Tuesday 27 March 2018

ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ 'ਲੋਕ ਮਾਰਚ' ਕੀਤੇ

ਜਲੰਧਰ - ਭਾਰਤੀ ਇਨਕਲਾਬੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 23 ਤੋਂ 31 ਮਾਰਚ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ 'ਲੋਕ ਮਾਰਚ' ਕੀਤੇ ਜਾਣ ਦੇ ਸੱਦੇ ਤਹਿਤ, ਪਾਰਟੀ ਵਲੋਂ ਅੰਮ੍ਰਿਤਸਰ, ਪਠਾਨਕੋਟ, ਬਠਿੰਡਾ, ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਵਿਖੇ ਵਿਸ਼ਾਲ ਮੁਜ਼ਾਹਰੇ ਕੀਤੇ ਗਏ।
ਉਕਤ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਇਕੱਤਰਤਾਵਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾਈ ਪ੍ਰਧਾਨ ਅਤੇ ਕੈਸ਼ੀਅਰ ਸਾਥੀ ਰਤਨ ਸਿੰਘ ਰੰਧਾਵਾ ਤੇ ਲਾਲ ਚੰਦ ਕਟਾਰੂਚੱਕ, ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਸੱਜਣ ਸਿੰਘ ਮੋਹਾਲੀ, ਇੰਦਰਜੀਤ ਗਰੇਵਾਲ, ਸੂਬਾ ਕਮੇਟੀ ਮੈਂਬਰਾਨ ਸਾਥੀ ਨੱਥਾ ਸਿੰਘ, ਨੀਲਮ ਘੁਮਾਣ, ਸ਼ਿਵ ਕੁਮਾਰ ਪਠਾਨਕੋਟ, ਸ਼ਮਸ਼ੇਰ ਸਿੰਘ ਬਟਾਲਾ, ਛੱਜੂ ਰਾਮ ਰਿਸ਼ੀ, ਪ੍ਰੋਫੈਸਰ ਜੈਪਾਲ ਸਿੰਘ, ਜਗਤਾਰ ਸਿੰਘ ਚਕੋਹੀ, ਪੂਰਨ ਚੰਦ ਨਨਹੇੜਾ ਤੋਂ ਇਲਾਵਾ ਰਘਬੀਰ ਸਿੰਘ ਬੈਨੀਪਾਲ, ਮਿੱਠੂ ਸਿੰਘ ਘੁੱਦਾ, ਸੁਰੇਸ਼ ਕੁਮਾਰ ਸਮਾਣਾ, ਅਮਰਜੀਤ ਘਨੌਰ, ਸੁਭਾਸ਼ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕੇਂਦਰ ਦੀ 'ਮੋਦੀ'  ਅਤੇ ਪੰਜਾਬ ਦੀ 'ਅਮਰਿੰਦਰ' ਸਰਕਾਰ ਦੀਆਂ ਲੋਕਾਂ 'ਤੇ ਭਾਰ ਲੱਦਣ ਵਾਲੀਆਂ ਬੱਜਟ ਤਜ਼ਵੀਜ਼ਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਸਰਕਾਰਾਂ ਵਲੋਂ ਲੋਕਾਂ ਨਾਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਵਾਅਦਿਆਂ 'ਤੇ ਅਮਲ ਕਰਨ।
ਮੁਜ਼ਾਹਰਿਆਂ ਰਾਹੀਂ  ਆਮ ਆਰ.ਐਸ.ਐਸ. ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵਲੋਂ ਦੇਸ਼ ਦੇ ਫਿਰਕੂ ਲੀਹਾਂ 'ਤੇ ਵੰਡਣ ਅਤੇ ਖਾਨਾਜੰਗੀ ਵਰਗਾ ਮਾਹੌਲ ਬਨਾਉਣ ਦੀਆਂ ਸਾਜਿਸ਼ਾਂ ਤੋਂ ਦੇਸ਼ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ।
ਲੋਕ ਮਾਰਚਾਂ ਰਾਹੀਂ ਆਮ ਲੋਕਾਂ ਖਾਸ ਕਰ ਕਿਰਤੀ ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਮੌਜੂਦਾ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ 'ਤੇ ਅਮਲ ਕਰਨ ਵਾਲੀ ਕੋਈ ਵੀ ਸਰਕਾਰ ਦੇਸ਼ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੇ ਸਮਰੱਥ ਨਹੀਂ ਹੋ ਸਕਦੀ। ਇਸ ਲਈ ਲੋਕਾਂ ਕੋਲ ਬਦਲਵੀਆਂ ਲੋਕ ਪੱਖੀ ਨੀਤੀਆਂ ਦੀ ਕਾਇਮੀ ਲਈ ਫੈਸਲਾਕੁੰਨ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ।
ਮੁਜ਼ਾਹਰਾਕਾਰੀਆਂ ਵਲੋਂ 25 ਮਾਰਚ ਨੂੰ ਸਾਂਝਾ ਅਧਿਆਪਕ ਮੋਰਚੇ ਦੇ ਸੱਦੇ 'ਤੇ ਇਕੱਤਰ ਹੋਏ ਅਧਿਆਪਕਾਂ 'ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਧੀਨ ਕੀਤੇ ਗਏ ਵਹਿਸ਼ੀ ਪੁਲਸ ਜ਼ਬਰ ਦੀ ਜ਼ੋਰਦਾਰ ਨਿਖੇਧੀ ਕੀਤੀ।
ਵਰਣਨਯੋਗ ਹੈ ਕਿ ਆਰ.ਐਮ.ਪੀ.ਆਈ. ਵਲੋਂ ਉਕਤ ਸੰਗਰਾਮ ਮੁਹਿੰਮ ਦੀ ਸ਼ੁਰੂਆਤ ਖਟਕੜ ਕਲਾਂ ਤੋਂ 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਸ਼ਰਧਾਂਜਲੀ ਕਾਨਫਰੰਸ ਕਰਕੇ ਕੀਤੀ ਗਈ ਸੀ।
ਮੁਜ਼ਾਹਰਿਆਂ ਉਪਰੰਤ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਯਾਦ ਪੱਤਰ ਵੀ ਭੇਜੇ ਗਏ।

No comments:

Post a Comment