Sunday 21 February 2016

ਛਤੀਸਗੜ੍ਹ ਟੇਪ ਸਕੈਂਡਲ ਰਾਜਨੀਤਕ ਅਨੈਤਿਕਤਾ ਦੀ ਨਵੀਂ ਨਿਵਾਣ

ਰਵੀ ਕੰਵਰ

ਸਾਡੇ ਦੇਸ਼ ਭਾਰਤ, ਜਿਸਨੂੰ ਦੁਨੀਆਂ ਭਰ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਲਕਬ ਵੀ ਅਕਸਰ ਦਿੱਤਾ ਜਾਂਦਾ ਹੈ, ਵਿਖੇ ਹੋਣ ਵਾਲੀਆਂ ਚੋਣਾਂ ਵਿਚ ਧਾਂਧਲੀ, ਵੱਢੀਖੋਰੀ ਅਤੇ ਹੋਰ ਧੋਖਾਧੜੀ ਦੀਆਂ ਖਬਰਾਂ ਤਾਂ ਆਮ ਹੀ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪ੍ਰੰਤੂ ਪਿਛਲੇ ਸਾਲ ਦੇ ਆਖਰੀ ਤੋਂ ਪਹਿਲੇ ਦਿਨ ਦੇਸ਼ ਦੇ ਉਘੇ ਅਖਬਾਰ 'ਇੰਡੀਅਨ ਐਕਸਪ੍ਰੈਸ' ਵਲੋਂ ਕੀਤੇ ਗਏ ਖੁਲਾਸੇ ਨੇ ਦੇਸ਼ ਦੀਆਂ ਦੋ ਮੁੱਖ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਦੇ ਜਿਹੜੇ ਕੁਕਰਮਾਂ ਦਾ ਪਰਦਾਫਾਸ਼ ਕੀਤਾ ਹੈ ਉਸਨੇ ਇਨ੍ਹਾਂ ਚੋਣਾਂ ਦੌਰਾਨ ਵਰਤੇ ਜਾਂਦੇ ਘਿਨੌਣੇ ਤੇ ਅੱਤ ਦੇ ਨਿਘਾਰ ਭਰੇ ਨਵੇਕਲੇ ਹੱਥ ਕੰਡਿਆਂ ਨੂੰ ਤਾਂ ਸਾਹਮਣੇ ਲਿਆਂਦਾ ਹੀ ਹੈ, ਨਾਲ ਹੀ ਜਮਹੂਰੀਅਤ ਨੂੰ ਵੀ ਸ਼ਰਮਸਾਰ ਕੀਤਾ ਹੈ।
ਛਤੀਸਗੜ੍ਹ ਵਿਖੇ 13 ਸਿਤੰਬਰ 2014 ਨੂੰ ਅੰਤਾਗੜ੍ਹ ਵਿਧਾਨ ਸਭਾ ਦੀ ਉਪ ਚੋਣ ਹੋਈ ਸੀ। ਅੰਤਾਗੜ੍ਹ ਚੋਣ ਹਲਕਾ, ਰਿਜਰਵ ਹੈ ਅਤੇ ਇਹ ਆਦਿਵਾਸੀਆਂ ਵਲੋਂ ਮਾਓਵਾਦੀਆਂ ਦੀ ਅਗਵਾਈ ਵਿਚ ਆਪਣੇ ਹੱਕਾਂ-ਹਿੱਤਾਂ ਦੀ ਰਾਖੀ ਲਈ ਚਲਾਏ ਜਾ ਰਹੇ ਹਥਿਆਰਬੰਦ ਅੰਦੋਲਨ ਦਾ ਕੇਂਦਰ ਬਣੇ ਛਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਸਥਿਤ ਹੈ।
ਇਹ ਚੋਣ ਹੋਣ ਦੇ ਆਖਰੀ ਤੋਂ ਪਹਿਲੇ ਦਿਨ ਕਾਂਗਰਸ ਦੇ ਉਮੀਦਵਾਰ ਮੰਟੂਰਾਮ ਪਵਾਰ ਨੇ ਆਪਣੇ ਕਾਗਜ ਵਾਪਸ ਲੈ ਲਏ ਸਨ। ਅਤੇ ਇਸ ਤਰ੍ਹਾਂ ਬੀ.ਜੇ.ਪੀ. ਉਮੀਦਵਾਰ ਭੋਜਰਾਜ ਨਾਗ ਲਈ ਜਿੱਤਣ ਦਾ ਰਾਹ ਬਿਲਕੁਲ ਸੌਖਾ ਹੋ ਗਿਆ ਸੀ। ਸਿੱਟੇ ਵਜੋਂ ਉਹ ਬੜੀ ਆਸਾਨੀ ਨਾਲ ਇਹ ਚੋਣ ਜਿੱਤ ਗਿਆ ਸੀ। 30 ਦਸੰਬਰ 2015 ਨੂੰ 'ਇੰਡੀਅਨ ਐਕਸਪ੍ਰੈਸ' ਵਿਚ ਕੁੱਝ ਟੇਪਾਂ ਦੇ ਵੇਰਵੇ ਛਪੇ ਹਨ। ਇਹਨਾਂ ਟੇਪਾਂ ਵਿਚ ਛੱਤੀਸਗੜ੍ਹ ਦੇ ਕਾਂਗਰਸ ਦੇ ਉਘੇ ਆਗੂ ਅਜੀਤ ਜੋਗੀ, ਉਨ੍ਹਾਂ ਦੇ ਬੇਟੇ ਅਮਿਤ ਜੋਗੀ  ਅਤੇ ਬੀ.ਜੇ.ਪੀ. ਦੀ ਛਤੀਸਗੜ੍ਹ ਦੀ ਸਰਕਾਰ ਦੇ ਮੁੱਖ ਮੰਤਰੀ ਦੇ ਜੁਆਈ ਡਾ. ਪੁਨੀਤ ਗੁਪਤਾ, ਕਿਸੇ ਵੇਲੇ ਅਜੀਤ ਜੋਗੀ ਦੇ ਨੇੜਲੇ ਸਹਿਯੋਗੀ ਰਹੇ ਫਿਰੋਜ ਸਿਦੀਕੀ ਅਤੇ ਅਜੀਤ ਜੋਗੀ ਦੇ ਨੇੜਲੇ ਇਕ ਹੋਰ ਸਹਿਯੋਗੀ ਅਮੀਨ ਮੇਮਨ ਦਰਮਿਆਨ ਹੋਈ ਗੱਲਬਾਤ ਰਿਕਾਰਡ ਹੈ। 2014 ਦੇ ਅਗਸਤ ਮਹੀਨੇ ਦੇ ਆਖਰੀ ਦਿਨਾਂ ਵਿਚ ਇਨ੍ਹਾਂ ਦਰਮਿਆਨ ਹੋਈ ਗੱਲਬਾਤ ਤੋਂ ਸਪੱਸ਼ਟ ਹੁੰਦਾ ਹੈ ਕਿ ਅਜੀਤ ਜੋਗੀ ਅਤੇ ਅਮਿਤ ਜੋਗੀ ਵਲੋਂ ਡਾ. ਪੁਨੀਤ ਗੁਪਤਾ ਨਾਲ ਗੱਲਬਾਤ ਕਰਕੇ ਸੌਦੇਬਾਜ਼ੀ ਕੀਤੀ ਗਈ ਅਤੇ ਸਿੱਟੇ ਵਜੋਂ ਅੰਤਾਗੜ੍ਹ ਹਲਕੇ ਤੋਂ ਉਪ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਨੇ ਬਿਲਕੁਲ ਆਖਰੀ ਸਮੇਂ ਆਪਣਾ ਨਾਂਅ ਵਾਪਸ ਲੈ ਲਿਆ, ਇਸ ਤਰ੍ਹਾਂ ਸੂਬੇ ਵਿਚਲੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਰਹਿ ਗਿਆ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਉਸ ਵੇਲੇ ਮੰਟੂਰਾਮ ਪਵਾਰ ਨੇ ਕਾਗਜ ਵਾਪਸ ਲੈਣ ਦਾ ਕਾਰਨ ਉਸਦੀ ਪਾਰਟੀ ਵਲੋਂ ਉਸਨੂੰ ਸਹਿਯੋਗ ਨਾ ਦਿੱਤਾ ਜਾਣਾ ਦੱਸਿਆ ਸੀ। ਫਿਰੋਜ ਸਿਦੀਕੀ, ਜਿਹੜੇ ਉਸ ਵੇਲੇ ਦੇ ਕਾਂਗਰਸ ਆਗੂ ਅਜੀਤ ਜੋਗੀ ਦੇ ਨੇੜਲੇ ਸਹਿਯੋਗੀ ਸਨ, ਪ੍ਰੰਤੂ ਹੁਣ ਬੀ.ਜੇ.ਪੀ. ਵਿਚ ਹਨ, ਨੇ ਇਸ ਸੌਦੇ ਨੂੰ ਸਿਰੇ ਚਾੜ੍ਹਨ, ਮੰਟੂਰਾਮ ਪਵਾਰ ਨੂੰ ਮਨਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਇਨ੍ਹਾਂ ਟੇਪਾਂ ਦਾ ਇੰਕਸ਼ਾਫ ਹੋਣ 'ਤੇ ਉਸਨੇ ਮੰਨਿਆ ਹੈ ਕਿ ਇਨ੍ਹਾਂ ਟੇਪਾਂ ਵਿਚ ਉਸਦੀ ਹੀ ਆਵਾਜ਼ ਹੈ। ਉਨ੍ਹਾਂ ਦੀ ਜੁਬਾਨੀ ''ਇਹ ਗੱਲਬਾਤ ਅੰਤਾਗੜ੍ਹ ਉਪ ਚੋਣ ਤੋਂ ਪਹਿਲਾਂ ਹੋਈ ਹੈ। ਮੈਂ ਅਮਿਤ ਜੋਗੀ, ਅਜੀਤ ਜੋਗੀ, ਅਮੀਨ ਮੇਮਨ ਅਤੇ ਮੰਟੂਰਾਮ ਪਵਾਰ ਨਾਲ ਗੱਲਬਾਤ ਕੀਤੀ ਸੀ। ਯੋਜਨਾ ਪਵਾਰ ਦੇ ਕਾਗਜ ਵਾਪਸ ਕਰਵਾਉਣ ਨੂੰ ਯਕੀਨੀ ਬਨਾਉਣਾ ਸੀ। ਮੈਂ ਜੋਗੀ ਪਰਿਵਾਰ ਲਈ ਕੰਮ ਕਰ ਰਿਹਾ ਸੀ। ਚੋਣ ਹੋਣ ਤੋਂ ਦੋ ਦਿਨ ਪਹਿਲਾਂ ਇਹ ਯੋਜਨਾ ਸਿਰੇ ਚੜ੍ਹੀ ਸੀ। ਸੌਦਾ ਇਹ ਸੀ ਕਿ ਮੰਟੂਰਾਮ ਪਵਾਰ ਨੂੰ ਪੈਸਾ ਦਿੱਤਾ ਜਾਣਾ ਸੀ ਜਿਸਦੀ ਇਵਜ ਵਿਚ ਉਸਨੇ ਆਪਣਾ ਨਾਂਅ ਚੋਣ ਤੋਂ ਵਾਪਸ ਲੈਣਾ ਸੀ। ਅਮਿਤ ਨੇ ਕੁਝ ਹੋਰ ਵੀ ਵਾਅਦੇ ਕੀਤੇ ਸੀ। ਉਸਦੇ ਨਾਂਅ ਵਾਪਸ ਲੈਣ ਤੋਂ ਬਾਅਦ ਜੋਗੀ ਪਰਿਵਾਰ ਨੇ ਮੈਨੂੰ 3 ਕਰੋੜ 50 ਲੱਖ ਰੁਪਏ ਦਿੱਤੇ, ਜਿਹੜੇ ਕਿ ਮੈਂ ਅਮੀਨ ਮੇਮਨ ਨੂੰ ਸੌਂਪ ਦਿੱਤੇ, ਮੰਟੂ ਰਾਮ ਪਵਾਰ ਨੂੰ ਦੇਣ ਲਈ।''
