Sunday, 6 July 2014

ਭੈੜੇ ਭੈੜੇ ਯਾਰ ਮੇਰੀ ਫੱਤੋ ਦੇ!

ਇੰਦਰਜੀਤ ਚੁਗਾਵਾਂ
''ਭੈੜੇ ਭੈੜੇ ਯਾਰ ਮੇਰੀ ਫੱਤੋ ਦੇ'' ਇਸ ਮੁਹਾਵਰੇ ਤੋਂ ਹਰ ਪੰਜਾਬੀ ਵਾਕਿਫ਼ ਹੈ। ਇਹ ਉਦੋਂ ਵਰਤਿਆ ਜਾਂਦਾ ਹੈ ਜਦ ਪਰਿਵਾਰ ਦੇ ਬਜ਼ੁਰਗ ਆਪਣੇ ਕਿਸੇ ਪੁੱਤ ਨੂੰ ਬੁਰੀ ਸੰਗਤ 'ਚ ਪਿਆ ਦੇਖਦੇ ਹਨ ਤੇ ਉਸ ਨੂੰ ਲੀਹ 'ਤੇ ਲਿਆਉਣ ਲਈ ਟਕੋਰ ਲਾਉਂਦਿਆਂ ਆਖਦੇ ਹਨ, ''ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।'' ਬਜ਼ੁਰਗਾਂ ਦਾ ਮਕਸਦ ਇਹੋ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤ ਇਹ ਟਕੋਰ ਸੁਣ ਕੇ ਜ਼ਰੂਰ ਆਪਣੇ ਅੰਦਰ ਝਾਕੇਗਾ ਤੇ ਬੁਰੀ ਸੰਗਤ ਤੋਂ ਖਹਿੜਾ ਛੁਡਾ ਲਵੇਗਾ ਅਤੇ ਪਰਿਵਾਰ ਲਈ ਬਦਨਾਮੀ ਦਾ ਸਬੱਬ ਨਹੀਂ ਬਣੇਗਾ। ਬਜ਼ੁਰਗ ਅਕਸਰ ਆਪਣੇ ਮਕਸਦ ਵਿਚ ਸਫਲ ਵੀ ਹੋ ਜਾਂਦੇ ਹਨ। ਐਪਰ, ਪੰਜਾਬ ਦੀ ਸਿਆਸਤ ਦੇ ਬਜ਼ੁਰਗ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹਨ ਕਿ ਉਹ ਖ਼ੁਦ ਹੀ ਉਲਟੇ ਪਾਸੇ ਚਲਦੇ ਨਜ਼ਰ ਆ ਰਹੇ ਹਨ। ਉਨ੍ਹਾ ਨੂੰ ਬਦਨਾਮੀ ਦੀ ਕੋਈ ਚਿੰਤਾ ਨਹੀਂ ਹੈ। ਉਹ ਸਗੋਂ ਆਪਣੇ 'ਭੈੜੇ ਯਾਰਾਂ' (ਵਿਧਾਇਕਾਂ) ਨੂੰ ਨਿਵਾਜ਼ ਰਹੇ ਹਨ। ਪਿਛਲੇ ਦਿਨੀਂ 10 ਜੂਨ ਨੂੰ ਕੈਬਨਿਟ 'ਚ ਕੀਤੇ ਗਏ ਵਿਸਥਾਰ ਤੋਂ ਇਹ ਗੱਲ ਭਲੀਭਾਂਤ ਸਾਹਮਣੇ ਆ ਜਾਂਦੀ ਹੈ। 
ਪੰਜਾਬ ਮੰਤਰੀ ਮੰਡਲ 'ਚ ਤਿੰਨ ਥਾਵਾਂ ਖਾਲੀ ਸਮਝੀਆਂ ਜਾ ਰਹੀਆਂ ਸਨ। ਮਾਰਚ 2012 'ਚ ਬੀਬੀ ਜਗੀਰ ਕੌਰ ਨੂੰ ਜਦ ਅਦਾਲਤ ਨੇ ਆਪਣੀ ਧੀ ਦੀ ਭੇਦ ਭਰੀ ਮੌਤ ਨਾਲ ਸਬੰਧਤ ਮੁਕੱਦਮੇ 'ਚ ਪੰਜ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਤਾਂ ਉਨ੍ਹਾ ਨੂੰ ਅਸਤੀਫਾ ਦੇਣਾ ਪਿਆ ਸੀ। ਇਸੇ ਤਰ੍ਹਾਂ ਪਿਛਲੇ ਦਿਨੀਂ ਸਰਵਣ ਸਿੰਘ ਫਿਲੌਰ ਨੂੰ ਵੀ ਅਸਤੀਫਾ ਦੇਣਾ ਪਿਆ ਕਿਉਂਕਿ ਉਨ੍ਹਾ ਦੇ ਪੁੱਤਰ ਦਮਨਵੀਰ ਸਿੰਘ ਦਾ ਨਾਂਅ ਸਿੰਥੈਟਿਕ ਡਰੱਗ ਸਕੈਂਡਲ 'ਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਹੈ। ਤੀਸਰੀ ਸੀਟ ਮਈ 2012 'ਚ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮੁਕੱਦਮੇਂ 'ਚ ਸਜ਼ਾ ਹੋਣ ਉਪਰੰਤ, ਉਨ੍ਹਾ ਵਲੋਂ ਦਿੱਤੇ ਗਏ ਅਸਤੀਫੇ ਕਾਰਨ ਖਾਲੀ ਹੋਈ ਸੀ। 
ਜਥੇਦਾਰ ਤੋਤਾ ਸਿੰਘ ਨੇ ਪਹਿਲੀ ਵਾਰ 1997 'ਚ ਮੋਗਾ ਅਸੰਬਲੀ ਹਲਕੇ ਤੋਂ ਚੋਣ ਲੜੀ ਸੀ। ਪਹਿਲੀ ਵਾਰ ਵਿਧਾਇਕ ਬਣੇ ਤੋਤਾ ਸਿੰਘ ਨੂੰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਿੱਖਿਆ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਸੀ। ਸਿੱਖਿਆ ਮੰਤਰੀ ਹੁੰਦਿਆਂ ਜਥੇਦਾਰ ਤੋਤਾ ਸਿੰਘ ਦੀ ਕਾਰਗੁਜਾਰੀ ਵਿਵਾਦਾਂ 'ਚ ਹੀ ਘਿਰੀ ਰਹੀ। ਉਨ੍ਹਾ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੀ ਭਰਤੀ 'ਚ ਵੱਡਾ ਘਪਲਾ ਹੋਇਆ। ਸਿੱਖਿਆ ਵਿਭਾਗ 'ਚ ਕਲਰਕਾਂ ਦੀ ਭਰਤੀ 'ਚ ਘਪਲਾ ਵੀ ਉਨ੍ਹਾ ਦੇ ਕਾਰਜਕਾਲ ਵੇਲੇ ਹੀ ਹੋਇਆ। ਇਨ੍ਹਾਂ ਦੋਹਾਂ ਵੱਡੇ ਘਪਲਿਆਂ 'ਚ ਜਥੇਦਾਰ ਤੋਤਾ ਸਿੰਘ ਦਾ ਨਾਂਅ ਪੂਰੇ ਜ਼ੋਰ ਸ਼ੋਰ ਨਾਲ ਸਾਹਮਣੇ ਆਇਆ। ਉਨ੍ਹਾ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ ਲੱਗਿਆ। ਮੁਕੱਦਮਾ ਚੱਲਿਆ ਤੇ 2012 'ਚ, ਜਦ ਅਕਾਲੀ-ਭਾਜਪਾ ਗਠਜੋੜ ਸਰਕਾਰ ਮੁੜ ਸੱਤਾ 'ਚ ਆਈ, ਅਦਾਲਤ ਨੇ ਉਨ੍ਹਾ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ੀ ਮੰਨਦਿਆਂ ਇਕ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਦੇ ਇਸ ਫੈਸਲੇ ਦੇ ਮੱਦੇਨਜ਼ਰ ਤੋਤਾ ਸਿੰਘ ਨੂੰ ਮਈ 2012 'ਚ ਕੈਬਨਿਟ 'ਚੋਂ ਅਸਤੀਫਾ ਦੇਣਾ ਪਿਆ। ਜਿਸ ਵੇਲੇ ਉਨ੍ਹਾ ਅਸਤੀਫਾ ਦਿੱਤਾ, ਉਹ ਖੇਤੀ ਮੰਤਰੀ ਸਨ ਤੇ ਹੁਣ ਫੇਰ ਉਨ੍ਹਾ ਨੂੰ ਖੇਤੀ ਮੰਤਰਾਲਾ ਹੀ ਮਿਲਿਆ ਹੈ। 
ਤਾਕਤ ਦੇ ਨਸ਼ੇ ਵਿਚ ਤੋਤਾ ਸਿੰਘ ਦੇ ਪਰਿਵਾਰ ਨੇ ਵੀ ਪੂਰੀ ਭੱਲ ਖੱਟੀ। ਉਨ੍ਹਾ ਦੇ ਸਾਹਿਬਜ਼ਾਦੇ ਬਰਜਿੰਦਰ ਸਿੰਘ ਬਰਾੜ ਉਰਫ ਮੱਖਣ ਦਾ ਨਾਂਅ ਬਦਨਾਮ 'ਮੋਗਾ ਸੈਕਸ ਸਕੈਂਡਲ' 'ਚ ਉਭਰ ਕੇ ਸਾਹਮਣੇ ਆਇਆ। ਇਸ ਸਕੈਂਡਲ 'ਚ ਪੰਜਾਬ ਪੁਲਸ ਦੇ ਕੁੱਝ ਸੀਨੀਅਰ ਅਫਸਰ ਵੀ ਸ਼ਾਮਲ ਸਨ। ਉਹ ਅਮੀਰਜ਼ਾਦਿਆਂ ਤੇ ਉਚ ਰੁਤਬੇ ਵਾਲੇ ਬੰਦਿਆਂ ਨੂੰ ਲੜਕੀਆਂ ਸਪਲਾਈ ਕਰਦੇ ਤੇ ਬਾਅਦ ਵਿਚ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਧੰਦਾ ਕਰਦੇ ਸਨ। ਇਸ ਸੈਕਸ ਸਕੈਂਡਲ ਨਾਲ ਸਬੰਧਤ ਮੁਕੱਦਮੇਂ 'ਚ ਬਰਜਿੰਦਰ ਬਰਾੜ ਉਰਫ ਮੱਖਣ ਖਿਲਾਫ਼ ਸੀ.ਬੀ.ਆਈ. ਦੀ ਅਦਾਲਤ 'ਚ ਦੋਸ਼ ਆਇਦ ਹੋ ਚੁੱਕੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ 'ਚ ਮੱਖਣ ਵੀ ਆਪਣੇ ਬਾਪ ਵਾਂਗ ਉਚ ਅਦਾਲਤ 'ਚ ਜਾ ਕੇ ਦੁੱਧ ਧੋਤਾ ਨਿਕਲ ਆਵੇ ਕਿਉਂਕਿ ਸੀ.ਬੀ.ਆਈ. ਕਿੰਨੀ ਕੁ ਭਰੋਸੇਯੋਗ ਜਾਂਚ ਏਜੰਸੀ ਹੈ, ਇਹ ਸਭ ਜਾਣਦੇ ਹਨ। ਦੇਸ਼ ਦੀ ਸਰਵਉਚ ਅਦਾਲਤ ਨੇ ਸੀਬੀਆਈ ਨੂੰ 'ਪਿੰਜਰੇ 'ਚ ਬੰਦ ਤੋਤਾ' ਆਖਿਆ ਹੈ। ਇਸ ਏਜੰਸੀ ਦੀ ਵਾਗਡੋਰ ਕੇਂਦਰ ਦੀ ਸਰਕਾਰ ਕੋਲ ਹੁੰਦੀ ਹੈ ਤੇ ਕੇਂਦਰ 'ਚ ਇਸ ਵਕਤ ਸਰਕਾਰ ਤੋਤਾ ਸਿੰਘ ਦੀ ਆਪਣੀ ਹੀ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗੰਭੀਰ ਦੋਸ਼ਾਂ ਅਧੀਨ ਚਲ ਰਹੇ ਮੁਕੱਦਮੇ ਦੇ ਬਾਵਜੂਦ ਮੱਖਣ ਨੂੰ ਪੰਜਾਬ ਰਾਜ ਸਿਹਤ ਕਾਰਪੋਰੇਸ਼ਨ ਦਾ ਚੇਅਰਮੈਨ ਦਾ ਅਹੁਦਾ ਦੇ ਕੇ ਨਵਾਜਿਆ ਗਿਆ ਹੈ। 
ਕੁੱਝ ਇਹੋ ਜਿਹੇ ਹੀ ਹਨ ਸੋਹਣ ਸਿੰਘ ਠੰਡਲ। ਉਹ ਦੋਆਬੇ 'ਚ ਅਕਾਲੀ ਦਲ ਦਾ ਦਲਿਤ ਚਿਹਰਾ ਹਨ। ਉਨ੍ਹਾ ਨੂੰ ਸਰਵਣ ਸਿੰਘ ਫਿਲੌਰ ਦੀ ਥਾਂ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਠੰਡਲ ਖਿਲਾਫ ਵਿਜੀਲੈਂਸ ਵਿਭਾਗ ਨੇ ਅਪ੍ਰੈਲ 2003 'ਚ ਕਾਂਗਰਸ ਦੀ ਹਕੂਮਤ ਵੇਲੇ ਬੇਹਿਸਾਬੀ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਇਹ ਜਾਇਦਾਦ ਉਨ੍ਹਾ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ 'ਤੇ ਰਹਿੰਦਿਆਂ ਬਣਾਈ ਸੀ। ਮਈ 2011 'ਚ ਮੋਹਾਲੀ ਦੀ ਅਦਾਲਤ ਨੇ ਠੰਡਲ ਨੂੰ 3 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ। ਭਾਵੇਂਕਿ ਦਸੰਬਰ 2011 'ਚ ਹਾਈਕੋਰਟ ਨੇ ਠੰਡਲ ਨੂੰ ਬਾਅਦ ਵਿਚ ਬਰੀ ਕਰ ਦਿੱਤਾ ਸੀ। 
ਕਾਨੂੰਨ ਦੀ ਨਜ਼ਰ 'ਚ ਭਾਵੇਂ ਇਹ ਆਗੂ ਪਾਕਿ-ਸਾਫ ਹੋ ਗਏ ਹੋਣ ਪਰ ਲੋਕਾਂ ਦੀ ਅਦਾਲਤ 'ਚ ਉਨ੍ਹਾਂ ਦੇ ਮੱਥੇ 'ਤੇ ਲੱਗਾ ਭਰਿਸ਼ਟਾਚਾਰ ਦਾ ਦਾਗ਼ ਜਿਓਂ ਦਾ ਤਿਓਂ ਹੈ। ਇਸ ਸਭ ਕੁੱਝ ਦੇ ਬਾਵਜੂਦ ਬਾਦਲ ਸਾਹਿਬ ਨੇ ਉਨ੍ਹਾਂ ਨੂੰ ਸਗੋਂ ਤਰੱਕੀ ਦੇ ਕੇ ਮਾਣ ਬਖਸ਼ਿਆ ਹੈ। ਠੰਡਲ ਪਹਿਲਾਂ ਮੁੱਖ ਪਾਰਲੀਮਾਨੀ ਸਕੱਤਰ ਹੋਇਆ ਕਰਦੇ ਸਨ, ਪਰ ਇਸ ਵਾਰ ਉਨ੍ਹਾ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਕੈਬਨਿਟ 'ਚ ਸ਼ਾਮਲ ਕੀਤੇ ਗਏ ਤੀਸਰੇ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜ਼ਰੂਰ ਐਸੀ ਸ਼ਖਸ਼ੀਅਤ ਹਨ ਜਿਨ੍ਹਾਂ 'ਤੇ ਅਜੇ ਤੱਕ ਕੋਈ ਪ੍ਰਤੱਖ ਦੋਸ਼ ਨਹੀਂ ਲੱਗਾ। 
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕੋਲ ਇਹ ਇਕ ਮੌਕਾ ਸੀ ਕਿ ਉਹ ਸਾਫ ਸੁਥਰੀ ਦਿਖ ਵਾਲੇ ਆਗੂ ਅੱਗੇ ਲਿਆ ਕੇ ਆਪਣੀ ਸਰਕਾਰ ਦੇ ਅਕਸ ਨੂੰ ਸੁਧਾਰਨ ਦਾ ਹੀਲਾ ਕਰਦੇ ਪਰ ਉਨ੍ਹਾ ਅਜਿਹਾ ਨਹੀਂ ਕੀਤਾ। ਦਰਅਸਲ, ਸਿਆਸਤ ਦਾ ਅਪਰਾਧੀਕਰਨ ਹੋ ਹੀ ਐਨਾ ਚੁੱਕਾ ਹੈ ਕਿ ਹੁਕਮਰਾਨ ਅਤੇ ਸੱਤਾ ਦੀਆਂ ਦਾਅਵੇਦਾਰ ਪਾਰਟੀਆਂ 'ਚ ਪਾਕਿ-ਸਾਫ ਬੰਦੇ ਦੀ ਭਾਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਕੋਈ ਇਮਾਨਦਾਰ, ਸਾਫ ਸੁਥਰਾ ਵਿਅਕਤੀ ਅੱਵਲ ਤਾਂ ਬੁਰਜ਼ਵਾ ਸਿਆਸਤ ਵੱਲ ਮੂੰਹ ਨਹੀਂ ਕਰਦਾ ਤੇ ਜੇ ਕਰਦਾ ਵੀ ਹੈ ਤਾਂ ਉਸਦੇ ਪੈਰ ਨਹੀਂ ਲੱਗਣ ਦਿੱਤੇ ਜਾਂਦੇ। ਨਸ਼ਿਆਂ ਦੇ ਤਸਕਰਾਂ, ਬਲਾਤਕਾਰ, ਕਤਲ, ਅਗਵਾ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ 'ਜਥੇਦਾਰੀਆਂ' ਵੀ ਬਖਸ਼ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਉਹ ਪੈਸੇ ਅਤੇ ਲਾਠੀਆਂ ਦੇ ਜ਼ੋਰ ਨਾਲ ਵੋਟਾਂ ਇਕੱਠੀਆਂ ਕਰਨ ਵਿਚ ਸਹਾਈ ਸਿੱਧ ਹੁੰਦੇ ਹਨ। ਇਸ ਲਈ ਸ. ਬਾਦਲ ਨੂੰ ਵੀ 'ਭੈੜੇ ਯਾਰਾਂ' ਨਾਲ ਹੀ ਕੰਮ ਚਲਾਉਣਾ ਪੈਣਾ ਸੀ। ਇਕੱਠੇ ਕੀਤੇ ਅਜਿਹੇ ਕੋੜਮੇਂ 'ਚੋਂ ਭੱਦਰਪੁਰਸ਼ ਭਲਾ ਕਿਥੋਂ ਮਿਲਣਾ ਸੀ? 
ਅਜਿਹੇ ਹਾਲਾਤ ਵਿਚ ਪੰਜਾਬ ਦੀ ਸਿਆਸਤ ਦੇ ਇਸ ਬਜ਼ੁਰਗ ਨੂੰ ਲੀਹ 'ਤੇ ਲਿਆਉਣ ਲਈ ਭਲਾ ਕਿਹੜਾ ਬਜ਼ੁਰਗ ਇਹ ਆਖ ਕੇ ਟਕੋਰ ਲਾ ਕੇ ਲੀਹ 'ਤੇ ਲਿਆਉਣ ਦਾ ਯਤਨ ਕਰੇਗਾ ਕਿ ''ਭੈੜੇ ਭੈੜੇ ਯਾਰ ਮੇਰੀ ਫੱਤੋ ਦੇ!''

No comments:

Post a Comment