Sunday 6 July 2014

ਵੱਧ ਰਿਹਾ ਸਮਾਜਿਕ ਜਬਰ ਤੇ ਪ੍ਰਸ਼ਾਸਨ ਦੀ ਪੱਖਪਾਤੀ ਪਹੁੰਚ

ਗੁਰਨਾਮ ਸਿੰਘ ਦਾਊਦ
ਜਾਤੀਪਾਤੀ ਅਧਾਰ 'ਤੇ ਵੰਡੇ ਹੋਏ ਭਾਰਤੀ ਸਮਾਜ ਵਿਚ ਸਭ ਤੋਂ ਹੇਠਲੀ ਜਾਤੀ ਨਾਲ ਜੁੜੇ ਹੋਏ ਕਿਸਮਤ ਮਾਰੇ ਲੋਕਾਂ ਉਤੇ ਨਿੱਤ ਦਿਨ ਮੁਸੀਬਤਾਂ ਦੇ ਨਵੇਂ ਤੋਂ ਨਵੇਂ ਪਹਾੜ ਡਿਗਦੇ ਹਨ। ਸਦੀਆਂ ਤੋਂ ਜਹਾਲਤ ਭਰੀ ਜ਼ਿੰਦਗੀ ਜਿਉਂਦੇ ਇਹ ਲੋਕ ਅੱਜ ਵੀ ਅੱਤ ਦੀ ਮੰਦੀ ਹਾਲਤ ਵਿਚ ਜੂਨ ਭੋਗ ਰਹੇ ਹਨ। ਮੰਨੂਵਾਦੀ ਵੰਡ ਵੇਲੇ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦੀ ਮਾਲਕੀ ਤੋਂ ਵਾਂਝੇ ਰੱਖੇ ਜਾਣ ਕਰਕੇ, ਕਿਸੇ ਵੀ ਤਰ੍ਹਾਂ ਦੀ ਨੌਕਰੀ ਤੋਂ ਵਾਂਝੇ ਰੱਖੇ ਜਾਣ ਕਰਕੇ ਅਤੇ ਸਿੱਖਿਆ (ਵਿੱਦਿਆ) ਦੇ ਅਧਿਕਾਰ ਤੋਂ ਵੀ ਵਾਂਝੇ ਰੱਖੇ ਗਏ ਇਹ ਲੋਕ ਅੱਜ ਤੱਕ ਉਸ ਮਨੂੰਵਾਦੀ ਵੰਡ ਦਾ ਸੰਤਾਪ ਆਪਣੇ ਪਿੰਡਿਆਂ 'ਤੇ ਹੰਢਾ ਰਹੇ ਹਨ। 
ਅੱਜ ਭਾਵੇਂ ਇਹਨਾਂ ਲੋਕਾਂ ਨੂੰ ਜਾਇਦਾਦ ਖਰੀਦਣ ਅਤੇ ਰੱਖਣ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ ਪਰ ਇਹ ਅਧਿਕਾਰ ਉਸ ਵੇਲੇ ਪ੍ਰਾਪਤ ਹੋਇਆ ਹੈ ਜਦੋਂ ਇਹ ਲੋਕ ਆਰਥਿਕ ਪੱਖੋਂ ਇੰਨੇ ਪਛੜ ਚੁੱਕੇ ਹਨ ਕਿ ਅਧਿਕਾਰ ਹੁੰਦਿਆਂ ਹੋਇਆਂ ਵੀ ਇਹ ਕਿਸੇ ਆਮਦਨ ਪ੍ਰਾਪਤੀ ਵਾਲੀ ਜਾਇਦਾਦ ਖਰੀਦ ਸਕਣ ਦੇ ਸਮਰੱਥ ਨਹੀਂ ਹਨ। ਅੱਜ ਭਾਵੇਂ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਤਾਂ ਹੈ ਪਰ ਪੈਸੇ ਦੀ ਥੁੜ੍ਹੋਂ ਅਤੇ ਵਿਦਿਆ ਦਾ ਨਿੱਜੀਕਰਨ ਹੋਣ ਕਰਕੇ ਮਹਿੰਗੀ ਹੋਈ ਵਿਦਿਆ ਇਨ੍ਹਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਅੱਜ ਭਾਵੇਂ ਨੌਕਰੀਆਂ ਦੀ ਪ੍ਰਾਪਤੀ ਦਾ ਅਧਿਕਾਰ ਤਾਂ ਹੈ ਪਰ ਇਹ ਅਧਿਕਾਰ ਵੀ ਉਸ ਵੇਲੇ ਹੈ ਜਦੋਂ ਵਿਦਿਆ ਵਿਹੂਣੇ ਇਹ ਲੋਕ ਸਨਮਾਨਜਨਕ ਨੌਕਰੀਆਂ ਤੱਕ ਪਹੁੰਚ ਹੀ ਨਹੀਂ ਸਕਦੇ। 
