Monday 9 November 2015

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਨਵੰਬਰ 2015)

ਰਵੀ ਕੰਵਰ
 
ਤੁਰਕੀ ਦੇ ਖੱਬੇ ਪੱਖੀ ਕਾਰਕੁੰਨਾਂ 'ਤੇ ਹੋਏ ਬੰਬ ਹਮਲਿਆਂ ਵਿਰੁੱਧ ਦੇਸ਼ ਭਰ 'ਚ ਸਫਲ ਆਮ ਹੜਤਾਲ ਜੰਗ ਦਾ ਮੈਦਾਨ ਬਣੇ ਮੱਧ ਪੂਰਬ ਦੇ ਦੇਸ਼ ਸੀਰੀਆ ਨਾਲ ਲੱਗਦੇ ਯੂਰਪੀ ਦੇਸ਼ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਖੇ 10 ਅਕਤੂਬਰ ਨੂੰ ਹੋਏ 2 ਬੰਬ ਹਮਲਿਆਂ ਵਿਚ 128 ਲੋਕ ਮਾਰੇ ਗਏ ਹਨ ਅਤੇ 48 ਗੰਭੀਰ ਜਖਮੀ ਹਨ। ਇਹ ਦੋਵੇਂ ਹਮਲੇ ਅੰਕਾਰਾ ਦੇ ਮੁੱਖ ਰੇਲਵੇ ਸਟੇਸ਼ਨ ਸਾਹਮਣੇ ਅਮਨ ਮਾਰਚ ਕਰਨ ਲਈ ਇਕੱਠੇ ਹੋਏ ਲੋਕਾਂ ਦੀ ਭੀੜ ਵਿਚ ਕੀਤੇ ਗਏ। ਪਹਿਲਾ ਹਮਲਾ ਸਵੇਰੇ 10 ਵੱਜ ਕੇ 4 ਮਿੰਟ 'ਤੇ ਉਸ ਜਗ੍ਹਾ 'ਤੇ ਹੋਇਆ ਜਿੱਥੇ ਤੁਰਕੀ ