Wednesday 2 July 2014

ਦੁਖਦਾਈ ਹੈ, ਬਿਆਸ ਦਰਿਆ 'ਚ ਆਂਧਰਾ ਪ੍ਰਦੇਸ਼ ਦੇ 24 ਨੌਜਵਾਨਾਂ ਦਾ ਰੁੜ੍ਹ ਜਾਣਾ

ਇਕ ਬਹੁਤ ਹੀ ਦੁਖਦਾਈ ਦੁਰਘਟਨਾ ਵਿਚ 8 ਜੂਨ ਨੂੰ ਹੈਦਰਾਬਾਦ (ਆਂਧਰਾ ਪ੍ਰਦੇਸ਼-ਤਿਲੰਗਾਨਾ) ਤੋਂ ਹਿਮਾਚਲ ਪ੍ਰਦੇਸ਼ ਵਿਚ ਸੈਰ ਕਰਨ ਆਏ ਇਕ ਇੰਜੀਨੀਅਰਿੰਗ ਕਾਲਜ ਦੇ 24 ਨੌਜਵਾਨ ਵਿਦਿਆਰਥੀ ਬਿਆਸ ਦਰਿਆ ਵਿਚ ਰੁੜ੍ਹ ਗਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਗਰਮੀ ਤੋਂ ਰਾਹਤ ਪਾਉਣ ਲਈ ਥਲੌਟ ਵਿਖੇ ਬਸ ਤੋਂ ਉਤਰਕੇ ਬਿਆਸ ਦਰਿਆ ਦੇ ਕੰਢੇ ਉਤੇ ਆਰਾਮ ਕਰਨ ਲੱਗ ਪਏ ਸਨ। ਉਸ ਥਾਂ ਤੋਂ ਉਪਰਲੇ ਪਾਸੇ ਸਥਿਤ ਲਾਰਜੀ ਡੈਮ ਵਲੋਂ ਇਕਦਮ ਪਾਣੀ ਛੱਡੇ ਜਾਣ ਨਾਲ ਉਹ ਕੁੱਝ ਪਲਾਂ ਵਿਚ ਹੀ ਦਰਿਆ ਵਿਚ ਪਾਣੀ ਦੇ ਪੱਧਰ ਦੇ ਕਾਫੀ ਵੱਧ ਜਾਣ ਕਰਕੇ ਅਤੇ ਉਸਦੀ ਤੇਜ ਰਫਤਾਰ ਕਰਕੇ ਰੁੜ੍ਹ ਗਏ। ਇਸ ਤਰ੍ਹਾਂ ਸੈਰ 'ਤੇ ਆਏ ਵਿਦਿਆਰਥੀਆਂ ਵਿਚੋਂ ਅੱਧੇ 24 ਨੌਜਵਾਨ ਅਤੇ ਉਨ੍ਹਾਂ ਦਾ ਇਕ ਟੂਰ ਆਪਰੇਟਰ ਕਾਲ ਦੇ ਸ਼ਿਕਾਰ ਬਣ ਗਏ। 
ਇਹ ਹਾਦਸਾ ਜਿੱਥੇ ਬਹੁਤ ਹੀ ਦੁਖਦਾਈ ਅਤੇ ਹਿਰਦੇਵੇਧਕ ਹੈ। ਇਸ ਦੁਰਘਟਨਾ ਬਾਰੇ ਮੰਡੀ ਦੇ ਡਵੀਜ਼ਨਲ ਕਮਿਸ਼ਨਰ ਵਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਨਾਰਦਰਨ ਪਾਵਰ ਗਰਿਡ ਜਿਹੜਾ ਕਿ ਕੌਮੀ ਪੱਧਰ 'ਤੇ ਸਮੁੱਚੇ ਦੇਸ਼ ਨੂੰ ਬਿਜਲੀ ਸਪਲਾਈ ਕਰਨ ਵਾਲੇ ਨਿਜਾਮ ਨਾਲ ਜੁੜਿਆ ਹੈ, ਦੇ ਵਾਧੂ ਬਿਜਲੀ ਪੈਦਾ ਹੋਣ ਕਰਕੇ ਨੁਕਸਾਨੇ ਜਾਣ ਦੇ ਅੰਦੇਸ਼ੇ ਦੀ ਸਥਿਤੀ ਆਉਣ ਕਰਕੇ ਲਾਰਜੀ ਡੈਮ, ਜਿਹੜਾ ਕਿ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦਾ ਅਦਾਰਾ ਹੈ, ਨੂੰ ਆਪਣੀ ਬਿਜਲੀ ਉਤਪਾਦਨ ਦੀ ਸਮਰਥਾ 8 ਜੂਨ ਸ਼ਾਮ ਨੂੰ 126 ਮੈਗਾਵਾਟ ਤੋਂ ਥੋੜੇ ਸਮੇਂ ਵਿਚ ਪੜਾਅਵਾਰ ਘਟਾਕੇ 32 ਮੈਗਾਵਾਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਹ ਡੈਮ, ਅਜਿਹਾ ਡੈਮ ਹੈ ਜਿਸਦੀ ਬਿਜਲੀ ਉਤਪਾਦਨ ਮਸ਼ੀਨਰੀ ਦਰਿਆ ਦੇ ਸਿੱਧੇ ਵਗਦੇ ਪਾਣੀ ਨਾਲ ਚਲਦੀ ਹੈ, ਜੇਕਰ ਉਤਪਾਦਨ ਘੱਟ ਕਰਨਾ ਹੈ ਤਾਂ ਡੈਮ ਤੋਂ ਪਾਣੀ ਵਧੇਰੇ ਮਾਤਰਾ ਵਿਚ ਛੱਡਣਾ ਪਵੇਗਾ, ਨਹੀਂ ਤਾਂ ਡੈਮ ਰੁੜ੍ਹ ਸਕਦਾ ਹੈ, ਕਿਉਂਕਿ ਡੈਮ ਤੋਂ ਪਹਿਲਾਂ ਪਾਣੀ ਨੂੰ ਰੋਕਣ ਲਈ ਕੋਈ ਝੀਲ ਨਹੀਂ ਹੈ। ਇਸੇ ਲਈ ਸ਼ਾਮ 6 ਵਜੇ ਤੋਂ 6.15 ਵਜੇ ਦਰਮਿਆਨ ਜਦੋਂ ਉਤਪਾਦਨ ਘਟਾਉਣ ਦਾ ਨਿਰਦੇਸ਼ ਆਇਆ ਤਾਂ ਪਾਣੀ 20 ਕਿਊਸੈਕ ਤੋਂ ਵਧਾਕੇ 50 ਕਿਊਸੈਕ ਛੱਡਿਆ ਜਾਣ ਲੱਗਾ, ਹੋਰ ਉਤਪਾਦਨ ਘੱਟ ਕਰਨ ਦਾ ਨਿਰਦੇਸ਼ ਮਿਲਣ 'ਤੇ 6.15 ਤੋਂ 6.45 ਤੱਕ ਇਹ 150 ਕਿਊਸੈਕ ਕੀਤਾ ਗਿਆ। ਉਤਪਾਦਨ ਨੂੰ 32 ਮੈਗਾਵਾਟ ਲਿਆਉਣ ਲਈ ਅਗਲੇ 15 ਮਿੰਟਾਂ ਵਿਚ ਹੀ 7 ਵਜੇ ਇਹ ਪਾਣੀ ਤਿਗੂਣੀ ਮਾਤਰਾ ਵਿਚ 450 ਕਿਊਸੈਕ ਛੱਡਿਆ ਜਾਣ ਲੱਗ ਪਿਆ। ਇਸ ਤਰ੍ਹਾਂ ਦਰਿਆ ਵਿਚ ਇਕਦਮ 15 ਮਿੰਟਾਂ ਵਿਚ ਹੀ ਤਿਗਣੀ ਮਾਤਰਾ ਵਿਚ ਪਾਣੀ ਵੱਗਣ ਲੱਗਾ, ਪਾਣੀ ਇਕਦਮ ਵੱਧ ਜਾਣ ਨਾਲ, ਬਿਆਸ ਦਰਿਆ ਦੇ ਕਿਨਾਰੇ 'ਤੇ ਖੜੇ-ਬੈਠੇ ਇਨ੍ਹਾਂ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਅਤੇ 24 ਨੌਜਵਾਨ ਉਸ ਪਾਣੀ ਵਿਚ ਰੁੜ੍ਹ ਗਏ, ਜਿਨ੍ਹਾਂ ਵਿਚੋਂ 8 ਨੌਜਵਾਨਾਂ ਦੀਆਂ ਮਿਰਤਕ ਦੇਹਾਂ ਅੱਜ ਤੱਕ ਵੀ ਨਹੀਂ ਲਭ ਸਕੀਆਂ ਹਨ। 
