Saturday 13 February 2016

ਸੰਪਾਦਕੀ ਟਿੱਪਣੀਆਂ (ਸੰਗਰਾਮੀ ਲਹਿਰ-ਫਰਵਰੀ 2016)

ਸੰਘ ਪਰਿਵਾਰ ਦੀ ਅਸਹਿਣਸ਼ੀਲਤਾ ਦਾ ਇਕ ਹੋਰ ਸ਼ਿਕਾਰ ਰੋਹਿਤ ਬੇਮੁੱਲਾ
 ''ਮੇਰੇ ਯੂਨੀਵਰਸਿਟੀ ਵੱਲ ਪਿਛਲੇ ਸਤ ਮਹੀਨਿਆਂ ਦੇ ਇਕ ਲੱਖ ਪਝੰਤਰ ਹਜ਼ਾਰ ਰੁਪਏ ਵਜ਼ੀਫੇ ਦੇ ਬਕਾਇਆ ਹਨ, ਜੋ ਕੋਈ ਵੀ ਮੇਰੀ ਇਹ ਚਿੱਠੀ ਪੜ੍ਹੇ ਉਹ ਮਿਹਰਬਾਨੀ ਕਰਕੇ ਇਹ ਪੈਸੇ ਮੇਰੇ ਮਾਂ-ਬਾਪ ਕੋਲ ਪੁਚਾ ਦੇਵੇ।''
''ਮੇਰਾ ਪੁਨਰਜਨਮ ਜਾਂ ਵਾਰ-ਵਾਰ ਜਨਮ ਲੈਣ ਦੇ ਫਲਸਫੇ ਵਿਚ ਕੋਈ ਯਕੀਨ ਨਹੀਂ।''
''ਮੈਂ ਰਾਮਜੀ (ਕਿਸੇ ਮਿੱਤਰ) ਤੋਂ 45000 ਰੁਪਏ ਉਧਾਰ ਲਏ ਸਨ, ਉਸਨੇ ਨਾ ਕਦੀ ਮੈਨੂੰ ਸੁਣਾਇਆ ਅਤੇ ਨਾ ਹੀ ਮੰਗੇ, ਪਰ ਮੈਂ ਚਾਹੁੰਦਾ ਹਾਂ ਕਿ ਉਸਦੇ ਪੈਸੇ ਹਰ ਹਾਲਤ 'ਚ ਵਾਪਸ ਕਰ ਦਿੱਤੇ ਜਾਣ।''
''ਮੈਂ, ਮਾਫ ਕਰੀ ਓਮੇ ਵੀਰੇ! ਮੈਂ ਤੇਰੇ ਕਮਰੇ 'ਚ ਆਤਮ ਹੱਤਿਆ ਕਰ ਰਿਹਾਂ।''
ਬੀਤੀ 17 ਜਨਵਰੀ ਨੂੰ, 15 ਦਿਨ ਮੁਅੱਤਲ ਰਹਿਣ ਅਤੇ ਉਦੋਂ ਤੋਂ ਹੀ ਹੋਸਟਲ 'ਚੋਂ ਕੱਢ ਦਿੱਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਸਾਇੰਸ ਦੇ ਪੀ.ਐਚ.ਡੀ. ਖੋਜਾਰਥੀ (Ph.D Scholar) ਰੋਹਿਤ ਵੇਮੁੱਲਾ ਨੇ ਆਪਣੀ ਆਖਰੀ ਚਿੱਠੀ (Suicide note) ਵਿਚ ਉਪਰੋਕਤ ਸ਼ਬਦ ਲਿਖੇ ।
ਇਸ ਦਲਿਤ, ਰੌਸ਼ਨ ਦਿਮਾਗ ਵਿਗਿਆਨ ਖੋਜਾਰਥੀ, ਦਾ ਪਿੰਡ ਗੰਟੁਰ ਨੇੜੇ ਗੁਰਾਜਲਾ ਹੈ। ਰੋਹਿਤ ਦਾ ਪਿਤਾ ਸਕਿਊਰਟੀ ਗਾਰਡ ਅਤੇ ਮਾਂ ਟੇਲਰਿੰਗ ਦਾ ਕੰਮ ਕਰਦੇ ਹਨ।
ਰੋਹਿਤ ਵੇਮੁੱਲਾ ਉਨ੍ਹਾਂ ਪੰਜ ਵਿਦਿਆਰਥੀਆਂ 'ਚੋਂ ਇਕ ਹੈ ਜਿਨ੍ਹਾਂ ਨੂੰ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਉਪਕੁਲਪਤੀ (Vice Chancellor) ਮਿਸਟਰ ਅੱਪਾ ਰਾਓ ਨੇ 17 ਜਨਵਰੀ ਨੂੰ ਮੁਅੱਤਲ ਕਰਕੇ ਹੋਸਟਲ 'ਚੋਂ ਕੱਢ ਦਿੱਤਾ ਸੀ। ਰੋਹਿਤ ਇਸ ਗੱਲ ਤੋਂ ਬਹੁਤ ਦੁਖੀ ਸੀ ਅਤੇ ਅੰਤ ਨੂੰ ਆਪਣੀ ਗਰੀਬੀ, ਮਾਂ-ਬਾਪ ਦੇ ਤੰਗੀ ਭਰੇ ਹਾਲਾਤ ਅਤੇ ਭਵਿੱਖ ਦੇ ਸਾਹਮਣੇ ਲੱਗੇ ਪ੍ਰਸ਼ਨਚਿੰਨ੍ਹ ਤੋਂ ਇੰਨਾਂ ਨਿਰਾਸ਼ ਹੋਇਆ ਕਿ ਉਸਨੇ ਆਪਣੇ ਜੀਵਨ ਦਾ ਹੀ ਅੰਤ ਕਰ ਲਿਆ। ਬਦਕਿਸਮਤੀ ਨਾਲ ਆਤਮ ਹੱਤਿਆ ਲਈ ਉਸਨੇ ਆਪਣੀ ਪਿਆਰੀ ਜਥੇਬੰਦੀ ਏਐਸਏ ਦਾ ਬੈਨਰ ਹੀ ਵਰਤਿਆ।
ਪੜ੍ਹਾਈ 'ਚ ਹੁਸ਼ਿਆਰ ਰੋਹਿਤ ਨੂੰ ਦਾਖਲਾ ਰਾਖਵੇਂ ਦਲਿਤ ਕੋਟੇ ਦੀ ਬਜਾਇ ਜਨਰਲ ਕੈਟੇਗਿਰੀ 'ਚ ਮਿਲਿਆ ਸੀ। ਉਸ ਦੇ ਦਲਿਤ  ਭਾਈਚਾਰੇ ਨਾਲ ਸਬੰਧਤ ਹੋਣ ਦਾ ਪਤਾ ਤਾਂ ਉਸ ਦੇ ਰਿਹਾਇਸ਼ੀ ਪ੍ਰਮਾਣ ਪੱਤਰ ਭਾਵ (Domicile Certificate) ਤੋਂ ਹੀ ਲੱਗਦਾ ਹੈ।
ਸਾਡੇ ਦੇਸ਼ ਦੇ ਬਹੁਤ ਸਾਰੇ ਬੁੱਧੀਜੀਵੀ ਭਾਰਤ 'ਚੋਂ ਬੁੱਧੀ ਨਿਕਾਸ (Brain Drain) ਭਾਵ ਰੌਸ਼ਨ ਦਿਮਾਗ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਨ ਲਈ ਜਾਣ ਅਤੇ ਪੱਕੇ ਤੌਰ 'ਤੇ ਉਥੇ ਹੀ ਜਾ ਕੇ ਵਸ ਜਾਣ ਦੇ ਵਰਤਾਰੇ ਤੋਂ ਬੜੀ ਚਿੰਤਾ ਜਾਹਰ ਕਰਦੇ ਹਨ। ਰੋਹਿਤ ਵੇਮੁੱਲਾ ਵਰਗੇ ਹੁਸ਼ਿਆਰ ਖੋਜਾਰਥੀ ਦੀ ਅਜਿਹੀ ਮੌਤ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ?