ਇਨ੍ਹਾਂ ਟੇਪਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਤਰਥੱਲੀ ਤਾਂ ਮਚੀ ਹੀ। ਚੋਣ ਕਮੀਸ਼ਨ ਨੇ ਵੀ ਇਸ ਵਿਚ ਦਖਲ ਦਿੰਦੇ ਹੋਏ ਸੂਬਾ ਸਰਕਾਰ ਤੋਂ ਰਿਪੋਰਟ ਮੰਗ ਲਈ। ਅਜੀਤ ਜੋਗੀ ਅਤੇ ਅਮਿਤ ਜੋਗੀ ਨੇ ਇਨ੍ਹਾਂ ਟੇਪਾਂ ਨੂੰ ਫਰਜ਼ੀ ਦੱਸਿਆ ਹੈ ਅਤੇ ਅਮਿਤ ਜੋਗੀ ਨੇ ਤਾਂ ਸੂਬੇ ਦੀ ਸਾਈਬਰ ਅਪਰਾਧ  ਸ਼ਾਖਾ ਵਿਚ ਇਸ ਬਾਰੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਅਤੇ ਅਜੀਤ ਜੋਗੀ ਨੇ 'ਇੰਡੀਅਨ ਐਕਸਪ੍ਰੈਸ' ਵਿਰੁੱਧ ਮਾਨਹਾਨੀ ਦਾ ਦਾਅਵਾ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਨਾਂਅ ਵਾਪਸ ਲੈਣ ਵਾਲੇ ਮੰਟੂ ਰਾਮ ਪਵਾਰ ਨੇ ਵੀ ਕਿਹਾ ਹੈ ਕਿ ਮੈਂ ਕਿਸੇ ਦੇ ਦਬਾਅ ਥੱਲੇ ਕਾਗਜ ਨਹੀਂ ਵਾਪਸ ਲਏ ਬਲਕਿ ਇਹ ਮੇਰਾ ਆਪਣਾ ਫੈਸਲਾ ਸੀ। ਅਮੀਨ ਮੇਮਨ, ਜਿਹੜੇ ਕਿ ਹੁਣ ਵੀ ਅਜੀਤ ਜੋਗੀ ਦੇ ਨਜ਼ਦੀਕੀ ਹਨ, ਨੇ ਇਸ ਚੋਣ ਵਿਚ ਕੋਈ ਵੀ ਭੂਮਿਕਾ ਅਦਾ ਕਰਨ ਤੋਂ ਸਾਫ ਇਨਕਾਰ ਕੀਤਾ ਹੈ। ਬੀ.ਜੇ.ਪੀ. ਸਰਕਾਰ ਦੇ ਮੁੱਖ ਮੰਤਰੀ ਰਮਨ ਸਿੰਘ ਦੇ ਜੁਆਈ ਡਾਕਟਰ ਪੁਨੀਤ ਗੁਪਤਾ ਨੇ ਵੀ ਕਿਹਾ ਹੈ ਕਿ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।
ਇਸ ਉਪ ਚੋਣ ਵਿਚ ਹੀ ਇਕ ਹੋਰ ਉਮੀਦਵਾਰ, ਅੰਬੇਦਕਰਾਈਟ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਰੂਪਧਰ ਪੂਧੋ ਨੇ ਵੀ ਇੰਕਸ਼ਾਫ ਕੀਤਾ ਹੈ ਕਿ ਉਸ ਉਤੇ ਵੀ ਚੋਣ ਮੈਦਾਨ ਤੋਂ ਹਟਣ ਲਈ ਦਬਾਅ ਪਾਇਆ ਗਿਆ ਸੀ। ਉਸ ਅਨੁਸਾਰ 30 ਅਗਸਤ ਤੱਕ ਉਸ ਚੋਣ ਵਿਚ ਖੜੇ 13 ਉਮੀਦਵਾਰਾਂ ਵਿਚੋਂ 11 ਨੂੰ ਬਿਠਾਅ ਦਿੱਤਾ ਗਿਆ ਸੀ। ਉਸਨੂੰ ਵੀ ਡਾ. ਰਮਨ ਸਿੰਘ ਦੇ ਨਜ਼ਦੀਕੀ ਓ.ਪੀ. ਗੁਪਤਾ ਨੇ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਡਾਕਟਰ ਰਮਨ ਸਿੰਘ ਦੇ ਹੱਥ ਮਜ਼ਬੂਤ ਕਰਨ ਲਈ ਉਸਨੂੰ ਆਪਣਾ ਨਾਂਅ ਵਾਪਸ ਲੈ ਲੈਣਾ ਚਾਹੀਦਾ ਹੈ, ਇਸਦੇ ਬਦਲੇ ਉਹ ਉਸਨੂੰ ਕੁੱਝ ਵੀ ਮੁਹੱਈਆ ਕਰਵਾ ਸਕਦੇ ਹਨ। ਉਸਨੇ ਇਹ ਵੀ ਕਿਹਾ ਸੀ ਕਿ ਉਸ ਦੀ ਪਸੰਦ ਦੀ ਕਿਸੇ ਵੀ ਥਾਂ ਇਸ ਸਬੰਧ ਵਿਚ ਮੀਟਿੰਗ ਕੀਤੀ ਜਾ ਸਕਦੀ ਹੈ। ਪ੍ਰੰਤੂ ਪੂਧੋ ਨੇ ਨਾਂਅ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇ ਇਹ ਵਰਣਨਯੋਗ ਹੈ ਕਿ ਵੋਟਾਂ ਪੈਣ ਵਾਲੇ ਦਿਨ ਮੈਦਾਨ ਵਿਚ ਦੋ ਹੀ ਉਮੀਦਵਾਰ ਰਹਿ ਗਏ ਸੀ, ਬੀ.ਜੇ.ਪੀ. ਦੇ ਭੋਜਰਾਜ ਨਾਗ ਅਤੇ ਰੂਪਧਰ ਪੂਧੋ। ਇਸ ਚੋਣ ਵਿਚ ਪੂਧੋ ਨੂੰ 12086 ਵੋਟ ਮਿਲੇ ਸਨ, ਜਦੋਂਕਿ ਬੀ.ਜੇ.ਪੀ. ਉਮੀਦਵਾਰ ਨਾਗ 63616 ਵੋਟ ਲੈ ਕੇ ਜਿੱਤੇ ਸਨ ਅਤੇ ਨੋਟਾ (ਕੋਈ ਵੀ ਉਮੀਦਵਾਰ ਪਸੰਦ ਨਹੀਂ) ਨੂੰ 13056 ਵੋਟ ਮਿਲੇ ਸਨ। ਇਸ ਤੋਂ ਹੋਰ ਸਪੱਸ਼ਟ ਹੁੰਦਾ ਹੈ ਕਿ ਸੂਬੇ ਵਿਚ ਹਕੂਮਤ ਚਲਾ ਰਹੀ ਪਾਰਟੀ ਬੀ.ਜੇ.