Wednesday 2 July 2014

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2014)

ਕਹਾਣੀ                                    ਅਹਿਸਾਸ

- ਜਸਵੀਰ ਦੁਸਾਂਝ
ਰਾਜਧਾਨੀ ਐਕਸਪ੍ਰੈਸ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਕਰੀਬ ਇਕ ਘੰਟਾ ਹੋ ਚੁੱਕਾ ਸੀ। ਡੱਬੇ ਵਿਚ ਪੰਜ ਮੁਸਾਫਿਰ ਸਨ। ਡਾਕਟਰ, ਉਸ ਦਾ ਬੇਟਾ, ਇਕ ਲਖਨਊ ਦਾ, ਤੇ ਦੋ ਬੰਬਈ ਦੇ ਵਪਾਰੀ। 
ਦਿੱਲੀ ਤੋਂ ਬੰਬਈ ਤਕ 18-20 ਘੰਟੇ ਦਾ ਸਫਰ ਸੀ। ਗੱਡੀ ਚੱਲਦੇ ਚੱਲਦੇ ਸ਼ਾਮ ਤਾਂ ਦਿੱਲੀ ਹੀ ਪੈ ਚੁੱਕੀ ਸੀ। ਆਪੋ ਆਪਣੀਆਂ ਸੀਟਾਂ ਦੀ ਸੈਟਿੰਗ ਕਰਦੇ, ਸਮਾਨ ਨੂੰ ਸੀਟਾਂ ਹੇਠ ਬੰਨ੍ਹਣ ਤੋਂ ਬਾਅਦ, ਸਾਰੇ ਮਸਾਫਿਰ ਅਰਾਮ ਨਾਲ ਬੈਠ ਗਏ ਸਨ। ਕਿਸੇ ਨੇ ਮੈਗਜ਼ੀਨ ਪੜ੍ਹਨਾ ਸ਼ੁਰੂ ਕਰ ਦਿੱਤਾ, ਕਿਸੇ ਨੇ ਨਾਵਲ, ਲਖਨਊ ਵਾਲਾ ਵਪਾਰੀ ਆਪਣੇ ਹਿਸਾਬ-ਕਿਤਾਬ ਵਿਚ ਉਲਝ ਗਿਆ। ਸਾਹਮਣਲੀ ਸੀਟ 'ਤੇ ਬੈਠੇ ਬੰਬਈ ਦੇ ਦੋਵੇਂ ਬਿਜਨੈਸਮੈਨ, ਤਾਸ਼ ਖੇਡਣੀ ਸ਼ੁਰੂ ਕਰ ਚੁੱਕੇ ਸਨ। ਇਹਨਾਂ ਵਿਚੋਂ ਇਕ ਪੂਰਾ ਗੁਰਸਿੱਖ ਸੀ ਤੇ ਇਕ ਹਿੰਦੂ। ਦੋਵੇਂ ਕਾਫੀ ਗੂੜ੍ਹੇ ਮਿੱਤਰ ਰਹੇ ਸਨ। ਕਾਫੀ, ਮਸ਼ਰੂਫ ਸਨ ਆਪਣੀ ਤਾਸ਼ ਦੀ ਖੇਡ ਵਿਚ। 
ਤਕਰੀਬਨ ਇਕ ਘੰਟੇ ਬਾਅਦ, ਕੌਫ਼ੀ ਦਾ ਕੱਪ ਮੁਸਾਫਿਰਾਂ ਵਾਸਤੇ ਆ ਗਿਆ। ਕੌਫ਼ੀ ਪੀਣ ਤੋਂ ਪਿਛੋਂ, ਸਰਦਾਰ ਜੀ ਕੁਝ ਤਾਸ਼ ਦੀ ਖੇਡ ਤੋਂ ਹਟੇ। ਉਨ੍ਹਾਂ ਦੇਖਿਆ ਕਿ ਡਾਕਟਰ ਤੇ ਉਸਦਾ ਬੇਟਾ ਪੰਜਾਬੀ ਹਨ। ਉਸ ਦਿਨ ਐਟਲਾਂਟਾ ਵਿਖੇ ਕੁਝ ਦੇਰ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਹਾਕੀ ਦਾ ਮੈਚ ਹੋਣਾ ਸੀ। ਏਹ ਉਲੰਪਿਕ ਦਾ ਲੀਗ ਮੈਚ ਸੀ। ਸਰਦਾਰ, ਪੰਜਾਬੀ ਅਤੇ ਹਾਕੀ ਇਨ੍ਹਾਂ ਤਿੰਨਾਂ ਦੀ ਬਹੁਤ ਗਹਿਰੀ ਸਾਂਝ ਹੈ। ਅਤੇ ਖਾਸ ਤੌਰ 'ਤੇ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਵੇ ਤਾਂ ਦੋਵੋਂ ਪਾਸੀਂ ਲੋਕਾਂ ਵਿਚ ਜੋਸ਼ੋ ਖਰੋਸ਼ ਹੁੰਦਾ ਹੈ। ਦੋਵੇਂ ਦੇਸ਼ ਇਕ ਦੂਸਰੇ ਨੂੰ ਕਿੰਨਾ ਪਿਆਰ ਕਰਦੇ ਹਨ, ਇਹ ਉਨ੍ਹਾਂ ਦੀ ਇਨ੍ਹਾਂ ਮੈਚਾਂ ਵਿਚਲੀ ਨਫ਼ਰਤ ਤੋਂ ਹੀ ਪਤਾ ਚੱਲ ਸਕਦਾ ਹੈ। 
ਮੈਚ ਬੇਸ਼ੱਕ ਕਿਰਕਟ ਦਾ ਹੋਵੇ, ਪਰ ਦੋਵਾਂ ਦੇਸ਼ਾਂ ਦੇ ਲੋਕ, ਇਸ ਮੈਚ ਦੇ ਭੇੜ ਨੂੰ ਆਪਸੀ ਜੰਗ ਦਾ ਮੈਦਾਨ ਸਮਝ ਬੈਠਦੇ ਹਨ। ਬਹੁਤੀ ਵਾਰ ਵੱਡਾ ਵੀਰ, ਭਾਵ ਭਾਰਤ, ਛੋਟੇ ਵੀਰ ਪਾਕਿਸਤਾਨ ਹੱਥੋਂ ਮੈਚ ਹਾਰਦਾ ਹੀ ਰਿਹਾ ਹੈ। ਸਰਦਾਰ ਜੀ ਪੁੱਛਣ ਲੱਗੇ, ''ਅੱਜ ਹਾਕੀ ਮੈਚ ਦਾ ਕੀ ਬਣੇਗਾ?'' ਸੈਮੀ ਫਾਇਨਲ ਵਿਚ ਪੁੱਜਣ ਲਈ, ਭਾਰਤ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਜੋ, ਦੋਵੇਂ ਟੀਮਾਂ ਬਰਾਬਰ ਰਹਿ ਜਾਂਦੀਆਂ ਤਾਂ ਦੋਵੇਂ ਟੀਮਾਂ ਟੂਰਨਾਮੈਂਟ ਬਾਹਰ ਹੋ ਜਾਣੀਆਂ ਸਨ। 
ਗੱਲ ਹਾਕੀ ਦੇ ਮੈਚ ਤੋਂ ਚੱਲਦੀ ਚੱਲਦੀ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਤੇ ਆਣ ਟਿਕੀ। ਹਿੰਦੂ ਮੁਸਲਮਾਨਾਂ ਦੇ ਆਪਸੀ ਸਬੰਧ, ਕਸ਼ਮੀਰ ਮਸਲਾ, ਪੰਜਾਬ ਮਸਲਾ, ਹਿੰਦ ਪਾਕਿ ਦੀਆਂ ਦੋ ਲੜਾਈਆਂ ਅਤੇ ਅਖੀਰ 'ਤੇ 1947 ਦੀ ਵੰਡ। 
ਇੰਨੀ ਦੇਰ ਤੱਕ ਰਾਤ ਦਾ ਖਾਣਾ ਆ ਚੁੱਕਾ ਸੀ। ਖਾਣਾ ਖਾ ਕੇ ਸਾਰੇ ਮੁਸਾਫਿਰ ਹਿੰਦ-ਪਾਕਿ ਸੰਬੰਧਾਂ ਬਾਰੇ ਚਰਚਾ ਕਰਨ ਲੱਗ ਪਏ। ਲਖਨਊ ਦਾ ਵਪਾਰੀ ਵੀ, ਪੰਜਾਬੀ ਨਿਕਲਿਆ। ਪਹਿਲਾਂ ਉਹ ਕਾਫੀ ਚੁੱਪ ਸੀ। ਵੰਡ ਸਬੰਧੀ ਜਦ ਗੱਲ ਚੱਲੀ ਤਾਂ ਉਹ ਵੀ ਬੋਲ ਪਿਆ। ਸਿਆਲਕੋਟ ਤੋਂ ਆਏ ਸਨ, ਉਹਦੇ ਮਾਂ-ਬਾਪ। ਪਹਿਲਾਂ ਦਿੱਲੀ ਤੇ ਫੇਰ ਲਖਨਊ ਚਲੇ ਗਏ ਸਨ। ਉਸ ਨੇ ਆਪਣੇ ਬਚਪਨ ਤੇ ਸਿਆਲਕੋਟ ਵਿਚ ਬਤੀਤ ਕੀਤੇ ਦਿਨ, ਦਾਦੇ ਦੀ ਦੁਕਾਨਦਾਰੀ, ਫਿਰ 1947 ਦਾ ਉਜਾੜਾ, ਫਿਰ ਸ਼ਰਨਾਰਥੀ ਕੈਪਾਂ ਵਿਚ ਆਰਜ਼ੀ ਠਹਿਰਾਉ ਆਦਿ ਸੰਬਧੀ ਜ਼ਿਕਰ ਕੀਤਾ। 
ਅੱਜ-ਕੱਲ੍ਹ ਉਹਦਾ ਲਖਨਊ ਵਿਚ ਜਿੰਦਰਿਆਂ ਦਾ ਕੰਮ ਸੀ। ਉਹਦੀ ਕਹਾਣੀ ਸੁਣ ਕੇ ਸਰਦਾਰ ਜੀ ਪਾਸੋਂ ਵੀ ਆਪਣੇ ਮਨੋਭਾਵ ਕਾਬੂ ਨਾ ਕਰ ਹੋਏ। ਸਰਦਾਰ ਜੀ ਦਾ ਨਾਂ ਮੋਹਨ ਸਿੰਘ ਸੇਠੀ ਸੀ। ਭਾਰਤ ਦੀ ਵੰਡ ਵੇਲੇ ਸੇਠੀ ਸਾਹਿਬ, 12-13 ਸਾਲ ਦੇ ਸਨ। ਬਾਪ ਸ. ਗੁਰਮੁੱਖ ਸਿੰਘ ਸੇਠੀ ਦੀ ਗੁਜਰਾਂਵਾਲੇ ਕਰਿਆਨੇ ਦੀ ਦੁਕਾਨ ਸੀ। ਆਪਣੇ ਇਲਾਕੇ 'ਚ ਗੁਜਰਾਂਵਾਲੇ ਸ. ਗੁਰਮੁੱਖ ਸਿੰਘ ਨੇ ਛੋਟੀਆਂ ਇੱਟਾਂ ਦਾ ਆਪਣਾ ਇਕ ਬਹੁਤ ਅੱਛਾ ਮਕਾਨ ਬਣਾਇਆ। ਸੜਕ ਨੂੰ ਲੱਗਦੀ ਡਿਊੜੀ ਦੇ ਗੇਟ ਉਪਰ ਡਾਟ ਲਗਵਾਇਆ, ਦਰਵਾਜ਼ੇ ਅਤੇ ਛੱਤਾਂ ਵਿਚਾਲੇ ਗੁਰੂ ਨਾਨਕ, ਬਾਲੇ ਅਤੇ ਮਰਦਾਨੇ ਦੀਆਂ ਤਸਵੀਰਾਂ ਦੀ ਚਿਤਰਕਾਰੀ ਕਰਵਾਈ। ਡਿਊੜ੍ਹੀ ਪਾਰ ਕਰ, ਖੱਬੇ ਹੱਥ ਬਰਾਂਡਾ ਤੇ ਕਮਰੇ ਸਨ। ਸਾਹਮਣੇ ਵਿਹੜਾ, ਬਰਾਂਡੇ ਸਾਹਮਣੇ ਵਿਹੜੇ ਦੇ ਇਕ ਪਾਸੇ ਮੱਝ ਵਾਸਤੇ ਖੁਰਲੀ ਨਲਕਾ ਵੀ ਲਗਵਾਇਆ। ਡਿਉੜ੍ਹੀ ਦੇ ਦਰਵਾਜ਼ੇ ਪਰ 'ਸ.ਗੁਰਮੁੱਖ ਸਿੰਘ ਸੇਠੀ' ਦਾ ਨਾਂ ਉਕਰਾਇਆ ਤੇ ਨਾਲ ਹੀ ਸੰਨ 1907 ਈ: ਲਿਖਿਆ ਹੋਇਆ ਸੀ। 
ਮੋਹਣ ਸਿੰਘ ਸੇਠੀ ਜੀ ਗੁਜਰਾਂਵਾਲੇ ਵਿਖੇ ਹਿੰਦੂ-ਮੁਸਲਮਾਨਾਂ ਦੇ ਆਪਸੀ ਭਾਈਚਾਰੇ ਦੀਆਂ ਗੱਲਾਂ ਦੱਸਦੇ ਦੱਸਦੇ ਬਹੁਤ ਭਾਵੁਕ ਹੋ ਗਏ ਸਨ। 10-12 ਸਾਲ ਦੇ ਬੱਚੇ ਦੇ ਬਹੁਤੇ ਦੋਸਤ ਮੁਸਲਮਾਨ ਹੀ ਸਨ। ਉਹਨਾਂ ਬੱਚਿਆਂ ਕਦੀ ਸੋਚਿਆ ਵੀ ਨਹੀਂ ਸੀ, ਕਿ ਕਿਸੇ ਦਿਨ ਵੱਖ ਹੋ ਜਾਵਾਂਗੇ। 