ਘਟਨਾ ਦਾ ਪਿਛੋਕੜ ਇਹ ਹੈ ਕਿ ਆਰ.ਐਸ.ਐਸ. ਦੀ ਵਿਦਿਆਰਥੀ ਸ਼ਾਖਾ 'ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ' (ਏ.ਬੀ.ਵੀ.ਪੀ.) ਦੇ ਆਗੂ ਐਨ.ਸੁਸ਼ੀਲ ਕੁਮਾਰ ਨੇ ਰੋਹਿਤ ਵੇਮੁੱਲਾ ਅਤੇ ਉਸਦੇ ਦੋਸਤਾਂ ਵਿਰੁੱਧ ਇਕ ਝੂਠੀ ਸ਼ਿਕਾਇਤ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੇ ਹੋਸਟਲ ਦੇ ਅਧਿਕਾਰੀਆਂ ਕੋਲ ਕਰ ਦਿੱਤੀ। ਸ਼ਿਕਾਇਤ ਦਾ ਇਕ ਉਤਾਰਾ ਸਥਾਨਕ ਪੁਲਸ ਅਧਿਕਾਰੀਆਂ ਨੂੰ ਵੀ ਭੇਜਿਆ ਗਿਆ ਅਤੇ ਪੁਲਸ ਨੇ ਰੋਹਿਤ ਅਤੇ ਉਸਦੇ ਦੋਸਤਾਂ ਨੂੰ ''ਪੁੱਛਗਿੱਛ'' ਲਈ ਥਾਣੇ ਵੀ ਬੁਲਾਇਆ ਸੀ। ਰੋਹਿਤ ਥਾਣੇ ਬੁਲਾਏ ਜਾਣ ਤੋਂ ਕਾਫੀ ਮਾਯੂਸ ਸੀ ਕਿਉਂਕਿ ਪੁਲਸ ਜਿਨ੍ਹਾਂ ਢੰਗਾਂ ਨਾਲ 'ਪੁੱਛਗਿੱਛ' ਕਰਦੀ ਹੈ ਉਨ੍ਹਾਂ ਢੰਗ ਤਰੀਕਿਆਂ ਤੋਂ ਰੋਹਿਤ ਬਹੁਤ ਅਪਮਾਨਿਤ ਮਹਿਸੂਸ ਕਰ ਰਿਹਾ ਸੀ। ਏ.ਬੀ.ਵੀ.ਪੀ. ਆਗੂ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਸ਼ਿਕਾਇਤ ਦੀਆਂ ਕਾਪੀਆਂ ਸਥਾਨਕ ਸਾਂਸਦ ਅਤੇ ਕੇਂਦਰੀ ਵਜ਼ੀਰ ਬੰਡਾਰੂ ਦੱਤਾਤ੍ਰੇਅ ਨੂੰ ਭੇਜ ਦਿੱਤੀਆਂ। ਬੰਗਾਰੂ ਦੱਤਾਤ੍ਰੇਅ ਨੇ ਆਪਣੇ ਵਲੋਂ ਕਾਰਵਾਈ ਦੇ ਸੁਝਾਅ ਦਾ ਨੋਟ ਲਿਖ ਕੇ ਇਹ ਕਾਪੀ ਮਨੁੱਖੀ ਸ੍ਰੋਤ ਵਿਕਾਸ ਦੇ ਮੰਤਰੀ (HRD Minister) ਸਿਮਰਤੀ ਈਰਾਨੀ ਨੂੰ ਭੇਜ ਦਿੱਤੀ। ਅੱਗੋਂ ਇਸ ਮੋਹਤਰਮਾ ਨੇ ਵਾਰ-ਵਾਰ ਯੂਨੀਵਰਸਿਟੀ ਅਧਿਕਾਰੀਆਂ ਨੂੰ ਚਿੱਠੀਆਂ (ਰੀਮਾਇੰਡਰਸ) ਲਿਖ-ਲਿਖ ਕਾਰਵਾਈ ਲਈ ਕਿਹਾ ਅਤੇ ਅੰਤ ਨੂੰ ਹੋਈ ਕਾਰਵਾਈ ਦੇ ਸਿੱਟੇ ਵਜੋਂ ਇਕ ਜਾਨ ਅਜਾਈਂ ਚਲੀ ਗਈ।
ਇਸ ਵੱਡਮੁੱਲੀ ਜਾਨ ਦੇ ਚਲੇ ਜਾਣ ਦੇ ਕਾਰਨ ਸਿਆਸੀ ਅਤੇ ਵਿਚਾਰਧਾਰਕ ਹਨ। ਇਨ੍ਹਾਂ ਕਾਰਨਾਂ ਦੀ ਘੋਖ ਕਰਨੀ ਬਣਦੀ ਹੈ। ਘੋਖ ਲਈ ਤੱਥ ਹਨ ਜੋ ਆਪਣੇ ਆਪ 'ਚ ਹੀ ਸਭ ਕੁੱਝ ਸਾਫ ਕਰ ਦਿੰਦੇ ਹਨ।
ਸਬੰਧਤ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਕੀਤੀ ਗਈ ਪੜਤਾਲ 'ਚ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਐਨ.ਸੁਸ਼ੀਲ ਕੁਮਾਰ ਦੀ ਕੋਈ ਕੁੱਟਮਾਰ ਨਹੀਂ ਹੋਈ ਬਲਕਿ ਭਵਿੱਖ 'ਚ ਚੱਲਣ ਵਾਲੇ ਮੁਕੱਦਮੇਂ 'ਚ ਮਾਣਯੋਗ ਅਦਾਲਤ ਤੋਂ ਹਮਦਰਦੀ ਹਾਸਲ ਕਰਨ ਲਈ ਅਜਿਹੀ ਕਹਾਣੀ ਘੜ ਰਿਹਾ ਸੀ।
ਅਸਲ 'ਚ ਗੱਲ ਝਗੜੇ ਜਾਂ ਮਾਰਕੁੱਟ ਦੀ ਨਾਂ ਹੋ ਕੇ ਸਾਰਾ ਮਸਲਾ ਕੁੱਝ ਹੋਰ ਹੀ ਹੈ।
ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਜਪਾ ਦੇ ਸਪੱਸ਼ਟ ਬਹੁਮਤ ਵਾਲੀ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਦੇ ਕਾਬਜ ਹੋਣ ਦਾ ਲਾਹਾ ਲੈਂਦਿਆਂ ਪਿਛਾਖੜੀ ਰਾਸ਼ਟਰੀ ਸਵੈਮ ਸੇਵਕ ਸੰਘ (RSS) ਆਪਣੇ ਫਿਰਕੂ ਧਰੁਵੀਕਰਨ ਦਾ ਏਜੰਡਾ ਮਜ਼ਬੂਤੀ ਨਾਲ ਅੱਗੇ  ਵਧਾਉਣਾ ਚਾਹੁੰਦਾ ਹੈ। ਇਸ ਧਰੁਵੀਕਰਨ ਜਾਂ ਕਹਿ ਲਉ ਭਾਰਤ 'ਚ ਰਹਿੰਦੇ ਫਿਰਕਿਆਂ ਦੀ ਸਦੀਵੀਂ ਵੰਡ ਦੇ ਕੋਝੇ ਉਦੇਸ਼ ਨੂੰ ਸੰਘ ਪਰਿਵਾਰ ਵਾਲੇ ''ਹਿੰਦੂਤਵ ਦੀ ਪੁਨਰਸਥਾਪਨਾ'' ਦਾ ਭੁਲੇਖਾ ਪਾਉ ਨਾਂਅ ਵੀ ਦਿੰਦੇ ਹਨ। ਇਸ ਦੀ ਪੂਰਤੀ ਲਈ ਸੰਘੀਆਂ ਨੇ ''ਆਪਣੀ'' ਸਰਕਾਰ ਹੋਣ ਦਾ ਲਾਹਾ ਲੈਂਦਿਆਂ (1) ਫਿਰਕੂ ਪ੍ਰਚਾਰ ਅਤੇ ਫਿਰਕੂ ਵੰਡ ਦੇ ਕਾਰਗਰ ਹਥਿਆਰ ਭਾਵ ਸ਼ਾਖਾਵਾਂ ਦੀ ਗਿਣਤੀ ਬੇਓੜਕ ਵਧਾ ਲਈ ਹੈ, (2) ਸੂਬਿਆਂ 'ਚ ਆਪਣੇ ਗਵਰਨਰ ਨਿਯੁਕਤ ਕਰ ਲਏ ਹਨ, ਜੋ ਗਵਰਨਰ ਦੀ ਪਦਵੀ ਦੀਆਂ ਹੱਦਾਂ ਨੂੰ ਸ਼ਰੇਆਮ ਉਲੰਘ ਕੇ ਸੰਘ ਦੀ ਇਛਾ ਅਨੁਸਾਰ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਦੇ ਹਨ, (3) ਨਿਯੁਕਤੀ ਕੀਤੇ ਜਾਣ ਵਾਲੇ ਸਾਰੇ ਪ੍ਰਸ਼ਾਸ਼ਕੀ ਅਹੁਦਿਆਂ 'ਤੇ ਮਨ ਮਾਫ਼ਿਕ ਬੰਦੇ (ਅਸਲ 'ਚ ਸੰਘ ਪ੍ਰਚਾਰਕ) ਥਾਪ ਦਿੱਤੇ ਹਨ, (4) ਦੂਰਦਰਸ਼ਨ, ਫਿਲਮ ਸੈਂਸਰ ਬੋਰਡ, ਕਲਾ ਟ੍ਰੇਨਿੰਗ ਅਦਾਰਿਆਂ 'ਚ ਸਿਰਫ ਸੰਘ ਦੀ ਵਫਾਦਾਰੀ ਦਾ ਗੁਣ ਦੇਖਦਿਆਂ ਨਾਪਾਏਦਾਰ ਬੰਦੇ ਥੋਪ ਦਿੱਤੇ ਹਨ, (5) ਪਾਠਕ੍ਰਮਾਂ ਨੂੰ ਬਾਲਾਂ/ਸਿੱਖਿਆਰਥੀਆਂ ਦੇ ਮਨਾਂ ਨੂੰ ਸਦਾ ਲਈ ਤਰੁਟੀਪੂਰਨ/ਇਕਪਾਸੜ ਕਰਨ ਦੇ ਨਾਪਾਕ ਉਦੇਸ਼ ਦੀ ਪੂਰਤੀ ਲਈ ਬਦਲਣ ਹਿਤ ਸਬੰਧਤ ਅਦਾਰਿਆਂ 'ਚ ਸੰਘੀਆਂ ਨੂੰ ਵਾਗਡੋਰ ਸੰਭਾਲ ਦਿੱਤੀ ਹੈ ਅਤੇ (6) ਵੱਖ ਵੱਖ ਸਮਾਜਿਕ ਖੇਤਰਾਂ ਨਾਲ ਸਬੰਧਤ ਆਪਣੇ ਵਿੰਗਾਂ, ਜੋ ਮਿਲਕੇ ਸੰਘ ਪਰਵਾਰ ਬਣਦੇ ਹਨ, ਦੀ ਸਬੰਧਤ ਖੇਤਰਾਂ 'ਚ ਸਰਦਾਰੀ ਸਥਾਪਿਤ ਕੀਤੀ ਜਾ ਰਹੀ ਹੈ।
ਅਖੀਰਲੇ ਉਦੇਸ਼ ਦੇ ਅਹਿਮ ਹਿੱਸੇ ਵਜੋਂ ਵਿਦਿਅਕ ਖੇਤਰਾਂ 'ਚ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦੇ ਸਰਦਾਰੀ ਦੇ ਯਤਨ ਕੀਤੇ ਜਾ ਰਹੇ ਹਨ। ਇਸ ਕੰਮ 'ਚ ਸਹਾਈ ਹੋ ਰਹੇ ਹਨ ਕੇਂਦਰੀ ਵਜ਼ੀਰ ਖਾਸ ਕਰਕੇ ਮਨੁੱਖੀ ਵਿਕਾਸ ਤੇ ਸਰੋਤ ਮੰਤਰਾਲਾ ਜਿਸ ਦੇ ਅਧੀਨ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਆਉਂਦੀਆਂ ਹਨ। ਉਨ੍ਹਾਂ ਦੇ ਇਸ ਉਦੇਸ਼ ਦੀ ਪੂਰਤੀ ਦੇ ਰਾਹ ਵਿਚ ਰੋੜਾ ਬਣਦੀਆਂ ਵਿਰੋਧੀ ਵਿਚਾਰਾਂ ਦੀਆਂ ਵਿਦਿਆਰਥੀ ਜਥੇਬੰਦੀ ਅਤੇ ਉਹ ਵੀ ਖੱਬੀ ਸੋਚ ਵਾਲੀਆਂ 'ਤੇ ਹਿੰਦੂਵਾਦੀ ਕੱਟੜਤਾ ਵਿਰੋਧੀ ਹੋਰ ਸੰਗਠਨ।
ਰੋਹਿਤ ਵੇਮੁੱਲਾ ਦੀ ਆਤਮ ਹੱਤਿਆ ਦੀ ਦਰਦਨਾਕ ਘਟਨਾ ਅਸਲ 'ਚ ਉਪਰੋਕਤ ਨਫਰਤਯੋਗ ਸਾਜਿਸ਼ ਦਾ ਹਿੱਸਾ ਹੈ।
