Friday 30 March 2018

ਆਰਐਮਪੀਆਈ ਵੱਲੋਂ ਮਾਨਸਾ 'ਚ ਰੈਲੀ ਅਤੇ ਮਾਰਚ ਆਯੋਜਿਤ

ਮਾਨਸਾ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਸੂੁਬਾ ਕਮੇਟੀ ਵਲੋਂ 23 ਤੋਂ 31 ਮਾਰਚ ਤੱਕ ਜਿਲ੍ਹਾ ਕੇਂਦਰ 'ਤੇ ਰੈਲੀਆਂ ਅਤੇ ਲੋਕ ਮਾਰਚ ਕੀਤੇ ਜਾਣ ਦੇ ਸੱਦੇ ਨੂੰ ਲਾਗੂ ਕਰਦਿਆਂ ਅੱਜ ਪਾਰਟੀ ਵੱਲੋਂ ਸਥਾਨਕ ਮਾਲ ਗੋਦਾਮ ਵਿਖੇ ਭਰਵੀਂ ਰੈਲੀ ਕਰਕੇ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਉਕਤ ਲੋਕ ਮਾਰਚ ਪ੍ਰਜਾ ਮੰਡਲ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਜਾ ਕੇ ਸੰਪੰਨ ਹੋਇਆ। ਵਰਨਣਯੋਗ ਹੈ ਕਿ ਪਾਰਟੀ ਵੱਲੋਂ ਉਕਤ ਮੁਹਿੰਮ ਦੀ ਸ਼ੁਰੂਆਤ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਤੋਂ ਸ਼ਹੀਦੀ ਕਾਨਫਰੰਸ ਕਰਕੇ ਕੀਤੀ ਗਈ ਸੀ।
ਸਥਾਨਕ ਰੇਲਵੇ ਸਟੇਸ਼ਨ ਵਿੱਚ ਹੋਈ ਇਕੱਤਰਤਾ ਨੁੂੰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਛੱਜੂ ਰਾਮ ਰਿਸ਼ੀ, ਜਿਲ੍ਹਾ ਸਕੱਤਰ ਲਾਲ ਚੰਦ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਅਤਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮੱਖਣ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਬੰਸੀ ਲਾਲ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਗਗਨਦੀਪ ਸ਼ਰਮਾ, ਡਾਕਟਰ ਗੁਰਤੇਜ ਖੀਵਾ, ਗੁਰਦੇਵ ਸਿੰਘ ਲੋਹਗੜ੍ਹ ਅਤੇ ਮੰਗਤ ਰਾਮ ਕਰੰਡੀ ਨੇ ਸੰਬੋਧਨ ਕਰਦਿਆਂ ਲੋਕ ਮਾਰਚ ਦਾ ਉਦੇਸ਼ ਸਾਂਝਾ ਕੀਤਾ। ਸਟੇਜ ਦੀ ਕਾਰਵਾਈ ਸਾਥੀ ਮਨਦੀਪ ਸਿੰਘ ਸਰਦੂਲਗੜ੍ਹ ਵਲੋਂ ਚਲਾਈ ਗਈ। ਪ੍ਰਿੰਸੀਪਲ (ਰਿਟਾਇਰਡ) ਹਰਚਰਨ ਸਿੰਘ ਮੌੜ ਨੇ ਸਭਨਾਂ ਦਾ ਧੰਨਵਾਦ ਕੀਤਾ।
ਬੁਲਾਰਿਆਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਮੋਦੀ ਅਤੇ ਅਮਰਿੰਦਰ ਸਰਕਾਰਾਂ ਵਲੋਂ ਕੀਤੇ ਗਏ ਚੋਣ ਵਾਅਦੇ ਲਾਗੂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਾਮਰਾਜ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਵਾਲੀਆਂ ਕੋਈ ਵੀ ਕੌਮੀ ਅਤੇ ਖੇਤਰੀ ਪਾਰਟੀਆਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੇ ਯੋਗ ਹੋ ਹੀ ਨਹੀਂ ਸਕਦੀਆਂ। ਇਸ ਲਈ ਦੇਸ਼ ਦੇ ਲੋਕਾਂ, ਖਾਸ ਕਰ ਮਿਹਨਤੀ ਵਰਗਾਂ ਕੋਲ ਬਦਲਵੀਆਂ ਲੋਕ-ਪੱਖੀ ਨੀਤੀਆਂ ਲਾਗੂ ਕਰਨ ਦਾ ਸੰਗਰਾਮ ਲੜੇ ਤੋਂ ਬਗੈਰ ਕੋਈ ਚਾਰਾ ਨਹੀਂ। ਲੋਕ ਮਾਰਚ ਵਿੱਚ ਸ਼ਾਮਲ ਪਾਰਟੀ ਕਾਰਕੁੰਨਾਂ ਵੱਲੋਂ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ ਅਤੇ ਘਰੇਲੂ ਜੰਗ ਵਾਲਾ ਮਾਹੌਲ ਬਨਾਉਣ ਦੀਆਂ ਆਰ.ਐਸ.ਐਸ. ਅਤੇ ਉਸਦੇ ਸਹਿਯੋਗੀਆਂ ਦੀਆਂ ਸਾਜਿਸ਼ਾਂ ਫੇਲ੍ਹ ਕਰਨ ਦੀ ਅਪੀਲ ਕੀਤੀ ਗਈ। ਜਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜਿਆ ਗਿਆ।

No comments:

Post a Comment