹ ਖੁਦਾਈ ਸਵੇਰੇ ਇਕ ਮਾਰਚ ਨੂੰ ਕਰਨ ਦਾ ਫੈਸਲਾ ਕੀਤਾ। ਮੈਂ ਸਵੇਰੇ ਸਾਢੇ 8 ਵਜੇ ਖੂਹ ਤੇ ਪਹੁੰਚ ਗਿਆ ਸਾਰੇ ਕਮੇਟੀ ਮੈਂਬਰਾਂ ਨੂੰ ਮਿਲਿਆ ਅਤੇ ਮੁੜ ਖੁਦਾਈ ਵਿਚ ਆਪਣੀ ਡਿਊਟੀ ਪੁੱਛੀ। ਉਨ੍ਹਾਂ ਮੇਰੀ ਡਿਊਟੀ ਅਸਥੀਆਂ ਸੰਭਾਲਣ ਦੀ ਹੀ ਲਗਾਈ। ਖੁਦਾਈ 10 ਵਜੇ ਸ਼ੁਰੂ ਕਰ ਦਿੱਤੀ ਗਈ ਸੀ। ਮਿੱਟੀ ਬਹੁਤ ਘੱਟ ਨਿਕਲ ਰਹੀ ਸੀ ਅਤੇ ਅਸਥੀਆਂ ਬਾਲਟਿਆਂ ਦੇ ਬਾਲਟੇ ਭਰ ਕੇ ਨਿਕਲ ਰਹੀਆਂ ਸਨ। ਪਰ ਖੁਦਾਈ ਸਮੇਂ ਖੂਹ ਵਿਚੋਂ ਇਕ ਅਜੀਬ ਹੀ ਕਿਸਮ ਦੀ ਬੂ ਆ ਰਹੀ ਸੀ ਜੋ ਬਹੁਤ ਮੱਧਮ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹ ਬੂ ਲਹੂ ਵਰਗੀ ਹੈ। ਦੁਪਹਿਰ ਦੇ ਸਮੇਂ ਇਕ ਪਿੰਜਰ ਦੇ ਹੱਥ ਦੀਆਂ ਹੱਡੀਆਂ ਵਿਚੋਂ ਸਾਨੂੰ 11 ਰੁਪਏ ਮਿਲੇ। ਜਿਵੇਂ ਕੋਈ ਉਸ ਖੂਹ ਵਿਚ ਜਿੰਦਾ ਹੋਵੇ ਤੇ ਹੱਥ ਵਿਚ ਸਿੱਕੇ ਰੱਖ ਕੇ ਮੁੱਠੀ ਮੀਟ ਲਈ ਹੋਵੇ। ਇਹ ਜਿੰਨੇ ਵੀ ਸਿੱਕੇ ਇਸ ਖੂਹ ਵਿਚੋਂ ਨਿਕਲੇ ਉਹ ਸਾਰੇ 1835 ਤੋਂ ਲੈ ਕੇ 1840 ਤੱਕ ਦੇ ਵਿਕਟੋਰੀਆ ਰਾਣੀ ਦੀ ਤਸਵੀਰ ਵਾਲੇ ਚਾਂਦੀ ਦੇ ਸਨ। ਹੁਣ ਸਾਨੂੰ ਕੁੱਝ ਸੋਨੇ ਦੇ ਲਾਕੇਟ ਵੀ ਮਿਲੇ ਤੇ ਤਿੰਨ ਮੈਡਲ ਚਾਂਦੀ ਦੇ ਜਿਨ੍ਹਾਂ ਵਿਚੋਂ 2 ਵਿਕਟੋਰੀਆ ਮੈਡਲ ਸਨ ਅਤੇ ਇਕ ਹੋਰ ਕੋਈ ਮੈਡਲ ਸੀ ਜਿਸ ਦਾ ਸਾਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਉਸ ਉਪੱਰ ਕੀ ਲਿਖਿਆ ਹੈ। ਦੂਸਰੇ ਦਿਨ ਤੱਕ ਸਾਨੂੰ ਕਾਫੀ ਖੋਪੜੀਆਂ ਮਿਲ ਚੁੱਕੀਆਂ ਸਨ ਅਤੇ ਭਾਰੀ ਮਾਤਰਾ ਵਿਚ ਦੰਦ ਵੀ ਮਿਲੇ। ਇਹ ਖੁਦਾਈ 5 ਵਜੇ ਤੋਂ ਜਿਆਦਾ ਸਮੇਂ ਤੱਕ ਚੱਲੀ ਫਿਰ ਖੁਦਾਈ ਰੋਕ ਦਿੱਤੀ ਗਈ। ਆਏ ਹੋਏ ਲੋਕਾਂ ਦਾ ਉਤਸ਼ਾਹ ਵੇਖਦੇ ਹੀ ਬਣ ਰਿਹਾ ਸੀ। 