Monday 9 November 2015

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਅੱਜ ਦਾ ਨੌਜਵਾਨ

ਅਜੈ ਫਿਲੌਰ 
ਅੰਗਰੇਜ਼ੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ ਅੰਦਰ ਵੱਖ-ਵੱਖ ਸਮੇਂ ਅੰਦਰ ਵੱਖ-ਵੱਖ ਲਹਿਰਾਂ ਚੱਲੀਆਂ ਜਿਸ ਵਿਚ 10 ਮਈ 1857 ਨੂੰ ਮੇਰਠ ਅੰਦਰ ਵਿਦਰੋਹ ਦੀ ਪਹਿਲੀ ਚਿਨਗ ਫੁੱਟੀ ਅਤੇ ਦੇਸ਼ ਦੇ ਕਾਫੀ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ। ਵੱਖ-ਵੱਖ ਥਾਵਾਂ ਉਪਰ ਅੰਗਰੇਜ਼ੀ ਹਕੂਮਤ ਦੀ ਫੌਜ ਵਿਚ ਨੌਕਰੀ ਕਰਨ ਵਾਲੇ ਭਾਰਤੀ ਫੌਜੀਆਂ ਨੇ ਇਸ ਬਗਾਵਤ ਵਿਚ ਆਪਣਾ ਯੋਗਦਾਨ ਪਾਇਆ। ਸਾਈਂ ਮੀਆਂ ਮੀਰ ਦੀ ਛਾਉਣੀ ਵਿਚ 500 ਭਾਰਤੀ ਫੌਜੀਆਂ ਦੁਆਰਾ ਬਗਾਵਤ ਕੀਤੀ ਗਈ। ਇਨ੍ਹਾਂ ਵਿਚੋਂ 218 ਫੌਜੀਆਂ ਨੂੰ ਰਾਵੀ ਦਰਿਆ ਪਾਰ ਕਰਦੇ ਸਮੇਂ ਆਪਣੀ ਜਾਨ ਗਵਾਉਣੀ ਪਈ ਜਦਕਿ 282 ਫੌਜੀਆਂ ਨੂੰ ਗ੍ਰਿਫਤਾਰ ਕਰਕੇ ਅਜਨਾਲਾ ਦੇ ਥਾਣੇ ਅੰਦਰ ਲਿਆਂਦਾ ਗਿਆ ਅਤੇ ਖੂਹ ਵਿਚ ਸੁੱਟ ਕੇ (ਕੁੱਝ ਮਰੇ, ਕੁਝ ਅੱਧ ਮੋਏ) ਦਫਨ ਕਰ ਦਿੱਤਾ ਗਿਆ। ਭਾਵੇਂ 1857 ਦਾ ਵਿਦਰੋਹ ਆਪਣੇ ਆਪ ਵਿਚ ਅਸਫਲ ਰਿਹਾ ਪ੍ਰੰਤੂ ਇਸ ਵਿਦਰੋਹ ਦੀ ਚੰਗਿਆੜੀ ਆਉਣ ਵਾਲੀਆਂ ਲਹਿਰਾਂ ਉਪਰ ਆਪਣਾ ਪ੍ਰਭਾਵ ਛੱਡਦੀ ਰਹੀ ਅਤੇ ਇਸ ਤੋਂ ਬਾਅਦ ਵੀ ਵੱਖ-ਵੱਖ ਸਮਿਆਂ ਉਪਰ ਕੂਕਾ ਲਹਿਰ; ਅਕਾਲੀ ਬੱਬਰ ਲਹਿਰ, ਗਦਰ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫੌਜੀ ਬਗਾਵਤ ਲਹਿਰ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਇਨ੍ਹਾਂ ਲਹਿਰਾਂ ਵਿਚ ਲੱਖਾਂ ਹੀ ਲੋਕਾਂ ਨੇ ਕੁਰਬਾਨੀਆਂ ਕੀਤੀਆਂ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਊਧਮ ਸਿੰਘ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਨਾਂਅ ਇਤਿਹਾਸ ਵਿਚ ਜਿਕਰਯੋਗ ਥਾਵਾਂ ਉਪਰ ਆਉਂਦਾ ਹੈ।
