ਕੌਮਾਂਤਰੀ ਪਿੜ
- ਰਵੀ ਕੰਵਰ
ਮੱਧ ਪੂਰਬ ਏਸ਼ੀਆਈ ਦੇਸ਼ ਇਰਾਕ ਦੇ ਦੂਜੇ ਵੱਡੇ ਸ਼ਹਿਰ ਮੋਸੂਲ ਉਤੇ ਸੁੰਨੀ ਮੁਸਲਮ ਬੁਨਿਆਦਪ੍ਰਸਤ ਜਿਹਾਦੀ ਸੰਗਠਨ 'ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ' (ਆਈ.ਐਸ.ਆਈ.ਐਸ.) ਨੇ ਕਬਜ਼ਾ ਕਰਕੇ ਦੇਸ਼ ਵਿਚ ਚਲ ਰਹੇ ਗ੍ਰਹਿਯੁੱਧ ਨੂੰ ਨਵਾਂ ਆਯਾਮ ਪ੍ਰਦਾਨ ਕਰ ਦਿੱਤਾ ਹੈ। ਇਸ ਤਰ੍ਹਾਂ ਇਸ ਟਕਰਾਅ ਨੇ ਹੁਣ ਮੁਸਲਮ ਧਰਮ ਵਿਚਲੇ ਹੀ ਦੋ ਫਿਰਕਿਆਂ ਸੁੰਨੀ ਅਤੇ ਸ਼ੀਆ ਦਰਮਿਆਨ ਹਿੰਸਾ ਨੂੰ ਤਿੱਖਾ ਕਰਦੇ ਹੋਏ ਇਰਾਕ ਦੇ ਵੰਡੇ ਜਾਣ ਦੀਆਂ ਸੰਭਾਵਨਾਵਾਂ ਨੂੰ ਬਲ ਪ੍ਰਦਾਨ ਕੀਤਾ ਹੈ।
ਸੁੰਨੀ ਅਤੇ ਸ਼ੀਆ ਦੋਵੇਂ ਹੀ ਇਸਲਾਮ ਧਰਮ ਨੂੰ ਮੰਨਣ ਵਾਲੇ ਦੋ ਫਿਰਕੇ ਹਨ। ਇਨ੍ਹਾਂ ਫਿਰਕਿਆਂ ਦਰਮਿਆਨ ਵੱਖਰੇਵੇਂ ਨੂੰ ਵੀ ਜਾਨਣਾ ਚਾਹੀਦਾ ਹੈ। ਇਸਲਾਮ ਧਰਮ ਬਾਰੇ ''ਆਸਕ ਇਸਲਾਮ ਡਾਟ ਕਾਮ'' ਵੈਬਸਾਇਟ ਮੁਤਾਬਕ ਸੁੰਨੀ ਅਤੇ ਸ਼ੀਆ ਫਿਰਕਿਆਂ ਦਰਮਿਆਨ ਵੱਖਰੇਵਾਂ ਅਗਵਾਈ ਨੂੰ ਲੈ ਕੇ ਹੈ। ਜਿਸਦੀਆਂ ਜੜ੍ਹਾਂ ਇਸ ਧਰਮ ਦੇ ਬਾਨੀ ਪੈਗੰਬਰ ਮੁਹੰਮਦ ਸਾਹਿਬ ਦੇ ਦਿਹਾਂਤ ਦੇ ਕਾਲ ਤੱਕ ਪੁੱਜਦੀਆਂ ਹਨ। ਪੈਗੰਬਰ ਸਾਹਿਬ ਦੇ ਦਿਹਾਂਤ ਤੋਂ ਬਾਅਦ ਪੈਰੋਕਾਰਾਂ ਦੇ ਵੱਡੇ ਹਿੱਸੇ ਅਤੇ ਉਨ੍ਹਾਂ ਦੇ ਬਹੁਤੇ ਸਾਥੀਆਂ ਦਾ ਵਿਚਾਰ ਸੀ ਕਿ ਇਸਲਾਮ ਦੀ ਅਗਵਾਈ ਉਨ੍ਹਾਂ ਦੇ ਸਭ ਤੋਂ ਵਧੇਰੇ ਕਾਬਲ ਸਹਿਯੋਗੀ ਕੋਲ ਹੋਣੀ ਚਾਹੀਦੀ ਹੈ। ਇਸ ਅਨੁਸਾਰ ਉਨ੍ਹਾਂ ਦੇ ਨੇੜਲੇ ਸਾਥੀ ਤੇ ਸਲਾਹਕਾਰ ਅਬੂ ਬਕਰ ਨੂੰ ਇਸਲਾਮ ਰਾਸ਼ਟਰ ਦਾ ਆਗੂ ਬਣਾਇਆ ਗਿਆ। ਇਸ ਧਾਰਾ ਨੂੰ ਮੰਨਣ ਵਾਲੇ ਸੁੰਨੀ ਮੁਸਲਮਾਨ ਹਨ। ਜਦੋਂਕਿ ਸ਼ੀਆ ਫਿਰਕੇ ਨੂੰ ਮੰਨਣ ਵਾਲਿਆਂ ਦਾ ਵਿਸ਼ਵਾਸ ਸੀ ਕਿ ਪੈਗੰਬਰ ਮੁਹੰਮਦ ਸਾਹਿਬ ਦੇ ਦਿਹਾਂਤ ਤੋਂ ਬਾਅਦ ਆਗੂ ਉਨ੍ਹਾਂ ਦੇ ਪਰਿਵਾਰ ਵਿਚੋਂ ਜਾਂ ਉਨ੍ਹਾਂ ਵਲੋਂ ਨਿਯੁਕਤ ਇਮਾਮਾਂ ਵਿਚੋਂ ਹੋਣਾ ਚਾਹੀਦਾ ਹੈ। ਅਤੇ ਇਸ ਅਨੁਸਾਰ ਪੈਗੰਬਰ ਸਾਹਿਬ ਦੇ ਜਵਾਈ ਅਲੀ ਬਿਨ ਅਬੂ ਤਾਲਿਬ ਨੂੰ ਆਗੂ ਬਣਾਇਆ ਗਿਆ ਸੀ। ਇਸ ਵੱਖਰੇਵੇਂ ਦੇ ਆਧਾਰ ਉਤੇ ਮੁਸਲਮ ਧਰਮ ਵਿਚ ਸੁੰਨੀ ਅਤੇ ਸ਼ੀਆ ਫਿਰਕੇ ਅੱਜ ਤੱਕ ਚਲ ਰਹੇ ਹਨ। ਦੁਨੀਆਂ ਭਰਦੇ 1 ਅਰਬ 60 ਲੱਖ ਦੇ ਲਗਭਗ ਇਸਲਾਮ ਦੇ ਪੈਰੋਕਾਰਾਂ ਵਿਚੋਂ 85-90% ਸੁੰਨੀ ਹਨ, ਸ਼ੀਆ ਸਿਫਰ 10-15% ਹੀ ਹਨ।
ਆਈ.ਐਸ.ਆਈ.ਐਸ. ਸੁੰਨੀ ਬੁਨਿਆਦਪ੍ਰਸਤ ਜਿਹਾਦੀ ਸੰਗਠਨ, ਜਿਸਦੀ ਅਗਵਾਈ ਅਬੂ ਬਕਰ ਅਲ ਬਗਦਾਦੀ ਕਰਦਾ ਹੈ, 2006 ਵਿਚ ਹੋਂਦ ਵਿਚ ਆਇਆ ਸੀ। ਇਹ ਮੁਸਲਮ ਜਿਹਾਦੀ ਸੰਗਠਨ ਅਲ ਕਾਇਦਾ ਤੋਂ ਹੀ ਪੈਦਾ ਹੋਇਆ ਇਕ ਜਿਹਾਦੀ ਸੰਗਠਨ ਹੈ। ਇਸ ਵੇਲੇ ਸੀਰੀਆ ਦੇ ਮੈਡੀਟੇਰੀਅਨ ਸਾਗਰ ਤੱਟ ਤੋਂ ਸ਼ੁਰੂ ਕਰਕੇ ਇਰਾਕ ਦੀ ਰਾਜਧਾਨੀ ਬਗਦਾਦ ਦੇ ਦੱਖਣੀ ਹਿੱਸੇ ਤੱਕ ਫੈਲਿਆ ਸੈਂਕੜਿਆਂ ਮੁਰੱਬਾ ਮੀਲ ਦਾ ਖੇਤਰ ਇਸਦੇ ਕਬਜ਼ੇ ਅਧੀਨ ਹੈ। ਸੀਰੀਆ ਦੀ ਬਸ਼ਰ-ਅਲ-ਅਸਦ ਸਰਕਾਰ ਵਿਰੁੱਧ ਚਲ ਰਹੇ ਗ੍ਰਹਿ ਯੁੱਧ ਵਿਚ ਹਿੱਸਾ ਲੈਂਦਿਆਂ ਇਸਨੇ ਇਕ ਹੋਰ ਸੁੰਨੀ ਅੱਤਵਾਦੀ ਸੰਗਠਨ ਅਲ-ਨੁਸਰਾ, ਜਿਸਨੂੰ ਸਾਉਦੀ ਅਰਬ ਦੀ ਸਰਪ੍ਰਸਤੀ ਹਾਸਲ ਸੀ ਨਾਲ ਟੱਕਰ ਲੈਂਦੇ ਹੋਏ ਸੀਰੀਆ ਦੇ ਇਰਾਕ ਨਾਲ ਲੱਗਦੇ ਸੁੰਨੀ ਬਹੁਲ ਖੇਤਰਾਂ ਉਤੇ ਕਬਜ਼ਾ ਕੀਤਾ। ਜਿਸ ਲਈ ਇਸਨੂੰ ਅਲ ਕਾਇਦਾ ਵਲੋਂ ਆਪਣੀਆਂ ਸਫਾਂ ਵਿਚੋਂ ਛੇਕ ਦਿੱਤਾ ਗਿਆ। ਇਰਾਕ ਦੀ ਨੂਰੀ ਅਲ-ਮਾਲੀਕੀ ਸਰਕਾਰ ਵਿਰੁੱਧ ਸੁੰਨੀ ਮੁਸਲਮਾਨ ਅਬਾਦੀ ਵਿਚ ਪਸਰੀ ਬੇਚੈਨੀ ਤੇ ਨਫਰਤ ਦਾ ਲਾਹਾ ਲੈਂਦੇ ਹੋਏ ਜਨਵਰੀ ਵਿਚ ਹੀ ਇਸਨੇ ਫਾਲੂਜਾ ਅਤੇ ਰਾਮਾਦੀ ਉਤੇ ਕਬਜ਼ਾ ਕਰ ਲਿਆ ਸੀ। ਸੁੰਨੀ ਆਬਾਦੀ ਵਿਚ ਨੂਰੀ ਅਲ-ਮਾਲੀਕੀ ਸਰਕਾਰ ਵਿਰੁੱਧ ਐਨੀ ਜ਼ਿਆਦਾ ਨਫਰਤ ਹੈ ਕਿ ਇਰਾਕ ਦੇ ਦੂਜੇ ਵੱਡੇ ਸ਼ਹਿਰ ਅਤੇ ਪ੍ਰਾਂਤ ਨਿਨਵੇਹਾ ਦੀ ਰਾਜਧਾਨੀ ਮੋਸੂਲ, ਜਿਸਦੀ ਆਬਾਦੀ 20 ਲੱਖ ਦੇ ਕਰੀਬ ਹੈ, ਉਤੇ ਕਬਜ਼ਾ ਕਰਨ ਲਈ ਆਈ.ਐਸ.ਆਈ.ਐਸ. ਨੇ ਆਪਣੇ ਸਿਰਫ ਆਪਣੇ 1200 ਲੜਾਕੇ ਹੀ ਭੇਜੇ ਸਨ। ਅਤੇ ਐਨੀ ਛੋਟੀ ਜਿਹੀ ਗਿਣਤੀ ਵਿਰੁੱਧ 30,000 ਦੀ ਗਿਣਤੀ ਵਾਲੀ ਇਰਾਕੀ ਫੌਜ ਨੇ ਕੋਈ ਖਾਸ ਪ੍ਰਤੀਰੋਧ ਨਹੀਂ ਕੀਤਾ। ਬਲਕਿ ਉਹ ਆਪਣੇ ਪਿੱਛੇ ਫੌਜੀ ਅਸਲੇ ਅਤੇ ਸਾਜੋ ਸਮਾਨ ਦਾ ਵੱਡਾ ਭੰਡਾਰ ਛੱਡਕੇ ਭੱਜ ਗਈ, ਜਿਸ ਵਿਚ ਗੋਲੇ ਬਾਰੂਦ ਤੋਂ ਲੈ ਕੇ ਮਸ਼ੀਨਗੰਨਾਂ ਤੇ ਹੈਲੀਕਾਪਟਰ ਤੱਕ ਸ਼ਾਮਲ ਸਨ। ਇਸ ਭੰਡਾਰ ਉਤੇ ਕਬਜ਼ਾ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਸ਼ਹਿਰ ਉਤੇ ਆਪਣਾ ਕੰਟਰੋਲ ਕਾਇਮ ਕਰ ਲਿਆ ਅਤੇ ਸ਼ਹਿਰ ਦੇ ਬੈਂਕਾਂ ਅਤੇ ਸਰਕਾਰੀ ਖਜ਼ਾਨੇ 'ਚੋਂ ਲਗਭਗ 4000 ਲੱਖ ਡਾਲਰ ਤੋਂ ਵੱਧ ਦੀ ਨਕਦੀ ਅਤੇ ਹੋਰ ਕੀਮਤੀ ਵਸਤਾਂ ਆਪਣੇ ਕਬਜ਼ੇ ਵਿਚ ਲੈ ਲਈਆਂ। ਸ਼ਹਿਰ ਦੇ ਵਸਨੀਕਾਂ ਵਲੋਂ ਇਸ ਕਬਜ਼ੇ ਵਿਰੁੱਧ ਕੋਈ ਵੀ ਵਿਰੋਧ ਜਾਂ ਨਰਾਜਗੀ ਪ੍ਰਗਟ ਨਹੀਂ ਕੀਤੀ ਗਈ। ਬਲਕਿ ਸ਼ਹਿਰ ਦੀ ਬਹੁਤੀ ਆਬਾਦੀ ਇਰਾਕ ਦੀ ਸਰਕਾਰੀ ਫੌਜ ਦੇ ਭੱਜਣ ਤੋਂ ਖੁਸ਼ ਸੀ। ਉਹ ਉਸਨੂੰ ਇਕ ਕਾਬਜ਼ ਸ਼ੀਆ ਫੌਜ ਦੇ ਰੂਪ ਵਿਚ ਦੇਖਦੇ ਸਨ। ਮੋਸੂਲ ਦੇ ਇਕ ਵਸਨੀਕ ਅਲੀ ਆਜ਼ਿਜ਼ ਵਲੋਂ 'ਗਾਰਜੀਅਨ' ਅਖਬਾਰ ਨੂੰ ਦਿੱਤਾ ਗਿਆ ਪ੍ਰਤੀਕਰਮ ਇਸਨੂੰ ਬਖੂਬੀ ਪੇਸ਼ ਕਰਦਾ ਹੈ : ''ਮੈਂ ਆਪਣੇ ਆਪ ਨੂੰ ਇਕ ਡਰਾਉਣੇ ਸੁਪਨੇ ਤੋਂ ਆਜ਼ਾਦ ਮਹਿਸੂਸ ਕਰ ਰਿਹਾ ਹਾਂ, ਜਿਹੜਾ ਕਿ ਪਿਛਲੇ 11 ਸਾਲਾਂ ਤੋਂ ਸਾਡਾ ਸਾਹ ਘੁੱਟ ਰਿਹਾ ਸੀ। ਫੌਜ ਅਤੇ ਪੁਲਸ ਲੋਕਾਂ ਨੂੰ ਲਗਾਤਾਰ ਗ੍ਰਿਫਤਾਰ ਕਰ ਰਹੀ ਸੀ, ਜੇਲ੍ਹਾਂ ਵਿਚ ਸੁੱਟ ਰਹੀ ਸੀ ਅਤੇ ਮਾਰ ਰਹੀ ਸੀ। ਗ੍ਰਿਫਤਾਰ ਕੀਤੇ ਲੋਕਾਂ ਨੂੰ ਛੱਡਣ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਰਿਸ਼ਵਤ ਲਈ ਜਾਂਦੀ ਸੀ। ਮੈਂ ਅਤੇ ਮੇਰੇ ਗੁਆਂਢੀ ਇਹ ਖ਼ਬਰ ਸੁਣਨ ਲਈ ਬੇਤਾਬ ਸੀ ਕਿ ਦੇਸ਼ ਦੇ ਹੋਰ ਛੇ ਸੁੰਨੀ ਪ੍ਰਾਂਤ ਆਈ.ਐਸ.ਆਈ.ਐਸ. ਦੇ ਕਬਜ਼ੇ ਹੇਠ ਕਦੋਂ ਆਉਂਦੇ ਹਨ, ਜਿਸ ਨਾਲ ਸਾਡੇ ਸੁੰਨੀ ਕਬਜ਼ੇ ਵਾਲੇ ਰਾਜ ਦਾ ਐਲਾਨ ਹੋ ਸਕੇ, ਜਿਵੇਂ ਕਿ ਤਿੰਨ ਸੂਬਿਆਂ 'ਤੇ ਕਬਜ਼ਾ ਕਰਨ ਤੋਂ ਬਾਅਦ ਕੁਰਦਸਤਾਨ ਬਾਰੇ ਐਲਾਨ ਕੀਤਾ ਗਿਆ ਹੈ।''
ਮੋਸੂਲ ਵਿਚ ਜੰਗ ਦੇ ਛਿੜਨ ਦੇ ਡਰ ਤੋਂ 5 ਲੱਖ ਲੋਕ ਜ਼ਰੂਰ ਸ਼ਹਿਰ ਛੱਡਕੇ ਕੁਰਦ ਕਬਜ਼ੇ ਵਾਲੇ ਉਤਰੀ ਖੇਤਰ ਵਿਚ ਪਨਾਹ ਦੀ ਭਾਲ ਵਿਚ ਚਲੇ ਗਏ ਹਨ। ਮੋਸੂਲ 'ਤੇ ਕਬਜ਼ਾ ਕਰਨ ਤੋਂ ਫੌਰੀ ਬਾਅਦ ਸੱਦਾਮ ਹੁਸੈਨ ਦੇ ਗ੍ਰਹਿ ਨਗਰ ਤਿਕਰਿਤ ਅਤੇ ਕੁੱਝ ਹੋਰ ਸ਼ਹਿਰਾਂ 'ਤੇ ਵੀ ਆਈ.ਐਸ.ਆਈ.ਐਸ. ਨੇ ਕਬਜ਼ਾ ਕਰ ਲਿਆ ਹੈ। ਅਤੇ ਬੈਜੀ ਵਿਖੇ ਸਥਿਤ ਇਰਾਕ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਉਤੇ ਕਬਜ਼ੇ ਲਈ ਸਰਕਾਰੀ ਫੌਜਾਂ ਅਤੇ ਜਿਹਾਦੀਆਂ ਦਰਮਿਆਨ ਲੜਾਈ ਜਾਰੀ ਹੈ। ਇਸ ਤੋਂ ਸਪੱਸ਼ਟ ਜਾਹਿਰ ਹੁੰਦਾ ਹੈ ਕਿ ਅਮਰੀਕੀ ਸਾਮਰਾਜ ਦੀ ਸਰਗਰਮ ਹਮਾਇਤ ਨਾਲ ਬਣੀ ਨੂਰ ਅਲ ਮਾਲਿਕੀ ਸਰਕਾਰ ਦੇਸ਼ ਦੇ ਸੁੰਨੀ ਬਹੁਲਤਾ ਵਾਲੇ ਵੱਡੇ ਹਿੱਸੇ ਵਿਚ ਪੂਰੀ ਤਰ੍ਹਾਂ ਨਿੱਖੜ ਚੁੱਕੀ ਹੈ। ਇਰਾਕ ਦੇ ਮੁੜ ਇਕ ਵਾਰ ਭੀਸ਼ਣ ਲੋਕ ਮਾਰੂ ਗ੍ਰਹਿ ਯੁੱਧ ਵਿਚ ਧੱਕੇ ਜਾਣ ਅਤੇ ਇਸਦੇ ਸੌੜੀਆਂ ਧਾਰਮਿਕ ਲੀਹਾਂ 'ਤੇ ਸੁੰਨੀ, ਸ਼ੀਆ ਤੇ ਕੁਰਦ ਫਿਰਕਿਆਂ ਦੇ ਆਧਾਰ ਉਤੇ ਵੰਡੇ ਜਾਣਾ ਲਗਭਗ ਤੈਅ ਹੈ।
ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ.ਐਸ.ਆਈ.ਐਸ.) ਜਿਹਾਦੀ ਗਰੁੱਪ, ਸੀਰੀਆ, ਇਰਾਕ ਤੇ ਹੋਰ ਗੁਆਂਢੀ ਦੇਸ਼ਾਂ ਦੇ ਸੁੰਨੀ ਬਹੁਲਤਾ ਵਾਲੇ ਇਲਾਕਿਆਂ ਨੂੰ ਇਕਜੁੱਟ ਕਰਕੇ ਇਕ ਸੁੰਨੀ ਮੁਸਲਮ ਰਾਜ ਸਥਾਪਤ ਕਰਨਾ ਚਾਹੁੰਦਾ ਹੈ, ਜਿਥੇ ਸ਼ਰੀਅਤ ਅਧਾਰਤ ਕਾਨੂੰਨ ਲਾਗੂ ਹੋਵੇ। ਇਸ ਰਾਜ ਅਧੀਨ ਪਿਛਾਖੜੀ ਕਦਰਾਂ-ਕੀਮਤਾਂ ਦੇ ਲਾਗੂ ਹੋਣ ਨਾਲ ਇਰਾਕ ਦੇ ਵਸਨੀਕਾਂ ਦਾ ਜੀਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਤੇ ਇਸ ਸੰਗਠਨ ਦੀ ਬੁਨਿਆਦਪ੍ਰਸਤ ਕੱਟੜਤਾ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਸਦੇ ਬੁਲਾਰੇ ਨੇ ਐਲਾਨ ਕੀਤਾ ਹੈ ਕਿ ਉਹ ਬਗਦਾਦ ਉਤੇ ਹੀ ਕਬਜ਼ਾ ਨਹੀਂ ਕਰਨਗੇ ਬਲਕਿ ਸ਼ੀਆ ਪਵਿੱਤਰ ਸ਼ਹਿਰਾਂ ਕਰਬਲਾ ਤੇ ਨਜ਼ਫ ਉਤੇ ਵੀ ਹਮਲਾ ਕਰਨਗੇ ਅਤੇ ਉਨ੍ਹਾਂ ਦੇ ਰਾਹ ਵਿਚ ਰੁਕਾਵਟ ਬਣਨ ਵਾਲੇ ਹਰ ਸ਼ੀਆ ਨੂੰ ਖਤਮ ਕਰ ਦਿੱਤਾ ਜਾਵੇਗਾ।
ਪਿਛਲੀ ਸਦੀ ਦੇ ਅੱਸੀਵਿਆਂ ਵਿਚ ਅਫਗਾਨਿਸਤਾਨ ਵਿਚ ਬਣੀ ਲੋਕ ਪੱਖੀ ਸਰਕਾਰ ਨੂੰ ਗੱਦੀਓਂ ਲਾਹੁਣ ਲਈ ਇਸਲਾਮਕ ਬੁਨਿਆਦਪ੍ਰਸਤ ਸ਼ਕਤੀਆਂ ਨੂੰ ਉਸਾਮਾ ਬਿਨ ਲਾਦੇਨ ਦੀ ਅਗਵਾਈ ਵਿਚ ਲਾਮਬੰਦ ਕਰਕੇ, ਉਨ੍ਹਾਂ ਦੀ ਹਰ ਤਰ੍ਹਾਂ ਦੀ ਹਿਮਾਇਤ ਦੇਣ ਤੋਂ ਸ਼ੁਰੂ ਕਰਕੇ ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਨਾਟੋ ਸ਼ਕਤੀਆਂ ਨੇ ਏਸ਼ੀਆ ਅਤੇ ਮੱਧ ਏਸ਼ੀਆ ਵਿਚ ਕਹਿਰ ਵਰਤਾਇਆ ਹੈ। 2003 ਵਿਚ ਅਮਰੀਕਾ ਦੀ ਅਗਵਾਈ ਵਿਚ ਨਾਟੋ ਫੌਜਾਂ ਵਲੋਂ ਇਰਾਕ ਕੋਲ ਸਮੂਹਕ ਤਬਾਹੀ ਦੇ ਹਥਿਆਰਾਂ ਦੇ ਖਾਤਮੇ ਦੇ ਨਾਂਅ ਹੇਠ ਇਸ ਉਤੇ ਕੀਤੇ ਗਏ ਹਮਲੇ ਅਤੇ ਕਬਜ਼ੇ ਨੇ ਸਮੁੱਚੇ ਮੱਧ ਏਸ਼ੀਆ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਹੈ। ਇਹ ਹੁਣ ਇਕ ਪ੍ਰਵਾਨਤ ਤੱਥ ਹੈ ਕਿ ਇਰਾਕ ਕੋਲ ਅਜਿਹੇ ਹਥਿਆਰ ਨਹੀਂ ਸਨ ਬਲਕਿ ਇਸ ਹਮਲੇ ਅਤੇ ਕਬਜ਼ੇ ਦਾ ਮੁੱਖ ਮਕਸਦ ਇਸ ਦੇਸ਼ ਦੇ ਤੇਲ ਜਖੀਰਿਆਂ 'ਤੇ ਕਬਜ਼ਾ ਕਰਨਾ ਸੀ। ਇਰਾਕ, ਜਿਸਦੇ ਵਸਨੀਕਾਂ ਦਾ ਜੀਉਣ-ਪੱਧਰ 2003 ਤੱਕ, ਉਸ ਵੇਲੇ ਦੇ ਯੂਰਪ ਦੇ ਸੰਪਨ ਦੇਸ਼ ਗਰੀਸ ਦੇ ਬਰਾਬਰ ਸੀ। ਅੱਜ ਉਥੇ ਪਿਛਲੇ 10-11 ਸਾਲਾਂ ਵਿਚ ਜਿਥੇ ਬੇਦੋਸ਼ੇ ਇਰਾਕੀ ਨਿਤ ਦਿਨ ਹੁੰਦੇ ਧਮਾਕਿਆਂ ਵਿਚ ਆਪਣੀਆਂ ਜਾਨਾਂ ਗੁਆ ਰਹੇ ਹਨ। ਉਥੇ ਇਸ ਸਮੇਂ ਦੌਰਾਨ ਲੱਖਾਂ ਇਰਾਕੀ ਨਾਗਰਿਕਾਂ ਨੇ ਹੀ ਜਾਨਾਂ ਨਹੀਂ ਗੁਆਈਆਂ ਬਲਕਿ ਅਮਰੀਕਾ ਅਤੇ ਹੋਰ ਨਾਟੋ ਦੇਸ਼ਾਂ ਦੇ ਹਜ਼ਾਰਾਂ ਫੌਜੀ ਵੀ ਇਸ ਹਿੰਸਾ ਦੀ ਭੇਟ ਚੜ੍ਹੇ ਹਨ। ਸਿਰਫ 2003 ਤੋਂ 2008 ਦੌਰਾਨ ਹੀ ਇਰਾਕੀ ਨਾਗਰਿਕਾਂ ਦੀ ਇਸ ਹਿੰਸਾ ਵਿਚ ਮਾਰੇ ਜਾਣ ਦੀ ਔਸਤ 3000 ਪ੍ਰਤੀ ਮਹੀਨਾ ਹੈ। ਹੁਣ ਤੱਕ ਅੰਦਾਜਨ 10 ਲੱਖ ਆਮ ਨਾਗਰਿਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਗ੍ਰਹਿਯੁੱਧ ਕਰਕੇ 40 ਲੱਖ ਲੋਕ ਅਪਣੇ ਘਰ ਘਾਟ ਗੁਆਕੇ ਪਨਾਹਗੀਰ ਬਣ ਚੁੱਕੇ ਹਨ।
ਇਰਾਕ ਵਿਚ 2003 ਤੱਕ ਅਮਰੀਕੀ ਸਾਮਰਾਜ ਵਲੋਂ ਹਮਲਾ ਕਰਕੇ ਗੱਦੀ ਤੋਂ ਲਾਹੇ ਗਏ ਅਤੇ ਬਾਅਦ ਵਿਚ ਫਾਂਸੀ ਦਿੱਤੇ ਗਏ ਆਗੂ ਸੱਦਾਮ ਹੁਸੈਨ ਦੀ ਅਗਵਾਈ ਵਿਚ ਇਰਾਕ ਮੋਟੇ ਰੂਪ ਵਿਚ ਇਕ ਧਰਮ ਨਿਰਪੱਖ ਦੇਸ਼ ਸੀ। ਸ਼ੀਆ ਧਾਰਮਕ ਸੱਤਾ ਵਾਲੇ ਦੇਸ਼ ਈਰਾਨ ਨਾਲ ੳਸਨੇ ਇਕ ਲੰਮੀ ਜੰਗ ਜ਼ਰੂਰ ਲੜੀ ਸੀ, ਇਸੇ ਤਰ੍ਹਾਂ ਦੇਸ਼ ਦੇ ਉਤਰੀ ਭਾਗ ਵਿਚ ਵਸਦੇ ਕੁਰਦਾਂ ਨਾਲ ਵੀ ਟਕਰਾਅ ਰਿਹਾ ਸੀ। ਪ੍ਰੰਤੂ ਦੇਸ਼ ਵਿਚ ਸੁੰਨੀ ਅਤੇ ਸ਼ੀਆ, ਮੁਸਲਮਾਨ ਭਾਈਚਾਰੇ ਅਮਨ-ਅਮਾਨ ਨਾਲ ਰਹਿ ਰਹੇ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੱਦਾਮ ਹੁਸੈਨ ਖੁਦ ਸੁੰਨੀ ਸੀ, ਜਦੋਂਕਿ ਇਰਾਕ ਦੀ ਵਸੋਂ ਦਾ ਸਿਰਫ 30-35 ਫੀਸਦੀ ਭਾਗ ਹੀ ਸੁੰਨੀ ਹਨ, 70-65% ਅਬਾਦੀ ਸ਼ੀਆ ਫਿਰਕੇ ਦੀ ਹੈ। ਸ਼ੀਆ ਅਤੇ ਸੁੰਨੀ ਹੀ ਨਹੀਂ ਬਲਕਿ ਹੋਰ ਵੀ ਕਿਸੇ ਨਾਲ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੁੰਦਾ ਸੀ। ਸੱਦਾਮ ਹੁਸੈਨ ਨੇ ਦੇਸ਼ ਦੇ ਪ੍ਰਮੁੱਖ ਕੁਦਰਤੀ ਵਸੀਲੇ ਤੇਲ ਉਤੇ ਇੰਗਲੈਂਡ ਤੇ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਦੇ ਕਬਜ਼ੇ ਨੂੰ ਖਤਮ ਕਰਕੇ ਇਸਦਾ ਕੌਮੀਕਰਨ ਕੀਤਾ ਸੀ। ਉਸਦੇ ਰਾਜ ਦੌਰਾਨ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਹਾਸਲ ਸਨ ਅਤੇ ਉਸਦੇ ਰਾਜਕਾਲ ਦੌਰਾਨ ਹੀ ਇਰਾਕ ਇਕ ਆਧੁਨਿਕ ਰਾਜ ਦਾ ਰੁਤਬਾ ਹਾਸਲ ਕਰ ਸਕਿਆ ਸੀ। ਇਰਾਕ ਇਕ ਵਿਕਾਸਸ਼ੀਲ ਪੂੰਜੀਵਾਦੀ ਦੇਸ਼ ਸੀ।
ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਨਾਟੋ ਫੌਜਾਂ ਨੇ ਇਰਾਕ ਵਿਚ 2003 ਵਿਚ ਹਮਲਾ ਕਰਕੇ ਉਸ ਉਤੇ ਕਬਜ਼ਾ ਤਾਂ ਕਰ ਲਿਆ ਸੀ। ਪ੍ਰੰਤੂ ਉਹ ਇਸ ਜੰਗ ਦਾ ਜੇਤੂ ਨਹੀਂ ਬਣ ਸਕਿਆ। ਵੱਡੇ ਪੈਮਾਨੇ ਉਤੇ ਇਰਾਕ ਅਤੇ ਅਫਗਾਨਿਸਤਾਨ ਵਿਚ ਹੋਣ ਵਾਲੇ ਖਰਚੇ ਅਤੇ ਫੌਜੀ ਮੌਤਾਂ ਕਰਕੇ ਨਾਟੋ ਦੇਸ਼ਾਂ, ਖਾਸ ਕਰਕੇ ਅਮਰੀਕਾ ਵਿਚ ਸਥਾਨਕ ਲੋਕਾਂ ਨੇ ਵੱਡੇ ਪੱਧਰ ਉਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕਾ ਵਿਚ ਬਰਾਕ ਓਬਾਮਾ ਚੋਣਾਂ ਵਿਚ ਅਫਗਾਨਿਸਤਾਨ ਤੇ ਇਰਾਕ ਵਿਚੋਂ ਫੌਜਾਂ ਵਾਪਸ ਬੁਲਾਉਣ ਦੇ ਵਾਅਦੇ 'ਤੇ ਚੋਣ ਜਿੱਤਿਆ। ਇਰਾਕ ਤੋਂ ਫੌਜਾਂ ਤਾਂ ਅਮਰੀਕਾ ਨੇ ਵਾਪਸ ਬੁਲਾ ਲਈਆਂ। ਉਸਨੇ ਦੇਸ਼ ਦੇ ਤਿੰਨਾਂ ਹੀ ਫਿਰਕਿਆਂ ਸ਼ੀਆਂ, ਸੁੰਨੀ ਤੇ ਕੁਰਦਾਂ ਨੂੰ ਆਪਸ ਵਿਚ ਵੰਡਕੇ ਆਪਣੇ ਹਿੱਤ ਸਾਧਣ ਦੇ ਰਾਹ 'ਤੇ ਚਲਦੇ ਹੋਏ ਦੇਸ਼ ਦੀ ਬਾਗਡੋਰ ਸ਼ੀਆ ਰਾਜਨੀਤਕ ਆਗੂ ਨੂਰ-ਅਲ-ਮਲੀਕੀ ਦੇ ਹੱਥ ਵਿਚ ਦੇ ਦਿੱਤੀ। ਦੇਸ਼ ਵਿਚ ਸ਼ੀਆ ਆਗੂ ਮੁਕਤਦਾ ਸਦਰ ਅਤੇ ਸ਼ੀਆ ਜਥੇਬੰਦੀ ਇਸਲਾਮਕ ਕੌਂਸਲ ਆਫ ਇਰਾਕ ਨਾਲ ਜੁੜੀਆਂ ਮਿਲੀਸ਼ੀਆ ਟੁਕੜੀਆਂ ਨੂੰ ਪੁਲਸ ਅਤੇ ਫੌਜ ਵਿਚ ਸ਼ਾਮਲ ਕਰ ਲਿਆ ਗਿਆ। ਦੇਸ਼ ਦਾ ਸੁੰਨੀ ਫਿਰਕਾ ਜਿਹੜਾ ਸੱਦਾਮ ਦੇ ਰਾਜ ਦੌਰਾਨ ਦੇਸ਼ ਦੀ ਸੱਤਾ ਉਤੇ ਗਲਬਾ ਰੱਖਦਾ ਸੀ, ਉਸਨੂੰ ਨਖੇੜਨ ਲਈ ਸਾਮਰਾਜ ਨੇ ਇਹ ਕਦਮ ਚੁੱਕੇ ਸਨ। ਇਨ੍ਹਾਂ ਦੇ ਹਿੱਸੇ ਵਜੋਂ ਸੱਦਾਮ ਹੁਸੈਨ ਦੀ ਪਾਰਟੀ ਬਾਥ ਪਾਰਟੀ, ਦੇ ਵਿਚਾਰਧਾਰਕ ਆਧਾਰ ਨੂੰ ਖੋਰਨ ਲਈ ਅਮਰੀਕੀ ਸਾਮਰਾਜ ਨੇ ਆਪਣੇ ਕਬਜ਼ੇ ਵਾਲੇ ਕਾਲ ਦੌਰਾਨ ਡੀ-ਬਾਥੀਫਿਕੇਸ਼ਨ ਕਾਨੂੰਨ ਪਾਸ ਕੀਤਾ। ਜਿਸ ਨਾਲ ਵੱਡੇ ਪੱਧਰ 'ਤੇ ਸੁੰਨੀ ਫਿਰਕੇ ਦੇ ਇਰਾਕੀ ਲੋਕਾਂ ਨੂੰ ਆਪਣੀਆਂ ਨੌਕਰੀਆਂ ਅਤੇ ਰੁਜ਼ਗਾਰਾਂ ਤੋਂ ਲਾਂਭੇ ਹੋਣਾ ਪਿਆ ਸੀ। ਦੇਸ਼ ਦੀ ਪੇਸ਼ੇਵਰ ਤੇ ਆਧੁਨਿਕ ਫੌਜ ਨੂੰ ਭੰਗ ਕਰ ਦਿੱਤਾ ਗਿਆ। ਇਸ ਕਰਕੇ ਸੁੰਨੀ ਵਸੋਂ ਵਿਚ ਅਮਰੀਕੀ ਸਾਮਰਾਜ ਅਤੇ ਨੂਰ-ਅਲ-ਮਾਲੀਕੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਸੀ। ਸੁੰਨੀਆਂ ਵਲੋਂ ਪਹਿਲਾਂ ਤਾਂ ਗੁਰੀਲਾ ਜੰਗ ਰਾਹੀਂ ਇਸਦਾ ਪ੍ਰਗਟਾਵਾ ਕੀਤਾ ਪ੍ਰੰਤੂ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਬਾਅਦ ਕੁੱਝ ਸੁੰਨੀ ਕਬਾਇਲੀ ਆਗੂਆਂ ਨੇ ਸੁੰਨੀ ਜਾਗਰਤੀ ਕੌਂਸਲਾਂ ਬਣਾਕੇ ਅਮਰੀਕੀਆਂ ਤੱਕ ਪਹੁੰਚ ਵੀ ਕੀਤੀ ਸੀ ਅਤੇ ਅਮਰੀਕਾ ਨੇ ਸੁੰਨੀਆਂ ਨੂੰ ਸ਼ੀਆ ਗਲਬੇ ਵਾਲੀ ਨੂਰ-ਅਲ-ਮਾਲੀਕੀ ਸਰਕਾਰ ਤੋਂ ਕੁੱਝ ਰਿਆਇਤਾਂ ਦੁਆਉਣ ਦੀ ਵੀ ਗੱਲ ਕੀਤੀ। ਪ੍ਰੰਤੂ ਮਾਲੀਕੀ ਨੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਆਈ.ਐਸ.ਆਈ.ਐਸ. ਨੇ ਇਸ ਸਥਿਤੀ ਦਾ ਪੂਰਾ ਲਾਹਾ ਲਿਆ। ਸੱਦਾਮ ਹੁਸੈਨ ਵੇਲੇ ਦੇ ਕਈ ਫੌਜੀ ਅਫਸਰਾਂ ਨਾਲ ਤਾਂ ਉਨ੍ਹਾਂ ਨੇ ਸ਼ੁਰੂ ਤੋਂ ਹੀ ਤਾਲਮੇਲ ਕਾਇਮ ਕੀਤਾ ਹੋਇਆ ਸੀ। ਸੁੰਨੀ ਵਸੋਂ ਦੀ ਮਾਲੀਕੀ ਸਰਕਾਰ ਪ੍ਰਤੀ ਨਫਰਤ ਦਾ ਪੂਰਾ-ਪੂਰਾ ਲਾਹਾ ਲੈਣ ਲਈ ਹੀ, ਜਦੋਂ ਆਈ.ਐਸ.ਆਈ.ਐਸ. ਨੇ ਜਨਵਰੀ ਵਿਚ ਫਾਲੂਜਾ ਅਤੇ ਰਾਮਦੀ ਉਤੇ ਕਬਜ਼ਾ ਕੀਤਾ ਤਾਂ ਉਥੇ ਆਪਣਾ ਕਾਲਾ ਝੰਡਾ ਫਹਿਰਾਉਣ ਦੀ ਥਾਂ ਸ਼ਹਿਰ ਦਾ ਕਬਜ਼ਾ ਸਥਾਨਕ ਸੁੰਨੀ ਆਗੂਆਂ ਦੇ ਹੱਥ ਵਿਚ ਦੇ ਦਿੱਤਾ ਸੀ। ਅਸਲ ਵਿਚ ਤਾਂ ਇਸ ਵੇਲੇ ਆਈ.ਐਸ.ਆਈ.ਐਸ. ਮਾਲੀਕੀ ਵਿਰੋਧੀਆਂ, ਬਾਥਿਸਟਾਂ, ਕਬਾਇਲੀ ਆਗੂਆਂ ਤੇ ਸੱਦਾਮ ਸਰਕਾਰ ਵੇਲੇ ਦੇ ਫੌਜੀ ਅਫਸਰਾਂ ਤੇ ਹੋਰ ਕਿੱਤਾਕਾਰਾਂ ਦਾ ਇਕ ਪ੍ਰਭਾਵਸ਼ਾਲੀ ਗਠਜੋੜ ਬਣ ਚੁੱਕਾ ਹੈ।
