Sunday, 21 February 2016

ਪਠਾਨਕੋਟ ਹਵਾਈ ਅੱਡੇ 'ਤੇ ਹਮਲਾ ਕੁਝ ਵਿਚਾਰਨ ਯੋਗ ਮੁੱਦੇ

ਮਹੀਪਾਲ 
ਪੰਜਾਬ ਦੇ ਅਤੀ ਸੰਵੇਦਨਸ਼ੀਲ ਪਠਾਨਕੋਟ ਵਿਚਲੇ ਫੌਜੀ ਹਵਾਈ ਅੱਡੇ 'ਤੇ ਅੱਤਵਾਦੀਆਂ ਵਲੋਂ ਹਮਲਾ ਕਰਕੇ ਇਕ ਆਮ ਨਾਗਰਿਕ ਅਤੇ 7 ਸੁਰੱਖਿਆ ਕਰਮੀਆਂ ਨੂੰ ਮਾਰ ਦਿੱਤਾ ਗਿਆ। ਉਂਝ ਇਸ ਘਟਨਾ ਵਿਚ 6 ਹਮਲਾਵਰ ਅੱਤਵਾਦੀ ਵੀ ਮਾਰੇ ਗਏ। 20 ਵਿਅਕਤੀ ਜਖ਼ਮੀ ਵੀ ਹੋਏ। 1 ਅਤੇ 2 ਜਨਵਰੀ ਦੀ ਵਿਚਕਾਰਲੀ ਰਾਤ ਜਾਂ ਕਹਿ ਲਉ 2 ਜਨਵਰੀ ਨੂੰ ਸਵੇਰੇ 3.30 ਵਜੇ ਹੋਏ ਇਸ ਹਮਲੇ ਨੇ ਪੂਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ਅਤੇ ਹਰ ਸੋਚਵਾਨ ਨੂੰ ਦੇਸ਼ ਅਤੇ ਦੇਸ਼ਵਾਸੀਆਂ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ। ਜ਼ਿਕਰਯੋਗ ਹੈ ਕਿ ਹਾਲੇ ਛੇ ਮਹੀਨੇ ਵੀ ਨਹੀਂ ਹੋਏ ਜਦੋਂ ਕਿ ਲੰਘੀ 27 ਜੁਲਾਈ ਨੂੰ ਅੱਤਵਾਦੀਆਂ ਨੇ ਇਸੇ ਜ਼ਿਲ੍ਹੇ ਦੇ ਦੀਨਾਨਗਰ ਥਾਣੇ ਅਤੇ ਸੰਬੰਧਤ ਰਿਹਾਇਸ਼ੀ ਕੁਆਰਟਰਾਂ 'ਤੇ ਕਬਜ਼ਾ ਕਰ ਲਿਆ ਸੀ ਅਤੇ ਸੁਰੱਖਿਆ ਦਸਤਿਆਂ ਨੇ ਭਾਰੀ ਮਸ਼ਕਤ ਤੋਂ ਬਾਅਦ ਥਾਣੇ ਨੂੰ ਆਜ਼ਾਦ ਕਰਾਕੇ ਹਮਲਾਵਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਲੋਕ (ਸਾਰੇ ਪੰਜਾਬ ਦੇ) ਹਾਲੇ ਸਦਮੇਂ 'ਚ ਹੀ ਸਨ ਅਤੇ ਦੀਨਾਨਗਰ ਕਾਂਡ ਦੇ ਦੂਰਰਸੀ ਦੁਰਪ੍ਰਭਾਵਾਂ ਦੀ ਚਿੰਤਾ ਤੋਂ ਮੁਕਤ ਵੀ ਨਹੀਂ ਸਨ ਹੋਏ ਕਿ ਇਹ ਦੂਜਾ, ਉਸ ਤੋਂ ਵਧੇਰੇ ਘਾਤਕ ਹਮਲਾ ਹੋ ਗਿਆ। ਕਹਿਣ ਦੀ ਲੋੜ ਨਹੀਂ, ਲੋਕ ਡਾਢੇ ਗਮਗੀਨ ਹਨ ਅਤੇ ਵਾਜਬ ਤੌਰ 'ਤੇ ਆਪਣੀ ਅਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਤੁਰ ਹਨ।
