Wednesday 11 May 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਈ 2016)

ਹੰਗਰੀ ਦੀ ਕਹਾਣੀ 

ਕਿਸ਼ ਸ਼ਮੁ ਯੋਸ਼ਕਾ
 
- ਜਿਗਮੋਂਦ ਮੋਰਿਤਸ 
ਉਹ ਇਕੋ ਪਿੰਡੋਂ ਆਏ ਸਨ। ਟਰਾਂਸਿਲਵਾਨੀਆਂ ਦੀ ਸਰਹੱਦ  ਦੇ ਨੇੜਿਓਂ ਤੇੜਿਓਂ ਅਤੇ ਉਹ ਟਰਾਂਸਿਲਵਾਨੀਅਨ ਲੋਕਾਂ ਵਰਗੇ ਚਲਾਕ ਵੀ ਸਨ। ਹਮੇਸ਼ਾ ਖੁਸ਼ ਰਹਿੰਦੇ ਸਨ, ਬਿਲਕੁਲ ਮਸਤ ਮੌਲਾ। ਪਾਲ ਵਿਚ ਉਹ ਦੋਵੇਂ ਜਣੇ ਇਕ ਦੂਜੇ ਦੇ ਨਾਲ ਨਾਲ ਖੜ੍ਹੇ ਹੁੰਦੇ ਸਨ। ਆਖਿਰ ਉਨ੍ਹਾਂ ਦੋਨਾਂ ਦੇ ਨਾਂ ਆਪਸ ਵਿਚ ਘੁਲਮਿਲ ਗਏ ਸਨ ਜਿਸ ਦਾ ਸਾਰੀ ਪਲਟਨ ਵਿਚ ਪਤਾ ਸੀ। ਇਕ ਦਾ ਨਾਂ ਕਿਸ਼ ਸ਼ਮੁ ਤੇ ਦੂਜੇ ਦਾ ਨਾਂ ਸ਼ਮੁ ਯੋਸ਼ਕਾ ਸੀ। ਪਰ ਦੋਹਾਂ ਦੇ ਨਾਂ ਰਲ-ਮਿਲ ਕੇ ਇਕ ਹੋ ਗਏ ਸਨ-ਕਿਸ਼ ਸ਼ਮੁ ਯੋਸ਼ਕਾ।
''ਯਾਰ ਮੈਨੂੰ ਭੁੱਖ ਜਿਹੀ ਲੱਗ ਰਹੀ ਹੈ,'' ਕਿਸ਼ ਸ਼ਮੁ ਨੇ ਕਿਹਾ।
ਉਨ੍ਹਾਂ ਨੂੰ ਖਾਣਾ ਖਾਧਿਆਂ ਦੋ ਦਿਨ ਹੋ ਗਏ ਸਨ। ਉਨ੍ਹਾਂ ਦੇ ਪੱਲੇ ਫੁੱਟੀ ਕੌਡੀ ਵੀ ਨਹੀਂ ਸੀ। ਉਨ੍ਹਾਂ ਨੂੰ ਤਾਰਾਂ ਨਾਲ ਬਣਾਈ ਮੋਰਚੇ ਦੀ ਵਾੜ ਤੱਕ ਭੇਜਿਆ ਗਿਆ ਸੀ। ਉਨ੍ਹਾਂ ਦੇ ਪਿੱਛੇ ਇਕ ਵੱਡਾ ਮੈਦਾਨ ਸੀ। ਜਿਸ ਨੂੰ ਸਿਰਫ ਰਾਤ ਵੇਲੇ ਕੁਝ ਫੌਜੀ ਛੁਪ ਕੇ ਪਾਰ ਕਰ ਸਕਦੇ ਸਨ ਅਤੇ ਉਹ ਵੀ ਬਹੁਤ ਕਰਕੇ ਇਨ੍ਹਾਂ ਵਿਚਾਰਿਆਂ ਵਾਸਤੇ ਖਾਣਾ ਨਹੀਂ, ਗੋਲੀਆਂ ਲਿਆ ਕੇ ਦਿੰਦੇ ਸਨ।
''ਕੀ ਖਾਈਏ ਭਰਾਵਾ?'' ਸ਼ਮੁ ਯੋਸ਼ਕਾ ਨੇ ਅਖਿਆ।
''ਖਾਣ ਨੂੰ ਕੀ ਹੈ?''
''ਮੇਰੇ ਕੋਲ ਪਾਣੀ ਹੈ।''
'ਮੇਰੇ ਕੋਲ ਲੂਣ ਹੈ।''
''ਵਾਹ, ਵਧੀਆ ਜਿਹਾ ਸੂਪ ਬਣਾਇਆ ਜਾਵੇ।''
''ਪਰ ਸੂਪ ਕਿਸ ਚੀਜ਼ ਦਾ?''
''ਘਾਹ ਦਾ।''
''ਕੀ ਉਹ ਵੀ ਚੱਲੇਗਾ?''
''ਜ਼ਰੂਰ।''
''ਠਹਿਰ ਜਾ, ਇਉਂ ਨਹੀਂ ਬਣੇਗਾ। ਮੈਂ 'ਪਰੇਅ' ਦਾ ਸੂਪ ਬਣਾ ਦਿਆਂਗਾ, ਜ਼ਿਆਦਾ ਵਧੀਆ ਰਹੇਗਾ।''
''ਉਹ ਹੈ ਕਿੱਥੇ?''
''ਭਾਲ ਲਵਾਂਗੇ। ਏਡੇ ਵੱਡੇ ਮੈਦਾਨ ਵਿਚ ਕਿਤੇ ਨਾ ਕਿਤੇ ਤਾਂ ਹੋਵੇਗਾ ਹੀ। ਮੇਰੀ ਮਾਂ ਪਿੰਡ ਵਿਚ ਉਂਜ ਹੀ ਬਾਹਰ ਗਈ ਰਿੱਨ੍ਹਣ ਲਈ ਸਾਗ ਤੋੜ ਲਿਆਉਂਦੀ ਹੈ।''
''ਵਾਹ! ਫਿਰ ਤਾਂ ਮਜ਼ਾ ਆ ਜਾਵੇਗਾ।''
ਇਸ 'ਤੇ ਉਹ ਹੱਸੇ।
ਮੈਦਾਨ ਵਿਚ ਮਿੱਧੇ ਹੋਏ ਘਾਅ ਵਿਚ ਉਹ ਵਿਅਰਥ ਹੀ ਇਧਰ-ਉਧਰ ਟੱਕਰਾਂ ਮਾਰਦੇ ਰਹੇ, ਸੂਪ ਲਈ ਉਨ੍ਹਾਂ ਨੂੰ ''ਪਰੇਅ' ਨਾਂ ਮਿਲਿਆ।
''ਸੁਣ ਯਾਰ, ਮੈਂ ਮੋਰਚੇ ਦੇ ਅੱਗੇ ਜਾਵਾਂਗ, ਉਥੇ ਕੌਣ ਜਾਂਦਾ ਹੈ? ਬਹੁਤ ਘਾਹ ਹੈ, ਉਥੇ ਤਾਂ ਜ਼ਰੂਰ ਮਿਲ ਜਾਵੇਗਾ।''
''ਮੈਂ ਵੀ ਆਊਂਗਾ।''
''ਨਾ ਤੂੰ ਨਾ ਆਈਂ, ਇਸ ਲਈ ਕਿ ਜੇ ਇਕ ਉਥੇ ਫੁੜਕ ਗਿਆ ਤਾਂ ਘੱਟੋ ਘੱਟ ਦੂਜਾ ਥੋੜ੍ਹੇ ਜਿਹੇ 'ਪਰੇਅ' ਖਾਤਰ ਕਿਉਂ ਮਰੇ?''
''ਦੇਖ ਬਈ ਫਿਰ ਤਾਂ ਮੈਂ ਜਾਉਂਗਾ ਹੀ।''
''ਤੂੰ ਸਾਰਾ ਘਾਹ ਚਰ ਜਾਵੇਂਗਾ ਤਾਂ ਮੇਰੇ ਲਈ ਕੀ ਬਚੇਗਾ, ਕੱਦੂ?''
ਇੰਨੇ ਨੂੰ ਕਿਸ਼ ਸ਼ਮੁ ਲੰਮਾ ਪੈ ਕੇ ਤਾਰਾਂ ਨਾਲ ਕੀਤੀ ਮੋਰਚਾਬੰਦੀ ਦੇ ਹੇਠੋਂ ਦੀ ਦੂਜੇ ਬੰਨੇ ਲੰਘ ਗਿਆ। ਉਹ ਹੌਲੀ ਹੌਲੀ  ਇਕ ਵੱਡੀ ਮੋਟੀ ਚਕੁੰਦਰ ਵਾਂਗ ਸਰਕ ਰਿਹਾ ਸੀ। ਉਹਨੂੰ ਘਾਹ ਦੀ ਹਰੇਕ ਪੱਤੀ ਦਾ ਅਹਿਸਾਸ ਹੋ ਰਿਹਾ ਸੀ, ਸੁੰਘ ਰਿਹਾ ਸੀ। ਮੂੰਹ 'ਚ ਚਿੱਥ ਚਿੱਥ ਕੇ ਸੁਆਦ ਚੱਖ ਰਿਹਾ ਸੀ, ਪਰ ਉਹਨੂੰ ਕੋਈ ਅਜਿਹਾ ਬੂਟਾ ਨਾ ਮਿਲਿਆ ਜਿਹੋ ਜਿਹਾ ਉਹਦੀ ਮਾਂ ਤੋੜ ਕੇ ਲਿਆਉਂਦੀ ਹੁੰਦੀ ਸੀ, ਨਰਮ ਮਿੱਠੇ ਪੱਤੇ।
ਓ! ਕਿੰਨੇ ਦੂਰ ਹਨ ਉਹ। ਮਾਂ ਅਤੇ ਆਪਣਾ ਦੇਸ਼।
ਉਹ ਸਰਕਦਾ ਰਿਹਾ, ਅੱਗੇ ਹੋਰ ਅੱਗੇ, ਪਿਆਰ ਨਾਲ ਹਰੇ ਘਾਹ 'ਚ। ਬਿਨਾਂ ਅਵਾਜ਼ ਉਚੇ ਹਰੇ ਭਰੇ ਘਾਹ ਵਿਚ, ਜੋ ਕਟਾਈ ਵਾਸਤੇ ਤਿਆਰ ਸੀ। ਆਪਣੇ ਸਿਰ ਨੂੰ ਵਾਰ ਵਾਰ ਲੁਕਾਉਂਦਿਆਂ ਅਤੇ ਪੰਜਿਆਂ ਨਾਲ ਮਿੱਟੀ ਨੂੰ ਖਰੋਚਦਿਆਂ ਅੱਗੇ ਸਰਕਣਾ ਉਹਨੂੰ ਬਹੁਤ ਚੰਗਾ ਲੱਗਾ।
ਦੁਸ਼ਮਣ ਦਾ ਮੋਰਚਾ ਬਹੁਤ ਦੂਰ ਨਹੀਂ ਸੀ। ਰੂਸੀ ਖਾਈਆਂ ਤਕਰੀਬਨ ਸੌ ਮੀਟਰ ਦੂਰ ਸਨ ਪਰ ਵਿਚਾਲੇ ਸੰਘਣੀਆਂ ਝਾੜੀਆਂ ਸਨ ਅਤੇ ਘਾਹ ਇੰਨਾ ਉਚਾ ਸੀ ਕਿ ਗੋਡੇ ਰੂਣੀ ਹੋਵੇ ਤਾਂ ਸਿਰ ਬਾਹਰ ਨਹੀਂ ਦਿੱਸਦਾ ਸੀ। ਕਿਸ਼ ਸ਼ਮੁ ਹੋਰ ਅੱਗੇ ਵੱਧਦਾ ਰਿਹਾ। ਉਹ ਸਿਰਫ ਆਪ ਹੀ ਦੇਖ ਰਿਹਾ ਸੀ ਕਿ ਖੜ੍ਹੇ ਘਾਹ ਦੀਆਂ ਪਤਲੀਆਂ ਪੱਤੀਆਂ ਉਹਦੇ ਸਰੀਰ ਦੇ ਹੇਠਾਂ ਕਿਵੇਂ ਦੱਬਦੀਆਂ ਹਨ।
ਚਾਣਚੱਕ ਅਜੀਬ ਜਿਹੀ ਆਵਾਜ਼ ਕੰਨਾਂ ਨਾਲ ਟਕਰਾਈ।
ਉਹ ਡਰਦਾ ਮਾਰਾ ਪਲ ਭਰ ਲਈ ਚੁੱਪ ਰਿਹਾ, ਫਿਰ ਉਹ ਹੌਲੀ ਹੌਲੀ ਹੱਸਣ ਲੱਗਾ ਕਿ ਸੁਣਾਈ ਨਾ ਦੇਵੇ। ਉਹ ਕਿਸੇ ਦੇ ਘੁਰਾੜੇ ਸੁਣ ਰਿਹਾ ਸੀ।
ਹੁਣ ਕੀ ਕੀਤਾ ਜਾਵੇ?
ਖੁੱਲ੍ਹੀ ਵੱਡੀ ਨੀਲੀ ਛੱਤਰੀ ਦੇ ਹੇਠਾਂ ਇੰਨੇ ਅਰਾਮ ਨਾਲ ਕੌਣ ਸੌ ਸਕਦਾ ਹੈ?
ਅੱਖਾਂ ਉਪਰ ਨੂੰ ਚੁੱਕੀਆਂ ਤਾਂ ਉਤੇ ਸਿਰਫ ਗੂਹੜਾ ਨੀਲਾ ਆਸਮਾਨ ਸੀ। ਚੜ੍ਹਦੇ ਵੱਲੋਂ ਚਿੱਟੇ ਬੱਦਲ ਤੈਰਦੇ ਆ ਰਹੇ ਸਨ। ਹੇ ਰੱਬਾ, ਇਹ ਆਦਮੀ ਇੰਨੇ ਵਧੇਰੇ ਅਜੀਬ ਮਾਹੌਲ ਅਤੇ ਦੁਸ਼ਮਣਾਂ ਵਿਚਕਾਰ ਕਿਵੇਂ ਸੌਂ ਸਕਦਾ ਹੈ? ਸਰੀਰ ਤਾਂ ਆਰਾਮ ਮੰਗਦਾ ਹੈ। ਘਰ ਵਿਚ ਆਦਮੀ ਕਦੋਂ ਸੌਂਦਾ ਹੈ? ਜਦੋਂ ਰੋਜ਼ ਦਾ ਕੰਮ ਖਤਮ ਹੋ ਜਾਂਦਾ ਹੈ, ਫਿਰ ਵਿਛੇ ਹੋਏ ਮੁਲਾਇਮ ਅਤੇ ਵਧੀਆ ਬਿਸਤਰੇ 'ਚ ਵੜ ਕੇ ਇੰਜ ਪੈ ਜਾਂਦਾ ਹੈ ਕਿ ਸਵੇਰ ਤੱਕ ਉਹਨੂੰ ਪਤਾ ਹੀ ਨਹੀਂ ਲੱਗਦਾ, ਜ਼ਿੰਦਗੀ ਕੀ ਹੈ-ਬਸ ਅੱਧੀ ਰਾਤ ਨੂੰ ਜਦੋਂ ਘੋੜੇ ਹਿਣਕਦੇ ਹਨ ਤਾਂ ਕੁਝ ਹੋਸ਼ ਆਉਂਦੀ ਹੈ ਕਿ ਸੁੱਤੇ ਉਣੀਂਦੇ ਵਿਚ ਵੀ ਆਪਣਾ ਫਰਜ਼ ਨਿਭਾਵਾਂ, ਘੋੜੇ ਨੂੰ ਤਾਜ਼ਾ ਚਾਰਾ ਪਾਵਾਂ... ਆਦਮੀ ਨੂੰ ਹਰ ਤਰ੍ਹਾਂ ਦੀ ਆਦਤ ਪੈ ਜਾਂਦੀ ਹੈ।
ਇਸ ਵੇਲੇ ਉਹਦੀਆਂ ਪਲਕਾਂ ਮਣੋਂ ਭਾਰੀਆਂ ਹੋ ਰਹੀਆਂ ਸਨ। ਫਿਰ ਵੀ ਉਹ ਸੌਂ ਨਹੀਂ ਸੀ ਸਕਦਾ.... ਪਰ ਇਸ ਆਦਮੀ ਨੂੰ ਦੇਖ ਕੇ ਜੋ ਉਹਦੇ ਸਾਹਮਣੇ ਬੱਚਿਆਂ ਵਰਗੀ ਖਾਮੋਸ਼ ਅਤੇ ਮਿੱਠੀ ਨੀਂਦ ਸੌਂ ਰਿਹਾ ਹੈ, ਇਉਂ ਲੱਗਦਾ ਹੈ ਜਿਵੇਂ ਉਸ ਨਾਲ ਸੁਪਨਿਆਂ ਦੀਆਂ ਕਿਰਨਾਂ ਫੁੱਟ ਰਹੀਆਂ ਹੋਣ ਜੋ ਛੂਤ ਦੀ ਬੀਮਾਰੀ ਵਰਗੀਆਂ ਉਸ ਨੂੰ ਲੱਗ ਰਹੀਆਂ ਹੋਣ ਅਤੇ ਉਸ ਦੀਆਂ ਪਲਕਾਂ ਨੂੰ ਮਿੱਠੇ ਸ਼ਹਿਦ ਨਾਲ ਚੁੰਬੇੜ ਰਹੀਆਂ ਹੋਣ। ਉਹ ਮਦਹੋਸ਼ ਜਿਹਾ ਹੋ ਕੇ ਸਾਹਮਣੇ ਚੁਕੰਦਰ ਦੇ ਨਰਮ ਮਿੱਟੀ ਦੇ ਘਰ ਉਪਰ ਲਗਭਗ ਸਿਰ ਰੱਖਦਾ ਹੈ ਕਿ ਉਹ ਦੁਨੀਆਂ ਦੀਆਂ ਪ੍ਰੇਸ਼ਾਨੀਆਂ, ਥਕੇਵੇਂ, ਜਾਨ ਕੱਢਣ ਵਾਲੀ ਭੁੱਖ ਆਦਿ ਸਭ ਕੁੱਝ ਭੁੱਲ ਜਾਵੇ, ਆਪਣੇ ਆਪ ਨੂੰ ਸਭ ਤੋਂ ਪਿਆਰੇ ਅਤੇ ਮਿੱਠੇ ਸੁਪਨਿਆਂ ਦੇ ਹਵਾਲੇ ਕਰ ਦੇਵੇ।
ਉਹਨੂੰ ਅਚਾਨਕ ਦੂਜੇ ਦੀ ਯਾਦ ਆਉਂਦੀ ਹੈ, ਸ਼ਮੁ ਯੋਸ਼ਕਾ, ਉਹਦਾ ਦੋਸਤ, ਜੇ ਉਥੇ ਮੋਰਚੇ ਉਤੇ, ਤਾਰ ਦੀ ਵਾੜ ਦੇ ਪਿੱਛੇ ਮਿੱਠੀਆਂ 'ਪਰੇਅ' ਪੱਤੀਆਂ ਦੀ ਉਡੀਕ ਕਰ ਰਿਹਾ ਹੋਵੇਗਾ ਕਿ ਸੂਪ ਬਣਾਇਆ ਜਾਵੇ।
ਇਕ ਦਮ ਸਾਰੀ ਨੀਂਦ ਅੱਖਾਂ 'ਚੋਂ ਉਡ ਜਾਂਦੀ ਹੈ। ਉਹਦੀ ਜ਼ਿੰਦਗੀ, ਉਹ ਤਾਂ ਕੋਈ ਗੱਲ ਨਹੀਂ, ਹੋਰ ਲੋਕ ਮਾਰੇ ਗਏ ਹਨ, ਹਜ਼ਾਰਾਂ ਲੱਖਾਂ ਅਤੇ ਸੰਸਾਰ ਦੀ ਦ੍ਰਿਸ਼ਟੀ ਤੋਂ ਲੈ ਕੇ ਅੱਜ ਤੱਕ ਕਿੰਨੇ ਲੋਕ ਮਾਰੇ ਗਏ ਹਨ ਅਤੇ ਇਸ ਤੋਂ ਬਾਅਦ ਵੀ ਹਮੇਸ਼ਾ ਸਭ ਨੇ ਇਕ ਵਾਰ ਮਰਨਾ ਹੈ, ਪਰ ਸ਼ਮੁ ਯੋਸ਼ਕਾ ਮਿੱਠੀਆਂ 'ਪਰੇਅ' ਪੱਤੀਆਂ ਦੀ ਉਡੀਕ ਕਰ ਰਿਹਾ ਹੈ।
ਕਿਸ਼ ਸ਼ਮੁ ਨੂੰ ਇਕ ਗੱਲ ਸੁੱਝੀ।
ਆਪਣੀ ਜੀਵਨ ਸ਼ਕਤੀ ਨੂੰ ਇਕ ਵਾਰ ਫਿਰ ਇਕੱਠੀ ਕਰਕੇ ਉਹ ਹੋਰ ਅਗਾਂਹ ਵਧਿਆ, ਕਿਰਲੇ ਵਾਂਗ ਹੌਲੀ ਹੌਲੀ।
ਤੇ ਉਹਦੇ ਸਾਹਮਣੇ ਰੂਸੀ ਫੌਜੀ।
ਉਹ ਲੱਤਾਂ ਪਸਾਰੀ ਬੇਖ਼ਬਰ ਸੁੱਤਾ ਪਿਆ ਹੈ। ਹਰੇ ਜਿਹੇ ਕੱਪੜੇ ਪਹਿਨੇ ਹੋਏ ਹਨ। ਉਹਦੀ ਟੋਪੀ ਸਿਰ ਤੋਂ ਅੱਧੀ ਸਰਕ ਗਈ ਹੈ, ਲੰਮੇ ਹਲਕੇ ਭੂਰੇ ਰੰਗ ਦੇ ਵਾਲ ਪਸੀਨੇ ਨਾਲ ਭਿੱਜੇ ਹੋਏ, ਗਰਮ ਮੱਥੇ ਉਤੇ ਖਿਲਰੇ ਹੋਏ ਸਨ। ਉਹਦਾ ਮੂੰਹ ਥੋੜਾ ਜਿਹਾ ਖੁੱਲ੍ਹਾ ਹੈ, ਚਿਹਰਾ ਬੱਚੇ ਵਾਂਗ ਮਾਸੂਮ ਅਤੇ ਸ਼ਾਂਤ। ਸਿਰ ਘਾਹ ਦੇ ਗੁੱਛੇ 'ਤੇ ਟਿਕਿਆ ਹੋਇਆ ਹੈ। ਉਹਦੀ ਬੰਦੂਕ ਹੱਥੋਂ ਡਿੱਗੀ ਹੋਈ ਹੈ, ਖਾਣੇ ਦਾ ਥੈਲਾ ਉਹਦੇ ਕੋਲ ਹੈ, ਉਹ ਇੰਜ ਸੌ ਰਿਹਾ ਹੈ ਜਿਵੇਂ ਨਿੱਕਾ ਰਿਹਾ ਬਲੂਰ ਪੂਰੇ ਵਿਸ਼ਵਾਸ ਅਤੇ ਖੁਸ਼ੀ ਨਾਲ ਆਪਣੇ ਆਪ ਨੂੰ ਆਪਣੀ ਮਾਂ ਦੀ ਗੋਦ ਦੇ ਹਵਾਲੇ ਕਰ ਕੇ ਸੌਂਦਾ ਹੈ ਕਿ ਜੋ ਮਰਜ਼ੀ ਹੋਵੇ ਉਹਨੂੰ ਕੋਈ ਪਰਵਾਹ ਨਹੀਂ। ਜਾਗਣ ਤੋਂ ਪਹਿਲਾਂ ਉਹਦੇ ਨਾਲ ਪਿਆਰ ਕੀਤਾ ਜਾ ਸਕਦਾ ਹੈ ਜਾਂ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ।... ਉਹ ਰੂਸੀ ਇੱਥੇ ਕਿਹਦੇ ਆਸਰੇ, ਭਰੋਸੇ ਪਿਆ ਹੈ। ਪਵਿੱਤਰ ਭੂਮੀ ਉਹਦੇ ਹੇਠਾਂ ਧੜਕ ਰਹੀ ਸੀ। ਇਉਂ ਲੱਗਦਾ ਸੀ ਕਿ ਭੂਮੀ ਦੀ ਧੜਕਣ ਦੇ ਨਾਲ ਨਾਲ ਰੂਸੀ ਬਹਾਦਰ ਹੌਲੀ ਹੌਲੀ ਸਾਹ ਲੈ ਰਿਹਾ ਹੈ।
ਕਿਸ਼ ਸ਼ਮੁ ਦੀਆਂ ਅੱਖਾਂ ਚਮਕਣ ਲੱਗੀਆਂ। ਉਹਦੀ ਨਜ਼ਰ ਤੇਜ਼ ਹੋ ਗਈ। ਉਹ ਤਿਰਛੀਆਂ ਜਿਹੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਜਾਂਚ ਰਿਹਾ ਸੀ ਕਿ ਰੂਸੀ ਕਿੰਨੀ ਗੂਹੜੀ ਨੀਂਦੇ ਸੌਂ ਰਿਹਾ ਹੈ।
ਫਿਰ ਉਸ ਨੇ ਆਪਣਾ ਹੱਥ ਅੱਗੇ ਵਧਾਇਆ। ਮੁੱਠ ਵਿਚ ਤੇਜ਼  ਨੋਕੀਲੀ ਸੰਗੀਨ ਸੀ... ਉਹ ਸੰਗੀਨ ਰੂਸੀ ਦੇ ਖੁੱਲ੍ਹੇ ਵਾਲਾਂ ਵਾਲੇ ਲਾਲ ਅਤੇ ਕੰਬਦੇ ਹੋਏ ਸੀਨੇ ਤੋਂ ਬਸ ਇਕ ਸੈਂਟੀਮੀਟਰ ਪਹਿਲਾਂ ਰੁਕ ਗਈ... ਇਉਂ ਲੱਗਾ ਜਿਵੇਂ ਸਖਤ ਲੋਹੇ ਦੀ ਕਰੂਰ ਸੰਗੀਨ ਆਪਣੇ ਆਪ ਕਿਸੇ ਖੂਬਸੂਰਤ ਅਤੇ ਸੱਚੇ ਵਿਚਾਰ ਦੇ ਪ੍ਰਭਾਵ ਕਾਰਨ ਦੁਬਿਧਾ 'ਚ ਪੈ ਕੇ ਅਤੇ ਕੰਬ ਕੇ ਰੁਕ ਗਈ ਹੋਵੇ। ਫਿਰ ਪਿੱਛੇ ਹਟ ਰਹੀ ਹੈ, ਦੂਜੇ ਹੱਥ 'ਚ ਚਲੀ ਜਾਂਦੀ ਹੈ।
ਕਿਸ਼ ਸ਼ਮੁ ਨੇ ਦੂਜੇ ਹੱਥ ਨਾਲ ਜੋ ਖਾਲੀ ਸੀ, ਲੰਮੀ ਰੂਸੀ ਬੰਦੂਕ ਨੂੰ ਫੜਿਆ ਤੇ ਘਾਹ ਤੋਂ ਚੁੱਕ ਲਿਆ.... ਜੇ ਜੀਵਤ ਮਨੁੱਖ ਦੀ ਆਤਮਾ ਨਾ ਜੁੜੀ ਹੋਵੇ ਤਾਂ ਇਹ ਬੰਦੂਕ ਰੂਸੀ ਮਸ਼ੀਨ ਵੀ ਕਿੰਨਾ ਆਗਿਆਕਾਰੀ ਜਾਨਵਰ ਹੈ। ਹੁਣ ਰੂਸੀ ਦੀ ਮੌਤ ਹੰਗੇਰੀਅਨ ਦੇ ਹੱਥ ਸੀ.... ਪਰ ਹੁਣ ਮੁੱਠੀ ਖੁੱਲ ਗਈ, ਹੰਗੇਰੀਅਨ ਹੱਥ ਅੱਗੇ ਵਧਿਆ, ਉਸ ਨੇ ਭੂਰੇ ਰੰਗ ਦਾ ਰੋਟੀ ਵਾਲਾ ਝੋਲਾ ਚੁੱਕਿਆ।
ਇਸ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਸੀ ਚਾਹੀਦਾ। ਇਕ ਵਾਰ ਫਿਰ ਉਸ ਨੇ ਸੁੱਤੇ ਹੋਏ ਵੱਡੇ ਸਾਰੇ ਲਾਲ ਆਦਮੀ ਉਤੇ ਨਜ਼ਰ ਦੌੜਾਈ। ਉਹ ਨੌਜਵਾਨ ਤਾਂ ਨਹੀਂ ਸੀ। ਉਹਦੇ ਚਿਹਰੇ ਉਤੇ ਸੁਨਹਿਰੀ ਅਤੇ ਖਸਖਸੀ ਦਾਹੜੀ ਦੀਆਂ ਘੁੰਡੀਆਂ ਮੁੜੀਆਂ ਹੋਈਆਂ ਸਨ। ਚਿਹਰੇ ਉਤੇ ਥਕੇਵੇਂ ਦੀਆਂ ਰੇਖਾਵਾਂ ਸਨ, ਜਿਵੇਂ ਜੀਵਨ ਦੀ ਲੜਾਈ ਵਿਚ ਪਿਸੇ ਕੁਚਲੇ ਖਿਤਾਵਾਂ ਦੀਆਂ ਹੁੰਦੀਆਂ ਹਨ।
'ਸੁੱਤਾ ਰਹਿ ਭਰਾਵਾ' ਕਿਸ਼ ਸ਼ਮੁ ਨੇ ਮਨ ਹੀ ਮਨ ਕਿਹਾ। ਫਿਰ ਬੰਦੂਕ ਅਤੇ ਥੇਲਾ ਗੱਲ 'ਚ ਲਮਕਾ ਕੇ ਪਿੱਛੇ ਨੂੰ ਸਰਕਣ ਲੱਗਾ।
ਇਕ ਉੱਚਾ ਘਰਾੜਾ ਸੁਣਾਈ ਦਿੱਤਾ ਜਿਸ ਨਾਲ ਉਹ ਡਰ ਗਿਆ। ਜੇ ਉਹ ਵਿਚਾਰਾ ਜਾਗ ਪਿਆ ਤਾਂ ਉਹਨੂੰ ਮਰਨਾ ਹੀ ਪਵੇਗਾ।
ਉਹ ਖਾਮੋਸ਼ੀ ਨਾਲ ਰਾਈ ਦੇ ਕੀੜੇ ਵਾਂਗ ਉਡੀਕ ਕਰਨ ਲੱਗਾ ਜੋ ਜ਼ਰਾ ਜਿੰਨੀ ਆਵਾਜ਼ ਸੁਣ ਕੇ ਵੀ ਮੁਰਦਾ ਹੋਣ ਦਾ ਨਾਟਕ ਕਰਦਾ ਹੈ ਅਤੇ ਕੁਝ ਚਿਰ ਤੋਂ ਬਾਅਦ ਫਿਰ ਚਲ ਪੈਂਦਾ ਹੈ..
ਉਹ ਜਿੱਦਾਂ ਆਇਆ ਸੀ ਓਦਾਂ ਹੀ ਆਪਣੀ ਪੈੜੇ ਵਾਪਸ ਜਾਣ ਲੱਗਾ... ਰਫ ਵਿਚ ਖਰਗੋਸ਼ਾਂ ਦੀ ਪੈੜ ਨੂੰ, ਪਹਿਲਾਂ ਦੇ ਛੋਟੇ ਨਿਸ਼ਾਨ ਪਿੱਛੇ ਦੇ ਵੱਡੇ ਨਿਸ਼ਾਨ ਜਾਂ ਲੂੰਬੜੀ ਦੀ ਪੈੜ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ? ਜਿਵੇਂ ਲਗਾਤਾਰ ਮਟਕਵੀਂ ਤੋਰੇ ਤੁਰੀ ਜਾ ਰਹੀ ਹੋਵੇ.... ਆਦਮੀ ਦੀ ਪੈੜ ਹੋਰ ਭਾਰੀ ਹੁੰਦੀ ਹੈ। ਜਿਉਂਦਾ ਘਾਹ ਇਉਂ ਟੁਟਦਾ ਹੈ ਜਿਵੇਂ ਘਾਹ ਵਾਲੇ ਖੇਤ ਵਿਚ ਖਾਲ ਪੁੱਟੀ ਗਈ ਹੋਵੇ।