'ਕੱਠੇ ਸਕੂਲ ਜਾਣਾ, ਖੇਡਣਾ, ਪਤੰਗ ਉਡਾਣੇ, ਬਸੰਤ ਮਨਾਣੀ। ਫਿਰ, ਇਕ ਦਮ ਪਾਕਿਸਤਾਨ ਬਣਨ ਦਾ ਰੌਲਾ ਪੈ ਗਿਆ। ਸੰਨ 1947 ਦਾ ਮੰਦਭਾਗਾ ਭਾਦਰੋਂ ਦਾ ਮਹੀਨਾ ਐਸਾ ਚੜ੍ਹਿਆ, ਕਿ ਬੱਸ ਸਰੀਰ ਦਾ, ਮਨ ਦਾ, ਆਤਮਾ ਦਾ, ਮਿੱਟੀ ਦਾ, ਪੌਣਾਂ ਦਾ ਬਟਵਾਰਾ ਹੋਣ ਲੱਗਾ? ਮੋਹਣ ਸਿੰਘ ਹੈਰਾਨ ਸੀ। 'ਇਹ, ਇਕ ਦਮ ਕੀ ਹੋ ਗਿਆ? ਸਾਡੇ ਮਾਂ-ਬਾਪ ਹੁਣ ਮੈਨੂੰ ਘਰੋਂ ਬਾਹਰ ਕਿਉਂ ਨਹੀਂ, ਆਪਣੇ ਮੁਸਲਮਾਨ ਦੋਸਤਾਂ ਨਾਲ ਖੇਡਣ ਦਿੰਦੇ? ਮਾਂ-ਬਾਪ ਕਿਉਂ ਸਹਿਮੇ ਹੋਏ ਹਨ?' ਪੰਜ ਵਡੀਆਂ ਭੈਣਾਂ ਵਿਚੋਂ ਤਿੰਨ ਦੀ ਸ਼ਾਦੀ ਹੋ ਚੁੱਕੀ ਸੀ। ਦੋ ਅਜੇ ਕੁੰਵਾਰੀਆਂ ਸਨ, ਤੇ ਸਭ ਤੋਂ ਛੋਟਾ ਮੋਹਣ ਸਿੰਘ। ਦੇਖਦੇ-ਦੇਖਦੇ ਘਰ ਖਾਲੀ ਕਰ ਕੇ ਗੁਜਰਾਂਵਾਲਾ ਤੋਂ ਕਾਫ਼ਲਾ ਚੱਲ ਪਿਆ। ਬੱਚਾ, ਮੋਹਣ ਸਿੰਘ ਆਪਣੇ ਮੁਸਲਮਾਨ ਦੋਸਤਾਂ ਨੂੰ ਮਿਲਣਾ ਚਾਹੁੰਦਾ ਸੀ, ਪਰ ਨਾ ਮਿਲ ਸਕਿਆ। 
ਖੈਰ! ਦਿੱਲੀ ਆ ਗਏ, ਸ਼ਰਨਾਰਥੀ ਕੈਂਪ ਵਿਚ ਪਹੁੰਚ ਗਏ। ਦਿੱਲੀ ਤੋਂ ਇਕ ਰਿਸ਼ਤੇਦਾਰ ਦੀ ਸਹਾਇਤਾ ਨਾਲ, ਬੰਬਈ ਆ ਗਏ। ਗੁਰਮੁੱਖ ਸਿੰਘ ਸੇਠੀ ਨੇ ਪਹਿਲਾਂ ਬਹੁਤ ਗਰੀਬੀ ਦੀ ਹਾਲਤ ਵਿਚ ਆਪਣੀਆਂ ਦੋ ਕੁੰਵਾਰੀਆਂ ਲੜਕੀਆਂ ਵਿਆਹੀਆਂ, ਤੇ ਫਿਰ ਇਕ ਛੋਟਾ ਜਿਹਾ ਬਿਜਨੈਸ ਸ਼ੁਰੂ ਕੀਤਾ। 
ਕੁਝ ਸਾਲਾਂ ਬਾਅਦ ਮੋਹਣ ਸਿੰਘ ਸੇਠੀ ਵੀ ਜਵਾਨ ਹੋ ਕੇ ਬਿਜਨੈਸ ਦੀ ਦੇਖਭਾਲ ਕਰਨ ਲੱਗਾ। ਹੌਲੀ ਹੌਲੀ ਗੁਜਰਾਂਵਾਲੇ ਦਾ ਉਜਾੜਾ, ਕਾਫਲੇ ਦਾ ਸਫ਼ਰ, ਸੰਘਰਸ਼ ਦੇ ਦਿਨ, ਯਾਦਾਂ ਵਿਚੋਂ ਅਲੋਪ ਹੋਣੇ ਸ਼ੁਰੂ ਹੋ ਗਏ। ਬਜ਼ੁਰਗ ਬਿਮਾਰ ਰਹਿਣ ਲੱਗੇ। ਇਕ ਦਿਨ ਉਨ੍ਹਾਂ ਨੇ ਮੋਹਣ ਸਿੰਘ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ ''..... ਮੋਹਣ ਸਿੰਘ ਮੈਂ ਤੈਨੂੰ ਇਕ ਗੱਲ ਦੱਸਣੀ ਚਾਹੁੰਦਾ ਹਾਂ।'' ਮੋਹਣ ਸਿੰਘ ਸਮਝਿਆ ਕਿ ਬਾਪੂ ਜੀ ਪਤਾ ਨਹੀਂ ਕੀ ਆਖਣਾ ਚਾਹੁੰਦੇ ਹਨ? 
''ਦੱਸੋ ਬਾਪੂ ਜੀ'' - ਮੋਹਨ ਸਿੰਘ ਬੋਲਿਆ। 
ਬਜ਼ੁਰਗ ਗੁਰਮੁਖ ਸਿੰਘ ਬੋਲੇ-''ਬੇਟਾ! ਗੁਜਰਾਂਵਾਲੇ ਵਾਲਾ ਮਕਾਨ ਖਹਿੜਾ ਨਹੀਂ ਛੱਡ ਰਿਹਾ, ਬਹੁਤ ਯਾਦ ਆਉਂਦੀ ਹੈ। ਉਸੇ ਦੀ। ਮੇਰੀ ਇਕ ਤਮੰਨਾ ਹੈ, ਕਿ ਤੂੰ ਇਕ ਵਾਰ ਜਦ ਵੀ ਵਕਤ ਮਿਲੇ, ਕਿਸੇ ਤਰ੍ਹਾਂ ਕਿਸੇ ਜਥੇ ਨਾਲ ਆਪਣੇ ਗੁਜ਼ਰਾਂਵਾਲੇ ਘਰ ਜ਼ਰੂਰ ਜਾਵੀਂ। 'ਜਪੁਜੀ ਸਾਹਿਬ' ਦਾ ਪਾਠ ਕਰ ਕੇ, ਅਰਦਾਸ ਕਰੀਂ, ਮੇਰੀ ਆਤਮਾ ਦੀ ਭਟਕਣਾ ਖਤਮ ਹੋਵੇ।'' ਮੋਹਣ ਸਿੰਘ ਵੀ ਭਾਵੁਕ ਹੋ ਗਿਆ। ਉਸ ਨੂੰ ਵੀ ਆਪਣੇ ਬਚਪਨ ਦੀ ਯਾਦ ਆ ਗਈ। 
ਗੁਰਮੁੱਖ ਸਿੰਘ ਦੇ ਇੰਤਕਾਲ ਤੋਂ ਬਾਅਦ, ਮੋਹਣ ਸਿੰਘ ਨੂੰ ਪਾਕਿਸਤਾਨ ਜਾਣ ਦਾ ਆਪਣਾ ਫਰਜ਼ ਯਾਦ ਆਇਆ। ਮੋਹਣ ਸਿੰਘ ਆਪਣੀ ਗੱਲ, ਅਜੇ ਅਗਾਂਹ ਤੋਰਨ ਹੀ ਵਾਲਾ ਸੀ, ਕਿ ਗੱਡੀ ਰਤਲਾਮ ਸਟੇਸ਼ਨ ਉਤੇ ਆ ਪਹੁੰਚੀ ਸੀ। ਫਿਰ ਕੌਫ਼ੀ ਦਾ ਕੱਪ ਆ ਗਿਆ। ਗਰਮ-ਗਰਮ ਕੌਫ਼ੀ ਨੇ ਸਭ ਮੁਸਾਫਿਰ ਤੇਜ਼ ਕਰ ਦਿੱਤੇ। ਬਾਹਰ ਬਰਸਾਤ ਵੀ ਬਹੁਤ ਤੇਜ਼ ਪੈ ਰਹੀ ਸੀ ਪਰ ਮੋਹਣ ਸਿੰਘ ਦੀ ਵਾਰਤਾਲਾਪ ਏਨੀ ਰਚਵੀਂ ਤੇ ਭਾਵੁਕ ਸੀ ਕਿ ਸਾਰੇ ਮੁਸਾਫਿਰ ਉਸ ਦੀ ਕਹਾਣੀ ਸੁਣਨ ਲਈ ਉਤਾਵਲੇ ਸਨ। 
ਗੱਡੀ ਚੱਲ ਪਈ। ਲਖਨਊ ਵਾਲਾ ਵਪਾਰੀ ਵੀ ਭਾਵੁਕ ਹੋ ਗਿਆ, ਜਿਵੇਂ ਉਸਦੇ ਜ਼ਖਮ ਵੀ ਰਿਸ ਪਏ ਹੋਣ। ਉਹ ਮੋਹਣ ਸਿੰਘ ਨੂੰ ਆਖ ਰਿਹਾ ਸੀ, 'ਫਿਰ ਕੀ ਹੋਇਆ?'
ਮੋਹਣ ਸਿੰਘ ਨੇ ਦੱਸਿਆ, ''ਮੈਂ ਇਕ ਜਥੇ ਨਾਲ ਗੁਜਰਾਂਵਾਲਾ ਜਾ ਪਹੁੰਚਿਆ। ਜਦ ਮੈਂ ਆਪਣੇ ਮੁਹੱਲੇ ਵਿਚ ਦਾਖਲ ਹੋਇਆ, ਤਾਂ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਬਿਲਕੁਲ ਉਵੇਂ ਹੀ ਓਹੀ, ਮੁਹੱਲਾ, ਓਹੀ ਗਲੀ, ਜਿਵੇਂ ਮੈਂ ਤੀਹ ਸਾਲ ਪਹਿਲਾਂ ਛੱਡ ਕੇ ਗਿਆ ਸਾਂ। ਕੁਝ, ਨਹੀਂ ਸੀ ਬਦਲਿਆ।'' ਮੋਹਨ ਸਿੰਘ ਆਖ ਰਿਹਾ ਸੀ, ''ਜਿਵੇਂ ਜਿਵੇਂ ਮੇਰੇ ਕਦਮ ਮੇਰੇ ਘਰ ਵੱਲ ਉਠ ਰਹੇ ਸਨ, ਮੈਂ ਪਾਗਲ ਜਿਹਾ ਹੋਇਆ, ਅੱਖਾਂ 'ਚ ਅੱਥਰੂ, ਮੌਨ ਹੋਇਆ, ਇਕ ਵੱਖਰੀ ਹੀ ਪ੍ਰਕਾਰ ਦੀ ਉਤਸੁਕਤਾ ਵਿਚ ਜਾ ਰਿਹਾ ਸਾਂ। 
