Sunday 6 July 2014

ਕੱਟੜਪੰਥੀਆਂ ਦੇ ਮਨਹੂਸ ਮਨਸੂਬਿਆਂ ਵਿਰੁੱਧ ਚੌਕਸੀ ਦੀ ਲੋੜ

ਮੰਗਤ ਰਾਮ ਪਾਸਲਾ
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, 'ਬਲਿਊ ਸਟਾਰ' ਅਪਰੇਸ਼ਨ ਦੀ 30ਵੀਂ ਵਰ੍ਹੇਗੰਢ ਸਮੇਂ, 6 ਜੂਨ ਨੂੰ  ਸਿੱਖਾਂ ਦੇ ਵੱਖ ਵੱਖ ਧੜਿਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ, ਜਿਸ ਵਿਚ ਦੋ ਦਰਜਨ ਦੇ ਕਰੀਬ ਵਿਅਕਤੀ ਜਖ਼ਮੀ ਹੋ ਗਏ। ਇਸ ਘਟਨਾ ਨੇ ਪ੍ਰਾਂਤ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਅੰਦਰ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਦੇ ਮੁੜ ਪਰਤਣ ਬਾਰੇ ਖਦਸ਼ੇ ਪੈਦਾ ਕਰ ਦਿੱਤੇ ਹਨ; ਜਦੋਂ ਪੰਜਾਬ ਅੰਦਰ ਇਕ ਪਾਸੇ ਦਹਿਸ਼ਤਗਰਦਾਂ ਹੱਥੋਂ ਹਰ ਦਿਨ ਬੇਗੁਨਾਹ ਲੋਕਾਂ ਤੇ ਰਾਜਸੀ ਆਗੂਆਂ ਦੀਆਂ ਬੇਰਹਿਮ ਹੱਤਿਆਵਾਂ ਹੁੰਦੀਆਂ ਸਨ ਤੇ ਦੂਸਰੇ ਪਾਸੇ ਵੱਖ ਵੱਖ ਸਿੱਖ ਧੜਿਆਂ ਤੇ ਦਹਿਸ਼ਤਗਰਦ ਗਰੁੱਪਾਂ ਵਿਚਕਾਰ ਖੂਨੀ ਟੱਕਰਾਂ ਆਮ ਵਰਤਾਰਾ ਬਣ ਗਿਆ ਸੀ। ਭਾਵੇਂ ਇਸ ਪੱਖੋਂ ਲੋਕਾਂ ਦੀਆਂ ਚਿੰਤਾਵਾਂ ਨਿਰਮੂਲ ਨਹੀਂ ਹਨ ਪ੍ਰੰਤੂ ਇਹ ਗੱਲ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਅੱਤਵਾਦੀਆਂ ਦੀਆਂ ਅਣਮਨੁੱਖੀ ਕਾਰਵਾਈਆਂ ਤੇ ਪ੍ਰਸ਼ਾਸ਼ਨ ਵਲੋਂ ਬੇਕਸੂਰ ਲੋਕਾਂ ਨਾਲ ਉਸ ਕਾਲੇ ਦੌਰ ਵਿਚ ਕੀਤੀਆਂ ਜਾਂਦੀਆਂ ਵਧੀਕੀਆਂ ਨੂੰ ਜਿਨ੍ਹਾਂ ਪ੍ਰਾਂਤ ਵਾਸੀਆਂ ਨੇ ਹੱਡੀ ਹੰਢਾਇਆ ਹੈ ਉਹ ਦੇਸ਼ ਵਿਰੋਧੀ ਦਹਿਸ਼ਤਗਰਦ ਤੱਤਾਂ ਦੇ ਮੁੜ ਬਹਿਕਾਵੇ ਵਿਚ ਸੌਖਿਆਂ ਨਹੀਂ ਆਉਣ ਲੱਗੇ, ਜਿਸ ਨਾਲ ਪ੍ਰਾਂਤ ਦੇ ਹਲਾਤ ਫਿਰ ਵਿਗੜ ਜਾਣ। ਉਸ ਸਮੇਂ ਦੇ ਤਲਖ ਤਜਰਬਿਆਂ ਨੇ ਬਿਨਾਂ ਸ਼ੱਕ ਸਧਾਰਣ ਲੋਕਾਂ ਦੀ ਰਾਜਨੀਤਕ ਤੇ ਵਿਚਾਰਧਾਰਕ ਚੇਤਨਤਾ ਦੀ ਪੱਧਰ ਵਿਚ ਕੁਝ ਨਾ ਕੁਝ ਵਾਧਾ ਜ਼ਰੂਰ ਕੀਤਾ ਹੈ। 
