Sunday 6 July 2014

ਚੁਣੇ ਗਏ ਨੁਮਾਇੰਦਿਆਂ ਦੀ ਆਮ ਲੋਕਾਂ ਪ੍ਰਤੀ ਜਵਾਬਦੇਹੀ

ਮੋਹਣ ਸਿੰਘ ਧਮਾਣਾ
ਸਾਡੇ ਦੇਸ਼ ਦੀ ਪਾਰਲੀਮੈਂਟ ਅਤੇ ਅਸੰਬਲੀਆਂ ਲਈ ਸਧਾਰਨ ਹਾਲਾਤ ਵਿਚ ਲੋਕਾਂ ਵਲੋਂ ਹਰ ਪੰਜ ਸਾਲ ਬਾਅਦ ਆਪਣੇ ਪ੍ਰਤੀਨਿੱਧ ਵੋਟਾਂ ਦੁਆਰਾ ਚੁਣਕੇ ਭੇਜੇ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਮਤ ਵਾਲੀ ਪਾਰਟੀ ਜਾਂ ਗਠਜੋੜ ਨੇ ਆਪਣੀ ਸਰਕਾਰ ਬਣਾਕੇ ਰਾਜ ਪ੍ਰਬੰਧ ਚਲਾਉਣਾ ਹੁੰਦਾ ਹੈ ਤੇ ਪੁਰਾਣੇ ਕਾਨੂੰਨਾਂ ਵਿਚ ਸੋਧ ਕਰਨੀ ਤੇ ਨਵੇਂ ਕਾਨੂੰਨ ਬਣਾਉਣੇ ਹੁੰਦੇ ਹਨ। ਚੋਣਾਂ ਸਮੇਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਲੋਕ-ਮਤ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਆਪੋ ਆਪਣੇ ਢੰਗ ਨਾਲ ਚੋਣ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਥੇ ਰਾਜ ਕਰਦੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੀ ਸਰਕਾਰ ਦੀ ਪਿਛਲੀ ਕਾਰਗੁਜਾਰੀ ਅਤੇ ਆਉਣ ਵਾਲੇ ਸਮੇਂ ਵਿਚ ਕਰਨ ਵਾਲੇ ਕੰਮਾਂ ਬਾਰੇ ਪ੍ਰਚਾਰ ਕਰਨਾ ਹੁੰਦਾ ਹੈ ਉਥੇ ਵਿਰੋਧੀ ਧਿਰ ਵਾਲੀ ਪਾਰਟੀ ਅਤੇ ਉਸਦੇ ਉਮੀਦਵਾਰ ਸਰਕਾਰ ਦੀਆਂ ਘਾਟਾਂ ਕਮਜ਼ੋਰੀਆਂ ਦਾ ਪ੍ਰਚਾਰ ਕਰਕੇ ਉਸ ਨੂੰ ਨਕਾਰਦੇ ਹਨ ਅਤੇ ਆਪਣੀ ਸਰਕਾਰ ਬਣਾਕੇ ਚੰਗਾ ਰਾਜ ਪ੍ਰਬੰਧ ਚਲਾਉਣ ਦੇ ਵਾਇਦੇ ਕਰਦੇ ਹਨ। ਸਰਮਾਏਦਾਰਾਂ ਦੀ ਨੁਮਾਇੰਦਗੀ ਕਰ ਰਹੀਆਂ ਪਾਰਟੀਆਂ ਵਲੋਂ ਹਰ ਹਰਬਾ ਵਰਤਕੇ ਲੋਕ ਮਤ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 
ਇਹ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਸਮੇਂ ਆਪੋ ਆਪਣਾ ਚੋਣ ਮੈਨੀਫੈਸਟੋ ਵੀ ਬਣਾਉਂਦੀਆਂ ਹਨ। ਉਸ ਨੂੰ ਮੀਡੀਏ ਦੁਆਰਾ ਜਾਂ ਛਪਵਾਕੇ ਆਮ ਲੋਕਾਂ ਤੱਕ ਪਹੁੰਚਦੀਆਂ ਹਨ ਤਾਂ ਕਿ ਉਨ੍ਹਾਂ ਵਿਚ ਲਿਖੇ ਲੋਕ ਪੱਖੀ ਪ੍ਰੋਗਰਾਮ ਨੂੰ ਆਮ ਲੋਕ ਪੜ੍ਹ ਸੁਣ ਲੈਣ। ਉਮੀਦਵਾਰ ਅਤੇ ਪਾਰਟੀਆਂ ਦੇ ਆਗੂ ਲੋਕਾਂ ਦੇ ਇਕੱਠਾਂ ਵਿਚ ਲੱਛੇਦਾਰ ਅਤੇ ਲੋਕ ਲੁਭਾਊ ਭਾਸ਼ਨ ਕਰਕੇ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਲੋਕਾਂ ਦੀਆਂ ਮੁਢਲੀਆਂ ਲੋੜਾਂ ਸਿਹਤ, ਵਿਦਿਆ, ਸ਼ੁੱਧ ਪਾਣੀ, ਸੜਕਾਂ ਤੇ ਆਵਾਜਾਈ ਸਾਧਨ, ਨਿਰਵਿਘਨ ਸਸਤੀ ਬਿਜਲੀ ਦੇਣੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਆਦਿ ਗੱਲਾਂ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਦੇ ਹਨ। ਬੁਢਾਪਾ, ਵਿਧਵਾ, ਅੰਗਹੀਨ ਪੈਨਸ਼ਨਾਂ, ਸ਼ਗਨ ਸਕੀਮ ਵਿਚ ਵਾਧਾ ਕਰਨਾ ਅਤੇ ਰੋਜ਼ਗਾਰ ਦੇ ਵਸੀਲੇ ਵੱਧ ਤੋਂ ਵੱਧ ਪੈਦਾ ਕਰਨਾ ਇਨ੍ਹਾਂ ਦੇ ਭਾਸ਼ਨ ਦੇ ਮੁੱਖ ਅੰਗ ਹੁੰਦੇ ਹਨ। ਵੱਖ ਵੱਖ ਵਰਗਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਦਸਤਕਾਰਾਂ ਨੂੰ ਸਹੂਲਤਾਂ ਦੇਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਵਾਇਦੇ ਵੀ ਕਰਦੇ ਹਨ। ਵੋਟਾਂ ਵਧਾਉਣ ਖਾਤਰ ਕਈ ਆਗੂ ਇਲਾਕਾਵਾਦ, ਜਾਤੀਵਾਦ ਅਤੇ ਫਿਰਕਾਪ੍ਰਸਤੀ ਨੂੰ ਅਪਣਾ ਇਕ ਕਾਰਗਰ ਹਥਿਆਰ ਸਮਝਦੇ ਹਨ। ਰਾਜ ਗੱਦੀ ਦੀ ਹਵਸ ਨੂੰ ਪੂਰਾ ਕਰਨ ਲਈ ਇਹਨਾਂ ਵਲੋਂ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਤਬਾਹੀ ਦੀ ਪ੍ਰਵਾਹ ਨਾ ਕਰਦੇ ਹੋਏ ਖਤਰਨਾਕ ਤੇ ਭੈੜੇ ਨਸ਼ੇ ਵੰਡੇ ਜਾਂਦੇ ਹਨ। ਪੈਸਾ ਅਤੇ ਹੋਰ ਲਾਲਚ ਦੇ ਕੇ ਵੋਟਰਾਂ ਦੀ ਖਰੀਦੋ ਫਰੋਖ਼ਤ ਕੀਤੀ ਜਾਂਦੀ ਹੈ। ਬੁਰਜ਼ਵਾ ਪਾਰਟੀਆਂ ਦੇ ਇਹਨਾਂ ਰਾਜਨੀਤੀਵਾਨਾਂ ਦਾ ਇਕੋ ਇਕ ਮਕਸਦ ਇਹ ਹੁੰਦਾ ਹੈ ਕਿ ਇਨ੍ਹਾਂ ਭੋਲੇ ਭਾਲੇ ਅਤੇ ਲਾਚਾਰ ਲੋਕਾਂ ਨੂੰ ਗੁੰਮਰਾਹ ਕਰਕੇ ਕਿਸ ਤਰ੍ਹਾਂ ਰਾਜ ਗੱਦੀ 'ਤੇ ਬਿਰਾਜਮਾਨ ਹੋਣਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਇਹ ਹਰ ਜਾਇਜ਼ ਨਜ਼ਾਇਜ਼ ਹੱਥਕੰਡਾ ਵਰਤਣ ਲਈ ਦਿਨ ਰਾਤ ਇਕ ਕਰ ਦਿੰਦੇ ਹਨ। ਮੀਡੀਏ ਨੂੰ ਆਪਣੇ ਹੱਕ ਵਿਚ ਪ੍ਰਚਾਰ ਕਰਨ ਲਈ ਪੂਰਾ ਤਾਣਾ-ਬਾਣਾ ਬੁਣਦੇ ਹਨ। ਚੋਣਾਂ ਨੂੰ ਜਿੱਤਣ ਲਈ ਪੂੰਜੀਪਤੀਆਂ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ ਵਲੋਂ ਪੈਸਾ ਵੀ ਪਾਣੀ ਦੀ ਤਰ੍ਹਾਂ ਰੋੜ੍ਹਿਆ ਜਾਂਦਾ ਹੈ। ਇਸ ਵਿਚ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਦਿਲ ਖੋਲਕੇ ਮਦਦ ਕੀਤੀ ਜਾਂਦੀ ਹੈ। ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਬਣਨ ਤੋਂ ਬਾਅਦ ਇਹ ਸਰਮਾਏਦਾਰ ਆਪਣੇ ਮੁਨਾਫਿਆਂ ਵਿਚ ਅਥਾਹ ਵਾਧਾ ਕਰਦੇ ਹਨ ਅਤੇ ਸਰਕਾਰਾਂ ਦੀ ਮਦਦ ਨਾਲ ਲੋਕਾਂ ਦੀ ਬੇਤਹਾਸ਼ਾ ਲੁੱਟ ਕਰਦੇ ਹਨ। 
ਇਹ ਆਗੂ ਪਾਰਲੀਮੈਂਟ ਜਾਂ ਅਸੰਬਲੀਆਂ ਵਿਚ ਸਰਕਾਰਾਂ ਬਣਾਕੇ ਜਦੋਂ ਰਾਜ ਗੱਦੀਆਂ 'ਤੇ ਬਿਰਾਜਮਾਨ ਹੁੰਦੇ ਹਨ ਤਾਂ ਵੋਟਾਂ ਮੰਗਣ ਸਮੇਂ ਲੋਕਾਂ ਦੇ ਸੇਵਕ ਬਣਨ ਦਾ ਵਾਇਦਾ ਕਰਨ ਵਾਲੇ ਇਹ 'ਸੇਵਕ' ਲੋਕਾਂ ਨਾਲ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਐਸ਼ਪ੍ਰਸਤੀ ਕਰਨਾ, ਆਪਣੀਆਂ ਸੁਖ ਸਹੂਲਤਾਂ ਲਈ ਭੱਤਿਆਂ ਵਿਚ ਵਾਧਾ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਿਚੋਂ ਟੈਕਸਾਂ ਦੁਆਰਾ ਬਣਾਏ ਗਏ ਖਜ਼ਾਨੇ ਵਿਚੋਂ ਪੈਸੇ ਦੀ ਅੰਨ੍ਹੀ ਲੁੱਟ ਕਰਦੇ ਹਨ। ਆਪਣੇ ਨਜ਼ਦੀਕੀਆਂ ਨੂੰ ਖੁਸ਼ ਕਰਨਾ, ਲੁਟੇਰੀਆਂ ਜਮਾਤਾਂ ਨੂੰ ਲੁਟ ਕਰਨ ਦੀ ਖੁੱਲ੍ਹ ਦੇਣਾ, ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਵਲੋਂ ਦਿੱਤੀ ਤਾਕਤ ਦੀ ਉਨ੍ਹਾਂ ਦੇ ਖਿਲਾਫ ਵਰਤੋਂ ਕਰਦੇ ਹੋਏ ਦੁਨੀਆਂ ਭਰ ਦੇ ਸਾਰੇ ਕੁਕਰਮ ਕਰਦੇ ਹਨ। 
ਇਨ੍ਹਾਂ ਚੁਣੇ ਹੋਏ ਪ੍ਰਤੀਨਿਧਾਂ ਵਲੋਂ ਸਾਡੇ ਨਾਲ ਕੀਤੇ ਹੋਏ ਵਾਇਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ ਸਾਡੇ ਵਿਚ ਆਉਣਾ ਵੀ ਠੀਕ ਨਹੀਂ ਸਮਝਦੇ। ਅਗਰ ਇਨ੍ਹਾਂ ਨੂੰ ਸਮਾਜਿਕ ਜਾਂ ਸਭਿਆਚਾਰਕ ਫਕਸ਼ਨਾਂ ਵਿਚ ਮਜ਼ਬੂਰੀ ਵਸ ਆਉਣਾ ਪੈ ਹੀ ਜਾਵੇ ਤਾਂ ਇਨ੍ਹਾਂ ਦੇ ਇਰਦ ਗਿਰਦ ਇਨ੍ਹਾਂ ਦੇ ਚਹੇਤਿਆਂ ਦਾ ਘੇਰਾ ਅਜਿਹਾ ਹੁੰਦਾ ਹੈ ਕਿ ਉਹਨਾਂ ਨਾਲ ਗੱਲ ਕਰਨੀ ਵੀ ਸੰਭਵ ਨਹੀਂ ਹੁੰਦੀ। ਆਪਣੇ ਹੱਕ ਹਿੱਤਾਂ ਤੋਂ ਅਣਜਾਣ ਲੋਕ ਇਨ੍ਹਾਂ ਨੂੰ ਪੁੱਛਣ ਦੀ ਹਿੰਮਤ ਹੀ ਨਹੀਂ ਕਰਦੇ ਕਿ ਤੁਸੀਂ ਚੋਣਾਂ ਸਮੇਂ ਸਾਡੇ ਨਾਲ ਜੋ ਵਾਇਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਿਉਂ ਨਹੀਂ ਕੀਤਾ। ਅਤੇ ਨਾ ਹੀ ਅਸੀਂ ਇਹ ਪੁੱਛਦੇ ਹਾਂ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਤੁਹਾਡੇ ਰਾਜ ਵਿਚ ਕਿਉਂ ਵੱਧ ਰਹੀਆਂ ਹਨ? 
ਇਸਦੇ ਉਲਟ ਇਨ੍ਹਾ ਦੇ ਸਵਾਗਤ ਲਈ ਅੱਗੇ ਜਾ ਕੇ ਖੜੇ ਹੋਣਾ, ਇਨ੍ਹਾਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾ ਕੇ ਬੈਠਣ ਲਈ ਵਿਸ਼ੇਸ਼ ਜਗ੍ਹਾ ਦਾ ਪ੍ਰਬੰਧ ਕਰਕੇ ਖਾਣ ਲਈ ਮਹਿੰਗੀ ਤੋਂ ਮਹਿੰਗੀਆਂ ਵਸਤਾਂ ਪੇਸ਼ ਕਰਕੇ ਇਨ੍ਹਾਂ ਨੂੰ ਇਸ ਤਰ੍ਹਾਂ ਨਵਾਜਿਆ ਅਤੇ ਖੁਸ਼ ਕਰਕੇ ਭੇਜਿਆ ਜਾਂਦਾ ਹੈ ਜਿਵੇਂ ਕਿ ਇਨ੍ਹਾਂ ਨੇ ਸਾਡੀ ਦਿੱਤੀ ਹੋਈ ਤਾਕਤ ਨਾਲ ਰਾਜ ਗੱਦੀਆਂ ਸੰਭਾਲਕੇ ਸਾਡੇ 'ਤੇ ਬੜਾ ਭਾਰੀ ਅਹਿਸਾਨ ਕੀਤਾ ਹੁੰਦਾ ਹੈ। ਇਸ ਸਾਡੀ ਚੇਤਨਾ ਦੇ ਨੀਵੇਂ ਪੱਧਰ ਦਾ ਫਾਇਦਾ ਲੈ ਕੇ ਬੇਫਿਕਰ ਹੋ ਕੇ ਸਾਡੇ 'ਤੇ ਰਾਜ ਕਰਦੇ ਰਹਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਦੀਆਂ ਸੱਥਾਂ ਵਿਚ ਘੇਰ ਕੇ ਸਵਾਲ ਕਰੀਏ। ਅਗਰ ਇਹ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪੂਰੇ ਨਹੀਂ ਉਤਰਦੇ ਤਾਂ ਇਨ੍ਹਾਂ ਨੂੰ ਗੱਦੀਆਂ ਛੱਡਣ ਲਈ ਮਜ਼ਬੂਰ ਕਰੀਏ। ਇਹ ਤਦ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਹੱਕਾਂ ਹਿਤਾਂ ਲਈ ਜਾਗਰੂਕ ਹੋ ਕੇ ਜਥੇਬੰਦ ਹੋਈਏ ਅਤੇ ਸਮੇਤ ਨੁਮਾਇੰਦੇ ਬਣੇ ਹੋਏ ਇਨ੍ਹਾਂ ਧੋਖੇਬਾਜ, ਲੁਟੇਰਿਆਂ ਦੇ ਖਿਲਾਫ ਜਿਹਾਦ ਖੜਾ ਕਰੀਏ। 

No comments:

Post a Comment