ਜਦੋਂ ਉਹ ਤਾਰਾਂ ਦੇ ਹੇਠੋਂ ਵਾਪਸ ਆਇਆ ਤਾਂ: ਸ਼ਮੁ ਯੋਸ਼ਕਾ ਉਸ ਨੂੰ ਉਥੇ ਹੀ ਪਹਿਰਾ ਦਿੰਦਾ ਹੋਇਆ ਮਿਲਿਆ। ਉਹ ਬੈਠਾ ਬੈਠਾ ਸੌ ਗਿਆ ਸੀ। ਉਹ ਵੀ ਰੂਸੀ ਫ਼ੌਜੀ ਵਾਂਗ ਸੌ ਰਿਹਾ ਸੀ ਤੇ ਜਾਗਿਆ ਨਾ।
ਸੌਣ ਦੀ ਬੜੀ  ਸਖਤ ਸਜ਼ਾ ਦਿੱਤੀ ਜਾਂਦੀ ਸੀ। ਹੰਟਰਾਂ ਨਾਲ ਮਾਰ ਕੁੱਟ ਅਤੇ ਪਿੱਠ ਦੇ ਪਿੱਛੇ ਹੱਥਾਂ ਨੂੰ ਬੰਨ੍ਹ ਕੇ ਦਰੱਖਤ ਨਾਲ ਲਟਕਾ ਦਿੱਤਾ ਜਾਂਦਾ ਸੀ ਅਤੇ ਜੇ ਕੋਈ ਮੋਰਚੇ ਉਤੇ ਹੀ ਸੁੱਤਾ ਪਿਆ ਦੇਖਿਆ ਗਿਆ ਹੋਵੇ ਤਾਂ ਗੋਲੀ।... ਅਤੇ ਇਹ ਸੌਂ ਵੀ ਕਿਵੇਂ ਰਿਹਾ ਸੀ.... ਮਿਠੇ 'ਪਰੇਅ' ਦੀ ਉਡੀਕ ਉਸ ਤੋਂ ਨਾ ਕੀਤੀ ਜਾ ਸਕੀ।
'ਉਠ' ਦੋਸਤ ਨੇ ਉਹਨੂੰ ਹਿਲਾਇਆ, 'ਉਠ ਯਾਰ'... ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ 'ਚ ਲਿਆਂਦਾ।
''ਇਹ ਲੈ ਖਾਣਾ।''
ਸ਼ਮੁ ਯੋਸ਼ਕਾ ਨੀਂਦ ਨਾਲ ਭਰੀਆਂ ਅੱਖਾਂ ਨਾਲ ਰੋਟੀ ਵਾਲਾ ਥੈਲਾ ਦੇਖਣ ਲੱਗਾ। ਫਿਰ ਉਸ ਨੇ ਦੋਸਤ ਵੱਲ ਦੇਖਿਆ। ਸਿਰ ਹਿਲਾਇਆ। ਉਹ ਸਭ ਸਮਝ ਗਿਆ।
ਪਰ ਉਸ ਥੈਲੇ ਵਿਚ ਕੁਝ ਅਜੀਬ ਜਿਹੀ ਚੀਜ਼ ਸੀ ਜਿਸ ਨੂੰ ਦੇਖ ਕੇ ਦੋਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਇਕ ਅਦਭੁੱਤ ਕਿਰਤ, ਛੋਟਾ ਜਿਹਾ ਖਿਡੌਣਾ, ਪੰਘੂੜਾ,
ਸ਼ਮੁ ਯੋਸ਼ਕਾ ਨੇ ਉਹਨੂੰ ਹੱਥ 'ਚ ਲਿਆ। ਹਥੇਲੀ 'ਤੇ ਰੱਖ ਕੇ ਦੇਖਣ ਲੱਗਾ। ਕਾਫੀ ਵਧੀਆ ਬਣਿਆ ਸੀ, ਨਿੱਕਾ ਜਿਹਾ ਪੰਘੂੜਾ, ਜੇਬੀ ਚਾਕੂ ਨਾਲ ਵਧੀਆ ਤਰ੍ਹਾਂ ਤਰਾਸ਼ਿਆ ਹੋਇਆ ਸੀ। ਛੋਟੇ ਝੂਲੇ ਵਰਗਾ ਪੰਘੂੜਾ, ਦੋਵੇਂ ਜਣੇ ਚੁੱਪ ਚਾਪ ਦੇਖਦੇ ਰਹੇ।
ਅਸਮਾਨ ਵਿਚ ਸੂਰਜ ਦੀ ਗਰਮ ਧੁੱਪ ਚਮਕ ਰਹੀ ਸੀ। ਉਹ ਛਾਂ ਨਾ ਹੋਣ ਕਰਕੇ ਚੌਂਧਿਆ ਰਹੇ ਸਨ। ਉਨ੍ਹਾਂ ਦੇ ਮੱਥਿਆਂ ਉਤੇ ਪਸੀਨੇ ਦੇ ਮੋਤੀ ਨਿਕਲ ਆਏ ਸਨ ਅਤੇ ਅੱਖਾਂ ਦੇ ਆਲੇ ਦੁਆਲੇ ਇਕੱਠੇ ਹੋ ਕੇ ਹੇਠਾਂ ਨੂੰ ਚੋ ਰਹੇ ਸਨ।
ਸ਼ਮੁ ਯੋਸ਼ਕਾ ਦੇ ਹੰਝੂ ਛੋਟੇ ਜਿਹੇ ਪੰਘੂੜੇ ਦੇ ਵਿਚਕਾਰ ਡਿੱਗ ਗਏ।
''ਬਾਈ ਕਿੱਥੋਂ ਮਿਲਿਆ ਇਹ ਤੈਨੂੰ''
''ਉਧਰ ਇਕ ਵਿਚਾਰਾ ਇਕੱਲਾ ਸੌ ਰਿਹਾ ਹੈ'' ਕਿਸ਼ ਸ਼ਮੁ ਨੇ ਦੱਸਿਆ। ਸ਼ਮੁ ਯੋਸ਼ਕਾ ਨੇ ਸਿਰ ਹਿਲਾਇਆ।
ਉਹ ਚੁੱਪ ਰਹੇ।, ਉਹ ਆਖਣ ਲੱਗਾ ਸੀ, ''ਇਹ ਪੰਘੂੜਾ ਮੇਰੀ ਧੀ, ਬੋਜਿ ਲਈ ਵਧੀਆ ਰਹੇਗਾ। ''
ਪਰ ਉਹਤੋਂ ਮੂੰਹੋਂ ਕੁਝ ਨਾ ਬੋਲਿਆ ਗਿਆ। ਦੂਜੀ ਗੱਲ ਉਹ ਇਹ ਕਹਿਣ ਵਾਲਾ ਸੀ, ''ਤੂੰ ਆਪਣੀ ਛੋਟੀ ਧੀ ਬੋਜਿ ਲਈ ਇਸ ਨੂੰ ਘਰ ਲੈ ਜਾ।''
ਪਰ ਉਸ ਨੇ ਵੀ ਨਾ ਕਿਹਾ।