ਹਮਲਾਵਰਾਂ ਤੋਂ ਮਿਲੀਆਂ ਦਰਦ ਨਿਵਾਰਕ ਗੋਲੀਆਂ ਦੇ ਖਾਲੀ ਪੱਤਿਆਂ 'ਤੇ ਕਰਾਚੀ (ਪਾਕਿਸਤਾਨ) ਦੀ ਕਿਸੇ ਦਵਾ ਫਰਮ ਦਾ ਮਾਰਕਾ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਬਮਿਆਲ ਵਿਚ ਮਿੱਟੀ 'ਚ ਮਿਲੇ ਬੂਟਾਂ ਦੇ ਨਿਸ਼ਾਨਾਂ ਤੋਂ ਵੀ ਬੂਟਾਂ 'ਤੇ ਪਾਕਿਸਤਾਨ ਦੀ ਜੁੱਤੀ ਨਿਰਮਾਤਾ ਫਰਮ ਦੇ ਮਾਰਕੇ ਦੇ ਲੱਗੇ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਹੱਥ ਲੱਗੇ ਸੈਲ ਫੋਨਾਂ ਦਾ ਵੇਰਵਾ ਖੰਗਾਲਣ ਪਿਛੋਂ ਇਹ ਤੱਥ ਵੀ ਸਾਫ ਹੋਇਆ ਹੈ ਕਿ ਜਿਨ੍ਹਾਂ ਨਾਲ ਉਨ੍ਹਾਂ ਨੇ ਗੱਲਾਂ ਕੀਤੀਆਂ ਉਨ੍ਹਾਂ ਵਿਚੋਂ ਘੱਟ ਤੋਂ ਘੱਟ ਪੰਜ ਪਾਕਿ ਨਾਗਰਿਕ ਹਨ ਅਤੇ ਕੁੱਝ ਦੀਆਂ ਫੇਸਬੁੱਕ ਪੋਸਟਾਂ 'ਤੇ ''ਜੈਸ਼-ਏ-ਮੁਹੰਮਦ'' ਜਾਂ ਇਸ ਦੀ ਧਾਰਮਕ ਚੰਦਾ ਲੈਣ ਵਾਲੀ ਸ਼ਾਖਾ ''ਅਲ-ਰਾਹਤ'' ਦਾ ਗੁਣਗਾਣ ਕੀਤਾ ਹੋਇਆ ਹੈ। ਸੋ ਇਹਨਾਂ ਅੱਤਵਾਦੀਆਂ ਦੇ ਮਕਸਦ ਜਾਂ ਉਨ੍ਹਾਂ ਦੇ ਨਾਨਕੇ-ਦਾਦਕਿਆਂ ਬਾਰੇ ਕੋਈ ਬਹੁਤੀ ਭੁਲੇਖੇ ਵਾਲੀ ਗੱਲ ਨਹੀਂ। ਸੁਆਲ ਸਗੋਂ ਹੋਰ ਵਧੇਰੇ ਗੁੰਝਲਦਾਰ ਹਨ ਅਤੇ ਸਭਨਾਂ ਸਾਵੀਂ ਸੋਚਣੀ ਵਾਲਿਆਂ ਤੋਂ ਗੰਭੀਰ ਧਿਆਨ ਦੀ ਮੰਗ ਕਰਦੇ ਹਨ।
(ੳ) ਸਰਹੱਦ ਪਾਰ ਤੋਂ ਘੁਸਪੈਠ ਤਾਂ ਕੋਈ ਨਵੀਂ ਨਿਵੇਕਲੀ ਘਟਨਾ ਨਹੀਂ ਪਰ ਫੌਜੀ ਹਵਾਈ ਅੱਡੇ ਵਰਗੀ ਅਤੀ ਸੰਵੇਦਨਸ਼ੀਲ ਥਾਂ 'ਚ ਦਾਖਲ ਹੋ ਜਾਣਾ ਅਤੇ ਆਪਣੇ ਜਿੰਮੇ ਲੱਗੇ ਕੰਮ ਨੂੰ ਅੰਜਾਮ ਦੇਣਾ, ਡਾਢੀ ਕੰਬਨੀ ਛੇੜਦਾ ਹੈ। ਯਾਦ ਰਹੇ ਹਵਾਈ ਅੱਡੇ ਦੀ ਸੁਰੱਖਿਆ ਲਈ ਘੱਟੋ ਘੱਟ 60 ਕਰਮੀਆਂ 'ਤੇ ਅਧਾਰਤ ਪੰਜ ਜਾਂ ਛੇ ਡੀਫੈਂਸ ਸਿਕਿਊਰਟੀ ਕੋਰ (DSC) ਦੀਆਂ ਪਲਟਣਾਂ ਤਾਇਨਾਤ ਹਨ। ਅਜਿਹੀਆਂ ਕੋਰਾਂ ਵਿਚ 45 ਤੋਂ 55 ਸਾਲ ਦੀ ਉਮਰ ਦੇ ਸੇਵਾਮੁਕਤ ਫੌਜੀ ਹੁੰਦੇ ਹਨ। ਇਸ ਤੋਂ ਇਲਾਵਾ ਇੰਡੀਅਨ ਏਅਰ ਫੋਰਸ (IAF) ਦੀਆਂ ਦੋ  ਤੋਂ ਤਿੰਨ ਸੈਕਸ਼ਨਾਂ ਜਿਸ ਵਿਚ ਪ੍ਰਤੀ ਸੈਕਸ਼ਨ 10 ਜਵਾਨ ਹੁੰਦੇ ਹਨ ਵੀ ਚਾਕ ਚੌਬੰਦ ਹਨ। 30 ਅਤੀ ਤੇਜ਼ਤਰਾਰ ਗਰੂੜਾਂ (ਆਸਮਾਨੀ ਰੱਖਿਆ) ਦੀ ਪਲਟਣ ਇਸ ਤੋਂ ਇਲਾਵਾ ਵੀ ਹੁੰਦੀ ਹੈ। ਇਹ ਗਰੂੜ ਆਈ.ਏ.