Monday 3 November 2014

ਅਕਤੂਬਰ ਇਨਕਲਾਬ ਨੂੰ ਯਾਦ ਕਰਦਿਆਂ

ਮੰਗਤ ਰਾਮ ਪਾਸਲਾ

ਰੂਸ ਦੀ ਧਰਤੀ 'ਤੇ 7 ਨਵੰਬਰ 1917 ਨੂੰ ਹੋਈ ਸਿਆਸੀ ਉਥਲ ਪੁਥਲ ਜੋ 'ਅਕਤੂਬਰ ਇਨਕਲਾਬ' ਦੇ ਨਾਂ ਨਾਲ ਜਾਣੀ ਜਾਂਦੀ ਹੈ, ਸੰਸਾਰ ਦੀ  ਇਕ ਅਦਭੁਤ ਤੇ ਨਿਵੇਕਲੀ ਘਟਨਾ ਸੀ। ਇਸ ਅਦੁੱਤੀ ਘਟਨਾ ਰਾਹੀਂ, ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਮਜ਼ਦੂਰਾਂ-ਕਿਸਾਨਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ਾਂ ਰਾਹੀਂ ਉਸਰੇ ਫੌਲਾਦੀ ਏਕੇ ਨਾਲ ਜਾਰਸ਼ਾਹੀ ਤੇ ਪੂੰਜੀਵਾਦੀ ਢਾਂਚੇ ਨੂੰ ਢੈਅ ਢੇਰੀ ਕਰਕੇ ਪਹਿਲੇ ਸਮਾਜਵਾਦੀ ਦੇਸ਼ ਦੀ ਉਤਪਤੀ ਹੋਈ। ਇਹ ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਵਿਚਾਰਧਾਰਾ ਨਾਲ ਲੈਸ ਮਜ਼ਦੂਰ ਜਮਾਤ ਦੇ ਹਿਰਾਵਲ ਦਸਤੇ, ਰੂਸ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦੀ ਯੋਗ ਅਗਵਾਈ ਤੇ ਘਾਲਣਾ ਦਾ ਸਿੱਟਾ ਸੀ ਕਿ ਅਮੀਰੀ-ਗਰੀਬੀ ਦੀ ਅਟਲ ਤੇ ਸਦੀਵੀ ਕਾਇਮ ਰਹਿਣ ਦੀ  ਸਦੀਆਂ ਤੋਂ ਚਲੀ ਆ ਰਹੀ ਮਿੱਥ ਨੂੰ ''ਘਾਹ ਖੋਤਣ ਵਾਲੇ ਘਾਈਆਂ ਦੇ ਸਿਰਲੱਥ ਪੁੱਤਾਂ'' ਨੇ ਮਲੀਆ ਮੇਟ ਕਰਕੇ ਰੂਸ (ਸੋਵੀਅਤ ਯੂਨੀਅਨ) ਨੂੰ ਇਕ ਲੁੱਟ ਰਹਿਤ ਸਮਾਜ ਦੀ ਸਥਾਪਨਾ ਦੇ ਗਾਡੀ ਰਾਹ ਉਪਰ ਤੋਰਿਆ। ਇਸ ਘਟਨਾ ਨੇ ਯੁਗਾਂ ਯੁਗਾਂਤਰਾਂ ਤੋਂ ਚਲੇ ਆ ਰਹੇ ਕਿਸਮਤਵਾਦੀ ਸਿਧਾਂਤ ਦੇ ਪਰਖੱਚੇ ਉਡਾ ਦਿੱਤੇ ਤੇ ਅਜੋਕੇ, ਸੰਦਰਭ ਵਿਚ, ਸਮਾਜਕ ਵਿਕਾਸ ਦੀ ਮੁਖ ਚਾਲਕ ਸ਼ਕਤੀ, ਕਿਰਤੀ ਜਮਾਤ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਨ ਦਾ ਮੌਕਾ ਦਿੱਤਾ। ਇਸ ਨਵੇਂ ਪੁੰਗਰੇ ਸਮਾਜਵਾਦੀ ਪ੍ਰਬੰਧ ਨੂੰ ਬਾਹਰੀ ਤੇ ਅੰਦਰੂਨੀ, ਦੋਵਾਂ ਤਰ੍ਹਾਂ ਦੇ, ਦੁਸ਼ਮਣਾਂ ਨਾਲ ਵੀ ਦੋ ਚਾਰ ਹੋਣਾ ਪਿਆ ਜੋ ਇਸ ਉਗਦੇ ਨਵੇਂ ਪੌਦੇ ਨੂੰ ਜੰਮਦਿਆਂ ਹੀ ਮਸਲਨਾ ਚਾਹੁੰਦੇ ਸਨ। ਪ੍ਰੰਤੂ ਸਾਥੀ ਵੀ.ਆਈ.ਲੈਨਿਨ ਦੀ ਯੋਗ ਅਗਵਾਈ ਹੇਠ ਰੂਸੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਤੇ ਸਮੁੱਚੇ ਮਿਹਨਤਕਸ਼ ਲੋਕਾਂ ਨੇ ਦੁਸ਼ਮਣਾਂ ਦੀ ਹਰ ਚਾਲ ਨੂੰ ਪਛਾੜਦੇ ਹੋਏ ਫਤਿਹ ਹਾਸਲ ਕੀਤੀ ਤੇ ਸੰਸਾਰ ਦੇ ਪਹਿਲੇ ਸਮਾਜਵਾਦੀ ਪ੍ਰਬੰਧ ਦੀ ਅਧਾਰਸ਼ਿਲਾ ਰੱਖੀ। 
ਲੁੱਟ ਖਸੁੱਟ ਰਹਿਤ ਸਮਾਜਵਾਦੀ ਪ੍ਰਬੰਧ ਦੀਆਂ ਬਰਕਤਾਂ ਸਦਕਾ ਆਰਥਿਕ ਪੱਖੋਂ ਮੁਕਾਬਲਤਨ ਇਕ ਪੱਛੜਿਆ ਰੂਸ ਹਰ ਖੇਤਰ ਵਿਚ ਦੁਨੀਆਂ ਦੀ ਮਹਾਂ ਸ਼ਕਤੀ ਵਿਚ ਤਬਦੀਲ ਹੋ ਗਿਆ। ਸਮਾਜਕ ਪੈਦਾਵਾਰ ਉਪਰ ਸਮੁੱਚੇ ਸਮਾਜ ਦੀ ਮਾਲਕੀ ਸਥਾਪਤ ਹੋਣ ਤੇ ਢੁਕਵੀਂ ਯੋਜਨਾਬੰਦੀ ਨਾਲ ਹੋਏ ਤੇਜ਼ ਆਰਥਿਕ ਵਿਕਾਸ ਨੇ ਸਾਰੇ ਲੋਕਾਂ ਦੀਆਂ ਰੋਟੀ, ਰੋਜ਼ੀ, ਮਕਾਨ, ਸਿਹਤ, ਵਿਦਿਆ, ਸਮਾਜਿਕ ਸੁਰੱਖਿਆ ਆਦਿ ਵਰਗੀਆਂ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ। ਸੱਨਅਤ, ਖੇਤੀਬਾੜੀ, ਵਿਗਿਆਨ, ਸੁਰੱਖਿਆ ਭਾਵ ਸਾਰੇ ਪੱਖਾਂ ਤੋਂ ਸੋਵੀਅਤ ਸਮਾਜ ਨੇ ਹੈਰਾਨਕੁੰਨ ਉਨਤੀ ਕੀਤੀ। ਖੇਡਾਂ, ਸਿਹਤ, ਸਭਿਆਚਾਰ ਦੇ ਮੈਦਾਨ ਵਿਚ ਸੋਵੀਅਤ ਸਮਾਜ ਦੇ ਕਾਇਮ ਕੀਤੇ ਦਿਸਹੱਦੇ ਅੱਜ ਵੀ ਸੰਸਾਰ ਭਰ ਦੇ ਅਗਾਂਹਵਧੂ ਲੋਕਾਂ ਲਈ ਉਤਸ਼ਾਹ ਦਾ ਸੋਮਾ ਹਨ। ਹਕੀਕੀ ਰੂਪ ਵਿਚ ਔਰਤਾਂ ਤੇ ਮਰਦਾਂ ਦੀ ਬਰਾਬਰਤਾ, ਇਸਤਰੀ ਜਾਤੀ 'ਤੇ ਹੋਣ ਵਾਲੇ ਸਮਾਜਿਕ ਨਪੀੜਨ ਦਾ ਖਾਤਮਾ ਅਤੇ ਬੱਚਿਆਂ, ਬੁਢਿਆਂ 'ਤੇ ਨਕਾਰਾ ਲੋਕਾਂ ਦੀਆਂ ਜੀਵਨ ਲੋੜਾਂ ਤੇ ਸੁਰੱਖਿਆ ਨੂੰ ਧਰਤੀ ਉਪਰ ਪਹਿਲੀ ਵਾਰ ਯਕੀਨੀ ਬਣਾਇਆ ਗਿਆ। ਕੌਮਾਂ ਦੀ ਆਜ਼ਾਦੀ ਤੇ ਬਰਾਬਰਤਾ ਦੀ ਝੰਡਾ ਬਰਦਾਰੀ ਕਰਦਿਆਂ ਸਵੈ ਇੱਛਤ ਅਧਾਰ 'ਤੇ ਵੱਖ ਵੱਖ ਕੌਮੀਅਤਾਂ ਨੂੰ ਸੋਵੀਅਤ ਦੀ ਸੁੰਦਰ ਮਾਲਾ ਵਿਚ ਪਰੋਇਆ ਗਿਆ।
ਇਸ ਨਵੇਂ ਦੌਰ ਵਿਚ ਦੁਨੀਆਂ ਭਰ ਵਿਚ ਆਜ਼ਾਦੀ, ਜਮਹੂਰੀਅਤ, ਅਮਨ ਤੇ ਸਮਾਜਿਕ ਤਬਦੀਲੀ ਵੱਲ ਸੇਧਤ ਲਹਿਰਾਂ ਤੇ ਦੇਸ਼ਾਂ ਨੂੰ  ਸਮਾਜਵਾਦੀ ਸੋਵੀਅਤ ਯੂਨੀਅਨ ਵਲੋਂ ਹਰ ਸੰਭਵ ਆਰਥਿਕ, ਰਾਜਨੀਤਕ ਤੇ ਇਖਲਾਕੀ ਹਮਾਇਤ ਪ੍ਰਦਾਨ ਕੀਤੀ ਗਈ। ਜਿਸਦੇ ਫਲਸਰੂਪ ਫਾਸ਼ੀਵਾਦ ਦੀ ਹਾਰ ਹੋਈ, ਸੰਸਾਰ ਸਮਾਜਵਾਦੀ ਕੈਂਪ ਦੀ ਕਾਇਮੀ ਹੋਈ ਅਤੇ ਅਜ਼ਾਦੀ ਦੀ ਜੰਗ ਲੜ ਰਹੀਆਂ ਕੌਮਾਂ ਦੀਆਂ ਮਹਾਨ ਜਿੱਤਾਂ ਪ੍ਰਾਪਤ ਹੋਈਆਂ। ਇਸਦੇ ਨਾਲ ਹੀ ਸੋਵੀਅਤ ਯੂਨੀਅਨ ਵਲੋਂ ਮਿਹਨਤਕਸ਼ ਲੋਕਾਂ ਲਈ ਬਰਾਬਰਤਾ ਅਧਾਰਤ ਸਥਾਪਤ ਕੀਤੇ ਆਰਥਿਕ ਢਾਂਚੇ ਦੇ ਦਬਾਅ ਸਦਕਾ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਵਲੋਂ ਉਥੋਂ ਦੇ ਲੋਕਾਂ ਨੂੰ ਵਧੇਰੇ ਸਮਾਜਿਕ ਸਹੂਲਤਾਂ ਤੇ ਆਰਥਿਕ ਲਾਭ ਦੇਣ ਲਈ ਵੀ ਮਜ਼ਬੂਰ ਹੋਣਾ ਪਿਆ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਲਗਭਗ 70 ਸਾਲਾ ਸ਼ਾਨਾਮੱਤੇ ਇਤਿਹਾਸ ਨੇ ਇਹ ਤੱਥ ਸਥਾਪਤ ਕਰ ਦਿੱਤਾ ਕਿ ਗਰੀਬੀ ਅਮੀਰੀ ਦਾ ਅਜੋਕਾ ਵੱਖਰੇਵਾਂ  ਕਿਸੇ ਦੈਵੀ ਸ਼ਕਤੀ ਦੀ ਦੇਣ ਨਹੀਂ, ਬਲਕਿ ਪੂੰਜੀਵਾਦੀ ਆਰਥਿਕ ਢਾਂਚੇ ਦੀ ਵਧੇਰੇ ਮੁਨਾਫਾ ਕਮਾਉਣ ਦੀ ਹਵਸ ਦਾ ਨਤੀਜਾ ਹੈ, ਜੋ ਮਿਹਨਤਕਸ਼ ਲੋਕਾਂ ਵਲੋਂ ਇਕਜੁਟ ਸੰਘਰਸ਼ਾਂ ਰਾਹੀਂ ਮੁਕੰਮਲੀ ਤੌਰ 'ਤੇ ਖਤਮ ਕੀਤਾ ਜਾ ਸਕਦਾ ਹੈ। ਅਜਿਹਾ ਵਿਕਸਤ ਨਵਾਂ ਰਾਜਨੀਤਕ, ਆਰਥਿਕ ਤੇ ਸਮਾਜਿਕ ਢਾਂਚਾ ਹੀ ਔਰਤਾਂ ਤੇ ਮਰਦਾਂ ਦੀ ਬਰਾਬਰਤਾ ਤੇ ਹਰ ਕਿਸਮ ਦੇ ਨਪੀੜਨ ਨੂੰ ਜੜ੍ਹੋਂ ਪੁੱਟਣ ਦੀ ਗਰੰਟੀ ਬਣ ਸਕਦਾ ਹੈ ਤੇ ਮਾਨਵਤਾ ਨੂੰ ਸਰਵ ਪੱਖੀ ਵਿਕਾਸ ਦੇ ਅਸੀਮ ਮੌਕੇ ਪ੍ਰਦਾਨ ਕਰ ਸਕਦਾ ਹੈ। 
ਅਕਤੂਬਰ ਇਨਕਲਾਬ ਰਾਹੀਂ ਸਿਰਜਿਆ ਗਿਆ ਸਮਾਜਵਾਦੀ ਢਾਂਚਾ ਅਤੇ ਸੋਵੀਅਤ ਯੂਨੀਅਨ ਦਾ ਸਰੂਪ ਦੋਨੋਂ ਹੀ ਅੱਜ ਖਤਮ ਹੋ ਚੁੱਕੇ ਹਨ। ਰੂਸ ਅੰਦਰ ਸਮਾਜਵਾਦ ਦੀ ਜਗ੍ਹਾ ਮੁੜ ਪੂੰਜੀਵਾਦ ਨੇ ਲੈ ਲਈ ਹੈ ਤੇ ਬਰਾਬਰਤਾ ਦੇ ਅਧਾਰ ਉਪਰ ਆਪਸੀ ਸਹਿਮਤੀ ਨਾਲ ਵੱਖ ਵੱਖ ਕੌਮਾਂ ਦਾ ਬਣਿਆ ਹੋਇਆ ਇਕ ਸਾਂਝਾ ਦੇਸ਼, ਸੋਵੀਅਤ ਯੂਨੀਅਨ, ਅੱਜ ਕਈ ਟੁਕੜਿਆਂ ਵਿਚ ਵੰਡਿਆ ਜਾ ਚੁਕਿਆ ਹੈ। ਇਹ ਇਕ ਬਹੁਤ ਹੀ ਨਿਰਾਸ਼ਾਜਨਕ ਤੇ ਇਤਿਹਾਸ ਦੇ ਪਹੀਏ ਨੂੰ ਪਿਛਲਖੁਰੀ ਧੱਕਣ ਵਾਲੀ ਦੁਖਦਾਈ ਘਟਨਾ ਸੀ ਜਿਸਨੇ, ਸੰਸਾਰ ਭਰ ਵਿਚ, ਸਾਂਝੀਵਾਲਤਾ ਦੀਆਂ ਹਾਮੀ ਸ਼ਕਤੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਭਾਵੇਂ ਵਿਗਿਆਨਕ ਨਜ਼ਰੀਏ ਤੋਂ ਇਤਿਹਾਸਕ ਤੌਰ 'ਤੇ ਇਹ ਇਕ ਅਸਥਾਈ ਵਰਤਾਰਾ ਹੀ ਹੈ ਤੇ ਅੰਤਮ ਰੂਪ ਵਿਚ ਕਿਰਤੀ ਜਮਾਤ ਨੇ ਪੂੰਜੀਵਾਦੀ ਲੁੱਟ ਖਸੁੱਟ ਦਾ ਖਾਤਮਾ ਕਰਕੇ ਲੁੱਟ ਰਹਿਤ ਸਮਾਜ ਦੀ ਸਥਾਪਨਾ ਵੱਲ ਅੱਗੇ ਵਧਣਾ ਹੀ ਹੈ, ਪ੍ਰੰਤੂ ਇਸ ਘਟਨਾ ਨੇ ਮਾਨਵਤਾ ਦੇ ਦੋਖੀਆਂ ਨੂੰ ਇਹ ਕਹਿਣ ਦਾ ਇਕ ਵਧੀਆ ਮੌਕਾ ਦੇ ਦਿਤਾ ਕਿ ''ਮਜ਼ਦੂਰ ਜਮਾਤ ਸਥਾਈ ਰੂਪ ਵਿਚ ਰਾਜਭਾਗ ਸੰਭਾਲਣ ਦੇ ਸਮਰੱਥ ਨਹੀਂ ਹੈ ਤੇ ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਦੀ ਪ੍ਰਸੰਗਕਤਾ ਵੇਲਾ ਵਿਹਾ ਚੁੱਕੀ ਹੈ।'' ਅਜਿਹੇ ਲੋਕ 'ਪੂੰਜੀਵਾਦ' ਨੂੰ ਹੀ ਸਮਾਜਿਕ ਵਿਕਾਸ ਦੀ ਅੰਤਿਮ ਮੰਜ਼ਿਲ ਗਰਦਾਨਣ ਦੀ ਹੱਦ ਤੱਕ ਚਲੇ ਜਾਂਦੇ ਹਨ। ਭਾਵੇਂ ਸਵਾਰਥੀ ਹਿੱਤਾਂ ਤੋਂ ਪ੍ਰੇਰਤ ਲੋਕਾਂ ਦੀਆਂ ਉਪਰੋਕਤ ਸੋਚਾਂ ਅਣਵਿਗਿਆਨਕ ਤੇ ਥੋਥੀਆਂ ਹਨ, ਪ੍ਰੰਤੂ ਫੇਰ ਵੀ ਸਮਾਜਿਕ ਪਰਿਵਰਤਨ ਵਿਚ ਜੁਟੀਆਂ ਤਾਕਤਾਂ ਨੂੰ ਸੋਵੀਅਤ ਯੂਨੀਅਨ ਵਿਚ ਵਾਪਰੀਆਂ ਉਲਟ ਇਨਕਲਾਬੀ ਘਟਨਾਵਾਂ ਦੀ ਤਹਿ ਵਿਚ ਜਾਣਾ ਹੋਵੇਗਾ ਤੇ ਇਸ ਦੁਖਾਂਤ ਦੇ ਬੁਨਿਆਦੀ ਕਾਰਨਾਂ ਦੀ ਖੋਜ ਕਰਕੇ ਭਵਿੱਖ ਵਾਸਤੇ ਲੋੜੀਂਦੇ ਸਿੱਟੇ ਕੱਢਣੇ ਪੈਣਗੇ। 
ਬਿਨਾਂ ਸ਼ੱਕ ਸੋਵੀਅਤ ਯੂਨੀਅਨ ਵਿਚ ਆਇਆ 1917 ਦਾ ਅਕਤੂਬਰ ਇਨਕਲਾਬ ਮਨੁੱਖੀ ਇਤਿਹਾਸ ਦੀ ਪਹਿਲੀ ਅਜਿਹੀ ਘਟਨਾ ਸੀ, ਜਿਥੇ ਮਜ਼ਦੂਰ ਜਮਾਤ ਨੇ ਪੂੰਜੀਪਤੀਆਂ ਹੱਥੋਂ ਰਾਜ ਸੱਤਾ ਖੋਹ ਕੇ ਆਪ ਰਾਜ ਭਾਗ 'ਤੇ ਕਬਜ਼ਾ ਕੀਤਾ। ਇਸਤੋਂ ਪਹਿਲਾਂ ਕਿਰਤੀ ਲੋਕਾਂ ਤੇ ਕਮਿਊਨਿਸਟ ਪਾਰਟੀ ਕੋਲ ਇਸ ਕਿਸਮ ਦਾ ਕੋਈ ਹੋਰ ਰਾਜਨੀਤਕ ਤਜਰਬਾ ਵੀ ਨਹੀਂ ਸੀ ਤੇ ਨਾ ਹੀ ਬਰਾਬਰਤਾ ਦੇ ਅਸੂਲਾਂ ਉਪਰ ਅਧਾਰਤ ਸਮਾਜ ਸਥਾਪਤ ਕਰਨ ਵਿਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਸਫਲਤਾ ਪੂਰਬਕ ਨਜਿੱਠਣ ਦੀ ਕੋਈ ਵਿਧੀ ਜਾਂ ਫਾਰਮੂਲਾ ਹੀ ਉਪਲੱਬਧ ਸੀ। ਇਸ ਲਈ ਅਕਤੂਬਰ ਇਨਕਲਾਬ ਤੋਂ ਬਾਅਦ ਸਮਾਜਵਾਦੀ ਪ੍ਰਗਤੀ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਭੁੱਲਾਂ ਹੋਈਆਂ, ਜਿਨ੍ਹਾਂ ਸਦਕਾ ਕਿਰਤੀਆਂ ਦਾ ਧਰਤੀ ਉਪਰ ਰਚਿਆ ਇਕ ਸਵਰਗ ਰੂਪੀ ਰਾਜਸੀ ਢਾਂਚਾ ਢੈਅ ਢੇਰੀ ਹੋ ਗਿਆ। ਇਨ੍ਹਾਂ ਭੁੱਲਾਂ ਦੀ ਅਜੇ ਕੋਈ ਇਕ ਪ੍ਰਵਾਨਤ ਵਿਧੀਬੱਧ ਸੂਚੀ ਜਾਂ ਖਾਕਾ ਵੀ ਨਹੀਂ ਹੈ, ਭਾਵੇਂ ਕਿ ਸੰਸਾਰ ਭਰ ਦੀਆਂ ਕਮਿਊਨਿਸਟ ਪਾਰਟੀਆਂ, ਹੋਰ ਖੱਬੇ ਸੰਗਠਨਾਂ ਤੇ ਬੁਧੀਜੀਵੀਆਂ, ਸਭਨਾਂ ਵਲੋਂ ਹੀ ਇਸ ਵਿਸ਼ੇ ਬਾਰੇ ਡੂੰਘਾ ਅਧਿਐਨ ਤੇ ਵਿਚਾਰ ਵਟਾਂਦਰਾ ਜਾਰੀ ਹੈ। ਪ੍ਰੰਤੂ ਕੁਝ ਕੁ ਕੁਤਾਹੀਆਂ ਤਾਂ ਏਨੀਆਂ ਸਪੱਸ਼ਟ ਹਨ, ਜਿਨ੍ਹਾਂ ਨੂੰ ਸਮਾਜਿਕ ਵਿਗਿਆਨ ਦੀ ਮੁਢਲੀ ਸੂਝਬੂਝ ਰੱਖਣ ਵਾਲਾ ਹਰ ਵਿਅਕਤੀ/ਸੰਗਠਨ ਵੀ ਪਹਿਚਾਣ ਸਕਦਾ ਹੈ। ਉਨ੍ਹਾਂ ਬਾਰੇ ਕੁਝ ਕਿਹਾ ਵੀ ਜਾ ਸਕਦਾ ਹੈ ਤੇ ਢੁਕਵਾਂ ਸਬਕ ਵੀ ਕੱਢਿਆ ਜਾ ਸਕਦਾ ਹੈ।, 
ਇਸ ਦਿਸ਼ਾ ਵਿਚ ਵਿਚਾਰਨ ਵਾਲਾ ਇਕ ਮੁੱਦਾ ਹੈ-ਇਨਕਲਾਬੀ ਕਮਿਊਨਿਸਟ ਪਾਰਟੀ ਦੀ ਸੇਧ ਤੇ ਕਾਰਗੁਜ਼ਾਰੀ। ਜਿਸ ਤਰ੍ਹਾਂ ਕਿਸੇ ਵੀ ਬੁਨਿਆਦੀ ਸਮਾਜਿਕ ਪਰਿਵਰਤਨ ਭਾਵ ਇਨਕਲਾਬ ਨੂੰ ਸਿਰੇ ਚਾੜ੍ਹਨ ਲਈ ਇਕ ਇਨਕਲਾਬੀ ਪਾਰਟੀ ਦੀ ਜ਼ਰੂਰਤ ਹੈ, ਜੋ ਮਾਰਕਸਵਾਦ-ਲੈਨਿਨਵਾਦ ਦੇ ਸਜੀਵ ਵਿਗਿਆਨ ਤੋਂ ਸੇਧ ਲੈਂਦੀ ਹੋਵੇ, ਉਸੇ ਤਰ੍ਹਾਂ ਹੀ ਸਫਲ ਹੋਏ ਇਨਕਲਾਬ ਨੂੰ ਸਾਂਭਣ, ਅਗਾਂਹ ਤੋਰਨ ਤੇ ਦੁਸ਼ਮਣਾਂ ਦੀ ਹਰ ਚਾਲ ਨੂੰ ਅਸਫਲ ਕਰਨ ਵਾਸਤੇ ਮੁਹਾਰਤ ਹਾਸਿਲ ਕਰਨ ਵਾਸਤੇ ਵੀ ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਉਨੀ ਹੀ ਲੋੜ ਹੈ। ਸ਼ਾਇਦ ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ। ਇਹ ਪਾਰਟੀ ਆਰਥਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਭਾਵ ਹਰ ਖੇਤਰ ਵਿਚ ਸਮੇਂ, ਸਥਾਨ ਤੇ ਠੋਸ ਪ੍ਰਸਥਿਤੀਆਂ ਦੇ ਮੱਦੇ ਨਜ਼ਰ ਸਮੇਂ ਸਮੇਂ ਸਿਰ ਲੋੜੀਂਦੀਆਂ ਤਬਦੀਲੀਆਂ ਕਰਨ ਤੇ ਨਵੀਆਂ ਸੇਧਾਂ ਖੋਜਣ ਵਿਚ ਨਿਪੁੰਨ ਹੋਣੀ ਚਾਹੀਦੀ ਹੈ। ਸੰਸਾਰ ਪੱਧਰ ਉਤੇ ਪੂੰਜੀਵਾਦੀ ਪ੍ਰਬੰਧ ਦੀ ਕਾਇਮੀ, ਇਸ ਵਿਚ ਪੈਦਾਵਾਰੀ ਸ਼ਕਤੀਆਂ ਦਾ ਸੰਭਵ ਵਿਕਾਸ, ਦਰਪੇਸ਼ ਸੰਕਟਾਂ ਨੂੰ ਹਲ ਕਰਨ ਦੀ ਇਸਦੀ ਸਮਰੱਥਾ (ਭਾਵੇਂ ਅਸਥਾਈ ਰੂਪ ਵਿਚ ਹੀ ਸਹੀ) ਤੇ ਸਭ ਤੋਂ ਵੱਧ ਸਮਾਜਕ ਜਿੰਮੇਵਾਰੀਆਂ ਨਿਭਾਉਣ ਪ੍ਰਤੀ ਸੰਵੇਦਨਸ਼ੀਲਤਾ ਤੇ ਪਹਿਲਕਦਮੀ ਦੀ ਥਾਂ ਨਿੱਜੀ ਮੁਨਾਫੇ ਦੀ ਦੌੜ ਤੇ ਸਵੈਸਿੱਧੀ ਵਰਗੀਆਂ ਸਵਾਰਥੀ ਸੋਚਾਂ ਦੇ ਸਰਵ ਵਿਆਪਕ ਹੋਣ ਕਾਰਨ ਸਮਾਜਵਾਦ ਦੀ ਉਸਾਰੀ ਲਈ ਰੁਝੀ ਕਮਿਊਨਿਸਟ ਪਾਰਟੀ ਲਈ ਜ਼ਰੂਰੀ ਹੈ ਕਿ ਉਹ ਲੋਕਾਂ ਦੀ ਵਿਚਾਰਧਾਰਕ ਤੇ ਰਾਜਨੀਤਕ ਚੇਤਨਤਾ ਨੂੰ ਉਚਆਉਂਦਿਆਂ ਹੋਇਆਂ ਉਨ੍ਹਾਂ ਨੂੰ 'ਸਮਾਜਵਾਦੀ ਮਨੁੱਖ' ਵਿਚ ਤਬਦੀਲ ਕਰਨ ਲਈ ਨਿਰੰਤਰ ਭਰਪੂਰ ਯਤਨ ਜਾਰੀ ਰੱਖੇ। ਅਜਿਹਾ ਨਾਂ ਕਰਨ ਦੀ ਸੂਰਤ ਵਿਚ ਸਮਾਜਵਾਦੀ ਪ੍ਰਬੰਧ ਹੇਠਲੇ ਲੋਕਾਂ ਉਪਰ ਉਸਦੇ ਪਹਿਲੇ ਸਮਾਜ ਦੇ ਉਸਾਰ ਦੇ ਪ੍ਰਭਾਵ ਵੀ ਪੈਂਦੇ ਹਨ ਤੇ ਪੂੰਜੀਵਾਦੀ ਸੰਸਾਰ ਦੀਆਂ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਮੌਜੂਦ ਰਹਿੰਦੀ ਹੈ। ਜਨ ਸਧਾਰਨ ਦੀ ਰਾਜਨੀਤਕ, ਆਰਥਿਕ ਤੇ ਵਿਚਾਰਧਾਰਕ ਖੇਤਰਾਂ ਵਿਚ ਸਰਗਰਮ ਭਾਗੀਦਾਰੀ ਬਣਾਉਂਦਿਆਂ ਹੋਇਆਂ ਇਕ ਤਾਂ 'ਸੰਪੂਰਨ ਮਨੁੱਖ' ਬਣਾਉਣ ਵਿਚ ਮਦਦ ਮਿਲੇਗੀ ਤੇ ਦੂਸਰਾ ਮਜ਼ਦੂਰ ਜਮਾਤ ਦੀ ਹਕੀਕੀ ਜਮਹੂਰੀਅਤ ਦਾ ਪਸਾਰਾ ਹੋਵੇਗਾ। ਸੋਵੀਅਤ ਯੂਨੀਅਨ ਵਿਚ ਸਾਥੀ ਲੈਨਿਨ ਤੇ ਕਾਮਰੇਡ ਸਟਾਲਿਨ ਦੇ ਰਾਜਨੀਤਕ ਸੀਨ ਤੋਂ ਲਾਂਭੇ ਹੋ ਜਾਣ ਨਾਲ ਉਪਰੋਕਤ ਕਾਰਜ ਸਿਰੇ ਚਾੜ੍ਹਨ ਪ੍ਰਤੀ ਬਣਦੀ ਜ਼ਿੰਮੇਵਾਰੀ ਪੇਤਲੀ ਪੈਂਦੀ ਹੋਈ ਹੌਲੀ ਹੌਲੀ ਅਲੋਪ ਹੀ ਹੋ ਗਈ। ਮਜ਼ਦੂਰ ਜਮਾਤ ਦੀ ਹਕੀਕੀ ਜਮਹੂਰੀਅਤ ਉਨਤ ਹੋਣ ਦੀ ਥਾਂ ਪਹਿਲਾਂ ਕਮਿਊਨਿਸਟ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਦਾ ਖਾਤਮਾ ਤੇ ਬਾਅਦ ਵਿਚ ਇਸ ਵਿਚ ਵੀ ਇਕ ਛੋਟੀ ਜਿਹੀ 'ਜੁੰਡਲੀ' ਦੇ ਹੱਥਾਂ ਵਿਚ ਹੀ ਸਾਰੀਆਂ ਸ਼ਕਤੀਆਂ ਕੇਂਦਰਤ ਹੋ ਗਈਆਂ। ਵਿਚਾਰਧਾਰਕ ਪ੍ਰਪੱਕਤਾ ਦੀ ਥਾਂ ਅਹੁਦੇ ਤੇ ਸਹੂਲਤਾਂ ਹਾਸਲ ਕਰਨ ਵਾਸਤੇ ਚਾਪਲੂਸੀ, ਭਾਈ ਭਤੀਜਾਵਾਦ ਤੇ ਭਰਿਸ਼ਟ ਹੱਥਕੰਡਿਆਂ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ। ਸਮੁੱਚੀ ਪਾਰਟੀ ਦਾ ਵਿਚਾਰਧਾਰਕ ਪੱਧਰ ਖਤਰਨਾਕ ਹੱਦ ਤੱਕ ਹੇਠਾਂ ਡਿੱਗ ਪਿਆ, ਜਿਸਨੂੰ ਕਮਿਊਨਿਸਟ ਮਾਪਦੰਡਾਂ ਅਨੁਸਾਰ ਮਾਪਿਆ ਹੀ ਨਹੀਂ ਜਾ ਸਕਦਾ। ਸੋਵੀਅਤ ਯੂਨੀਅਨ ਦੀ ਸਮੁੱਚੀ ਕਮਿਊਨਿਸਟ  ਪਾਰਟੀ ਵਿਚ ਸੱਜੇ ਪੱਖੀ ਕੁਰਾਹਾ ਭਾਰੂ ਹੋ ਗਿਆ, ਜਿਸ ਅਧੀਨ ਪੂੰਜੀਵਾਦੀ ਦੇਸ਼ਾਂ ਅੰਦਰਲੀਆਂ ਕਮਿਊਨਿਸਟ ਪਾਰਟੀਆਂ ਨਾਲ ਇਨਕਲਾਬੀ ਲਹਿਰ ਨੂੰ ਮਜ਼ਬੂਤ  ਕਰਨ ਲਈ ਪ੍ਰਸਪਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਥਾਂ ਆਪਣੇ ਸੌੜੇ ਕੌਮੀ ਹਿਤਾਂ ਨੂੰ ਬੜ੍ਹਾਵਾ ਦੇਣ ਲਈ ਉਥੋਂ ਦੀਆਂ ਹਾਕਮ ਲੁਟੇਰੀਆਂ ਜਮਾਤਾਂ ਦੀਆਂ ਸਰਕਾਰਾਂ ਨਾਲ ਮਿੱਤਰਤਾ ਵਧਾਉਣ, ਉਨ੍ਹਾਂ ਬਾਰੇ ਅਣਵਿਗਿਆਨਕ ਗੈਰ ਜਮਾਤੀ ਪਹੁੰਚਾਂ ਧਾਰਨ ਕਰਨ ਅਤੇ ਉਥੋਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਹਾਕਮ ਧਿਰਾਂ ਦੀਆਂ ਪਿੱਛਲੱਗੂ ਬਣਾਉਣ ਲਈ ਦਬਾਅ ਪਾਉਣ ਦਾ ਰੁਝਾਨ ਵੱਧਣ ਲੱਗਾ। ਜਥੇਬੰਦਕ ਰੂਪ ਵਿਚ ਵੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਸਮੂਹਿਕ ਲੀਡਰਸ਼ਿਪ ਦੀ ਠੀਕ ਅਗਵਾਈ ਵਿਚ ਕੰਮ ਕਰਨ ਦੀ ਥਾਂ 'ਕੁੱਝ ਆਗੂਆਂ' ਦੁਆਲੇ ਘੁੰਮਣ ਲੱਗੀ ਅਤੇ ਵਿਚਾਰਧਾਰਕ ਤੇ ਜਥੇਬੰਦਕ ਰੂਪ ਵਿਚ ਅੰਦਰੋਂ ਖੋਖਲੀ ਹੋ ਗਈ। ਕਮਿਊਨਿਸਟ ਪਾਰਟੀ ਦੇ ਆਗੂ ਤੇ ਮੈਂਬਰ ਲੋਕਾਂ ਦੇ 'ਸੇਵਕ' ਦਿਸਣ ਦੀ ਥਾਂ 'ਆਪਹੁਦਰੇ ਤੇ ਭਰਿਸ਼ਟ ਮਾਲਕ'  ਦੇ ਰੂਪ ਵਿਚ ਦੇਖੇ ਜਾਣ ਲੱਗੇ, ਜਿਸਦਾ ਨਤੀਜਾ ਪਾਰਟੀ ਦਾ ਜਨ ਸਮੂਹਾਂ ਤੋਂ ਪੂਰੀ ਤਰ੍ਹਾਂ ਨਿੱਖੜ ਜਾਣ ਵਿਚ ਨਿਕਲਿਆ। 
