Monday 9 November 2015

ਚੰਗੇ ਭਵਿੱਖ ਤੇ ਵਿਕਾਸ ਦੀ ਜਾਮਨ ਸਹਿਣਸ਼ੀਲਤਾ ਨੂੰ ਸੱਟ ਮਾਰ ਰਿਹਾ ਸੰਘ ਪਰਵਾਰ

ਮਹੀਪਾਲ

ਕੇਂਦਰ ਵਿਚ ਆਪਣੇ ਲਗਾਤਾਰ ਦੋ ਕਾਰਜਕਾਲਾਂ ਦੌਰਾਨ ਯੂ.ਪੀ.ਏ. ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਆਪਣੇ ਚਰਿਤਰ ਅਨੁਸਾਰ ਸਾਮਰਾਜੀ ਲੋਟੂਆਂ ਦੇ ਹਿਤਾਂ ਦੀ ਪੂਰਤੀ ਲਈ ਬਣੀਆਂ ਉਦਾਰੀਕਰਨ, ਸੰਸਾਰੀਕਰਣ ਤੇ ਨਿੱਜੀਕਰਨ ਦੀਆਂ ਨੀਤੀਆਂ 'ਤੇ ਬੜੀ ਤੇਜੀ ਨਾਲ ਸਾਬਤ ਕਦਮੀਂ ਅਮਲ ਕਰਦੀ ਰਹੀ।
ਸਿੱਟੇ ਵਜੋਂ ਆਮ ਲੋਕੀਂ ਰੋਜਗਾਰ, ਸਿੱਖਿਆ, ਬਰਾਬਰ ਦੀਆਂ ਸਿਹਤ ਸਹੂਲਤਾਂ ਆਦਿ ਤੋਂ ਵਿਰਵੇ ਹੁੰਦੇ ਗਏ; ਨਿੱਤ ਵਧਦੀ ਮਹਿੰਗਾਈ ਲੋਕਾਂ ਨੂੰ ਨਿਗਲਦੀ ਰਹੀ;  ਚਾਰੇ ਪਾਸੇ ਅਰਾਜਕਤਾ ਅਤੇ ਅਪਰਾਧਾਂ ਦਾ ਬੋਲਬਾਲਾ ਰਿਹਾ, ਰਹਿੰਦੀ ਕਸਰ ਉਕਤ ਸਰਕਾਰ ਦੇ ਦੋ ਟਰਮਾਂ ਦੇ ਸ਼ਾਸਨਕਾਲ ਦੌਰਾਨ ਹੋਏ ਰਿਕਾਰਡ ਤੋੜ ਆਰਥਕ ਘਪਲਿਆਂ ਯਾਨਿ ਕੁਰੱਪਸ਼ਨ ਸਕੈਂਡਲਾਂ ਨੇ ਕੱਢ ਦਿੱਤੀ। ਲੋਕਾਂ ਅੰਦਰ ਵਾਪਰੀ ਬੇਚੈਨੀ ਉਸ ਵੇਲੇ ਹੋਰ ਵੱਧਦੀ ਗਈ ਜਦੋਂ ਸਰਕਾਰ ਦੇ ਉਚ ਰੁਤਬੇ ਵਾਲੇ ਮੰਤਰੀਆਂ ਆਦਿ ਨੇ ਮਹਿੰਗਾਈ 'ਤੇ ਗੰਭੀਰਤਾ ਨਾਲ ਕਾਬੂ ਪਾਉਣ ਦੇ ਉਪਰਾਲੇ ਕਰਨ ਦੀ ਥਾਂ ਮਹਿੰਗਾਈ ਮਾਰੇ ਲੋਕਾਂ ਦੀ ਖਿੱਲੀ ਉਡਾਉਣੀ ਸ਼ੁਰੂ ਕਰ ਦਿੱਤੀ। 2014 ਦੀਆਂ ਆਮ ਚੋਣਾਂ ਵਿਚ ਭਾਰਤੀ ਆਵਾਮ ਨੇ ਸੱਤਾ ਦੇ ਨਸ਼ੇ ਵਿਚ ਹੰਕਾਰੀ ਇਸ ਸਰਕਾਰ ਨੂੰ ਉਸ ਦੀ  ਔਕਾਤ ਦਿਖਾ ਦਿੱਤੀ। ਦੇਸ਼ ਦੇ ਅੱਜ ਤੱਕ ਦੇ ਸਭ ਤੋਂ ਮਾੜੇ ਚੋਣ ਨਤੀਜਿਆਂ ਕਾਰਨ ਯੂ.ਪੀ.ਏ. ਸਰਕਾਰ ਨਾ ਕੇਵਲ ਮਖੌਲ ਦੀ ਪਾਤਰ ਬਣੀ ਬਲਕਿ ਚੋਣ ਇਤਿਹਾਸ 'ਚ ਪਹਿਲੀ ਵਾਰ ਇਹ ਵਾਪਰਿਆ ਕਿ ਐਨੀ ਪੁਰਾਣੀ ਪਾਰਟੀ, ਜੋ ਆਜ਼ਾਦੀ ਸੰਗਰਾਮੀ ਦੀ ਮੁੱਖ ਚਾਲਕ ਸ਼ਕਤੀ ਹੋਣ ਦਾ ਦਾਅਵਾ ਕਰਦੀ ਹੋਵੇ, ਲੋਕ ਸਭਾ ਵਿਚ ਅਧਿਕਾਰਤ ਵਿਰੋਧੀ ਧਿਰ ਦਾ ਰੁਤਬਾ ਪ੍ਰਾਪਤ ਕਰਨ ਜੋਗੇ ਮੈਂਬਰ ਵੀ ਨਹੀਂ ਜੁਟਾ ਸਕੀ। ਲੋਕਾਂ ਦਾ ਇਹ ਫਤਵਾ ਸੌ ਫੀਸਦੀ ਜਾਇਜ਼ ਸੀ। ਪਰ ਇੱਥੇ ਹੀ ਭਾਰਤ ਵਾਸੀਆਂ ਨਾਲ ਇਕ ਹੋਰ ਜੱਗੋਂ ਤੇਰ੍ਹਵੀਂ ਹੋ ਗਈ।
ਇਕ ਮਲਵਈ ਕਹਾਵਤ ਅਨੁਸਾਰ ''ਖੂਹ 'ਚੋਂ ਨਿਕਲੀ ਖਾਤੇ 'ਚ ਜਾ ਡਿੱਗੀ'' ਵਾਲੀ ਸਥਿਤੀ 'ਚ ਦੇਸ਼ਵਾਸੀ ਪੁੱਜ ਗਏ ਹਨ। ਨਵੀਂ  ਐਨ.ਡੀ.ਏ.ਸਰਕਾਰ, ਜਿਸ 'ਚ ਅਗਵਾਈ ਕਰ ਰਹੀ ਭਾਰਤੀ ਜਨਤਾ ਪਾਰਟੀ ਇਕੱਲੀ ਕੋਲ ਵੀ ਬਹੁਮਤ ਹੈ, ਦਾ ਆਗੂ ਗੁਜਰਾਤ ਦਾ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਕੁਰਸੀ 'ਤੇ ਬਿਰਾਜਮਾਨ ਹੋ ਗਿਆ। ਭਾਸ਼ਣ ਕਲਾ (ਅਸਲ ਵਿਚ ਗੱਪਾਂ) ਦੇ ਮਾਹਰ ਭਾਜਪਾ ਆਗੂਆਂ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਵਿਕਾਸ ਕਰਨ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਜਾਣਗੇ। 67 ਸਾਲਾਂ ਦੇ ਰਾਜ ਭਾਗ ਦੌਰਾਨ (1947 ਤੋਂ 2014) ਲੋਕਾਂ ਨੇ ਭੋਗੀਆਂ ਸਾਰੀਆਂ ਤਕਲੀਫਾਂ ਗਰੀਬੀ, ਬੇਕਾਰੀ, ਭੁਖਮਰੀ, ਅਨਪੜ੍ਹਤਾ, ਇਲਾਜ ਖੁਣੋਂ ਮੌਤਾਂ, ਕੁਪੋਸ਼ਣ, ਚੁਫੇਰੇ ਫੈਲੀ ਗੰਦਗੀ, ਪੀਣ ਵਾਲੇ ਅਸਵੱਛ ਪਾਣੀ ਆਦਿ ਤੋਂ ਭਾਰਤ ਦੀ ਸਾਰੀ ਵਸੋਂ ਨੂੰ ਪੂਰਨ ਮੁਕਤ ਕਰ ਦਿੱਤਾ ਜਾਵੇਗਾ। ਭ੍ਰਿਸ਼ਟਾਚਾਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਪ੍ਰਸ਼ਾਸਨ 'ਚ ਪੂਰਨ ਪਾਰਦਰਸ਼ਿਤਾ ਹੋਵੇਗੀ ਆਦਿ ਆਦਿ। ਲੋਕ ਮਨਾਂ ਅੰਦਰ ਚਿਰਾਂ ਤੋਂ ਘਰ ਕਰੀ ਬੈਠੇ ਅੰਧਰਾਸ਼ਟਰਵਾਦ ਦੀਆਂ ਮਾੜੀਆਂ ਬਿਰਤੀਆਂ ਨੂੰ ਹਵਾ ਦਿੰਦਿਆਂ ਗੁਆਂਢੀ ਦੇਸ਼ਾਂ ਖਾਸਕਰ ਪਾਕਿਸਤਾਨ ਅਤੇ ਚੀਨ ਖਿਲਾਫ ਜਹਿਰੀਲਾ ਪ੍ਰਚਾਰ ਕੀਤਾ ਗਿਆ, ਇਹ ਵੱਖਰੀ ਗੱਲ ਹੈ ਕਿ ਆਪਣੇ ਆਕਾਵਾਂ; ਕਾਰਪੋਰੇਟ ਘਰਾਣਿਆਂ ਦੀਆਂ ਗਰਜਾਂ ਪੂਰਨ ਲਈ ਮੋਦੀ ਖੁਦ ਚੀਨ ਜਾ ਕੇ ਕਈ ਸਮਝੌਤਿਆਂ 'ਤੇ ਦਸਤਖਤ ਕਰਕੇ ਆਇਆ ਹੈ। ਭਵਿੱਖ 'ਚ ਨਿਕਲਣ ਵਾਲੇ ਅਤੀ ਖਤਰਨਾਕ ਸਿੱਟਿਆਂ ਦੀ ਜਾਣਬੁੱਝ ਕੇ ਅਣਦੇਖੀ ਕਰਦਿਆਂ ਰੱਜ ਕੇ ਫਿਰਕੂ ਪੱਤਾ ਖੇਡਿਆ ਗਿਆ ਅਤੇ ਇਸ ਘ੍ਰਿਣਤ ਮੁਹਾਜ ਦੀ ਕਮਾਨ ਖੁਦ ਆਰ.ਐਸ.ਐਸ. ਨੇ ਸੰਭਾਲੀ। ਸਭ ਤੋਂ ਵੱਡੀ ਗੱਲ ਮਨਮੋਹਨ ਸਿੰਘ ਦੀ ਪਰਵਰਿਸ਼ ਕਰਨ ਵਾਲੀਆਂ ਵਿਦੇਸ਼ੀ ਬਹੁਕੌਮੀ ਕੰਪਨੀਆਂ; ਭਾਰਤੀ ਕਾਰਪੋਰੇਟ ਘਰਾਣਿਆਂ ਅਤੇ ਅਜਿਹੇ ਹੋਰਾਂ ਨੇ ਅੰਨ੍ਹੇ ਪੈਸੇ ਰਾਹੀਂ ਲੋਕ ਚੇਤਨਾ ਨੂੰ ਗੁੰਮਰਾਹ ਕੀਤਾ। ਮੀਡੀਆ ਖਾਸਕਰ ਬਿਜਲਈ ਮੀਡੀਆ ਦਾ ਬੜਾ ਵੱਡਾ ਹਿੱਸਾ ਭਾਜਪਾ ਵਿਸ਼ੇਸ਼ਕਰ ਨਰਿੰਦਰ ਮੋਦੀ ਦੀ ਐਡ ਏਜੰਸੀ (ਪ੍ਰਚਾਰ ਸੰਸਥਾ) 'ਚ ਤਬਦੀਲ ਹੋ ਗਿਆ। ਪੜ੍ਹਨ ਸੁਣਨ ਵਾਲੇ ਨੂੰ ਬੇਸ਼ੱਕ ਜ਼ਿਆਦਤੀ ਹੀ ਲੱਗੇ ਪਰ ਸਚਾਈ ਇਹ ਹੈ ਕਿ ''ਦੇਸ਼ ਦੇ ਲੋਕ ਹਿਟਲਰ ਦੇ ਚਹੇਤੇ ਪ੍ਰਚਾਰਕ ਗੋਇਬਲਜ਼ ਦੇ ਅਸਲ ਚੇਲਿਆਂ ਦੇ ਝਾਂਸੇ 'ਚ ਆ ਕੇ ਝੁੱਗਾ ਚੌੜ ਕਰਾ ਬੈਠੇ।''
ਨਰਿੰਦਰ ਮੋਦੀ ਸਰਕਾਰ ਨੇ ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ ਨੂੰ ''ਚਾਰ ਚੰਨ'' ਹੀ ਲਾਏ ਹਨ। ਉਂਝ ਤਾਂ ਭਾਜਪਾ ਵਰਗੀ ਪਿਛਾਖੜੀ ਪਾਰਟੀ ਤੋਂ ਔਰਤਾਂ ਦੀ ਬਰਾਬਰੀ ਦੀ  ਆਸ ਹੀ ਨਹੀਂ ਕੀਤੀ ਜਾ ਸਕਦੀ ਪਰ ਭ੍ਰਿਸ਼ਟਾਚਾਰ ਦੇ ਸਕੈਂਡਲਾਂ ਦੇ ਮਾਮਲੇ 'ਚ ਭਾਜਪਾ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਕੈਬਨਿਟ ਦੀਆਂ ਮਹਿਲਾ ਮੈਂਬਰਾਂ ਨੇ ਯੂ.ਪੀ.ਏ. ਮੰਤਰੀਆਂ ਦੀ ਬਰਾਬਰੀ ਹੀ ਨਹੀਂ ਕੀਤੀ ਬਲਕਿ ਉਸ ਤੋਂ ਵੀ ਵੱਡੇ ਮਾਅਰਕੇ ਮਾਰੇ ਹਨ। ਕੁਰੱਪਸ਼ਨ ਦੇ ਮਾਮਲੇ ਵਿਚ ਚੁੱਪ ਰਹਿਣ ਕਰਕੇ ਭਾਜਪਾ ਵਾਲਿਆਂ ਨੇ ਮਨਮੋਹਨ ਸਿੰਘ ਦਾ ਨਾਂਅ ਮੌਨੀ ਬਾਬਾ ਰੱਖਿਆ ਸੀ ਪਰ ਮੋਦੀ ਉਸ ਤੋਂ ਵੀ ਵੱਡਾ ਮੌਨੀ ਨਿਕਲਿਆ। ਉਂਝ ਵਿਦੇਸ਼ ਜਾ ਕੇ ਹਾਲੇ ਵੀ ਉਹ ਯੂ.ਪੀ.ਏ. ਦੀ ਕੁਰੱਪਸ਼ਨ ਬਾਰੇ ਬੜਾ ਕਿੱਲ੍ਹ ਕਿੱਲ੍ਹ ਕੇ ਭਾਸ਼ਣ ਕਰਦਾ ਹੈ। ਆਰਥਕ ਨੀਤੀਆਂ ਪੱਖੋਂ ਇਹ ਸਾਮਰਾਜੀ ਲੁਟੇਰਿਆਂ ਭਾਰਤੀ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੇ ਜੋਟੀਦਾਰ ਜਗੀਰਦਾਰਾਂ ਦੀ ਹੀ ਸੇਵਾ ਕਰ ਰਿਹਾ ਹੈ ਅਤੇ ਮੋਦੀ ਦੇ ਡੇਢ ਸਾਲ ਦੇ ਰਾਜ ਅੰਦਰ ਹੀ ਦਿਓ ਕੱਦ ਧੰਨ ਕੁਬੇਰਾਂ ਦੇ ਧੰਨ ਭੰਡਾਰਾਂ 'ਚ ਅੰਤਾਂ ਦਾ ਵਾਧਾ ਹੋਇਆ ਹੈ। ਮਹਿੰਗਾਈ, ਬੇਰੋਜ਼ਗਾਰੀ, ਅਨਪੜ੍ਹਤਾ, ਭੁਖਮਰੀ, ਕੁਪੋਸ਼ਣ, ਗੰਦਗੀ ਪੱਖੋਂ ਵੀ ਹਾਲਾਤ ਹੋਰ ਵਿਗੜੇ ਹੀ ਹਨ। ਬੜੀ ਤੇਜ਼ੀ ਨਾਲ ਦੇਸ਼ ਦੇ ਲੋਕਾਂ ਨੇ ਸੰਘਰਸ਼ਾਂ ਨਾਲ ਬਣਵਾਏ ਸਭੇ ਕਾਨੂੰਨਾਂ ਦਾ ਨਾਂ ਮਾਤਰ ਲੋਕ ਪੱਖੀ ਅੰਸ਼ ਵੀ ਮੁਕਾਇਆ ਜਾ ਰਿਹਾ ਹੈ। ਨਿੱਜੀਕਰਨ, ਨਿਗਮੀਕਰਨ ਦਾ ਦੌਰ ਜਾਰੀ ਹੈ। ਇਸ ਸਰਕਾਰ ਅਤੇ ਇਸ ਦੇ ਆਕਾਵਾਂ ਨੂੰ ਕੋਈ ਭੁਲੇਖਾ ਨਹੀਂ ਕਿ ਇਹ ਸਰਕਾਰ ਵੀ ਆਪਣੇ ਉਪਰੋਕਤ ਢੰਗ ਦੇ ਸ਼ਾਸ਼ਨ ਪ੍ਰਸ਼ਾਸਨ ਅਤੇ ਲੋਕ ਦੋਖੀ ਸਾਮਰਾਜੀ ਨੀਤੀਆਂ ਕਰਕੇ ਲੋਕਾਂ ਦੇ ''ਨਕੋਂ ਬੁਲ੍ਹੋਂ'' ਛੇਤੀ ਹੀ ਲਹਿ ਜਾਵੇਗੀ। ਇਸ ਲਈ ਸਰਕਾਰ ਦੀ ਚਾਲਕ ਸ਼ਕਤੀ ਆਰ.ਐਸ.ਐਸ. ਦੀ ਸਾਰੀ ਮਸ਼ੀਨਰੀ ਭਾਵ ''ਸੰਘ ਪਰਵਾਰ'' ਇਕ ਖੇਤਰ ਵਿਚ ਬੜੀ ਤੇਜ਼ੀ ਨਾਲ ''ਪਰਫਾਰਮ'' ਕਰ ਰਹੇ ਹਨ ਅਤੇ ਉਹ ਪਰਫਾਰਮੈਂਸ ਹੈ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਹਟਾ ਕੇ ਸਾਮਰਾਜੀ ਸੇਵਾ ਦੇ ''ਉਦੇਸ਼'' ਲਈ ਬਣੀ ਸਰਕਾਰ ਦੀ ਉਮਰ ਲੰਬੀ ਕਰਨੀ। ਉਕਤ ਨਿਸ਼ਾਨੇ ਦੀ ਪੂਰਤੀ ਲਈ ਇਸ ਲੁੰਗ ਲਾਣੇ ਨੇ ਰਾਹ ਚੁਣਿਆ ਹੈ ਹਜ਼ਾਰਾਂ ਸਾਲਾਂ ਤੋਂ ਇਕਠੇ ਰਹਿ ਰਹੇ ਭਾਰਤੀ ਲੋਕਾਂ ਨੂੰ ਇਕ ਦੂਜੇ ਵਿਰੁੱਧ ਧਰਮ ਦੇ ਨਾਂਅ 'ਤੇ ਲੜਾਉਣਾ ਅਤੇ ਫਿਰਕਿਆਂ ਦੀ ਆਪਸੀ ਸਹਿਹੋਂਦ ਨੂੰ ਤਹਿਸ-ਨਹਿਸ ਕਰਨਾ। ਇਸ ਤਹਿਸ-ਨਹਿਸ ਦੀ ਪ੍ਰਕਿਰਿਆ ਨੂੰ ਆਪਾਂ 'ਧਾਰਮਿਕ ਸਹਿਣਸ਼ੀਲਤਾ'' ਦਾ ਖਾਤਮਾ ਕਹਾਂਗੇ। ਇਸ ਖਾਤਮਾ ਮੁਹਿੰਮ ਨੂੰ ਸਿਰੇ ਚੜਾਉਣ ਲਈ ਸੰਘ ਪਰਿਵਾਰ ਵਲੋਂ ਪ੍ਰਚਾਰੇ ਜਾ ਰਹੇ ਮੁੱਦਿਆਂ ਦਾ ਆਪਾਂ ਵਾਰੋ ਵਾਰੀ ਜ਼ਿਕਰ ਕਰਾਂਗੇ :
ਸੱਭਿਅਤਾਵਾਂ ਦੇ ਵਿਕਾਸ ਨਾਲ ਅੰਤਰ ਜਾਤੀ ਅੰਤਰ ਧਰਮੀ ਵਿਆਹ 'ਚ ਇਕ ਦੂਜੇ ਰਾਜਾਂ 'ਚ ਆਪਸੀ ਗਠਜੋੜ ਨੂੰ ਪੱਕਾ ਕਰਨ ਲਈ ਰੋਟੀ ਬੇਟੀ ਦੀ ਸਾਂਝ ਪਾਉਂਦੇ ਸਨ। ਇਸ ਦੀਆਂ ਮਿਸਾਲਾਂ ਯੂਨਾਨੀਆਂ ਦੇ ਆਉਣ ਵੇਲੇ ਵੀ ਅਤੇ ਮੁਗਲਾਂ ਵੇਲੇ ਵੀ ਦੇਖਣ 'ਚ ਆਈਆਂ। ਭਾਰਤੀ ਰਿਆਸਤਾਂ ਆਮ ਹੀ ਇਸ 'ਤੇ ਅਮਲ ਕਰਦੀਆਂ ਰਹੀਆਂ ਹਨ। ਹਾਂ ਇਹ ਵੱਖਰੀ ਗੱਲ ਹੈ ਕਿ ਆਮ ਜਨ ਲਈ ਇਹ ਵਿਵਰਜ਼ਤ ਸਨ। ਅੱਜ ਦੇ ਸੰਦਰਭ 'ਚ ਜੇ ਦੇਖੀਏ ਤਾਂ ਵੱਡੇ ਸ਼ਹਿਰਾਂ 'ਚ ਅੰਤਰਜਾਤੀ ਵਿਆਹ ਲਵ ਮੈਰਿਜ ਹੀ ਨਹੀਂ ਬਲਕਿ ਅਰੇਂਜਡ ਵੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦੇ ਅਨੇਕਾਂ ਉਚ ਆਗੂਆਂ ਦੇ ਬੇਟੇ ਬੇਟੀਆਂ ਦੂਜੇ ਧਰਮਾਂ ਖਾਸ ਕਰ ਮੁਸਲਮਾਨ ਪਰਵਾਰਾਂ 'ਚ ਵਿਆਹੇ ਹੋਏ ਹਨ ਜਿਸ ਦਾ ਸਾਨੂੰ ਕੋਈ ਗਿਲਾ ਵੀ ਨਹੀਂ। ਸਾਡਾ ਗਿਲਾ ਇਹ ਹੈ ਕਿ ਰਾਜਸੀ ਲਾਭਾਂ ਦੀ ਪ੍ਰਾਪਤੀ ਲਈ ਭਾਜਪਾ ਅਤੇ ਸਾਰੇ ਸੰਘੀ ਇਸ ਪ੍ਰਚਾਰ 'ਚ ਗੁਲਤਾਨ ਹਨ ਕਿ, ''ਮੁਸਲਮਾਨਾਂ ਦੇ ਮੁੰਡੇ ਹਿੰਦੂ ਕੁੜੀਆਂ ਦੀ ਮੱਤ ਮਾਰ ਕੇ, ਅਗਵਾ ਕਰਕੇ ਅਤੇ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜਬਰੀ ਵਿਆਹ ਕਰ ਰਹੇ ਹਨ।'' ਅਜਿਹੇ ਬਹੁਗਿਣਤੀ ਮਨਘੜਤ ਕਿੱਸੇ ਝੂਠੇ ਨਿਕਲੇ। ਪਰ ਇਨ੍ਹਾਂ ਕਿੱਸਿਆਂ ਦੇ ਸਿੱਟਿਆਂ ਵਜੋਂ ਹੋਏ ਖੂਨੀ ਟਕਰਾਅ ਅਤੇ ਭਾਈਚਾਰਕ ਵਖਰੇਵਾਂ ਲੰਮਾ ਸਮਾਂ ਭਾਰਤ ਦੇ ਚੰਗੇਰੇ ਭਵਿੱਖ ਦੇ ਰਾਹ 'ਚ ਰੋੜਾ ਬਣੇ ਰਹਿਣਗੇ।
ਹੁਣੇ-ਹੁਣੇ ਇਕ ਨਵਾਂ ਹੀ ਸ਼ੋਸ਼ਾ ਚਲਾਇਆ ਗਿਆ ਹੈ। ਆਰ.ਐਸ.ਐਸ਼ ਦਾ ਅੱਗ ਲਵਾਊ ਟੋਲਾ ਦੱਖਣੀ ਭਾਰਤ ਦੇ ਇਕ ਸੰਸਾਰ ਪੱਧਰੀ ਫਿਲਮ ਕਲਾਕਾਰ ਨੂੰ ਇਹ ਧਮਕੀ ਦੇਣ ਲੱਗ ਪਿਆ ਕਿ ਜੇ ਤੂੰ ਫਲਾਣੀ ਫਿਲਮ ਵਿਚ ਟੀਪੂ ਸੁਲਤਾਨ ਦਾ ਕਿਰਦਾਰ ਨਿਭਾਇਆ ਤਾਂ ਸੋਚ ਲਵੀਂ! ਭਾਜਪਾ ਸਮੇਤ ਸਾਰੀਆਂ ਪੂੰਜੀਪਤੀ ਪਾਰਟੀਆਂ ਨੂੰ ਅੰਗਰੇਜ਼ ਸਾਮਰਾਜ ਵਿਰੁੱਧ ਚੱਲੇ ਆਜ਼ਾਦੀ ਘੋਲ ਵਿਚ ਗੱਦਾਰਾਂ ਦਾ ਰੋਲ ਅਦਾ ਕਰਨ ਵਾਲੇ ਰਾਜੇ ਰਜਵਾੜਿਆਂ-ਟੋਡੀਆਂ-ਟਾਊਟਾਂ ਅਤੇ ਦੇਸ਼ ਭਗਤਾਂ ਨੂੰ ਫਾਹੇ ਲਵਾ ਕੇ ਜਗੀਰਾਂ-ਰੁਤਬੇ ਪ੍ਰਾਪਤ ਕਰਨ ਵਾਲੇ ਘ੍ਰਿਣਾਯੋਗ ਮਨੁੱਖਾਂ ਅਤੇ ਉਨ੍ਹਾਂ ਦੇ ਖਾਨਦਾਨਾਂ ਤੋਂ ਕੋਈ ਪ੍ਰਹੇਜ ਨਹੀਂ। ਪਰ ਟੀਪੂ ਸੁਲਤਾਨ, ਸਾਰੀ ਉਮਰ ਅੰਗਰੇਜ਼ ਸਾਮਰਾਜ ਵਿਰੁੱਧ ਸਮਝੌਤਾਹੀਨ ਯੁੱਧਾਂ 'ਚ ਸਰਬੰਸ ਵਾਰਨ ਵਾਲਾ, ਉਨ੍ਹਾਂ ਦੇ ਨਿਸ਼ਾਨੇ 'ਤੇ ਹੈ ਅਤੇ ਇਸ ਲਈ ਨਿਸ਼ਾਨੇ 'ਤੇ ਹੈ ਤਾਂਕਿ ਮੁਸਲਮਾਨਾਂ ਨੂੰ ਗੱਦਾਰ ਅਤੇ ਨਫਰਤ ਯੋਗ ਬਣਾ ਕੇ ਪੇਸ਼ ਕਰ ਸਕਣ ਅਤੇ ਘਟੀਆ ਰਾਜਸੀ ਮੁਨਾਫ਼ਾ ਖਟ ਸਕਣ।
ਸੰਘੀਆਂ ਨੇ ਹੁਣੇ ਜਿਹੇ ਹੀ ਇਕ ਹੋਰ ਫਤਵਾ ਦਿੱਤਾ ਹੈ। ਨਰਾਤਿਆਂ (ਨਵਰਾਤਰਿਆਂ) ਵਿਚ ਗੁਜਰਾਤੀ ਭਾਈਚਾਰੇ ਵਲੋਂ ਦੇਵੀ ਮਾਤਾ ਦੀ ਪੂਜਾ ਲਈ ਇਕੱਤਰ ਹੋਣ ਸਮੇਂ ਖੇਡੇ ਜਾਂਦੇ ''ਡਾਂਡੀਆ-ਉਤਸਵਾਂ'' ਤੋਂ ਮੁਸਲਮਾਨ ਦੂਰ ਰਹਿਣ ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਜੇ ਭਾਰਤ ਦੇ ਆਂਢ-ਗੁਆਂਢ ਜਾਂ ਇਕੋ ਸ਼ਹਿਰ 'ਚ ਰਹਿੰਦੇ, ਇਕ ਦੂਜੇ ਦੇ ਦੁੱਖ-ਸੁੱਖ ਦੇ ਭਾਈਵਾਲ, ਈਦਾਂ-ਦੀਵਾਲੀਆਂ ਸਾਂਝੀਆਂ ਮਨਾਉਣ ਵਾਲੇ ਮੁਸਲਮਾਨ ਅਤੇ ਹਿੰਦੂ ਧਾਰਮਿਕ ਪ੍ਰੋਗਰਾਮਾਂ 'ਚ ਮਿਲਦੇ ਰਹੇ ਤਾਂ ਸੰਘੀਆਂ ਦਾ ''ਦੰਗੇ ਕਰਾਊ ਬੱਚੇ ਮਰਵਾਊ'' ਇਰਾਦਾ ਕਿਵੇਂ ਪੂਰਾ ਹੋਵੇਗਾ? ਠੀਕ ਇਸੇ ਲਈ ਇਹ ਸ਼ੁਰੂਆਤ ਡਾਂਡੀਆ ਤੋਂ ਕੀਤੀ ਗਈ ਹੈ। ਨਰਿੰਦਰ ਮੋਦੀ ਵਲੋਂ ਪ੍ਰਧਾਨ ਮੰਤਰੀ ਬਣਨ ਵੇਲੇ ਮੁਸਲਮਾਨ ਭਾਈਚਾਰੇ ਨੂੰ ''ਈਦ ਦੀਆਂ ਮੁਬਾਰਕਾਂ'' ਨਾ ਦੇਣ ਦਾ ਪੇਚ ਹੁਣ ਹਰ ਚੇਤੰਨ ਮਨ 'ਚ ਖੁੱਲ੍ਹ ਜਾਣਾ ਚਾਹੀਦਾ ਹੈ। ਇਸ ਤੋਂ ਅਗਲਾ ਪੈਂਤੜਾ ਸੰਘ ਦਾ (ਜੋ ਗੁਪਤ ਰੂਪ ਵਿਚ  ਹੁਣ ਵੀ ਚਲ ਰਿਹਾ ਹੈ), ਹੋਵੇਗਾ ਮੁਸਲਮਾਨਾਂ ਨਾਲ ਵਪਾਰਕ ਲੈਣ-ਦੇਣ, ਦੁਆ ਸਲਾਮ ਆਦਿ ਬੰਦ!
ਲੋਕਾਂ ਦੀ ਕਮਾਈ 'ਤੇ ਜਿਉਂਦੇ ਰਹਿਣ ਵਾਲੇ ਪਰਜੀਵੀ ਅੱਜ ਭਾਜਪਾ ਦੀ ਕ੍ਰਿਪਾ ਅਤੇ ਲੋਕਾਂ ਦੀ ਇਕ ਹੱਦ ਤਕ ਅਗਿਆਨਤਾ ਦਾ ਲਾਹਾ ਲੈ ਕੇ ਮੈਂਬਰ ਪਾਰਲੀਮੈਂਟ ਬਣੇ, ਸਾਧ-ਸਾਧਣੀਆਂ ਦਾ ਇਹ ਕਹਿਣਾ ਕਿ ਦਸ-ਦਸ ਬੱਚੇ ਪੈਦਾ ਕਰੋ; ਤਾਂਕਿ ਮੁਸਲਮਾਨਾਂ ਦੀ ਔਸਤ ਅਬਾਦੀ ਵਾਧਾ ਦਰ ਤੋਂ ਹਿੰਦੂ ਅੱਗੇ ਲੰਘ ਜਾਣ; ਉਂਝ ਤਾਂ ਮੂਰਖਤਾ ਭਰਪੂਰ ਹੈ ਹੀ। ਪਰ ਮੁਸਲਮਾਨਾਂ-ਹਿੰਦੂਆਂ 'ਚ ਪਾੜਾ ਪਾਉਣ ਲਈ ਵਰਤਿਆ ਜਾਂਦਾ ਸੰਘੀਆਂ ਦਾ ਪੁਰਾਣਾ ਹਥਿਆਰ ਵੀ ਹੈ। ਸਾਧ-ਸਾਧਵੀਆਂ ਖੁਦ ਤਾਂ ਅਣਵਿਆਹੇ ਹਨ ਅਤੇ ਲੋਕਾਂ ਨੂੰ ਦਸ-ਦਸ ਬੱਚੇ ਪੈਦਾ ਕਰਨ ਲਈ ਕਹਿ ਰਹੇ ਹਨ; ਸ਼ੁਗਲ ਲਈ ਤਾਂ ਮਿੰਟ ਦੋ ਮਿੰਟ ਠੀਕ ਲੱਗਦਾ ਹੈ, ਪਰ ਹੈ ਬੜਾ ਖਤਰਨਾਕ ਦੁਰਬਚਨ।
ਜੰਮੂ-ਕਸ਼ਮੀਰ 'ਚ ਪੀ.ਡੀ.ਪੀ. ਨਾਲ ਸਾਂਝੀ ਸਰਕਾਰ ਬਨਾਉਣ ਦੀ ਕੀਤੀ ਮੌਕਾਪ੍ਰਸਤੀ ਤੋਂ ਪਿਛੋਂ ਭਾਜਪਾਈ ਅਤੇ ਸੰਘੀ ਵਕਤੀ ਤੌਰ 'ਤੇ ਧਾਰਾ 370 ਰੱਦ ਕਰਨ ਦੀ ਮੰਗ ਬਾਰੇ ਚੁੱਪ ਕਰ ਗਏ ਹਨ ਪਰ ਦਹਾਕਿਆਂ ਤੋਂ ਜੋ ਕਸ਼ਮੀਰੀਆਂ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਉਹ ਜੋ ਪ੍ਰਚਾਰ ਕਰਦੇ ਰਹੇ ਹਨ ਉਸ ਦਾ ਨੁਕਸਾਨ ਅਨੰਤ-ਅਸੀਮ ਹੈ, ਮਿਣਿਆ ਤੋਲਿਆ ਨਹੀਂ ਜਾ ਸਕਦਾ।
ਸੰਘ ਪਰਿਵਾਰ ਦੀ ''ਕੰਗਾਰੂ ਥੈਲੀ'' 'ਚੋਂ ਇਕ ਹੋਰ ਸੰਗਠਨ ਨਿਕਲਿਆ ਹੈ ਜੋ ਇਸ ਗੱਲ 'ਤੇ ਸੇਧਤ ਹੈ ਕਿ ਭਾਰਤ 'ਚ ਜਨਮੇ ਸਾਰੇ ਧਰਮਾਂ ਦਾ ਤਾਲਮੇਲ ਕੇਂਦਰ ਕਾਇਮ ਕੀਤਾ ਜਾਵੇ ਅਤੇ ਆਪਸੀ ਸਹਿਯੋਗ ਵਧਾਇਆ ਜਾਵੇ। ਭਾਵੇਂ ਹਾਲੇ ਬਹੁਤ ਚੇਤੰਨ ਅਤੇ ਬੁੱਧੀਜੀਵੀ ਹਲਕੇ ਵੀ ਇਸ ਗੱਲ ਨੂੰ ਲੋੜੀਂਦੀ ਗੰਭੀਰਤਾ ਨਾਲ ਨਹੀਂ ਲੈ ਰਹੇ ਪਰ ਇਹ ਸੰਘੀਆਂ ਦਾ ਬੜਾ ਖਤਰਨਾਕ ਸਾਜਿਸ਼ ਸੰਦ ਹੈ। ਉਹ ਬੜੀ ਸਫ਼ਾਈ ਨਾਲ ਇਸਲਾਮ ਨੂੰ ਬਾਹਰੋਂ ਆਇਆ ਦੱਸ ਕੇ ਨਿਖੇੜਣਾ ਚਾਹੁੰਦੇ ਹਨ ਅਤੇ ਹਿੰਦੂ (ਪੁਰਾਤਨ) ਧਰਮ 'ਚੋਂ ਵੱਖ ਹੋਏ ਸਿੱਖ, ਬੁੱਧ, ਜੈਨ ਆਦਿ ਦਾ ਮਤਾਂ ਦਾ ਆਪਣੇ ਨਾਲ ਰਲੇਵਾਂ ਚਾਹੁੰਦੇ ਹਨ।
ਸੰਘੀ ਟੋਲੇ ਦਾ ਸਭ ਤੋਂ ਤਿੱਖਾ ਹੱਲਾ ਸ਼ੁਰੂ ਹੋਇਆ ਹੈ ਗਊਮਾਸ (ਬੀਫ਼) ਖਾਣ ਨੂੰ ਲੈ ਕੇ। ਮੁਸਲਮਾਨਾਂ ਖਿਲਾਫ ਜ਼ਹਿਰੀਲਾ ਫਿਰਕੂ ਪ੍ਰਚਾਰ ਕਰਕੇ ਫਿਰਕੂ ਖਾਈ ਹੋਰ ਚੌੜੀ ਅਤੇ ਪਕੇਰੀ ਕਰਨ ਵੱਲ ਸੇਧਤ ਇਸ ਹੱਲੇ ਨੇ ਸਭ ਦਾ ਧਿਆਨ ਖਿੱਚਿਆ ਹੈ। ਦਾਦਰੀ ਦੇ ਵਸਨੀਕ ਇਕ ਬੇਕਸੂਰ ਸ਼ਖਸ ਅਖਲਾਕ ਦੀ ਇਸ ਵਿਵਾਦ ਕਾਰਨ ਜਾਨ ਵੀ ਜਾ ਚੁੱਕੀ ਹੈ। ਉਂਜ ਵਿਵਾਦ ਪੈਦਾ ਕਰਨ ਵਾਲਿਆਂ ਲਈ ਤਾਂ ਕਿਸੇ ਦਾ ਮੁਸਲਮਾਨ ਹੋਣਾ ਹੀ ਉਸ ਦਾ ਕਸੂਰਵਾਰ ਹੋਣਾ ਮੰਨਿਆ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਮਾਰੇ ਗਏ ਅਖਲਾਕ ਵਲੋਂ ਉਸ ਦਿਨ ਬੀਫ਼ ਖਾਣ ਦੇ ਹਾਲੇ ਤੱਕ ਵੀ ਕੋਈ ਸਬੂਤ ਨਹੀਂ ਮਿਲੇ। ਅਖਲਾਕ ਦੇ ਕਤਲ 'ਤੇ ਸ਼ਰਮਿੰਦਗੀ ਮਹਿਸੂਸ ਕਰਨ ਦੀ ਥਾਂ ਵਿਵਾਦ ਦੇ ਸੂਤਰਧਾਰ ਸਗੋਂ ਇਹ ਕਹਿ ਰਹੇ ਹਨ ਕਿ ਭੀੜ ਨੇ ਅਖਲਾਕ ਦੀ ਨੌਜਵਾਨ ਬੇਟੀ ਨੂੰ ਤਾਂ ਹੱਥ ਤੱਕ ਵੀ ਨਹੀਂ ਲਾਇਆ। ਕਤਲ ਕਰ ਕੇ ਵੀ ਅਹਿਸਾਨ ਜਤਾ ਰਹੇ ਹਨ, ਇਹ ਅੱਗ ਲਵਾਊ। ਹਿਮਾਚਲ ਪ੍ਰਦੇਸ਼ ਦੇ ਪਿੰਡ ਲਵਾਸਾ ਵਿਖੇ ਵੀ ਇਕ 19 ਸਾਲਾ ਨੌਜਵਾਨ ਭੜਕੀ ਭੀੜ ਵਲੋਂ ਮਾਰ ਦਿੱਤਾ ਗਿਆ। ਜਿਹੜੇ ਸਾਧ-ਸਾਧਣੀਆਂ, ਸੰਘੀ ਦਿਸ਼ਾ ਨਿਰਦੇਸ਼ਾਂ ਅਧੀਨ ਇਹ ਕਹਿ ਰਹੇ ਸਨ ਕਿ ''ਰਾਮ ਜਾਦੇ'' ਭਾਵ ਰਾਮ ਨੂੰ ਇਸ਼ਟ ਮੰਨਣ ਵਾਲੇ ਭਾਰਤ 'ਚ ਰਹਿਣ ਅਤੇ 'ਹਰਾਮਜਾਦੇ'' ਭਾਵ ਰਾਮ ਨੂੰ ਈਸ਼ਟ ਨਾ ਮੰਨਣ ਵਾਲੇ ਪਾਕਿਸਤਾਨ ਚਲੇ ਜਾਣ, ਉਹ ਭਾਜਪਾ ਦੇ ਉਚ ਆਗੂ, ਸੰਘੀ, ਵਿਸ਼ਵ ਹਿੰਦੂ ਪ੍ਰੀਸ਼ਦੀਏ, ਬਜਰੰਗ ਦਲੀਏ ਸਭ ਇਹੋ ਰਾਗ ਅਲਾਪ ਰਹੇ ਹਨ। ਵਿਚ-ਵਿਚ ਕਿਸੇ ਵੈਂਕਈਆ ਨਾਇਡੂ ਵਰਗੇ ਦਾ ਖੰਡਨ ਵੀ ਆ ਜਾਂਦਾ ਹੈ। ਪਰ ਇਹ ਖੰਡਨ ਕੋਈ ਸਦਭਾਵਨਾ ਲਈ ਨਹੀਂ ਕੀਤਾ ਜਾਂਦਾ। ਬਲਕਿ ਇਸ ਦਾ ਮਿਥਿਆ ਮਿਥਾਇਆ ਨਿਸ਼ਾਨਾ ਇਹ ਹੈ ਕਿ ਖੰਡਨ ਕਰਨ ਜਾਂ ਨਾ ਕਰਨ ਦੋਹਾਂ ਢੰਗਾਂ ਨਾਲ ਉਨ੍ਹਾਂ ਦੇ ਮੁੱਦੇ ਦਾ ਪ੍ਰਚਾਰ ਜਾਰੀ ਰਹਿੰਦਾ ਹੈ ਅਤੇ ਲੋਕਾਂ ਦੇ ਇਕ ਹਿੱਸੇ ਨੂੰ ਗੁੰਮਰਾਹ ਵੀ ਕੀਤਾ ਜਾ ਸਕਦਾ ਹੈ। ਭਾਵੇਂ ਦੇਰ ਸਵੇਰ ਇਸ ਮੁੱਦੇ 'ਤੇ ਸਾਰਾ ਸੰਘ ਪਰਿਵਾਰ ਇਕੋ ਪੈਂਤੜਾ ਹੀ ਮੱਲੇਗਾ। ਅਸੀਂ ਪਾਠਕਾਂ ਨਾਲ ਅਤੀ ਨਿਮਰਤਾ ਨਾਲ ਇਹ ਤੱਥ ਸਾਂਝਾ ਕਰਦੇ ਹਾਂ ਕਿ ਗਊ ਜਾਂ ਕਿਸੇ ਵੀ ਜਾਨਵਰ ਦਾ ਮਾਸ ਨਾ ਖਾਣ ਦੀ ਰੀਤ ਸ਼ੁਰੂ ਤੋਂ ਚੱਲੀ ਜਾ ਸਦੀਵੀਂ ਨਹੀਂ ਬਲਕਿ ਸਮੇਂ ਦੀ ਲੋੜ ਅਨੁਸਾਰ ਖਾਸ ਅਕੀਦੇ ਵਾਲੇ ਲੋਕਾਂ ਨੇ ਤਹਿ ਕੀਤੀ ਹੈ ਅਤੇ ਇਸ ਦਾ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ। ਭਾਰਤ ਵਿਚ ਅਨੇਕਾਂ ਲੋਕ ਕਿਸੇ ਵੀ ਕਿਸਮ ਦਾ ਮਾਸ ਨਹੀਂ ਖਾਂਦੇ। ਕੁਝ ਮਾਸ ਤਾਂ ਖਾਂਦੇ ਹਨ ਪਰ ਬੀਫ਼ ਜਾਂ ਗਊ ਮਾਸ ਨਹੀਂ ਹਰ ਕਿਸੇ ਨੇ ਕੀ ਖਾਣਾ ਹੈ ਅਤੇ ਕੀ ਨਹੀਂ ਇਹ ਉਸ ਦਾ ਨਿੱਜੀ ਫੈਸਲਾ ਹੈ। ਇਸ 'ਚ ਕਿਸੇ ਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਇਸੇ ਆਧਾਰ 'ਤੇ ਭਾਰਤ 'ਚ ਗਊ ਨਾ ਖਾਣ ਵਾਲੇ ਅਤੇ ਖਾਣ ਵਾਲੇ (ਇਸ ਸੂਚੀ ਵਿਚ ਇਕੱਲੇ ਮੁਸਲਮਾਨ ਨਹੀਂ ਆਉਂਦੇ) ਹਜ਼ਾਰਾਂ ਸਾਲਾਂ ਤੋਂ ਸ਼ਾਂਤੀ ਨਾਲ ਰਹਿ ਰਹੇ ਹਨ ਪਰ ਇਹ ਸ਼ਾਂਤੀ ਸੰਘੀਆਂ ਨੂੰ ਰਾਜਸੀ ਲਾਹਾ ਨਹੀਂ ਦੇ ਸਕਦੀ ਇਸੇ ਲਈ ਬੀਫ਼ ਨੂੰ ਏਜੰਡਾ ਬਣਾ ਰਹੇ ਹਨ। ਭਲਾ ਦੱਸੋ। ਜੇ ਗਊ ਮਾਰਨਾ ਜਾਂ ਖਾਣਾ ਪਾਪ ਹੈ ਤਾਂ ਗਊ ਦੇ ਨਾਂਅ 'ਤੇ ਹੋਏ ਦੰਗਿਆਂ 'ਚ ਬੰਦੇ ਮਾਰਨਾ ਪੁੰਨ ਹੈ, ਇਹ ਸੋਚ ਸੰਘੀ ਹੀ ਅਪਣਾ ਸਕਦੇ ਹਨ (ਆਮ) ਮਨੁੱਖ ਨਹੀਂ। ਇਕ ਹੋਰ ਮਸਲਾ ਵੀ ਗੌਰ ਕਰਨਯੋਗ ਹੈ। ਗਊਵੰਸ਼ ਸਮੇਤ ਸੱਭੇ ਕਿਸਮ ਦੇ ਜਾਨਵਰਾਂ ਦੇ ਮਾਸ ਤੋਂ ਬਣੀਆਂ ਵਸਤਾਂ ਜਿਵੇਂ ਬੈਲਟਾਂ, ਜੁੱਤੇ, ਜੈਕਟਾਂ, ਬੈਗ ਜਾਂ ਅਜਿਹੀਆਂ ਹੋਰ ਚੀਜਾਂ ਦੇ ਵਿਉਪਾਰ ਜਿਸ 'ਤੇ ਜ਼ਿਆਦਾਤਰ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਬਜ਼ਾ ਹੈ ਰਾਹੀਂ ਕਮਾਏ ਪੈਸੇ ਨਾਲ ਐਸ਼ਾਂ ਕਰਨੀਆਂ ਫਿਰ ਜਾਇਜ ਕਿਵੇਂ ਹੋਈਆਂ। ''ਪਵਿੱਤਰ'' ਗਊ ਨੂੰ ਇਸ ਨਾਲ ਕੀ ਫਰਕ ਪੈਂਦਾ ਹੈ? ਇਉਂ ਹੀ ਇਹ ਇਕ ਸਥਾਪਤ ਸੱਚ ਹੈ ਕਿ ਮੀਟ ਦੇ ਨਿਰਯਾਤ ਕਾਰੋਬਾਰ (ਬਾਹਰਲੇ ਦੇਸ਼ਾਂ ਵਿਚ ਵਿਕਰੀ ਲਈ ਭੇਜਣ) ਵਿਚ ਵੀ ਜਿਸ ਵਿਚ ਗਊ ਮਾਸ ਵੀ ਸ਼ਾਮਲ ਹੈ ਵਿਚ ਲੱਗੇ ਵਿਉਪਾਰੀ ਜਾਂ ਨਿਰਯਾਤਕ ਵੀ ਸਾਰੇ ਧਰਮਾਂ ਦੇ ਹਨ ਅਤੇ ਹੁਣ ਤਾਂ ਮੁਜ਼ੱਫਰਨਗਰ ਦੰਗਿਆਂ 'ਚ ''ਨਾਮਣਾ'' ਖੱਟਣ ਵਾਲੇ ਇਕ ਭਾਜਪਾ ਆਗੂ ਬਾਰੇ ਵੀ ਇਹ ਪਤਾ ਲੱਗਾ ਹੈ ਕਿ ਉਹ ਇਸ ਕਾਰੋਬਾਰ 'ਚ ਭਾਈਵਾਲ ਹੈ। ਜੇ ਗਊ ਮਾਸ ਖਾਣਾ ਗੁਨਾਹ ਹੈ ਤਾਂ ਫਿਰ ਗਊ ਮਾਸ ਦੀ ਕਿਸੇ ਵੀ ਕਿਸਮ ਦੀ ਕਮਾਈ ਦੇ ਪਵਿੱਤਰ ਹੋਣ ਦੀਆਂ ਦਲੀਲਾਂ ਤਾਂ ਸੰਘੀ ਹੀ ਦੇ ਸਕਦੇ ਹਨ ਹੋਰ ਕੋਈ ਨਹੀਂ। ਵੈਸੇ ਇਨ੍ਹਾਂ ''ਮਹਾਂਪੁਰਸ਼ਾਂ?'' ਕੋਲ ਦਲੀਲਾਂ ਅਪੀਲਾਂ ਲਈ ਕੋਈ ਸਮਾਂ ਨਹੀਂ। ਵਿਹਿਪ ਦਾ ਆਗੂ ਚੰਗੇ ਮਾੜੇ ਦਾ ਲਿਹਾਜ ਕੀਤੇ ਬਿਨਾਂ ਇਸ ਹੱਦ ਤੱਕ ਜਾ ਸਕਦਾ ਹੈ ਕਿ ਜੇ ਗੁਆਂਢ ਕੋਈ ਮੁਸਲਮਾਨ ਰਹਿਣ ਆ ਜਾਵੇ ਤਾਂ ਉਸਨੂੰ ਇੰਨਾ ਜ਼ਲੀਲ ਕਰੋ ਕਿ ਕੌਡੀਆਂ ਦੇ ਭਾਅ ਘਰ ਵੇਚ ਕੇ ਭੱਜ ਜਾਵੇ ਤਾਂ ਸਮੁੱਚੇ ਸੰਘ ਪਰਿਵਾਰ ਦੀ ਪਹੁੰਚ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਗੋਧਰਾ (ਗੁਜਰਾਤ) ਦੰਗਿਆਂ 'ਤੇ ਸ਼ਰਮਸਾਰ ਹੋਣ ਦੀ ਥਾਂ ਉਹ ਇਨ੍ਹਾਂ ਦੰਗਿਆਂ ਨੂੰ ''ਮੁਸਲਮਾਨਾਂ ਨੂੰ ਚੰਗਾ ਸਬਕ ਸਿਖਾਉਣਾ'' ਕਹਿ ਰਹੇ ਹਨ, ਉਨ੍ਹਾਂ ਧਰਮ ਦੇ ਨਾਂਅ ਉਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਵਾਲਿਆਂ ਬਾਰੇ ਹੋਰ ਕੀ ਗੱਲ ਕਰਨੀ?
ਆਓ ਹੁਣ ਮੂਲ ਪ੍ਰਸ਼ਨ ਵੱਲ ਆਈਏ :
ਧਾਰਮਿਕ ਸਹਿਣਸ਼ੀਲਤਾ ਜਿਸ ਦੇ ਆਧਾਰ ਸਤੰਭਾਂ .'ਤੇ ਭਾਰਤ ਦੀ ਹੋਂਦ ਟਿਕੀ ਹੈ ਦੀਆਂ ਭਾਰਤੀ ਸਮਾਜ ਲਈ ਸਮਾਜਕ-ਆਰਥਕ-ਸਭਿਆਚਾਰਕ ਅਨੇਕਾਂ ਦੇਣਾਂ ਹਨ। ਭਾਰਤ 'ਚ ਹਜ਼ਾਰਾਂ ਸਾਲ ਪੁਰਾਣਾ ਵਪਾਰ, ਉਦਯੋਗ, ਲਿਪੀਆਂ, ਭਾਸ਼ਾਵਾਂ, ਪੁਸਤਕਾਂ ਆਦਿ ਦਾ ਹੋਣਾ ਆਪਣੇ ਆਪ 'ਚ ਬੜੀ ਮਹਾਨ ਗੱਲ ਹੈ ਪਰ ਇਸ ਦੀ ਮਹਾਨਤਾ ਦੀ ਇਕ ਮਾਣਯੋਗ ਮਿਸਾਲ ਇਹ ਹੈ ਕਿ ਪੁਰਾਤਨ ਹਿੰਦੂ ਗ੍ਰੰਥਾਂ ਦਾ ਅਨੁਵਾਦ ਪਹਿਲਾਂ ਫਾਰਸੀ-ਅਰਬੀ ਭਾਸ਼ਾਵਾਂ 'ਚ ਹੋਇਆ ਫਿਰ ਜਾ ਕੇ ਅੰਗਰੇਜ਼ੀ ਅਤੇ ਹੋਰ ਯੂਰਪੀ ਭਾਸ਼ਾਵਾਂ 'ਚ। ਜਿਨ੍ਹਾਂ ਨੂੰ ਸੰਘੀ ਇਸਲਾਮ ਦੇ ਨਾਕਾਰਾਤਮਕ ਦੂਤ ਬਣਾ ਕੇ ਪੇਸ਼ ਕਰਦੇ ਹਨ ਉਨ੍ਹਾਂ ਮੁਗਲ ਹਾਕਮਾਂ ਅਤੇ ਉਨ੍ਹਾਂ ਤੋਂ ਪਹਿਲਾਂ ਦੇ ਧਾੜਵੀਆਂ ਤੋਂ ਕਿਤੇ ਅਗਾਊਂ ਬਣੀਆਂ ਮਸਜਿਦਾਂ ਦਾ ਭਾਰਤ ਭੂਮੀ 'ਤੇ ਹੋਣਾ ਸੰਘੀ ਗੱਪ ਮੀਡੀਆ ਦਾ ਪਰਦਾਫਾਸ਼ ਕਰਨ ਲਈ ਕਾਫੀ ਹੈ। ਦੱਖਣੀ ਭਾਰਤ 'ਚ ਬਣੇ ਅਤੀ ਪੁਰਾਣੇ ਗਿਰਜਾਘਰ ਭਾਰਤ ਭੂਮੀ ਦੇ ਵਿਸ਼ਾਲ ਹਿਰਦੇ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਹੋਰ ਵੱਡਾ ਸਬੂਤ ਹਨ।
1857 ਦਾ ਪਹਿਲਾ ਆਜ਼ਾਦੀ ਸੰਗਰਾਮ, ਸ਼ਾਨਾਮਤੀ ਗਦਰ ਲਹਿਰ, ਜਲਿਆਂਵਾਲਾ ਬਾਗ 'ਚ ਸਭ ਫਿਰਕੇ ਦੇ ਲੋਕਾਂ ਦਾ ਇਕੱਠਿਆਂ ਸ਼ਹਾਦਤਾਂ ਪ੍ਰਾਪਤ ਕਰਨਾ, ਭਗਤ ਸਿੰਘ ਹੋਰਾਂ ਵਾਲੀ ਕ੍ਰਾਂਤੀਕਾਰੀ ਲਹਿਰ, ਮੋਪਲਿਆਂ ਦੇ ਵਿਦਰੋਹ ਅਤੇ ਆਜ਼ਾਦੀ ਸੰਗਰਾਮ ਲਈ ਮਾਰੇ ਗਏ ਹੰਭਲੇ ਧਾਰਮਿਕ ਸਹਿਣਸ਼ੀਲਤਾ ਦੀਆਂ ਨੀਹਾਂ 'ਤੇ ਹੀ ਉਸਰੇ ਹਨ। ਚੰਦਰ ਸਿੰਘ ਗੜ੍ਹਵਾਲੀ ਅਤੇ ਹੋਰ ਫੌਜੀਆਂ ਵਲੋਂ ਅੰਗਰੇਜ਼ ਅਫਸਰਾਂ ਦੇ ਹੁਕਮ ਦੇ ਬਾਵਜੂਦ ਬਾਗੀ ਪਠਾਨ ਭਰਾਵਾਂ 'ਤੇ ਗੋਲੀ ਨਾ ਚਲਾਉਣੀ ਅਤੇ ਅਣਮਨੁੱਖੀ ਸਜਾਵਾਂ ਖਿੜੇ ਮੱਥੇ ਝੱਲ ਲੈਣੀਆਂ ਇਸੇ ਧਾਰਮਿਕ ਸਹਿਣਸ਼ੀਲਤਾ ਦੀ ਨਿਸ਼ਾਨੀ ਹੈ।
ਪਰ ਜਦੋਂ ਵੀ ਇਸ ਨੂੰ ਸੱਟ ਲੱਗੀ ਤਾਂ ਸਿੱਟੇ ਬੜੇ ਭਿਆਨਕ ਨਿਕਲੇ ਹਨ। ਦੇਸ਼ ਦੀ ਆਜਾਦੀ ਪ੍ਰਾਪਤੀ ਸਮੇਂ ਅੰਗਰੇਜ਼ੀ ਹਾਕਮਾਂ ਦੀ ਸਾਜਿਸ਼ ਸਦਕਾ ਭਾਰਤ ਦੀ ਹੋਈ ਵੰਡ ਦੇ ਸਿੱਟੇ ਵਜੋਂ ਲੱਖਾਂ ਧੀਆਂ-ਭੈਣਾਂ-ਬੱਚਿਆਂ ਦਾ ਹੋਇਆ ਕਤਲੇਆਮ ਅਤੇ ਮਨੁੱਖੀ ਇਤਿਹਾਸ ਦੀ ਹੋਈ ਸਭ ਤੋਂ ਵੱਡੀ ਜਬਰੀ ਹਿਜਰਤ ਇਸ ਦੀ ਕਰੂਪ ਨਿਸ਼ਾਨੀ ਹੈ। ਬਾਬਰੀ ਮਸਜਿਦ ਢਾਹੇ ਜਾਣ; ਇਸ ਦੇ ਪ੍ਰਤੀਕਰਮ ਵਜੋਂ ਹੋਏ ਮੁੰਬਈ ਬੰਬ ਧਮਾਕੇ ਅਤੇ ਇਸ ਪਿਛੋਕੜ ਵਿਚ ਹੋਏ ਦੇਸ਼ ਵਿਆਪੀ ਫਿਰਕੂ ਦੰਗੇ ਇਸ ਦੀ ਇਕ ਹੋਰ ਕਰੂਪ ਮਿਸਾਲ ਹਨ। ਹਾਲੀਆ ਸਮੇਂ 'ਚ ਹੋਏ ਮੁਜ਼ਫਰਨਗਰ ਦੰਗੇ ਇਸ ਦਾ ਅਤੀ ਨੇੜਲਾ ''ਤਬਾਹੀ ਚਿੰਨ੍ਹ'' ਹਨ। ਪੰਜਾਬ 'ਚ 1982 ਤੋਂ 1992 ਤੱਕ ਚੱਲੀ ਕਾਲੀ ਬੋਲੀ ਹਨੇਰੀ ਦਰਮਿਆਨ 35000 ਤੋਂ ਵੱਧ ਨਿਰਦੋਸ਼ ਲੋਕਾਂ ਦਾ ਕਤਲੇਆਮ ਵੀ ਕਿਸੇ ਨੂੰ ਭੁਲਿਆ ਨਹੀਂ। ਇਸ ਸਾਰੇ ਵਰਤਾਰੇ ਦਾ ਇਕ ਹੋਰ ਬੜਾ ਖਤਰਨਾਕ ਪੱਖ ਹੈ। ਦੰਗਿਆਂ ਸਮੇਂ ਹੋਈਆਂ ਜ਼ਿਆਦਤੀਆਂ ਕਾਰਨ ਰੰਜੋ ਗਮ ਦੇ ਭੱਜੇ ਘਟ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਇਸਲਾਮ ਦੇ ਨਾਂਅ 'ਤੇ ਗੁੰਮਰਾਹ ਕਰਨ ਵਾਲੇ ''ਅਖੌਤੀ ਜਿਹਾਦੀ'' ਇਸ ਭਿਆਨਕ ਤਸਵੀਰ ਦਾ ਦੂਜਾ ਖਾਲੀ ਪਾਸਾ ਹੋਰ ਵੀ ਭਿਆਨਕਤਾ ਨਾਲ ਪੂਰਾ ਕਰਦੇ ਹਨ। ਇਉਂ ਸਭ ਤਰ੍ਹਾਂ ਦੇ ਫਿਰਕਾਪ੍ਰਸਤ ਮਿਲਕੇ ਮਾਨਵਤਾ ਦਾ ਬਰਾਬਰ ਘਾਣ ਕਰਦੇ ਹਨ।
ਦੋਸਤੋ, ਦੰਗਿਆਂ ਤੋਂ ਪਾਸੇ ਰਹਿ ਗਏ ਲੋਕ ਚੰਗੀ ਮਾੜੀ ਚੁੰਝ-ਚਰਚਾ ਕਰਦੇ ਹਨ ਅਤੇ ਸਮਾਂ ਪਾਕੇ ਉਨ੍ਹਾਂ ਦੇ ਜਿਹਨ 'ਚੋਂ ਇਹ ਘਟਨਾਵਾਂ ਗਾਇਬ ਹੋ ਜਾਂਦੀਆਂ ਹਨ। ਪਰ ਜਿਨ੍ਹਾਂ ਨੇ ਅਜਿਹੇ ਦੰਗਿਆਂ 'ਚ ਆਪਣਾ ਸਭ ਕੁੱਝ ਗੁਆ ਦਿੱਤਾ ਹੋਵੇ ਉਨ੍ਹਾਂ ਦੀਆਂ ਕੇਵਲ ਮੌਜੂਦਾ ਨਹੀਂ ਬਲਕਿ ਆਉਣ ਵਾਲੀਆਂ ਅਨੇਕਾਂ ਨਸਲਾਂ 'ਤੇ ਇਨ੍ਹਾਂ ਦਾ ਦੁਰਪ੍ਰਭਾਵ ਰਹਿੰਦਾ ਹੈ ਅਤੇ ਜ਼ਿਆਦਾਤਰ ਨਾਂਹਪੱਖੀ ਸਿੱਟੇ ਹੀ ਕੱਢਦਾ ਹੈ।
ਅਸੀਂ ਬੜੇ ਜ਼ੋਰਦਾਰ ਢੰਗ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਰਤੀ ਹਾਕਮ ਜਮਾਤਾਂ ਦੀ ਤਰਜ਼ਮਾਨੀ ਕਰਦੀਆਂ ਸਾਰੀਆਂ ਰਾਜਸੀ ਪਾਰਟੀਆਂ ਵੱਡੀਆਂ ਜਾਂ ਛੋਟੀਆਂ, ਕੌਮੀ ਜਾਂ ਖੇਤਰੀ ਸਭ ਨੇ ਇਸ ਸ਼ਾਨਦਾਰ ਵਰਤਾਰੇ ਪ੍ਰਤੀ ਆਪਣੀ ਪੇਤਲੀ ਸਮਝਦਾਰੀ ਅਤੇ ਸਿਆਸੀ ਮੌਕਾਪ੍ਰਸਤੀਆਂ ਕਾਰਨ ਇਸ ਦਾ ਨੁਕਸਾਨ ਹੀ ਕੀਤਾ ਹੈ।
ਖੱਬੇ ਪੱਖ ਨੇ ਇਸ ਪੱਖ ਤੋਂ ਹਮੇਸ਼ਾ ਦਰੁਸਤ ਅਤੇ ਵਿਗਿਆਨਕ ਲੋਕ ਪੱਖੀ ਪੈਂਤੜਾ ਲਿਆ ਹੈ ਪਰ ਬੀਤੇ ਦੀਆਂ ਕਈ ਉਕਾਈਆਂ ਕਾਰਨ ਉਨ੍ਹਾਂ ਦੇ ਯਤਨ ਵੀ ਸਿਰੇ ਨਹੀਂ ਚੜ੍ਹੇ ਅਤੇ ਉਹ ਵਕਤੀ ਤੌਰ 'ਤੇ ਕਮਜ਼ੋਰ ਵੀ ਹੋ ਗਏ ਪਰ ਅੱਜ ਵੀ ਜੇ ਇਸ ਪੱਖ ਤੋਂ ਭਾਰਤੀ ਲੋਕਾਂ ਦੀ ਕੋਈ ਅਗਵਾਈ ਕਰ ਸਕਦਾ ਹੈ ਤਾਂ ਉਹ ਖੱਬਾ ਪੱਖ ਹੀ ਹੈ।
ਦੋਸਤੋ, ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਕਿ ਧਾਰਮਿਕ ਸਹਿਣਸ਼ੀਲਤਾ ਸਦੀਆਂ ਤੋਂ ਭਾਰਤ ਦੀ ਕਾਇਮੀ ਅਤੇ ਚੰਗੇ ਭਵਿੱਖ ਵੱਲ ਵਿਕਾਸ ਦੀ ਜਾਮਨ ਹੈ ਅਤੇ ਇਸ ਨੂੰ ਸੱਟ ਲੱਗਣਾ ਤਬਾਹੀਆਂ ਦੇ ਐਲਾਨਨਾਮੇਂ ਹਨ। ਉਪਰ ਦੱਸੀਆਂ ਚੰਗੀਆਂ ਅਤੇ ਮੰਦੀਆਂ ਦੋਵੇਂ ਕਿਸਮ ਦੀਆਂ ਘਟਨਾਵਾਂ ਸਾਡੇ ਕਥਨ ਦੀ ਪੁਸ਼ਟੀ ਆਪ ਕਰਦੀਆਂ ਹਨ। ਇਹ ਹੁਣ ਭਾਰਤਵਾਸੀਆਂ ਨੇ ਨਿਰਣਾ ਕਰਨਾ ਹੈ ਕਿ ਉਹ ਕਿਸ ਨੂੰ ਚੁਣਨ ਅਤੇ ਕਿਸ ਨੂੰ ਰੱਦ ਕਰਨ।

No comments:

Post a Comment