ਦੂਸਰੇ ਪਾਸੇ ਜਮਾਤੀ ਅਧਾਰ 'ਤੇ ਵੰਡੇ ਹੋਏ ਭਾਰਤੀ ਸਮਾਜ ਵਿਚੋਂ ਸਰਮਾਏਦਾਰ ਜਗੀਰਦਾਰ ਜਮਾਤ ਹੀ ਕੇਂਦਰੀ ਰਾਜਸੱਤਾ ਉਤੇ ਲਗਾਤਾਰ ਕਾਬਜ ਹੈ। ਵੇਖਣ ਨੂੰ ਭਾਵੇਂ ਰਾਜਸੱਤਾ ਕਈ ਵਾਰ ਬਦਲ ਬਦਲ ਕੇ ਵੱਖ-ਵੱਖ ਪਾਰਟੀਆਂ ਦੇ ਹੱਥਾਂ ਵਿਚ ਗਈ ਹੈ ਪਰ ਅਸਲ ਵਿਚ ਇਹ ਲਗਾਤਾਰ ਇਕ ਹੀ ਜਮਾਤ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਕੋਲ ਰਹੀ ਹੈ ਅਤੇ ਅੱਜ ਵੀ ਉਹੋ ਹੀ ਜਮਾਤ ਰਾਜਸੱਤਾ ਉਤੇ ਕਾਬਜ਼ ਹੈ। ਹੁਣੇ ਹੁਣੇ ਹੋਈਆਂ ਪਾਰਲੀਮਾਨੀ ਚੋਣਾਂ ਵਿਚ ਵੀ ਐਨਡੀਏ ਦੀ ਸਰਕਾਰ ਭਾਵੇਂ ਵੇਖਣ ਨੂੰ ਯੂਪੀਏ ਨੂੰ ਸੱਤਾ ਤੋਂ ਪਾਸੇ ਕਰਕੇ ਮੋਦੀ ਦੀ ਅਗਵਾਈ ਵਿਚ ਬਣੀ ਹੈ ਪਰ ਅਸਲ ਵਿਚ ਇਹ ਸਰਕਾਰ ਵੀ ਸਰਮਾਏਦਾਰ-ਜਾਗੀਰਦਾਰ ਜਮਾਤ ਦੀ ਹੀ ਹੈ ਅਤੇ ਨੀਤੀਆਂ ਦੇ ਪੱਖ ਤੋਂ ਕੁਝ ਵੀ ਬਦਲਣ ਵਾਲਾ ਨਹੀਂ ਹੈ। 
ਇਸ ਸੰਦਰਭ ਵਿਚ ਜਦ ਅਸੀਂ ਦਲਿਤਾਂ ਦੀ ਜ਼ਿੰਦਗੀ ਵੱਲ ਧਿਆਨ ਮਾਰਦੇ ਹਾਂ ਤਾਂ ਨਜ਼ਰ ਆਉਂਦਾ ਹੈ ਕਿ ਆਰਥਿਕ ਤੰਗੀਆਂ ਦੇ ਨਾਲ ਨਾਲ ਇਹ ਗਰੀਬ ਲੋਕ ਸਮਾਜਿਕ ਜਬਰ ਦਾ ਵੀ ਵਧੇਰੇ ਤੋਂ ਵਧੇਰੇ ਸੰਤਾਪ ਹੰਢਾਉਂਦੇ ਆ ਰਹੇ ਹਨ। ਅਖੌਤੀ ਉਚ ਜਾਤੀਆਂ ਦੇ ਜਰਵਾਣੇ ਲੋਕ ਇਹਨਾਂ ਲੋਕਾਂ ਉਤੇ ਹਰ ਤਰ੍ਹਾਂ ਦਾ ਜਬਰ ਕਰਨਾ ਅੱਜ ਵੀ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਇਹਨਾਂ ਗਰੀਬਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਨਾਲ ਖੇਡਣਾ ਅਤੇ ਸਰੇ ਬਾਜ਼ਾਰ ਜ਼ਿਆਦਤੀਆਂ ਕਰਨੀਆਂ ਇਹ ਆਪਣਾ ਅਧਿਕਾਰ ਸਮਝਦੇ ਹਨ। ਕੋਈ ਵੀ ਅਜਿਹੀ ਘਿਨਾਉਣੀ ਘਟਨਾ ਵਾਪਰਨ 'ਤੇ ਜੋ ਅੱਧ ਪਚੱਧੇ ਤੱਥ ਸਾਹਮਣੇ ਆਉਂਦੇ ਹਨ ਜਾਂ ਮਾਨਸਿਕ ਤੌਰ 'ਤੇ ਦਬਾਏ ਹੋਏ ਇਹਨਾਂ ਲੋਕਾਂ ਵਲੋਂ ਜਦ ਕਦੇ ਜ਼ੁਲਮ ਖਿਲਾਫ ਮੂੰਹ ਖੋਲ੍ਹਿਆ ਵੀ ਜਾਂਦਾ ਹੈ ਤਾਂ ਲੁਟੇਰੀ ਜਮਾਤ ਦੀ ਰਾਜਸੱਤਾ ਅਧੀਨ ਕੰਮ ਕਰਦਾ ਪ੍ਰਸ਼ਾਸਨ ਇਹਨਾਂ ਅਖੌਤੀ ਉਚ ਜਾਤੀਆਂ ਨਾਲ ਸਬੰਧਤ ਦੋਸ਼ੀਆਂ ਦੀ ਸ਼ਰੇਆਮ ਮਦਦ ਕਰਨ 'ਤੇ ਤੁਲ ਜਾਂਦਾ ਹੈ। ਅਤੇ, ਹਾਕਮ ਜਮਾਤਾਂ ਵੀ ਦੋਸ਼ੀਆਂ ਨੂੰ ਕਾਨੂੰਨੀ ਸ਼ਿਕੰਜੇ ਤੋਂ ਬਚਾਉਣ ਲਈ ਉਹਨਾਂ ਦੇ ਪਿੱਛੇ ਆ ਖਲੋਦੀਆਂ ਹਨ। 