ਇਰਾਕ ਦੀ ਕੇਂਦਰੀ ਨੂਰ-ਅਲ-ਮਾਲੀਕੀ ਸਰਕਾਰ ਅਤੇ ਅਮਰੀਕੀ ਸਾਮਰਾਜ ਵਿਰੁੱਧ ਦੇਸ਼ ਦੇ ਸੁੰਨੀ ਫਿਰਕੇ ਵਿਚ ਫੈਲੀ ਨਫਰਤ ਅਤੇ ਨਿਖੇੜੇ ਦਾ ਹੀ ਸਿੱਟਾ ਸੀ ਕਿ ਸਿਰਫ 1200 ਆਈ.ਐਸ.ਆਈ.ਐਸ. ਲੜਾਕਿਆਂ ਨੇ ਮੌਸੂਲ ਉਤੇ ਬਿਨਾਂ ਕਿਸੇ ਪ੍ਰਤੀਰੋਧ ਦੇ ਕਬਜ਼ਾ ਕਰ ਲਿਆ ਜਦੋਂਕਿ ਉਥੇ ਫੌਜੀ ਗੈਰੀਸਨ ਸੀ, ਜਿਸ ਵਿਚ 30,000 ਫੌਜੀ ਹਰ ਤਰ੍ਹਾਂ ਦੇ ਫੌਜੀ ਸਾਜੋ ਸਮਾਨ ਨਾਲ ਲੈਸ ਸਨ। ਹਾਲਤ ਇਹ ਬਣੀ ਸੀ ਕਿ ਫੌਜੀ ਆਪਣੀਆਂ ਵਰਦੀਆਂ ਤੱਕ ਲਾਹ ਕੇ ਸਿਵਲ ਕੱਪੜਿਆਂ ਵਿਚ ਸ਼ਹਿਰ ਛੱਡ ਕੇ ਭੱਜ ਗਏ ਸਨ। ਇਸੇ ਤਰ੍ਹਾਂ ਆਈ.ਐਸ.ਆਈ.ਐਸ. ਲੜਾਕਿਆਂ ਨੇ 2 ਲੱਖ ਦੀ ਆਬਾਦੀ ਵਾਲੇ ਸ਼ਹਿਰ ਬੈਜੀ ਅਤੇ ਸੱਦਾਮ ਹੁਸੈਨ ਦੇ ਗ੍ਰਹਿ ਨਗਰ ਤਿਕਰਿਤ ਉਤੇ ਬਿਨਾਂ ਕਿਸੇ ਵਿਰੋਧ ਦੇ ਕਬਜ਼ਾ ਕਰ ਲਿਆ। ਨੂਰੀ ਅਲ-ਮਾਲੀਕੀ ਸਰਕਾਰ ਦੀ ਨਾਕਾਮੀ ਨੂੰ ਤਾਂ ਮੱਧ ਪੂਰਬ ਮਸਲਿਆਂ ਬਾਰੇ ਟਿਪਣੀਕਾਰ ਫਾਵਾਜ਼ ਜਰਜੀਜ ਦੀ ਇਹ ਟਿਪਣੀ ਸਪੱਸ਼ਟ ਕਰਦੀ ਹੈ-''ਮਾਲੀਕੀ ਨੇ ਆਪਣੇ 8 ਸਾਲਾਂ ਦੇ ਕਾਰਜਕਾਲ ਦੌਰਾਨ ਨਾ ਹੀ ਇਰਾਕੀ ਅਵਾਮ ਦਰਮਿਆਨ ਮੇਲ ਮਿਲਾਪ ਪੈਦਾ ਕੀਤਾ ਅਤੇ ਨਾ ਹੀ ਉਸਦੀ ਸੁਰੱਖਿਆ ਕੀਤੀ, ਖੁਸ਼ਹਾਲੀ ਤਾਂ ਦੂਰ ਦੀ ਗੱਲ ਸੀ। ਸਿਰਫ ਅਜੇਹਾ ਸੌੜਾ ਅਜੰਡਾ ਲਾਗੂ ਕੀਤਾ ਜਿਸ ਨਾਲ ਦੇਸ਼ ਦੇ ਦੋਹਾਂ ਮੁਸਲਮ ਫਿਰਕਿਆਂ ਦਰਮਿਆਨ ਨਿਖੇੜਾ ਤੇ ਵਿਚਾਰਧਾਰਕ ਵੰਡ ਵਧੀ। ਸੁੰਨੀਆਂ ਨੂੰ ਹਾਸ਼ੀਏ 'ਤੇ ਧੱਕਿਆ ਅਤੇ ਉਨ੍ਹਾਂ ਦਰਮਿਆਨ ਸਰਕਾਰ ਪ੍ਰਤੀ ਦੁਸ਼ਮਣੀ ਵਧੀ।''
ਪਿਛਲੇ ਸਮੇਂ ਵਿਚ ਮੱਧ ਪੂਰਬੀ ਏਸ਼ੀਆ ਵਿਚ ਟਿਊਨੀਸ਼ੀਆ ਤੋਂ ਸ਼ੁਰੂ ਹੋਈਆਂ ਲੋਕ ਬਗਾਵਤਾਂ ਜਿਹੜੀਆਂ ਕਿ ਇਸ ਖਿੱਤੇ ਦੇ ਲੋਕਾਂ ਦੀਆਂ ਲੋਕ ਪੱਖੀ ਆਸਾਂ-ਉਮੰਗਾਂ ਦੇ ਇਜਹਾਰ ਦੇ ਰੂਪ ਵਿਚ ਸ਼ੁਰੂ ਹੋਈਆਂ ਸੀ, ਨੂੰ ਵੀ ਅਮਰੀਕੀ ਸਾਮਰਾਜ ਅਤੇ ਉਸਦੀਆਂ ਸਹਿਯੋਗੀ ਮੱਧ ਪੂਰਬ ਵਿਚਲੀਆਂ ਅਰਬ ਰਾਜਸ਼ਾਹੀਆਂ ਨੇ ਆਪਣੇ ਪੱਖ ਵਿਚ ਵਰਤਣ ਦੇ ਯਤਨ ਕੀਤੇ ਹਨ, ਜਿਨ੍ਹਾਂ ਵਿਚ ਉਹ ਕਾਫੀ ਹੱਦ ਤੱਕ ਸਫਲ ਰਹੇ ਹਨ। ਲੀਬੀਆ ਵਿਚ ਸ਼ੁਰੂ ਹੋਈ ਲੋਕ ਬਗਾਵਤ ਦਾ ਲਾਹਾ ਲੈਂਦਿਆਂ ਅਮਰੀਕੀ ਸਾਮਰਾਜ ਦੀਆਂ ਇਛਾਵਾਂ ਮੁਤਾਬਕ ਨਾ ਚੱਲਣ ਵਾਲੇ ਮੁਆਮਾਰ-ਅੱਲ-ਗੱਦਾਫ਼ੀ ਨੂੰ ਹਮੇਸ਼ਾਂ ਲਈ ਖਤਮ ਕਰਨ ਵਿਚ ਉਹ ਸਫਲ ਰਿਹਾ। ਅਮਰੀਕੀ ਸਾਮਰਾਜ ਨੇ ਆਪਣੇ ਸਹਿਯੋਗੀ ਸਾਉਦੀ ਅਰਬ ਨੂੰ ਬਹਰੀਨ ਵਿਖੇ ਉਥੇ ਦੇ ਸੁੰਨੀ ਸ਼ਾਸਕਾਂ ਵਿਰੁੱਧ ਸ਼ੀਆ ਫਿਰਕੇ ਦੀ ਬਗਾਵਤ ਨੂੰ ਕੁਚਲਣ ਦੀ ਪੂਰੀ ਖੁਲ੍ਹ ਦਿੱਤੀ। ਸੀਰੀਆ ਵਿਚ ਬਸ਼ਰ-ਅਲ-ਅਸਦ ਸਰਕਾਰ, ਜਿਹੜੀ ਕਿ ਮੱਧ ਪੂਰਬ ਏਸ਼ੀਆ ਵਿਚ ਅਮਰੀਕੀ ਸਾਮਰਾਜ ਵਲੋਂ ਆਪਣੀ ਦੁਸ਼ਮਣ ਨੰਬਰ ਇਕ ਮੰਨੀ ਜਾਂਦੀ ਸੀ, ਕਿਉਂਕਿ ਉਹ ਉਸਦੀਆਂ ਮੱਧ ਪੂਰਬ ਏਸ਼ੀਆ ਵਿਚ ਲੋਕ ਵਿਰੋਧੀ ਚਾਲਾਂ ਦਾ ਡੱਟਕੇ ਵਿਰੋਧ ਕਰਦੀ ਸੀ, ਵਿਰੁੱਧ ਉਭਰੀ ਲੋਕ ਬਗਾਵਤ ਨੂੰ ਆਪਣੇ ਪੱਖ ਵਿਚ ਮੋੜਨ ਲਈ ਉਥੇ ਸੁੰਨੀ ਅੱਤਵਾਦੀ ਗਰੁੱਪਾਂ ਦਾ ਸਾਥ ਦਿੱਤਾ ਅਤੇ ਸਾਉਦੀ ਅਰਬ ਇਸ ਵਿਚ ਉਸਦਾ ਸਰਗਰਮ ਸਹਿਯੋਗੀ ਸੀ। ਸੀਰੀਆ ਦੇ ਗ੍ਰਹਿ ਯੁੱਧ ਵਿਚੋਂ ਹੀ ਇਹ ਗਰੁੱਪ 'ਇਸਲਾਮਿਕ ਸਟੇਟ ਆਫ ਇਰਾਕ ਤੇ ਸੀਰੀਆ (ਆਈ.ਐਸ.ਆਈ.ਐਸ.) ਸ਼ਕਤੀਸ਼ਾਲੀ ਬਣਕੇ ਉਭਰਿਆ ਹੈ ਅਤੇ ਇਰਾਕ ਵਿਚ ਅਮਰੀਕੀ ਸਾਮਰਾਜ ਦੀਆਂ ਸਭ ਗਿਣਤੀਆਂ ਮਿਣਤੀਆਂ ਨੂੰ ਦਰੜਦਾ ਹੋਇਆ ਅੱਜ ਉਸਦੇ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸੀਰੀਆ ਦਾ ਸ਼ਾਸਕ ਬਸ਼ਰ-ਅਲ-ਅਸਦ, ਜਿਹੜਾ ਕਿ ਖੁਦ ਸ਼ੀਆ ਫਿਰਕੇ ਨਾਲ ਸਬੰਧ ਰੱਖਦਾ ਹੈ, ਦੇ ਵਿਰੁੱਧ ਸਾਉਦੀ ਅਰਬ ਦੇ ਸੁੰਨੀ ਸ਼ਾਸਕ ਅਤੇ ਅਮਰੀਕੀ ਸਾਮਰਾਜ, ਸੁੰਨੀ ਅੱਤਵਾਦੀ ਗਰੁੱਪਾਂ ਦੀ ਮਦਦ ਕਰ ਰਹੇ ਸਨ। ਜਦੋਂਕਿ ਈਰਾਕ, ਜਿਹੜਾ ਕਿ ਸ਼ੀਆ ਧਾਰਮਕ ਰਾਜ ਹੈ, ਬਸ਼ਰ-ਅਲ-ਅਸਦ ਦੀ ਮਦਦ ਕਰ ਰਿਹਾ ਹੈ। ਇਸੇ ਤਰ੍ਹਾਂ ਫਲਸਤੀਨੀਆਂ ਦਾ ਹਮਾਸ ਗਰੁੱਪ ਅਤੇ ਲਿਬਨਾਨ ਦਾ ਹਿਜਬੁਲੱਾਹ ਵੀ ਸ਼ੀਆ ਹੋਣ ਕਰਕੇ ਉਸਦੇ ਹੱਕ ਵਿਚ ਹਨ। ਸਥਿਤੀ ਇਹ ਸੀ ਕਿ ਈਰਾਨ ਵਿਚ ਸ਼ੀਆ ਸਰਕਾਰ ਹੋਣ ਕਰਕੇ ਅਮਰੀਕੀ ਸਾਮਰਾਜ ਅਤੇ ਉਸਦੇ ਨਾਟੋ ਸਹਿਯੋਗੀ, ਉਸਨੂੰ ਪ੍ਰਮਾਣੂ ਊਰਜਾ ਵਿਕਸਤ ਕਰਨ ਤੋਂ ਰੋਕਣ, ਅਤੇ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਦੁਨੀਆਂ ਲਈ ਖਤਰਾ ਦੱਸਦੇ ਹੋਏ ਉਸ ਉਤੇ ਸਖਤ ਪਾਬੰਦੀਆਂ ਲਗਾ ਰਹੇ ਸਨ। ਉਹ ਇਹ ਸਭ ਮੱਧ ਪੂਰਬ ਵਿਚਲੇ ਆਪਣੇ ਸਭ ਤੋਂ ਨੇੜਲੇ ਸਹਿਯੋਗੀਆਂ ਸਾਊਦੀ ਅਰਬ ਦੇ ਸੁੰਨੀ ਸ਼ਾਸਕਾਂ ਨੂੰ ਖੁਸ਼ ਕਰਨ ਲਈਂ ਕਰ ਰਿਹਾ ਸੀ। ਅੱਜ ਇਰਾਕ ਵਿਚ ਜਦੋਂ ਅਮਰੀਕਾ ਦੀ ਹੱਥਠੋਕੀ ਸ਼ੀਆ ਗਲਬੇ ਵਾਲੀ ਨੂਰ-ਅਲ-ਮਲੀਕੀ ਸਰਕਾਰ ਵਿਰੁੱਧ ਆਈ.ਐਸ.ਆਈ.ਐਸ. ਦੇ ਸੁੰਨੀ ਬੁਨਿਆਦਪ੍ਰਸਤ ਲੜਾਕੇ ਜਿੱਤ ਹਾਸਲ ਕਰਦੇ ਹੋਏ ਇਕ ਸੁੰਨੀ ਗਲਬੇ ਵਾਲੇ ਰਾਜ ਦੀ ਸਥਾਪਨਾ ਲਈ ਅੱਗੇ ਵੱਧ ਰਹੇ ਹਨ ਤਾਂ ਉਹੀ ਅਮਰੀਕਾ ਈਰਾਨ ਨਾਲ ਮਦਦ ਦੀ ਗੱਲ ਕਰ ਰਿਹਾ ਹੈ। ਕਿਉਂਕਿ ਅਮਰੀਕਾ ਇਰਾਕ ਵਿਚ ਆਪਣੀਆਂ ਪੈਦਲ ਫੌਜਾਂ ਭੇਜਣ ਤੋਂ ਬਹੁਤ ਘਬਰਾ ਰਿਹਾ ਹੈ। ਉਸਨੇ ਹੁਣ ਤੱਕ ਸਿਰਫ 300 ਦੇ ਕਰੀਬ ਹੀ ਆਪਣੇ ਫੌਜੀ ਬਗਦਾਦ ਵਿਚਲੇ ਸਫਾਰਤਖਾਨੇ ਦੀ ਸੁਰੱਖਿਆ ਲਈ ਭੇਜੇ ਹਨ। ਉਹ ਆਪਣੇ ਜੰਗੀ ਸਮੁੰਦਰੀ ਬੇੜੇ ਰਾਹੀਂ ਸੁੰਨੀ ਟਿਕਾਣਿਆਂ 'ਤੇ ਹਮਲੇ ਕਰਨ ਦੀ ਗੱਲ ਕਰ ਰਿਹਾ ਹੈ। ਈਰਾਨ ਨੇ ਆਪਣੇ ਸਭ ਤੋਂ ਸਿੱਖਿਅਤ ਰੱਖਿਆ ਬਲ, ਰੈਵੋਲਿਉਸ਼ਨਰੀ ਗਾਰਡਜ਼ ਦੇ ਉਘੇ ਕਮਾਂਡਰ ਕਾਸਮ ਸੁਲੈਮਾਨੀ ਦੀ ਕਮਾਂਡ ਅਧੀਨ 2000 ਦੇ ਕਰੀਬ ਫੌਜੀ ਅਤੇ ਸੁਰੱਖਿਆ ਸਲਾਹਕਾਰ ਰਾਜਧਾਨੀ ਬਗਦਾਦ ਦੀ ਰੱਖਿਆ ਲਈ ਭੇਜੇ ਹਨ।
ਆਈ.ਐਸ.ਆਈ.ਐਸ. ਦੇ ਸੁੰਨੀ ਗੁਰੀਲਿਆਂ ਲਈ ਵੀ ਹੁਣ ਅੱਗੇ ਵਧਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਰਾਜਧਾਨੀ ਬਗਦਾਦ ਦਾ ਕਾਫੀ ਵੱਡਾ ਹਿੱਸਾ ਸ਼ੀਆ ਵਸੋਂ ਦੀ ਬਹੁਲਤਾ ਵਾਲਾ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਤੇਲ ਦੇ ਭੰਡਾਰਾਂ ਵਾਲੇ ਦੱਖਣੀ ਹਿੱਸੇ ਵੀ ਜਿਨ੍ਹਾਂ ਵੱਲ ਹੁਣ ਉਨ੍ਹਾਂ ਨੇ ਵਧਣਾ ਹੈ, ਸ਼ੀਆ ਬਹੁਲਤਾ ਵਾਲੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਤਾਂ ਮਿਲਣਾ ਹੀ ਨਹੀਂ ਹੈ, ਬਲਕਿ ਤਾਜਾ ਰਿਪੋਰਟਾਂ ਅਨੁਸਾਰ ਸ਼ੀਆ ਧਾਰਮਕ ਆਗੂਆਂ ਮੁਕਤਦਾ ਸਦਰ ਅਤੇ ਅਲੀ ਸਿਸਤਾਨੀ ਦੇ ਸੱਦੇ 'ਤੇ ਲੱਖਾਂ ਸ਼ੀਆ ਨੌਜਵਾਨ ਸੁੰਨੀ ਜਿਹਾਦੀਆਂ ਵਿਰੁੱਧ ਜੰਗ ਲਈ ਕਮਰਕੱਸੇ ਕਰ ਰਹੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਜੇਕਰ ਆਈ.ਐਸ.ਆਈ.ਐਸ. ਦੇ ਜਿਹਾਦੀ ਪਹਿਲਾਂ ਕੀਤੇ ਐਲਾਨ ਮੁਤਾਬਕ ਸ਼ੀਆ ਪਵਿੱਤਰ ਧਾਰਮਕ ਥਾਵਾਂ 'ਤੇ ਹਮਲਾ ਕਰਦੇ ਹਨ ਤਾਂ ਈਰਾਨ ਸਿੱਧਾ ਫੌਜੀ ਦਖਲ ਵੀ ਦੇ ਸਕਦਾ ਹੈ।