ਪੀ. ਨੇ ਇਸ ਚੋਣ ਵਿਚ ਜਿੱਤ ਪ੍ਰਾਪਤ ਕਰਨ ਲਈ ਹਰ ਹਰਬਾ ਵਰਤਿਆ ਸੀ। ਉਹ ਵੀ ਉਸ ਸਮੇਂ ਜਦੋਂ ਅਜੇ ਸਾਢੇ ਤਿੰਨ ਮਹੀਨੇ ਪਹਿਲਾਂ ਬੜੇ ਧੂਮ-ਧੜੱਕੇ ਨਾਲ ਨਰਿੰਦਰ ਮੋਦੀ ਦੇਸ਼ ਨੂੰ 'ਭਰਿਸ਼ਟਾਚਾਰ ਮੁਕਤ' ਬਨਾਉਣ ਦੇ ਨਾਅਰੇ ਉਤੇ ਭਰਿਸ਼ਟ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ  ਹਰਾਕੇ ਦੇਸ਼ ਦੀ ਸੱਤਾ ਉਤੇ ਬੈਠੇ ਸਨ।
ਇਸ ਟੇਪ ਸਕੈਂਡਲ ਦਾ ਇੰਕਸ਼ਾਫ ਹੋਣ ਤੋਂ ਬਾਅਦ ਦੇਸ਼ ਦੇ ਸਿਆਸੀ ਹਲਕਿਆਂ ਵਿਚ ਹੱਲਚਲ ਹੋਣੀ ਸੁਭਾਵਕ ਹੀ ਸੀ। ਕਿਉਂਕਿ ਅਜੇ ਤੱਕ ਦੇਸ਼ ਦੇ ਲੋਕਾਂ ਨੇ ਕ੍ਰਿਕੇਟ ਤੇ ਹੋਰ ਖੇਡਾਂ ਵਿਚ 'ਫਿਕਸਿੰਗ' ਦੀ ਗੱਲ ਤਾਂ ਸੁਣੀ ਸੀ ਪ੍ਰੰਤੂ ਚੋਣਾਂ ਵਿਚ 'ਫਿਕਸਿੰਗ' ਹੋਣੀ, ਉਹ ਵੀ ਦੇਸ਼ ਦੀਆਂ ਦੋ ਮੁੱਖ ਰਾਜਨੀਤਕ ਪਾਰਟੀਆਂ ਦਰਮਿਆਨ। ਇਕ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਦਹਾਕਿਆਂ ਬੱਧੀ ਰਾਜ ਕਰ ਚੁੱਕੀ ਪਾਰਟੀ ਅਤੇ ਦੂਜੀ ਆਪਣੇ ਆਪ ਨੂੰ ਭਾਰਤੀ ਸਭਿਆਚਾਰ ਅਤੇ ਉਚੀਆਂ ਕਦਰਾਂ-ਕੀਮਤਾਂ ਦੀ ਵਾਹਕ ਵਿਲੱਖਣ ਕਿਰਦਾਰ ਦਾ ਮਾਲਕ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ। ਉਹ ਵੀ ਉਸ ਵੇਲੇ ਜਦੋਂ ਸਮੁੱਚੇ ਦੇਸ਼ ਵਿਚ ਉਹ ਆਪਸ ਵਿਚ ਗਹਿਗੱਚ ਸਿਆਸੀ ਜੰਗ ਦੌਰਾਨ ਨਿੱਤ ਦਿਨ ਮਿਹਣੋ-ਮਿਹਣੀ ਹੋਣ ਵਿਚ ਰੁੱਝੀਆਂ ਹੋਣ। ਇਸ ਇੰਕਸ਼ਾਫ ਦੇ ਮੱਦੇਨਜ਼ਰ ਪ੍ਰਦੇਸ਼ ਕਾਂਗਰਸ ਨੇ ਤਾਂ ਅਮਿਤ ਜੋਗੀ, ਜਿਹੜੇ ਕਿ ਛੱਤੀਸਗੜ੍ਹ ਵਿਧਾਨ ਸਭਾ ਵਿਚ ਕਾਂਗਰਸੀ ਐਮ.ਐਲ.