ਦਲਿਤ ਪਰਿਵਾਰ 'ਚ ਜੰਮੇ  ਹੋਣ ਕਰਕੇ ਰੋਹਿਤ ਅਤੇ ਉਸ ਦੇ ਮਿੱਤਰ ਜਾਤਪਾਤੀ ਵਿਵਸਥਾ ਨੂੰ ਡਾਢੀ ਨਫਰਤ ਕਰਦੇ ਸਨ ਅਤੇ ਇਸ ਮਕਸਦ ਲਈ ਉਨ੍ਹਾਂ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ASA) ਦਾ ਗਠਨ ਕੀਤਾ ਸੀ। ਏ.ਬੀ.ਵੀ.ਪੀ., ਭਾਜਪਾ ਦੇ ਕੇਂਦਰੀ ਮੰਤਰੀਆਂ, ਭਾਜਪਾ ਸੰਗਠਨ ਅਤੇ ਸੰਘ ਪਰਵਾਰ ਨੂੰ ਰੋਹਿਤ ਅਤੇ ਉਸਦੇ ਮਿੱਤਰਾਂ ਦਾ ਇਹ ''ਬਾਗੀਪੁਣਾ'' ਉੱਕਾ ਹੀ ਪਸੰਦ ਨਹੀਂ ਸੀ। ਰੋਹਿਤ ਅਤੇ ਉਸਦੇ ਹੋਰ ਸਾਥੀਆਂ ਵਿਰੁੱਧ ਝੂਠੀ ਸ਼ਿਕਾਇਤ ਅਤੇ ਉਸ ਦੇ ਅਧਾਰ 'ਤੇ ਕੇਂਦਰੀ ਵਜੀਰਾਂ ਵਲੋਂ ਵਾਰ ਵਾਰ ਯੂਨੀਵਰਸਿਟੀ ਨੂੰ ਮਜ਼ਬੂਰ ਕਰਨ ਦਾ ਅਧਾਰ ਅਸਲ 'ਚ ਇੱਥੇ ਹੈ।
ਅੱਗੋਂ ਅੱਗ 'ਤੇ ਪੈਟਰੋਲ ਇਸ ਨਾਲ ਪੈ ਗਿਆ ਕਿ ਫਿਰਕੂ ਹਿੰਸਾ ਨੂੰ ਭੰਡਣ ਵਾਲੀ ਫਿਲਮ ''ਮੁਜ਼ਫੱਰਨਗਰ ਬਾਕੀ ਹੈ'' ਦੀ ਸਕਰੀਨਿੰਗ ਮੌਕੇ ਏ.ਬੀ.ਵੀ.ਪੀ. ਵਲੋਂ ਕੀਤੀ ਗਈ ਹੁਲੜਬਾਜ਼ੀ ਖਿਲਾਫ ਰੋਹਿਤ ਅਤੇ ਉਸ ਦੇ ਦੋਸਤਾਂ ਨੇ ਇਕ ਪ੍ਰੈਸ ਬਿਆਨ ਦੇ ਦਿੱਤਾ। ਪ੍ਰੈਸ ਬਿਆਨ ਦੇਣ ਵਾਲੀਆਂ ਜਥੇਬੰਦੀਆਂ 'ਚ ਏਐਸਏ ਤੋਂ ਬਿਨਾਂ ਦਿੱਲੀ ਯੂਨੀਵਰਸਿਟੀ ਦੀ ਅੰਬੇਡਕਰ ਰੀਡਿੰਗ ਗਰੁੱਪ, ਆਈ.ਆਈ.ਟੀ. ਮਦਰਾਸ ਦਾ ਅੰਬੇਡਕਰ-ਪੇਰੀਆਰ ਸਟੱਡੀ ਸਰਕਲ ਅਤੇ ਮੁੰਬਈ ਵਿਚ ਏ.ਐਸ.ਏ.(ਟੀ.ਈ.ਐਸ.ਐਸ.) ਵੀ ਸ਼ਾਮਲ ਸਨ। ਇਨ੍ਹਾਂ ਹੀ ਜਥੇਬੰਦੀਆਂ ਦੇ ਸੱਦੇ 'ਤੇ ਫਿਲਮ ਦੀ ਸਕਰੀਨਿੰਗ ਦੌਰਾਨ ਹੋਈ ਹੁੱਲੜਬਾਜ਼ੀ ਅਤੇ ਅੰਬੇਡਕਰ-ਪੇਰੀਆਰ ਸਟਡੀ ਸਰਕਲ ਆਈ.ਆਈ.ਟੀ. ਮਦਰਾਸ ਦੀ ਮਾਨਤਾ ਰੱਦ ਕੀਤੇ ਜਾਣ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਗਏ ਸਨ। ਯਾਦ ਰਹੇ ਸਟੱਡੀ ਸਰਕਲ ਦੀ ਮਾਨਤਾ ਵੀ ਮੋਹਤਰਮਾ ਸਿਮਰਤੀ ਈਰਾਨੀ ਦੇ ਹੁਕਮਾਂ ਨਾਲ  ਹੀ ਰੱਦ ਹੋਈ ਸੀ ਅਤੇ ਇਲਜ਼ਾਮ ਇਹ ਲਾਇਆ ਗਿਆ ਸੀ ਕਿ ਸਟੱਡੀ ਸਰਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਰੋਧਤਾ ਕਿਉਂ ਕਰਦਾ ਹੈ।
ਅਸੀਂ ਗੱਲ ਖਤਮ ਕਰਨ ਤੋਂ ਪਹਿਲਾਂ ਇਹ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਯੂਨੀਵਰਸਿਟੀਆਂ, ਕਾਲਜਾਂ ਵਿਚ ਵਿਦਿਆਰਥੀਆਂ ਗੁੱਟਾਂ ਜਾਂ ਸੰਗਠਨਾਂ ਦਾ ਵਾਦ-ਵਿਵਾਦ ਜਾਂ ਟਕਰਾਅ ਅਕਸਰ ਹੀ ਹੁੰਦਾ ਰਹਿੰਦਾ ਹੈ ਜਾਂ ਕਹਿ ਲਉ ਵਿਚਾਰਧਾਰਾ ਦੇ ਵਿਰੋਧ ਕਾਰਨ ਇਹ ਸੁਭਾਵਕ ਵੀ ਹੈ।
ਪਰ ਸਵਾਲ ਇਹ ਹੈ ਕਿ ਕੀ ਹੁਣ ਦੇਸ਼ ਵਿਚਲੇ ਵਿਦਿਅਕ ਅਦਾਰਿਆਂ ਵਿਚ ਵਿਚਾਰਧਾਰਾਵਾਂ ਦੇ ਵੱਖਰੇਵੇਂ ਦਾ ਅੰਜਾਮ ਰੋਹਿਤ ਵੇਮੁੱਲਾ ਵਰਗੇ ਦਿਮਾਗੀ ਤੌਰ 'ਤੇ ਅਮੀਰ ਵਿਦਿਆਰਥੀਆਂ ਦੀ ਬੇਵਕਤੀ 'ਤੇ ਕਰੂਪ ਮੌਤ ਹੋਵੇਗਾ?