ਉਹ ਰੋਟੀ ਦੀਆਂ ਬੁਰਕੀਆਂ ਤੋੜ ਕੇ ਹੌਲੀ ਹੌਲੀ ਖਾ ਰਿਹਾ ਸੀ। ਰੱਬ ਦੀ ਦਿੱਤੀ ਰੋਟੀ ਦੀ ਛੋਟੀ ਤੋਂ ਛੋਟੀ ਬੁਰਕੀ ਉਨ੍ਹਾਂ ਦੇ ਮੂੰਹਾਂ 'ਚ ਜਾ ਰਹੀ ਸੀ।
ਫਿਰ ਸ਼ਮੁ ਯੋਸ਼ਕਾ ਬੋਲਿਆ, ''ਸੁਣ ਬਈ।''
''ਕੀ ਗੱਲ ਐ?''
''ਉਹ ਵਿਚਾਰਾ ਕਿੱਥੇ ਸੌਂ ਰਿਹਾ ਹੈ?
''ਉਧਰ... ਭੂੰਜੇ।''
ਤੇ ਉਹ ਰੋਟੀ ਖਾਂਦੇ ਰਹੇ। ਫਿਰ ਦੂਜੀ ਵਾਰ ਕਿਸ਼ ਸ਼ਮੁ ਨੇ ਆਖਿਆ ''ਯਾਰ ਜੇ ਮੈਨੂੰ ਪਤਾ ਹੁੰਦਾ....''
ਤੇ ਉਹ ਫਿਰ ਰੋਟੀ ਖਾਂਦੇ ਰਹੇ।
ਫਿਰ ਸ਼ਮੁ ਯੋਸ਼ਕਾ ਨੇ ਇਕ ਗੱਲ ਆਖੀ, ''ਆਪਣੀ ਬੋਜਿ ਪੁੱਤਰੀ ਲਈ ਮੈਂ ਵੀ ਇਸ ਤਰ੍ਹਾਂ ਦਾ ਪੰਘੂੜਾ ਬਣਾ ਸਕਦਾ ਹਾਂ।''
ਉਹ ਆਪਣੀਆਂ ਮਾਹਿਰ ਅੱਖਾਂ ਨਾਲ ਪੰਘੂੜੇ ਦੀ ਸ਼ਕਲ ਦੇਖ ਕੇ ਹੋਰ ਵੀ ਸਮਝ ਰਿਹਾ ਸੀ। ਫਿਰ ਕਿਸ਼ ਸ਼ਮੁ ਨੇ ਆਖਿਆ, ''ਵਧੀਆ ਕਾਰੀਗਰੀ ਹੈ ਪਰ ਜਾਦੂ ਨਹੀਂ ਹੈ।''
ਸ਼ਮੁ ਯੋਸ਼ਕਾ ਨੇ ਆਖਿਆ, ''ਨਹੀਂ, ਜਾਦੂ ਤਾਂ ਨਹੀਂ ਹੈ।''
ਫਿਰ ਕਿਸ਼ ਸ਼ਮੁ ਬੋਲਿਆ, ''ਲਿਆ, ਉਰੇ ਕਰ!''
''ਤੈਨੂੰ ਦੇ ਦਿਆਂ... ਨਾ ਬਈ ਨਾ।''
''ਭਲਿਆ ਮਾਣਸਾ, ਮੈਂ ਇਹਨੂੰ ਖਾ ਤਾਂ ਨਹੀਂ ਜਾਵਾਂਗਾ।''
''ਪਤਾ ਨਹੀਂ ਤੂੰ ਕੀ ਚਾਹੁੰਦਾ ਏਂ, ਪਰ ਮੈਂ ਤਾਂ ਉਹਨੂੰ ਵਾਪਸ ਕਰਨਾ ਚਾਹੁੰਦਾ ਹਾਂ।''
''ਤੂੰ ਉਹਨੂੰ ਵਾਪਸ ਕਿਵੇਂ ਕਰੇਂਗਾ ਜਦ ਕਿ ਉਸ ਨੂੰ ਲੈ ਕੇ ਮੈਂ ਆਇਆ ਹਾਂ।''
'ਕਿਉਂਕਿ ਇਹ ਗੱਲ ਮੈਨੂੰ ਸੁੱਝੀ.... ਮੇਰੀ ਵੀ ਧੀ ਹੈ, ਇਹ ਮੈਂ ਹੀ ਸਮਝਦਾ ਹਾਂ ਕਿ ਕਿਉਂ....।''
ਉਸ ਨੇ ਹੋਰ ਕੁਝ ਨਾ ਕਿਹਾ, ਬਸ ਦੂਜੇ ਦੀ ਪੈੜ 'ਤੇ ਚੱਲ ਪਿਆ। ਉਹਨੂੰ ਡਰ ਜਿਹਾ ਲੱਗਾ ਕਿ ਗਲਾ ਭਰਿਆ ਹੋਣ ਕਰਕੇ ਬੋਲ ਵੀ ਨਾ ਸਕੇਗਾ।
''ਘੱਟੋ ਘੱਟ ਉਸ ਦੇ ਅੰਦਰ ਕੁਝ ਤਾਂ ਰੱਖ। ਖਾਲੀ ਪੰਘੂੜਾ ਕਿਵੇਂ ਦੇਵੇਂਗਾ?''
ਕਿਸ਼ ਸ਼ਮੁ ਨੇ ਆਖਿਆ ਫਿਰ ਚੱਪਾ ਰੋਟੀ ਤੋੜ ਕੇ ਕਿਹਾ, ''ਉਹ ਰੂਸੀ ਨੂੰ ਤਾਂ ਪਤਾ ਨਹੀਂ, ਰੋਟੀ ਫਿਰ ਕਦੋਂ ਮਿਲੇਗੀ?'' ਉਥੇ ਘਾਹ 'ਚ ਨੀਵੀਂ ਪਾਈ ਬੈਠਾ ਰੂਸੀ ਜਾਗ ਰਿਹਾ ਸੀ। ਉਹਨੂੰ ਪਤਾ ਨਹੀਂ ਸੀ, ਕੀ ਹੋਇਆ।
ਸਿਰਫ ਉਦੋਂ ਹੱਕਾ ਬੱਕਾ ਰਹਿ ਗਿਆ ਜਦੋਂ ਉਹਦੇ ਮੋਹਰੇ ਆਦਮੀ ਦਾ ਚਿਹਰਾ ਆਇਆ। ਸ਼ਮੁ ਯੋਸ਼ਕਾ ਨੇ ਹੱਥ ਹਿਲਾਇਆ। ਫਿਰ ਪੰਘੂੜੇ ਨੂੰ ਹਥੇਲੀ 'ਤੇ ਰੱਖ ਕੇ ਉਸ ਨੂੰ ਅੱਗੇ ਵਧਾਇਆ।
ਰੂਸੀ ਨੇ ਨੀਂਦ ਨਾਲ ਬੋਝਲ ਲਾਲ ਅੱਖਾਂ ਚੁੱਕੀਆਂ ਅਤੇ ਉਹਦੇ ਵੱਲ ਹੈਰਾਨੀ ਭਰੀਆਂ ਅਤੇ ਘੂਰਵੀਆਂ ਨਜ਼ਰਾਂ ਨਾਲ ਦੇਖਿਆ।
''ਲਓ ਜੀ ਲਓ....'' ਸ਼ਮੁ ਯੌਸ਼ਕਾ ਨੇ ਮਿੱਤਰਤਾ ਭਾਵ ਨਾਲ ਆਖਿਆ ''ਇਹਦੇ 'ਚ ਕੋਈ ਬੰਬ ਬੁੰਬ ਨਹੀਂ ਹੈ ਉਂਝ ਹੀ ਬੁੱਝੋ ਇਹਦੇ 'ਚ ਕੀ ਹੈ?''
ਰੂਸੀ ਨੇ ਉਸ ਨੂੰ ਫੜ ਲਿਆ। ਦੋ ਪਿਤਾਵਾਂ ਨੇ ਇਕ ਦੂਜੇ ਵੱਲ ਦੇਖਿਆ। ਫਿਰ ਝੱਟ ਮੁੜ ਗਏ। ਲੜਾਈ ਦੇ ਮੈਦਾਨ ਵਿਚ ਆਦਮੀ ਦੀਆਂ ਅੱਖਾਂ ਵਿਚ ਹੰਝੂ ਆਉਣ ਕਾਰਨ ਦੋਵੇਂ ਸ਼ਰਮਸਾਰ ਹਨ।