1978 ਵਿਚ ਸ਼ੁਰੂ ਹੋਏ ਹਿੰਸਕ ਦੌਰ ਦੇ ਪੰਜਾਬ ਵਿਚ ਦੋ ਦਹਾਕਿਆਂ ਤੱਕ ਜਾਰੀ ਰਹਿਣ ਲਈ ਜ਼ਿੰਮੇਵਾਰ ਮੂਲ ਕਾਰਨਾਂ ਨੂੰ ਸਮਝਣ ਦੀ ਲੋੜ ਹੈ, ਤਾਂ ਜੋ ਕਿਸੇ ਅਜਿਹੇ ਭਵਿੱਖੀ ਦੁਖਾਂਤ ਦੇ ਮੁੜ ਵਾਪਰਨ ਤੋਂ ਬਚਿਆ ਜਾ ਸਕੇ। ਦੁਨੀਆਂ ਭਰ ਦੇ ਲੁਟੇਰੇ ਰਾਜਸੀ ਢਾਂਚਿਆਂ ਦੇ ਹਾਕਮਾਂ ਵਾਂਗ ਭਾਰਤ ਦੀ ਹੁਕਮਰਾਨ ਜਮਾਤ ਵੀ ਆਪਣੇ ਵਿਰੁੱਧ ਉਠੀ ਕਿਸੇ ਜਮਹੂਰੀ, ਅਗਾਂਹਵਧੂ ਤੇ ਖੱਬੇ ਪੱਖੀ ਲਹਿਰ ਨੂੰ ਵੱਖ ਵੱਖ ਢੰਗਾਂ ਰਾਹੀਂ ਰੋਕਣ ਤੇ ਦਬਾਉਣ ਦਾ ਯਤਨ ਕਰਦੀ ਆਈ ਹੈ। ਇਹ ਅਮਲ ਅੱਜ ਵੀ ਜਾਰੀ ਹੈ। ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਚਲ ਰਹੀਆਂ ਅੱਤਵਾਦੀ, ਵੰਡਵਾਦੀ ਤੇ ਫਿਰਕੂ ਲਹਿਰਾਂ ਪਿਛੇ ਫਿਰਕੂ ਤੇ ਸ਼ਰਾਰਤੀ ਤੱਤਾਂ ਦੇ ਨਾਲ ਨਾਲ ਕਿਸੇ ਨਾ ਕਿਸੇ ਰੂਪ ਵਿਚ ਹਾਕਮ ਧਿਰ ਦਾ ਹੱਥ ਤੇ ਹੱਲਾਸ਼ੇਰੀ ਜ਼ਰੂਰ ਨਜ਼ਰ ਆਉਂਦੀ ਹੈ ਭਾਵੇਂ ਕਿ ਬਾਹਰੀ ਤੌਰ 'ਤੇ ਇਨ੍ਹਾਂ ਅੰਦੋਲਨਾਂ ਵਿਚ ਆਮ ਲੋਕ ਵੀ ਸ਼ਮੂਲੀਅਤ ਕਰਦੇ ਹਨ। ਪੰਜਾਬ ਵਿਚ ਉਠੀ ਖਾਲਿਸਤਾਨੀ ਦਹਿਸ਼ਤਗਰਦੀ ਦੀ ਲਹਿਰ ਭਾਰਤ ਦੀ ਸਥਾਪਤੀ ਵਲੋਂ ਮਿਹਨਤਕਸ਼ ਲੋਕਾਂ ਵਿਚ ਮਿਹਨਤਕਸ਼ ਲੋਕਾਂ ਨਾਲ ਜੁੜੇ ਹੋਏ ਅਹਿਮ ਸਵਾਲਾਂ ਦੁਆਲੇ ਉਭਰ ਰਹੇ ਖੱਬੇ ਪੱਖੀ ਅੰਦੋਲਨ ਨੂੰ ਢਾਹ ਲਾਉਣ ਤੇ ਲੋਕ ਰੋਹ ਨੂੰ ਕੁਰਾਹੇ ਪਾਉਣ ਦਾ ਇਕ ਯੋਜਨਾਬੱਧ ਯਤਨ ਸੀ, ਜਿਸਨੂੰ ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਨੇ ਵੀ ਖੂਬ ਹਵਾ ਦਿੱਤੀ। ਦੇਸ਼ ਦੇ ਨਾਲ ਨਾਲ ਪੰਜਾਬ ਅੰਦਰ ਮਜ਼ਦੂਰ, ਕਿਸਾਨ, ਨੌਜਵਾਨ ਤੇ ਹੋਰ ਦਰਮਿਆਨੀਆਂ ਜਮਾਤਾਂ ਨਾਲ ਸਬੰਧਤ ਲੋਕ ਐਮਰਜੈਂਸੀ ਦੇ ਕਾਲੇ ਦੌਰ ਦੇ ਤਲਖ ਤਜ਼ਰਬਿਆਂ ਦਾ ਸੇਕ ਸਹਿ ਕੇ ਤੇ ਏਕਾਧਿਕਾਰਵਾਦੀ ਸ਼ਕਤੀਆਂ ਨੂੰ ਚੋਣਾਂ ਅੰਦਰ ਭਾਂਜ ਦੇ ਕੇ ਜਮਹੂਰੀ ਲਹਿਰ ਦੇ ਪਸਾਰੇ ਲਈ ਨਵੀਆਂ ਅੰਗੜਾਈਆਂ ਲੈ ਰਹੇ ਸਨ। ਇਹ ਸਮਾਂ ਜਨਸਮੂਹਾਂ ਦੀ ਉਚੇਰੀ ਪੱਧਰ ਦੀ ਰਾਜਨੀਤਕ ਚੇਤਨਤਾ ਪਰਨਾਉਣ ਦੀ ਪ੍ਰਯੋਗਸ਼ਾਲਾ ਵਾਂਗ ਸੀ, ਜਿਥੇ ਲੋਕ ਅਮਲੀ ਤਜ਼ਰਬਿਆਂ ਤੋਂ ਬਹੁਤ ਕੁੱਝ ਅਜਿਹਾ ਸਿੱਖ ਜਾਂਦੇ ਹਨ, ਜੋ ਮੁਕਾਬਲਤਨ ਘੱਟ ਰਾਜਨੀਤਕ ਉਥਲ ਪੁਥਲਾਂ ਦੇ ਸਮੇਂ ਵਿਚ ਸਿੱਖਣਾ ਸੰਭਵ ਨਹੀਂ ਹੁੰਦਾ। ਪੰਜਾਬ ਅੰਦਰ ਜਨਸਮੂਹਾਂ ਨਾਲ ਸਬੰਧਤ ਉਹ ਮੁੱਦੇ ਤੇ ਮਸਲੇ, ਜੋ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਸਨ, ਵਲੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਤਰਕੀਬ ਅਧੀਨ ਐਸੇ ਸਵਾਲ ਉਭਾਰੇ ਗਏ ਜੋ ਜਮਹੂਰੀ ਚੇਤਨਾ ਨੂੰ ਖੁੰਢਿਆਂ ਕਰਕੇ ਧਾਰਮਕ ਕੱਟੜਤਾ ਤੇ ਅਲੱਗਵਾਦ ਦੇ ਸੂਤਰਧਾਰ ਬਣੇ। ਉਸ ਸਮੇਂ ਕੇਂਦਰੀ ਤੇ ਉਨ੍ਹਾਂ ਦੀ ਹਮਜੋਲੀ ਪੰਜਾਬ ਦੀ ਰਾਜ ਕਰਦੀ ਧਿਰ, ਕਾਂਗਰਸ ਨੇ ਅਜਿਹੇ ਗਰੁੱਪਾਂ ਤੇ ਵਿਅਕਤੀਆਂ ਨੂੰ ਹੱਲਾਸ਼ੇਰੀ ਤੇ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ, ਜੋ ਖਾਲਿਸਤਾਨ ਤੇ ਖੁਦਮੁਖਤਾਰ ਸਿੱਖ ਰਾਜ ਵਰਗੀਆਂ ਗੈਰ ਜਮਹੂਰੀ, ਕੱਟੜਵਾਦੀ ਤੇ ਵੱਖਵਾਦੀ ਮੰਗਾਂ ਦਾ ਸ਼ਰੇਆਮ ਪ੍ਰਚਾਰ ਹੀ ਨਹੀਂ ਸਨ ਕਰਦੇ ਬਲਕਿ ਇਨ੍ਹਾਂ ਦੀ ਪ੍ਰਾਪਤੀ ਲਈ ਦੂਸਰੇ ਧਰਮਾਂ ਜਾਂ ਵਿਚਾਰਧਾਰਾਵਾਂ ਵਿਰੁੱਧ ਨਫਰਤ ਫੈਲਾਕੇ 'ਹੱਥਿਆਰ ਬੰਦ' ਜਦੋਜਹਿਦ ਦੀ ਵਕਾਲਤ ਵੀ ਕਰਦੇ ਸਨ। ਇਸੇ ਤਰ੍ਹਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਆਗੂ, ਲੋਕ ਰੋਹ ਦੀ ਕਾਂਗ ਨੂੰ ਜਮਹੂਰੀ ਤੇ ਅਗਾਂਹਵਧੂ ਦਿਸ਼ਾ ਤੋਂ ਹਟਾ ਕੇ ਕੁਰਾਹੇ ਪਾਉਣ ਲਈ ਤੇ ਕੱਟੜਪੱਖੀ ਧਿਰਾਂ ਵੱਲ ਨੂੰ ਲਿਹਾਜੂ ਵਤੀਰਾ ਧਾਰਨ ਕਰਕੇ ਆਪਣੇ ਸਿੱਖਾਂ ਵਿਚਾਲੇ ਜਨ ਅਧਾਰ ਨੂੰ ਕਾਇਮ ਰੱਖਣ ਲਈ ਧਾਰਮਕ ਕੱਟੜਤਾ ਤੇ ਵੱਖਵਾਦ ਦਾ ਪ੍ਰਚਾਰ ਕਰਦੇ ਹੋਏ ਹਿੰਸਕ ਵਾਰਦਾਤਾਂ ਵਿਚ ਮਸਰੂਫ ਅੱਤਵਾਦੀ ਗਰੁੱਪਾਂ ਦੀ ਨਿੰਦਿਆਂ ਕਰਨ ਦੀ  ਥਾਂ ਉਨ੍ਹਾਂ ਦੀ ਡਟਕੇ ਪਿੱਠ ਥਾਪੜਦੇ ਰਹੇ। ਸੰਘ ਪਰਿਵਾਰ, ਜਿਸਦਾ ਅੱਜ ਦੀ ਭਾਜਪਾ ਮਹੱਤਵਪੂਰਨ ਅੰਗ ਹੈ,  ਵੀ ਖੱਬੇ ਪੱਖੀ ਰੁਝਾਨਾਂ ਵੱਲ ਨੂੰ ਝੁਕਾਅ ਰੱਖਣ ਵਾਲੇ ਜਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਤੇ ਸਥਾਪਤ ਰਾਜਸੀ ਢਾਂਚੇ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਦੀ ਵਕਾਲਤ ਕਰਦਾ ਹੋਇਆ ਇਕ ਪਾਸੇ ਧਰਮ ਅਧਾਰਤ ਰਾਜਨੀਤੀ ਦੀ ਵਕਾਲਤ ਕਰਦਾ ਰਿਹਾ ਤੇ ਦੂਸਰੇ ਬੰਨ੍ਹੇ ਮੁਠੀ ਭਰ ਦਹਿਸ਼ਤਗਰਦਾਂ ਤੇ ਵਿਸ਼ਾਲ ਸਿੱਖ ਵਸੋਂ ਵਿਚਕਾਰ ਅੰਤਰ ਕਰਨ ਦੀ ਥਾਂ ਅੱਤਵਾਦੀ ਵਾਰਦਾਤਾਂ ਲਈ ਜ਼ਿੇੰਮੇਵਾਰ ਮੁੱਠੀ ਭਰ ਦੇਸ਼ ਧਰੋਹੀ ਟੋਲਿਆਂ ਦੇ ਵੱਖਵਾਦੀ ਨਾਅਰਿਆਂ ਨੂੰ ਸਿੱਖ ਸਮੁਦਾਇ ਤੇ ਸਮੂਹ ਪੰਜਾਬੀਆਂ ਦੀਆਂ ਜਮਹੂਰੀ ਤੇ ਹੱਕੀ ਮੰਗਾਂ ਨਾਲ ਰਲਗੱਡ ਕਰਨ ਦੀ ਹੱਦ ਤੱਕ ਜਾਂਦਾ ਰਿਹਾ। ਇਹ ਪਹੁੰਚ ਤੇ ਰੁਖ ਪੰਜਾਬ ਦੇ ਅਸ਼ਾਂਤ ਤੇ ਹਿੰਸਕ ਮਾਹੌਲ ਦੇ ਸੰਦਰਭ ਵਿਚ ਦੇਸ਼ ਭਰ ਅੰਦਰ ਸਿੱਖ ਵਿਰੋਧੀ ਭਾਵਨਾਵਾਂ ਭੜਕਾਉਣ ਵਿਚ ਮਦਦਗਾਰ ਬਣਿਆ। ਇਸਦਾ ਸਿੱਟਾ ਸਾਲ 1984 ਦੌਰਾਨ ਦਿੱਲੀ ਤੇ ਦੇਸ਼ ਦੇ ਹੋਰ ਅਨੇਕਾਂ ਭਾਗਾਂ ਵਿਚ ਸਿੱਖ ਵਿਰੋਧੀ ਦੰਗੇ ਭੜਕਣ ਵਿਚ ਨਿਕਲਿਆ। ਇਨ੍ਹਾਂ ਹਿੰਸਕ ਵਾਰਦਾਤਾਂ ਵਿਚ ਮਾਰੇ ਗਏ ਵਿਅਕਤੀਆਂ ਦੀਆਂ ਚੀਕਾਂ ਅਜੇ ਵੀ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਸੁਟਦੀਆਂ ਹਨ। ਫਿਰਕੂ ਤੇ ਦਹਿਸ਼ਤਗਰਦ ਤੱਤਾਂ ਦੇ ਨਾਲ ਨਾਲ ਹਾਕਮ ਜਮਾਤਾਂ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਇਹਨਾਂ ਦੇ ਆਗੂ ਪੰਜਾਬ ਵਿਚਲੇ ਦਹਿਸ਼ਤਗਰਦੀ ਦੇ ਦੌਰ ਲਈ ਮੂਲ ਰੂਪ ਵਿਚ ਜ਼ਿੰਮੇਵਾਰ ਹਨ, ਜੋ ਲੁੱਟ ਖਸੁੱਟ ਉਪਰ ਅਧਾਰਤ ਮੌਜੂਦਾ ਪੂੰਜੀਵਾਦੀ ਪ੍ਰਬੰਧ ਨੂੰ ਜਿਉਂ ਦਾ ਤਿਉਂ ਰੱਖਣ ਦੇ ਹੱਕ ਵਿਚ ਖਲੋਂਦੇ ਹਨ ਤੇ ਰਾਜ ਭਾਗ ਉਪਰ ਆਪ ਕਾਬਜ਼ ਹੋਣ ਲਈ ਦੂਸਰੀਆਂ ਰਾਜਸੀ ਧਿਰਾਂ ਨੂੰ ਨੀਵਾਂ ਦਿਖਾਉਣ ਤੇ ਅਪਣੇ ਜਨ ਅਧਾਰ ਨੂੰ ਵਧਾਉਣ ਵਾਸਤੇ ਲੋੜੀਂਦੇ ਦਾਅਪੇਚ ਤੇ ਪੈਂਤੜੇ ਹੀ ਅਖਤਿਆਰ ਕਰਦੇ ਹਨ। ਇਸੇ ਯੋਜਨਾ ਦੇ ਅਧੀਨ ਹੀ ਅੱਜ ਵੀ ਇਹ ਧਿਰਾਂ ਖਾਲਿਸਤਾਨ ਤੇ ਖੁਦਮੁਖਤਾਰ ਸਿੱਖ ਰਾਜ ਵਰਗੀਆਂ ਵੱਖਵਾਦੀ ਮੰਗਾਂ ਉਠਾਉਣ ਦੇ ਨਾਲ ਨਾਲ 1984 ਦੇ ਸਿੱਖ ਕਤਲੇਆਮ ਦਾ ਮੁੱਦਾ, ਇਸਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਆਦਿ ਦੇ ਸੰਵੇਦਨਸ਼ੀਲ ਸਵਾਲਾਂ ਨੂੰ ਸਮੇਂ ਸਮੇਂ ਉਪਰ ਸਿਰਫ ਆਪਣੇ ਸਵਾਰਥੀ ਹਿਤਾਂ ਨੂੰ ਪੱਠੇ ਪਾਉਣ ਲਈ ਉਠਾਉਂਦੀਆਂ ਰਹਿੰਦੀਆਂ ਹਨ। ਇਸ ਕੰਮ ਲਈ ਕੇਂਦਰ ਤੇ ਸੂਬਿਆਂ ਦੀਆਂ ਸਰਕਾਰੀ ਸੂਹੀਆ ਏਜੰਸੀਆਂ ਵੀ ਮੌਜੂਦਾ ਸਥਾਪਤੀ ਦੀ ਮਜ਼ਬੂਤੀ ਤੇ ਅਗਾਂਹਵਧੂ ਲਹਿਰ ਨੂੰ ਬੰਨ੍ਹ ਮਾਰਨ ਲਈ ਫੁੱਟ ਪਾਊ ਲਹਿਰਾਂ ਤੇ ਵੱਖਵਾਦੀ ਤੇ ਕੱਟੜਵਾਦੀ ਆਤੰਕੀ ਤੱਤਾਂ ਨੂੰ ਉਕਸਾਉਂਦੀਆਂ ਦੇਖੀਆਂ ਜਾ ਸਕਦੀਆਂ ਹਨ। ਕੇਂਦਰ ਜਾਂ ਰਾਜਾਂ ਵਿਚ ਰਾਜਭਾਗ ਕਿਸੇ ਵੀ ਪਾਰਟੀ ਭਾਵ ਭਾਜਪਾ, ਕਾਂਗਰਸ ਜਾਂ ਅਕਾਲੀ ਦਲ ਕੋਲ ਹੋਵੇ, ਇਨ੍ਹਾਂ ਵਿਚ ਕੋਈ ਵੀ ਪੰਜਾਬ ਦੇ ਦੁਖਾਂਤ ਨੂੰ ਜਮਹੂਰੀ ਨਜ਼ਰੀਏ ਤੋਂ ਨਾ ਘੋਖਣਾ ਚਾਹੁੰਦਾ ਹੈ ਤੇ ਨਾ ਹੀ ਇਸ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਾਨਾ ਚਾਹੁੰਦਾ ਹੈ। ਵੱਖ ਵੱਖ ਸਮਿਆਂ 'ਤੇ ਕੇਂਦਰ ਤੇ ਪੰਜਾਬ ਅੰਦਰ ਕਾਂਗਰਸ, ਭਾਜਪਾ ਤੇ  ਅਕਾਲੀ ਦਲ ਤਿੰਨਾਂ ਹੀ ਧਿਰਾਂ ਦਾ ਰਾਜ ਭਾਗ ਰਿਹਾ ਹੈ, ਪ੍ਰੰਤੂ ਕਿਸੇ ਵੀ ਧਿਰ ਨੇ ਨਾ ਪੰਜਾਬ ਦੀਆਂ ਜਮਹੂਰੀ ਮੰਗਾਂ ਦਾ ਕੋਈ ਤਸੱਲੀਬਖਸ਼ ਹੱਲ ਕੀਤਾ ਹੈ ਤੇ ਨਾ ਹੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਤੇ ਦਹਿਸ਼ਤਗਰਦੀ ਦੇ ਦੌਰ ਵਿਚ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਗਏ ਲੋਕਾਂ ਦੇ ਕਾਤਲਾਂ ਨੂੰ ਢੁਕਵੀਆਂ ਸਜ਼ਾਵਾਂ ਦੁਆਉਣ ਲਈ ਕੋਈ ਚਾਰਾਜੋਈ ਕੀਤੀ। ਇਨ੍ਹਾਂ ਦੁਖਾਂਤਾਂ ਤੋਂ ਪੀੜਤ ਲੋਕਾਂ ਦੀ ਸੁਧ ਬੁਧ ਲੈਣ ਦੀ ਥਾਂ ਹਮੇਸ਼ਾਂ ਉਨ੍ਹਾਂ ਦੇ ਜ਼ਖ਼ਮਾਂ ਨੂੰ ਕੁਰੇਦਣ ਦਾ ਹੀ ਯਤਨ ਕੀਤਾ ਹੈ, ਇਨ੍ਹਾਂ ਵੱਖ ਵੱਖ ਹਾਕਮ ਲੋਟੂ ਰਾਜਨੀਤਕ ਧਿਰਾਂ ਨੇ। 
ਪੰਜਾਬ ਦੇ ਦੁਖਾਂਤ ਨੂੰ ਸਮੁੱਚੇ ਰੂਪ ਵਿਚ ਸਮਝਣ, ਪੜਚੋਲਣ ਤੇ ਲੋੜੀਂਦੇ ਸਿੱਟੇ ਕੱਢ ਕੇ ਐਸੇ ਵਰਤਾਰੇ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਅਤੇ ਮਾਨਵਵਾਦੀ ਸੋਚ ਦੇ ਧਾਰਨੀ ਲੋਕਾਂ ਨੇ ਤਾਂ ਕੁਝ ਨਾ ਕੁਝ ਹੰਭਲਾ ਜ਼ਰੂਰ  ਮਾਰਿਆ ਹੈ। ਦੇਸ਼ ਧਰੋਹੀ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਡਟਵਾਂ ਵਿਰੋਧ ਕਰਦਿਆਂ ਹੋਇਆਂ ਖੱਬੀ ਲਹਿਰ ਨਾਲ ਸਬੰਧਤ 300 ਤੋਂ ਵਧੇਰੇ ਆਗੂਆਂ ਤੇ ਕਾਰਕੁੰਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਪ੍ਰੰਤੂ ਹਾਕਮ ਧਿਰਾਂ ਦੀਆਂ ਰਾਜਨੀਤਕ ਪਾਰਟੀਆਂ ਨੇ ਤਾਂ ਪੰਜਾਬ ਵਿਚਲੇ ਦੁਖਾਂਤ ਤੋਂ ਰਾਜਸੀ ਰੋਟੀਆਂ ਸੇਕਣ ਤੋਂ ਸਿਵਾਏ ਹੋਰ ਕੁੱਝ ਕੀਤਾ ਹੀ ਨਹੀਂ ਹੈ। ਦੁਖਾਂਤਕ ਪਹਿਲੂ ਇਹ ਹੈ ਕਿ ਅਜੇ ਵੀ ਮੁੱਠੀ ਭਰ ਸੰਕੀਰਨ ਤੇ ਵੱਖਵਾਦੀ ਸੋਚ ਦੇ ਧਾਰਨੀ ਕਈ ਸਿੱਖ ਬੁੱਧੀਜੀਵੀ ਤੇ ਧਾਰਮਕ/ਰਾਜਨੀਤਕ ਆਗੂ ਆਪਣੀ ਤਰਕ ਰਹਿਤ ਤੇ ਇਕ ਪਾਸੜ ਸੋਚ ਰਾਹੀਂ ਸਿੱਖ ਜਨਸਮੂਹਾਂ ਨੂੰ ਉਤੇਜਤ ਕਰਕੇ ਕੁਰਾਹੇ ਪਾਉਣ ਦਾ ਯਤਨ ਲਗਾਤਾਰ ਕਰਦੇ ਜਾ ਰਹੇ ਹਨ। ਆਮ ਤੌਰ 'ਤੇ ਇਨ੍ਹਾਂ ਵਿਰੁੱਧ ਡਟਵਾਂ ਸਟੈਂਡ ਸਿੱਖ ਧਰਮ ਵਿਚਲੇ ਸਹੀ ਮਾਨਵਵਾਦੀ ਸੋਚ ਦੇ ਧਾਰਨੀ ਵਿਅਕਤੀਆਂ ਵਲੋਂ ਵੀ ਨਹੀਂ ਲਿਆ ਜਾਂਦਾ। ਇਸੇ ਕਰਕੇ ਦੇਖਿਆ ਗਿਆ ਹੈ ਕਿ ਕਈ ਮੌਕਿਆਂ ਉਤੇ ਕੁਝ ਮੁੱਠੀ ਭਰ ਬੰਦਿਆਂ ਵਲੋਂ ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕੱਟੜਵਾਦੀ ਤੇ ਫਿਰਕੂ ਸੋਚ ਦੀ ਵਕਾਲਤ ਕੀਤੀ ਜਾਂਦੀ ਹੈ ਤਾਂ ਸਿੱਖਾਂ ਦੇ ਵੱਡੇ ਹਿੱਸੇ ਵਲੋਂ ਡਟਵਾਂ ਸਟੈਂਡ ਲੈਣ ਦੀ ਥਾਂ ਦੱਬਵੀਂ ਜੀਭੇ  ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਚੁਪ ਵੱਟ ਲਈ ਜਾਂਦੀ ਹੈ। ਇਸ ਚੁਪ ਨਾਲ ਪੂਰੇ ਦੇਸ਼ ਤੇ ਸੰਸਾਰ ਭਰ ਵਿਚ ਸਮੂਹ ਸਿੱਖਾਂ ਬਾਰੇ ਅਨੇਕਾਂ ਤਰ੍ਹਾਂ ਦੀਆਂ ਗਲਤ ਫਹਿਮੀਆਂ ਤੇ ਧਾਰਨਾਵਾਂ ਪੈਦਾ ਹੁੰਦੀਆਂ ਹਨ ਤੇ ਭੈੜੇ ਸੰਕੇਤ ਜਾਂਦੇ ਹਨ। ਸਭ ਤੋਂ ਵੱਡਾ ਨੁਕਸਾਨ ਮਲਕ ਭਾਗੋਆਂ ਦੀ ਲੁਟਖਸੁੱਟ ਵਿਰੁੱਧ ਜੂਝ ਰਹੇ ਭਾਈ ਲਾਲੋਆਂ ਦੇ ਸੰਗੀਆਂ ਦੀ ਏਕਤਾ ਨੂੰ ਤੇ ਦੇਸ਼ ਭਰ ਵਿਚ ਲੜੀ ਜਾ ਰਹੀ ਹੱਕ ਸੱਚ ਦੀ ਸਾਂਝੀ ਲੜਾਈ ਨੂੰ ਪੁਜਦਾ ਹੈ। ਜਦੋਂ ਕਿਰਤੀ ਲੋਕ ਜਮਹੂਰੀ ਤੇ ਮਾਨਵਵਾਦੀ ਨਜ਼ਰੀਏ ਤੋਂ ਇਕਮਿਕ ਹੋ ਕੇ ਦੁਸ਼ਮਣ ਲੋਟੂ ਧਿਰਾਂ ਵਿਰੁੱਧ ਲੜਨ ਦੀ ਥਾਂ ਇਕ ਦੂਸਰੇ ਦੇ ਧਰਮਾਂ, ਵਿਸ਼ਵਾਸਾਂ ਜਾਂ ਇਕੋ ਧਰਮ ਵਿਚ ਵੱਖ ਵੱਖ ਧਾਰਾਵਾਂ ਦੇ ਅਨੁਆਈਆਂ ਦੀ ਆਪਸੀ ਲੜਾਈ ਵਿਚ ਉਲਝ ਜਾਂਦੇ ਹਨ, ਤਦ ਸਵਾਰਥੀ ਹਿਤਾਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ। ਅਜੇਹੀ ਸਥਿਤੀ ਬਣੀ ਰਹਿਣ ਕਾਰਨ ਹੀ ਜ਼ਾਲਮ ਹਾਕਮ ਬਿਨਾ ਰੋਕ ਟੋਕ ਦੇ ਆਪਣਾ ਸ਼ਾਸਨ ਚਲਾਈ ਜਾਂਦੇ ਹਨ। ਇਹ ਸਾਰਾ ਕੁਝ ਪੰਜਾਬ ਵਿਚਲੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਸਮੇਂ ਦੇਖਿਆ ਗਿਆ ਹੈ, ਜਿਥੇ ਸ਼ਰਾਰਤੀ ਤੇ ਮੌਕਾਪ੍ਰਸਤ ਤੱਤਾਂ ਨੇ ਖੂਬ ਹੱਥ ਰੰਗੇ ਹਨ ਤੇ ਸਧਾਰਨ ਵਿਅਕਤੀ ਨੇ ਅਣਕਿਆਸੀਆਂ ਭਾਰੀ ਤਕਲੀਫਾਂ ਨੂੰ ਝੇਲਿਆ ਹੈ। 
