Monday 9 November 2015

ਸ਼ੋਕ

ਬੀਬੀ ਕੰਵਲਜੀਤ ਕੌਰ ਉਮਰਪੁਰਾ ਨਹੀਂ ਰਹੇ! 
ਸਮਾਜ ਵਿਚ ਔਰਤਾਂ ਉਪਰ ਹੋ ਰਹੇ ਸਮਾਜਕ ਜਬਰ ਅਤੇ ਨਾਬਰਾਬਰੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਆਗੂ ਅਤੇ ਤਹਿਸੀਲ ਅਜਨਾਲਾ ਦੇ ਜਨਰਲ ਸਕੱਤਰ ਭੈਣ ਕੰਵਲਜੀਤ ਕੌਰ ਉਮਰਪੁਰਾ ਸਾਡੇ ਵਿਚ ਨਹੀਂ ਰਹੇ। ਪਿੰਡ ਸੈਂਸਰਾ ਅੰਮ੍ਰਿਤਸਰ ਵਿਚ ਸਧਾਰਨ ਕਿਸਾਨ ਪਰਿਵਾਰ ਵਿਚ ਜਨਮੇ ਉਨ੍ਹਾਂ ਦਾ ਵਿਆਹ ਪਿੰਡ ਉਮਰਪੁਰਾ ਦੇ ਕਾਮਰੇਡ ਬਲਕਾਰ ਸਿੰਘ ਨਾਲ 1980 ਵਿਚ ਹੋਇਆ ਜੋ ਕਿ ਐਸ.ਐਫ.ਆਈ. ਅਤੇ ਜਨਵਾਦੀ ਨੌਜਵਾਨ ਸਭਾ ਦੇ ਆਗੂ ਸਨ। ਪਰਿਵਾਰਿਕ ਮਾਹੌਲ ਤੋਂ ਪ੍ਰਭਾਵਤ ਹੋ ਕੇ ਭੈਣ ਜੀ ਸਮਾਜਿਕ ਸੇਵਾ ਦੇ ਖੇਤਰ ਵਿਚ ਆਏ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਇਲਾਕੇ ਵਿਚ ਜਨਵਾਦੀ ਇਸਤਰੀ ਸਭਾ ਦੇ ਝੰਡੇ ਹੇਠ ਸਮਾਜਿਕ ਜਬਰ ਦੇ ਖਿਲਾਫ ਔਰਤਾਂ ਨੂੰ ਲਾਮਬੰਦ ਕਰਦੇ ਆ ਰਹੇ ਸਨ। ਉਹਨਾਂ ਨੇ ਜਿੱਥੇ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਉਠਾਈ ਉਥੇ ਹੀ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਵਿਚ ਵੀ ਸਭ ਤੋਂ ਅੱਗੇ ਰਹੇ।
24 ਅਕਤੂਬਰ ਨੂੰ ਉਹਨਾਂ ਦੇ ਪਿੰਡ ਉਮਰਪੁਰਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬੇ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੈਣ ਜੀ ਦੀ ਹੋਈ ਇਸ ਬੇਵਕਤ ਮੌਤ ਨਾਲ ਸਾਡੀ ਲਹਿਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਅਜੇ ਪਾਰਟੀ ਨੂੰ ਅਤੇ ਜਥੇਬੰਦੀ ਨੂੰ ਭੈਣ ਜੀ ਦੀ ਬੜੀ ਲੋੜ ਸੀ ਉਹਨਾਂ ਨੇ ਜਿਸ ਦਿਲੇਰੀ ਦੇ ਨਾਲ ਔਰਤਾਂ ਅਤੇ ਲੁੱਟੇ ਜਾ ਰਹੇ ਲੋਕਾਂ ਨੂੰ ਇਸ ਲੁੱਟ ਦੇ ਖਿਲਾਫ ਲਾਮਬੰਦ ਕਰਨ ਲਈ ਲੜਾਈ ਲੜੀ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਦਿਆਲ ਸਿੰਘ ਘੁਮਾਣ, ਭੈਣ ਜੀ ਅਜੀਤ ਕੌਰ ਕੋਟ ਰਜਾਦਾ ਸੂਬਾਈ ਆਗੂ ਜਨਵਾਦੀ ਇਸਤਰੀ ਸਭਾ, ਗੁਰਨਾਮ ਸਿੰਘ ਉਮਰਪੁਰਾ, ਸ਼ੀਤਲ ਸਿੰਘ ਤਲਵੰਡੀ, ਵਿਰਸਾ ਸਿੰਘ ਟੱਪਿਆਲਾ, ਬਚਨ ਸਿੰਘ ਉਠੀਆਂ ਅਤੇ ਭੈਣ ਜੀ ਜਗੀਰ ਕੌਰ ਆਦਿ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ। 



(ਸ਼ੋਕ ਨਹੀਂ) ਰੋਸ ਸਮਾਚਾਰਫਰੀਦਾਬਾਦ (ਹਰਿਆਣਾ) ਵਿਖੇ ਇਕ ਦਲਿਤ ਪਰਵਾਰ ਦੇ ਮਾਸੂਮ ਬੱਚਿਆਂ ਨੂੰ ਵਹਿਸ਼ੀ ਦਰਿੰਦਿਆਂ ਵਲੋਂ ਜਿੰਦਾ ਜਲਾ ਕੇ ਮਾਰ ਦਿੱਤਾ ਗਿਆ ਹੈ। ਇਸ ਹੌਲਨਾਕ ਘਟਨਾ ਨਾਲ ਹਰ ਸੰਵੇਦਨਸ਼ੀਲ ਮਨੁੱਖ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਹਨ। ਸਮੇਂ ਦੀਆਂ ਪਹਿਲੀਆਂ ਸਰਕਾਰਾਂ ਵਾਂਗ ਹੀ, ਅੱਜ ਦੀ ਹਰਿਆਣਾ ਦੀ ਅਤੀ ਪਿਛਾਂਹਖਿੱਚੂ ਖੱਟਰ ਸਰਕਾਰ ਨੇ ਇਸ ਅਣਮਨੁੱਖੀ ਘਟਣਾ ਦੀ ਪੜਤਾਲ ਕਰਨ ਦਾ ਰਸਮੀ ਭਰੋਸਾ ਦਿੱਤਾ ਹੈ ਤੇ ਅਫਸੋਸ ਪ੍ਰਗਟ ਕੀਤਾ ਹੈ। ਖਾਨਾਪੂਰਤੀ ਲਈ ਉਸ ਨੇ ਸਰਕਾਰੀ ਵਿਧੀ ਅਨੁਸਾਰ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਦੇਖਣਾ ਇਹ ਵੀ ਹੈ ਕਿ ਦੋਸ਼ੀਆਂ ਨੂੰ ਢੁਕਵੀਆਂ ਸਜ਼ਾਵਾਂ ਮਿਲਦੀਆਂ ਹਨ ਕਿ ਨਹੀਂ। ਦਲਿਤ ਆਬਾਦੀ ਉਡੀਕਦੀ ਹੈ ਕਿ ਕਦੋਂ ਜਮਹੂਰੀ ਲਹਿਰ ਉਨ੍ਹਾਂ ਨਾਲ ਹੁੰਦੇ ਇਸ ਅਮਾਨਵੀ ਵਤੀਰੇ ਵਿਰੁੱਧ ਫੈਸਲਾਕੁੰਨ ਸੰਘਰਸ਼ ਦਾ ਅੱਤ ਲੋੜੀਂਦਾ ਕਾਰਜ ਸੰਜੀਦਗੀ ਨਾਲ ਆਪਣੇ ਹੱਥ ਲੈਂਦੀ ਹੈ। 'ਸੰਗਰਾਮੀ ਲਹਿਰ' ਪਰਿਵਾਰ ਵਲੋਂ ਅਸੀਂ ਇਨ੍ਹਾਂ ਬੱਚਿਆਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਾਂ।  


ਸ਼੍ਰੀ ਰਜਿੰਦਰ ਕੁਮਾਰ ਵਿਰਲੀ ਦੇ ਵਿਛੋੜੇ 'ਤੇ ਦੁੱਖ ਪ੍ਰਗਟ
ਗੌਰਮਿੰਟ ਟੀਚਰਜ਼ ਯੂਨੀਅਨ ਦੇ ਮਿਸਾਲੀ ਆਗੂ ਰਹੇ ਸਾਥੀ ਸਾਧੂ ਰਾਮ ਵਿਰਲੀ ਦੇ ਸਪੁੱਤਰ ਅਤੇ ਉਘੇ ਵਿਦਵਾਨ ਤੇ ਟਰੇਡ ਯੂਨੀਅਨ ਆਗੂ ਸਾਥੀ ਡਾ. ਤੇਜਿੰਦਰ ਵਿਰਲੀ ਦੇ ਭਰਾਤਾ ਸ਼੍ਰੀ ਰਜਿੰਦਰ ਕੁਮਾਰ ਵਿਰਲੀ ਦੇ ਵਿਛੋੜੇ 'ਤੇ ਅਦਾਰਾ 'ਸੰਗਰਾਮੀ ਲਹਿਰ' ਅਤੇ ਸੀ.ਪੀ.ਐਮ.ਪੰਜਾਬ ਉਨ੍ਹਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਪਰਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਨ। 




ਸ਼੍ਰੀਮਤੀ ਰਘਬੀਰ ਕੌਰ ਦੇ ਬੇਵਕਤ ਵਿਛੋੜੇ 'ਤੇ ਦੁੱਖ ਪ੍ਰਗਟ
ਗਜ਼ਲ ਦੇ ਉਸਤਾਦ ਵਜੋਂ ਸਤਿਕਾਰੇ ਜਾਂਦੇ ਲੋਕ ਹਿਤਾਂ ਨੂੰ ਪ੍ਰਣਾਏ ਉਘੇ ਸਾਹਿਤਕਾਰ ਸੁਲੱਖਣ ਸਰਹੱਦੀ ਦੀ ਪਤਨੀ ਸ਼੍ਰੀਮਤੀ ਰਘਬੀਰ ਕੌਰ ਦੇ ਬੇਵਕਤ ਵਿਛੋੜੇ 'ਤੇ ਸੀ.ਪੀ.ਐਮ.ਪੰਜਾਬ ਅਤੇ ਅਦਾਰਾ 'ਸੰਗਰਾਮੀ ਲਹਿਰ' ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਨ। 

No comments:

Post a Comment