ਅਮਰੀਕੀ ਸਾਮਰਾਜ ਤੇ ਉਸਦੇ ਨਾਟੋ ਸਹਿਯੋਗੀਆਂ ਨੇ ਅਫਗਾਨਿਸਤਾਨ ਤੋਂ ਸ਼ੁਰੂ ਕਰਕੇ ਪੂਰੇ ਮੱਧ ਪੂਰਬ ਏਸ਼ੀਆ ਨੂੰ ਆਪਣੀ ਕੁਦਰਤੀ ਵਸੀਲਿਆਂ ਉਤੇ ਕਬਜ਼ਾ ਕਰਨ ਦੀ ਹਿਰਸ ਕਰਕੇ ਗ੍ਰਹਿ ਯੁੱਧ ਦੀ ਭੱਠੀ ਵਿਚ ਝੌਂਕ ਦਿੱਤਾ ਹੈ। ਇਸ ਨਾਲ ਸਮੁੱਚੇ ਮੱਧ ਏਸ਼ੀਆ ਵਿਚ ਲੱਖਾਂ ਲੋਕ ਪਨਾਹਗੀਰ ਬਣਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਦੇ ਹਸਦੇ-ਬਸਦੇ ਜੀਵਨ ਤਬਾਹ ਹੋ ਗਏ ਹਨ। ਇਰਾਕ ਵਿਚ ਵੀ ਜਿੱਥੇ ਇਸਦਾ ਸ਼ੀਆ, ਸੁੰਨੀ ਤੇ ਕੁਰਦ ਫਿਰਕਿਆਂ ਦੇ ਅਧਾਰ ਉਥੇ ਵੰਡਿਆ ਜਾਣਾ ਤਾਂ ਲਗਭਗ ਤਹਿ ਲਗ ਹੀ ਰਿਹਾ ਹੈ, ਲੱਖਾਂ ਆਮ ਲੋਕ ਆਪਸ ਵਿਚ ਲੜ ਲੜਕੇ ਮੌਤ ਦੇ ਮੂੰਹ ਵੀ ਪੈਣਗੇ। ਐਨਾ ਹੀ ਨਹੀਂ ਇਸ ਨਾਲ ਧਾਰਮਕ ਬੁਨਿਆਦਪ੍ਰਸਤੀ ਦਾ ਵੀ ਪੂਰੀ ਦੁਨੀਆਂ ਵਿਚ ਪਸਾਰਾ ਹੋਵੇਗਾ। ਇਥੇ ਇਹ ਵਰਣਨਯੋਗ ਹੈ ਕਿ ਆਈ.ਐਸ.ਆਈ.ਐਸ. ਦੀ ਕਮਾਨ ਹੇਠ ਲੜਨ ਵਾਲਿਆਂ ਵਿਚ ਮੱਧ ਪੂਰਬ ਏਸ਼ੀਆ ਤੇ ਏਸ਼ੀਆ ਦੀ ਨਹੀਂ ਬਲਕਿ ਬ੍ਰਿਟੇਨ, ਅਮਰੀਕਾ, ਰੂਸ, ਚੀਨ ਅਤੇ ਸਾਬਕਾ ਸੋਵੀਅਤ ਗਣਰਾਜਾਂ ਦੇ ਵੀ ਲੜਾਕੇ ਸ਼ਾਮਲ ਹਨ। ਇਸ ਬੁਨਿਆਦਪ੍ਰਸਤੀ ਦੀ ਅੱਗ ਤੋਂ ਅਮਰੀਕਾ ਖੁਦ ਵੀ ਸੁਰੱਖਿਅਤ ਨਹੀਂ ਰਹਿ ਸਕੇਗਾ। ਇਹ ਹੈ ਸਾਮਰਾਜ, ਵਿਕਸਿਤ ਤੇ ਆਧੁਨਿਕ ਪੂੰਜੀਵਾਦ ਦਾ ਆਦਮਖੋਰ ਘਿਨਾਉਦਾ ਚਿਹਰਾ। ਜਿਸਦਾ ਵਿਰੋਧ ਕਰਨਾ ਅੱਜ ਹਰ ਜਮਹੂੀਅਤ ਪਸੰਦ, ਅਮਨ ਪਸੰਦ ਤੇ ਮਨੁਖਤਾ ਦੀ ਹੋਂਦ ਨੂੰ ਚਾਹੁਣ ਵਾਲੇ ਇਨਸਾਨ ਦਾ ਫਰਜ਼ ਬਣਦਾ ਹੈ।
ਇਸ ਗ੍ਰਹਿਯੁੱਧ ਦਾ ਇਕ ਹੋਰ ਚਿੰਤਾਜਨਕ ਪਹਿਲੂ ਸਾਡੇ ਦੇਸ਼ ਅਤੇ ਸਾਡੇ ਸੂਬੇ ਦੇ ਲੋਕਾਂ ਲਈ ਇਹ ਹੈ ਕਿ ਸੈਂਕੜਿਆਂ ਦੀ ਗਿਣਤੀ ਵਿਚ ਸਾਡੇ ਨੌਜਵਾਨ ਉਥੇ ਫਸ ਗਏ ਹਨ। ਇਨ੍ਹਾਂ ਵਿਚ ਕਾਫੀ ਗਿਣਤੀ ਵਿਚ ਨਰਸਾਂ ਵੀ ਸ਼ਾਮਲ ਹਨ। ਆਪਣੀ ਰੋਜੀ ਰੋਟੀ ਦਾ ਜੁਗਾੜ ਕਰਨ ਹਿੱਤ ਉਥੇ ਗਏ ਇਹ ਨੌਜਵਾਨ ਅੱਜ ਬਹੁਤ ਹੀ ਤਰਸਯੋਗ ਹਾਲਤ ਵਿਚ ਹਨ। ਦੇਸ਼ ਵਿਚ ਫੈਲੀ ਬੇਰੁਜ਼ਗਾਰੀ ਦੇ ਸਿੱਟੇ ਵਜੋਂ ਲੱਖਾਂ ਰੁਪਏ ਖਰਚਕੇ ਉਥੇ ਨੌਕਰੀ ਕਰਨ ਲਈ ਗਏ ਨੌਜਵਾਨ ਰੋਟੀ ਤੋਂ ਵੀ ਆਤੁਰ ਹਨ। ਬਹੁਤੇ ਨੌਜਵਾਨ ਉਥੇ ਉਸਾਰੀ ਪ੍ਰੋਜੈਕਟਾਂ ਵਿਚ ਕੰਮ ਕਰਦੇ ਹਨ। ਇਨ੍ਹਾਂ ਦੇ ਪਾਸਪੋਰਟ ਅਤੇ ਹੋਰ ਕਾਗਜ਼ਾਤ ਕੰਪਨੀਆਂ ਦੇ ਪ੍ਰਬੰਧਕ ਪਹਿਲਾਂ ਹੀ ਆਪਣੇ ਕਬਜ਼ੇ ਵਿਚ ਕਰ ਲੈਂਦੇ ਹਨ। ਇਨ੍ਹਾਂ ਬਹੁਕੌਮੀ ਕੰਪਨੀਆਂ ਦੇ ਮਾਲਕ ਤੇ ਪ੍ਰਬੰਧਕ ਆਪ ਤਾਂ ਉਥੋਂ ਭੱਜ ਗਏ ਹਨ। ਪ੍ਰੰਤੂ ਇਨ੍ਹਾਂ ਨੌਜਵਾਨਾਂ ਦੀ ਤਨਖਾਹ ਆਦਿ ਦੇਣੀ ਤਾਂ ਦੂਰ ਉਨ੍ਹਾਂ ਦੇ ਰੋਟੀ ਪਾਣੀ ਦਾ ਵੀ ਪ੍ਰਬੰਧ ਕਰਕੇ ਨਹੀਂ ਗਏ ਹਨ। ਆਲੇ ਦੁਆਲੇ ਵਰ੍ਹ ਰਹੀਆਂ ਗੋਲੀਆਂ ਦੇ ਮੀਂਹ ਵਿਚ ਉਹ ਭੁੱਖੇ ਭਾਣੇ ਮੌਤ ਦੇ ਸਾਏ ਹੇਠ ਜੀਅ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਛੇਤੀ ਤੋਂ ਛੇਤੀ ਆਪਣੇ ਦੇਸ਼ ਵਿਚ ਸਹੀ ਸਲਾਮਤ ਵਾਪਸ ਲਿਆਉਣਾ ਦੇਸ਼ ਦੀ ਸਰਕਾਰ ਦਾ ਫਰਜ਼ ਬਣਦਾ ਹੈ। ਦੇਸ਼ ਦੀ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਫੌਰੀ ਰੂਪ ਵਿਚ ਢੁਕਵੇਂ ਕਦਮ ਚੁੱਕਦੀ ਹੋਈ ਇਨ੍ਹਾਂ ਨੌਜਵਾਨਾਂ ਨੂੰ ਦੇਸ ਵਾਪਸ ਲਿਆ ਕੇ ਉਨ੍ਹਾਂ ਦੇ ਵਿਲਕ ਰਹੇ ਮਾਪਿਆਂ ਨੂੰ ਰਾਹਤ ਪ੍ਰਦਾਨ ਕਰੇ।
(25.6.2014)
No comments:
Post a Comment