ਅੱਜ ਦੇ ਸਮੇਂ ਵਿਚ ਲੋੜਾਂ ਦੀ ਲੋੜ ਇਹ ਹੈ ਕਿ ਜਦੋਂ ਮਿਹਨਤਕਸ਼ ਲੋਕਾਂ ਦਾ ਵੱਡਾ ਭਾਗ ਰੋਟੀ, ਰੋਜ਼ੀ, ਮਕਾਨ, ਵਿਦਿਆ, ਸਿਹਤ ਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਵਿਰਵਾ ਹੋ ਰਿਹਾ ਹੈ ਅਤੇ ਮੁਠੀ ਭਰ ਦੇਸੀ ਤੇ ਵਿਦੇਸ਼ੀ ਲੁਟੇਰੇ ਮਾਲਾ ਮਾਲ ਹੋ ਰਹੇ ਹਨ, ਉਦੋਂ ਕਿਸੇ ਵੀ ਰੰਗ, ਜਾਤ ਜਾਂ ਧਰਮ ਨਾਲ ਸਬੰਧਤ ਫਿਰਕੂ, ਸੰਕੀਰਨ ਸੋਚ ਵਾਲੇ ਕੱਟੜਵਾਦੀ ਤੱਤਾਂ ਤੇ ਧਰਮ ਦੇ ਨਾਮ ਉਪਰ ਜਨ ਸਧਾਰਨ ਵਿਚ ਉਤੇਜਨਾ ਪੈਦਾ ਕਰਕੇ ਹੱਕ ਸੱਚ ਦੀ ਲੜਾਈ ਵਿਚ ਫੁਟ ਦੇ ਬੀਜ਼ ਬੀਜਣ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ। ਪੰਜਾਬ ਵਿਚ ਤਾਂ ਇਸ ਸਤੱਰਕਤਾ ਦੀ ਹੋਰ ਵੀ ਵਧੇਰੇ ਲੋੜ ਹੈ ਕਿਉਂਕਿ ਇਕ ਪਾਸੇ ਸੂਬੇ ਦੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਰਤੇ ਧਰਤੇ ਲੋਕਾਂ ਨੂੰ ਦੋਨਾਂ ਹੱਥਾਂ ਨਾਲ ਚਰੂੰਡੀ ਜਾ ਰਹੇ ਹਨ ਤੇ ਨਸ਼ਿਆਂ ਦੇ ਦਰਿਆ ਵਿਚ ਜਵਾਨੀ ਨੂੰ ਡੁਬੋ ਕੇ ਸਾਡੇ ਭਵਿੱਖੀ ਵਾਰਸਾਂ ਨੂੰ ਤਬਾਹ ਕਰ ਰਹੇ ਹਨ ਤੇ ਦੂਸਰੇ ਪਾਸੇ ਫਿਰਕੂ ਸ਼ਰਾਰਤੀ ਅਨਸਰ ਆਪਸੀ ਸਦਭਾਵਨਾ ਦੇ ਮਹੌਲ ਨੂੰ ਪ੍ਰਦੂਸ਼ਤ ਕਰਨ ਦਾ ਯਤਨ ਕਰ ਰਹੇ ਹਨ। ਸਾਡਾ ਸਭ ਦਾ ਧਿਆਨ ਜ਼ਿੰਦਗੀ ਦੇ ਅਸਲ ਮੁਦਿਆਂ ਤੇ ਅਨੇਕਾਂ ਕਿਸਮਾਂ ਦੀਆਂ ਬੇਇਨਸਾਫੀਆਂ ਵਿਰੁੱਧ ਲੜੀ ਜਾ ਰਹੀ ਹੱਕੀ ਜੰਗ ਵੱਲ ਕੇਂਦਰਤ ਰਹਿਣਾ ਚਾਹੀਦਾ ਹੈ ਨਾ ਕਿ ਧਰਮ, ਜਾਤ, ਰੰਗ ਜਾਂ ਕਿਸੇ ਹੋਰ ਵੰਡਵਾਦੀ ਤੇ ਫਿਰਕੂ ਮੁੱਦੇ ਉਪਰ, ਜਿਸ ਨਾਲ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲੀ ਮਿਹਨਤਕਸ਼ ਜਨਤਾ ਦੀ ਸਾਂਝੀ ਲਹਿਰ ਤੇ ਇਕਜੁਟਤਾ ਟੁਟਦੀ ਹੋਵੇ। ਇਤਿਹਾਸ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ, ਪ੍ਰੰਤੂ ਇਸਤੋਂ ਬਹੁਤ ਕੁਝ ਸਿੱਖਿਆ ਜ਼ਰੂਰ ਜਾ ਸਕਦਾ ਹੈ। ਪੰਜਾਬ ਵਿਚਲੇ ਦਹਿਸ਼ਤਗਰਦੀ ਦੇ ਕਾਲੇ ਦੌਰ ਨੂੰ ਵੀ ਇਸ ਨਜ਼ਰੀਏ ਤੋਂ ਵਾਚਣ ਦੀ ਜ਼ਰੂਰਤ ਹੈ।

No comments:

Post a Comment