2 ਮਾਰਚ ਦੀ ਸਵੇਰ ਨੂੰ ਮੈਂ ਸਾਢੇ 8 ਵਜੇ ਖੂਹ 'ਤੇ ਪਹੁੰਚ ਗਿਆ ਅਤੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ 10 ਵਜੇ ਖੁਦਾਈ ਸ਼ੁਰੂ ਕਰ ਦਿੱਤੀ ਗਈ। ਸਾਨੂੰ ਇਸ ਦਿਨ 40 ਦੇ ਕਰੀਬ ਖੋਪੜੀਆਂ ਇਕੱਠੀਆਂ ਹੀ ਮਿਲੀਆਂ। ਇਹ ਮੰਜਰ ਵੇਖ ਕੇ ਅਸੀਂ ਹੈਰਾਨ ਸੀ। ਉਹ ਤਕਰੀਬਨ ਸਾਰੇ ਫੌਜੀ 6 ਤੋਂ 7 ਫੁੱਟ ਲੰਬੇ-ਚੌੜੇ ਤੇ ਜਵਾਨ ਸਨ। ਅੱਜ ਕੰਮ ਬਰੀਕੀ ਵਾਲ ਸੀ ਕਿਉਂਕਿ ਅਸੀਂ ਖੋਪੜੀਆਂ ਨੂੰ ਸਾਬਤ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਸਾਨੂੰ ਤਾਂਬੇ ਦੇ ਦੋ ਕੜੇ ਸ਼ੇਰ ਮੂੰਹੋੇਂ ਵੀ ਮਿਲੇ। ਮਿੱਟੀ ਦਾ ਰੰਗ ਅਜੀਬ ਹੀ ਕਿਸਮ ਦਾ ਵੇਖਣ ਨੂੰ ਮਿਲ ਰਿਹਾ ਸੀ ਸਾਡੇ ਹੱਥਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਸੜੇ ਮਾਸ ਨੂੰ ਹੱਥ ਲਗਾ ਰਹੇ ਹਾਂ। ਬਾਅਦ ਦੁਪਹਿਰ ਤਕਰੀਬਨ 16 ਫੁੱਟ ਖੂਹ ਦੀ ਖੁਦਾਈ ਹੋ ਚੁੱਕੀ ਸੀ ਚਾਰ ਵੱਡੇ ਬਕਸੇ ਇਨਸਾਨੀ ਪਿੰਜਰਾਂ ਨਾਲ ਭਰ ਚੁੱਕੇ ਸੀ। ਹੁਣ ਖੂਹ ਵਿਚੋਂ ਕੁੱਝ ਵੀ ਨਹੀਂ ਨਿਕਲ ਰਿਹਾ ਸੀ। ਖੂਹ ਦੀ ਪ੍ਰਬੰਧਕ ਕਮੇਟੀ ਨੇ ਆਪਣੀ ਤਸੱਲੀ ਲਈ ਤਿੰਨ ਫੁੱਟ ਮਿੱਟੀ ਹੋਰ ਪੁੱਟੀ ਪਰ ਕੁੱਝ ਨਹੀਂ ਨਿਕਲਿਆ। ਇਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਆਈਆਂ ਹੋਈਆਂ ਸੰਗਤਾਂ ਦਾ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਧੰਨਵਾਦ ਕੀਤਾ ਅਤੇ ਖੁਦਾਈ ਨੂੰ ਰੋਕ ਦਿੱਤਾ ਗਿਆ। 
