Thursday, 12 May 2016

ਕਿਨ੍ਹਾਂ ਲੁਕਵੇਂ ਉਦੇਸ਼ਾਂ ਦੀ ਪੂਰਤੀ ਲਈ ਹੈ ਸੰਘ ਪਰਿਵਾਰ ਦਾ ਪਿਛਾਖੜੀ ਏਜੰਡਾ

ਮਹੀਪਾਲ 
ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਪੂਰੇ ਜਾਹੋ ਜਲਾਲ 'ਚ ਹੈ। ਇਸ ਦੀਆਂ ਸ਼ਾਖਾਵਾਂ (ਸਵੇਰ ਬੈਠਕਾਂ) ਜਿਨ੍ਹਾਂ ਦੀ ਗਿਣਤੀ ਪਿਛਲੇ ਕਰੀਬ ਦੋ ਸਾਲਾਂ 'ਚ ਸੈਂਕੜੇ ਗੁਣਾ ਵੱਧ ਚੁੱਕੀ ਹੈ, ਵਿਚ ਸ਼ਾਮਲ ਨਵੇਂ ਪੁਰਾਣੇ ਸਵੈਮ ਸੇਵਕਾਂ ਦੇ ਦਿਮਾਗਾਂ 'ਚ ਫਿਰਕੂ ਨਫਰਤ ਕੁੱਟ ਕੁੱਟ ਕੇ ਭਰੀ ਜਾ ਰਹੀ ਹੈ। ਸੰਘ ਦੇ ਸਹਿਯੋਗੀ ਸੰਗਠਨਾਂ ਦੇ ਹਾਵ-ਭਾਵ ਹਾਕਮਾਨਾਂ ਹੰਕਾਰ ਦਾ ਭੱਦਾ ਪ੍ਰਗਟਾਵਾ ਕਰ ਰਹੇ ਹਨ। ਉਹਨਾਂ ਦਾ ਹਰ ਬਿਆਨ ਤੇ ਸਰਗਰਮੀ ਇਹ ਨਿਰਦੇਸ਼ ਦਿੰਦੇ ਸਾਫ ਦਿਸਦੇ ਹਨ ਕਿ ਏਥੇ ਸਭ ਕੁੱਝ ਸੰਘ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਜੋ ਮੁਨਕਰ ਹਨ ਉਹ ਯੋਗ ਸਿੱਟੇ ਭੁਗਤਣ ਲਈ ਤਿਆਰ ਰਹਿਣ। ਸਾਲਾਂਬੱਧੀ ਆਪਣੇ ਆਪ  ਨੂੰ ਸਮਾਜਕ-ਸਾਂਸਕ੍ਰਿਤਕ ਸੰਗਠਨ ਕਹਿਣ ਵਾਲਾ ਸੰਘ (ਆਰ.ਐਸ.ਐਸ.) ਅੱਜ ਇਹ ਸਮਝਾਉਣ-ਜਚਾਉਣ ਤੱਕ ਚਲਾ ਗਿਆ ਹੈ ਕਿ ਐਨ.ਡੀ.ਏ., ਬੀ.ਜੇ.ਪੀ., ਮੋਦੀ, ਮੰਤਰੀ ਮੰਡਲ ਤਾਂ ਦਿਖਾਵਾ-ਛਲਾਵਾ ਮਾਤਰ ਹੀ ਹਨ ਸਰਕਾਰ ਨੂੰ ਹਰ ਖੇਤਰ ਵਿਚ ਦਿਸ਼ਾ ਨਿਰਦੇਸ਼ ਦੇਣ ਵਾਲਾ ਅਤੇ ਅੱਗੋਂ ਜਵਾਬ-ਤਲਬੀ ਕਰਨ ਵਾਲਾ ਵੀ, ਅਸਲ 'ਚ, ਆਰ.ਐਸ.ਐਸ. ਹੀ ਹੈ। ਅਤੇ, ਮੋਦੀ ਸਰਕਾਰ ਆਰ.ਐਸ.ਐਸ. ਦੇ ਇਸ ਹਾਕਮਾਨਾ ਭੱਦੇ ਹੰਕਾਰ ਨੂੰ ਸਾਕਾਰ ਕਰਨ ਦੇ ਆਹਰ 'ਚ ਲੱਗੀ ਹੋਈ ਹੈ। ਵੇਲਾ ਵਿਹਾ ਚੁੱਕੀਆਂ ਰੱਦੀ ਪ੍ਰੰਪਰਾਵਾਂ ਦਾ ਪੁਨਰ ਸਥਾਪਨ ਕੀਤਾ ਜਾ ਰਿਹਾ ਹੈ। ਸ਼ਹਿਰਾਂ ਦੇ ਨਾਂ ਹਿੰਦੂ ਧਾਰਮਕ ਚਿੰਨ੍ਹਾਂ, ਮਿਥਿਹਾਸਕ ਸ਼ਖਸ਼ੀਅਤਾਂ ਜਾਂ ਅਕੀਦਿਆਂ ਅਨੁਸਾਰ ਬਦਲੇ ਜਾ ਰਹੇ ਹਨ। ਸੰਘ ਦੀ ਫਿਰਕੂ ਕੁਠਾਲੀ 'ਚੋਂ ਤੱਪ ਕੇ ਬੇਕਾਰ ਲੋਹਾ ਬਣੇ ਕੁੰਦ ਦਿਮਾਗ ਰੋਬੋਟ ਟਾਈਪ ਵਿਅਕਤੀ ਸੂਬਿਆਂ ਦੇ ਗਵਰਨਰ ਥਾਪੇ ਗਏ ਹਨ, ਜੋ ਸ਼ਰੇਆਮ ਮਰਿਆਦਾਵਾਂ ਅਤੇ ਸਥਾਪਤ ਪ੍ਰੰਪਰਾਵਾਂ ਨੂੰ ਛਿੱਕੇ ਟੰਗ ਕੇ, ਆਪਣੇ ਅਧਿਕਾਰ ਖੇਤਰ 'ਚੋਂ ਬਾਹਰ ਜਾ ਕੇ ਦੇਸ਼ ਦੀਆਂ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਵਿਰੁੱਧ ਨਫਰਤ ਪੈਦਾ ਕਰਨ ਦੇ ਕੁਲਹਿਣੇ ਇਰਾਦੇ ਨਾਲ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ।
ਹਰ ਖੇਤਰ 'ਚ ਸੰਘ ਦੇ ਵਫ਼ਾਦਾਰ ਅਤੇ ਕ੍ਰਿਪਾ ਪਾਤਰ ਫਿਟ ਕੀਤੇ ਜਾ ਰਹੇ ਹਨ। ਵਿਦਿਅਕ-ਸਾਹਿਤਕ-ਵਿਗਿਆਨਕ-ਸਭਿਆਚਾਰਕ ਅਦਾਰਿਆਂ ਦੇ ਮੁੱਖੀ ਅਸੱਭਿਆ-ਗੈਰ ਸਾਹਿਤਿਕ, ਵਿਗਿਆਨ ਵਿਰੋਧੀ, ਹਕੀਕੀ ਮਾਨਵਵਾਦੀ ਵਿਦਿਆ ਤੋਂ ਕੋਰੇ ਸੰਘੀ ਅਤੇ ਭਾਜਪਾਈ ਨਿਯੁਕਤ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਰੁੱਧ ਥਾਂ ਪੁਰ ਥਾਂ ਹਰ ਰੋਜ ਲੋਕ ਬੇਚੈਨੀ ਦਾ ਪ੍ਰਗਟਾਵਾ ਹੋ ਰਿਹਾ ਹੈ। ਜੀਵਨ ਭਰ ਪਾਂਚਜਨਿਆਂ ਅਤੇ ਆਰ.ਐਸ.ਐਸ. ਦੇ ਹੋਰ ਪਰਚਿਆਂ ਵਿਚ ਨਫ਼ਰਤ ਭਰਿਆ ਕੂੜ ਤੇ ਗੰਦ ਲਿਖਣ ਵਾਲੇ ਇਤਿਹਾਸ ਲੇਖਣ ਅਤੇ ਖੋਜਾਂ ਦੇ ਮਾਨਯੋਗ ਅਦਾਰਿਆਂ 'ਤੇ ਥੋਪ ਦਿੱਤੇ ਗਏ ਹਨ। ਇਹ ਅਖੌਤੀ ''ਵਿਦਵਾਨ'' ਸ਼ਰੇਆਮ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਮੁੜ ਸਥਾਪਤ ਕਰਨ ਦੇ ਕੋਝੇ ਇਰਾਦੇ ਜ਼ਾਹਿਰ ਕਰ ਰਹੇ ਹਨੇ ਅਤੇ ਹਕੀਕੀ ਵਿਦਵਾਨਾਂ ਨੂੰ ''ਮੱਤਾਂ'' ਦੇ ਰਹੇ ਹਨ।
ਨਾਮਵਰ ਯੂਨੀਵਰਸਿਟੀਆਂ ਦੇ ਮੁਖੀ ਸੰਘ ਕਾਰਯਕਰਤਾਵਾਂ (ਕਾਰਕੁੰਨਾਂ) ਵਾਂਗ ਵਿਹਾਰ ਕਰਦਿਆਂ ਪੁਲਿਸ 'ਤੇ ਸੁਰੱਖਿਆ ਬਲਾਂ ਨੂੰ ਕੈਂਪਸ 'ਚ ਦਾਖਲ ਹੋ ਕੇ ਮਰਜ਼ੀ ਮੁਤਾਬਕ ਜਬਰੋ ਜ਼ੁਲਮ ਕਰਨ ਦੀਆਂ ਖੁੱਲ੍ਹਾਂ ਦੇ ਰਹੇ ਹਨ। ਹਰ ਖੇਤਰ ਵਿਚ ਹਿੰਦੂ ਧਾਰਮਕ-ਮਿਥਿਹਾਸਕ ਪ੍ਰੰਪਰਾਵਾਂ 'ਤੇ ਚਿੰਨ੍ਹਾਂ ਦੀ ਨਾ ਕੇਵਲ ਸੁਚੇਤ ਰੂਪ ਵਿਚ ਵਡਿਆਈ ਕੀਤੀ ਜਾ ਰਹੀ ਹੈ ਬਲਕਿ ਅਖਾਉਤੀ ਹਿੰਦੂਵਾਦੀ ਪੁਨਰ ਸਥਾਪਨਾ ਦੇ ਮਕਸਦ ਅਧੀਨ ਵਰਤੋਂ ਵੀ ਕੀਤੀ ਜਾ ਰਹੀ ਹੈ।
ਇਸ ਕੋਰੇ ਝੂਠ ਨੂੰ ਸੱਚ ਬਣਾ ਕੇ ਸਥਾਪਤ ਕਰਨ ਦੇ ਯਤਨ ਹੋ ਰਹੇ ਹਨ ਕਿ ਕੇਵਲ ਹਿੰਦੂ ਧਰਮ 'ਚ ਭਰੋਸਾ ਰੱਖਣ ਵਾਲੇ ਹੀ ਦੇਸ਼ ਭਗਤ ਹਨ। ਬਾਕੀ ਸਾਰੇ ਰਾਸ਼ਟਰ ਦਰੋਹੀ ਹਨ, ਖਾਾਸ ਕਰ ਇਸਲਾਮ ਨੂੰ ਮੰਨਣ ਵਾਲੇ। ਅੰਗਰੇਜ ਭਗਤੀ ਦਾ 'ਸ਼ਾਨਦਾਰ'' ਰੀਕਾਰਡ ਰੱਖਣ ਵਾਲਾ ਆਰ.ਐਸ.ਐਸ. ਇਹ ਸਾਰੇ ਪੈਮਾਨੇ ਤੈਅ ਕਰ ਰਿਹਾ ਹੈ। ਸਿਤਮ ਜ਼ਰੀਫੀ ਇਹ ਕਿ ਬਹੁਗਿਣਤੀ ਮੁਸਲਮਾਨਾਂ ਨੇ ਨਾ ਕੇਵਲ 1857 ਦੇ ਗਦਰ ਜਾਂ ਪਹਿਲੇ ਆਜ਼ਾਦੀ ਸੰਗਰਾਮ ਵੇਲੇ ਬਲਕਿ 1947 'ਚ ਸੰਪੰਨ ਹੋਏ ਆਜ਼ਾਦੀ ਸੰਗਰਾਮ 'ਚ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਬ੍ਰਿਟਿਸ਼ ਹਾਕਮਾਂ ਪ੍ਰਤੀ ਸਮਝੌਤਾਵਾਦੀ ਪਹੁੰਚ ਰੱਖਣ ਵਾਲਾ ਆਰ.ਐਸ.ਐਸ. ਅੱਜ ਉਨ੍ਰਾਂ ਨੂੰ ਦੇਸ਼ਧ੍ਰੋਹੀ ਹੋਣ ਦਾ ਕੋਝਾ ਫ਼ਤਵਾ ਦੇ ਰਿਹਾ ਹੈ। ਸੰਘ ਇਨਾਂ ਨਿਵਾਣਾਂ ਤੱਕ ਚਲਾ ਗਿਆ ਹੈ ਕਿ ਸਰਬੰਸ ਵਾਰਨ ਵਾਲੇ ਟੀਪੂ ਸੁਲਤਾਨ, ਨੂੰ ਵੀ ਕੇਵਲ ਮੁਸਲਮਾਨ ਹੋਣ ਕਾਰਨ ਹੀ, ਨਫਰਤ ਦਾ ਪਾਤਰ ਬਨਾਉਣ ਦੀਆਂ ਸਾਜਿਸ਼ਾਂ 'ਚ ਗਲਤਾਣ ਹੋਇਆ ਪਿਆ ਹੈ। ਕਾਂਗਰਸ ਪਾਰਟੀ, ਗਦਰ ਪਾਰਟੀ, ਕਮਿਊਨਿਸਟ ਤਨਜੀਮ, ਸ਼ਹੀਦ ਭਗਤ ਸਿੰਘ ਦੀ ਅਗਵਾਈ ਵਾਲੀ ਲਹਿਰ, ਅਤੇ ਅਨੇਕਾਂ ਦੇਸ਼ ਭਗਤਕ ਲਹਿਰਾਂ 'ਚ ਸ਼ਾਮਲ ਹੋ ਕੇ ਅਥਾਹ ਮਾਨਯੋਗ ਕੁਰਬਾਨੀਆਂ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਕੱਦਾਵਰ ਆਗੂਆਂ ਦੀਆਂ ਸ਼ਾਨਦਾਰ ਘਾਲਣਾਵਾਂ ਨੂੰ ਨਜ਼ਰਅੰਦਾਜ਼ ਕਰਕੇ ਸਮੁੱਚੇ ਭਾਈਚਾਰੇ ਨੂੰ, ਖਤਰਨਾਕ ਸਾਜ਼ਿਸ ਦੇ ਤਹਿਤ, ਦੇਸ਼ ਦੇ ਗੱਦਾਰਾਂ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਆਜਾਦੀ ਸੰਗਰਾਮ 'ਚ ਸ਼ਾਨਦਾਰ ਭੂਮਿਕਾ ਅਦਾ ਕਰਨ ਵਾਲੀ ਖੂਬਸੂਰਤ ਉਰਦੂ ਜ਼ੁਬਾਨ ਨੂੰ ਵਿਦੇਸ਼ੀ (ਮੁਸਲਮਾਨਾਂ ਜਾਂ ਧਾੜਵੀਆਂ ਦੀ) ਭਾਸ਼ਾ ਵਜੋਂ ਬਦਨਾਮ ਕਰਨ ਦਾ ਹਰ ਹਰਬਾ ਵਰਤਿਆ ਜਾ ਰਿਹਾ ਹੈ। ਦਹਾਕਿਆਂ ਬੱਧੀ ਸੰਘ, ਬੇਬੁਨਿਆਦ ਤੱਥਾਂ ਦਾ ਆਸਰਾ ਲੈ ਕੇ, ਮਰਾਠਾ ਨਾਇਕ ਸ਼ਿਵਾ ਜੀ ਨੂੰ ਘੋਰ ਮੁਸਲਿਮ ਵਿਰੋਧੀ ਯੋਧੇ ਵਜੋਂ ਪੇਸ਼ ਕਰਦਾ ਰਿਹਾ। ਪਰ ਆਪਣੀ ਅਰਥਭਰਪੂਰ ਖੋਜ ਰਾਹੀਂ ਇਸ ਮਿੱਥ ਨੂੰ ਝੂਠ ਸਾਬਤ ਕਰਨ ਵਾਲੇ ਤਰਕਵਾਦੀ ਵਿਦਵਾਨ ਨਰਿੰਦਰ ਦਭੋਲਕਰ ਦਾ ਦਰਦਨਾਕ ਕਤਲ ਕਰ ਦਿੱਤਾ ਗਿਆ। ਇਹ ਘਟਣਾ ਇਕ ਸੈਮੀਨਾਰ ਵਿਚ ਦਭੋਲਕਰ ਦੇ ਉਕਤ ਵਿਸ਼ੇ 'ਤੇ ਦਿੱਤੇ ਗਏ ਕੂੰਜੀਵਤ ਭਾਸ਼ਣ ਤੋਂ ਠੀਕ ਪਿਛੋਂ ਵਾਪਰੀ। ਦਭੋਲਕਰ ਦੇ ਦਲੀਲਪੂਰਨ ਖੋਜ ਪਰਚੇ ਤੋਂ ਖਿੱਝੇ ਹਿੰਦੂ ਕੱਟੜਪੰਥੀਆਂ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਕਤ ਘਟਣਾ ਦਾ ਵੇਰਵਾ ਦੇਣ ਪਿਛੇ ਸਾਡਾ ਇਰਾਦਾ ਇਹ ਹੈ ਕਿ ਆਪਣੇ ਝੂਠੇ ਪ੍ਰਚਾਰ ਨੂੰ ਜਾਰੀ ਰੱਖਣ ਲਈ ਕਥਿਤ ਹਿੰਦੂਵਾਦੀ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ।
ਮੁਸਲਮਾਨਾਂ ਖਿਲਾਫ ਨਫ਼ਰਤ ਪੈਦਾ ਕਰਨ ਲਈ ਸੰਘੀਆਂ ਨੇ ਹੁਣ ਤੱਕ ਅਨੇਕਾਂ ਅਮਾਨਵੀ ਹੱਲੇ ਕੀਤੇ ਹਨ। ਇਹ ਇਕ ਸਥਾਪਤ ਸੱਚ ਹੈ ਕਿ ਭਾਜਪਾ ਦੇ ਅਨੇਕਾਂ ਉਚ ਆਗੂਆਂ ਦੇ ਪਰਵਾਰਾਂ 'ਚ ਅੰਤਰਧਰਮੀ ਵਿਆਹ ਹੋਏ ਹਨ ਜਿਸ ਤੋਂ ਸਾਨੂੰ ਰੱਤੀ ਭਰ ਵੀ ਇਤਰਾਜ ਨਹੀਂ। ਸਾਡਾ ਇਤਰਾਜ ਇਹ ਹੈ ਕਿ ਇਹੀ ਸੰਘ ਪਰਿਵਾਰ ਅਤੇ ਭਾਜਪਾ, ਮੁਸਲਮਾਨਾਂ ਵਿਰੁੱਧ ਆਮ ਹਿੰਦੂਆਂ ਦੇ ਮਨਾਂ 'ਚ ਨਫਰਤ ਪੈਦਾ ਕਰਨ ਲਈ ਝੂਠੀਆਂ ਕਹਾਣੀਆਂ ਘੜ੍ਹ ਕੇ ਇਹ ਜਚਾਉਂਦੇ ਹਨ ਕਿ ਮੁਸਲਮਾਨਾਂ ਦੇ ਮੁੰਡੇ ਵਰਗਲਾ ਕੇ ਜਾਂ ਜਬਰੀ ਝੂਠੇ ਪਿਆਰ ਰਾਹੀ ਹਿੰਦੂ ਬੱਚੀਆਂ ਨਾਲ ਵਿਆਹ ਕਰਕੇ ਸਾਡਾ ਹਿੰਦੂ ਧਰਮ ਭ੍ਰਿਸ਼ਟ ਕਰਦੇ ਹਨ। ਭਾਵੇਂ ਇਹ ਕਹਾਣੀਆਂ ਝੂਠੀਆਂ ਵੀ ਸਾਬਤ ਹੋ ਚੁੱਕੀਆਂ ਹਨ। ਪਰ ਦੂਰ ਦੁਰਾਡੇ ਰਹਿੰਦੇ ਸਾਧਨ ਵਿਹੂਣੇ ਪਿਛੜੇ ਹਿੰਦੂ ਪਰਵਾਰਾਂ ਨੂੰ ਪੂਰੀ ਸੂਚਨਾ ਨਾ ਮਿਲਣ ਕਰਕੇ ਉਹ ਮੁਸਲਮਾਨਾਂ ਨੂੰ ਉਕਤ ਕੂੜ ਪ੍ਰਚਾਰ ਦੇ ਆਧਾਰ 'ਤੇ ਆਪਣਾ ਸਦੀਵੀਂ ਧਾਰਮਿਕ ਵੈਰੀ ਮੰਨ ਲੈਂਦੇ ਹਨ।