ਤਾਜ਼ਾ ਘਟਨਾਵਾਂ ਉਤੇ ਝਾਤ ਮਾਰੀਏ ਤਾਂ ਯੂ.ਪੀ. ਦੇ ਪਿੰਡ ਬਦਾਯੂੰ ਵਿਚ ਵਾਪਰੀ ਦੁਖਦਾਈ ਘਟਨਾ ਹਰ ਸੰਵੇਦਨਸ਼ੀਲ ਮਨੁੱਖ ਦੇ ਲੂੰ ਕੰਢੇ ਖੜ੍ਹੇ ਕਰ ਦਿੰਦੀ ਹੈ। ਦਲਿਤ ਪਰਵਾਰਾਂ ਵਿਚ ਜੰਮੀਆਂ ਬਦਾਯੂੰ ਜ਼ਿਲ੍ਹੇ ਦੇ ਇਕ ਪਿੰਡ ਦੀਆਂ ਦੋ ਚਚੇਰੀਆਂ ਭੈਣਾਂ ਨੂੰ ਜੰਗਲ ਪਾਣੀ ਜਾਣ ਵੇਲੇ ਕੁਝ ਜਰਵਾਣੇ ਲੋਕਾਂ ਨੇ ਅਗਵਾ ਕਰ ਲਿਆ ਅਤੇ ਉਹਨਾਂ ਦੀ ਇੱਜ਼ਤ ਵਰਾਨ ਕੀਤੀ। ਜਦ ਇਹਨਾਂ ਬੇਨਸੀਬ ਧੀਆਂ ਦੇ ਮਾਪੇ ਸਬੰਧਤ ਥਾਣੇ ਵਿਚ ਸ਼ਿਕਾਇਤ ਦਰਜ ਕਰਾਉਣ ਗਏ ਤਾਂ ਥਾਣੇ ਦੇ ਐਸ.ਐਚ.ਓ. ਨੇ ਇਹ ਕਹਿ ਕੇ ਮੋੜ ਦਿੱਤਾ ਕਿ ਲਾਗੇ ਬੰਨੇ ਵੇਖੋ, ਕਿਤੇ ਉਹਨਾਂ ਨੇ ਫਾਹ ਲੈ ਕੇ ਆਤਮ ਹੱਤਿਆ ਹੀ ਨਾ ਕਰ ਲਈ ਹੋਵੇ। ਅਤੇ, ਸੱਚਮੁਚ ਹੀ ਅਗਲੇ ਦਿਨ ਉਨ੍ਹਾਂ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਦਰੱਖਤ ਨਾਲ ਲਮਕਦੀਆਂ ਮਿਲ ਗਈਆਂ। ਬਾਅਦ ਵਿਚ ਉਹਨਾਂ ਨਾਲ ਹੋਏ ਬਲਾਤਕਾਰ ਦੀ ਵੀ ਪੁਸ਼ਟੀ ਹੋ ਗਈ। ਜਿਸ ਤੋਂ ਇਹ ਸਾਰੀ ਤਸਵੀਰ ਸਾਹਮਣੇ ਆ ਗਈ ਕਿ ਕਿਸ ਤਰ੍ਹਾਂ ਬਲਾਤਕਾਰ ਤੋਂ ਬਾਅਦ ਉਹਨਾਂ ਕੁੜੀਆਂ ਨੂੰ ਮਾਰ ਕੇ ਆਤਮ ਹੱਤਿਆ ਦਾ ਭੁਲੇਖਾ ਪਾਉਣ ਲਈ ਰੁੱਖਾਂ ਨਾਲ ਟੰਗ ਦਿੱਤਾ ਗਿਆ। ਜਿਸ ਦਾ ਪੁਲਸ ਪ੍ਰਸ਼ਾਸਨ ਨੂੰ ਲਾਸ਼ਾਂ ਮਿਲਣ ਤੋਂ ਪਹਿਲਾਂ ਹੀ ਪਤਾ ਸੀ। ਪੁਲਸ ਪ੍ਰਸ਼ਾਸਨ ਸਿਆਸੀ ਪ੍ਰਭਾਵ ਹੇਠ ਜਾਂ ਫਿਰ ਗਾਂਧੀ ਦੀ ਫੋਟੋ ਵਾਲੇ ਨੋਟਾਂ ਦੇ ਪ੍ਰਭਾਵ ਹੇਠ ਆਪਣੀ  ਨੈਤਿਕ ਜ਼ਿੰਮੇਵਾਰੀ ਭੁਲਾ ਕੇ ਦਲਿਤਾਂ ਅਤੇ ਉਹਨਾਂ ਦੀਆਂ ਬੇਟੀਆਂ ਨੂੰ ਮਨੁੱਖ ਸਮਝਣ ਤੋਂ ਵੀ ਇਨਕਾਰੀ ਬਣਿਆ ਰਿਹਾ ਜੋ ਮੀਡੀਆ ਵਿਚ ਰੋਲਾ ਪੈਣ ਤੋਂ ਬਾਅਦ ਹੀ ਹਰਕਤ ਵਿਚ ਆਇਆ ਅਤੇ ਅੱਜ ਵੀ ਅੰਦਰਖਾਤੇ ਕੀ ਖਿਚੜੀ ਪੱਕ ਰਹੀ ਹੈ; ਇਸ ਦਾ ਪਤਾ ਲੱਗਣਾ ਅਜੇ ਬਾਕੀ ਹੈ। 
ਇਸੇ ਤਰ੍ਹਾਂ ਪੰਜਾਬ ਦੇ ਜ਼ਿਲਾ ਸੰਗਰੂਰ ਦੇ ਪਿੰਡ ਬਾਊਪੁਰ ਵਿਚ ਦਲਿਤਾਂ ਦੇ ਹੋਏ ਲੰਮੇ ਸਮੇਂ ਤੋਂ ਬਾਈਕਾਟ ਦਾ ਨਾ ਤਾਂ ਪ੍ਰਸ਼ਾਸਨ ਨੇ ਅਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਨੋਟਿਸ ਲਿਆ। ਮਜ਼ਦੂਰ ਜਥੇਬੰਦੀਆਂ ਦੇ ਹਰਕਤ ਵਿਚ ਆਉਣ ਨਾਲ ਹੀ ਪ੍ਰਸ਼ਾਸਨ ਮਾੜਾ ਮੋਟਾ ਹਰਕਤ ਵਿਚ ਆਇਆ। ਅਜਿਹੀਆਂ ਸੈਂਕੜੇ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਥੋੜੀਆਂ ਬਹੁਤੀਆਂ ਮੀਡੀਆ ਦੇ ਸਾਹਮਣੇ ਆਉਣ ਨਾਲ ਲੋਕਾਂ ਤੱਕ ਪੁੱਜ ਜਾਂਦੀਆਂ ਹਨ ਤੇ ਵੱਡੀ ਗਿਣਤੀ ਵਿਚ ਇਹ ਦੱਬੀਆਂ ਦਬਾਈਆਂ ਹੀ ਰਹਿ ਜਾਂਦੀਆਂ ਹਨ। 
