Saturday 31 March 2018

ਨੌਜਵਾਨ ਤੇ ਵਿਦਿਆਰਥੀ ਕਰਨਗੇ 2 ਅਪ੍ਰੈਲ ਦੇ ਬੰਦ 'ਚ ਸ਼ਮੂਲੀਅਤ : ਸ਼ਮਸ਼ੇਰ ਬਟਾਲਾ

ਜਲੰਧਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਸੂਬਾ ਪ੍ਰਧਾਨ ਮਨਦੀਪ ਰਤੀਆ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ,  ਪੀ.ਐਸ.ਐਫ. ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ 2 ਅਪ੍ਰੈਲ ਦੇ ਬੰਦ ਦਾ ਪੁਰਜ਼ੋਰ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੁਕਮਰਾਨ ਆਪਣੇ ਫਿਰਕੂ ਏਜੰਡਿਆਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਚਾਹੁੰਦੇ ਹਨ ਅਤੇ ਹਰ ਅਦਾਰੇ ਅੰਦਰ ਆਪਣੀ ਧੱਕੇਸ਼ਾਹੀ ਨਾਲ ਕੰਮ ਕਾਰਜ ਨੂੰ ਬਦਲਣਾ ਚਾਹੁੰਦੇ ਹਨ। ਇਥੋਂ ਤੱਕ ਕਿ ਸੁਪਰੀਮ ਕੋਰਟ ਵਲੋਂ ਵੀ ਫਿਰਕੂ ਅਤੇ ਮਨੂੰਵਾਦੀ ਮਾਨਸਿਕਤਾ ਦੇ ਪ੍ਰਗਟਾਵੇ ਵਜੋਂ ਵੀ ਐਸ.ਸੀ./ਐਸ.ਟੀ.ਐਕਟ ਅਤੇ ਗੈਰ ਵਾਜਿਬ ਦੇ ਦਲਿਤ ਸਮਾਜ ਵਿਰੋਧੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਦਲਿਤ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਗਾਰੰਟੀ ਕਰਨ ਵਾਲੇ ਐਕਟ ਨੂੰ ਗੈਰ ਅਸਰਦਾਇਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ-ਵਿਦਿਆਰਥੀ ਭਾਜਪਾ ਤੇ ਆਰ.ਐਸ.ਐਸ. ਦੇ ਇਸ ਫਿਰਕੂ ਏਜੰਡੇ ਨੂੰ ਕਦੇ ਵੀ ਕਾਮਯਾਬ ਨਹੀਂ ਹੁਣ ਦੇਣਗੇ। ਅਤੇ ਇਸ ਦੇ ਖਿਲਾਫ 2 ਅਪ੍ਰੈਲ ਨੂੰ ਕੀਤੇ ਜਾਣ ਵਾਲੇ ''ਭਾਰਤ ਬੰਦ'' ਦੇ ਸੱਦੇ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰਨਗੇ।
ਇਸ ਮੌਕੇ ਪੀ.ਐਸ.ਐਫ. ਦੇ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸੀਬੀਐੱਸਈ ਦੇ ਲੀਕ ਹੋਏ ਪੇਪਰਾਂ ਕਾਰਨ ਦੇਸ਼ ਦੇ ਵਿਦਿਆਰਥੀਆਂ ਵਿੱਚ ਮਚੀ ਹਾਹਾਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੀਆਂ ਅਹਿਮ ਸੰਸਥਾਵਾਂ ਦੇ ਵੱਕਾਰ ਨੂੰ ਢਾਅ ਲਾਈ ਜਾ ਰਹੀ ਹੈ, ਸਿੱਟੇ ਵਜੋਂ ਇਨ੍ਹਾਂ ਸੰਸਥਾਵਾਂ 'ਚ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ।  ਰਿਜ਼ਰਵੇਸ਼ਨ ਦੀ ਬਦੌਲਤ ਹੀ ਪੰਜਾਬ ਦੇ ਲੱਖਾਂ ਵਿਦਿਆਰਥੀ ਸਿੱਖਿਆ ਨੂੰ ਪ੍ਰਾਪਤ ਕਰਨ ਲਈ ਸਕਾਲਰਸ਼ਿਪ ਦਾ ਸਹਾਰਾ ਲੈ ਰਹੇ ਹਨ ਪ੍ਰੰਤੂ ਜੇਕਰ ਰਿਜ਼ਰਵੇਸ਼ਨ ਨੂੰ ਬੰਦ ਕੀਤਾ ਗਿਆ ਤੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਖਤਮ ਕਰਕੇ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ। ਨਾ ਕਿ ਇਨ੍ਹਾਂ ਗਰੀਬ ਅਤੇ ਦਲਿਤ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਤਬਦੀਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨ੍ਹਾਂ ਕਾਨੂੰਨਾਂ ਨਾਲ ਖਿਲਵਾੜ ਕਰਨਾ ਬੰਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਦੇਸ਼ ਦੇ ਹੁਕਮਰਾਨਾਂ ਅਤੇ ਨਿਆਂ ਪਾਲਿਕਾ ਦੀ ਹੋਵੇਗੀ।

No comments:

Post a Comment