ਦੂਜਾ ਬਖੇੜਾ ਸੰਘੀਆਂ ਨੇ ਗਊ ਮਾਸ ਬਾਰੇ ਖੜ੍ਹਾ ਕੀਤਾ। ਦਾਦਰੀ ਦੇ ਕੌਮ ਪਰਸਤ ਮੁਸਲਮਾਨ ਅਖਲਾਕ ਨੂੰ ਫਿਰਕੂ ਕੂੜ ਪ੍ਰਚਾਰ ਦੇ ਕੁਪ੍ਰਭਾਵ ਤਹਿਤ ਅੰਨ੍ਹੀ ਹੋਈ ਭੀੜ ਨੇ ਇਹ ਕਹਿ ਕੇ ਕੋਹ ਕੋਹ ਕੇ ਮਾਰ ਦਿੱਤਾ ਕਿ ਉਸ ਦੇ ਘਰ ਗਊ ਮਾਸ ਰਿਨ੍ਹਿਆ ਅਤੇ ਖਾਧਾ ਜਾਂਦਾ ਹੈ। ਹਾਲਾਂਕਿ ਬਾਅਦ 'ਚ ਹੋਏ ਲੈਬ ਟੈਸਟਾਂ ਅਤੇ ਸਾਵੀਂ ਸੋਚ ਵਾਲੇ ਇਲਾਕਾ ਵਾਸੀਆਂ ਦੀਆਂ ਮੌਖਿਕ ਗਵਾਹੀਆਂ ਦੇ ਆਧਾਰ 'ਤੇ ਇਹ ਸਾਬਤ ਹੋ ਗਿਆ ਕਿ ਖਾਧਾ ਪਕਾਇਆ ਜਾਣ ਵਾਲਾ ਮਾਸ ਗਊ ਦਾ ਨਹੀਂ ਬਲਕਿ ਬੱਕਰੇ ਦਾ ਸੀ। ਅਸੀਂ ਤਾਂ ਇਸ ਧਾਰਨਾ ਦੇ ਵੀ ਹਾਮੀ ਹਾਂ ਕਿ ਹਰ ਕਿਸੇ ਨੂੰ ਆਪਣੇ ਧਾਰਮਿਕ-ਸਮਾਜਕ-ਸਭਿਆਚਾਰਕ ਅਕੀਦਿਆਂ 'ਤੇ ਰਿਵਾਇਤਾਂ ਅਨੁਸਾਰ ਕੁੱਝ ਵੀ ਖਾਣ-ਪਹਿਨਣ ਦੀ ਸੱਭਿਅਕ ਸਮਾਜਾਂ ਵਿਚ ਖੁੱਲ ਹੋਣੀ ਚਾਹੀਦੀ ਹੈ, ਪਰ ਆਰ.ਐਸ.ਵਾਲਿਆਂ ਤੋਂ ਸੱਭਿਅਕ ਵਿਹਾਰ ਦੀ ਆਸ ਕਿੱਥੇ? ਉਂਝ ਤਾਂ ਹੁਣ ਇਹ ਵੀ ਸੱਚ ਬਾਹਰ ਆ ਗਿਆ ਹੈ ਕਿ ਗਊ ਮਾਸ ਇਕੱਲੇ ਮੁਸਲਮਾਨ ਹੀ ਨਹੀਂ ਖਾਂਦੇ ਬਲਕਿ ਸਮੁੱਚੇ ਭਾਰਤ ਵਿਚ ਅਨੇਕਾਂ ਹਿੰਦੂ ਅਤੇ ਹੋਰ ਕਈ ਧਰਮਾਂ ਦੇ ਲੋਕ ਵੀ ਖਾਂਦੇ ਹਨ ਜਿਨ੍ਹਾਂ ਵਿਚ ਭਾਜਪਾ ਦੇ ਥਾਪੇ ਕੇਂਦਰੀ ਵਜ਼ੀਰ ਅਤੇ ਐਮ.ਪੀ. ਵੀ ਸ਼ਾਮਲ ਹਨ। ਇਸ ਰਾਮ ਰੌਲੇ ਨੇ ਇਕ ਹੋਰ ਕੌੜੀ ਸੱਚਾਈ ਵੀ ਉਜਾਗਰ ਕੀਤੀ ਹੈ। ਭਾਜਪਾ ਅਤੇ ਆਰ.ਐਸ.ਐਸ. ਦੇ ਅਨੇਕਾਂ ਕਿਰਪਾ ਪਾਤਰ ਕਾਰੋਬਾਰੀ ''ਸਿਆਸੀ ਮਾਲ'' ਤਾਂ ਸੰਘੀਆਂ ਵਾਲਾ ਹੀ ਵੇਚਦੇ ਹਨ ਪਰ ਆਪਣੀਆਂ ਤਿਜੌਰੀਆਂ ਭਰਨ ਲਈ ਗਊ ਮਾਸ ਅਤੇ ਹੋਰ ਮੀਟ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਕਾਰੋਬਾਰ ਵਿਚੋਂ ਅੱਗੋਂ ਕੇਵਲ ਗਊ ਮਾਸ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ (Accessories) ਹੀ ਨਹੀਂ ਬਣਦੀਆਂ ਬਲਕਿ ਖਾਣ-ਵਸਤਾਂ ਵੀ ਤਿਆਰ ਹੁੰਦੀਆਂ ਹਨ। ਪਰ ਤੱਥਾਂ ਦਲੀਲਾਂ ਦਾ ਸੰਘੀਆਂ ਨਾਲ ਕੀ ਲੈਣ ਦੇਣ? ਉਨ੍ਹਾਂ ਨੂੰ 'ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਦੀਵੀਂ ਤੌਰ 'ਤੇ ਇਕ ਦੂਜੇ ਦੇ ਖਾਹਮ ਖਾਹ ਦੇ ਵੈਰੀ ਬਨਾਉਣ ਲਈ ਮੁੱਦਾ ਚਾਹੀਦਾ ਹੈ ਭਾਵੇਂ ਉਹ ਸੌ ਫੀਸਦੀ ਝੂਠਾ ਹੀ ਹੋਵੇ।
ਅੱਜਕੱਲ੍ਹ ਸੰਘ ਦੇ ਆਗੂ 'ਰਾਸ਼ਟਰ ਭਗਤ' ਅਤੇ 'ਰਾਸ਼ਟਰ ਦਰੋਹੀ' ਹੋਣ ਦੀਆਂ ਸੰਨਦਾਂ ਦੇਣ ਦੇ ਸਵੈ ਥਾਪੇ ਠੇਕੇਦਾਰ ਵੀ ਬਣੇ ਹੋਏ ਹਨ। ਜਿਹੜਾ ਵੀ ਕੋਈ ਸੰਘ ਦੀ ਕਿਸੇ ਹਰਕਤ ਜਾਂ ਬਿਆਨਬਾਜ਼ੀ ਵਿਰੁੱਧ ਮੂੰਹ ਖੋਲ੍ਹਦਾ ਹੈ ਉਸਨੂੰ ਪਾਕਿਸਤਾਨ ਚਲੇ ਜਾਣ ਦੀਆਂ ਸਲਾਹਾਂ ਜਾਂ ਜਬਰੀ ਭੇਜ ਦਿੱਤੇ ਜਾਣ ਦੀਆਂ ਧਮਕੀਆਂ ਦੇਣਾ ਆਮ ਹੀ ਗੱਲ ਹੋ ਗਈ ਹੈ। ਲਵਜ਼ਿਹਾਦ, ਅਸਹਿਣਸ਼ੀਲਤਾ, ਦਾਦਰੀ ਦੇ ਅਖ਼ਲਾਕ ਦੇ ਕਤਲ, ਮੁੱਜਫ਼ਰਪੁਰ ਦੰਗਿਆਂ 'ਚ ਸੰਘ ਦੇ ਹੱਥਠੋਕੇ ਫਿਰਕੂ ਗੁੰਡਿਆਂ ਦੀ ਭੂਮਿਕਾ, ਜੇ.ਐਨ.ਯੂ. ਐਜੀਟੇਸ਼ਨ ਦੇ ਨਿਆਂਈ ਤਰਫਦਾਰਾਂ, ਤਰਕਵਾਦੀ ਅਤੇ ਹੋਰ ਖੇਤਰਾਂ ਦੇ ਵਿਦਵਾਨਾਂ ਦੇ ਕਤਲੇਆਮ ਵਿਰੁੱਧ ਬੋਲਣ ਵਾਲੇ ਲਗਭਗ ਹਰ ਕਿਤੇ ਅਤੇ ਖਿੱਤੇ ਦੀਆਂ ਨਾਮਵਰ ਹਸਤੀਆਂ ਸੰਘ ਦੀ ਇਹ ''ਸੁਸੰਸਕਰਿਤਿਕ ਮਿਠੀ'' ਬੋਲੀ ਦਾ ਸੁਆਦ ਚੱਖ ਚੁੱਕੀਆਂ ਹਨ।
ਗੱਲ ਇੱਥੋਂ ਤੱਕ ਪੁੱਜ ਚੁੱਕੀ ਹੈ ਕਿ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਸ਼ਰੇਆਮ ਅਦਾਲਤਾਂ 'ਚ ਜੱਜਾਂ ਦੇ ਸਾਹਮਣੇ ਕੁੱਟਿਆ ਤਾਂ ਜਾਂਦਾ ਹੀ ਹੈ, ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜੇ ਹੋਰ ਮੌਕਾ ਆਇਆ ਤਾਂ ਇਨ੍ਹਾਂ ਦੀ ਅਲਖ ਹੀ ਮੁਕਾ ਦੇਣੀ ਹੈ। ਕਵਰੇਜ਼ ਕਰ ਰਹੀਆਂ ਵੱਡੇ ਨਾਮਣੇ ਵਾਲੀਆਂ ਲੜਕੀਆਂ/ਔਰਤਾਂ ਨੂੰ ਰੰਡੀਆਂ-ਲੁੱਚੀਆਂ ਕਹਿ ਕੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸੰਘ ਤੋਂ ''ਦੀਖਸ਼ਾ'' ਪ੍ਰਾਪਤ ਨਫਤਰੀ ਪੁਤਲੇ ਜੋ ਇਨ੍ਹਾਂ ਕਾਰਿਆਂ ਨੂੰ ਅੰਜਾਮ ਦਿੰਦੇ ਹਨ, ਸ਼ਰੇਆਮ ਟੀ.ਵੀ. ਚੈਨਲਾਂ 'ਤੇ ਖ਼ੁਦ ਹੀ ਆਪਣੀਆਂ ਕਰਤੂਤਾਂ ਕਬੂਲ ਵੀ ਕਰਦੇ ਹਨ।
ਜਦੋਂ ਉਕਤ ਕਰਤੂਤਾਂ 'ਤੇ ਥੂਹ ਥੂਹ ਸ਼ੁਰੂ ਹੋ ਜਾਂਦੀ ਹੈ ਤਾਂ ਕੋਈ ਇਕ ਸੰਘੀ ਆਗੂ ਰਸਮੀ ਬਿਆਨ ਰਾਹੀਂ ਆਪਣੇ ਆਪ ਨੂੰ ਇਸ ਤੋਂ ਅਲੱਗ ਕਰ ਲੈਂਦਾ ਹੈ ਪਰ ਅਮਲ 'ਚ ਸਾਰਾ ਕੁੱਝ ਸਗੋਂ ਹੋਰ ਤੇਜੀ ਨਾਲ ਲਾਗੂ ਕੀਤਾ ਜਾਂਦਾ ਹੈ।
ਹੁਣ ਇਕ ਨਵਾਂ ਸ਼ੋਸ਼ਾ ਹੋਰ ਕੱਢ ਲਿਆਂਦਾ ਹੈ। ਇਕ ਮਨੋਕਲਪਿਤ ਮੂਰਤੀ ਭਾਰਤ ਦੇ ਨਕਸ਼ੇ ਵਿਚ ਬਣਾ ਲਈ। ਉਸ ਦੇ ਚਾਰ ਹੱਥ ਬਣਾ ਲਏ। ਮੱਥੇ ਮੁਕਟ ਸਜਾਇਆ। ਹੱਥ 'ਚ ਹਿੰਦ ਧਰਮ ਦਾ ਪ੍ਰਤੀਕ ਤ੍ਰਿਸ਼ੂਲ ਫੜਾ ਦਿੱਤਾ। ਇਕ ਹੱਥ ਜਾਂ ਚਰਨਾਂ 'ਚ ਕਮਲ ਦਾ ਫੁੱਲ (ਭਾਜਪਾ ਦਾ ਚੋਣ ਨਿਸ਼ਾਨ) ਫੜਾ ਦਿੱਤਾ। ਗੱਲ ਕੀ ਹਿੰਦੂ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲਿਆਂ ਵੱਲੋਂ ਪੂਜੀਆਂ ਜਾਂਦੀਆਂ ਅਨੇਕਾਂ ਦੇਵੀਆਂ ਦੀ ਮਿਲਗੋਭਾ ਜਿਹੀ ਤਸਵੀਰ ਬਣਾ ਕੇ ਨਾਲ ਹਿੰਦੂ ਧਰਮ ਦਾ ਪ੍ਰਤੀਕ ਭਗਵਾਂ ਝੰਡਾ ਟੈਗ ਕਰ ਦਿੱਤਾ। ਹੁਣ ਬਹੁਧਰਮੀ, ਬਹੁ ਭਾਸ਼ਾਈ, ਬਹੁ ਇਲਾਕਾਈ ਸਮਸਤ ਭਾਰਤੀਆਂ ਨੂੰ ਡੰਡੇ ਦੇ ਜ਼ੋਰ 'ਤੇ ਇਸ ਮਨੋਕਲਪਿਤ ਮੂਰਤੀ ਅੱਗੇ ਡੰਡਵਤ ਹੋਣ ਅਤੇ ''ਭਾਰਤ ਮਾਤਾ ਕੀ ਜੈ'' ਕਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਹੜਾ ਇਉਂ ਨਹੀਂ ਕਰਦਾ ਉਹ ਭਾਵੇਂ ਕਿੰਨੇ ਵੀ ਮਾਨਵੀ ਗੁਣਾਂ ਦਾ ਮਾਲਕ ਹੋਵੇ ਉਹ ਦੇਸ਼ਧ੍ਰੋਹੀ, ਪਾਕਿਸਤਾਨ ਦਾ ਏਜੰਟ, ਲਾਕਾਨੂੰਨੀ ਕਰਣ ਵਾਲਾ ਸਮਝਿਆ ਜਾਵੇਗਾ। ਜਿਹੜਾ ਕੁਰੱਪਟ ਹੋਵੇ, ਜਖੀਰੇਬਾਜ ਹੋਵੇ, ਸਾਮਰਾਜ ਪੱਖੀ ਹੋਵੇ, ਚਰਿੱਤਰਹੀਨ ਜਾਂ ਹੋਰ ਕੁੱਝ ਵੀ ਹੋਵੇ ਪਰ ''ਭਾਰਤ ਮਾਤਾ ਕੀ ਜੈ'' ਕਹਿੰਦਾ ਹੋਵੇ ਉਹ ਦੇਸ਼ ਭਗਤ ਹੈ। ਅਤੇ ਸਾਰਾ ਕੁੱਝ ਤੈਅ ਉਹ ਸੰਘ ਪਰਿਵਾਰ ਕਰੇਗਾ ਜਿਸਦਾ ਦੇਸ਼ ਭਗਤੀ ਦੀਆਂ ਹਾਂ ਪੱਖੀ ਰਿਵਾਹਿਤਾਂ ਨਾਲ ਕੱਖ ਵੀ ਲੈਣ-ਦੇਣ ਨਹੀਂ। ਹੁਣ ਤਾਂ ਗੱਲ ਇਸ ਤੋਂ ਵੀ ਨਿਘਾਰ ਵੱਲ ਚਲੀ ਗਈ ਹੈ। ਜਿਹੜਾ ਸੰਘੀਆਂ ਦੀ ਹਾਂ 'ਚੋਂ ਹਾਂ ਮਿਲਾਏ ਉਹ ਦੇਸ਼ ਭਗਤ ਬਾਕੀ ਸਾਰੇ ਦੇਸ਼ਧ੍ਰੋਹੀ। ਹਜ਼ਾਰਾਂ ਪੰਜਾਬੀਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਯਾਦਗਾਰ ਸ਼੍ਰੀ ਹਰਮੰਦਰ ਸਾਹਿਬ 'ਚ ਬਨਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚਾ ਅਕਾਲੀ ਦਲ ਕਿਉਂਕਿ ਭਾਜਪਾ ਦਾ ਸਿਆਸੀ ਭਾਈਵਾਲ ਹੈ ਇਸ ਲਈ ਰਾਸ਼ਟਰ ਭਗਤ ਹੈ ਜਦੋਂਕਿ ਅੱਤਵਾਦ ਖਿਲਾਫ ਜਾਨਾਂ ਹੂਲ੍ਹ ਕੇ ਲੜਨ ਵਾਲੇ ਕਮਿਊਨਿਸਟ ਕਿਉਂਕਿ ਆਰ.ਐਸ.ਐਸ. ਦੇ ਪਿਛਾਂਹਖਿੱਚੂ ਮਾਨਵਤਾ ਵਿਰੋਧੀ ਏਜੰਡੇ ਨਾਲ ਸਹਿਮਤ ਨਹੀਂ ਇਸ ਲਈ ਉਹ ਰਾਸ਼ਟਰਧ੍ਰੋਹੀ ਹਨ। ਇਹ ਹੈ ਆਰ.ਐਸ.ਐਸ. ਦਾ ਪੈਮਾਨਾ ਦੇਸ਼ ਭਗਤੀ ਅਤੇ ਦੇਸ਼ ਧਰੋਹੀ ਨੂੰ ਮਾਪਣ ਦਾ।
ਆਰ.ਐਸ.ਐਸ. ਨੂੰ ਇਹ ਖੁੱਲ੍ਹ ਖੇਡਣ ਦਾ ਮੌਕਾ ਮਿਲਿਆ ਹੈ ਕੇਂਦਰ 'ਚ ਇਸ ਦੇ ਪੱਖ ਦੀ ਮੋਦੀ ਸਰਕਾਰ ਦੇ ਆ ਜਾਣ ਨਾਲ। ਮੋਦੀ ਸਰਕਾਰ ਦੇ ਸੱਤਾ 'ਚ ਆਉਣ ਦੇ ਘਟਣਾਕ੍ਰਮ 'ਤੇ ਸੰਖੇਪ ਨਜ਼ਰ ਮਾਰੀਏ ਤਾਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜੇਕਰ  ਲਗਾਤਾਰ ਦੋ ਕਾਰਜਕਾਲ (2004 ਤੋਂ 2009 ਅਤੇ 2009 ਤੋਂ 2014) ਸੱਤਾ 'ਚ ਰਹਿਣ ਵਾਲੀ ਯੂ.ਪੀ.ਏ. ਸਰਕਾਰ, ਜਿਸ ਦੇ ਮੁੱਖੀ ਕਾਂਗਰਸ ਆਗੂ ਡਾਕਟਰ ਮਨਮੋਹਨ ਸਿੰਘ ਵਲੋਂ, ਤੇਜੀ ਨਾਲ ਲਾਗੂ ਕੀਤੀਆਂ ਗਈਆਂ ਸਾਮਰਾਜੀ ਹਿਤਾਂ ਨਾਲ ਮੇਚਵੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ ਲੋਕਾਂ 'ਚ ਫੈਲੀ ਬੇਚੈਨੀ ਦਾ ਨੀਤੀਆਂ ਵਿਰੁੱਧ ਲੜਨ ਵਾਲਿਆਂ ਦੀ ਥਾਂ ਭਾਜਪਾ ਨੇ ਲਾਹਾ ਲਿਆ। ਇਸ ਉਦੇਸ਼ ਦੀ ਪੂਰਤੀ ਲਈ ਚੋਣ ਪ੍ਰਚਾਰ ਦੀ ਕਮਾਂਡ ਆਰ.ਐਸ.ਐਸ. ਨੇ ਸੰਭਾਲੀ ਅਤੇ ਰੱਜ ਕੇ ਫਿਰਕੂ ਪੱਤਾ ਖੇਡਿਆ। ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗਿਆਂ ਦੇ ਸੂਤਰਧਾਰ ਅਤੇ ਕੱਟੜ ਪਿਛਾਖੜੀ ਹਿੰਦੂ ਵਿਚਾਰਾਂ ਦੇ ਪ੍ਰਤੀਕ ਅਮਿਤ ਸ਼ਾਹ ਨੂੰ ਸਭ ਤੋਂ ਵੱਡੇ ਪ੍ਰਦੇਸ਼ ਯੂ.ਪੀ. ਦੀ ਕਮਾਨ ਦੇਣੀ ਇਸੇ ਰਣਨੀਤੀ ਦਾ ਹਿੱਸਾ ਸੀ।