ਏ. ਹਨ, ਨੂੰ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਹੈ। ਅਤੇ ਅਜੀਤ ਜੋਗੀ, ਜਿਹੜੇ ਕਿ ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਹਨ, ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਪਾਰਟੀ ਪ੍ਰਧਾਨ ਨੂੰ ਸਿਫਾਰਿਸ਼ ਕੀਤੀ ਹੈ। ਕੇਂਦਰੀ ਪਾਰਟੀ ਨੇ ਉਨ੍ਹਾਂ ਦਾ ਮਾਮਲਾ ਅਨੁਸਾਸ਼ਨ ਕਮੇਟੀ ਨੂੂੰ ਭੇਜ ਦਿੱਤਾ ਹੈ।
ਦੂਜੇ ਪਾਸੇ 'ਨਾ ਖਾਊਂਗਾ ਔਰ ਨਾ ਖਾਨੇ ਦੂੰਗਾ' ਦਾ ਛਾਤੀ ਠੋਕ ਕੇ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਬੀ.ਜੇ.ਪੀ. ਨੇ ਆਪਣੇ ਮੁੱਖ ਮੰਤਰੀ ਵਿਰੁੱਧ ਕੋਈ ਐਕਸ਼ਨ ਨਹੀਂ ਲਿਆ ਹੈ। ਬਲਕਿ ਉਸੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਟੀਮ ਰਾਹੀਂ ਇਸਦੀ ਜਾਂਚ ਦੀ ਗੱਲ ਕੀਤੀ ਹੈ।
ਚੋਣਾਂ ਜਿੱਤਣ ਲਈ ਵਰਤੇ ਜਾਂਦੇ ਹਥਕੰਡਿਆਂ ਬਾਰੇ ਤਾਂ ਦੇਸ਼ ਦਾ ਹਰ ਨਾਗਰਿਕ ਹੀ ਜਾਣਦਾ ਹੈ ਕਿ ਕਿਸ ਤਰ੍ਹਾਂ ਇਸ ਲਈ ਬੇਵਹਾਅ ਪੈਸਾ ਰੋੜ੍ਹਿਆ ਜਾਂਦਾ ਹੈ। ਹਰ ਤਰ੍ਹਾਂ ਦੇ ਅਨੈਤਿਕ ਕੁਕਰਮ ਕੀਤੇ ਜਾਂਦੇ ਹਨ। ਭਰਿਸ਼ਟਾਚਾਰ ਦਾ ਮੁੱਖ ਕਾਰਨ ਚੋਣਾਂ ਵਿਚ ਖਰਚਿਆ ਜਾਂਦਾ ਇਹ ਪੈਸਾ ਹੀ ਹੈ। ਰਾਜਨੀਤਕ ਆਗੂ ਚੋਣਾਂ ਜਿੱਤਣ ਲਈ ਕਰੋੜਾਂ ਰੁਪਏ ਖਰਚਦੇ ਹਨ। ਜਿੱਤਣ ਤੋਂ ਬਾਅਦ ਉਸਦੀ ਭਰਪਾਈ ਕਰਦੇ ਹੋਏ ਅਰਬਾਂ ਰੁਪਏ ਕਮਾਉਂਦੇ ਹਨ। ਇਹ ਆਮ ਲੋਕਾਂ ਤੋਂ ਉਗਰਾਹੇ ਗਏ ਟੈਕਸਾਂ ਰਾਹੀਂ ਇਕੱਠੇ ਹੋਏ ਸਰਕਾਰੀ ਪੈਸੇ ਦੀ ਦੁਰਵਰਤੋਂ (ਲੁੱਟ) ਰਾਹੀਂ ਵੀ ਹੁੰਦਾ ਹੈ ਅਤੇ ਆਮ ਲੋਕਾਂ ਵਲੋਂ ਵਰਤੀਆਂ ਜਾਂਦੀਆਂ ਵਸਤਾਂ ਦੇ ਰੇਟਾਂ ਵਿਚ ਅਨਾਪ-ਸ਼ਨਾਪ ਵਾਧਾ ਕਰਕੇ ਵੀ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਜਾਲ ਵਿਚ ਫਸਾਕੇ ਵੀ। ਦੇਸ਼ ਦੇ ਸਾਬਕਾ ਚੋਣ ਕਮਿਸ਼ਨ ਐਸ.ਵਾਈ.ਕੁਰੈਸ਼ੀ ਨੇ ਆਪਣੀ ਪੁਸਤਕ ''ਐਨ ਅਨਡਾਕੁਮੈਂਨਟਡ ਵਾਂਡਰ : ਦੀ ਮੇਕਿੰਗ ਆਫ ਦੀ ਗਰੇਟ ਇੰਡੀਅਨ ਇਲੈਕਸ਼ਨ'' ਵਿਚ ਚੋਣਾਂ ਜਿੱਤਣ ਦੇ ਅਜਿਹੇ 40 ਭਰਿਸ਼ਟ ਤਰੀਕਿਆਂ ਦਾ ਵਰਣਨ ਕੀਤਾ ਹੈ। ਪ੍ਰੰਤੂ ਰਾਜਨੀਤਕ ਪਾਰਟੀਆਂ ਦਰਮਿਆਨ ਚੋਣ ਫਿਕਸਿੰਗ ਦਾ ਇਹ ਨਿਵੇਕਲਾ ਤਰੀਕਾ ਇਸ ਪੁਸਤਕ ਵਿਚ ਸ਼ਾਮਲ ਨਹੀਂ ਹੈ।
ਛਤੀਸਗੜ੍ਹ ਦੀ ਅੰਤਾਗੜ੍ਹ ਉਪ ਚੋਣ ਵਿਚ ਹੋਏ ਇਸ ਕੁਕਰਮ ਨੇ ਮੁੜ ਇਕ ਵਾਰ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਕਿ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਨਵਉਦਾਰਵਾਦੀ ਆਰਥਕ ਨੀਤੀਆਂ ਨੂੰ ਲਾਗੂ ਕਰਨ, ਭਰਿਸ਼ਟਾਚਾਰ ਨਾਲ ਆਮ ਲੋਕਾਂ ਦੀ ਖੱਲ੍ਹ ਲਾਹੁਣ ਵਿਚ ਹੀ ਨਹੀਂ ਬਲਕਿ ਰਾਜਨੀਤਕ ਅਨੈਤਿਕਤਾ ਦੇ ਇਸ ਹਮਾਮ ਵਿਚ ਵੀ ਇਕੋ ਜਿਹੀਆਂ ਹੀ ਨੰਗੀਆਂ ਹਨ। ਇਸ ਰਾਜਨੀਤਕ ਅਨੈਤਿਕਤਾ ਨੂੰ ਠੱਲ੍ਹ ਪਾਇਆਂ ਬਿਨਾਂ ਦੇਸ਼ ਦੇ ਲੋਕਾਂ ਦਾ ਕਲਿਆਣ ਨਹੀਂ ਹੋ ਸਕਦਾ ਅਤੇ ਇਸ ਨੂੰ ਠੱਲ੍ਹ ਲੋਕਾਂ ਦੇ ਹੱਕਾਂ-ਹਿਤਾਂ ਦੀ ਰਾਖੀ ਲਈ ਚਲਾਏ ਜਾਂਦੇ ਸੰਘਰਸ਼ਾਂ ਵਿਚੋਂ ਉਪਜੇ ਲੋਕ ਪੱਖੀ ਰਾਜਨੀਤਕ ਬਦਲਾਂ ਰਾਹੀਂ ਹੀ ਪਾਈ ਜਾ ਸਕਦੀ ਹੈ।

No comments:

Post a Comment