Tuesday 10 November 2015

ਸੰਪਾਦਕੀ ਟਿੱਪਣੀਆਂ (ਸੰਗਰਾਮੀ ਲਹਿਰ-ਨਵੰਬਰ 2015)

ਖਤਰਨਾਕ ਸਿਆਸੀ ਸਾਜਿਸ਼

ਪਿਛਲੇ ਦਿਨੀਂ, ਪੰਜਾਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਵਾਪਰੀਆਂ ਅਤੀ ਨਿੰਦਣਯੋਗ ਘਟਨਾਵਾਂ ਨੇ ਲੋਕਾਂ ਦੇ ਮਨਾਂ ਅੰਦਰ ਨਵੀਆਂ ਚਿੰਤਾਵਾਂ ਉਭਾਰੀਆਂ ਹਨ। ਜਿਲ੍ਹਾਂ ਫਰੀਦਕੋਟ ਦੇ ਨਾਮੀਂ ਗਰਾਮੀ ਪਿੰਡ ਬਰਗਾੜੀ ਵਿਖੇ 12 ਅਕਤੂਬਰ ਨੂੰ ਵਾਪਰੀ ਪਹਿਲੀ ਅਜਿਹੀ ਘਿਨਾਉਣੀ ਘਟਨਾ ਤੋਂ ਬਾਅਦ, 14 ਅਕਤੂਬਰ ਨੂੰ ਜਿਲ੍ਹਾ ਸੰਗਰੂਰ 'ਚ ਦਿੜ੍ਹਬੇ ਨੇੜੇ ਕੌਹਰੀਆਂ ਪਿੰਡ ਵਿਚ, 16 ਅਕਤੂਬਰ ਨੂੰ ਜਿਲ੍ਹਾ ਤਰਨਤਾਰਨ ਦੇ ਪਿੰਡ ਬਾਠ ਵਿਚ, ਉਸੇ ਦਿਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਨਾਜੂਸ਼ਾਹ ਮਿਸਰੀ ਵਿਖੇ, 18 ਅਕਤੂਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘਬੱਧੀ ਵਿਚ ਤੇ ਉਸੇ ਦਿਨ ਜੰਡਿਆਲਾ (ਅੰਮ੍ਰਿਤਸਰ) ਨੇੜੇ ਪਿੰਡ ਨਿੱਝਰਪੁਰ ਵਿਚ ਅਤੇ 20 ਅਕਤੂਬਰ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਰਸਰ ਵਿਖੇ ਪਵਿੱਤਰ ਗਰੰਥ ਦੀ ਬੇਅਦਬੀ ਕਰਨ ਦੀਆਂ ਵਾਪਰੀਆਂ ਲਗਭਗ ਇਕੋ ਕਿਸਮ ਦੀਆਂ ਘਟਨਾਵਾਂ ਨੇ ਪੰਜਾਬ ਅੰਦਰ ਗੁੱਸੇ, ਡਰ ਤੇ ਸਹਿਮ ਦੀਆਂ ਭਾਵਨਾਵਾਂ ਵੱਡੀ ਪੱਧਰ 'ਤੇ ਪੈਦਾ ਕੀਤੀਆਂ ਹਨ। ਇਹ ਸਿਲਸਿਲੇਵਾਰ ਘਟਨਾਵਾਂ, ਨਿਸ਼ਚੇ ਹੀ, ਕਿਸੇ ਇਕ-ਅੱਧ ਜਨੂੰਨੀ, ਸਿਰਫਿਰੇ ਜਾਂ ਸ਼ਰਾਰਤੀ ਅਨਸਰ ਦਾ ਕਾਰਾ ਨਹੀਂ ਹੈ; ਬਲਕਿ ਇਹ ਇਕ ਸੋਚੀ ਸਮਝੀ ਤੇ ਡੂੰਘੀ ਸਾਜਿਸ਼ ਦਾ ਹਿੱਸਾ  ਹੈ, ਜਿਸ ਨੂੰ ਕਿਸੇ ਖੁਫ਼ੀਆ ਅਜੈਂਸੀ ਜਾਂ ਸੰਸਥਾ ਨੇ ਜਨਮ ਦਿੱਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਕੇਵਲ ਸਿੱਖਾਂ ਵਿਚ ਹੀ ਨਹੀਂ ਬਲਕਿ ਸਮੁੱਚੇ ਮਨਵਵਾਦੀ ਲੋਕਾਂ ਦੇ ਮਨਾਂ ਅੰਦਰ ਡੂੰਘੀ ਸ਼ਰਧਾ ਅਤੇ ਸਤਿਕਾਰ ਹੈ। ਇਸ ਲਈ ਕੋਈ ਸਾਧਾਰਨ ਵਿਅਕਤੀ ਤਾਂ ਅਜੇਹਾ ਕੁਕਰਮ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ।
ਸੁਭਾਵਕ ਤੌਰ 'ਤੇ ਬੇਅਦਬੀ ਦੀਆਂ ਇਹਨਾਂ ਮਨਹੂਸ ਘਟਨਾਵਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਉਹ ਪੰਜਾਬ ਭਰ 'ਚ ਗਲੀਆਂ-ਬਾਜ਼ਾਰਾਂ ਵਿਚ ਨਿਕਲੇ ਹਨ। ਅਕਾਲੀ-ਭਾਜਪਾ ਸਰਕਾਰ ਦੀ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਮੁਜ਼ਰਮਾਨਾਂ ਬੇਰੁਖੀ ਅਤੇ ਹਾਕਮ ਪਾਰਟੀਆਂ, ਵਿਸ਼ੇਸ਼ ਤੌਰ 'ਤੇ ਬਾਦਲ ਪਰਵਾਰ ਨਾਲ ਸਬੰਧਤ ਆਗੂਆਂ ਦੀ ਮਾਫੀਆ ਲੁੱਟ ਕਾਰਨ ਲੋਕਾਂ ਦੇ ਮਨਾਂ ਅੰਦਰ ਇਸ ਸਰਕਾਰ ਵਿਰੁੱਧ ਫੈਲੀ ਹੋਈ ਨਫਰਤ ਨੇ ਵੀ ਇਹਨਾਂ ਘਟਨਾਵਾਂ ਕਾਰਨ ਪੈਦਾ ਹੋਏ ਗੁੱਸੇ ਨੂੰ ਹੋਰ ਵਧੇਰੇ ਤਿੱਖਾ ਕੀਤਾ ਹੈ। ਦੂਜੇ ਪਾਸੇ ਲੋਕਾਂ ਦੇ ਇਸ ਵਾਜਬ ਰੋਹ ਦਾ, ਪ੍ਰਾਂਤ ਅੰਦਰ ਘਾਤ ਲਾਈ ਬੈਠੇ ਸ਼ੱਕੀ ਕਿਰਦਾਰ ਵਾਲੇ ਕੁੱਝ ਵੱਖਵਾਦੀ ਤੇ ਫੁੱਟਪਾਊ ਅਨਸਰਾਂ ਅਤੇ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਤ ਕਈ ਕਾਂਗਰਸੀਆਂ ਨੇ ਵੀ ਭਰਵਾਂ ਲਾਹਾ ਲਿਆ ਹੈ। ਸਿੱਟੇ ਵਜੋਂ ਸ਼ਰੇਆਮ ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ ਅਤੇ ਦੇਸ਼ ਧਰੋਹੀ ਨਾਅਰੇਬਾਜ਼ੀ ਵੀ ਥਾਂ-ਥਾਂ ਕੀਤੀ ਗਈ। ਜਿਸ ਨੇ, ਸੁਭਾਵਕ ਤੌਰ 'ਤੇ, ਆਮ ਲੋਕਾਂ ਅੰਦਰ ਡਰ ਤੇ ਸਹਿਮ ਪੈਦਾ ਕੀਤਾ। ਉਹਨਾਂ ਦੀਆਂ ਅੱਖਾਂ ਸਾਹਮਣੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਦੇ ਮਨਹੂਸ ਪਰਛਾਵੇਂ ਨੱਚਣ ਲੱਗੇ। ਚਿੰਤਾ ਦੀ ਗੱਲ ਇਹ ਵੀ ਰਹੀ ਕਿ ਇਸ ਅਤੀ ਖਤਰਨਾਕ ਸਥਿਤੀ ਨਾਲ ਨਿਪਟਣ ਲਈ ਸਰਕਾਰ ਨੇ ਕੋਈ ਪ੍ਰਵਾਨਤ ਲੋਕਤਾਂਤਰਿਕ ਪਹੁੰਚ ਅਪਨਾਉਣ ਦੀ ਥਾਂ ਅਤਿ ਦੀ ਨਾਲਾਇਕੀ ਦਾ ਪ੍ਰਗਟਾਵਾ ਕੀਤਾ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੁੱਜੀ ਠੇਸ ਕਾਰਨ ਪੈਦਾ ਹੋਏ ਵਾਜਬ ਗੁੱਸੇ ਨੂੰ ਸ਼ਾਂਤ ਕਰਨ ਦੀ ਬਜਾਏ ਪਹਿਲਾਂ ਜ਼ਾਲਮਾਨਾ ਦਮਨਕਾਰੀ ਪਹੁੰਚ ਅਪਣਾ ਕੇ ਦੋ ਨਿਰਦੋਸ਼ ਵਿਅਕਤੀਆਂ ਦੀ ਜਾਨ ਲੈ ਲਈ ਅਤੇ ਫੇਰ ਤੁਰੰਤ ਹੀ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ, ਅਤੇ ਆਮ ਲੋਕਾਂ ਪ੍ਰਤੀ ਅਤੀ ਜ਼ਰੂਰੀ ਜ਼ੁੰਮੇਵਾਰੀਆਂ ਵੀ ਤਿਆਗ ਦਿੱਤੀਆਂ। ਜਿਸ ਨਾਲ ਆਮ ਜਨ-ਜੀਵਨ, ਪ੍ਰਾਂਤ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਅਤੇ ਪ੍ਰਾਂਤ ਅੰਦਰ ਆਵਾਜਾਈ ਵੱਡੀ ਹੱਦ ਤੱਕ ਠੱਪ ਹੋ ਗਈ। ਪ੍ਰੰਤੂ ਬਾਦਲ ਸਰਕਾਰ ਦੇ ਅਜੇਹੇ ਸਾਰੇ ਹੱਥਕੰਡੇ ਵੀ ਲੋਕਾਂ ਦੀਆਂ ਭੜਕੀਆਂ ਹੋਈਆਂ ਭਾਵਨਾਵਾਂ ਨੂੰ ਸ਼ਾਂਤ ਨਹੀਂ ਕਰ ਸਕੇ। ਇਹਨਾਂ ਨਾਲ, ਸਗੋਂ, ਸਰਕਾਰ ਦੇ ਅਸਲ ਮਨਸੂਬਿਆਂ ਬਾਰੇ ਸ਼ੰਕਾਵਾਂ ਹੋਰ ਵਧੀਆਂ ਹਨ।
ਸਰਕਾਰ ਦੀ ਇਸ ਪਹੁੰਚ ਕਾਰਨ, ਪਾਵਨ ਗਰੰਥ ਦੀ ਬੇਅਦਬੀ ਕਰਨ ਵਰਗੇ ਕੁਕਰਮ ਲਈ ਜ਼ੁੰਮੇਵਾਰ ਅਸਲ ਦੋਸ਼ੀਆਂ ਦੀ ਪਹਿਚਾਣ ਕਰਨ ਦੇ ਸਬੰਧ ਵਿਚ ਵੀ ਪ੍ਰਾਂਤ ਅੰਦਰ ਨਵੇਂ ਸ਼ੰਕੇ ਉਭਰ ਰਹੇ ਹਨ। ਹੁਣ ਤੱਕ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਏਥੇ ਇਹ ਇਕ ਤਕੜੀ ਧਾਰਨਾ ਬਣ ਚੁੱਕੀ ਹੈ ਕਿ ਇਹ ਘਟਨਾਵਾਂ ਆਮ ਲੋਕਾਂ, ਵਿਸ਼ੇਸ਼ ਤੌਰ 'ਤੇ ਸੰਘਰਸ਼ਸ਼ੀਲ ਮਜ਼ਦੂਰਾਂ ਅਤੇ ਕਿਸਾਨਾਂ ਦਾ ਧਿਆਨ ਉਹਨਾਂ ਦੀਆਂ ਜੀਵਨ ਹਾਲਤਾਂ ਨਾਲ ਸਬੰਧਤ ਬੁਨਿਆਦੀ ਸਮਸਿਆਵਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਤੋਂ ਲਾਂਭੇ ਲਿਜਾਣ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਅ ਕੇ ਤੇ ਪ੍ਰਾਂਤ ਦੇ ਰਾਜਸੀ ਮਾਹੌਲ ਨੂੰ ਵੱਧ ਤੋਂ ਵੱਧ ਗੰਧਲਾ ਬਣਾਕੇ ਉਸਤੋਂ ਰਾਜਸੀ ਲਾਹਾ ਲੈਣ ਵੱਲ ਸੇਧਤ ਹਨ। ਸਮਝਣ ਵਾਲੀ ਗੱਲ ਇਹ ਵੀ ਹੈ ਕਿ ਬਰਗਾੜੀ ਵਾਲੀ ਘਟਨਾ ਉਸ ਦਿਨ ਵਾਪਰਦੀ ਹੈ ਜਿਸ ਦਿਨ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਆਪਣੇ ਸਿਖਰ 'ਤੇ ਸੀ। 4 ਖੱਬੀਆਂ ਪਾਰਟੀਆਂ ਉਹਨਾਂ ਦੇ ਸਮਰਥਨ ਵਿਚ ਜ਼ਿਲ੍ਹਿਆਂ ਅੰਦਰ ਵਿਸ਼ਾਲ ਮੁਜ਼ਾਹਰੇ ਕਰ ਰਹੀਆਂ ਸਨ ਅਤੇ ਇਹ ਸ਼ਾਨਾਮਤਾ ਸੰਘਰਸ਼ ਸਰਕਾਰ ਨੂੰ ਗੱਲਬਾਤ ਦੀ ਮੇਜ਼ 'ਤੇ ਆਉਣ ਲਈ ਮਜ਼ਬੂਰ ਕਰ ਰਿਹਾ ਸੀ। ਏਸੇ ਲਈ ਇਹਨਾਂ ਘਟਨਾਵਾਂ ਪਿੱਛੇ ''ਵਿਦੇਸ਼ੀ ਹੱਥ'' ਹੋਣ ਦੀ ਸਰਕਾਰ ਦੀ ਛੁਰਲੀ ਵੀ ਲੋਕ ਮਨਾਂ 'ਤੇ ਵਧੇਰੇ ਕਾਟ ਨਹੀਂ ਕਰ ਰਹੀ। ਇਹਨਾਂ ਘਟਨਾਵਾਂ ਲਈ ਹੁਣ ਤੱਕ ਨਾਮਜ਼ਦ ਕੀਤੇ ਗਏ ਦੋਸ਼ੀਆਂ ਨੂੰ ਲੋਕ ਸੰਜੀਦਗੀ ਨਾਲ ਨਹੀਂ ਲੈ ਰਹੇ ਅਤੇ ਪੁਲਸ ਦੀ ਪੜਤਾਲ ਵੀ ਸ਼ੱਕ ਦੇ ਘੇਰੇ ਵਿਚ ਹੈ। ਉਂਝ ਵੀ, ਬਾਦਲ ਪਰਿਵਾਰ ਨੇ ਜਿਸ ਹੱਦ ਤੱਕ ਪੁਲਸ ਦਾ ਸਿਆਸੀਕਰਨ ਕਰ ਦਿੱਤਾ ਹੈ, ਉਸ ਨਾਲ ਪੁਲਸ ਦੀ ਪ੍ਰਤੀਤ ਸਮੁੱਚੇ ਤੌਰ 'ਤੇ ਹੀ ਬਹੁਤ ਪੇਤਲੀ ਪੈ ਚੁੱਕੀ ਹੈ। ਪ੍ਰੰਤੂ ਜਿਸ ਤਰ੍ਹਾਂ ਦੀਆਂ ਕਹਾਣੀਆਂ ਪੁਲਸ ਵਲੋਂ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਘੜੀਆਂ ਗਈਆਂ ਹਨ, ਉਹ ਤਾਂ ਉੱਕਾ ਹੀ ਸਵਿਕਾਰਨਯੋਗ ਨਹੀਂ ਹਨ। ਜੇਕਰ ਕੋਈ ਹੋਰ ਨਿਰਪੱਖ ਐਜੈਂਸੀ ਇਹਨਾਂ ਸਾਰੀਆਂ ਘਟਨਾਵਾਂ ਦੀ ਪੜਤਾਲ ਕਰੇ ਤਾਂ ਸ਼ਾਇਦ ਅਸਲ ਸੱਚ ਸਾਹਮਣੇ ਆ ਸਕੇ। ਪ੍ਰੰਤੂ ਇਸ ਸਮੁੱਚੀ ਸਾਜਿਸ਼ ਤੋਂ ਸਿਆਸੀ ਲਾਹਾ ਲੈਣ ਲਈ ਯਤਨਸ਼ੀਲ ਭੱਦਰਪੁਰਸ਼ ਅਜੇਹਾ ਕਦੇ ਨਹੀਂ ਹੋਣ ਦੇਣਗੇ।
ਇਹਨਾਂ ਹਾਲਤਾਂ ਵਿਚ ਆਮ ਪ੍ਰਾਂਤ ਵਾਸੀਆਂ ਲਈ ਜਿੱਥੇ ਇਹ ਜ਼ਰੂਰੀ ਹੈ ਕਿ ਉਹ ਅਜੇਹੀਆਂ ਖਤਰਨਾਕ ਸਾਜਿਸ਼ਾਂ ਪ੍ਰਤੀ ਹੋਰ ਵਧੇਰੇ ਸੁਚੇਤ ਹੋਣ ਅਤੇ ਹਰ ਤਰ੍ਹਾਂ ਦੀਆਂ ਭੜਕਾਹਟਾਂ ਤੋਂ ਬਚਕੇ ਆਪਣੀ ਭਾਈਚਾਰਕ ਸਦਭਾਵਨਾਂ ਦੀ ਡੱਟਕੇ ਰਾਖੀ ਕਰਨ, ਉਥੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਹਨਾਂ ਲੋਕ ਮਾਰੂ ਸਰਕਾਰਾਂ ਦੀਆਂ ਨੀਤੀਆਂ ਕਾਰਨ ਲੋਕਾਂ ਦੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਮੁਸੀਬਤਾਂ ਵਿਰੁੱਧ ਉਹ ਆਪਣੀਆਂ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣਾਕੇ ਵਿਸ਼ਾਲ ਜਨਤਕ ਘੋਲਾਂ ਦੇ ਪਿੜ ਮੱਲਣ ਅਤੇ ਵੱਧ ਤੋਂ ਵੱਧ ਦਰਿੜ੍ਹਤਾ ਤੇ ਸਾਬਤਕਦਮੀ ਨਾਲ ਅਗਾਂਹ ਵਧਣ। ਆਮ ਲੋਕਾਂ ਨੂੰ ਇਸ ਪੱਖੋਂ ਜਾਗਰੂਕ ਕਰਨ ਦੀ ਅੱਜ ਭਾਰੀ ਲੋੜ ਹੈ ਕਿ ਉਹ ਅਜੇਹੀਆਂ ਭੜਕਾਊ ਸਾਜਿਸ਼ਾਂ ਦਾ ਸ਼ਿਕਾਰ ਬਣਨ ਦੀ ਥਾਂ ਆਪਣੀਆਂ ਜੀਵਨ ਹਾਲਤਾਂ ਨੂੰ ਬੇਹਤਰ ਬਨਾਉਣ ਲਈ ਲੜੇ ਜਾਣ ਵਾਲੇ ਸੰਗਰਾਮਾਂ ਨੂੰ ਪ੍ਰਚੰਡ ਕਰਨ ਤੇ ਉਹਨਾਂ ਵਿਚ ਆਪਣੀ ਸ਼ਮੂਲੀਅਤ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਨਾਉਣ ਲਈ ਹਰ ਸੰਭਵ ਉਪਰਾਲਾ ਕਰਨ।   
- ਹ.ਕ. ਸਿੰਘ                             (25-10-2015)
 

ਪੰਜਾਬ ਸਰਕਾਰ ਦਾ ਦੋਗਲਾ ਤੇ ਕਰੂਰ ਚਿਹਰਾ

ਪੰਜਾਬ ਦੀ ਅਖੌਤੀ 'ਰਾਜ ਨਹੀਂ, ਸੇਵਾ' ਵਾਲੀ ਸਰਕਾਰ ਦਾ ਬਰਬਰ ਚਿਹਰਾ 23 ਅਕਤੂਬਰ ਵਾਲੇ ਦਿਨ ਆਪਣੇ ਪੂਰੇ ''ਜਾਹੋ ਜਲਾਲ'' ਨਾਲ ਦੇਸ਼ ਦੇ ਲੋਕਾਂ ਖਾਸ ਕਰ ਪੰਜਾਬੀਆਂ ਦੇ ਸਨਮੁੱਖ ਉਜਾਗਰ ਹੋਇਆ। ਸਮੁੱਚੇ ਸੂਬੇ ਵਿਚ ਕਿਸਾਨਾਂ-ਮਜ਼ਦੂਰਾਂ ਨੇ ਆਪਣੀਆਂ ਪ੍ਰਤੀਨਿਧ 8 ਕਿਸਾਨ ਅਤੇ 4 ਮਜ਼ਦੂਰ ਜਥੇਬੰਦੀਆਂ ਦੀ  ਅਗਵਾਈ ਵਿਚ ਸੂਬੇ ਦੇ ਵਜ਼ੀਰਾਂ/ਪਾਰਲੀਮਾਨੀ ਸਕੱਤਰਾਂ ਦੇ ਘਰਾਂ ਵੱਲ ਰੋਸ ਮਾਰਚ ਕਰਦਿਆਂ ਉਨ੍ਹਾਂ ਦਾ ਘਿਰਾਓ ਕਰਨਾ ਸੀ। ਹੈਰਾਨੀ ਦੀ ਗੱਲ ਹੈ ਕਿ ਜਿਸ ਪੁਲਸ ਨੂੰ ਪੰਜਾਬ ਵਾਸੀ ਪਿਛਲੇ ਲਗਭਗ 11 ਦਿਨਾਂ ਤੋਂ ਉਡੀਕਦੇ ਸਨ, ਤਾਂਕਿ ਉਹ ਜਬਰੀ ਦੁਕਾਨਾਂ ਬੰਦ ਕਰਾਉਣ ਵਾਲਿਆਂ, ਮਨ ਮਰਜ਼ੀ ਨਾਲ ਨਿੱਜੀ ਜਾਂ ਜਨਤਕ ਆਵਾਜਾਈ ਸਾਧਨਾਂ ਰਾਹੀਂ ਜ਼ਰੂਰੀ ਕੰਮਾਂ ਲਈ ਜਾਂਦੇ ਲੋਕਾਂ ਨੂੰ ਹਫਤਿਆਂ ਬੱਧੀ ਰੋਕਣ ਵਾਲਿਆਂ, ਬਾਜ਼ਾਰਾਂ 'ਚ ਨਾਜਾਇਜ਼ ਹਥਿਆਰ ਜਿਵੇਂ ਕਿਰਪਾਨਾਂ, ਹਾਕੀਆਂ, ਰਾਡਾਂ, ਬੇਸਬਾਲ ਸਟਿੱਕਾਂ ਆਦਿ ਲਹਿਰਾਉਂਦਿਆਂ ਖਾਲਿਸਤਾਨ ਪੱਖੀ ਤੇ ਵੱਖਵਾਦੀ ਨਾਹਰੇ ਲਾਉਣ ਵਾਲਿਆਂ ਨੂੰ, ਕਾਨੂੰਨ ਅਨੁਸਾਰ ਰੋਕਣ/ਡੱਕਣ ਦੀ ਕਾਰਵਾਈ ਕਰੇ, ਪਰ ਪੁਲਸ ਨਹੀਂ ਬਹੁੜੀ। ਪਰੰਤੂ ਉਹ ਕਿਸਾਨ, ਜਿਨ੍ਹਾਂ ਦੀ ਨਰਮੇਂ ਦੀ ਫਸਲ ਸਰਕਾਰੀ ਸਰਪ੍ਰਸਤੀ ਪ੍ਰਾਪਤ ਕੀਟਨਾਸ਼ਕ ਦਵਾਈਆਂ ਦੇ ਸਮੁੱਚੇ ਵੱਡੇ ਕਾਰੋਬਾਰੀਆਂ ਦੀ ਮਿਲੀਭੁਗਤ ਨਾਲ ਬਜਾਰ 'ਚ ਆਏ ਨਕਲੀ ਕੀਟਨਾਸ਼ਕਾਂ ਨਾਲ ਤਬਾਹ ਹੋ ਗਈ, ਅਤੇ ਉਹ ਹਜ਼ਾਰਾਂ ਬੇਜ਼ਮੀਨੇ ਪਰਵਾਰ ਜਿਨ੍ਹਾਂ ਨੇ ਇਹ ਫਸਲ ਚੁੱਗ ਕੇ ਕੁੱਝ ਦਿਨਾਂ ਦਾ ਰੋਜ਼ਗਾਰ ਪ੍ਰਾਪਤ ਕਰਨਾ ਸੀ, ਨੂੰ ਇਸ ਉਜਾੜੇ ਦਾ ਅਤੀ ਵਾਜਬ ਮੁਆਵਜ਼ਾ ਮੰਗਣ ਲਈ ਖਾਲੀ ਹੱਥ ਵਜ਼ੀਰਾਂ ਦੇ ਘਰਾਂ ਵੱਲ ਜਾਂਦਿਆਂ ਨੂੰ ਵੱਡੀ ਪੱਧਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਗੰਨਾਂ ਮਿਲਾਂ ਵੱਲੋਂ ਲੁੱਟੇ ਗਏ ਅਤੇ ਸਰਕਾਰ ਵਲੋਂ ਬੇਆਸਰੇ ਛੱਡ ਦਿੱਤੇ ਗਏ ਗੰਨਾਂ ਕਾਸ਼ਤਕਾਰ ਆਪਣੀ ਫਸਲ ਦੀ ਬਕਾਇਆ ਕੀਮਤ ਲੈਣ ਦੀ ਮੰਗ ਕਰਨ ਲਈ ਵਜ਼ੀਰਾਂ ਦੇ ਘਰਾਂ ਵੱਲ ਜਾ ਰਹੇ ਸਨ। ਸਭ ਤੋਂ ਸਿਤਮ ਤੇ ਇਹ ਹੋਇਆ ਕਿ ਬਾਸਮਤੀ/ਝੋਨਾ ਉਤਪਾਦਕਾਂ ਦੀ ਤਾਂ ਸੂਬਾ ਸਰਕਾਰ ਨੇ ਕਿਸੇ ਵੀ ਪੱਖ ਤੋਂ ਕੋਈ ਵੀ ਇਮਦਾਦ ਕਰਨ ਤੋਂ ਕੋਰਾ ਜੁਆਬ ਦੇ ਦਿੱਤਾ।
ਉਕਤ ਕਿਸਾਨ ਤੇ ਮਜ਼ਦੂਰ ਆਪਣੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਅਗਸਤ ਤੋਂ ਲਗਾਤਾਰ ਪੜਾਅਵਾਰ ਸੰਘਰਸ਼ ਕਰ ਰਹੇ ਹਨ। ਅਗਸਤ 'ਚ ਪਟਿਆਲਾ ਵਿਖੇ ਲਗਾਤਾਰ ਧਰਨਾ। 10 ਸਤੰਬਰ, 15 ਸਤੰਬਰ, 21 ਸਤੰਬਰ ਅਤੇ 25 ਸਤੰਬਰ ਨੂੰ ਕ੍ਰਮਵਾਰ ਬਠਿੰਡਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਵਿਸ਼ਾਲ ਇਕ ਰੋਜਾ ਜੋਨ ਪੱਧਰੀ ਧਰਨੇ। ਬਠਿੰਡਾ ਵਿਖੇ ਨਰਮਾ ਉਤਪਾਦਕਾਂ ਦਾ 17 ਸਤੰਬਰ ਤੋਂ 4 ਅਕਤੂਬਰ ਤੱਕ ਚੱਲਿਆ ਪੱਕਾ ਮੋਰਚਾ। 7 ਤੋਂ 13 ਅਕਤੂਬਰ ਤੱਕ ਵੱਖੋ-ਵੱਖ ਥਾਈਂ ਰੇਲ ਰੋਕੋ  ਅੰਦੋਲਨ ਖਾਸ ਜ਼ਿਕਰਯੋਗ ਹਨ।
ਇਸ ਵਿਸ਼ਾਲ ਭਾਗੀਦਾਰੀ ਵਾਲੇ ਇਤਿਹਾਸਕ ਅਤੇ ਕਿਸਾਨਾਂ ਤੋਂ ਬਿਨਾਂ ਦੂਜੇ ਵੀ ਵਰਗਾਂ ਤੋਂ ਮਿਲੇ ਸ਼ਾਨਦਾਰ ਸਹਿਯੋਗ ਵਾਲੇ ਅੰਦੋਲਨ 'ਚ ਇਕ ਵੀ ਐਸੀ ਘਟਨਾ ਨਹੀਂ ਹੋਈ ਜਿਸ ਨੂੰ ਹਿੰਸਕ ਜਾਂ ਗੈਰ ਜਿੰਮੇਵਾਰਾਨਾਂ ਕਿਹਾ ਜਾ ਸਕਦਾ ਹੋਵੇ। ਰੇਲ ਰੋਕੋ ਐਕਸ਼ਨ ਤੋਂ ਕੈਂਸਰ ਦੇ ਮਰੀਜਾਂ ਨੂੰ ਲਿਜਾਣ ਵਾਲੀ ਬਠਿੰਡਾ-
ਬੀਕਾਨੇਰ ਟ੍ਰੇਨ ਨੂੰ ਵਿਸ਼ੇਸ਼ ਛੋਟ ਦਿੱਤੀ ਗਈ। 
ਪਰ ਫਿਰ ਵੀ ਪੰਜਾਬ ਸਰਕਾਰ ਨੇ ਇਸ ਹੱਕ-ਸੱਚ-ਇਨਸਾਫ ਦੇ ਕਿਸਾਨ-ਮਜ਼ਦੂਰ ਘੋਲ ਨੂੰ ਪੁਲਸ ਜਬਰ ਦਾ ਬੁਰੀ ਤਰ੍ਹਾਂ ਸ਼ਿਕਾਰ ਬਣਾਇਆ।
ਪੰਜਾਬ ਦੇ ਲੋਕ ਇਹ ਵੀ ਭਲੀਭਾਂਤ ਦੇਖ ਰਹੇ ਹਨ ਕਿ ਕਿਸੇ ਡੂੰਘੀ ਸਾਜਿਸ਼ ਅਧੀਨ ਅੰਜਾਮ ਦਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 'ਚੋਂ ਪੰਜਾਬੀਆਂ, ਖਾਸ ਕਰ ਸਿੱਖ ਜਨਸਮੂਹਾਂ, ਦੇ ਮਨਾਂ 'ਚ ਉਪਜੇ ਰੋਸ ਕਾਰਨ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਹੀ ਉਕਤ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਥਾਂ-ਥਾਂ ਭਾਈਚਾਰਕ ਸਾਂਝ ਲਈ ਜਾਨ ਹੂਲਵੇਂ ਯਤਨ ਕਰਦੇ ਰਹੇ ਹਨ। ਫਿਰ ਵੀ ਪੁਲਸ ਉਨ੍ਹਾਂ 'ਤੇ ਬਾਜ ਵਾਂਗ ਟੁੱਟ ਕੇ ਪੈ ਗਈ। ਪਰ ਇਸ ਸਾਰੇ ਹਾਲਾਤ 'ਚੋਂ ਸਿਆਸੀ ਲਾਹਾ ਲੈਣ ਵਾਲੀਆਂ ਦੂਜੀਆਂ ਸ਼ਕਤੀਆਂ ਅਤੇ ਖੂਨੀ ਖੇਡ ਵਰਤਾਉਣ ਦੇ ਸਾਜਿਸ਼ ਘਾੜਿਆਂ ਦੇ ਸ਼ਿਸ਼ਕਾਰੇ ਗੈਰ ਜਿੰਮੇਵਾਰ ਤੱਤਾਂ ਨੂੰ ਰੋਕਣ ਦੀ ਬਜਾਇ ਪੁਲਸ ਉਨ੍ਹਾਂ ਵੱਲ ਪਿੱਠ ਕਰ ਕੇ ਖੜ੍ਹ ਜਾਂਦੀ ਹੈ। ਇਓਂ ਲੱਗਦਾ ਹੈ ਕਿ ਪੰਜਾਬ ਦੀ ਹਕੂਮਤ ਵੀ ਮਸਲੇ ਦਾ ਵਾਜਬ ਹੱਲ ਲੱਭਣ ਦੀ ਥਾਂ ਕਿਸੇ ਡੂੰਘੀ ਸਾਜਿਸ਼ 'ਚ ਗੁਲਤਾਣ ਹੈ ਤਾਂਕਿ ਇਸ ਵਰਤਾਰੇ ਨਾਲ ਹੋਏ ਸਿਆਸੀ ਘਾਟੇ ਦੀ ਪੂਰਤੀ ਕੀਤੀ ਜਾ ਸਕੇ।
