Friday 30 March 2018

ਮਜ਼ਦੂਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾਡ਼ੀ

ਬਰਨਾਲਾ -ਪਿੰਡ ਸੰਘੇੜਾ ਵਿੱਚ ਦਿਹਾਤੀ ਮਜ਼ਦੂਰ ਸਭਾ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਦਲਿਤ, ਪਛੜੇ ਪਰਿਵਾਰਾਂ ਨਾਲ ਸਬੰਧਤ ਲੋਕਾਂ ਦੇ ਕਣਕ-ਦਾਲ, ਪੈਨਸ਼ਨਾਂ ਤੇ ਹੋਰ ਭਲਾਈ ਸਕੀਮਾਂ ਦੇ ਕਾਰਡ ਕੱਟੇ ਜਾਣ ਸਮੇਤ ਹੋਰ ਬਣਦੀਆਂ ਸਹੂਲਤਾਂ ਨਾ ਮਿਲਣ ਤੋਂ ਖਫ਼ਾ ਮਜ਼ਦੂਰਾਂ ਨੇ ਸਥਾਨਕ ਧਰਮਸ਼ਾਲਾ ਵਿੱਚ ਇਕੱਤਰਤਾ ਕਰਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਉਨ੍ਹਾਂ ਮੰਗਾਂ ਦੀ ਪੂਰਤੀ ਨਾ ਹੋਣ ’ਤੇ 5 ਅਪਰੈਲ ਨੂੰ ਬਰਨਾਲਾ-ਲੁਧਿਆਣਾ ਹਾਈਵੇ ਜਾਮ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਤੇ ਆਗੂ ਭਾਨ ਸਿੰਘ ਸੰਘੇੜਾ ਨੇ ਸੂਬਾ ਸਰਕਾਰ ਖ਼ਿਲਾਫ਼ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਗ਼ਰੀਬਾਂ ਲਈ ਕੀਤੇ ਵਾਅਦੇ ਵਿਸਾਰ ਦਿੱਤੇ ਹਨ, ਵਾਅਦੇ ਪੂਰੇ ਤਾਂ ਕੀ, ਉਲਟਾ ਪਹਿਲਾਂ ਮਿਲ ਰਹੀਆਂ ਸਹੂਲਤਾਂ, ਸਬਸਿਡੀਆਂ ਗ਼ਰੀਬਾਂ ਪਾਸੋਂ ਖੋਹੀਆਂ ਜਾ ਰਹੀਆਂ ਹਨ। ਲੋਡ਼ਵੰਦਾਂ ਦੇ ਕਾਰਡ ਕੱਟੇ ਜਾ ਰਹੇ ਹਨ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਸੰਘੇੜਾ ਦੇ ਦੋ ਕੌਂਸਲਰ ਹੈਪੀ ਸਿੰਘ ਤੇ ਸੋਨੀ ਸਿੰਘ ਨੇ ਵੀ ਮਜ਼ਦੂਰ ਪਰਿਵਾਰਾਂ ਦੇ ਹੱਕ ਵਿੱਚ ਡਟਦਿਆਂ ਕੱਟੇ ਗਏ ਰਾਸ਼ਨ ਕਾਰਡ ਤੇ ਪੈਨਸ਼ਨਾਂ ਚਾਲੂ ਕਰਾਉਣ ਲਈ ਪੰਜ ਅਪਰੈਲ ਦੇ ਟਰੈਫਿਕ ਜਾਮ ਦੇ ਸੱਦੇ ਦਾ ਸਮਰਥਨ ਕੀਤਾ।  ਇਸ ਮੌਕੇ ਨਾਅਰੇਬਾਜ਼ੀ ਮਗਰੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਗੁਰਮੇਲ ਕੌਰ, ਸੁਰਜੀਤ ਕੌਰ, ਪਾਲ ਕੌਰ, ਕਰਤਾਰ ਕੌਰ, ਬਲਜੀਤ ਕੌਰ, ਸ਼ਿੰਦਰ ਕੌਰ, ਰਾਣੀ ਕੌਰ, ਬਲਦੇਵ ਸਿੰਘ, ਲਛਮਣ ਸਿੰਘ ਹਾਜ਼ਰ ਸਨ।

No comments:

Post a Comment