Thursday 29 March 2018

ਮਿਹਨਤਕਸ਼ ਲੋਕਾਂ ਨੂੰ ਗਰੀਬੀ ਵੱਲ ਧੱਕ ਰਹੀਆਂ ਨੇ ਸਰਕਾਰਾਂ: ਪਾਸਲਾ




ਮਹਿਲ ਕਲਾਂ - ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇੱਥੇ ਅਨਾਜ ਮੰਡੀ ਤੋਂ ਤੁਰੇ ਮਾਰਚ ਦੀ ਅਗਵਾਈ ਕਰਦਿਆਂ ਖੱਬੇਪੱਖੀ ਆਗੂਆਂ ਨੇ ਬਾਜ਼ਾਰਾਂ ‘ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਰਤੀਅਾਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਤਹਿਸੀਲ ਦਫਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਚੋਣ ਵਾਅਦੇ ਕਰ ਕੇ ਸੱਤਾ ਵਿੱਚ ਤਾਂ ਆ ਗਏ ਪਰ ਹੁਣ ਆਮ ਲੋਕਾਂ ਨਾਲ ਕੀਤੇ ਵਾਅਦਿਆ ਤੋਂ ਮੁੱਕਰ ਕੇ ਲੁਟੇਰੀ ਜਮਾਤ ਦੇ ਹਿੱਤ ਪੂਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਦੀਆਂ ਨੀਤੀਆਂ ਮਿਹਨਤਕਸ਼ ਲੋਕਾਂ ਨੂੰ ਗਰੀਬੀ ਵੱਲ ਧੱਕ ਰਹੀਆਂ ਹਨ ਅਤੇ ਧਨਾਢਾਂ ਦੀ ਆਮਦਨ ਵਿੱਚ ਇਜ਼ਾਫਾ ਕਰ ਰਹੀਆਂ ਹਨ।  ਪਾਰਟੀ ਦੇ ਸੂਬਾਈ ਆਗੂ ਮਹੀਂਪਾਲ ਬਠਿੰਡਾ, ਜ਼ਿਲ੍ਹਾ ਸਕੱਤਰ ਮਲਕੀਤ ਵਜ਼ੀਦਕੇ, ਯਸ਼ਪਾਲ ਮਹਿਲ ਕਲਾਂ, ਭੋਲਾ ਸਿੰਘ ਕਲਾਲਮਾਜਰਾ ਅਤੇ ਅਮਰਜੀਤ ਕੁੱਕੂ ਨੇ ਮੰਗ ਕੀਤੀ ਕਿ ਦਸ ਏਕੜ ਤੋਂ ਘੱਟ ਜ਼ਮੀਨ ਵਾਲੇ ਸਮੂਹ ਕਿਸਾਨਾਂ ਅਤੇ ਦਲਿਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਉੱਪਰ ਲੀਕ ਮਾਰੀ ਜਾਵੇ, ਬਿਜਲੀ ਬਿੱਲਾਂ ਵਿੱਚ ਕੀਤਾ ਜਾ ਰਿਹਾ ਵਾਧਾ ਵਾਪਸ ਲਿਆ ਜਾਵੇ, ਬੇਲੋੜੇ ਟੈਕਸ ਲਾਉਣੇ ਬੰਦ ਕੀਤੇ ਜਾਣ, ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕੀਤਾ ਜਾਵੇ, ਨਿੱਤ ਵਰਤੋਂ ਦਾ ਸਾਮਾਨ ਘਰੇਲੂ ਵੰਡ ਪ੍ਰਣਾਲੀ ਤਹਿਤ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ ਅਤੇ ਚੋਣ ਵਾਅਦੇ ਅਨੁਸਾਰ ਵਿਧਵਾ, ਬੁਢਾਪਾ, ਅੰਗਹੀਣ ਪੈਨਸ਼ਨਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਕਮੇਟੀ ਮੈਂਬਰਾਂ ਗੁਰਦੇਵ ਸਿੰਘ, ਹਰਬੰਸ ਸਿੰਘ, ਗੁਲਜ਼ਾਰ ਮਹਿਲ ਕਲਾਂ ਤੇ ਮੇਜਰ ਛਾਪਾ ਨੇ ਸੰਬੋਧਨ ਕਰਦਿਅਾਂ ਸਰਕਾਰ ਤੋਂ ਮੰਗ ਕੀਤੀ ਕਿ ਸਭ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕੀਤੀ ਜਾਵੇ ਅਤੇ ਸਰਕਾਰੀ ਪੱਧਰ ਉੱਪਰ ਮੁਫਤ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

No comments:

Post a Comment