Monday, 9 November 2015

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100ਵੇਂ ਸ਼ਹੀਦੀ ਦਿਵਸ 'ਤੇ 14 ਨਵੰਬਰ ਦੀ ਨੌਜਵਾਨ-ਵਿਦਿਆਰਥੀ ਰੈਲੀ ਦਾ ਮਹੱਤਵ

ਸਰਬਜੀਤ ਗਿੱਲ 
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਗਰੇਜ਼ ਸਾਮਰਾਜ ਨੇ 16 ਨਵੰਬਰ 1915 ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਸਾਲ ਉਨ੍ਹਾਂ ਦਾ 100ਵਾਂ ਸ਼ਹੀਦੀ ਦਿਵਸ, ਸਾਮਰਾਜ ਦੇ ਵਿਰੋਧ ਦੇ ਪ੍ਰਤੀਕ ਵਜੋਂ ਸਾਰੇ ਸੰਸਾਰ ਅੰਦਰ ਮਨਾਇਆ ਜਾ ਰਿਹਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਮਹਾਨ ਹੀਰੋ ਸਨ, ਉਹ ਪੜ੍ਹਾਈ ਦੀ ਖਾਤਰ ਅਮਰੀਕਾ ਗਏ ਅਤੇ ਉਥੇ ਭਾਰਤੀਆਂ ਨਾਲ ਹੋ ਰਹੇ ਵਿਤਕਰੇ ਤੋਂ ਦੁਖੀ ਹੋ ਕੇ ਗਦਰ ਪਾਰਟੀ ਨਾਲ ਜੁੜ ਗਏ। ਉਨ੍ਹਾਂ ਗਦਰ ਅਖ਼ਬਾਰ ਕੱਢਣ ਲਈ ਅਹਿਮ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਾਪਸ ਭਾਰਤ ਆ ਗਏ, ਜਿਥੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਆਪਣਾ ਯੋਗਦਾਨ ਪਾਇਆ। ਕਰਤਾਰ ਸਿੰਘ ਸਰਾਭਾ ਨੇ ਸਭ ਤੋਂ ਛੋਟੀ ਉਮਰ 'ਚ ਫਾਂਸੀ ਦੇ ਰੱਸੇ ਨੂੰ ਚੁੰਮਿਆ। ਉਨ੍ਹਾਂ ਦੀ ਸ਼ਹੀਦੀ ਨੇ ਉਸ ਵੇਲੇ ਦੇ ਨੌਜਵਾਨਾਂ ਨੂੰ ਹਲੂਣਾ ਦਿੱਤਾ। ਸ਼ਹੀਦ ਭਗਤ ਸਿੰਘ ਨੂੰ ਵੀ ਸਰਾਭਾ ਦੀ ਸ਼ਹੀਦੀ ਨੇ ਪ੍ਰਭਾਵਿਤ ਕੀਤਾ ਸੀ ਅਤੇ ਉਨ੍ਹਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਜਸੀ ਗੁਰੂ ਤਸੱਵਰ ਕੀਤਾ ਸੀ। ਸ਼ਹੀਦ ਭਗਤ ਸਿੰਘ ਨੇ ਵੀ ਸਾਮਰਾਜ ਖ਼ਿਲਾਫ ਆਪਣੀ ਜੰਗ ਨੂੰ ਜਾਰੀ ਰੱਖਿਆ। 'ਇਨਕਲਾਬ ਜਿੰਦਾਬਾਦ - ਸਾਮਰਾਜਵਾਦ ਮੁਰਦਾਬਾਦ' ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਹੀਦੀ ਜਾਮ ਪੀਤਾ। ਦੇਸ਼ ਦੀ ਆਜ਼ਾਦੀ ਲਈ ਚਲੇ ਘੋਲ 'ਚ ਗ਼ਦਰ ਪਾਰਟੀ, ਬੱਬਰ ਅਕਾਲੀਆਂ, ਕੂਕਾ ਲਹਿਰ ਸਮੇਤ ਹੋਰਨਾ ਲਹਿਰਾਂ ਨੇ ਆਪਣਾ ਯੋਗਦਾਨ ਪਾਇਆ, ਜਿਸ 'ਚ ਗ਼ਦਰ ਪਾਰਟੀ ਦਾ ਰੋਲ਼ ਸੁਨਿਹਰੀ ਅੱਖਰਾਂ 'ਚ ਲਿਖਿਆ ਹੋਇਆ ਹੈ। ਗ਼ਦਰ ਪਾਰਟੀ ਦੀ ਇਹ ਵਿਸ਼ੇਸ਼ਤਾ ਵੀ ਸੀ ਕਿ ਇਸ 'ਚ ਹਰ ਧਰਮ, ਜਾਤ, ਰੰਗ-ਰੂਪ, ਖਿੱਤੇ ਦੇ ਲੋਕ ਬਿਨ੍ਹਾਂ ਕਿਸੇ ਵਿਤਕਰੇ ਤੋਂ ਸ਼ਾਮਲ ਹੋਏ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ 24 ਮਈ 2001 ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ ਕੀਤਾ ਗਿਆ ਸੀ। ਆਪਣੀਆਂ ਮਹਾਨ ਰਵਾਇਤਾਂ ਨੂੰ ਅੱਗੇ ਤੋਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਤਾਬਦੀ ਸ਼ਹੀਦੀ ਵਰ੍ਹਾ ਵੱਖ-ਵੱਖ ਤਰ੍ਹਾਂ ਨਾਲ ਮਨਾਇਆ ਜਾ ਰਿਹਾ ਹੈ। ਸਭਾ ਵਲੋਂ ਸ਼ਹੀਦੀ ਸ਼ਤਾਬਦੀ ਵਰ੍ਹੇ ਦੀ ਆਰੰਭਤਾ ਪਿੰਡ ਸਰਾਭਾ ਤੋਂ ਕੀਤੀ ਸੀ ਅਤੇ ਹੁਣ ਸ਼ਤਾਬਦੀ ਨੂੰ ਸਮਰਪਿਤ ਵੱਡਾ ਨੌਜਵਾਨ-ਵਿਦਿਆਰਥੀ ਇਕੱਠ ਅੰਮ੍ਰਿਤਸਰ 'ਚ ਕੀਤਾ ਜਾ ਰਿਹਾ ਹੈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਮਹਾਨ ਸ਼ਹੀਦਾਂ ਤੋਂ ਸੇਧ ਲੈਂਦਿਆ ਸਾਮਰਾਜ ਦੇ ਖਿਲਾਫ ਆਪਣੀ ਜੰਗ ਜਾਰੀ ਰੱਖਣ ਦਾ ਅਹਿਦ ਕੀਤਾ ਹੋਇਆ ਹੈ। ਇਸ ਨੇ ਨਾਲ ਹੀ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵੀ ਸੰਘਰਸ਼ ਆਰੰਭਿਆ ਹੋਇਆ ਹੈ। ਸਭਾ ਵਲੋਂ 'ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ-ਸਭ ਦਾ ਹੋਵੇ ਇਹ ਅਧਿਕਾਰ' ਦੇ ਨਾਅਰੇ ਤਹਿਤ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਲਾਮਬੰਦ ਕਰਨਾ ਜਾਰੀ ਹੈ। 'ਵਿਦਿਆ ਦਿਓ, ਰੁਜ਼ਗਾਰ ਦਿਓ- ਸਭ ਨੂੰ ਇਹ ਅਧਿਕਾਰ ਦਿਓ!' ਤਹਿਤ ਵੀ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਗਈਆਂ। ਇਸ ਦੌਰਾਨ ਸਥਾਈ ਰੁਜ਼ਗਾਰ ਦੀ ਪ੍ਰਾਪਤੀ ਲਈ ਰੁਜ਼ਗਾਰ ਦਫ਼ਤਰਾਂ ਅੱਗੇ ਧਰਨੇ ਲਗਾ ਕੇ ਸਰਕਾਰ ਦੇ ਕੰਨਾਂ ਤੱਕ ਵੀ ਅਵਾਜ਼ ਪੁੱਜਦੀ ਕੀਤੀ ਗਈ। ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਅਤੇ ਨਸ਼ਿਆਂ ਦੇ ਕੁਚੱਕਰ 'ਚ ਫਸ ਚੁੱਕੇ ਨੌਜਵਾਨਾਂ ਨੂੰ ਸੰਕਟ 'ਚੋਂ ਕੱਢਣ ਲਈ ਸਭਾ ਵਲੋਂ 'ਨਸ਼ਾ ਬੰਦ ਕਰੋ - ਵਿਦਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੋ' ਤਹਿਤ ਪਿਛਲੇ ਸਮੇਂ ਜਿਲ੍ਹਾ ਪੱਧਰ 