ਰਾਜਨੀਤਕ ਤੇ ਆਰਥਿਕ ਖੇਤਰਾਂ ਵਿਚ ਵੀ ਲੋਕਾਂ ਦੀਆਂ ਇੱਛਾਵਾਂ ਤੇ ਲੋੜਾਂ ਦੇ ਸਨਮੁੱਖ ਲੋੜੀਂਦੀਆਂ ਉਸਾਰੂ ਪ੍ਰਸ਼ਾਸ਼ਨਿਕ ਤਬਦੀਲੀਆਂ ਤੇ ਵਿਕਾਸ ਨਹੀਂ ਕੀਤਾ ਗਿਆ। ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਦੇ ਬਾਵਜੂਦ ਸੋਵੀਅਤ ਢਾਂਚਾ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਮੁਕਾਬਲੇ ਉਨ੍ਹਾਂ ਨੂੰ ਘਟੀਆ ਤੇ ਦਬਾਊ ਦਿਸਣ ਲਗ ਪਿਆ। ਬਿਨਾਂ ਸ਼ੱਕ ਇਸ ਸਾਰੇ ਘਟਨਾਕਰਮ  ਪਿੱਛੇ ਬਾਹਰੀ ਤੇ ਅੰਦਰੂਨੀ ਕਮਿਊਨਿਸਟ ਦੋਖੀਆਂ ਦਾ ਵੀ ਵੱਡਾ ਹੱਥ ਸੀ, ਪ੍ਰੰਤੂ ਇਸ ਦੁਖਾਂਤ ਦੇ ਵਾਪਰਨ ਲਈ ਜ਼ਮੀਨ ਮੁਹੱਈਆ ਕਰਨ ਦੀ ਜਿੰਮੇਵਾਰੀ ਤੋਂ ਤਾਂ ਕਮਿਊਨਿਸਟ ਲੀਡਰਸ਼ਿਪ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। 
ਉਪਰੋਕਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਕਾਰਨ 70 ਸਾਲ ਤੋਂ ਵੀ ਜ਼ਿਆਦਾ ਸਮਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਸੋਵੀਅਤ ਯੂਨੀਅਨ ਦਾ ਸਮਾਜਵਾਦੀ ਪ੍ਰਬੰਧ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਕਾਰਨ ਤਬਾਹ ਹੋ ਗਿਆ। ਹੁਣ ਜਦੋਂ ਅਸੀਂ ਭਾਰਤ ਅੰਦਰ ਮੌਜੂਦਾ ਪੂੰਜੀਵਾਦੀ ਤੇ ਜਗੀਰੂ ਢਾਂਚਾ ਬਦਲਕੇ ਏਥੇ ਸਮਾਜਵਾਦ ਦੀ ਕਾਇਮੀ ਲਈ ਸੰਘਰਸ਼ ਕਰ ਰਹੇ ਹਾਂ ਤੇ ਪਾਰਲੀਮਾਨੀ ਜਮਹੂਰੀਅਤ ਦਾ ਇਕ ਹਥਿਆਰ ਵਜੋਂ ਇਸਤੇਮਾਲ ਕਰਕੇ ਇਨਕਲਾਬੀ ਲਹਿਰ ਦਾ ਪਸਾਰਾ ਤੇ ਮਜ਼ਬੂਤੀ ਕਰਨ ਲਈ ਯਤਨਸ਼ੀਲ ਹਾਂ, ਤਦ ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਉਸਾਰੀ ਦੇ ਦੌਰਾਨ ਕੀਤੀਆਂ ਗਈਆਂ ਬੱਜਰ ਗਲਤੀਆਂ ਤੋਂ, ਖਾਸਕਰ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਖਾਸੇ ਨੂੰ ਕਾਇਮ ਰੱਖਣ ਤੇ ਇਸਨੂੰ ਜਨਤਕ ਲਹਿਰ ਦੀ ਯੋਗ ਅਗਵਾਈ ਕਰਕੇ ਇਨਕਲਾਬੀ ਸੰਘਰਸ਼ ਨੂੰ ਸੰਪੂਰਨ ਕਰਨ ਦੇ ਸਮਰੱਥ ਬਣਾਉਣ ਵਰਗੇ ਮੁੱਦਿਆਂ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਾਰਟੀ ਅੰਦਰ ਹਕੀਕੀ ਜਮਹੂਰੀਅਤ, ਜੋ ਜਮਹੂਰੀ ਕੇਂਦਰੀਵਾਦ ਦੇ ਸੁਨਿਹਰੀ ਅਸੂਲ  ਦੀ ਜਿੰਦ ਜਾਨ ਹੈ, ਨੂੰ ਮਜ਼ਬੂਤ ਕਰਨ, ਸਮੁੱਚੀ ਪਾਰਟੀ ਤੇ ਕਿਰਤੀ ਜਨਸਮੂਹਾਂ ਦਾ ਰਾਜਨੀਤਕ ਤੇ ਵਿਚਾਰਧਾਰਕ ਪੱਧਰ ਉਚਿਆਉਣ, ਮੌਕਾਪ੍ਰਸਤ ਪਾਰਲੀਮਾਨੀ ਕੁਰਾਹਿਆਂ ਤੋਂ ਬਚਣ ਅਤੇ ਕੇਂਦਰ ਜਾਂ ਪ੍ਰਾਂਤ ਵਿਚ ਰਾਜ ਸੱਤਾ ਦੇ ਭਾਗੀਦਾਰ ਬਣਕੇ ਜਮਾਤੀ ਸੰਘਰਸ਼ ਦਾ ਰਾਹ ਤਿਆਗਦਿਆਂ ਹੋਇਆਂ ਉਸ ਸਥਾਪਤੀ, ਜਿਸ ਨੂੰ ਅਸੀਂ ਮੂਲ ਰੂਪ ਵਿਚ ਜੜ੍ਹੋਂ ਉਖੇੜਨਾ ਚਾਹੁੰਦੇ ਹਾਂ, ਦਾ ਅਨਿਖੜਵਾਂ ਅੰਗ ਬਣਨ ਤੋਂ ਬਚਣ ਅਤੇ ਆਪਣੇ ਦੇਸ਼ ਦੀਆਂ ਠੋਸ ਪ੍ਰਸਥਿਤੀਆਂ ਤੇ ਹਾਲਤਾਂ ਅਨੁਸਾਰ ਢੂਕਵੇਂ ਦਾਅਪੇਚ ਲਾਉਂਦਿਆਂ ਹੋਇਆਂ ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਨੂੰ ਸਜੀਵ ਮਾਰਗ ਦਰਸ਼ਕ ਦੇ ਤੌਰ 'ਤੇ ਸਮਝਣ ਆਦਿ ਵਰਗੇ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਸੰਸਾਰ ਭਰ ਵਿਚ ਸਮਾਜਵਾਦ ਨੂੰ ਵੱਜੀਆਂ ਪਛਾੜਾਂ ਦੀ ਰੌਸ਼ਨੀ ਵਿਚ ਸਮਝਣ ਨਾਲ ਬਹੁਤ ਕੁਝ ਨਵਾਂ ਹਾਸਲ ਕੀਤਾ ਜਾ ਸਕਦਾ ਹੈ ਅਤੇ ਦੇਸ਼ ਵਿਚਲੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। 
ਅਕਤੂਬਰ ਇਨਕਲਾਬ ਦੀ ਮਹਾਨ ਇਤਿਹਾਸਕ ਘਟਨਾ ਤੇ ਸਮਾਜਿਕ ਵਿਕਾਸ ਦੇ ਹੋਏ ਇਸ ਤਜ਼ਰਬੇ ਨੂੰ ਪੂੰਜੀਪਤੀ ਵਰਗ ਦੇ ਚਿੰਤਕ ਮਿਹਨਤਕਸ਼ ਲੋਕਾਂ ਦੇ ਚੇਤਿਆਂ ਵਿਚੋਂ ਹਮੇਸ਼ਾਂ ਹਮੇਸ਼ਾਂ ਲਈ ਮੇਟਣਾ ਚਾਹੁੰਦੇ ਹਨ। ਦੂਸਰੇ ਪਾਸੇ ਕਮਿਊਨਿਸਟ ਲਹਿਰ ਵਿਚਲੇ ਅਨੇਕਾਂ ਕਿਸਮਾਂ ਦੇ ਸੋਧਵਾਦੀ ਤੇ ਮੌਕਾਪ੍ਰਸਤ ਤੱਤ ਇਸ ਦੁਖਾਂਤ ਤੋਂ ਗਲਤ ਸਿੱਟੇ ਕੱਢ ਕੇ ਮਾਰਕਸਵਾਦੀ-ਲੈਨਿਨਵਾਦੀ ਵਿਗਿਆਨ ਦੀਆਂ ਮੂਲ ਸਥਾਪਨਾਵਾਂ ਨੂੰ ਹੀ ਬਦਲਣ ਜਾਂ ਤਿਲਾਂਜਲੀ ਦੇ ਕੇ ਮਿਹਨਤਕਸ਼ ਲੋਕਾਂ ਨੂੰ ਇਸ ਰਾਹ ਦਸੇਰੇ ਵਿਗਿਆਨਕ ਸਿਧਾਂਤ ਤੋਂ ਨਿਹੱਥਿਆਂ ਕਰਨਾ ਚਾਹੁੰਦੇ ਹਨ। ਕਈ ਲੋਕ ਅਕਤੂਬਰ ਇਨਕਲਾਬ ਰਾਹੀਂ ਪ੍ਰਾਪਤ ਕੀਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੌਰਾਨ ਕੀਤੀਆਂ ਭੁੱਲਾਂ ਨੂੰ ਅਣਡਿੱਠ ਕਰਕੇ ਸਿਰਫ ਅਧਿਆਤਮਵਾਦੀ ਤਰੀਕੇ ਨਾਲ ਰੂਸੀ ਇਨਕਲਾਬ ਦਾ ਗੁਣਗਾਨ ਕਰਨ ਤੱਕ ਸੀਮਤ ਰਹਿਣਾ ਚਾਹੁੰਦੇ ਹਨ। ਇਸ ਲਈ ਹਕੀਕੀ ਕਮਿਊਨਿਸਟਾਂ ਤੇ ਸਮਾਜਵਾਦ ਦੇ ਸ਼ੁਭ ਚਿੰਤਕਾਂ ਲਈ ਜ਼ਰੂਰੀ ਹੈ ਕਿ ਉਹ ਰੂਸ ਅੰਦਰ 1917 ਵਿਚ ਹੋਏ ਅਕਤੂਬਰ ਇਨਕਲਾਬ ਦੀ ਇਤਿਹਾਸਕ ਮਹੱਤਤਾ ਬਾਰੇ ਖੁਲ੍ਹ ਕੇ ਵਿਚਾਰ ਵਟਾਂਦਰਾ ਕਰਨ ਅਤੇ ਦੇਸ਼ ਦੀ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਲਈ ਸਮਾਜਵਾਦੀ ਢਾਂਚੇ ਨੂੰ ਵੱਜੀਆਂ ਪਛਾੜਾਂ ਤੇ ਇਸਦੇ ਕਾਰਨਾਂ ਉਪਰ ਉਂਗਲ ਧਰਕੇ ਭਵਿੱਖ ਵਿਚ ਇਨ੍ਹਾਂ ਤੋਂ ਸੁਚੇਤ ਰਹਿੰਦਿਆਂ ਹੋਇਆਂ ਉਨ੍ਹਾਂ ਗਲਤੀਆਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਬਾਨਣੂੰ ਬੰਨ੍ਹਣ। ਅਕਤੂਬਰ ਇਨਕਲਾਬ ਨੂੰ ਯਾਦ ਕਰਨ ਲਈ ਸ਼ਾਇਦ ਇਹ ਵਿਧੀ ਸਭ ਤੋਂ ਵਧੇਰੇ ਕਾਰਗਰ ਸਿੱਧ ਹੋ ਸਕਦੀ ਹੈ। 

No comments:

Post a Comment