Wednesday, 28 March 2018

ਆਰਐੱਮਪੀਆਈ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ



ਗੁਰਦਾਸਪੁਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ (ਆਰਐੱਮਪੀਆਈ) ਜ਼ਿਲ੍ਹਾ (ਗੁਰਦਾਸਪੁਰ) ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਚੋਣ ਵਾਅਦੇ ਯਾਦ ਕਰਾਉਣ ਤੇ ਕਿਰਤੀ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਨਹਿਰੂ ਪਾਰਕ ਵਿਖੇ ਰੈਲੀ ਕੀਤੀ ਗਈ। ਰੈਲੀ ਤੋਂ ਬਾਅਦ ਯੂਨੀਅਨ ਆਗੂ ਜਸਵੰਤ ਸਿੰਘ ਬੁੱਟਰ, ਸੰਤੋਖ ਸਿੰਘ ਅੌਲਖ, ਮੱਖਣ ਸਿੰਘ ਕੁਹਾੜ  ਅਤੇ ਗੁਰਦਿਆਲ ਸਿੰਘ ਘੁਮਾਣ ਦੀ ਅਗਵਾਈ ਹੇਠ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰ ਕੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਵਿਸਥਾਰ ਰੂੁਪ ਵਿੱਚ ਮੰਗ-ਪੱਤਰ ਵੀ ਭੇਜਿਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰ ਕਾਮਰੇਡ ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਬਟਾਲਾ ਅਤੇ ਸ਼ਿਵ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਬੇਕਾਰੀ, ਭ੍ਰਿਸ਼ਟਾਚਾਰ ਅਤੇ ਘੱਟ ਗਿਣਤੀਆਂ ਉੱਤੇ ਹਮਲਿਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਬਜਟ ਵੀ ਲੋਕ ਅਤੇ ਦੇਸ਼ ਵਿਰੋਧੀ ਹੈ, ਜਿਸ ਵਿੱਚ ਗਰੀਬਾਂ ਨੂੰ ਰਾਹਤ ਦੇਣ ਦੀ ਬਜਾਏ  ਉਲਟਾ ਬੋਝ ਵਧਾਇਆ ਹੈ। ਬੁਲਾਰਿਆਂ ਕਿਹਾ ਕਿ ਮੋਦੀ ਅਤੇ ਕੈਪਟਨ ਅਮਰਿੰਦਰ ਨੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕੀਤੇ ਸਨ, ਲੇਕਿਨ ਕੋਈ ਵਾਅਦਾ ਪੂੁਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲ ਵਿੱਚ ਨਾ ਲਿਆਂਦਾ ਗਿਆ ਤਾਂ ਪਾਰਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਇੱਕ ਮਤਾ ਪਾਸ ਕਰ ਕੇ ਦੋ ਅਪਰੈਲ ਦੇ ਭਾਰਤ ਬੰਦ ਦੇ ਸੱਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ, ਦਰਸ਼ਨ ਸਿੰਘ, ਸੁਰਜੀਤ ਘੁਮਾਣ,ਕਰਮ ਸਿੰਘ ਵਰਸਾਲਚੱਕ, ਮੰਗਤ ਚੈਂਚਲ, ਮਨਦੀਪ ਕੌਰ ਸ਼ਕਰੀ, ਨਰਿੰਦਰ ਸਿੰਘ ਮੁਰੀਦਕੇ, ਜਾਗੀਰ ਸਿੰਘ ਸਲਾਚ, ਗੁਰਦੇਵ ਸਿੰਘ ਭੁੱਲਰ, ਪ੍ਰਕਾਸ਼ ਸਿੰਘ ਕਾਹਨੂੰਵਾਨ, ਸੁਖਦੇਵ ਸਿੰਘ ਬਾਗੜੀਆਂ ਨੇ ਵੀ ਸੰਬੋਧਨ ਕੀਤਾ।

No comments:

Post a Comment