ਆਪਣੇ ਘਰ ਦੀ ਡਿਊੜ੍ਹੀ ਦੇ ਦਰਵਾਜ਼ੇ ਤੱਕ ਪਹੁੰਚਿਆ। ਓਹੀ ਗੁਰੂ ਨਾਨਕ, ਬਾਲੇ ਮਰਦਾਨੇ ਦਾ ਚਿੱਤਰ, ਹੇਠ ਗੁਰਮੁੱਖ ਸਿੰਘ ਸੇਠੀ, ਸੰਨ 1907, ਦਰਵਾਜ਼ੇ ਉਪਰ ਸਾਫ ਉਕਰੇ ਹੋਏ ਦਿਖਾਈ ਦੇ ਰਹੇ ਸਨ। 
ਅੰਦਰ ਵੜਿਆ, ਨਲਕਾ ਉਥੇ ਦਾ ਉਥੇ ਹੀ ਸੀ, ਖੁਰਲੀ ਕਾਫੀ ਟੁੱਟ ਗਈ ਸੀ, ਪਰ ਹੈ ਸੀ। ਪਰ, ਕੋਈ ਲਵੇਰੀ ਨਹੀਂ ਸੀ। ਡਿਊੜ੍ਹੀ 'ਚ ਵੜ ਕੇ ਆਵਾਜ਼ ਦਿੱਤੀ, ਕੋਈ ਹੈ? ਇਕ ਔਰਤ ਸਾਡੇ ਉਸ ਕਮਰੇ ਵਿਚੋਂ ਬਾਹਰ ਆਈ, ਜਿੱਥੇ ਅਸੀਂ ਸੌਦੇ ਸਾਂ। ਬਰਾਂਡਾ ਸਫੇਦੀ ਅਤੇ ਮੁਰੰਮਤ ਆਦਿ ਖੁਣੋਂ ਕਾਫੀ ਟੁੱਟ ਚੁੱਕਾ ਸੀ। ਸਾਡੇ ਕਮਰੇ ਵਾਲੇ ਦਰਵਾਜ਼ੇ ਅੱਗੇ ਇਕ ਬਹੁਤ ਹੀ ਗੰਦੀ ਤੇ ਟੁੱਟੀ ਭੱਜੀ ਚਿਕ ਲੱਗੀ ਹੋਈ ਸੀ। 
ਔਰਤ ਨੇ ਪੁਛਿਆ, ''ਸਰਦਾਰ ਜੀ ਕਿਸ ਨੂੰ ਮਿਲਣਾ ਹੈ?'' ਮੋਹਣ ਸਿੰਘ ਨੇ ਦੱਸਿਆ ਕਿ, 'ਉਸ ਦੀ ਪੰਜਾਬੀ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਅਤੇ ਉਸ ਔਰਤ ਨੂੰ ਦੱਸਿਆ, ਕਿ ਮੈਂ ਬੰਬਈ ਤੋਂ ਆਇਆ ਹਾਂ। ਇਹ ਜੋ-ਜੋ ਤੁਹਾਡੀ ਡਿਊੜ੍ਹੀ ਦੇ ਦਰਵਾਜ਼ੇ ਤੇ 'ਗੁਰਮੁੱਖ ਸਿਘ ਸੇਠੀ' ਅਜੇ ਤੱਕ ਵੀ ਲਿਖਿਆ ਹੋਇਆ ਹੈ, ਇਹ ਮੇਰੇ ਬਾਪ ਦਾ ਨਾਂ ਹੈ। ਮੈਂ ਜਥੇ ਨਾਲ ਆਇਆ ਸੀ, ਸੋਚਿਆ! ਆਪਣਾ ਘਰ ਵੇਖਦਾ ਜਾਵਾਂ।'' ਮੋਹਣ ਸਿੰਘ ਇਹ ਆਖ ਕੁੱਝ ਚੁੱਪ ਕਰ ਗਏ। ਸ਼ਾਇਦ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਰਹੇ ਸਨ। 
ਮੁਸਾਫਿਰ ਵੀ ਬਿਲਕੁਲ ਚੁੱਪ ਸਨ। ਮੋਹਣ ਸਿੰਘ ਫਿਰ ਬੋਲੇ, ''ਉਸ ਮੁਸਮਾਨ ਔਰਤ ਦੇ ਚਿਹਰੇ 'ਤੇ ਕੁਝ ਅਜੀਬ ਹੀ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲੇ। ਉਹ ਵੀ ਬਿਲਕੁਲ ਮੌਨ ਹੋ ਗਈ।''
ਫਿਰ ਉਸ ਆਖਿਆ, ''ਭਾਅ ਜੀ ਅੰਦਰ ਆਵੋ, ਪਿਛਲੇ ਤੀਹ ਸਾਲ ਵਿਚ, ਓਸ ਪੰਜਾਬੋਂ! ਕੋਈ ਨਹੀਂ ਆਇਆ। ਬੈਠੋ, ਮੇਰੇ ਖਾਵੰਦ ਮਜ਼ਦੂਰੀ ਕਰਦੇ ਨੇ। ਜਦੋਂ ਦਾ ਪਾਕਿਸਤਾਨ ਬਣਿਆ ਹੈ, ਅਸੀਂ ਏਥੇ ਹੀ ਰਹਿ ਰਹੇ ਹਾਂ। ਪਹਿਲਾਂ ਦੱਸੋਂ ਕੀ ਪੀਉਂਗੇ? 
ਉਸ ਨੇ ਚਾਹ ਬਣਾਈ। ਜਿੰਨੀ ਦੇਰ ਉਹ ਚਾਹ ਬਣਾ ਰਹੀ ਸੀ, ਮੋਹਣ ਸਿੰਘ ਨੇ ਘਰ ਦੀ ਹਰ ਨੁੱਕਰ ਦੀ ਯਾਦ ਤਾਜ਼ਾ ਕੀਤੀ। ਘਰ ਦੀ ਛੱਤ 'ਤੇ ਗਿਆ, ਬਚਪਨ ਦੇ ਪਤੰਗ ਉਡਾਉਣ ਦੇ ਦਿਨਾਂ ਨੂੰ ਚੇਤੇ ਕੀਤਾ, ਤੇ ਰੌਂਦਾ ਹੋਇਆ ਹੇਠਾਂ ਵਿਹੜੇ ਵਿਚ ਆ ਗਿਆ। ਚਾਹ ਆ ਚੁੱਕੀ ਸੀ, ਚਾਹ ਪੀਤੀ। ਵਿਹੜੇ ਵਿਚ ਪਈ ਇਕ ਟੁੱਟੀ ਜਿਹੀ ਮੰਜੀ ਉਤੇ ਬੈਠ, ਹੱਥ ਧੋ ਕੇ 'ਜਪੁਜੀ ਸਾਹਿਬ' ਦਾ ਪਾਠ ਕੀਤਾ। ਬਾਪੂ ਜੀ ਵਲੋਂ ਦੱਸੀ 'ਅਰਦਾਸ ਕੀਤੀ, ਅਤੇ ਫੇਰ ਮੁਸਲਮਾਨ ਬੀਬੀ ਪਾਸ ਆ ਗਿਆ। ਏਨੇ ਵਿਚ ਬੱਚੇ ਵੀ ਆ ਗਏ ਸਨ। 
''ਇਹ ਮੇਰਾ ਵੱਡਾ ਪੁੱਤਰ ਹੈ, ਇਹ ਵੀ ਮਜ਼ਦੂਰੀ ਕਰਦਾ ਹੈ। 'ਪੁੱਤਰ! ਇਹ ਭਾਰਤ ਤੋਂ ਆਏ ਹਨ, ਵੰਡ ਵੇਲੇ ਭਾਅ ਜੀ, ਇਹ ਪੈਦਾ ਹੀ ਹੋਇਆ ਸੀ।''
ਮੋਹਣ ਸਿੰਘ ਨੇ ਔਰਤ ਨੂੰ ਪੁੱਛਿਆ, ''ਕਿ ਤੁਹਾਡਾ ਕੀ ਨਾਮ ਹੈ?''
ਔਰਤ ਬੋਲੀ, ''ਮੇਰਾ ਨਾਮ ਨਫੀਸਾ ਹੈ। ਖਾਵੰਦ ਦਾ ਨਾਮ ਮੁਹੰਮਦ, ਬੇਟੇ ਦਾ ਨਾਮ ਫਕੀਰ ਦੀਨ।''
ਨਫੀਸਾ ਬੋਲੀ, ''ਸਰਦਾਰ ਜੀ ਕਿਥੋਂ ਆਏ ਹੋ?''
ਮੋਹਣ ਸਿੰਘ ਨੇ ਦੱਸਿਆ ਕਿ, ''ਬੰਬਈ ਤੋਂ ਆਇਆ ਹਾਂ।''
ਨਫੀਸਾ ਨੇ ਦੱਸਣਾ ਸ਼ੁਰੂ ਕੀਤਾ-''ਅਸੀਂ ਹੁਸ਼ਿਆਰਪੁਰ ਤੋਂ ਆਏ ਹਾਂ। ਘੰਟਾ ਘਰ ਤੋਂ ਖੱਬੇ ਹੱਥ ਕਚਿਹਰੀਆਂ ਵੱਲ ਜੋ ਸੜਕ ਜਾਂਦੀ ਹੈ, ਉਥੇ ਸਾਡੀ ਲੋਹੇ ਦੀ ਦੁਕਾਨ ਸੀ। ਘੰਟਾ ਘਰ ਚੌਕ ਤੋਂ ਅੰਦਰ ਜਾ ਕੇ ਖੱਬੇ ਹੱਥ ਜੋ ਗਲੀ ਮੁੜਦੀ ਹੈ, ਉਹਦੇ ਅਖੀਰ ਤੇ ਸਾਡਾ ਘਰ ਸੀ। ਦੁਕਾਨ ਵਿਚ ਕਾਫੀ ਮਾਲ ਸੀ। ਮਕਾਨ ਬਨਾਉਣ ਵੇਲੇ ਸਾਰਾ ਸਮਾਨ ਸਾਡੀ ਦੁਕਾਨ ਤੋਂ ਜਾਂਦਾ ਸੀ, ਅਸੀਂ ਬਹੁਤ ਖੁਸ਼ ਸਾਂ। ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ, ਘਰ ਚੰਗਾ ਸੀ, ਮੈਂ ਬੜੀ ਖੁਸ਼ ਸਾਂ। ਵੰਡ ਵੇਲੇ, ਇਹ ਫਕੀਰ ਦੀਨ ਪੈਦਾ ਹੋਣ ਵਾਲਾ ਸੀ। ਕਦੀ ਸੋਚਿਆ ਵੀ ਨਹੀਂ ਸੀ। ਕਿ 47 ਦੀ ਵੰਡ ਵਾਲਾ ਭਾਣਾ ਵੀ ਵਾਪਰ ਜਾਵੇਗਾ? 