'ਤੇ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਇਸ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਜਾ ਰਿਹਾ ਹੈ। ਹਾਕਮ ਧਿਰ ਵਲੋਂ ਜਲ੍ਹਿਆਂ ਵਾਲੇ ਬਾਗ ਨੂੰ ਸੁੰਦਰ ਬਣਾਉਣ ਦੇ ਨਾਂਅ ਹੇਠ ਹਥਿਆਉਣ ਦੀਆਂ ਚੱਲੀਆਂ ਕੋਝੀਆਂ ਚਾਲਾਂ ਨੂੰ ਵੀ ਸਭਾ ਵਲੋਂ ਦੂਜੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਆਰੰਭਿਆ ਗਿਆ ਅਤੇ ਜਿੱਤ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪੰਜਾਬ ਦੇ ਨਾਲ-ਨਾਲ ਹਰਿਆਣਾ 'ਚ ਵੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਦੇ ਕਾਰਨ ਬਹੁਤ ਹੀ ਸਪੱਸ਼ਟ ਹਨ, ਸਾਮਰਾਜੀ ਦੇਸ਼ ਪੂਰੀ ਦੁਨੀਆਂ ਨੂੰ ਨਿਗਲ ਜਾਣਾ ਚਾਹੁੰਦੇ ਹਨ। ਮੁਨਾਫੇ ਦੀ ਅੰਨ੍ਹੀ ਦੌੜ 'ਚ ਮਨੁੱਖੀ ਕਦਰਾਂ ਕੀਮਤਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਹੈ। ਕਦੇ ਅਮਰੀਕਾ ਅਤਿਵਾਦ ਦੇ ਨਾਂਅ ਹੇਠ ਅਫਗਾਨਿਸਤਾਨ 'ਚ ਦਖ਼ਲਅੰਦਾਜ਼ੀ ਕਰ ਰਿਹਾ ਹੈ ਅਤੇ ਕਦੇ ਮਨੁਖਤਾ ਦਾ ਘਾਣ ਕਰਨ ਵਾਲੇ ਹਥਿਆਰਾਂ ਦੇ ਨਾਂਅ ਹੇਠ ਇਰਾਕ 'ਚ ਦਖਲਅੰਦਾਜ਼ੀ ਕਰ ਰਿਹਾ ਹੈ। ਉਸ ਦਾ ਮੁਖ ਮਕਸਦ ਤੇਲ ਦੇ ਖੂਹਾਂ 'ਤੇ ਕਬਜ਼ੇ ਜਮਾਉਣਾ ਹੀ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਸਾਮਰਾਜੀ ਅਮਰੀਕਾ ਅਤੇ ਇਸ ਦੇ ਇਤਿਹਾਦੀਆਂ ਵਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਬਾਰੇ ਆਮ ਸਧਾਰਨ ਵਿਅਕਤੀ ਵੀ ਚਿੰਤਤ ਹੈ। ਕਿਸੇ ਦੇਸ਼ 'ਚ ਧਰਮ ਦੇ ਨਾਂਅ ਹੇਠ ਅਤੇ ਕਿਤੇ ਖਿੱਤੇ ਦੇ ਨਾਂ ਹੇਠ ਸਾਮਰਾਜ ਵਲੋਂ ਦਖਲ ਦੇ ਕੇ ਆਪਣੇ ਅੱਡੇ ਕਾਇਮ ਕੀਤੇ ਜਾ ਰਹੇ ਹਨ। ਇਨ੍ਹਾਂ ਦੇਸ਼ਾਂ ਨੂੰ ਦੂਜੇ ਦੇਸ਼ਾਂ ਦਾ ਕੋਈ ਫਿਕਰ ਨਹੀਂ ਹੈ ਕਿਉਂਕਿ ਸਾਮਰਾਜ ਮੁਨਾਫੇ ਅਧਾਰਿਤ ਮਨੁੱਖਤਾ ਦੀ ਲੁੱਟ ਦਾ ਇੱਕ ਪ੍ਰਬੰਧ ਹੈ। ਹਾਂ, ਕਦੇ ਕਦਾਈਂ ਅੱਖਾਂ ਪੂੰਝਣ ਵਾਂਗ ਮਨੁੱਖੀ ਅਧਿਕਾਰਾਂ ਦੀ ਰਾਖੀ ਵਰਗੇ ਸ਼ੋਸ਼ੇ ਜ਼ਰੂਰ ਛੱਡੇ ਜਾਂਦੇ ਹਨ। ਇਸ ਦੇ ਨਾਲ ਸਾਡੇ ਦੇਸ਼ 'ਚ ਵੀ ਇਨ੍ਹਾਂ ਸਾਮਰਾਜੀ ਦੇਸ਼ਾਂ ਦੀ ਦਖਲਅੰਦਾਜ਼ੀ ਕਾਇਮ ਹੈ। ਸਾਡੇ ਦੇਸ਼ ਦੇ ਹਾਕਮ ਚਾਹੇ ਉਹ ਕਿਸੇ ਵੀ ਰੰਗ ਰੂਪ ਦੇ ਹੋਣ, ਵਲੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਨੂੰ ਗਹਿਣੇ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਕੀਮਤੀ ਕੁਦਰਤੀ ਖਜ਼ਾਨੇ ਜਲ, ਜੰਗਲ ਅਤੇ ਜ਼ਮੀਨ ਸਾਡੇ ਦੇਸ਼ ਦੇ ਹਾਕਮਾਂ ਵਲੋਂ ਵਿਦੇਸ਼ੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਦਿੱਤੀ ਜਾ ਰਹੀ ਹੈ। ਜਿਸ ਲਈ ਜ਼ੋਰਾਂ-ਸ਼ੋਰਾਂ ਨਾਲ ਨਵੇਂ ਕਾਨੂੰਨ ਵੀ ਬਣਾਏ ਜਾ ਰਹੇ ਹਨ ਅਤੇ ਕੁੱਝ ਕਾਨੂੰਨਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਨੂੰ ਕਿਸੇ ਵੀ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਦੇਸ਼ ਦੇ ਹਾਕਮਾਂ ਨੇ ਸਾਮਰਾਜ ਨਾਲ ਭਿਆਲੀ ਪਾ ਕੇ ਇਥੋਂ ਦੀ ਵਿਦਿਆ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਦਾ ਬੇੜਾ ਗਰਕ ਕਰ ਦਿੱਤਾ ਹੈ। ਅਜਿਹੇ ਹਾਲਾਤ 'ਚ ਦੇਸ਼ ਦੇ ਹਾਕਮਾਂ ਨੇ ਨੌਜਵਾਨਾਂ ਦੀ ਸੋਚ ਨੂੰ ਖੁੰਢਾ ਕਰਨ ਲਈ ਨਸ਼ਿਆਂ 'ਚ ਗਲਤਾਨ ਕਰਕੇ ਰੱਖ ਦਿੱਤਾ ਹੈ।
ਹਾਕਮਾਂ ਵਲੋਂ ਨੌਜਵਾਨਾਂ ਦੀ ਭਲਾਈ ਲਈ ਅਜਿਹੀਆਂ ਨੀਤੀਆਂ ਨਹੀਂ ਲਿਆਂਦੀਆਂ ਜਾ ਰਹੀਆਂ, ਜਿਸ ਨਾਲ ਨੌਜਵਾਨਾਂ ਦੇ ਮਸਲੇ ਹੱਲ ਵੀ ਹੋ ਸਕਣ। ਨੌਜਵਾਨਾਂ ਵਲੋਂ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੀ ਥਾਂ ਲਾਰੇ, ਨਸ਼ੇ, ਧੋਖੇ ਹੀ ਮਿਲ ਰਹੇ ਹਨ। ਦੇਸ਼ ਨੂੰ ਸਹੀ ਢੰਗ ਨਾਲ ਚਲਾਉਣ ਲਈ 10 ਫੀਸਦੀ ਅਬਾਦੀ ਸਰਕਾਰੀ ਨੌਕਰੀਆਂ 'ਚ ਹੋਣੀ ਚਾਹੀਦੀ ਹੈ ਅਤੇ ਬਾਕੀਆਂ ਨੂੰ ਆਪਣਾ ਪੇਟ ਪਾਲਣ ਲਈ ਅਤੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਰੁਜ਼ਗਾਰ ਦਾ ਪ੍ਰਬੰਧ ਹੋਣਾ ਬਹੁਤ ਹੀ ਜ਼ਰੂਰੀ ਹੈ। ਪੰਜਾਬ 'ਚ ਹੀ ਕੁੱਝ ਸ਼ਹਿਰਾਂ 'ਚ ਲੋਕਾਂ ਨੂੰ ਹੁਣ ਤੱਕ ਮਿਲਿਆ ਰੁਜ਼ਗਾਰ ਵੀ ਖੁਸ ਰਿਹਾ ਹੈ। ਮਸਲਨ ਲੁਧਿਆਣਾ 'ਚ ਹੌਜ਼ਰੀ ਦਾ ਕੰਮ ਕਾਫੀ ਚਲਦਾ ਹੋਣ ਕਾਰਨ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਪ੍ਰੰਤੂ ਹੁਣ ਇਹ ਕੰਮ ਮੰਦੇ ਦੀ ਲਪੇਟ 'ਚ ਆ ਗਿਆ ਹੈ। ਅਮ੍ਰਿੰਤਸਰ, ਬਟਾਲਾ, ਮੰਡੀ ਗੋਬਿੰਦਗੜ੍ਹ, ਗੁਰਾਇਆ ਵਰਗੇ ਸ਼ਹਿਰਾਂ 'ਚ ਰੁਜ਼ਗਾਰ ਘਟਦਾ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਦੇਸ਼ ਦੇ ਹਾਕਮਾਂ ਦੀਆਂ ਨੀਤੀਆਂ ਹੀ ਹਨ। ਇਨ੍ਹਾਂ ਸ਼ਹਿਰਾਂ 'ਚ ਬਣਨ ਵਾਲੀਆਂ ਵਸਤਾਂ ਹੁਣ ਨਵੀਆਂ ਮਸ਼ੀਨਾਂ ਨਾਲ ਬਣਨ ਲੱਗ ਪਈਆਂ ਹਨ ਅਤੇ ਨਵੀਂ ਤਕਨੀਕ ਦੇ ਆਉਣ ਨਾਲ ਪਹਿਲਾਂ ਬਣਦੀਆਂ ਵਸਤਾਂ ਵੇਲਾ ਵਿਹਾ ਚੁੱਕੀਆਂ ਹਨ। ਮਿਸਾਲ ਵਜੋਂ ਕਣਕ ਦੀ ਕਟਾਈ ਲਈ ਥ੍ਰੈਸ਼ਰ ਅਤੇ ਹੜੰਬਾ ਮਸ਼ੀਨ ਦੀ ਵਰਤੋਂ ਹੋਣੋਂ ਹੀ ਹਟ ਗਈ ਹੈ, ਜਿਸ ਨਾਲ ਫੈਕਟਰੀਆਂ ਨੂੰ ਜਿੰਦਰੇ ਲੱਗ ਗਏ ਹਨ। ਇਸ ਦੀ ਜਿੰਮੇਵਾਰੀ ਸਰਕਾਰ ਦੀਆਂ ਨੀਤੀਆਂ ਸਿਰ ਹੀ ਬੱਝਦੀ ਹੈ। ਛੋਟੇ ਸਨਅਤਕਾਰਾਂ ਨੂੰ ਵੇਲੇ ਸਿਰ ਇਮਦਾਦ ਨਾ ਮਿਲਣ ਕਾਰਨ ਬਹੁਤ ਸਾਰੀਆਂ ਮਿੱਲਾਂ ਬਿਮਾਰ ਹਨ ਅਤੇ ਬਹੁਤੀਆਂ ਬੰਦ ਹੋ ਰਹੀਆਂ ਹਨ। ਪੰਜਾਬ ਹੀ ਨਹੀਂ ਪੂਰਾ ਦੇਸ਼ ਹੀ ਖੇਤੀ ਪ੍ਰਧਾਨ ਹੈ, ਇਥੇ ਖੇਤੀ ਅਧਾਰਤ ਸੱਨਅਤਾਂ ਦੀ ਬਹੁਤ ਘਾਟ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਨਵੇਂ ਰੁਜ਼ਗਾਰ ਦੇ ਵਸੀਲੇ ਪੈਦਾ ਨਹੀਂ ਹੋ ਰਹੇ ਹਨ। ਨਵੀਂਆਂ ਸਨਅਤਾਂ ਦੇ ਨਾ ਲੱਗਣ ਕਾਰਨ ਅਤੇ ਪਹਿਲਾਂ ਲੱਗੀਆਂ ਹੋਈਆਂ ਸਨਅਤਾਂ ਬੰਦ ਹੋਣ ਕਾਰਨ ਪਹਿਲਾਂ ਨਾਲੋਂ ਮੁਸ਼ਕਲਾਂ ਵੱਧ ਗਈਆਂ ਹਨ। ਸਵੈ ਰੁਜ਼ਾਗਾਰ ਦੀ ਗੈਰਯਕੀਨੀ ਕਾਰਨ ਅੱਜ ਦਾ ਨੌਜਵਾਨ ਆਪਣੇ ਆਪ ਨੂੰ ਮੁਸ਼ਕਲਾਂ 'ਚ ਫਸਿਆ ਮਹਿਸੂਸ ਕਰ ਰਿਹਾ ਹੈ। ਅੱਜ ਤੋਂ ਤੀਹ ਸਾਲ ਪਹਿਲਾਂ ਨੌਜਵਾਨ ਸਾਈਕਲ 'ਤੇ ਵੀ ਆਉਣ ਜਾਣ ਕਰ ਲੈਂਦੇ ਸਨ ਪਰ ਸੰਸਾਰ ਇੱਕ ਹੋਣ ਕਾਰਨ ਮੋਬਾਈਲ ਅਤੇ ਘੱਟੋ-ਘੱਟ ਮੋਟਰਸਾਈਕਲ ਇਕ ਲੋੜ ਬਣ ਗਿਆ ਹੈ, ਪਰ ਇਨ੍ਹਾਂ ਨੂੰ ਖਰੀਦਣ ਦੇ ਵਸੀਲੇ ਉਨੇ ਨਹੀਂ ਹਨ। ਇਸ ਕਸ਼ਮਕਸ਼ 'ਚ ਅੱਜ ਦਾ ਨੌਜਵਾਨ ਫਸਿਆ ਹੋਇਆ ਹੈ, ਜਿਥੋਂ ਨਿਕਲਣਾ ਬਹੁਤ ਹੀ ਔਖਾ ਲਗਦਾ ਹੈ। ਇਸ ਸਥਿਤੀ 'ਚ ਨੌਜਵਾਨਾਂ ਦਾ ਇੱਕ ਵਰਗ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਰਿਹਾ ਹੈ। ਲੋਕ ਲੱਖਾਂ ਰੁਪਏ ਏਜੰਟਾਂ ਨੂੰ ਲੁਟਾ ਰਹੇ ਹਨ। ਕੁੱਝ ਲੋਕ ਇਹ ਵੀ ਸਵਾਲ ਕਰਦੇ ਹਨ ਕਿ ਇੰਨੇ ਪੈਸੇ ਖਰਚ ਕਰਕੇ ਤਾਂ ਇਥੇ ਹੀ ਕੋਈ ਕੰਮਕਾਰ ਆਰੰਭ ਕੀਤਾ ਜਾ ਸਕਦਾ ਸੀ ਪਰ ਪੈਸੇ ਖਰਚ ਕਰਕੇ ਵੀ ਰੁਜ਼ਗਾਰ ਦੀ ਬੇਯਕੀਨੀ ਕਾਇਮ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਹੀ ਯੋਗ ਨਹੀਂ ਹਨ, ਜਿਥੋਂ ਇਹ ਆਸ ਕੀਤੀ ਜਾ ਸਕਦੀ ਹੋਵੇ ਕਿ ਪੈਸੇ ਖਰਚ ਕਰਕੇ ਵੀ ਰੁਜ਼ਗਾਰ ਮਿਲ ਸਕੇਗਾ। 