ਦੇਸ਼ ਅੰਦਰ ਗਰੀਬੀ, ਬੇਕਾਰੀ, ਭੁੱਖ ਮਰੀ ਤੋਂ ਤੰਗ ਆ ਕੇ ਭਾਰਤੀ ਲੋਕਾਂ ਨੇ ਵਿਦੇਸ਼ਾਂ ਵੱਲ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਪੜ੍ਹਨ ਲਿਖਣ ਦੇ ਮਨਸ਼ੇ ਨਾਲ 1912 ਵਿਚ ਅਮਰੀਕਾ ਗਿਆ। ਜਲਦੀ ਹੀ ਉਸ ਦਾ ਸੰਪਰਕ ਉਥੇ ਵੱਸਦੇ ਦੇਸ਼ ਭਗਤਾਂ ਨਾਲ ਹੋ ਗਿਆ। ਉਸ ਸਮੇਂ ਇਹ ਦੇਸ਼ ਭਗਤ ਅਮਰੀਕਾ ਵਿਚ ਗੁਲਾਮਾਂ ਵਰਗੀ ਜਿੰਦਗੀ ਬਤੀਤ ਕਰ ਰਹੇ ਸਨ। ਕਿਉਂਕਿ ਭਾਰਤੀ ਮਜ਼ਦੂਰ ਅਮਰੀਕੀ ਮਜਦੂਰਾਂ ਤੋਂ ਵੀ ਘੱਟ ਪੈਸੇ ਲੈ ਕੇ ਕੰਮ ਕਰ ਰਹੇ ਸਨ। ਉਨ੍ਹਾਂ ਮਜ਼ਦੂਰਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਇਸ ਕਾਰਨ ਅਮਰੀਕਾ ਵਿਚ ਭਾਰਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਬਣਨੀਆਂ ਸ਼ੁਰੂ ਹੋ ਗਈਆਂ। 21 ਅਪ੍ਰੈਲ 1913 ਨੂੰ ਇਹ ਲਗਭਗ ਸਾਰੀਆਂ ਹੀ ਜਥੇਬੰਦੀਆਂ ਦੇ ਪ੍ਰਤੀਨਿੱਧਾਂ ਨੇ ਅਸਟੋਰੀਆ ਵਿਚ ਇਕੱਠੇ ਹੋ ਕੇ ''ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ'' ਨਾਂਅ ਦੀ ਜਥੇਬੰਦੀ ਬਣਾਈ। ਮੌਤ ਦੇ ਸਮਾਨ ਗੁਲਾਮੀ ਭਰਿਆ ਜੀਵਨ ਜਿਊਣ ਨਾਲੋਂ ਸਰਾਭਾ ਨੇ ਗੁਲਾਮੀ ਤੋਂ ਮੁਕਤੀ ਪਾਉਣ ਲਈ ਸੰਘਰਸ਼ ਦਾ ਰਾਹ ਚੁਣਿਆ। ''ਹਿੰਦੀ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ' ਜੋ ਹੁਣ ਅਮਰੀਕਾ ਵਿਚ ਸਮੁੱਚੇ ਭਾਰਤੀ ਲੋਕਾਂ ਦੀ ਜਥੇਬੰਦੀ ਸੀ ਨੇ 1 ਨਵੰਬਰ 1913 ਨੂੰ 'ਗਦਰ' ਨਾਂਅ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਕਰਤਾਰ ਸਿੰਘ ਸਰਾਭਾ ਨੇ ਇਸ ਪਰਚੇ ਨੂੰ ਸ਼ੁਰੂ ਕਰਨ ਅਤੇ ਚਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ। 
ਹਿੰਦੋਸਤਾਨ ਆ ਕੇ ਵੀ ਸਰਾਭਾ ਨੇ ਆਪਣਾ ਇਕ-ਇਕ ਪਲ ਹਿੰਦੋਸਤਾਨ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣ ਲਈ ਲਾਇਆ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਵਿਚ ਜਾ ਕੇ ਭਾਰਤੀ ਫੌਜੀਆਂ ਨੂੰ ਅੰਗਰੇਜ਼ੀ ਹਕੂਮਤ ਦੇ ਖਿਲਾਫ ਬਗਾਵਤ ਕਰਨ ਲਈ ਤਿਆਰ ਕਰ ਲਿਆ।