ਦੋ ਤਾਜ਼ਾ ਘਟਨਾਵਾਂ ਹੋਰ ਸਾਹਮਣੇ ਆਈਆਂ ਹਨ ਜਿੰਨ੍ਹਾਂ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਇਕ ਘਟਨਾ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ। ਪਿੰਡ ਦਾ ਇਕ ਅਕਾਲੀ ਦਲ ਨਾਲ ਸਬੰਧਤ ਘਟੀਆ ਬਿਰਤੀ ਵਾਲਾ ਵਿਅਕਤੀ ਰਾਜਸੱਤਾ ਦੇ ਨਸ਼ੇ ਵਿਚ ਮਜ਼ਦੂਰਾਂ ਦੇ ਮੁਹੱਲੇ ਵਿਚ ਮਿਤੀ 20 ਮਾਰਚ ਨੂੰ ਉਸ ਵੇਲੇ ਗਿਆ ਜਦ ਮਜ਼ਦੂਰ ਵਿਚਾਰੇ ਆਪਣੀ ਰੋਟੀ-ਰੋਜ਼ੀ ਦੀ ਖਾਤਰ ਕੰਮਾਂ-ਕਾਰਾਂ ਤੇ ਗਏ ਹੋਏ ਸਨ ਤੇ ਇਕੱਲੀਆਂ ਔਰਤਾਂ ਹੀ ਘਰਾਂ ਵਿਚ ਸਨ। ਉਸ ਨੇ ਕਈ ਘਰਾਂ ਦੇ ਦਰਵਾਜ਼ੇ ਬਿਨਾਂ ਵਜ੍ਹਾ ਖੜਕਾਏ ਅਤੇ ਸਾਹਿਬ ਸਿੰਘ ਨਾਂ ਦੇ ਇਕ ਮਜ਼ਦੂਰ ਦਾ ਵੀ ਉਸਦੀ ਗੈਰ ਹਾਜ਼ਰੀ ਵਿਚ ਜਾ ਦਰਵਾਜਾ ਖੜਕਾਇਆ। ਘਰ ਵਿਚ ਇਕੱਲੀ ਔਰਤ ਹੀ ਸੀ। ਉਸ ਨੇ ਦਰਵਾਜ਼ਾ ਨਾ ਖੋਲਿਆ ਤੇ ਕਿਹਾ ਕਿ ਮੇਰਾ ਪਤੀ ਘਰ ਨਹੀਂ ਹੈ। ਉਹ ਚਲਾ ਤਾਂ ਗਿਆ ਪਰ ਦੁਬਾਰਾ ਫੇਰ ਆ ਗਿਆ ਤੇ ਦਰਵਾਜ਼ਾ ਖੜਕਾਇਆ। ਪਰ ਔਰਤ ਨੇ ਫੇਰ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕੀਤਾ। ਜਦ ਉਹ ਜਰਵਾਣਾ ਤੀਸਰੀ ਵਾਰ ਫੇਰ ਆਇਆ ਤਾਂ ਉਸ ਬੀਬੀ ਨੇ ਆਪਣੇ ਪਤੀ ਨੂੰ ਫੋਨ ਕਰਕੇ ਸੱਦ ਲਿਆ। ਜਿਸਨੇ ਸਰਪੰਚ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ। ਸਰਪੰਚ ਨੇ ਇਕ ਪੰਚਾਇਤ ਮੈਂਬਰ ਭੇਜਿਆ ਜੋ ਉਸ ਜੋਰਾਵਰ ਨੂੰ ਨਾਲ ਲੈ ਕੇ ਗਿਆ ਪਰ ਉਸਦੀ ਤਸੱਲੀ ਨਹੀਂ  ਹੋਈ ਸਗੋਂ ਗੁੱਸੇ ਵਿਚ ਮਜ਼ਦੂਰਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਜਦ ਮਜ਼ਦੂਰਾਂ ਨੇ ਵਿਰੋਧ ਕੀਤਾ ਤਾਂ ਉਹ ਆਪਣੇ ਨਾਲ ਹੋਰ ਗੁੰਡੇ ਲੈ ਕੇ ਆਇਆ ਤੇ ਉਕਤ ਮਜ਼ਦੂਰ ਸਾਹਿਬ ਸਿੰਘ ਦੀ ਛੋਟੀ ਜਿਹੀ ਪਕੌੜਿਆਂ ਦੀ ਦੁਕਾਨ 'ਤੇ ਜਾ ਕੇ ਉਸ ਦੇ ਗਲ ਪੈ ਗਿਆ। ਉਸਦੀ ਦੁਕਾਨ ਦੀ ਭੰਨਤੋੜ ਕੀਤੀ, ਤੇਲ ਡੋਲ੍ਹ ਦਿੱਤਾ ਤੇ ਜ਼ੋਰ ਜ਼ੋਰ ਦੀ ਗਾਲ੍ਹਾਂ ਕੱਢਦਾ ਰਿਹਾ ਤੇ ਕਹਿੰਦਾ ਰਿਹਾ ਕਿ ''ਇਹਨਾਂ ਚੂਹੜਿਆਂ ਨੂੰ ਬੰਦੇ ਦੇ ਪੁੱਤ ਬਣਾਉਣਾ ਹੈ।'' ਸਾਹਿਬ ਸਿੰਘ ਤੇ ਉਸਦੇ ਪਰਿਵਾਰ ਵਾਲੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਲੈ ਕੇ ਥਾਣਾ ਖਲਚੀਆਂ ਵਿਖੇ ਦਰਖਾਸਤ ਦੇਣ ਚਲੇ ਗਏ ਪਰ ਉਹ ਗੁੰਡੇ ਥਾਣੇ ਵਿਚ ਵੀ ਪਹੁੰਚ ਗਏ ਤੇ ਥਾਣੇ ਦੇ ਮੁਨਸ਼ੀ ਦੀ ਹਾਜ਼ਰੀ ਵਿਚ ਗਾਲ੍ਹਾਂ ਕੱਢਦੇ ਰਹੇ ਤੇ ਕਹਿੰਦੇ ਰਹੇ ਕਿ ਇਹਨਾਂ ਕੁੱਝ ਚੂਹੜਿਆਂ ਨੂੰ ਗੋਲੀਆਂ ਨਾਲ ਉਡਾ ਦਿਆਂਗੇ। ਇਸ ਅੱਤ ਦੀ ਦਰਦਨਾਕ ਘਟਨਾ ਦਾ ਪੁਲਸ ਨੇ ਕੋਈ ਨੋਟਿਸ ਨਾ ਲਿਆ। ਸਗੋਂ ਉਹ ਜਰਵਾਣਾ ਅਕਾਲੀ ਵਰਕਰ ਹਸਪਤਾਲ ਜਾ ਦਾਖਲ ਹੋਇਆ ਤੇ ਝੂਠੀ ਸੱਟ ਲਾ ਕੇ 326 ਦਾ ਪਰਚਾ ਗਰੀਬ ਮਜ਼ਦੂਰਾਂ ਉਪਰ ਦਰਜ ਕਰਵਾ ਦਿੱਤਾ। ਮਜ਼ਦੂਰ ਡਰਦੇ ਮਾਰੇ ਫੇਰ ਵੀ ਤਰਲੇ ਕਰਦੇ ਰਹੇ ਤੇ ਰਾਜੀਨਾਮਾਂ ਕਰਨ ਲਈ ਮੁਆਫੀ ਮੰਗਣ ਤੱਕ ਗਏ। ਪਰ ਉਹਨਾਂ ਦੀ ਕਿਸੇ ਨੇ ਨਾ ਸੁਣੀ ਤੇ ਅੰਤ 2 ਅਪ੍ਰੈਲ ਨੂੰ ਪੁਲਸ ਨੇ ਸਾਹਿਬ ਸਿੰਘ ਨੂੰ ਚੁੱਕ ਕੇ ਥਾਣੇ ਲੈ ਆਂਦਾ। ਦਿਹਾਤੀ ਮਜ਼ਦੂਰ ਸਭਾ ਕੋਲ ਪਹੁੰਚ ਕਰਨ 'ਤੇ ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਸੀ.ਪੀ.ਐਮ.ਪੰਜਾਬ ਦੀ ਅਗਵਾਈ ਵਿਚ ਤੁਰੰਤ ਥਾਣਾ ਖਲਚੀਆਂ ਦਾ ਘਿਰਾਓ ਕੀਤਾ ਗਿਆ। ਜਿਸ ਉਪਰੰਤ ਉਸ ਵੇਲੇ ਦੇ ਡੀ.ਐਸ.ਪੀ. ਦਿਨੇਸ਼ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਨਕੁਆਰੀ ਕਰੇਗਾ ਤੇ ਇਨਸਾਫ ਦਿਵਾਏਗਾ। ਇਸ ਵਿਸ਼ਵਾਸ ਨਾਲ ਸਾਹਿਬ ਸਿੰਘ ਨੂੰ ਛੁਡਾਉਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਪਰ 29 ਮਈ ਨੂੰ ਥਾਣਾ ਖਲਚੀਆਂ ਦੀ ਪੁਲਿਸ ਨੇ ਫੇਰ ਸਾਹਿਬ ਸਿੰਘ ਨੂੰ ਚੁੱਕ ਲਿਆਂਦਾ, ਜਿਸ 'ਤੇ ਉਕਤ ਜਥੇਬੰਦੀਆਂ ਨੇ ਫੇਰ ਥਾਣਾ ਘੇਰਿਆ ਤੇ ਰਾਤ 12.30 ਵਜੇ ਸਾਹਿਬ ਸਿੰਘ ਪੁਲਸ ਦੇ ਚੁੰਗਲ ਤੋਂ ਛੁਡਾਇਆ। ਹੁਣ ਮੌਜੂਦਾ ਐਸ.ਪੀ.ਹੈਡਕੁਆਰਟਰ ਮੌਕਾ ਵੇਖ ਕੇ ਤੇ ਸਾਰੀ ਜਾਣਕਾਰੀ ਹਾਸਲ ਕਰ ਲੈਣ ਤੋਂ ਬਾਅਦ ਕਹਿ ਰਿਹਾ ਹੈ ਕਿ ਮਜ਼ਦੂਰ ਸੱਚੇ ਹਨ ਤੇ ਅਕਾਲੀ ਗੁੰਡਿਆਂ ਦਾ ਪਰਚਾ ਵੀ ਝੂਠਾ ਹੈ ਤੇ ਧੱਕੇਸ਼ਾਹੀ ਵੀ ਹੋਈ ਹੈ। ਪਰ ਲੋਕਲ ਪੁਲਸ ਪ੍ਰਸ਼ਾਸਨ ਅਜੇ ਵੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਤੋਂ ਪਾਸਾ ਵੱਟ ਰਿਹਾ ਹੈ ਤੇ ਉਕਤ ਜਥੇਬੰਦੀਆਂ ਇਨਸਾਫ ਲੈਣ ਲਈ ਸੰਘਰਸ਼ ਦੇ ਮੈਦਾਨ ਵਿਚ ਹਨ। 