ਲਾਰਜੀ ਡੈਮ ਤੋਂ ਉਪਰ ਸਥਿਤ ਬਸਪਾ ਪ੍ਰੋਜੈਕਟ 8 ਜੂਨ ਨੂੰ ਆਪਣੀ 300 ਮੈਗਾਵਾਟ ਦੀ ਸਮਰੱਥਾ ਦੀ ਥਾਂ 330 ਮੈਗਾਵਾਟ ਬਿਜਲੀ ਪੈਦਾ ਕਰਦਾ ਰਿਹਾ ਸੀ। ਨਾਰਦਰਨ ਗਰਿਡ ਵਿਚ ਵਧੇਰੇ ਬਿਜਲੀ ਜਾਣ ਕਰਕੇ ਨੁਕਸ ਪੈਣ ਦੀ ਸਥਿਤੀ ਵਿਚ ਜੇ.ਪੀ. ਕੰਪਨੀ ਦੀ ਮਾਲਕੀ ਵਾਲੇ ਇਸ ਨਿਜੀ ਪ੍ਰੋਜੈਕਟ ਨੂੰ ਵਧੇਰੇ ਬਿਜਲੀ ਉਤਪਾਦਤ ਕਰਨ ਤੋਂ ਨਹੀਂ ਰੋਕਿਆ ਗਿਆ। ਇਸੇ ਤਰ੍ਹਾਂ ਲਾਰਜੀ ਡੈਮ ਤੋਂ ਉਪਰਲੇ ਪਾਸੇ ਬਿਆਸ ਦਰਿਆ ਉਤੇ ਸਥਿਤ ਕਰਚਮ ਵਾਂਗਤੂ ਪ੍ਰੋਜੈਕਟ ਜਿਹੜਾ 1000 ਮੈਗਾਵਾਟ ਉਤਪਾਦਨ ਕਰਦਾ ਹੈ ਅਤੇ ਜੇ.ਪੀ.ਗਰੁਪ ਦੀ ਮਾਲਕੀ ਵਾਲਾ ਹੈ, ਦੀ ਇਕ ਟਰਬਾਇਨ ਬੰਦ ਕਰਕੇ ਹੀ ਉਤਪਾਦਨ ਘੱਟ ਕੀਤਾ ਜਾ ਸਕਦਾ ਸੀ। ਕਿਉਂਕਿ ਉਸ ਕੋਲ ਝੀਲ ਹੋਣ ਕਰਕੇ ਵਾਧੂ ਪਾਣੀ ਉਸ ਵਿਚ ਸਮਾਅ ਸਕਦਾ ਸੀ। ਉਸਨੂੰ ਵੀ ਉਤਪਾਦਨ ਘੱਟ ਕਰਨ ਲਈ ਨਹੀਂ ਕਿਹਾ ਗਿਆ। ਇਥੇ ਇਹ ਵਰਣਨਯੋਗ ਹੈ ਕਿ ਜੇ.ਪੀ. ਗਰੁੱਪ ਦੇ ਇਨ੍ਹਾਂ ਪ੍ਰੋਜੈਕਟਾਂ ਤੋਂ ਬਿਜਲੀ ਹਿਮਾਚਲ ਰਾਜ ਬਿਜਲੀ ਬੋਰਡ ਖਰੀਦਦਾ ਹੈ। ਇਸੇ ਤਰ੍ਹਾਂ ਸਤਲੁਜ ਜਲ ਵਿਦਯੁਤ ਨਿਗਮ ਦੇ 1500 ਮੈਗਾਵਾਟ ਵਾਲੇ ਨਾਥਪਾ ਝਾਖੜੀ ਨੂੰ ਵੀ ਉਤਪਾਦਨ ਘਟਾਉਣ ਲਈ ਨਹੀਂ ਕਿਹਾ ਗਿਆ। ਜਨਤਕ ਖੇਤਰ ਦੇ 126 ਮੈਗਾਵਾਟ ਵਾਲੇ ਅਦਾਰੇ ਲਾਰਜੀ ਪ੍ਰੋਜੈਕਟ ਨੂੰ ਉਤਪਾਦਨ ਇਕਦਮ ਘਟਾਉਣ ਲਈ ਨਿਰਦੇਸ਼ ਦਿੱਤੇ ਗਏ। ਜਿਸ ਦੇ ਸਿੱਟੇ ਵਜੋਂ 24 ਨੌਜਵਾਨ ਕਾਲ ਦੀ ਭੇਟ ਚੜ੍ਹ ਗਏ। ਇਸ ਤਰ੍ਹਾਂ ਸਪੱਸ਼ਟ ਰੂਪ ਵਿਚ ਪ੍ਰਸ਼ਾਸਨ ਤੇ ਅਫਸਰਸ਼ਾਹੀ ਦੀ ਪੂੰਜੀਪਤੀਆਂ ਦੇ ਹਿੱਤਾਂ ਦਾ ਧਿਆਨ ਰੱਖਣ ਦੀ ਮਾਨਸਿਕਤਾ, ਜਿਸ ਪਿੱਛੇ ਭਰਿਸ਼ਟਾਚਾਰ ਚਾਲਕ ਸ਼ਕਤੀ ਹੁੰਦਾ ਹੈ ਅਤੇ ਲਾਪਰਵਾਹੀ ਇਨ੍ਹਾਂ ਨੌਜਵਾਨਾਂ ਨਾਲ ਵਾਪਰੀ ਦੁਰਘਟਨਾ ਦਾ ਕਾਰਨ ਹੈ। 
'ਸੰਗਰਾਮੀ ਲਹਿਰ' ਇਨ੍ਹਾਂ ਅਕਾਲ ਮੌਤ ਦੀ ਗੋਦ ਵਿਚ ਚਲੇ ਜਾਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਉਨ੍ਹਾਂ ਦੇ ਇਸ ਹਿਰਦੇਵੇਧਕ ਦੁਖ ਵਿਚ ਸ਼ਰੀਕ ਹੁੰਦਾ ਹੈ। 

No comments:

Post a Comment