ਕਵਿਤਾ
ਦੇਸ਼ ਧਰੋਹ
 

- ਮੰਗਤ ਰਾਮ ਪਾਸਲਾਦੇਸ਼ ਅਸਾਡਾ 'ਨਵੇਂ ਯੁਗ' 'ਚ
ਦਾਖਲ ਹੋਇਆ।
ਖੁਸ਼ੀ ਮਨਾਓ,
ਭਾਰਤ ਮਾਂ ਦੀ ਜੈ ਬੁਲਾਓ।
    ਸਾਮਰਾਜ ਨਾਲ ਕੰਘੜੀ ਪਾ ਕੇ,
    ਜਲ, ਜੰਗਲ, ਜ਼ਮੀਨ ਲੁਟਾਓ!
    ਰੋਟੀ, ਰੋਜ਼ੀ, ਕੁੱਲੀ ਮੰਗੇ,
    ਉਸਦੇ ਪੈਰੀਂ ਸੰਗਲ ਪਾਓ।
    ਧਰਮਾਂ, ਜਾਤਾਂ ਦੇ ਨਾਂ ਉੱਤੇ
    ਜ਼ਹਿਰਾਂ ਘੋਲੋ
    ਤੇ ਫਿਰਕੂ ਦੰਗੇ ਭੜਕਾਓ!
    ਭਾਰਤ ਮਾਂ ਦੀ ਜੈ ਬੁਲਾਓ!
ਗੁਰਬਤ ਤੋਂ ਜੋ ਮੁਕਤੀ ਮੰਗੇ,
ਵਿਦਿਆ ਤੇ ਇਲਾਜ ਲਈ ਜੋ,
ਲੋਕ ਰਾਜ ਦਾ ਪਰਚਮ ਚੁੱਕੇ,
ਦਲਿਤਾਂ ਦੇ ਜੋ ਦਰਦ ਨੂੰ ਜਾਣੇ
ਔਰਤਾਂ ਲਈ ਅਜ਼ਾਦੀ ਮੰਗੇ
ਕੌਮੀ ਹਸਰਤ ਨੂੰ ਪਹਿਚਾਣੇ
ਉਸਨੂੰ 'ਦੇਸ਼ ਧ੍ਰੋਹੀ' ਕਹਿਕੇ
ਸ਼ਰੇਆਮ ਪੁੱਠਾ ਲਟਕਾਓ!
ਭਾਰਤ ਮਾਂ ਦੀ ਜੈ ਬੁਲਾਓ!
    ਬਿਨ੍ਹਾਂ ਦੋਸ਼ ਦੇ ਬਿਨਾਂ ਮੁਕੱਦਮੇਂ
    ਜੇਲ੍ਹਾਂ ਦੇ ਵਿਚ ਸੁੱਟਣ ਵਾਲੇ
    ਨਿਆਂ ਮੰਦਰ 'ਚ ਕੁੱਟਣ ਵਾਲੇ
    ਰੰਗ ਬਿਰੰਗੇ ਭੇਸ ਬਦਲ ਕੇ
    ਜਨ ਜਨ ਤਾਈਂ ਲੁੱਟਣ ਵਾਲੇ
    ਜੜ੍ਹੀਂ ਰੁੱਖ ਦੇ ਤੇਲ ਚੁਆਉਂਦੇ
    ਮਾਲੀ ਮੂਹੋਂ ਮੁਖੌਟਾ ਲਾਹੋ
    ਭਾਰਤ ਮਾਂ ਦੀ ਜੈ ਬੁਲਾਓ!
ਵੇਲਾ ਹੈ ਹੁਣ ਖ਼ੁਦ ਨੂੰ ਸਮਝੋ।
ਕਿਰਤ ਦੀ ਹੁੰਦੀ ਲੁੱਟ ਨੂੰ ਸਮਝੋ।
ਸ਼ਾਤਰ, ਦੋਖੀ ਹਾਕਮ ਮੱਥੇ,
ਮੱਕਾਰੀ ਦੀ ਲਿਟ ਨੂੰ ਸਮਝੋ।
ਭੋਂ ਬਚਾਓ ਘਰ ਨੂੰ ਸਾਂਭੋ।
ਘੁੱਪ ਹਨੇਰੇ, ਡਾਕੂ ਘੁੰਮਦੇ,
ਏਕੇ ਦੇ ਹਥਿਆਰ ਨੂੰ ਸਾਂਭੋ।
ਲੜੋ, ਮਰੋ ਤੇ ਮਰਕੇ ਜਿੱਤੋ।
'ਭਗਵੇਂ' ਦੀ ਅਸਲੀਅਤ ਜਾਣੋ,
ਆਰ ਪਾਰ ਦੇ ਯੁੱਧ ਨੂੰ ਛੇੜੋ।
ਮਾਣ ਮੱਤੇ ਇਸ ਜ਼ੁਰਮ ਨੂੰ ਏਥੇ
ਭਾਵੇਂ ਕੋਈ ''ਸੈਡੀਸ਼ਨ' ਆਖੇ
ਲੋਕਾਂ ਸੰਗ ਬਾਗੀ ਬਣ ਜਾਓ।
ਹਰ ਕੋਨੇ ਵਿਚ ਗ਼ਦਰ ਮਚਾਓ
ਭਾਰਤ ਮਾਂ ਦੀ ਜੈ ਬੁਲਾਓ।