ਪਹਿਲੇ ਲਾਹੌਰ ਸਾਜਿਸ਼ ਕੇਸ ਦਾ ਫੈਸਲਾ 19 ਸਤੰਬਰ 1915 ਨੂੰ ਸੁਣਾਉਂਦਿਆਂ 24 ਦੇਸ਼ ਭਗਤਾਂ ਨੂੰ ਫਾਂਸੀ ਅਤੇ 26 ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜਾ ਹੋਈ। ਬਾਅਦ ਵਿਚ ਵਾਇਸਰਾਏ ਹਾਰਡਿੰਗ  ਨੇ ਨਜਰਸਾਨੀ ਲਈ ਆਪਣੀ ਨਾਮਜਦ ਕੌਂਸਲ ਕੋਲ ਭੇਜ ਦਿੱਤਾ। ਕਾਊਂਸਿਲ ਦੇ ਮੈਂਬਰ ਸਰ ਕਰੈਡਗਰ ਨੇ ਪੰਜ ਹੋਰ ਦੇਸ਼ ਭਗਤਾਂ ਦੀ ਫਾਂਸੀ ਦੀ ਸਜਾ ਨੂੰ ਉਮਰਕੈਦ ਵਿਚ ਬਦਲਣ ਦੀ ਸਿਫਾਰਿਸ਼ ਕੀਤੀ। ਪ੍ਰੰਤੂ ਕਰਤਾਰ ਸਿੰਘ ਸਰਾਭਾ ਬਾਰੇ ਉਹ ਲਿਖਦਾ ਹੈ ਕਿ ਇਹ ਇਕ ਅਤਿ ਮਹੱਤਵਪੂਰਨ ਦੋਸ਼ੀ ਹੈ। ਅਦਾਲਤ ਨੇ ਉਸਨੂੰ ਸਰਾਸਰ ਬੇਕਿਰਕ ਸ਼ੈਤਾਨ, ਜੋ ਆਪਣੀਆਂ ਕਰਤੂਤਾਂ 'ਤੇ ਫਖ਼ਰ ਕਰਦਾ ਹੈ ਕਹਿ ਕੇ ਆਪਣੀ ਰਾਏ ਦਿੱਤੀ ਹੈ, ਇਸ ਲਈ ਇਸਦੀ ਸਜਾ ਘਟਾਉਣ ਦੀ ਤਾਂ ਗੱਲ ਵੀ ਨਹੀਂ ਕੀਤੀ ਜਾ ਸਕਦੀ। ਇਸੇ ਲਈ 16 ਨਵੰਬਰ 1915 ਦੀ ਸਵੇਰ ਨੂੰ ਬਾਬਾ ਸੋਹਣ ਸਿੰਘ ਭਕਨਾ ਦੇ ਲਾਡਲੇ ਜਰਨੈਲ ਕਰਤਾਰ ਸਿੰਘ ਸਰਾਭਾ ਨੂੰ ਸਾਥੀਆਂ ਦੇ ਨਾਲ ਫਾਂਸੀ ਉਪਰ ਲਟਕਾ ਦਿੱਤਾ। ਫਾਂਸੀ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਦੇ ਆਖਰੀ ਬੋਲਾਂ ਬਾਰੇ ਕੱਲਨ ਖਾਨ ਵਾਰਡਰ (ਜੇਲ ਪੁਲਿਸ ਦਾ ਸਿਪਾਹੀ) ਜੋ ਉਸ ਸਮੇਂ ਫਾਂਸੀ ਘਰ ਵਿਚ ਮੌਜੂਦ ਸੀ ਦੱਸਦਾ ਹੈ ਕਿ ਫਾਂਸੀ ਦੇ ਤਖਤੇ 'ਤੇ ਖੜ੍ਹ ਕੇ ਕਰਤਾਰ ਸਿੰਘ ਸਰਾਭਾ ਨੇ ਕਿਹਾ ਕਿ ''ਦਰੋਗਾ ਮਤ ਸਮਝ ਕਿ ਕਰਤਾਰ ਸਿੰਘ ਸਰਾਭਾ ਮਰ ਗਿਆ ਹੈ। ਮੇਰੇ ਖੂਨ ਕੇ ਜਿਤਨੇ ਕਤਰੇ ਹੈਂ, ਉਤਨੇ ਕਰਤਾਰ ਸਿੰਘ ਔਰ ਪੈਦਾ ਹੋਂਗੇ। ਔਰ ਦੇਸ਼ ਕੀ ਆਜ਼ਾਦੀ ਕੇ ਲੀਏ ਕਾਮ ਕਰੇਂਗੇ।''
ਅੱਜ ਕਰਤਾਰ ਸਿੰਘ ਸਰਾਭਾ ਦੇ ਆਖਰੀ ਬੋਲ ਜੋ 100 ਸਾਲ ਪਹਿਲਾਂ ਕਹੇ ਗਏ ਸਨ ਬਿਲਕੁਲ ਸੱਚ ਸਾਬਤ ਦਿਖਾਈ ਦੇ ਰਹੇ ਹਨ। ਕਿਉਂਕਿ ਸ਼ਹੀਦ ਭਗਤ ਸਿੰਘ ਵਰਗਾ ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ ਸੀ ਅਤੇ ਸਰਾਭਾ ਨੂੰ ਆਪਣਾ ਰਾਜਸੀ ਗੁਰੂ ਵੀ ਮੰਨਦਾ ਸੀ ਅਤੇ ਉਸ ਦੀ ਫੋਟੋ ਹਰ ਵਕਤ ਆਪਣੇ ਕੋਲ ਰੱਖਦਾ ਹੋਇਆ ਕਰਤਾਰ ਸਿੰਘ ਸਰਾਭੇ ਦੇ ਕਹੇ ਬੋਲ ਗੁਣ ਗੁਨਾਉਂਦਾ ਸੀ :
    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
    ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
    ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਇਸ ਦੇ ਨਾਲ ਹੀ ਮੌਜੂਦਾ ਸਮੇਂ ਅੰਦਰ ਪੰਜਾਬ ਦੇ ਸੰਘਰਸ਼ਸ਼ੀਲ ਹੱਕ, ਸੱਚ, ਇਨਸਾਫ ਲਈ ਲੜਨ ਵਾਲੇ ਲੋਕਾਂ ਲਈ ਸਰਾਭਾ ਸਰਵ ਪ੍ਰਵਾਨਤ ਪ੍ਰੇਰਨਾ ਸਰੋਤ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦਾ ਗਠਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 24 ਮਈ 2001 ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕ ਵਿਸ਼ਾਲ ਨੌਜਵਾਨ ਵਿਦਿਆਰਥੀ ਕਨਵੈਨਸ਼ਨ ਕਰਕੇ ਕੀਤਾ ਗਿਆ ਅਤੇ ਨੌਜਵਾਨ ਵਿਦਿਆਰਥੀ ਮਸਲਿਆਂ ਨੂੰ ਲੈ ਕੇ ਸੁਨੇਹਾ ਘਰ-ਘਰ ਪਹੁੰਚਾਉਣ, ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਨੂੰ ਨੱਥ ਪਾਉਣ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿਚ ਸ਼ਾਮਲ ਕਰਾਉਣ, ਲੜਕੀਆਂ ਲਈ ਗਰੈਜੁਏਸ਼ਨ ਪੱਧਰ ਦੀ ਸਿੱਖਿਆ ਮੁਫ਼ਤ ਕਰਨ, ਨਸ਼ਿਆਂ ਖਿਲਾਫ ਜੰਗ ਜਾਰੀ ਰੱਖਣ, ਗੰਦੇ ਲੱਚਰ ਸਭਿਆਚਾਰ ਅਤੇ ਗੁੰਡਾਗਰਦੀ ਨੂੰ ਨੱਥ ਪਾਉਣ, ਫਿਰਕਾਪ੍ਰਸਤੀ, ਜਾਤਪਾਤ ਦੇ ਖਿਲਾਫ ਸੰਘਰਸ਼ ਕਰਨ ਲਈ ''ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ'' ਦਾ ਨਾਅਰਾ ਬੁਲੰਦ ਕੀਤਾ। ਜਦਕਿ ਭਗਤ ਸਿੰਘ ਅੱਜ ਵੀ ਦੇਸ਼ ਭਗਤਾਂ ਅਤੇ ਇਨਸਾਫ ਲਈ ਜਦੋ-ਜਹਿਦ ਕਰਨ ਵਾਲੇ ਲੋਕਾਂ ਲਈ ਆਦਰਸ਼ ਹੈ। ਜੋ ਇਨਕਲਾਬ ਦਾ ਸੂਰਜ ਬਣਕੇ ਸਦਾ ਚਮਕਦਾ ਰਹੇਗਾ। ਅੱਜ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਸ਼ਤਾਬਦੀ ਵਰ੍ਹਾ ਦੇਸ਼ ਅਤੇ ਵਿਦੇਸ਼ ਅੰਦਰ ਵੱਖ-ਵੱਖ ਢੰਗਾਂ ਨਾਲ ਮਨਾਇਆ ਜਾ ਰਿਹਾ ਹੈ ਤਾਂ ਨੌਜਵਾਨਾਂ-ਵਿਦਿਆਰਥੀਆਂ ਸਾਹਮਣੇ ਭਾਰੀ ਚੁਣੌਤੀਆਂ ਹਨ। ਦੇਸ਼ ਅੰਦਰ ਬੇਰੁਜ਼ਗਾਰੀ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਉਸਨੇ ਪੰਜਾਬ ਦੀ ਜਵਾਨੀ ਦੇ (65 ਲੱਖ) ਵੱਡੇ ਹਿੱਸੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਨਸ਼ਿਆਂ ਦੀ ਭਰਮਾਰ ਕਾਰਨ ਜਵਾਨੀ ਦਾ ਦਿਨੋ-ਦਿਨ ਬੁਰਾ ਹਾਲ ਹੋ ਰਿਹਾ ਹੈ, ਸੂਬੇ ਦੇ ਕਈ ਵੱਡੇ ਵਜ਼ੀਰ, ਮੰਤਰੀ ਨਸ਼ਿਆਂ ਦੀ ਖੇਡ ਵਿਚ ਸ਼ਾਮਲ ਹਨ ਜੋਕਿ ਚਿੱਟੇ ਦਿਨ ਵਾਂਗ ਸਾਫ ਹੋ ਚੁੱਕਾ ਹੈ। ਪ੍ਰੰਤੂ ਇਨ੍ਹਾਂ ਸਮਗਲਰਾਂ ਉਪਰ ਕਾਰਵਾਈ ਹੁਣ ਤੱਕ ਰਸਮੀ ਹੱਦ 'ਤੇ ਹੀ ਖੜੀ ਹੋਈ ਹੈ। ਲੜਕੀਆਂ ਨਾਲ ਜਿਆਦਤੀਆਂ ਦੀਆਂ ਘਟਨਾਵਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਗੰਦੇ ਤੇ ਲੱਚਰ ਸਭਿਆਚਾਰ ਕਾਰਨ ਮਨੁੱਖੀ ਚੇਤਨਾ ਦਾ ਮਿਆਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ। ਨੌਜਵਾਨਾਂ ਲਈ ਕੋਈ ਰੁਜਗਾਰ ਮੁਖੀ ਨੀਤੀ ਨਾ ਹੋਣ ਕਾਰਨ ਸੂਬੇ ਦੇ ਹਾਕਮਾਂ/ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਵਲੋਂ ਉਨ੍ਹਾਂ ਦਾ ਸੋਸ਼ਣ  ਕੀਤਾ ਜਾ ਰਿਹਾ ਹੈ। ਸਿੱਖਿਆ ਦੇ ਖੇਤਰ ਵਿਚ ਨਵ-ਉਦਾਰਵਾਦੀ ਨੀਤੀਆਂ ਨੂੰ ਇੰਨੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿ ਵਿਦਿਆ ਪ੍ਰਾਪਤ ਕਰਨਾ ਸਮਾਜ ਦੇ ਵੱਡੇ ਹਿੱਸੇ ਲਈ ਸੁਪਨਾ ਬਣ ਚੁੱਕਾ ਹੈ। ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੀਆਂ ਦਿੱਤੀਆਂ ਖੁੱਲ੍ਹਾਂ ਕਾਰਨ ਹੀ ਇਨ੍ਹਾਂ ਸੰਸਥਾਵਾਂ ਦੀ ਗਿਣਤੀ ਵਿਚ ਪਿਛਲੇ ਸਮੇਂ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ ਜਦਕਿ ਸਰਕਾਰੀ ਸਿੱਖਿਆ ਸੰਸਥਾਵਾਂ ਦਾ ਮਿਆਰ ਇਥੋਂ ਤੱਕ ਹੇਠਾਂ ਡਿੱਗ ਚੁੱਕਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਪੜ੍ਹਾਉਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਹਨ। ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦਾ ਹੀ ਸਿੱਟਾ ਹੈ ਕਿ 2011 ਦੀ ਜਨਗਨਣਾ ਅਨੁਸਾਰ ਪੰਜਾਬ ਦੀ ਜਨਸੰਖਿਆ ਦਾ 31.86% ਹਿੱਸਾ ਅਨਪੜ੍ਹ, 9.87% ਪ੍ਰਾਇਮਰੀ ਤੋਂ ਵੀ ਘੱਟ, 17.31% ਹਿੱਸਾ ਪ੍ਰਾਈਮਰੀ, 13.78% ਮਿਡਲ, 14.96% ਸਕੈਂਡਰੀ, 8.55% ਹਾਇਰ ਸਕੈਂਡਰੀ ਜਦਕਿ ਸਿਰਫ 3.02% ਹਿੱਸਾ ਹੀ  ਗਰੈਜੁਏਟ ਜਾਂ ਇਸਤੋਂ ਵੱਧ ਅਤੇ 0.66% ਤਕਨੀਕੀ ਤੇ ਹੋਰ ਉਚ ਪੱਧਰੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਲੈਪਟਾਪ ਅਤੇ ਸਪੈਸ਼ਲ ਵਿਦਿਆਰਥੀ ਬੱਸਾਂ ਦਾ ਨਾਅਰਾ ਲਾ ਕੇ ਦੁਬਾਰਾ ਰਾਜ ਸੱਤਾ ਤੇ ਬੈਠੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਵਿਦਿਆਰਥੀਆਂ ਨੂੰ ਮਿਲ ਰਹੀਆਂ ਮਾੜੀਆਂ ਮੋਟੀਆਂ ਸਹੂਲਤਾਂ ਨੂੰ ਜਾਣ ਬੁਝ ਕੇ ਬੰਦ ਕੀਤਾ ਜਾ ਰਿਹਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਬੱਸ ਪਾਸ ਸਹੂਲਤ, ਵਿਦਿਆਰਥੀ ਚੋਣਾਂ, ਖੇਡਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਦਾ ਇਕ-ਇਕ ਪਲ ਲੋਕਾਂ ਦੇ ਲੇਖੇ ਲਾਉਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨਾਂ ਦੇ ਅਸਲ ਆਦਰਸ਼ ਨੂੰ ਅੱਤਵਾਦੀ/ਦਹਿਸ਼ਤਗਰਦ ਕਹਿ ਕੇ ਬੁਲਾਇਆ ਜਾ ਰਿਹਾ ਹੈ ਜਦਕਿ ਦੇਸ਼ ਭਗਤਾਂ ਦੀ ਕੁਰਬਾਨੀਆਂ ਤੋਂ ਬਾਅਦ ਮਿਲੀ ਆਜ਼ਾਦੀ ਦਾ ਅਸਲੀ ਆਨੰਦ ਮਾਨਣ ਵਾਲੇ ਅਤੇ 28 ਸਤੰਬਰ ਜਾਂ 23 ਮਾਰਚ ਨੂੰ ਬੁੱਤ 'ਤੇ ਸਿਰਫ ਫੁੱਲਾਂ ਦਾ ਹਾਰ ਪਾਉਣ ਤੱਕ ਸੀਮਤ ਸੂਬੇ ਅਤੇ ਕੇਂਦਰ ਦੇ ਹੁਕਮਰਾਨ ਅਤੇ ਭਗਤ ਸਿੰਘ ਦੇ ਨਾਂਅ ਨੂੰ ਸਿਆਸੀ ਹਿੱਤਾਂ ਲਈ ਵਰਤਣ ਵਾਲੇ ਹੋਰ ਭੱਦਰ ਪੁਰਸ਼ ਨੌਜਵਾਨਾਂ-ਵਿਦਿਆਰਥੀਆਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਚੁੱਪ ਧਾਰੀ ਬੈਠੇ ਹਨ। ਸਮੇਂ ਦੀਆਂ ਸਰਕਾਰਾਂ ਅਜੇ ਤੱਕ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਮੰਨਣ ਲਈ ਤਿਆਰ ਨਹੀਂ। ਇਸ ਵਿਚ ਕੋਈ ਸ਼ੱਕ ਜਾਂ ਦੋ ਰਾਏ ਨਹੀਂ ਕਿ ਇਨ੍ਹਾਂ ਸ਼ਹੀਦਾਂ ਅਤੇ ਹੋਰ ਲੱਖਾਂ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਨਾ ਤਾਂ ਸਿਰਜਿਆ ਗਿਆ ਹੈ ਅਤੇ ਨਾ ਹੀ ਦੇਸ਼ ਦੇ ਹਾਕਮ ਸਿਰਜਣਾ ਚਾਹੁੰਦੇ ਹਨ। ਬਲਕਿ ਇਸ ਦੇ ਉਲਟ ਦੇਸ਼ ਨੂੰ ਫਿਰਕੂ ਲੀਹਾਂ ਉਪਰ ਵੰਡਿਆ ਜਾ ਰਿਹਾ ਹੈ। ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਬਲਾਤਕਾਰ ਦੇ ਜ਼ੁਰਮਾਂ ਵਿਚ ਜੇਲ ਭੁਗਤ ਰਹੇ ਆਸਾਰਾਮ ਵਰਗੇ ਲੋਕਾਂ ਨੂੰ ਮਹਾਨ ਪੁਰਸ਼ ਦੱਸ ਕੇ ਗੁਜਰਾਤ ਦੇ ਅੱਠਵੀਂ ਜਮਾਤ ਦੇ ਸਿਲੇਬਸ ਵਿਚ ਪਾਠ ਲਗਾਏ ਜਾ ਰਹੇ ਹਨ। ਬੱਚਿਆਂ ਅੰਦਰ ਵਿਗਿਆਨਕ ਸੂਝ ਪੈਦਾ ਕਰਨ ਵਾਲੀ ਸਿੱਖਿਆ ਦੇਣ ਦੀ ਥਾਂ ਦੀਨਾ ਨਾਥ ਬਤਰਾ ਵਰਗੇ ਆਰ.ਐਸ.ਐਸ. ਦੇ ਕਾਰਕੁੰਨਾਂ ਦੀਆਂ ਮਿਥਿਹਾਸ ਅਧਾਰਤ ਪੁਸਤਕਾਂ ਸਲੇਬਸ ਵਿਚ ਲਾਕੇ ਉਨ੍ਹਾਂ ਨੂੰ ਹਨੇਰ ਵਿਰਤੀਵਾਦ ਦੇ ਅੰਨ੍ਹੇ ਖੂਹ ਵਿਚ ਧੱਕਿਆ ਜਾ ਰਿਹਾ ਹੈ। ਸਿੱਖਿਆ ਅਦਾਰਿਆਂ ਅੰਦਰ ਆਰ.ਐਸ.ਐਸ. ਦੇ ਫਿਰਕੂ ਲੋਕਾਂ ਨੂੰ ਅਹੁਦਿਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ।
ਇਸ ਲਈ ਅੱਜ ਦੀ ਜਵਾਨੀ ਅਤੇ ਵਿਦਿਆਰਥੀ ਵਰਗ ਕੋਲ ਸਿਰਫ ਤੇ ਸਿਰਫ ਇਕੋ ਰਾਹ ਹੀ ਬੱਚਦਾ ਹੈ ਵੱਡੀ ਪੱਧਰ ਤੇ ਨੌਜਵਾਨ-ਵਿਦਿਆਰਥੀਆਂ ਦੀ ਲਾਮਬੰਦੀ ਅਤੇ ਕਰੜੇ ਸੰਘਰਸ਼। ਉਪਰੋਕਤ ਕਾਰਜ ਸਿਰੇ ਚਾੜ੍ਹਨ ਨਾਲ ਹੀ ਸਾਮਰਾਜਵਾਦ ਨੂੰ ਦਫਨ ਕੀਤਾ ਜਾ ਸਕਦਾ ਹੈ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕਦਾ ਹੈ।

No comments:

Post a Comment