ਇਕ ਹੋਰ ਬਹੁਤ ਹੀ ਦੁਖਦਾਈ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੈਲ ਢਾਏਵਾਲਾ ਵਿਚ ਪਿਛਲੇ ਦਿਨੀਂ ਵਾਪਰੀ। ਇਕ ਬਹੁਤ ਹੀ ਗਰੀਬ ਪਰਵਾਰ ਦੀ ਇਹ ਕਹਾਣੀ ਵੀ ਲੂੰ ਕੰਢੇ ਖੜੇ ਕਰਨ ਵਾਲੀ ਹੈ। ਲੱਖਾ ਸਿੰਘ, ਉਸਦੀ ਪਤਨੀ ਮਨਜੀਤ ਕੌਰ, ਨਾਬਾਲਗ ਲੜਕੀ ਹਰਪ੍ਰੀਤ ਕੌਰ ਅਤੇ ਇਕ ਨਾਬਾਲਗ ਲੜਕਾ ਮਨਪ੍ਰੀਤ ਸਿੰਘ ਗਰੀਬੀ ਕਾਰਨ ਪਿੰਡ ਛੱਡ ਕੇ ਤਰਨਤਾਰਨ ਸ਼ਹਿਰ ਜਾ ਵੱਸੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲੱਗ ਪਏ। ਇਸ ਦੌਰਾਨ ਪਿੰਡ ਦਾ ਇਕ ਬਹੁਤ ਹੀ ਧਨੀ ਕਿਸਾਨ ਪਰਿਵਾਰ ਅੱਜ ਤੋਂ ਕਰੀਬ 7 ਸਾਲ ਪਹਿਲਾਂ ਇਸ ਪਰਿਵਾਰ ਨੂੰ ਸ਼ਹਿਰ ਤੋਂ ਵਾਪਸ ਲੈ ਆਇਆ। ਸ਼ਾਮਲਾਤ ਥਾਂ ਤੇ ਕੱਚਾ ਘਰ ਬਣਾ ਕੇ ਉਕਤ ਮਜ਼ਦੂਰ  ਪਰਵਾਰ ਉਕਤ ਧਨੀ ਕਿਸਾਨ ਦੇ ਘਰ ਕੰਮ ਕਰਨ ਲੱਗ ਪਿਆ। ਸਾਰਾ ਪਰਿਵਾਰ ਪਿਛਲੇ 7 ਸਾਲ ਤੋਂ ਉਹਨਾਂ ਦੇ ਘਰ ਕੰਮ ਕਰ ਰਿਹਾ ਹੈ ਪਰ ਉਹਨਾਂ ਨੂੰ ਮਜ਼ਦੂਰੀ ਦੇ ਪੈਸੇ ਕਦੇ ਨਹੀਂ ਮਿਲੇ। ਪਿਛਲੇ ਦਿਨੀਂ ਮਜ਼ਦੂਰ ਦਾ ਇਹ ਨਾਬਾਲਗ ਲੜਕਾ ਮਨਪ੍ਰੀਤ ਸਿੰਘ ਅਤੇ ਉਕਤ ਕਿਸਾਨ ਦਾ ਲੜਕਾ ਖੇਤਾਂ ਵਿਚ ਕੰਮ ਕਰਦਿਆਂ ਆਪਸ ਵਿਚ ਲੜ ਪਏ। ਹੱਥੋਪਾਈ ਹੁੰਦਿਆਂ ਹੋਇਆਂ ਦੋਵਾਂ ਦੇ ਮਾੜੀਆਂ ਮੋਟੀਆਂ ਸੱਟਾ ਲੱਗ ਗਈਆਂ ਅਤੇ ਡਰਦਾ ਮਾਰਾ ਮਜ਼ਦੂਰ ਲੜਕਾ ਆਪਣੀ ਮਾਸੀ ਦੇ ਘਰ ਚਲਾ ਗਿਆ। ਉਕਤ ਕਿਸਾਨ ਪਰਵਾਰ ਲੱਭਦਾ ਹੋਇਆ ਉਸ ਘਰ ਪਹੁੰਚ ਗਿਆ ਜਿੱਥੇ ਉਕਤ ਲੜਕਾ ਆਪਣੀ ਮਾਸੀ ਘਰ ਡਰ ਦਾ ਮਾਰਾ ਲੁਕ ਕੇ ਬੈਠਾ ਹੋਇਆ ਸੀ। ਇਥੋਂ ਸ਼ੁਰੂ ਹੋਈ ਪਰਵਾਰ ਨਾਲ ਬੇਇੰਤਹਾ ਬੇਇਨਸਾਫੀ। ਕਿਸਾਨ ਪਰਵਾਰ ਨੇ ਲੜਕੇ ਦੀਆਂ ਬਾਹਾਂ ਬੰਨ੍ਹ ਕੇ ਕੁਟਣਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਦੀਆਂ ਗਲੀਆਂ ਵਿਚ ਕੁਟਦੇ ਹੋਏ ਆਪਣੇ ਘਰ ਲੈ ਗਏ ਅਤੇ ਬੇਤਹਾਸ਼ਾ ਕੁਟ ਨੇ ਅੱਧਮੋਇਆ ਕਰਕੇ ਸੁੱਟ ਦਿੱਤਾ। ਲੜਕੇ ਦੇ ਪਿਤਾ ਲੱਖਾ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਲੜਕੇ ਨੂੰ ਚੁਕ ਕੇ ਥਾਣਾ ਗੋਇੰਦਵਾਲ ਲਿਆਂਦਾ ਤੇ ਪੁਲਸ ਨੂੰ ਸਾਰੀ ਗੱਲ ਦੱਸੀ। ਪੁਲਸ ਨੇ ਡਾਕਟ ਤਾਂ ਦੇ ਦਿੱਤਾ ਪਰ ਉਹ ਗਰੀਬ ਪਰਵਾਰ ਲੜਕੇ ਨੂੰ ਹਸਪਤਾਲ ਦਾਖਲ ਨਾ ਕਰਵਾ ਸਕੇ, ਕਿਉਂਕਿ ਉਹਨਾਂ ਕੋਲ ਇਲਾਜ ਵਾਸਤੇ ਪੈਸੇ ਨਹੀਂ ਸਨ। ਘਰੇਲੂ ਓਹੜ ਪੋਹੜ ਕਰਕੇ ਇਲਾਜ ਕਰਦੇ ਰਹੇ ਤੇ ਕਿਸਾਨ ਦੇ ਘਰ ਕੰਮ 'ਤੇ ਨਾ ਜਾ ਸਕੇ। ਕਿਸਾਨ ਵਲੋਂ ਦਰਖਾਸਤ ਦੇ ਕੇ ਝੂਠਾ ਪਰਚਾ ਕਟਾ ਲੈਣ ਕਰਕੇ ਉਲਟਾ ਮਜ਼ਦੂਰ ਪਰਵਾਰ ਦੇ ਆਗੂ ਉਕਤ ਲੱਖਾ ਸਿੰਘ ਨੂੰ ਹੀ ਦੋ ਦਿਨ ਥਾਣੇ ਬੈਠਾਈ ਰੱਖਿਆ ਤੇ ਡਰਾਇਆ ਧਮਕਾਇਆ ਗਿਆ। ਇਹ ਬੇਤਰਸ ਕਿਸਾਨ ਪਰਵਾਰ ਹੋਰ ਗੁੱਸੇ ਵਿਚ ਆ ਗਿਆ ਤੇ ਮਜ਼ਦੂਰ ਦਾ ਸ਼ਾਮਲਾਤ ਜਗ੍ਹਾ ਤੇ ਬਣਿਆ ਹੋਇਆ ਕੱਚਾ ਘਰ ਢਾਹ ਦਿੱਤਾ ਅਤੇ ਟਰੈਕਟਰ ਪਿਛੇ ਕਰਾਹਾ ਪਾ ਕੇ, ਹਲਾਂ ਆਦਿ ਪਾ ਕੇ ਪੱਧਰਾ ਕਰ ਦਿੱਤਾ ਅਤੇ ਘਰ ਦਾ ਸਮਾਨ ਜਿਸ ਵਿਚ ਕਣਕ ਵਾਲਾ ਡਰੱਮ, ਕੂਲਰ, ਭਾਂਡੇ ਅਤੇ ਘਰ ਵਿਚ ਰੱਖੀਆਂ ਤਿੰਨ ਗਊਆਂ ਲੁੱਟ ਕੇ ਲੈ ਗਏ। ਜਦ ਉਸ ਮਜ਼ਦੂਰ ਪਰਵਾਰ ਦੀ ਬੀਬੀ ਮਨਜੀਤ ਕੌਰ ਨੇ ਘਰ ਢਾਹੁਣ ਤੇ ਸਮਾਨ ਲੁੱਟਣ ਦਾ ਵਿਰੋਧ ਕੀਤਾ ਤਾਂ ਮਿਤੀ 5-6-2014 ਨੂੰ ਉਕਤ ਭੂਤਰੇ ਹੋਏ ਕਿਸਾਨ ਪਰਿਵਾਰ ਨੇ ਮਨਜੀਤ ਕੌਰ ਨੂੰ ਬਹੁਤ ਜ਼ਿਆਦਾ ਕੁਟਿਆ, ਗਾਲਾਂ ਕੱਢੀਆਂ ਅਤੇ ਕਿਹਾ ਕਿ ਕੁੱਤੀ ਚੂਹੜੀ ਨੂੰ ਸਬਕ ਸਿਖਾਓ। ਜਦੋਂ ਮਨਜੀਤ ਕੌਰ ਬੇਹੋਸ਼ ਹੋ ਗਈ ਤਾਂ ਜਾ ਕੇ ਉਸ ਨੂੰ ਕੁਟਣਾ ਬੰਦ ਕੀਤਾ ਗਿਆ। ਥਾਣੇ ਇਤਲਾਹ ਦੇਣ ਪਿਛੋਂ ਥਾਣਾ ਗੋਇੰਦਵਾਲ ਦਾ ਐਸ.ਐਚ.ਓ. ਮੌਕੇ ਤੇ ਆਇਆ। ਜਖ਼ਮੀ ਔਰਤ ਨੂੰ ਚੁਕ ਕੇ ਹਸਪਤਾਲ ਪਹੁੰਚਾਉਣ ਦੀ ਬਜਾਏ ਕਿਸਾਨ ਪਰਵਾਰ ਦੇ ਪ੍ਰਭਾਵ ਅਧੀਨ ਉਸ ਨੂੰ ਗੁਆਂਢੀਆਂ ਦੇ ਘਰ ਲੰਮੀ ਪਾ ਕੇ ਚਲਾ ਗਿਆ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। 
ਅਗਲੇ ਦਿਨ ਕੁਝ ਰਿਸ਼ਤੇਦਾਰਾਂ ਵਲੋਂ ਮਨਜੀਤ ਕੌਰ ਨੂੰ ਸਰਹਾਲੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹੈਰਾਨੀ ਉਦੋਂ ਹੋਈ ਜਦੋਂ ਮਨਜੀਤ ਕੌਰ ਦਾ ਪਤਾ ਲੈਣ ਗਏ ਰਿਸ਼ਤੇਦਾਰਾਂ ਨੂੰ ਵੀ ਉਕਤ ਕਿਸਾਨ ਵਲੋਂ ਕੁਟਿਆ ਗਿਆ ਤੇ ਸਰਹਾਲੀ ਥਾਣੇ ਦੀ ਪੁਲਸ ਆ ਕੇ ਕੁਟ ਖਾਣ ਵਾਲਿਆਂ ਨੂੰ ਹੀ ਥਾਣੇ ਲੈ ਤੁਰੀ ਤੇ ਥਾਣੇ ਲਿਜਾ ਕੇ ਡਰਾ ਧਮਕਾ ਕੇ ਛੱਡਿਆ। 