ਸਰਕਾਰ ਦੀ ਚਾਕਰੀ ਕਰਦਿਆਂ ਪੁਲਸ ਇਸ ਹੱਦ ਤੱਕ ਪਾਗਲਾਂ ਵਾਲੀ ਸਥਿਤੀ ਨੂੰ ਪੁੱਜ ਗਈ ਸੀ ਕਿ ਉਸਨੇ ਵੱਖੋ-ਵੱਖ ਥਾਂ ਕਿਸਾਨ ਘੋਲ ਦੇ ਪੱਖ 'ਚ ਹਾਅ ਦਾ ਨਾਅਰਾ ਮਾਰਨ ਆਏ ਉਘੇ ਟਰੇਡ ਯੂਨੀਅਨ ਆਗੂ ਅਤੇ ਜੀ.ਟੀ.ਯੂ. ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਸਾਥੀ ਹਰਕੰਵਲ ਸਿੰਘ, ਲਾਲ ਝੰਡਾ ਪੰਜਾਬ ਭੱਠਾ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸਾਥੀ ਆਤਮਾ ਰਾਮ, ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ।
ਸੁਆਲਾਂ ਦਾ ਸੁਆਲ ਇਹ ਹੈ ਕਿ ਸ਼ਰੇਆਮ ਵੱਖਵਾਦੀ ਨਾਹਰੇ ਲਾਉਣ ਵਾਲੇ, ਨਾਜਾਇਜ਼ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ, ਭੜਕਾਊ ਢੰਗ ਦੀਆਂ ਕਾਰਵਾਈਆਂ ਰਾਹੀਂ ਪੰਜਾਬੀਆਂ ਨੂੰ ਲੜਾ ਕੇ ਸਦੀਵੀਂ ਪਾੜਾ ਪਾਉਣ ਵਾਲਿਆਂ 'ਤੇ ਤਾਂ ਕੋਈ ਸਖਤੀ ਨਹੀਂ, ਪਰ ਹੱਕੀ ਮੰਗਾਂ ਲਈ ਪੁਰਅਮਨ ਘੋਲ ਲੜਨ ਵਾਲੇ ਕਿਸਾਨਾਂ ਨਾਲ ਐਨੀ ਸਖਤੀ? ਜੁਆਬ ਸਿੱਧਾ ਹੈ ''ਪਾੜੋ ਤੇ ਰਾਜ ਕਰੋ'' ਦੇ ਲੋਕ ਵਿਰੋਧੀ ਕਾਰਜ ਲਈ ਕਿਰਿਆਸ਼ੀਲ ਅਨਸਰ ਲੋਕ ਦੋਖੀ ਸਰਕਾਰਾਂ ਦੇ ਸੰਦ ਬਣੇ ਹੋਏ ਹਨ। ਕੁਲ ਮਿਲਾ ਕੇ ਪੰਜਾਬ ਸਰਕਾਰ ਦੀ ਇਹ ਜਾਬਰ, ਗੈਰ ਜਮਹੂਰੀ, ਬੇਲੋੜੀ ਕਾਰਵਾਈ ਹੈ ਜਿਸ ਦੀ ਚੌਤਰਫਾ ਨਿੰਦਾ ਹੋਣੀ ਚਾਹੀਦੀ ਹੈ।
ਉਂਝ, ਪੰਜਾਬ ਦੇ ਮੁੱਖ ਮੰਤਰੀ, ਮੰਤਰੀ, ਪਾਰਲੀਮਾਨੀ ਸਕੱਤਰ ਜਿਨ੍ਹਾਂ ਦੇ ਦਰਾਂ ਮੁਹਰੇ ਦੁਖੜਾ ਰੋਣ ਜਾਣ ਤੋਂ ਪੁਲਸ ਨੇ ਕਿਸਾਨਾਂ-ਮਜ਼ਦੂਰਾਂ ਨੂੰ ਰੋਕਿਆ, ਇਹ ਭੁਲ ਗਏ ਹਨ ਕਿ ਥੋੜੇ ਸਮੇਂ ਬਾਅਦ ਉਨ੍ਹਾਂ ਨੂੰ ਆਪ ਵੀ ਅਗਲੀ ਅਸੰਬਲੀ ਚੋਣ ਵੇਲੇ ਲੋਕਾਂ ਦੇ ਬੂਹਿਆਂ 'ਤੇ ਜਾਣਾ ਪੈਣਾ ਹੈ। ਹਾਂ! ਪੰਜਾਬ ਦੇ ਅਣਖੀ ਲੋਕ 23 ਅਕਤੂਬਰ ਵਾਲੀ ''ਸਰਕਾਰੀ ਪ੍ਰਾਹੁਣਚਾਰੀ'' ਜ਼ਰੂਰ ਯਾਦ ਰੱਖਣਗੇ, ਇਸ ਦੀ ਪੂਰੀ ਆਸ ਹੈ।           
- ਮਹੀਪਾਲ

No comments:

Post a Comment