ਇਸ ਦੇ ਕੁੱਝ ਸਮੇਂ ਬਾਅਦ ਉਸ ਖੂਹ ਵਿਚੋਂ ਸ਼ਹੀਦਾਂ ਦੇ ਖ਼ੂਨ ਨਾਲ ਭਿੱਜੀ ਮਿੱਟੀ ਰਾਵੀ ਦਰਿਆ ਵਿਚ ਪ੍ਰਵਾਹ ਕਰ ਦਿੱਤੀ ਗਈ। 23 ਅਗਸਤ 2014 ਨੂੰ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਦੋ ਬਕਸਿਆਂ ਨੂੰ ਇਕ ਟਰੱਕ ਵਿਚ ਸਜਾ ਕੇ ਪੰਜਾਬ ਤੋਂ ਹਰਿਦੁਆਰ ਲਿਜਾਇਆ ਗਿਆ। ਇਸ ਕਾਫਲੇ ਵਿਚ ਪੰਜਾਬ ਤੋਂ ਵੱਂਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਕਾਰਕੁਨ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਵਾਲਾ ਖੂਹ ਨਾਲ ਹਰਿਦੁਆਰ ਗਏ। ਇਸ ਕਾਫਲੇ ਦਾ ਸਵਾਗਤ ਹਰ ਸ਼ਹਿਰ ਤੇ ਪਿੰਡ ਦੇ ਲੋਕਾਂ ਵੱਲੋਂ ਬੜੇ ਹੀ ਚਾਵਾਂ ਨਾਲ ਕੀਤਾ ਗਿਆ ਅਤੇ ਇਨ੍ਹਾਂਂ ਅਸਥੀਆਂ ਨੂੰ 24 ਅਗਸਤ 2014 ਨੂੰ ਗੰਗਾ ਜੀ ਦੇ ਕੰਨਖਲ ਸਤੀ ਘਾਟ ਤੇ ਸਾਢੇ 10 ਵਜੇ ਬੜੇ ਹੀ ਸ਼ਾਨਦਾਰ ਢੰਗ ਨਾਲ ਜਲਪ੍ਰਵਾਹ ਕੀਤਾ ਗਿਆ ਅਤੇ ਸ਼ਹੀਦੀ ਖੂਹ ਪ੍ਰਬੰਧਕ ਕਮੇਟੀ ਵੱਲੋਂ ਉਸ ਜਗ੍ਹਾ ਤੇ ਐਲਾਨ ਕੀਤਾ ਗਿਆ ਕਿ ਇਹ ਸ਼ਹੀਦ ਭਾਰਤੀ ਲੋਕਾਂ ਦੀ ਵਿਰਾਸਤ ਹਨ। ਉਨ੍ਹਾਂ ਇਹ ਵਿਰਾਸਤ ਸੰਭਾਲਣ ਲਈ ਭਾਰਤ ਦੇ ਬੁੱਧੀਜੀਵੀਆਂ, ਇਤਿਹਾਸਕਾਰਾਂ, ਸੰਘਰਸ਼ੀਲ ਜਥੇਬੰਦੀਆਂ ਅਤੇ ਸਮਾਜ ਪ੍ਰਤੀ ਚੇਤੰਨ ਲੋਕਾਂ ਨੂੰ ਸੱਦਾ ਦਿੱਤਾ। ਖੂਹ ਵਿਚੋਂ ਨਿਕਲੀਆਂ ਸ਼ਹੀਦਾਂ ਦੀਆਂ ਨਿਸ਼ਾਨੀਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਖੂਹ 'ਤੇ ਬਣਾਏ ਜਾਣ ਵਾਲੇ ਮਿਊਜਿਅਮ ਵਿਚ ਰੱਖੀਆ ਜਾਵੇਗਾ। ਇਕ ਬਹੁਤ ਹੀ ਵਧੀਆ ਸ਼ਹੀਦਾਂ ਦੀ ਯਾਦਗਾਰ ਉਸ ਖੂਹ ਦੇ ਦੁਆਲੇ ਬਣਾਈ ਜਾਵੇਗੀ। ਮੈਨੂੰ ਆਸ ਹੈ ਕਿ ਉਨ੍ਹਾਂ ਦੇ ਇਸ ਸੱਦੇ ਨੂੰ ਭਾਰਤ ਦੇ ਸਾਰੇ ਸੁਚੇਤ ਲੋਕ ਆਪਣਾ ਫਰਜ ਸਮਝਦੇ ਹੋਏ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਆਉਣਗੇ। 

No comments:

Post a Comment