ਐਫ. ਦੀ ਵਿਸੇਸ਼ ਤਾਕਤ ਸਮਝੇ ਜਾਂਦੇ ਹਨ। ਬਾਕੀ ਰਿਵਾਇਤੀ ਤਾਮ-ਝਾਮ ਤਾਂ ਹੈ ਹੀ। ਪਰ ਇਸ ਸਭ ਕਾਸੇ ਦੇ ਹੁੰਦਿਆਂ ਵੀ 6 ਅੱਤਵਾਦੀ ਘੁਸਪੈਠਿਏ (ਕੁੱਝ ਲੋਕ ਕਿਆਸ ਲਾਉਂਦੇ ਹਨ ਕਿ ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ), ਏ.ਕੇ.47 ਰਾਈਫਲਾਂ ਅਤੇ ਪੰਜਾਹ ਕਿਲੋ ਗੋਲੀ ਸਿੱਕਾ, 30 ਕਿਲੋ ਗਰਨੇਡ ਤੇ ਗਰਨੇਡ ਲਾਂਚਰ, ਦਵਾਈ ਬੂਟੀ, ਪਰਫਿਊਮਜ਼, ਕਮਿਊਨਿਕੇਸ਼ਨ ਦੇ ਸਾਧਨ ਅਤੇ ਖਾਣ ਪੀਣ ਦਾ ਸਮਾਨ ਲੈ ਕੇ ਕਿਵੇਂ ਸਾਰੇ ਸੁਰੱਖਿਆ ਢਾਂਚੇ ਦੇ ਜਾਗਦੇ-ਸੁੱਤਿਆਂ ਨੂੰ ਝਕਾਣੀ ਦੇ ਕੇ 10 ਫੁੱਟ ਉਚੀ ਦੀਵਾਰ ਲੰਘ ਕੇ; ਵਾੜ ਦੀ ਤਾਰ ਕੱਟ ਕੇ ਅੰਦਰ ਦਾਖਲ ਹੋ ਗਏ। ਸਾਰੇ ਵੇਰਵੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉਹ ਕਿਸੇ ਟੀਨ ਦੇ ਬਣੇ ਐਮ.ਈ.ਐਸ. ਦੇ ਨਕਾਰਾ ਸ਼ੈਡ 'ਚ ਘੱਟੋ ਘੱਟ 24 ਘੰਟੇ ਹਵਾਈ ਅੱਡੇ ਦੇ ਅੰਦਰ ਰਹਿ ਕੇ ਹਮਲੇ ਦੀ ਵਿਉਂਤ ਨੂੰ ਅੰਜਾਮ ਦੇਣ ਦੀਆਂ ਘਾੜਤਾਂ ਘੜਦੇ ਰਹੇ ਅਤੇ ਢੁਕਵੇਂ ਸਮੇਂ ਦੀ ਉਡੀਕ ਕਰਦੇ ਰਹੇ।
(ਅ) ਫੌਜੀ ਹਵਾਈ ਅੱਡਾ ਅਧਿਕਾਰੀਆਂ, ਹਵਾਈ ਫ਼ੌਜ ਦੇ ਖੂਫੀਆ ਤੰਤਰ, ਕੇਂਦਰੀ ਅਤੇ ਸੂਬਾਈ ਸੂਹੀਆ ਏਜੰਸੀਆਂ, ਬਾਰਡਰ ਸਿਕਿਊਰਟੀ ਫੋਰਸ (BSF) ਜਾਂ ਪੰਜਾਬ ਪੁਲਿਸ ਨੇ ਦੀਨਾ ਨਗਰ ਅੱਤਵਾਦ ਵਾਰਦਾਤ ਤੋਂ ਬਾਅਦ ਕੋਈ ਨਵੀਆਂ ਸੁਰੱਖਿਆ ਵਿਵਸਥਾਵਾਂ ਕੀਤੀਆਂ ਹੋਣ; ਅੱਤਵਾਦੀਆਂ ਦੇ ਪਠਾਨਕੋਟ ਹਵਾਈ ਅੱਡੇ ਵਿਚ ਅਤੀ ਆਸਾਨੀ ਨਾਲ ਦਾਖਲ ਹੋ ਜਾਣ ਤੋਂ ਅਤੇ ਆਪਣੀ ਵਿਊਂਤ ਅਨੁਸਾਰ ਹਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਸਾਰੇ ਘਟਣਾਕ੍ਰਮ ਤੋਂ ਤਾਂ ਅਜਿਹਾ ਪ੍ਰਭਾਵ ਬਿਲਕੁਲ ਵੀ ਨਹੀਂ ਬਣਦਾ।
ਇਹ ਵੀ ਪੁਸ਼ਟੀ ਹੋ ਰਹੀ ਹੈ ਕਿ ਇਸ ਘਟਨਾ ਦੇ ਵਾਪਰਨ ਦੀ ਕੋਈ ਮਾੜੀ ਮੋਟੀ ਕਨਸੋਅ ਨਿਕਲੀ ਪਰ ਇਸ 'ਤੇ ਵੀ ਕੰਨ ਧਰਿਆ ਗਿਆ ਨਹੀਂ ਲੱਗਦਾ। ਕਿਉਂਕਿ 2 ਜਨਵਰੀ ਨੂੰ ਸਵੇਰੇ ਹਮਲਾ ਹੋਣ ਵੇਲੇ ਮੈਸ 'ਚ ਕਰਮਚਾਰੀ ਬੇਹਥਿਆਰੇ ਨਾਸ਼ਤਾ ਤਿਆਰ ਕਰ ਰਹੇ ਸਨ।
(ੲ) ਹਮਲੇ ਦਾ ਸਮਾਂ ਆਪਣੇ ਆਪ 'ਚ ਹੀ ਇਕ ਪ੍ਰਸ਼ਨਚਿੰਨ੍ਹ ਹੈ। ਭਾਰਤ ਪਾਕਿ ਸਬੰਧਾਂ ਦੀ ਕੁੜੱਤਣ, ਜਿਸ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਹਾਕਮ ਜਮਾਤਾਂ ਦੇ ਕੋਝੇ ਹਿੱਤ ਹੀ ਜ਼ਿੰਮੇਵਾਰ ਹਨ, ਨੂੰ ਕੁੱਝ ਠੱਲ੍ਹ ਪਾਉਣ ਦੇ ਮਕਸਦ ਨਾਲ ਭਾਰਤੀ ਪ੍ਰਧਾਨ ਮੰਤਰੀ ਅਚਾਨਕ ਪਾਕਿ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਚਲਾ ਗਿਆ ਸੀ। ਜ਼ਾਹਿਰ ਹੈ ਭਾਰਤ-ਪਾਕਿ ਦੀ ਕੁੜੱਤਣ ਦਾ ਲਾਹਾ ਲੈ ਕੇ ਤੋਰੀ-ਫੁਲਕਾ ਚਲਾਉਣ ਵਾਲੀਆਂ ਤਾਕਤਾਂ ਖਾਸ ਕਰ ਅਮਰੀਕੀ ਖੂਫੀਆ ਏਜੰਸੀਆਂ ਸੀ.ਆਈ.ਏ. ਨੂੰ ਤਾਂ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਹੋ ਸਕਦੀ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੀਆਂ ਕੱਟੜਵਾਦੀ ਤਾਕਤਾਂ ਅਤੇ ਕੁੜੱਤਣ ਦੀ ਆੜ ਹੇਠ ਚਾਂਦੀ ਕੁੱਟਣ ਵਾਲਿਆਂ ਨੂੰ ਵੀ ਇਹ ਗੱਲ ਕਿਵੇਂ ਚੰਗੀ ਲੱਗ ਸਕਦੀ ਸੀ? ਪਰ ਲੱਗਦਾ ਐ ਸਾਡਾ ਸਮੁੱਚਾ ਖੂਫੀਆ ਤੰਤਰ ਇਸ ਸਾਜਿਸ਼ ਨੂੰ ਅਗਾਊਂ ਨਹੀਂ ਸੁੰਘ ਸਕਿਆ!
ਇਸ ਸਾਰੇ ਮਾਮਲੇ 'ਚ ਇਕ ਹੋਰ ਕੌੜਾ ਸੱਚ ਵੀ ਵਿਚਾਰਨਯੋਗ ਹੈ। ਉਹ ਹੈ ਸੂਬੇ ਵਿਚ ਰਾਜ ਕਰ ਰਹੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਸਮੁੱਚੇ ਘਟਣਾਕ੍ਰਮ 'ਚ ਨਿਭਾਈ ਗਈ ਭੂਮਿਕਾ। ਪੰਜਾਬ ਸਰਕਾਰ ਦਾ ਇਹ ਦੂਜਾ ਕਾਰਜਕਾਲ ਹੈ ਅਤੇ ਇਹ ਵੀ ਲਗਭਗ ਇਕ ਸਾਲ ਦਾ ਹੀ ਬਾਕੀ ਰਹਿ ਗਿਐ। ਪੰਜਾਬ ਦੀ ਸਰਕਾਰ ਦਾ ਸਾਰਾ ਧਿਆਨ ''ਕੰਡੇ ਨਾਲ ਕੰਡਾ ਕੱਢਣ'' ਵੱਲ ਹੈ। ਇਸ ਸਰਕਾਰ ਦੇ ਕਰਤਿਆਂ-ਧਰਤਿਆਂ ਨੇ ਪਿਛਲੇ ਦੋਹਾਂ ਕਾਰਜਕਾਲਾਂ  'ਚ ਕੇਂਦਰੀ ਹਕੂਮਤ ਦੀਆਂ ਨੀਤੀਆਂ ਨੂੰ ਇੰਨ-ਬਿੰਨ ਲਾਗੂ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਢੇਰਾਂ ਵਾਧਾ ਕੀਤਾ ਹੈ। ਪ੍ਰੰਤੂ ਇਸ ਸਰਕਾਰ ਦੀ ਇਕ ਹੋਰ ਨਾਕਸ ਕਾਰਗੁਜਾਰੀ ਇਹ ਹੈ ਕਿ ਪਿਛਲੇ ਲਗਭਗ ਦਸਾਂ ਸਾਲਾਂ 'ਚ ਘੋਰ ਭ੍ਰਿਸ਼ਟਾਚਾਰ, ਰਾਹੀਂ, ਆਪਣੇ ਹੱਥ-ਠੋਕਿਆਂ ਦਵਾਰਾ ਟਰਾਂਸਪੋਰਟ-ਰੇਤਾ-ਬੱਜਰੀ-ਕੇਬਲ ਆਦਿ ਧੰਦਿਆਂ 'ਤੇ ਏਕਾਧਿਕਾਰ ਕਾਇਮ ਕਰਕੇ, ਨਸ਼ਾ ਤਸਕਰਾਂ ਨੂੰ ਬਿਨਾਂ ਡਰ ਭੈਅ ਤੋਂ ਆਪਣਾ ਪੁਸ਼ਤਾਂ ਮਾਰੂ ਕਾਰੋਬਾਰ ਚਲਾਉਣ ਦੀ ਦਿੱਤੀ ਖੁੱਲ੍ਹ ਰਾਹੀਂ, ਵਾਹੀਯੋਗ ਜ਼ਮੀਨਾਂ, ਰਿਹਾਇਸ਼ੀ ਅਤੇ ਵਪਾਰਕ ਥਾਵਾਂ 'ਤੇ ਕਬਜ਼ਿਆਂ ਰਾਹੀਂ, ਸ਼ਰਾਬ ਕਾਰੋਬਾਰੀਆਂ ਅਤੇ ਹਰ ਕਿਸਮ ਦੇ ਗੈਰ ਸਮਾਜੀ ਅਨਸਰਾਂ ਨੂੰ ਸ਼ਹਿ ਦੇ ਕੇ ਟਰੱਕ ਭਰ ਭਰ ਅਣਕਿਆਸੀ ਦੌਲਤ ਕਮਾਈ ਹੈ। ਹੁਣ ਉਸੇ ਦੌਲਤ ਰਾਹੀਂ ਅਤੇ ਅਜਿਹੇ ਹੀ ਅਨਸਰਾਂ ਦੀ ਮਦਦ ਨਾਲ ਚੋਣਾਂ ਜਿੱਤਣ ਦੇ ਮਨਸੂਬੇ ਘੜੇ ਹਨ। ਇਸ ਮਕਸਦ ਲਈ ਹੋਰਨਾਂ ਕੁਕਰਮਾਂ ਦੇ ਨਾਲ ਨਾਲ ਆਪਣੀਆਂ ਮਨਭਾਉਂਦੀਆਂ ਪੋਸਟਾਂ 'ਤੇ ਚਹੇਤੇ ਅਫਸਰਾਂ ਦੀ ਨਿਯੁਕਤੀ ਕਰ ਰਹੀ ਹੈ ਇਹ ਲੋਕ ਦੋਖੀ ਸਰਕਾਰ। ਇਸੇ ਪਹੁੰਚ ਦੀ ਇਕ ਵੰਨਗੀ ਹੈ ਪਠਾਨਕੋਟ ਵਿਖੇ ਤਾਇਨਾਤ ਐਸ.ਪੀ. ਸਲਵਿੰਦਰ ਸਿੰਘ, ਜਿਸ ਨੂੰ ਦਾਗ਼ਦਾਰ ਰਿਕਾਰਡ ਦੇ ਬਾਵਜੂਦ ਫੀਲਡ 'ਚ ਨਿਯੁਕਤੀ ਦਿੱਤੀ ਗਈ ਹੈ। ਹੁਣ ਤਾਂ ਇਸ ਦੇ ਸੋਸ਼ਲ ਮੀਡੀਏ ਰਾਹੀਂ ਉਚ ਅਕਾਲੀ ਆਗੂਆਂ ਨਾਲ ਨੇੜਲੇ ਸਬੰਧ ਵੀ ਉਜਾਗਰ ਹੋ ਚੁੱਕੇ ਹਨ। ਭਲਕ ਨੂੰ ਭਾਵੇਂ ਇਸ ਨੂੰ ਕੋਈ ਕਲੀਨ ਚਿੱਟ ਵੀ ਦੇ ਦੇਵੇ ਪਰ ਇਸ ਅਧਿਕਾਰੀ ਦਾ ਸ਼ੱਕੀ ਕਿਰਦਾਰ ਅਤੇ ਕਾਰਕਦਰਗੀ, ਸਮੁੱਚੇ ਘਟਣਾਕ੍ਰਮ 'ਚ ਇਸ ਦੀ ਭੂਮਿਕਾ ਅਤੇ ਸੂਬਾ ਸਰਕਾਰ ਦੀ ਇਸ ਨੂੰ ਖੁੱਲ੍ਹੀ ਸਰਪਰਸਤੀ ਹਮੇਸ਼ਾ ਲੋਕ ਮਨਾਂ ਨੂੰ ਖੁਰਚਦੀ ਰਹੇਗੀ।
(ਸ) ਇਕ ਹੋਰ ਅਫਸੋਸਨਾਕ ਪਹਿਲੂ ਹੈ ਇਸ ਘਟਨਾ ਦਾ, ਅਖੌਤੀ ਹਿੰਦੂਵਾਦੀ, ਗੈਰ ਸੰਜੀਦਾ, ਬਦਜੁਬਾਨ ਟੋਲਾ ਇਸ ਹਮਲੇ ਤੋਂ ਤੁਰੰਤ ਬਾਅਦ ਸਰਗਰਮ ਹੋ ਗਿਆ। ਸ਼ੁਰੂ ਹੋ ਗਈ ਮੁਹਿੰਮ ਪਾਕਿਸਤਾਨ ਖਿਲਾਫ ਜ਼ਹਿਰ ਗਲੱਛਣ ਦੀ। ਲੱਗਦੇ ਹੱਥ ਭਾਰਤੀ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਨੂੰ ਵੀ ਨਿੰਦਾ ਮੁਹਿੰਮ ਦਾ ਨਿਸ਼ਾਨਾ ਬਣਾ ਲਿਆ ਗਿਆ। ਕਿਸੇ ਨੇ ਇਹ ਸੋਚਿਆ ਹੀ ਨਹੀਂ ਕਿ ਭਾਰਤ ਪਾਕਿ ਦੇ ਸਬੰਧਾਂ 'ਚ ਸੁਧਾਰ ਦੇ ਪੱਖੋਂ ਘੁੱਪ ਹਨ੍ਹੇਰੇ 'ਚ ਮਾਮੂਲੀ ਜਿਹੀ ਕਿਰਣ ਤੋਂ ਆਸਵੰਦ ਹੋਏ ਦੋਹਾਂ ਦੇਸ਼ਾਂ ਦੇ ਹਾਂਪੱਖੀ ਲੋਕਾਂ ਨੂੰ ਇਸ ਘਟਨਾ ਨਾਲ ਇਕੋ ਜਿਹੀ ਹੀ ਨਿਰਾਸ਼ਾ ਹੋਈ ਹਵੇਗੀ। ਵੈਸੇ ਅਜਿਹੇ ਕਫ਼ਨ ਕਾਰੋਬਾਰੀਆਂ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਅੱਤਵਾਦੀ ਆਏ ਤਾਂ ਪਾਕਿਸਤਾਨ ਤੋਂ ਹਨ ਪਰ ਘਟਨਾ ਨੂੰ ਅੰਜਾਮ ਦੇਣ ਲਈ  ਮਦਦਗਾਰ ਤਾਂ ਭਾਰਤੀ ਹੀ ਹਨ ਅਤੇ ਹੈਨ ਵੀ ਬਿਨਾਂ ਸ਼ਰਤ ਬਹੁਧਰਮੀ ਜਾਂ ਕਹਿ ਲਉ ਹਰ ਧਰਮ ਵਿਚ ਅਸਲ ਕਰੂਪ ਚਿਹਰਾ ਲੁਕਾਈ ਬੈਠੇ ਧਰਮ ਵਿਰੋਧੀ, ਮਾਨਵਤਾ ਵਿਰੋਧੀ। ਪਰ ਖੁਸ਼ੀ ਅਤੇ ਤਸੱਲੀ ਦੇ ਕਾਰਨ ਵੀ ਹਨ। ਪਾਕਿਸਤਾਨ ਜਾਂ ਭਾਰਤੀ ਘੱਟ ਗਿਣਤੀ ਖਿਲਾਫ ਬੇਲੋੜੀ ਘਟੀਆ ਫਿਰਕੂ ਬਿਆਨਬਾਜ਼ੀ ਤੋਂ ਦੁਖੀ ਅਨੇਕਾਂ ਲੋਕਾਂ ਨੇ ਸਾਧ-ਸਾਧਣੀਆਂ ਨੂੰ ਸੋਸ਼ਲ ਮੀਡੀਆ 'ਚ ਵੰਗਾਰਦਿਆਂ ਕਿਹਾ, ''ਪਾਕਿ ਖਿਲਾਫ਼ ਵੱਡੀਆਂ-ਵੱਡੀਆਂ ਡੀਂਗਾਂ ਮਾਰਨ ਵਾਲਿਓ, ਨਿਕਲੋ ਘੁਰਨਿਆਂ 'ਚੋਂ, ਪੁੱਜੋ ਪਠਾਨਕੋਟ-ਕਰੋ ਟਾਕਰਾ ਅੱਤਵਾਦੀਆਂ ਦਾ।'' ਕੋਈ ਇਸ ਨੂੰ ਮਖੌਲ ਵੀ ਸਮਝ ਸਕਦਾ ਹੈ ਪਰ ਇਸ ਮਖੌਲ ਵਿਚਲੀ ਗੰਭੀਰਤਾ ਇਹ ਹੈ ਕਿ ਧਰਮ ਅਧਾਰਿਤ ਨਫਰਤ ਫੈਲਾਉਣ ਵਾਲਿਆਂ ਖਿਲਾਫ ਨਫ਼ਰਤ ਵੀ ਸੋਸ਼ਲ ਮੀਡੀਏ 'ਤੇ ਦ੍ਰਿਸ਼ਟੀਗੋਚਰ ਹੋਈ। ਇਸੇ ਤਰ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਜੱਟ, ਹਥਿਆਰਾਂ ਦਾ ਮਾਲਕ, ਗੱਡੀਆਂ ਦਾ ਮਾਲਕ, ਮੁਰੱਬਿਆਂ-ਕਿਲਿਆਂ ਦਾ ਮਾਲਕ ਦੱਸਣ ਵਾਲੇ ਗੀਤਕਾਰਾਂ ਨੂੰ ਵੀ ਵੰਗਾਰਿਆ ਅਤੇ ਕਿਹਾ ਕਿ, ''ਪਠਾਨਕੋਟ ਪੁੱਜ ਕੇ ਸੂਰਮਗਤੀ ਦਿਖਾਓ!''
ਪਾਠਕ ਦੋਸਤੋ! ਪਠਾਨਕੋਟ ਵਿਚਲੇ ਹਮਲੇ ਦਾ ਭਾਰਤ-ਪਾਕਿਸਤਾਨ ਦੇ ਤਾਜ਼ੀ ਕਮਾ ਕੇ ਖਾਣ ਵਾਲੇ ਅਤੇ ਸ਼ਾਂਤੀ ਨਾਲ ਜਿਊਣ ਦੀ ਤਰਕਸੰਗਤ ਇੱਛਾ ਰੱਖਣ ਵਾਲੇ, ਜਨ ਸਧਾਰਨ ਬਸ਼ਿੰਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ। ਬਲਕਿ ਇਹ ਹਮਲਾ ਤਾਂ ਦੋਹਾਂ ਦੇਸ਼ਾਂ ਦੀ ਆਮ ਵਸੋਂ ਦੇ ਸੁਖ ਸ਼ਾਂਤੀ ਨਾਲ ਜਿਊਣ ਦੇ ਰਾਹ 'ਚ ਅੜਿੱਕਾ ਹੈ।
ਦੁਨੀਆਂ ਦੇ ਹਥਿਆਰ ਨਿਰਮਾਤਾਵਾਂ ਨੇ ਤਾਂ ਆਪਣੇ ਹਥਿਆਰ, ਗੋਲਾ, ਬਾਰੂਦ ਵੇਚ ਕੇ ਤਿਜੌਰੀਆਂ ਭਰਨੀਆਂ ਹੁੰਦੀਆਂ ਹਨ। ਇਸ ਲਈ ਸ਼ਾਂਤੀ ਦਾ ਮਾਹੌਲ ਉਨ੍ਹਾ ਦੇ ਕਾਰੋਬਾਰ ਦੇ ਫਿਟ ਨਹੀਂ ਬੈਠਦਾ। ਜਦੋਂ ਨਫਰਤ-ਕਤਲੋਗਾਰਤ-ਘਰੋਗੀ ਜੰਗ-ਸਰਹੱਦੀ ਤਣਾਅ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਵੱਧਦਾ ਹੈ ਤਾਂ ਇਹ ਹਥਿਆਰ ਨਿਰਮਾਤਾ ਸਮਝਦੇ ਹਨ ਕਿ ਉਨ੍ਹਾਂ ਦਾ ''ਸੀਜ਼ਨ'' ਲੱਗ ਗਿਆ। ਜੇ ਥੋੜੀ ਜਿਹੀ ਬਰੀਕ ਨਜ਼ਰ ਸੰਸਾਰ ਨਕਸ਼ੇ ਉਤੇ ਮਾਰ ਲਈਏ ਤਾਂ ਪਾਠਕ ਭਾਈਚਾਰਾ ਸਹਿਜੇ ਹੀ ਸਮਝ ਜਾਵੇਗਾ ਕਿ ਅਜਿਹੇ ਮਨੁੱਖ ਮਾਰੂ ਹਥਿਆਰ ਕਾਰੋਬਾਰੀਆਂ ਦਾ ਸਭ ਤੋਂ ਵੱਡਾ ਲੀਡਰ ਅਮਰੀਕਣ ਅਤੇ ਉਸਦੇ ਜੁੰਡੀਦਾਰ ਸਾਮਰਾਜੀ ਦੇਸ਼ ਹਨ।
ਇਹ ਦੇਸ਼ ਇਕੱਲੇ ਹਥਿਆਰ ਹੀ ਨਹੀਂ ਵੇਚਦੇ। ਨਵੇਂ ਆਜ਼ਾਦ ਹੋਏ ਦੇਸ਼ਾਂ ਦੇ ਬਿਹਤਰੀਨ ਕਿਰਤੀ ਕਾਮਿਆਂ ਦੀ ਕੰਮ ਯੋਗਤਾ ਦੀ ਲੁੱਟ ਦੀ ਲੁੱਡੀ ਵੀ ਪਾਉਂਦੇ ਹਨ, ਇੱਥੋਂ ਦੇ ਕੁਦਰਤੀ ਖਜਾਨਿਆਂ ਜਲ, ਜੰਗਲ ਅਤੇ ਜ਼ਮੀਨ ਹੇਠਲੇ ਖਣਿਜਾਂ, ਤੇਲਾਂ ਦੀ ਵੀ ਖੂਬ ਲੁੱਟ ਕਰਦੇ ਹਨ। ਇਹ ਅਟਲ ਸਚਾਈ ਹੈ ਕਿ ਲੁੱਟ ਹੋਣ ਵਾਲਾ ਕਦੇ ਨਾ ਕਦੇ ਲੁੱਟਣ ਵਾਲੇ ਨੂੰ ਪਛਾਣ ਲੈਂਦਾ ਹੈ। ਇਸ ਲਈ ਲੁੱਟਣ ਵਾਲੇ, ਉਨ੍ਹਾਂ ਦੇਸ਼ਾਂ ਦੀ ਜਨਤਾ ਨੂੰ ਇਕ ਦੂਜੇ ਦੀਆਂ ਮੁਸ਼ਕਿਲਾਂ ਦਾ ਜਿੰਮੇਵਾਰ ਦੱਸ ਕੇ ਜੰਗਾਂ ਲੁਆਉਂਦੇ ਹਨ ਅਤੇ ਕਿਰਤੀ ਜਨਤਾ ਨੂੰ ਵੀ ਜਨਸੰਗਰਾਮਾਂ ਤੋਂ ਮੋੜਨ ਲਈ ਦੇਸ਼ਾਂ ਦੇ ਅੰਦਰ ਵੀ ਬੇਲੋੜੇ ਧਾਰਮਿਕ-ਭਾਸ਼ਾਈ-ਜਾਤੀਪਾਤੀ-ਇਲਾਕਾਈ ਮੁੱਦਿਆਂ 'ਤੇ ਲੜਾਉਂਦੇ ਹਨ।
ਕਿਉਂਕਿ ਇਨ੍ਹਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਦੇ ਵੀ ਕਾਰੋਬਾਰੀ ਹਿੱਤ ਉਪਰੋਕਤ ਲੁਟੇਰਿਆਂ ਦੇ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਜਮਾਤਾਂ ਦੇ ਹਿਤਾਂ ਦੀਆਂ ਰਖਵਾਲੀਆਂ ਸਰਕਾਰਾਂ ਉਕਤ  ਲੁਟੇਰੇ ਦੇਸ਼ਾਂ ਦੇ ਪੱਖ ਦੀਆਂ ਨੀਤੀਆਂ                 ਲਾਗੂ ਕਰਦੀਆਂ ਹਨ, ਜਿਹੜੇ ਨੀਤੀਆਂ ਵਿਰੁੱਧ ਬੋਲਦੇ, ਲਾਮਬੰਦੀ ਕਰਦੇ, ਸੰਗਰਾਮ ਉਸਾਰਦੇ ਹਨ, ਉਨ੍ਹਾਂ 'ਤੇ ਦਮਨ ਕਰਦੀਆਂ ਹਨ ਅਤੇ ਸਭ ਤੋਂ ਕਾਰਗਰ ਹਥਿਆਰ ਫੁੱਟ ਪਾਉਣ ਦਾ ਵਰਤਦੀਆਂ ਹਨ। ਜਰਾ ਕਿ ਬਰੀਕੀ ਨਾਲ ਘੋਖ ਕਰੋ ਤਾਂ ਗੱਲ ਸਮਝ ਆ ਜਾਂਦੀ ਹੈ। ਪਾਕਿਸਤਾਨ ਵਿਚ ਜਿਨ੍ਹਾਂ ਲੋਕਾਂ ਨੂੰ ਰੋਜ਼ੀ, ਰੋਟੀ-ਕੱਪੜਾ-ਮਕਾਨ ਦੀ ਲੋੜ ਹੈ ਪਰ ਸਰਕਾਰਾਂ ਇਹ ਨਹੀਂ ਦੇ ਰਹੀਆਂ ਉਨ੍ਹਾਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਬਸ ਆਪਾਂ ਭਾਰਤ ਤੋਂ ਕਸ਼ਮੀਰ ਖੋਹ ਲਈਏ ਸਭ ਠੀਕ-ਠਾਕ ਕਰ ਦਿਆਂਗੇ। ਇਸੇ ਤਰ੍ਹਾਂ ਭਾਰਤ ਵਿਚ ਹਾਕਮਾਂ ਦੀਆਂ ਨੀਤੀਆਂ ਕਾਰਨ ਬੇਕਾਰੀ, ਗਰੀਬੀ, ਭੁੱਖਮਰੀ, ਅਨਪੜ੍ਹਤਾ, ਮਾੜੀਆਂ ਜੀਵਨ ਹਾਲਤਾਂ ਦਾ ਡੰਗ ਝੱਲ ਰਹੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਸਾਰੀਆਂ ਮੁਸ਼ਕਿਲਾਂ ਲਈ ਪਾਕਿਸਤਾਨ ਜਿੰਮੇਵਾਰ ਹੈ। ਹਿੰਦੂ ਨੂੰ ਕਹਿੰਦੇ ਹਨ ਮੁਸਲਿਮ ਨੀ ਥੋਨੂੰ ਉਠਣ ਦਿੰਦੇ, ਮੁਸਲਿਮ ਨੂੰ ਕਹਿੰਦੇ ਹਨ ਹਿੰਦੂ ਨ੍ਹੀ ਥੋਨੂੰ ਅੱਗੇ ਵਧਣ ਦਿੰਦੇ। ਇਸ ਸਾਰੇ ਰਾਮਰੌਲੇ ਵਿਚ ਲੁੱਟ (ਸਾਮਰਾਜੀ ਅਤੇ ਭਾਰਤ ਧੰਨ ਕੁਬੇਰਾਂ ਦੀ) ਦਾ ਕਾਰੋਬਾਰ ਖੂਬ ਚਲਦਾ ਰਹਿੰਦਾ ਹੈ।
ਉਪਰੋਕਤ ਸਾਰੀ ਗਲੀਜ਼ ਖੂਨੀ ਖੇਡ ਨੂੰ ਸਮਝਣਾ ਅਤੇ ਇਸ ਦੇ ਸੂਤਰਧਾਰਾਂ, ਦੇਸੀ ਬਦੇਸ਼ੀ ਲੋਟੂਆਂ ਨੂੰ, ਨਿਸ਼ਾਨੇ 'ਤੇ ਲੈਣਾ ਅਤੇ ਇਸ ਸਮਝਦਾਰੀ ਦੇ ਚੌਖਟੇ 'ਚੋਂ ਪਠਾਨਕੋਟ ਏਅਰਬੇਸ ਹਮਲੇ ਅਤੇ ਅਜਿਹੀਆਂ ਹੋਰ ਘਟਨਾਵਾਂ ਨੂੰ ਘੋਖਣਾ ਅੱਜ ਅਤੀ ਜ਼ਰੂਰੀ ਹੈ। ਫਿਰ ਹੀ ਅਸੀਂ ਚੰਗੇ ਭਵਿੱਖ ਦੇ ਹੱਕੀ ਸੰਗਰਾਮਾਂ ਦੀ ਸਿਰਜਣਾ ਕਰਕੇ ਜਿੱਤ ਦੇ ਬੂਹੇ ਤੱਕ ਪੁੱਜਣਯੋਗ ਹੋ ਸਕਾਂਗੇ।

No comments:

Post a Comment