ਵਿਦਿਆਰਥੀਆਂ ਦੀ ਪੜ੍ਹਾਈ ਦੇ ਖਰਚੇ ਵਿੱਤੋਂ ਬਾਹਰੇ ਹਨ। ਪਿੰਡਾਂ 'ਚ ਵਸਦੇ ਵਿਦਿਆਰਥੀ ਪੰਜ ਫੀਸਦੀ ਤੋਂ ਵੱਧ ਯੂਨੀਵਰਸਿਟੀਆਂ ਤੱਕ ਨਹੀਂ ਪਹੁੰਚ ਦੇ। ਇੱਕ ਪਾਸੇ ਵੱਡੀਆਂ ਪ੍ਰਾਈਵੇਟ ਵੱਡੀਆਂ ਯੂਨੀਵਰਸਿਟੀਆਂ ਖੁੱਲ ਰਹੀਆ ਹਨ ਅਤੇ ਦੂਜੇ ਪਾਸੇ ਲੋਕਾਂ ਕੋਲ ਆਪਣੇ ਬੱਚੇ ਪੜ੍ਹਾਉਣ ਲਈ ਪੈਸੇ ਹੀ ਨਹੀਂ ਹਨ। ਪੈਸੇ ਦੇ ਜ਼ੋਰ ਵਾਲੇ ਮੁਕਾਬਲੇਬਾਜ਼ੀ 'ਚ ਸੀਟਾਂ ਪ੍ਰਾਪਤ ਕਰਨ 'ਚ ਕਾਮਯਾਬ ਹੋ ਜਾਂਦੇ ਹਨ ਅਤੇ ਗਰੀਬ ਪਰਿਵਾਰਾਂ ਦੇ ਪਿਛੋਕੜ ਵਾਲੇ ਕਦੇ ਰਾਜ ਦੇ ਸਿਖਿਆ ਪ੍ਰਬੰਧ ਨੂੰ ਅਤੇ ਕਦੇ ਕੁੱਝ ਲੋਕ ਰਿਜ਼ਰਵੇਸ਼ਨ ਨੂੰ ਹੀ ਕੋਸਦੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਇਉਂ ਲਗਦਾ ਰਹਿੰਦਾ ਹੈ ਕਿ ਕਿਸੇ ਹੋਰ ਰਾਜ 'ਚ ਪੜ੍ਹਾਈ ਦਾ ਪ੍ਰਬੰਧ ਚੰਗਾ ਹੈ ਅਤੇ ਕੁੱਝ ਕੁ ਇਹੀ ਕਹੀ ਜਾਂਦੇ ਹਨ ਕਿ ਸੀਟਾਂ ਤਾਂ ਸਾਰੇ ਰਿਜ਼ਰਵ ਕੈਟਾਗਰੀ ਵਾਲੇ ਹੀ ਲੈ ਜਾਂਦੇ ਹਨ। ਉਹ ਇਹ ਬਿਲਕੁੱਲ ਹੀ ਭੁੱਲ ਜਾਂਦੇ ਹਨ ਕਿ ਪੈਸੇ ਦੇ ਜ਼ੋਰ ਨਾਲ ਮਿਲਣ ਵਾਲੀਆਂ ਸੀਟਾਂ ਤਾਂ ਅਸਲ 'ਚ ਪਹਿਲਾਂ ਹੀ ਅਮੀਰਾਂ ਵਾਸਤੇ ਰਿਜ਼ਰਵ ਪਈਆਂ ਹਨ, ਜਿਥੇ ਕੋਈ ਜਨਰਲ ਕੈਟਾਗਰੀ ਵਾਲਾ ਜਾਂ ਰਿਜ਼ਰਵ ਕੈਟਾਗਰੀ ਵਾਲਾ ਪਹੁੰਚ ਹੀ ਨਹੀਂ ਸਕਦਾ।
ਨੌਜਵਾਨਾਂ ਨੂੰ ਧੋਖਾ ਦੇਣ ਲਈ ਖੋਲ੍ਹੇ ਰੁਜ਼ਗਾਰ ਦਫ਼ਤਰ ਵੀ ਕੁੱਝ ਨਹੀਂ ਕਰ ਰਹੇ। ਜੇ ਇਨ੍ਹਾਂ ਦਫ਼ਤਰਾਂ ਰਾਹੀਂ ਰੁਜ਼ਗਾਰ ਮਿਲਣਾ ਹੋਵੇ ਤਾਂ ਨੌਜਵਾਨ ਚਾਅ ਨਾਲ ਇਨ੍ਹਾਂ ਦਫ਼ਤਰਾਂ 'ਚ ਆਪਣਾ ਨਾਂਅ ਦਰਜ ਕਰਵਾਉਣ ਵੀ ਪਰ ਇਥੋਂ ਕੁੱਝ ਵੀ ਨਾ ਮਿਲਦਾ ਹੋਣ ਕਾਰਨ ਬਹੁਤੇ ਨੌਜਵਾਨ ਪੜ੍ਹ ਲਿਖ ਕੇ ਵੀ ਇਨ੍ਹਾਂ ਦਫਤਰਾਂ ਵੱਲ ਮੂੰਹ ਨਹੀਂ ਕਰਦੇ। ਅਖੌਤੀ ਪੜ੍ਹਾਈ ਕਰ ਲੈਣ ਉਪਰੰਤ ਵੀ ਪ੍ਰਾਈਵੇਟ ਖੇਤਰ 'ਚ ਮਿਲਣ ਵਾਲਾ ਰੁਜ਼ਗਾਰ 'ਹਾਇਰ ਐਂਡ ਫਾਇਰ' ਅਖਵਾਉਂਦਾ ਹੈ। ਜਿਸ ਦਾ ਅਰਥ ਹੈ ਲੋੜ ਵੇਲੇ ਕੰਮ ਲਓ ਅਤੇ ਮਗਰੋਂ ਭਜਾ ਦਿਓ। ਇਸ ਨੀਤੀ ਤਹਿਤ ਨੌਜਵਾਨ ਜਦੋਂ 35 ਸਾਲ ਦੀ ਉਮਰ ਦੀ ਹੱਦ ਲੰਘਦਾ ਹੈ ਤਾਂ ਫਿਕਰ ਹੋਰ ਵੱਧ ਜਾਂਦੇ ਹਨ ਕਿਉਂਕਿ ਮਗਰ ਨਵੇਂ ਨੌਜਵਾਨਾਂ ਦੀ ਲਾਈਨ ਲੱਗੀ ਹੋਈ ਦਿਖਾਈ ਦਿੰਦੀ ਹੈ। ਉੱਮਰ ਦੇ ਇਸ ਪੜ੍ਹਾਅ 'ਚ ਕਿਸੇ ਪਾਸੇ ਹੋਰ ਕੰਮ ਆਰੰਭਣਾ ਵੀ ਔਖਾ ਹੈ ਜਾਂਦਾ ਹੈ। ਅਜਿਹੀ ਸਥਿਤੀ 'ਚ ਸਲਾਨਾ ਪੈਕੇਜ਼ ਦੇਣ ਦਾ ਕੰਮ ਆਰੰਭ ਹੋ ਗਿਆ ਹੈ। ਕਿਸੇ ਵੇਲੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਕੀਤੀ ਜਾਂਦੀ ਸੀ ਪਰ ਹੁਣ 8 ਘੰਟੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਸਲਾਨਾ ਪੈਕੇਜ਼ ਹੋਣ ਕਾਰਨ ਕੁੱਲ ਕੰਮ ਗਿਣਾ ਦਿੱਤਾ ਜਾਂਦਾ ਹੈ, ਜਿਹੜਾ 16 ਘੰਟੇ ਕਰਨ ਤੋਂ ਬਾਅਦ ਵੀ ਖਤਮ ਹੁੰਦਾ ਦਿਖਾਈ ਨਹੀਂ ਦਿੰਦਾ। ਇਸ ਮਾਮਲੇ 'ਚ ਕੁੱਝ ਵਿਅਕਤੀਆਂ ਦੀ ਇਹ ਦਲੀਲ ਹੈ ਕਿ ਕੰਮ ਘੰਟੇ 8 ਤੋਂ 6 ਕਰਨ ਨਾਲ ਵੀ ਨਵਾਂ ਰੁਜ਼ਗਾਰ ਮਿਲ ਸਕੇਗਾ ਪਰ ਇਸ ਦੇ ਵੀ ਹਕੀਕੀ ਨਤੀਜੇ ਨਹੀਂ ਆ ਸਕਣਗੇ ਕਿਉਂਕਿ ਅਜਿਹਾ ਕਰਨ ਨਾਲ 25 ਫੀਸਦੀ ਦਾ ਹੀ ਵਾਧਾ ਹੋ ਸਕੇਗਾ। ਇਹ ਵਾਧਾ ਉਸ ਸਟੇਜ 'ਤੇ ਤਾਂ ਕਾਰਗਰ ਸਾਬਤ ਹੋ ਸਕਦਾ ਹੈ, ਜਦੋਂ 75 ਫੀਸਦੀ ਲੋਕਾਂ ਕੋਲ ਰੁਜ਼ਗਾਰ ਹੋਵੇ ਤਾਂ ਉਸ ਨੂੰ 100 ਫੀਸਦੀ ਕਰਨ ਲਈ ਤਾਂ 25 ਫੀਸਦੀ ਦਾ ਵਾਧਾ ਕਰਕੇ 100 ਫੀਸਦੀ ਕੀਤਾ ਜਾ ਸਕਦਾ ਹੈ ਪ੍ਰੰਤੂ ਜੇ ਪਹਿਲਾਂ ਹੀ ਪੱਲੇ ਕੁੱਝ ਨਹੀਂ ਹੈ ਤਾਂ ਇਸ ਕੰਮ ਦੇ ਘੰਟੇ ਘਟਾਉਣ ਨਾਲ ਕੀ ਹੋ ਸਕੇਗਾ? ਸਰਕਾਰੀ   ਵਿਭਾਗਾਂ ਵਿਚ ਵੀ ਪੱਕੀ ਭਰਤੀ ਦੀ ਥਾਂ ਅਤੀ ਨਿਗੂਣੀਆਂ ਉਜਰਤਾਂ ਤਹਿਤ ਅਣਮਨੁੱਖੀ ਠੇਕਾ ਪ੍ਰਣਾਲੀ ਸ਼ੁਰੂ ਹੋ ਗਈ ਹੈ। ਕੰਮ ਮੰਗਦੇ ਬੇਰੋਜ਼ਗਾਰਾਂ ਅਤੇ ਠੇਕਾ ਕਾਮਿਆਂ ਵਲੋਂ ਪੱਕੇ ਕਰਨ ਦੀ ਮੰਗ ਦੇ ਘੋਲਾਂ 'ਚ ਯੁਵਕਾਂ 'ਤੇ ਅੰਨ੍ਹਾਂ ਤਸ਼ੱਦਦ ਢਾਹਿਆ ਜਾਣਾ ਆਮ ਗੱਲ ਹੈ।
ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਮਹਾਨ ਦੇਸ਼ ਭਗਤਾਂ ਨੇ ਆਪਣਾ ਸਾਰਾ ਜੀਵਨ, ਸਾਮਰਾਜੀਆਂ ਨੂੰ ਬਾਹਰ ਕੱਢਣ 'ਤੇ ਲਗਾ ਦਿੱਤਾ ਅਤੇ ਮੌਜੂਦਾ ਹਾਕਮ ਸਾਮਰਾਜੀਆਂ ਨੂੰ ਮੁੜ ਇਥੇ ਸੱਦਣ ਲਈ ਪੂਰਾ ਜੋਰ ਲਗਾ ਰਹੇ ਹਨ। ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਫਿਕਰ ਦੇਸ਼ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਰਨਾ ਹੋਵੇਗਾ। ਜੇ ਅੱਜ ਫਿਕਰ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਨੂੰ ਇੱਕ ਹੋਰ ਆਜ਼ਾਦੀ ਦੀ ਲੜਾਈ ਲਈ ਕੁਰਬਾਨੀਆਂ ਕਰਨੀਆਂ ਪੈਣਗੀਆਂ। ਅੰਮ੍ਰਿਤਸਰ ਦੀ ਰੈਲੀ ਲਾਜ਼ਮੀ ਤੌਰ 'ਤੇ ਨੌਜਵਾਨਾਂ 'ਚ ਉਤਸ਼ਾਹ ਪੈਦਾ ਕਰੇਗੀ। ਜਦੋਂ ਦੇਸ਼ ਦੇ ਹਾਕਮਾਂ ਕੋਲ ਨੌਜਵਾਨਾਂ ਦੀ ਭਲਾਈ ਲਈ ਕੋਈ ਨੀਤੀ ਹੀ ਨਹੀਂ ਹੈ ਅਤੇ ਨੌਜਵਾਨ ਵਰਗ ਸੰਕਟ 'ਚ ਹੈ। ਵਿਦਿਆਰਥੀਆਂ ਦਾ ਭਵਿੱਖ ਵੀ ਧੁੰਧਲਾ ਦਿਖਾਈ ਦੇ ਰਿਹਾ ਹੈ। ਉਸ ਵੇਲੇ ਆਸ ਦੀ ਇਕੋ ਇੱਕ ਕਿਰਨ ਸਾਡੀਆਂ ਜਥੇਬੰਦੀਆਂ 'ਚੋਂ ਦਿਖਾਈ ਦੇ ਰਹੀ ਹੈ। ਨਿਰਾਸ਼ਾ 'ਚ ਫਸ ਕੇ ਨਸ਼ਿਆਂ ਦੇ ਰਾਹ ਤੁਰਨ ਨਾਲੋਂ ਸੰਘਰਸ਼ਾਂ ਦਾ ਰਾਹ ਫੜਨਾ ਸੌ ਦਰਜੇ ਚੰਗਾ ਕਾਰਜ ਹੈ। ਸਾਡੇ ਸਭ ਦੇ ਚਹੇਤੇ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦੇ ਪ੍ਰੇਰਣਾ ਸਰੋਤ ਅਤੇ ਆਦਰਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਪੜ੍ਹਾਈ ਲਈ ਵਿਦੇਸ਼ ਗਏ ਅਤੇ ਆਪਣੇ ਦੇਸ਼ ਦਾ ਭਵਿੱਖ ਮਾੜਾ ਦਿਖਾਈ ਦੇਣ 'ਤੇ ਉਨ੍ਹਾਂ ਹੱਥ 'ਤੇ ਹੱਥ ਰੱਖਣ ਦੀ ਥਾਂ ਸੰਘਰਸ਼ਾਂ ਦਾ ਰਾਹ ਅਪਣਾਇਆ ਅਤੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਤੋਂ ਸਾਨੂੰ ਵੀ ਸਬਕ ਸਿੱਖਣ ਦਾ ਢਾਡੀ ਲੋੜ ਹੈ।  
ਨੌਜਵਾਨੋ ਅਤੇ ਵਿਦਿਆਰਥੀਓ, ਆਓ! ਆਪਾਂ ਇਕੱਠੇ ਹੋਈਏ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ 'ਤੇ ਪਹਿਰਾ ਦੇਣ ਦਾ ਦ੍ਰਿੜ ਇਰਾਦਾ ਬਣਾਈਏ ਅਤੇ ਸਾਮਰਾਜ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਹਾਕਮਾਂ ਦੇ ਵਿਛਾਏ ਜਾਲ 'ਚੋਂ ਬਾਹਰ ਨਿਕਲੀਏ ਤੇ ਆਪਣੀਆਂ ਹੱਕੀ ਮੰਗਾਂ ਲਈ ਵੀ ਲਾਮਬੰਦ ਹੋਈਏ। ਇਸ ਮਕਸਦ ਲਈ ਕੀਤੀ ਜਾ ਰਹੀ 14 ਨਵੰਬਰ ਦੀ ''ਜਾਗ ਜਵਾਨਾਂ ਜਾਗ-ਚੱਲ ਜਲ੍ਹਿਆਂ ਵਾਲਾ ਬਾਗ'' ਦੇ ਨਾਅਰੇ ਹੇਠ ਅੰਮ੍ਰਿਤਸਰ ਵਿਖੇ ਹੋ ਰਹੀ ਨੌਜਵਾਨ ਰੈਲੀ 'ਚ ਹੁੰਮ-ਹੁੰਮਾ ਕੇ ਪੁੱਜੀਏ।

No comments:

Post a Comment