'ਅੱਲਾ' ਨੂੰ ਜੋ ਮਨਜ਼ੂਰ ਸੀ, ਉਹ ਵਾਪਰ ਗਿਆ। ਖਾਂਦਾ-ਪੀਂਦਾ ਘਰ-ਬਾਰ, ਕਾਰੋਬਾਰ ਛੱਡ ਕੇ, ਉਜੜ ਕੇ ਇਥੇ ਗੁਜਰਾਂਵਾਲਾ ਆ ਗਏ। ਤੁਹਾਡਾ ਘਰ ਸਾਨੂੰ ਮਿਲ ਗਿਆ, ਪਰ ਸਭ ਕੁੱਝ ਬਰਬਾਦ ਹੋ ਗਿਆ। ਲੱਖਾਂ ਤੋਂ ਕੱਖਾਂ ਦੇ ਬਣ ਗਏ। ਮੁਹੰਮਦ, ਮਜੂਰੀ ਕਰਨ ਲੱਗ ਪਿਆ। ਘਰ ਦਾ ਖ਼ਰਚਾ ਫੇਰ ਵੀ ਨਹੀਂ ਚੱਲਦਾ। ਮਜੂਰੀ ਵਿਚ, ਗਰੀਬੀ ਵਿਚ, ਫਕੀਰ ਦਾ ਵਿਆਹ ਵੀ ਨਹੀਂ ਹੋ ਸਕਿਆ, ਘਰ ਦੀ ਮੁਰੰਮਤ ਤਾਂ ਇਕ ਪਾਸੇ ਰਹੀ। 
'ਸਰਦਾਰ ਜੀ! ਅੱਲਾ ਤਾਲਾ ਨੇ ਏਹ ਕੀ ਕੀਤਾ? ਜਦੋਂ ਦਾ ਪਾਕਿਸਤਾਨ ਬਣਿਐ, ਅਸੀਂ ਤਾਂ ਰੁੱਲ ਗਏ। ਤੁਸੀਂ ਰੌਂਦੇ ਜ਼ਰੂਰ ਹੋ, ਆਪਣੇ ਮਕਾਨ ਨੂੰ ਦੇਖ ਕੇ, ਪਰ ਤੁਸੀਂ ਵਾਹਵਾ ਸਰਦੇ-ਪੁੱਜਦੇ ਲੱਗਦੇ ਹੋ, ਜਿਹੜੇ ਪਾਕਿਸਤਾਨ ਆ ਕੇ ਆਪਣੇ ਘਰ ਵੀ ਆ ਗਏ।'
ਭਾਅ ਜੀ! ਅਸੀਂ ਤੇ ਬਹੁਤ ਦੁਖੀ ਹਾਂ, ਮਜ਼ੂਰੀ ਨਾਲ ਸਾਡਾ ਕੁੱਝ ਬਣਦਾ ਨਹੀਂ,  ਹੁਸ਼ਿਆਰਪੁਰ ਅਸੀਂ ਮੌਜਾਂ ਕਰਦੇ ਸਾਂ। ਭਾਅ ਜੀ, ਤੁਸੀਂ ਆਪਣੇ ਇਸ ਘਰ ਨੂੰ ਏਨਾਂ ਪਿਆਰ ਕਰਦੇ ਹੋ, ਕੀ ਇੰਝ ਨਹੀਂ ਹੋ ਸਕਦਾ, ਕਿ ਤੁਸੀਂ ਏਥੇ ਆਪਣੇ ਘਰ ਆ ਜਾਵੋ ਤੇ ਅਸੀਂ ਆਪਣੇ ਘਰ ਹੁਸ਼ਿਆਰਪੁਰ ਚਲੇ ਜਾਈਏ। 
ਮੋਹਣ ਸਿੰਘ, ਨਫੀਸਾ ਦੀ ਸਾਰੀ ਵਾਰਤਾਲਾਪ ਸੁਣ ਕੇ ਬਹੁਤ ਭਾਵੁਕ ਹੋ ਗਿਆ। ਇਕ ਗਹਿਰੀ ਪੀੜਾ, ਉਸ ਅੰਦਰ ਚੀਸ ਵੱਟ ਰਹੀ ਸੀ, ਕੁਝ ਨਹੀਂ ਬੋਲਿਆ। 
ਰਾਜਧਾਨੀ ਐਕਸਪ੍ਰੈਸ, ਬੰਬਈ ਵੱਲ ਵਧੀ ਜਾ ਰਹੀ ਸੀ। ਮੋਹਣ ਸਿੰਘ ਰੋ ਰਿਹਾ ਸੀ, ਉਸ ਦਾ ਹਿੰਦੂ ਦੋਸਤ ਵੀ ਭਿੱਜੀਆਂ ਅੱਖਾਂ ਨਾਲ, ਆਪਣੇ ਮਿੱਤਰ ਵੱਲ ਵੇਖ ਰਿਹਾ ਸੀ। ਡਾਕਟਰ ਤੇ ਉਸ ਦਾ ਬੇਟਾ ਚੁੱਪ ਸਨ। ਲਖਨਊ ਦਾ ਵਪਾਰੀ ਵੀ ਚੁੱਪ ਸੀ।.... ਪਰ, ਸਾਰਿਆਂ ਦੀ ਚੁੱਪ, ਇਕ ਗਹਿਰਾ .... ਦਰਦ-ਭਰਿਆ, ਅਹਿਸਾਸ ਦੱਬਣ ਦੀ ਕੋਸ਼ਿਸ਼ ਕਰ ਰਹੀ ਸੀ। 

No comments:

Post a Comment