ਲੇਖਕਾਂ, ਕਲਾਕਾਰਾਂ, ਵਿਗਿਆਨੀਆਂ, ਫਿਲਮਕਾਰਾਂ ਅਤੇ ਹੋਰ ਬੁੱਧੀਜੀਵੀਆਂ ਦੇ ਅਸਤੀਫਿਆਂ ਵੇਲੇ ਜ਼ੋਰ ਨਾਲ ਉਭਰੇ ਅਸਹਿਣਸ਼ੀਲਤਾ ਦੇ ਮੁੱਦੇ ਤੋਂ ਘਬਰਾਈ ਭਾਜਪਾ ਅਤੇ ਸੰਘ ਪਰਵਾਰ ਨੇ ਦੇਸ਼ ਦੀ ਚੰਗੀ ਸੋਚਣੀ ਵਾਲੀ ਬਹੁਗਿਣਤੀ ਦੇ ਮੂਡ ਨੂੰ ਭਾਜਪਾ ਨੇ ਅਜੇ ਵੀ ਦਰਕਿਨਾਰ ਹੀ ਕੀਤਾ ਹੈ। ਰੋਹਿਤ ਦੀ ਆਤਮ ਹੱਤਿਆ ਵਾਲੀ ਘਟਣਾ ਇਸੇ ਦੀ ਪੁਸ਼ਟੀ ਕਰਦੀ ਹੈ। ਦੇਸ਼ ਦੁਨੀਆਂ ਦਾ ਭਲਾ ਚਾਹੁਣ ਵਾਲੇ, ਸ਼ਾਂਤੀ ਨਾਲ ਜਿਊਣ ਦੇ ਇੱਛੁਕ ਹਰ ਫਿਰਕੇ, ਹਰ ਜਾਤ, ਹਰ ਖਿੱਤੇ, ਹਰ ਭਾਸ਼ਾ ਬੋਲਣ ਵਾਲੇ ਭਾਰਤਵਾਸੀ ਨੂੰ ਹੁਣ ਇਸ ਖੇਤਰ ਵਿਚ ਵਧਦੀ ਜਾ ਰਹੀ ਅਸਹਿਣਸ਼ੀਲਤਾ ਖਿਲਾਫ ਉਠ ਖੜੋਣਾ ਚਾਹੀਦਾ ਹੈ।

ਕਰਜ਼ੇ ਦੇ ਭਾਰ ਹੇਠ ਦੱਬੀ ਗਈ  ਪੰਜਾਬ ਦੀ ਕਿਸਾਨੀ 


ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਮੁੱਖੀ ਪ੍ਰੋ. ਗਿਆਨ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਕ ਤਾਜ਼ਾ ਸਰਵੇ ਅਨੁਸਾਰ ਪੰਜਾਬ ਦੀ ਕਿਸਾਨੀ ਕਰਜ਼ੇ ਦੇ ਭਾਰ ਹੇਠ ਲਗਾਤਾਰ ਦਬਦੀ ਜਾ ਰਹੀ ਹੈ। 23 ਜਨਵਰੀ 2016 ਦੀ ਅੰਗਰੇਜ਼ੀ ਟ੍ਰਿਬਿਊਨ ਵਿਚ ਇਸ ਸਰਵੇ ਦੇ ਛਪੇ ਕੁੱਝ ਅੰਸ਼ਾਂ ਅਨੁਸਾਰ ਇਹ ਕਰਜ਼ਾ ਹੁਣ ਤਕ 69355 ਕਰੋੜ ਰੁਪਏ ਹੋ ਚੁੱਕਾ ਹੈ। ਇਸ 'ਚੋਂ 56481 ਕਰੋੜ ਰੁਪਏ ਦਾ ਕਰਜ਼ਾ ਸੰਸਥਾਵਾਂ (ਬੈਂਕਾਂ ਆਦਿ) ਦਾ ਹੈ ਜਿਹੜਾ ਕਿ ਮਾਰਚ 2013 ਵਿਚ 52000 ਕਰੋੜ ਰੁਪਏ ਸੀ।
ਸਰਵੇ ਕਰਨ ਵਾਲੀ ਇਸ ਟੀਮ, ਜਿਸ ਵਿਚ ਡਾ. ਗਿਆਨ ਸਿੰਘ ਤੋਂ ਇਲਾਵਾ ਡਾ. ਅਨੁਪਮਾ, ਡਾ. ਗੁਰਵਿੰਦਰ ਕੌਰ, ਡਾ. ਰੁਪਿੰਦਰ ਕੌਰ ਅਤੇ ਡਾ. ਸੁਖਵੀਰ ਕੌਰ ਸ਼ਾਮਲ ਸਨ, ਅਨੁਸਾਰ ਸੰਸਥਾਵਾਂ ਦੇ ਕਰਜ਼ੇ ਵਿਚ ਵਾਧਾ ਦਿਖਾਈ ਦਿੰਦਾ ਹੈ ਜਦੋਂਕਿ ਸੂਦਖੋਰਾਂ ਤੇ ਆੜ੍ਹਤੀਆਂ ਤੋਂ ਲਏ ਗਏ ਕਰਜ਼ੇ ਦੀ ਮਾਤਰਾ ਵਿਚ ਬਹੁਤੀ ਤਬਦੀਲੀ ਨਹੀਂ ਆਈ। ਉਹਨਾਂ ਅਨੁਸਾਰ ਬੇਜ਼ਮੀਨੇ ਮਜ਼ਦੂਰਾਂ ਅਤੇ ਸੀਮਾਂਤਕ ਤੇ ਛੋਟੇ ਕਿਸਾਨਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਅਕਸਰ ਪ੍ਰਾਈਵੇਟ ਸੂਦਖੋਰਾਂ 'ਤੇ ਹੀ ਨਿਰਭਰ ਕਰਨਾ ਪੈਂਦਾ ਹੈ, ਕਿਉਂਕਿ ਉਹਨਾਂ ਕੋਲ ਬੈਂਕਾਂ ਤੇ ਹੋਰ ਸੰਸਥਾਵਾਂ ਤੋਂ ਕਰਜ਼ੇ ਲੈਣ ਸਮੇਂ ਗਿਰਵੀ ਰੱਖਣ ਵਾਸਤੇ ਕੁਝ ਨਹੀਂ ਹੁੰਦਾ। ਇਸ ਲਈ ਵੱਧ ਵਿਆਜ਼ ਤੇ ਸੂਦਖੋਰਾਂ ਤੋਂ ਲਏ ਜਾ ਰਹੇ ਕਰਜ਼ੇ ਦੀ ਮਾਤਰਾ ਦਾ ਪੂਰਾ ਅਨੁਮਾਨ ਆਮ ਤੌਰ 'ਤੇ ਨਹੀਂ ਲੱਗਦਾ। ਇਸ ਰਿਪੋਰਟ ਅਨੁਸਾਰ ਪ੍ਰਤੀ ਪਰਿਵਾਰ ਕਰਜ਼ੇ ਵਿਚ ਵਾਧਾ ਹੋਇਆ ਹੈ ਅਤੇ 85.9% ਕਿਸਾਨ ਪਰਿਵਾਰ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ, ਜਿਨ੍ਹਾਂ 'ਤੇ ਔਸਤਨ ਪ੍ਰਤੀ ਪਰਿਵਾਰ 5 ਲੱਖ 52 ਹਜ਼ਾਰ ਚੌਂਹਠ ਰੁਪਏ ਦੇ ਕਰਜ਼ੇ ਦਾ ਭਾਰ ਪੈ ਚੁੱਕਾ ਹੈ।
ਇਸ ਸਰਵੇ ਅਨੁਸਾਰ ਪੰਜਾਬ ਦੀ ਕਿਸਾਨੀ ਦੇ ਵੱਖ ਭਾਗਾਂ ਉਪਰ ਔਸਤਨ ਕਰਜ਼ੇ ਦਾ ਭਾਰ ਨਿਮਨਲਿਖਤ ਵੇਰਵੇ ਅਨੁਸਾਰ ਹੈ :
ਇਸ ਸਰਵੇ ਰਿਪੋਰਟ ਅਨੁਸਾਰ ਵੱਡੇ ਕਿਸਾਨਾਂ ਨੂੰ ਵਧੇਰੇ ਕਰਕੇ ਬੈਂਕਾਂ ਆਦਿ ਤੋਂ ਸੰਸਥਾਗਤ ਕਰਜ਼ਾ ਮਿਲਦਾ ਹੈ ਅਤੇ ਉਹਨਾਂ ਨੂੰ ਪ੍ਰਾਈਵੇਟ ਸ਼ਾਹੂਕਾਰਾਂ ਤੇ ਆੜ੍ਹਤੀਆਂ ਆਦਿ 'ਤੇ ਨਿਰਭਰ ਨਹੀਂ ਹੋਣਾ ਪੈਂਦਾ। ਇਸ ਰਿਪੋਰਟ ਮੁਤਾਬਕ 8.16% ਵੱਡੇ ਕਿਸਾਨਾਂ ਨੇ ਹੀ ਪ੍ਰਾਈਵੇਟ ਸੂਦਖੋਰਾਂ ਤੋਂ ਕਰਜ਼ਾ ਲਿਆ ਹੋਇਆ ਹੈ। ਜਦੋਂਕਿ 92% ਮਜ਼ਦੂਰਾਂ, 40% ਸੀਮਾਂਤ ਕਿਸਾਨਾਂ, 30% ਛੋਟੇ ਕਿਸਾਨਾਂ ਅਤੇ 14.47% ਦਰਮਿਆਨੇ ਕਿਸਾਨਾਂ ਦੇ ਸਿਰ ਪ੍ਰਾਈਵੇਟ ਸੂਦਖੋਰਾਂ ਦਾ ਕਰਜ਼ਾ ਹੈ, ਜਿਹੜੇ ਵਿਆਜ਼ ਦੀਆਂ ਮੋਟੀਆਂ ਦਰਾਂ ਰਾਹੀਂ ਇਹਨਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਚੰਗੀ ਖੱਲ ਉਧੇੜਦੇ ਹਨ। ਡਾਕਟਰ ਗਿਆਨ ਸਿੰਘ ਅਨੁਸਾਰ ਚਿੰਤਾ ਦੀ ਗੱਲ ਇਹ ਹੈ ਕਿ ਕਿਸਾਨਾਂ ਵਲੋਂ ਕਰਜ਼ੇ ਦੇ ਭਾਰ ਤੋਂ ਮੁਕਤ ਹੋਣ ਵਾਸਤੇ ਹੁਣ ਵਧੇਰੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ। ਜਦੋਂਕਿ ਇਸ ਸਰਵੇ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਨੇ ਇਹ ਕਰਜ਼ੇ ਉਤਪਾਦਕ ਕਾਰਜਾਂ ਲਈ ਹੀ ਲਏ ਹੁੰਦੇ ਹਨ। ਸਰਵੇ ਅਨੁਸਾਰ ਕਿਸਾਨਾਂ ਤੇ ਲਾਈ ਜਾ ਰਹੀ ਇਹ ਊਂਝ ਕਿ ਉਹ ਕਰਜ਼ੇ ਦੀਆਂ ਰਕਮਾਂ ਅਣਉਤਪਾਦਕ ਕੰਮਾਂ 'ਤੇ ਖਰਚਦੇ ਹਨ, ਪੂਰੀ ਤਰ੍ਹਾਂ ਠੀਕ ਨਹੀਂ ਹੈ।
ਇਸ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਕਿਸਾਨੀ ਸਿਰ ਕਰਜ਼ੇ ਦੇ ਭਾਰ ਦੇ ਵੱਧਦੇ ਜਾਣ ਦਾ ਅਸਲ ਕਾਰਨ ਖੇਤੀ ਲਾਗਤਾਂ ਦੀਆਂ ਕੀਮਤਾਂ ਦਾ ਵਧਦੇ ਜਾਣਾ ਅਤੇ ਫਸਲਾਂ ਦੇ ਵਾਜ਼ਬ ਭਾਅ ਨਾ ਮਿਲਣਾ ਹੈ।


ਆਤੰਕਵਾਦ ਨੂੰ ਭਾਂਜ ਦੇਣ ਲਈ  

ਸਰਹੱਦੀ ਗਾਂਧੀ ਵਜੋਂ ਜਾਣੇ ਜਾਂਦੇ ਉਘੇ ਸੁਤੰਤਰਤ ਸੈਨਾਨੀ, ਖਾਨ ਅਬਦੁਲ ਗੁਫ਼ਾਰ ਖਾਂ, ਦੀ ਯਾਦ ਵਿਚ ਪਾਕਿਸਤਾਨ ਦੇ ਖ਼ੈਬਰ-ਪਖਤੂਨਵਾ ਸੂਬੇ ਦੇ ਚਾਰਸੱਦਾ ਸ਼ਹਿਰ ਵਿਚ ਬਣਾਈ ਗਈ ਬਾਚਾ ਖਾਨ ਯੂਨੀਵਰਸਿਟੀ ਉਪਰ, ਦਹਿਸ਼ਤਗਰਦਾਂ ਵਲੋਂ 20 ਜਨਵਰੀ ਨੂੰ ਕੀਤਾ ਗਿਆ ਹਮਲਾ, ਉਹਨਾਂ ਦਾ ਇਕ ਹੋਰ ਘਿਨਾਉਣਾ ਕਾਰਾ ਹੈ ਜਿਸਦੀ ਵੱਧ ਤੋਂ ਵੱਧ ਮੁਜੱਮਤ ਕੀਤੀ ਜਾਣੀ ਚਾਹੀਦੀ ਹੈ। ਇਸ ਬੁਜ਼ਦਿਲਾਨਾ ਕਾਰਵਾਈ ਵਿਚ 25 ਨਿਰਦੋਸ਼ ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ, ਜਿਹਨਾਂ ਵਿਚ ਕੈਮਿਸਟਰੀ ਦੇ ਇਕ ਪ੍ਰੋਫੈਸਰ ਤੋਂ ਇਲਾਵਾ ਕਈ ਹੋਣਹਾਰ ਵਿਦਿਆਰਥੀ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ, ਸਾਲ 2016 ਦੇ ਚੜ੍ਹਦਿਆਂ ਹੀ, ਆਤੰਕਵਾਦੀਆਂ ਵਲੋਂ ਪਠਾਨਕੋਟ ਦੇ ਹਵਾਈ ਫੌਜ ਦੇ ਅੱਡੇ 'ਤੇ ਹਮਲਾ ਕੀਤਾ ਗਿਆ ਸੀ ਜਿਸ ਵਿਚ 7 ਭਾਰਤੀ ਜਵਾਨ ਸ਼ਹੀਦ ਹੋਏ। ਉਸ ਤੋਂ ਬਾਅਦ ਇੰਡੋਨੇਸ਼ੀਆ, ਅਫਗਾਨਿਸਤਾਨ, ਬੁਰਕੀਨਾਫਾਸੋ (ਅਫਰੀਕਾ) ਆਦਿ ਕਈ ਥਾਵਾਂ 'ਤੇ ਆਤੰਕਵਾਦੀਆਂ ਦੇ ਹਮਲੇ ਹੋਏ ਹਨ, ਜਿਹਨਾਂ ਵਿਚ ਦਰਜ਼ਨਾਂ ਕੀਮਤੀ ਜਾਨਾਂ ਤਬਾਹ ਹੋਈਆਂ ਹਨ।
ਪਿਛਲੇ ਕੁਝ ਸਾਲਾਂ ਤੋਂ ਆਤੰਕਵਾਦੀਆਂ ਦੀਆਂ ਅਜੇਹੀਆਂ ਵਹਿਸ਼ੀਆਨਾ ਕਾਰਵਾਈਆਂ ਵਧਦੀਆਂ ਹੀ ਜਾ ਰਹੀਆਂ ਹਨ। ਆਈ.ਐਸ.ਆਈ.ਐਸ. ਨਾਲ ਸਬੰਧਤ ਰੂੜੀਵਾਦੀ 'ਜਿਹਾਦੀਆਂ' ਵਲੋਂ ਸੀਰੀਆ ਅਤੇ ਇਰਾਕ ਦੇ ਇਲਾਕੇ ਹਥਿਆ ਕੇ ਬਣਾਈ ਗਈ ਅਖੌਤੀ ਇਸਲਾਮਿਕ ਸਟੇਟ ਅੰਦਰ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿਚ ਇਹਨਾਂ ਬੁਨਿਆਦਪ੍ਰਸਤਾਂ ਵਲੋਂ ਕੀਤੇ ਜਾ ਰਹੇ ਅਤੀ ਘਿਨਾਉਣੇ ਕੁਕਰਮਾਂ ਦੀਆਂ ਲੂੰ ਕੰਡੇ ਖੜੇ ਕਰਨ ਵਾਲੀਆਂ ਖਬਰਾਂ ਵੀ ਅਕਸਰ ਹੀ ਛਪਦੀਆਂ ਹਨ। ਇਸ ਲਗਾਤਰ ਵੱਧ ਰਹੀ ਦਹਿਸ਼ਤਗਰਦੀ ਤੋਂ ਤੰਗ ਆ ਕੇ ਮੱਧ-ਪੂਰਬ ਏਸ਼ੀਆ ਤੋਂ ਲੱਖਾਂ ਦੀ ਗਿਣਤੀ ਵਿਚ ਲੋਕੀਂ ਯੂਰਪ ਦੇ ਦੇਸ਼ਾਂ ਵੱਲ ਪਨਾਹਗੀਰਾਂ ਵਜੋਂ ਜਾ ਰਹੇ ਹਨ ਅਤੇ ਅਥਾਹ ਮੁਸੀਬਤਾਂ ਵਿਚ ਘਿਰੇ ਹੋਏ ਹਨ।
ਇਹਨਾਂ ਸਾਰੇ ਤਰਾਸਦਿਕ ਕਾਰਨਾਂ ਕਰਕੇ ਹੀ ਅੱਜ ਦੁਨੀਆਂ ਭਰ ਵਿਚ ਆਤੰਕਵਾਦ ਵਿਰੁੱਧ ਚਿੰਤਾ ਵਿਆਪਕ ਰੂਪ ਵਿਚ ਫੈਲੀ ਹੋਈ ਹੈ, ਅਤੇ ਕਈ ਦੇਸ਼ਾਂ ਦੇ ਹਾਕਮਾਂ ਵਲੋਂ ਇਸ ਨੂੰ ਖਤਮ ਕਰਨ ਦੇ ਬੜਬੋਲੇ ਐਲਾਨ ਵੀ ਕੀਤੇ ਜਾ ਰਹੇ ਹਨ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਆਤੰਕਵਾਦ ਇਕ ਸਮਾਜ-ਵਿਰੋਧੀ ਵਰਤਾਰਾ ਹੈ ਅਤੇ ਇਸ ਨੂੰ ਲਾਜ਼ਮੀ ਰੋਕਿਆ ਜਾਣਾ ਚਾਹੀਦਾ ਹੈ। ਪ੍ਰੰਤੂ ਇਸ ਮੰਤਵ ਦੀ ਪੂਰਤੀ ਲਈ ਇਹ ਵੀ ਜ਼ਰੂਰੀ ਹੈ ਕਿ ਪਹਿਲਾਂ ਇਸ ਅਮਾਨਵੀ ਵਰਤਾਰੇ ਦੇ ਅਸਲ ਕਾਰਨਾਂ ਉਪਰ ਉਂਗਲੀ ਧਰੀ ਜਾਵੇ। ਇਸ ਦਿਸ਼ਾ ਵਿਚ, ਸਾਡੀ ਸਮਝਦਾਰੀ ਇਹ ਹੈ ਕਿ ਆਤੰਕਵਾਦ ਦਾ ਅਸਲ ਸਰੋਤ ਸਾਮਰਾਜੀ ਲੁੱਟ ਘਸੁੱਟ ਕਾਰਨ ਅਮੀਰੀ ਤੇ ਗਰੀਬੀ ਵਿਚਕਾਰ ਨਿਰੰਤਰ ਵਧਦਾ ਜਾ ਰਿਹਾ ਆਰਥਿਕ ਪਾੜਾ ਹੈ। ਸਾਮਰਾਜੀ ਲੁਟੇਰੇ ਆਪਣੀ ਪੂੰਜੀਵਾਦੀ ਲੁੱਟ ਨੂੰ ਜਾਰੀ ਰੱਖਣ ਅਤੇ ਨਿਰੰਤਰ ਰੂਪ ਵਿਚ ਤਿੱਖਾ ਕਰਨ ਵਾਸਤੇ ਅਤੇ ਸਾਰੇ ਸੰਸਾਰ ਦੇ ਕੁਦਰਤੀ ਵਸੀਲਿਆਂ ਉਪਰ ਆਪਣਾ ਕਬਜ਼ਾ ਜਮਾਉਣ ਲਈ, ਸਾਰੇ ਕੌਮਾਂਤਰੀ ਕਾਇਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਕੇ ਥਾਂ ਪੁਰ ਥਾਂ ਨਜ਼ਾਇਜ਼ ਦਖਲ ਅੰਦਾਜ਼ੀਆਂ ਕਰਦੇ ਹਨ, ਹਥਿਆਰਬੰਦ ਹਮਲੇ ਕਰਦੇ ਹਨ ਅਤੇ ਲੋਕਾਂ ਉਪਰ ਹਰ ਤਰ੍ਹਾਂ ਦੇ ਜ਼ੁਲਮ ਢਾਹੁੰਦੇ ਹਨ। ਇਸ ਨਿਰੰਤਰ ਤਿੱਖੇ ਹੋ ਰਹੇ ਆਰਥਕ ਪਾੜੇ ਕਾਰਨ ਨਪੀੜੇ ਜਾ ਰਹੇ ਲੋਕਾਂ ਦੇ ਰੋਹ ਨੂੰ ਹੋਰ ਹਵਾ ਮਿਲਦੀ ਹੈ। ਇਸ ਤੋਂ ਵੱਡਾ ਅਨਿਆਂ ਹੋਰ ਕੀ ਹੋ ਸਕਦਾ ਹੈ ਕਿ ਪੂੰਜੀਵਾਦੀ ਪ੍ਰਣਾਲੀ ਅੰਦਰ ਇਕ ਪਾਸੇ ਤਾਂ ਹੱਡਭੰਨਵੀਂ ਮਿਹਨਤ ਕਰਕੇ ਵੀ ਲੋਕੀਂ ਰਜਵੀਂ ਰੋਟੀ ਤੋਂ ਮੁਹਤਾਜ ਹਨ ਅਤੇ ਦੂਜੇ ਪਾਸੇ ਭਰਿਸ਼ਟਾਚਾਰੀ ਤੇ ਵਿਹਲੜ ਮੌਜਾਂ ਮਾਣਦੇ ਹਨ। ਅਜਿਹੀਆਂ ਸਾਰੀਆਂ ਬੇਇਨਸਾਫੀਆਂ ਮਿਲਕੇ, ਲੋਕਾਂ ਅੰਦਰ ਵਿਦਰੋਹੀ ਭਾਵਨਾਵਾਂ ਨੂੰ ਲਾਜ਼ਮੀ ਪੈਦਾ ਕਰਦੀਆਂ ਹਨ। ਜਦੋਂ ਅਜੇਹੀਆਂ ਭਾਵਨਾਵਾਂ ਨੂੰ ਅਗਾਂਵਧੂ ਇਨਕਲਾਬੀ ਸੇਧ ਨਹੀਂ ਮਿਲਦੀ ਅਤੇ ਜਿੱਥੇ ਇਹਨਾਂ ਨੂੰ ਰੂੜੀਵਾਦੀ ਧਾਰਮਿਕ ਪੁੱਠ ਚੜ੍ਹ ਜਾਂਦੀ ਹੈ ਉਥੇ ਆਤੰਕਵਾਦੀ ਰੁਝਾਨਾਂ ਦਾ ਪੈਦਾ ਹੋਣਾ ਕੁਦਰਤੀ ਹੈ। ਰਾਜਨੀਤੀ ਤੇ ਧਰਮ ਦਾ ਰਲਗੱਡ ਹੋਣਾ ਹਮੇਸ਼ਾ ਹੀ ਤਬਾਹਕੁੰਨ ਹੁੰਦਾ ਹੈ। ਇਸ ਲਈ ਇਸ ਅਮਾਨਵੀ ਵਰਤਾਰੇ ਨੂੰ ਸਿਰਫ ਹਕੂਮਤੀ ਦਾਬੇ ਤੇ ਸਰਕਾਰੀ ਜਬਰ ਨਾਲ ਕਦਾਚਿੱਤ ਖਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਤਾਂ ਇਕ ਬੱਝਵੀਂ ਤੇ ਬਹੁਪੱਖੀ ਪਹੁੰਚ ਅਪਣਾਉਣ ਦੀ ਲੋੜ ਹੈ।
ਇਸ ਵਾਸਤੇ ਸਭ ਤੋਂ ਪਹਿਲੀ ਲੋੜ ਹੈ : ਲਗਾਤਾਰ ਵਧਦੀ ਜਾ ਰਹੀ ਪੂੰਜੀਵਾਦੀ ਲੁੱਟ ਤੇ ਪੂਰਵ-ਪੂੰਜੀਵਾਦੀ ਲੁੱਟ ਨੂੰ ਨੱਥ ਪਾਉਣਾ, ਅਤੇ ਸਾਮਰਾਜੀ ਵਿੱਤੀ ਪੂੰਜੀ, ਜਿਸਨੇ ਇਸ ਲੁੱਟ ਘਸੁੱਟ ਨੂੰ ਬਹੁਤ ਹੀ ਕਰੂਰ ਤੇ ਨਿਰਦਈ ਬਣਾ ਦਿੱਤਾ ਹੈ, ਨੂੰ ਖਤਮ ਕਰਨਾ। ਇਸ ਸਮੁੱਚੀ ਲੁੱਟ ਸਦਕਾ ਅਮੀਰੀ ਤੇ ਗਰੀਬੀ ਵਿਚਕਾਰ ਨਿਰੰਤਰ ਵਧਦੇ ਜਾ ਰਹੇ ਪਾੜੇ ਨੂੰ ਰੋਕ ਕੇ ਤੇ ਨਿਆਂ ਸੰਗਤ ਬਣਾਕੇ ਹੀ ਸਮਾਜਿਕ ਸ਼ਾਂਤੀ ਲਈ ਸੁਖਾਵਾਂ ਮਾਹੌਲ ਸਿਰਜਿਆ ਜਾ ਸਕਦਾ ਹੈ। ਅਤੇ, ਆਤੰਕਵਾਦ ਤੇ ਕਈ ਹੋਰ ਸਮਾਜ-ਵਿਰੋਧੀ ਵਰਤਾਰਿਆਂ ਨੂੰ ਮਾਨਵ ਸਮਾਜ 'ਚੋਂ ਮਿਲ ਰਹੀ ਉਪਜਾਊ ਭੂਮੀ ਦੀ ਤਾਸੀਰ ਬਦਲੀ ਜਾ ਸਕਦੀ ਹੈ। ਇਸਦੇ ਨਾਲ ਹੀ, ਇਹ ਵੀ ਜ਼ਰੂਰੀ ਹੈ ਕਿ ਬਰਾਬਰਤਾ 'ਤੇ ਅਧਾਰਤ ਨਿਆਂਸੰਗਤ ਸਮਾਜ ਦੀ ਸਿਰਜਣਾ ਲਈ ਧਰਮ ਤੇ ਰਾਜਨੀਤੀ ਵਿਚਕਾਰ ਸਪੱਸ਼ਟ ਨਿਖੇੜਾ ਕੀਤਾ ਜਾਵੇ ਅਤੇ ਹਰ ਪ੍ਰਕਾਰ ਦੀਆਂ ਰੂੜ੍ਹੀਵਾਦੀ ਵਿਚਾਰਧਾਰਾਵਾਂ ਅਤੇ ਫਿਰਕੂ ਵੰਡੀਆਂ ਵਿਰੁੱਧ ਯੋਜਨਾਬੱਧ ਤੇ ਜ਼ੋਰਦਾਰ ਵਿਚਾਰਧਾਰਕ ਸੰਘਰਸ਼ ਜਥੇਬੰਦ ਕੀਤੇ ਜਾਣ, ਜਮਹੂਰੀ ਸੰਸਥਾਵਾਂ ਨੂੰ ਪ੍ਰਭਾਵਸ਼ਾਲੀ ਤੇ ਮਜ਼ਬੂਤ ਬਣਾਇਆ ਜਾਵੇ, ਸੈਕੂਲਰਿਜ਼ਮ ਦਾ ਪਰਚਮ ਬੁਲੰਦ ਕੀਤਾ ਜਾਵੇ ਅਤੇ ਹਕੀਕੀ ਸੈਕੁਲਰ ਕਦਰਾਂ ਕੀਮਤਾਂ ਨੂੰ ਅਪਣਾਇਆ ਤੇ ਸੁਹਿਰਦਤਾ ਸਹਿਤ ਲਾਗੂ ਕੀਤਾ ਜਾਵੇ। ਅਜੇਹੇ ਬੱਝਵੇਂ ਬਹੁਦਿਸ਼ਾਵੀ ਤੇ ਸਿਰਤੋੜ ਯਤਨਾਂ ਰਾਹੀਂ ਹੀ ਆਤੰਕਵਾਦ ਵਰਗੇ ਘਿਨਾਉਦੇ ਦੈਂਤ ਨੂੰ ਭਾਂਜ ਦਿੱਤੀ ਜਾ ਸਕਦੀ ਹੈ।
 - ਹ.ਕ.ਸਿੰਘ

No comments:

Post a Comment