ਨਵਉਦਾਰਵਾਦੀ ਨੀਤੀਆਂ ਦੇ ਸਿੱਟੇ ਵਜੋਂ ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦੇ ਸਤਾਏ ਅਤੇ ਹਰ ਕਿਸਮ ਦੀਆਂ ਜਿਊਣ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ ਬਾਗ ਦਿਖਾਉਣਾ। ਵਿਦੇਸ਼ਾਂ 'ਚੋਂ ਕਾਲਾ ਧਨ ਲਿਆ ਕੇ ਪ੍ਰਤੀ ਪਰਵਾਰ 15-15 ਲੱਖ ਰੁਪਏ ਵੰਡ ਕੇ ਦੇਣ ਦਾ ਸ਼ੋਸ਼ਾ ਵੀ ਇਸ ਲਾਰੇ ਬਾਜ਼ੀ ਦੀ ਹੀ ਖਾਸ ਵੰਨਗੀ ਹੈ।
ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਸਾਰੀਆਂ ਮੁਸੀਬਤਾਂ ਲਈ ਗੁਆਂਢੀ ਦੇਸ਼ ਪਾਕਿਸਤਾਨ ਅਤੇ ਬੰਗਲਾ ਦੇਸ਼  ਨੂੰ ਜ਼ਿੰਮੇਵਾਰ ਠਹਿਰਾ ਕੇ ਅਸਲ 'ਚ ਧਾਰਮਿਕ ਘੱਟ ਗਿਣਤਦੀਆਂ ਦੇ ਅਖੌਤੀ ਤੁਸ਼ਟੀਕਰਨ ਜਾਂ ਘੁਸਪੈਠ ਦਾ ਮੁੱਦਾ ਉਭਾਰ ਕੇ ਉਸਦਾ ਲਾਹਾ ਲੈਣਾ।
ਮਨਮੋਹਨ ਸਿੰਘ ਅਤੇ ਉਸ ਦੀ ਜੁੰਡਲੀ ਰਾਹੀਂ ਆਪਣੇ ਵਪਾਰਕ ਹਿੱਤ ਸਾਧਨ ਵਾਲੇ ਸਾਮਰਾਜੀ ਦੇਸ਼ਾਂ, ਸਾਮਰਾਜੀ ਵਿੱਤੀ ਅਦਾਰਿਆਂ, ਬਹੁਕੌਮੀ ਕਾਰਪੋਰੇਸ਼ਨਾਂ, ਭਾਰਤੀ ਧਨਕੁਬੇਰਾਂ ਵਲੋਂ ਬੱਦੂ ਹੋ ਚੁੱਕੇ ਮਨਮੋਹਨ ਸਿੰਘ ਦੀ ਥਾਂ ਮੋਦੀ ਅਤੇ ਸੰਘ ਰਾਹੀਂ ਆਪਣੇ ਆਰਥਕ ਏਜੰਡੇ ਦੀ ਪੂਰਤੀ ਲਈ ਵਿਊਤਬੰਦੀ ਅਧੀਨ ਲੱਖਾਂ ਕਰੋੜ ਰੁਪਏ ਖਰਚਣੇ ਅਤੇ ਇੱਥੋਂ ਤੱਕ ਕਿ ਮੀਡੀਏ ਦਾ ਬਹੁਤ ਵੱਡਾ ਹਿੱਸਾ ਖਰੀਦ ਕੇ ਮੋਦੀ ਦੇ ਪੱਖ 'ਚ ਇਕ ਤਰਫਾ ਪ੍ਰਚਾਰ ਮੁਹਿੰਮ ਚਲਾਉਣਾ।
ਕਾਂਗਰਸ ਸਮੇਤ ਯੂ.ਪੀ.ਏ. 'ਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਉਚ ਆਗੂਆਂ ਵਲੋਂ ਕੀਤੇ ਗਏ ਪਹਾੜਾਂ ਜਿੱਡੇ ਜਿੱਡੇ ਘਪਲੇ ਅਤੇ ਹਰ ਪੱਧਰ 'ਤੇ ਪੱਸਰੀ ਪ੍ਰਸ਼ਾਸ਼ਨਕ ਅਸਫਲਤਾ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਦੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ।
ਅਖੌਤੀ ਗੁਜਰਾਤ ਵਿਕਾਸ ਮਾਡਲ, ਜਿਸ ਦਾ ਹੀਜ਼ ਪਿਆਜ਼ ਅੱਜਕੱਲ੍ਹ ਨੰਗਾ ਹੋ ਜਾਣ ਕਾਰਨ ਲੋਕ ਠੱਗੇ ਹੋਏ ਮਹਿਸੂਸ ਕਰਦੇ ਹਨ, ਰਾਹੀਂ ਮੱਧ ਵਰਗ ਨੂੰ ਛਲਾਵੇ 'ਚ ਲਿਆਉਣਾ।
ਕਾਂਗਰਸ ਅਤੇ ਯੂ.ਪੀ.ਏ. ਦੇ ਮੁਕਾਬਲੇ ਹਕੀਕੀ ਲੋਕ ਪੱਖੀ ਬਦਲ ਦਾ ਨਾ ਹੋਣਾ ਵੀ ਭਾਜਪਾ ਦੇ ਖਾਸਾ ਸੂਤ ਬੈਠਿਆ।
ਉਕਤ ਕੁੱਝ ਕਾਰਣ ਹਨ ਜਿਨ੍ਹਾਂ ਕਰਕੇ ਐਨ.ਡੀ.ਏ. ਦੀ ਸਰਕਾਰ ਹੋਂਦ 'ਚ ਆਈ ਅਤੇ ਉਹ ਵੀ ਭਾਜਪਾ ਇਕੱਲੀ ਦੇ ਬਹੁਮਤ ਵਾਲੀ ਪਰ ਹੈ ਇਹ ਘੱਟ ਗਿਣਤੀ ਦੀ ਪ੍ਰਤਿਨਿਧ। ਕੁੱਲ ਪੋਲ ਹੋਈਆਂ ਵੋਟਾਂ 'ਚੋਂ ਕੇਵਲ 31% ਦੇ ਸਮਰਥਨ ਨਾਲ ਬਣੀ।
ਕਿਉਂਕਿ ਇਹ ਸਰਕਾਰ ਪਿਛਲੀ ਸਰਕਾਰ ਵਾਲੀਆਂ ਹੀ ਨੀਤੀਆਂ 'ਤੇ ਉਸ ਤੋਂ ਵੀ ਵੱਧ ਤੇਜੀ ਨਾਲ ਅਮਲ ਕਰ ਰਹੀ ਹੈ, ਇਸ ਲਈ ਇਸ ਦਾ ਲੋਕਾਂ 'ਚੋਂ ਨਿਖੇੜਾ ਲਾਜ਼ਮੀ ਸੀ ਅਤੇ ਉਹ ਹੋਈ ਜਾ ਰਿਹਾ ਹੈ। ਪਰ ਇਸ ਸਰਕਾਰ ਦੇ ਮਾਰਗ ਦਰਸ਼ਕ, ਸਾਮਰਾਜੀ ਬਗਲਬੱਚੇ, ਹਿਟਲਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਆਰ.ਐਸ.ਐਸ. ਦਾ ਮਨਸ਼ਾ ਕੁੱਝ ਹੋਰ ਹੀ ਹੈ। ਉਹ ਮਨਸ਼ਾ ਹੈ ਸਾਮਰਾਜੀ ਨੀਤੀਆਂ, ਲੁੱਟ ਦੇ ਰਾਜ, ਅਮੀਰ ਗਰੀਬ ਦੇ ਪਾੜੇ ਨੂੰ ਹਰ ਹਾਲਤ ਜਾਰੀ ਰੱਖਣਾ। ਇਸੇ ਨਾਪਾਕ ਇਰਾਦੇ ਦੀ ਪੂਰਤੀ ਲਈ  ਆਰ.ਐਸ.ਐਸ. ਲੋਕਾਂ ਦਾ ਧਿਆਨ ਅਸਲ ਮੁੱਦਿਆਂ, ਲੁੱਟ ਕਾਇਮ ਰੱਖਣ ਵਾਲੀਆਂ ਨੀਤੀਆਂ ਅਤੇ ਇਸ ਲੁੱਟ ਰਾਹੀਂ ਧਨਅੰਬਾਰ ਇਕੱਤਰ ਕਰਨ ਵਾਲੇ ਧਨਕੁਬੇਰਾਂ ਤੋਂ ਭਟਕਾਉਣਾ ਚਾਹੁੰਦਾ ਹੈ। ਇਸ ਕੰਮ ਲਈ ਸਭ ਤੋਂ ਢੁੱਕਵਾਂ ਹਥਿਆਰ ਹੈ ਫਿਰਕੂ ਕਤਾਰਬੰਦੀ 'ਤੇ ਅਧਾਰਤ ਕਿਰਤੀ ਜਮਾਤ ਦੀ ਫਿਰਕੂ ਵੰਡ। ਕਿਉਂਕਿ ਕਿਰਤੀ ਜਮਾਤ ਹੀ ਉਕਤ ਨੀਤੀਆਂ ਨੂੰ ਖਤਮ ਕਰਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਵਾਲੇ ਸੰਘਰਸ਼ ਦੀ ਮੁੱਖ ਚਾਲਕ ਸ਼ਕਤੀ ਹੈ।
ਅਸੀਂ ਬਿਨਾਂ ਸ਼ੱਕ ਸੰਘ ਦੇ ਪਿਛਾਖੜੀ ਫਿਰਕੂ ਏਜੰਡੇ ਖਿਲਾਫ ਲੜਨ ਵਾਲਿਆਂ ਦੀ ਹਿਮਾਇਤ ਕਰਦੇ ਹਾਂ। ਪਰ ਸਾਡੀ ਜਾਚੇ ਫਿਰਕੂ ਕਤਾਰਬੰਦੀ ਅਤੇ ਫਿਰਕੂ ਵੰਡ ਸਾਧਨ ਹੈ ਜਮਾਤੀ ਲੁੱਟ ਨੂੰ ਕਾਇਮ ਰੱਖਣ ਦੇ। ਜਮਾਤੀ ਲੁੱਟ 'ਚੋਂ ਹੀ ਲੋਕਾਂ ਲਈ ਦੁਖ-ਦਰਦ, ਮੁਸੀਬਤਾਂ ਉਪਜਦੇ ਹਨ। ਸਾਨੂੰ ਉਸਾਰ ਦੀ ਬਜਾਇ ਬੁਨਿਆਦ ਵੱਲ ਸੇਧਤ ਹੋਣ ਦੀ ਵੱਡੀ ਲੋੜ ਹੈ। ਸਿਰਫ ਬੀਮਾਰੀ ਦਾ ਇਲਾਜ ਕਰਨਾ ਹੀ ਕਾਫੀ ਨਹੀਂ ਬੀਮਾਰੀ ਨੂੰ ਜੜ ਤੋਂ ਖਤਮ ਕਰਨ ਵਾਲੀ ਵੈਕਸੀਨ ਜ਼ਰੂਰੀ ਹੈ।
ਲੋੜਾਂ ਦੀ ਲੋੜ ਹੈ ਕਿ ਲੋਕ ਮੁਸੀਬਤਾਂ ਦੀਆਂ ਜਨਮ ਦਾਤੀਆਂ ਆਰਥਕ ਸਨਅੱਤੀ ਨੀਤੀਆਂ ਵਿਰੁੱਧ, ਲੋਕਾਂ ਦੇ ਫੌਰੀ ਮਸਲਿਆਂ ਦੇ ਹੱਲ ਲਈ ਅਤੇ ਲੋਕਾਂ ਨੂੰ ਬਰਾਬਰਤਾ ਅਧਾਰਤ ਬਹੁਪਰਤੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਗਰਾਮ ਸਾਡਾ ਪਹਿਲਾ ਏਜੰਡਾ ਹੋਣਾ ਚਾਹੀਦਾ ਹੈ। ਜਿਸ ਲੁੱਟ ਅਧਾਰਤ ਰਾਜ ਪ੍ਰਬੰਧ ਨੂੰ ਸਦੀਵੀਂ ਕਾਇਮ ਰੱਖਣ ਅਤੇ ਹੋਰ ਤਕੜਾ ਕਰਨ ਲਈ ਆਰ.ਐਸ.ਐਸ. ਫਿਰਕੂ ਪਿਛਾਖੜੀ ਏਜੰਡਾ ਅੱਗੇ ਵਧਾ ਰਿਹਾ ਹੈ, ਸਾਡੀ ਲਾਮਬੰਦੀ ਅਤੇ ਸੰਘਰਸ਼ਾਂ ਦਾ ਪਹਿਲਾ ਨਿਸ਼ਾਨਾ ਉਹੀ ਰਾਜ ਪ੍ਰਬੰਧ, ਉਸ ਦੀਆਂ ਨੀਤੀਆਂ ਅਤੇ ਕਾਣੀ ਵੰਡ ਹੋਣਾ ਚਾਹੀਦਾ ਹੈ। ਫਿਰਕੂ ਏਜੰਡੇ ਰਾਹੀਂ ਗੁੰਮਰਾਹ ਹੋਏ ਅਰਬਾਂ ਗਰੀਬਾਂ, ਜਿਨ੍ਹਾਂ 'ਚ ਹਿੰਦ.ੂ ਬਹੁਗਿਣਤੀ  'ਚ ਹਨ ਨੂੰ ਸੰਗਰਾਮਾਂ ਦੀ ਜਨਵਾਦੀ ਧਾਰਾ 'ਚ ਸ਼ਾਮਲ ਕਰਨ ਦਾ ਮੁੱਖ ਸਾਧਨ ਆਰਥਿਕ ਮੁਸ਼ਕਿਲਾਂ ਦੇ ਹੱਲ ਦੇ ਸੰਗਰਾਮ ਹੀ ਹੋ ਸਕਦੇ ਹਨ। ਆਉਂਦੀ ਸਤੰਬਰ 'ਚ ਕੀਤੀ ਜਾਣ ਵਾਲੀ ਸਨਅੱਤੀ ਆਮ ਹੜਤਾਲ ਸਾਨੂੰ ਇਸ ਪੱਖੋਂ ਇਕ ਚੰਗਾ ਮੰਚ ਉਪਲੱਬਧ ਕਰਾਏਗੀ ਜਿਸ ਦੀ ਸਾਨੂੰ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।   

No comments:

Post a Comment