ਗ਼ਜ਼ਲ
ਗਗਨ ਦਮਾਮਾ ਬੱਜਿਆ
 

- ਸਰਵਨ ਰਾਹੀ ਗਗਨ ਦਮਾਮਾ ਬੱਜਿਆ, ਰਣ ਉਠੀ ਸ਼ਮਸ਼ੀਰ
ਘੋਲ ਤਰਿਖਾ ਹੋ ਰਿਹਾ ਬਦਲਣ ਲਈ ਤਕਦੀਰ।
    ਜਾਬਰ ਆਪਣੇ ਜ਼ੁਲਮ ਦਾ ਪੂਰਾ ਲਾ ਰਹੇ ਤਾਣ
    ਮੀਂਹ ਵਰ੍ਹਾ ਕੇ ਗੋਲੀਆਂ ਹਿੱਕਾਂ ਨੂੰ ਰਹੇ ਛਾਣ।
ਜਾਗੇ ਹਾਲ਼ੀ ਦੇਸ਼ ਦੇ ਜਾਗੇ ਨੇ ਮਜ਼ਦੂਰ।
ਪੈਰਾਂ ਦੇ ਵਿਚ ਆ ਗਈ ਮੰਜ਼ਿਲ ਸੀ ਜੋ ਦੂਰ।
    ਅੱਜ ਲੱਗੇ ਨੇ ਆਸ ਨੂੰ ਵਿਸ਼ਵਾਸਾਂ ਦੇ ਫੁੱਲ
    ਰਣ ਅੰਦਰ ਪਏ ਜੂਝਦੇ ਲੋਕ ਜਹਾਨ ਦੇ ਕੁੱਲ।
ਹੱਥਾਂ ਬਾਝ ਕਰਾਰਿਆਂ ਕੋਈ ਨਾ ਦਿੰਦਾ ਹੱਕ
ਨੱਥ ਸਮੇਂ ਨੂੰ ਪਾਉਣ ਲਈ ਬੰਨੋ ਆਪਣੇ ਲੱਕ।
    ਵਾਂਗ ਤੂਫਾਨਾਂ ਲੋਕ ਨੇ ਉਠ ਰਹੇ ਅੱਜ ਕਮਾਲ
    ਹਿਰਦੇ ਅੰਦਰ ਜਿਨ੍ਹਾਂ ਦੇ ਮਚਲਦੇ ਲੱਖ ਭੂਚਾਲ।
ਸੱਥਾਂ ਦੇ ਵਿਚ ਛਿੜ ਪਈ ਗਰਮ ਲਹੂ ਦੀ ਬਾਤ
ਭੇਟ ਚੜ੍ਹਾਏ ਕੌਮ ਲਈ ਵਾਂਗੂੰ ਸੀਸ ਸੌਗਾਤ।
    ਘੋਲਾਂ ਵਿਚ ਹੀ ਜਿੱਤ ਹੈ ਘੋਲਾਂ ਵਿਚ ਹੀ ਹਾਰ,
    ਹਾਰਾਂ ਜਿੱਤਾਂ ਬਣਦੀਆਂ ਰਣ ਵਿਚ ਆਖਰਕਾਰ।
'ਰਾਖੇ ਮੇਰੇ ਦੇਸ਼ ਦੇ' ਦਿਨ ਦੀਵੀਂ ਰਹੇ ਠੱਗ
ਘਰ ਘਰ ਭੁੱਖ ਹੈ ਮੱਚਦੀ ਵਾਂਗ ਕੁਲਿਹਣੀ ਅੱਗ।
    ਤੁਸੀਂ ਹੋ ਨਵੇਂ ਇਤਿਹਾਸ ਦੇ ਸਾਥੀਓ ਸਿਰਜਣਹਾਰ।
    ਮੂੰਹ ਦੇ ਮੂੰਹ ਉਲਟਾ ਦਿਓ ਇਹ ਜਾਬਰ ਸਰਕਾਰ।


ਗ਼ਜ਼ਲ
 

- ਸਰਵਨ ਰਾਹੀ ਹਾਦਸਿਆਂ ਦੇ ਘੇਰੇ ਵਿਚੋਂ ਬਾਹਰ ਆਉਂਦੇ ਪੰਛੀ।
ਸੁੱਖ ਦਾ ਜੀਵਨ ਜੀਣੇ ਖਾਤਰ ਨਾਹਰੇ ਲਾਉਂਦੇ ਪੰਛੀ।
    ਵੱਡਿਆਂ ਵੱਡਿਆਂ ਰੁੱਖਾਂ ਇਕ ਦਿਨ ਪੈਰੋਂ ਉਖੜ ਜਾਣਾ,
    ਹਰ ਪੱਤੇ ਦੇ ਕੰਨ ਵਿਚ ਜਾ ਕੇ ਗੱਲ ਸਮਝਾਉਂਦੇ ਪੰਛੀ।
ਅੱਗ ਪ੍ਰੀਖਿਆ ਵਿਚੋਂ ਲੰਘਕੇ ਪਾਰ ਹੈ ਆਪਾਂ ਜਾਣਾ,
ਮਾਰੂਥਲ ਦੇ ਅੰਗਿਆਰਾਂ ਵਿਚ ਪੈੜਾਂ ਪਾਉਂਦੇ ਪੰਛੀ।
    ਥੋਹਰਾਂ ਜਿਹੀਆਂ ਇੱਛਾਵਾਂ ਨੂੰ ਇਕ ਦਿਨ ਫਲ ਨੇ ਲੱਗਣੇ,
    ਤਾਹੀਓਂ ਮਕਤਲ ਦੇ ਵਿਚ ਜਾਕੇ ਪਰ ਕਟਵਾਉਂਦੇ ਪੰਛੀ,
ਅਹਿਸਾਸਾਂ ਨੂੰ ਕੱਠਿਆਂ ਕਰਕੇ ਜ਼ਹਿਰ ਤਪਸ਼ ਦੀ ਪੀਣੀ,
ਝੱਖੜਾਂ ਦੇ ਸੰਗ ਆਹਡਾ ਲੈ ਕੇ ਸੋਹਲੇ ਗਾਉਂਦੇ ਪੰਛੀ।


ਗ਼ਜ਼ਲ
 

- ਮੱਖਣ ਕੁਹਾੜਅਸ਼ਕ ਪੀਂਦੇ ਰਹੇ, ਜ਼ਖ਼ਮ ਸੀਂਦੇ ਰਹੇ,
ਰਾਤ ਅੱਖਾਂ 'ਚ ਸਾਰੀ ਬਿਤਾਉਂਦੇ ਰਹੇ।
ਦਿਲ ਦੀ ਫਰਿਆਦ ਅਣਗੌਲੀ ਕਰਦੇ ਰਹੇ,
ਦਰਦ ਦਿਲ ਦਾ ਹੀ ਦਿਲ ਤੋਂ ਛੁਪਾਉਂਦੇ ਰਹੇ।

    ਪਾਣੀ ਚੜ੍ਹਦਾ ਰਿਹਾ, ਸ਼ਹਿਰ ਡੁੱਬਦਾ ਗਿਆ,
    ਲੋਕ ਤਰਲੇ ਮਲਾਹਾਂ ਦੇ ਕਰਦੇ ਰਹੇ,
    ਡੁੱਬ ਗਏ ਜੋ ਮਲਾਹ ਦੇ ਹੀ ਸਿਰ 'ਤੇ ਰਹੇ,
    ਬਚ ਗਏ ਬੇੜੀ ਖ਼ੁਦ ਜਿਹੜੇ ਪਾਉਂਦੇ ਰਹੇ।

ਬੰਦ ਰਾਹ ਜੋ ਤੁਰੇ ਨੇ ਉਹ ਮੁੜ ਪੈਣਗੇ,
ਜੋ ਖੜ੍ਹੇ ਨੇ ਚੁਰਾਹੇ ਉਹ ਤੁਰ ਪੈਣਗੇ,
ਜੇ ਧਰੂ ਧੁੰਦ ਉਹਲੇ ਨਾ ਛਿਪਿਆ ਰਿਹਾ,
ਜੇ ਨਾ ਸ਼ਾਹ-ਰਾਹ ਪਛਾਣਾਂ ਭੁਲਾਉਂਦੇ ਰਹੇ।

    ਸੀ ਇਹ ਸ਼ੰਕਾ ਕਿ ਉਹਨਾਂ ਨੇ ਮੁੜਨਾ ਨਹੀਂ,
    ਦੂਰ ਤੁਰ ਗਏ ਨੇ ਉਹਨਾਂ ਨੇ ਸੁਣਨਾ ਨਹੀਂ,
    ਫਿਰ ਵੀ ਦਿੱਤੀ ਹੈ ਮੋੜਾਂ 'ਤੇ ਦਸਤਕ ਅਸੀਂ,
    ਨਾਮ ਲੈ ਲੈ ਕੇ 'ਵਾਜਾਂ ਲਗਾਉਂਦੇ ਰਹੇ।

ਪੱਤ ਕਿਰਦੇ ਰਹੇ, ਬਾਗ ਝੂਰਦੇ ਰਹੇ,
ਟਾਹਣ ਟੁੱਟਦੇ ਰਹੇ, ਰੁੱਖ ਸੁੱਕਦੇ ਰਹੇ,
ਬੂਰ ਬਾਗਾਂ ਨੂੰ ਪੈਂਦਾ ਰਿਹਾ ਫੇਰ ਵੀ,
ਪੱਤ ਰੁੱਖਾਂ ਦੇ ਫੇਰ ਉਗ ਆਉਂਦੇ ਰਹੇ। 

No comments:

Post a Comment