ਇਸ ਸਾਰੀ ਘਟਨਾ ਬਾਰੇ ਐਸ.ਐਚ.ਓ. ਥਾਣਾ ਗੋਇੰਦਵਾਲ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦਾ ਇਕ ਵਫਦ ਐਸ.ਐਸ.ਪੀ. ਤਰਨਤਾਰਨ ਨੂੰ ਵੀ ਮਿਲਿਆ ਪਰ ਪੁਲਸ ਪ੍ਰਸ਼ਾਸਨ ਹਰਕਤ ਵਿਚ ਨਹੀਂ ਆਇਆ। ਅੰਤ ਮਿਤੀ 15 ਜੂਨ ਨੂੰ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਮਦਦ ਨਾਲ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ. ਦੇ ਦਫਤਰ ਸਾਹਮਣੇ ਧਰਨਾ ਮਾਰਿਆ ਗਿਆ। ਧਰਨੇ ਦੌਰਾਨ ਡੀ.ਐਸ.ਪੀ. ਨਾਲ ਗਲਬਾਤ ਦੌਰਾਨ ਡੀ.ਐਸ.ਪੀ. ਨੇ ਭਰੋਸਾ ਦਿਵਾਇਆ ਕਿ ਸਾਰੇ ਮਸਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਢਿਲਮਠ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮਜ਼ਦੂਰਾਂ ਉਪਰ ਬਣਿਆ ਝੂਠਾ ਪਰਚਾ ਰੱਦ ਕੀਤਾ ਜਾਵੇਗਾ। ਉਸ ਨੇ 5 ਦਿਨਾਂ ਦਾ ਸਮਾਂ ਮੰਗਿਆਂ। ਇਸ ਦਿਵਾਏ ਗਏ ਵਿਸ਼ਵਾਸ ਕਾਰਨ ਧਰਨਾ ਚੁਕਿਆ ਗਿਆ। ਦਿਹਾਤੀ ਮਜ਼ਦੂਰ ਸਭਾ ਨੇ ਐਲਾਨ ਕੀਤਾ ਕਿ ਇਨਸਾਫ ਮਿਲਣ ਤੱਕ ਲੜਾਈ ਲੜੀ ਜਾਵੇਗੀ। 
ਉਕਤ ਸਾਰੀਆਂ ਘਟਨਾਵਾਂ ਤੋਂ ਇਕ ਗੱਲ ਹੋਰ ਸਪੱਸ਼ਟ ਹੁੰਦੀ ਹੈ ਕਿ ਸਰਕਾਰਾਂ ਭਾਵੇਂ ਕਿਸੇ ਵੀ ਰੰਗ ਦੀਆਂ ਆ ਜਾਣ ਜਦ ਤੱਕ ਜਮਾਤੀ ਤੌਰ 'ਤੇ ਸਰਮਾਏਦਾਰੀ ਜਗੀਰਦਾਰੀ ਪ੍ਰਬੰਧ ਕਾਇਮ ਹੈ ਗਰੀਬਾਂ, ਮਜ਼ਦੂਰਾਂ ਤੇ ਕਿਰਤੀਆਂ ਖਿਲਾਫ ਜ਼ੁਲਮ ਹੁੰਦੇ ਹੀ ਰਹਿਣੇ ਹਨ। ਪੁਲਸ ਦਾ ਜਬਰ ਅਤੇ ਸਮਾਜਿਕ ਜਬਰ ਇਹਨਾਂ ਸਰਕਾਰਾਂ ਅਤੇ ਪੁਲਸ ਪ੍ਰਸ਼ਾਸਨ ਨੇ ਨਹੀਂ ਰੋਕਣਾ। ਸਗੋਂ ਗਰੀਬਾਂ, ਦਲਿਤਾਂ ਤੇ ਕਿਰਤੀਆਂ ਦਾ ਏਕਾ, ਵਿਸ਼ਾਲ ਲਾਮਬੰਦੀ ਅਤੇ ਤਿੱਖੇ ਸੰਘਰਸ਼ ਹੀ ਇਹਨਾਂ ਘਟਨਾਵਾਂ ਉਪਰ ਰੋਕ ਲਾ ਸਕਦੇ ਹਨ ਤੇ ਪ੍ਰਸ਼ਾਸਨ ਨੂੰ ਜਰਵਣਿਆਂ ਤੇ ਧੱਕੜਸ਼ਾਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਕਰ ਸਕਦੇ ਹਨ। 

No comments:

Post a Comment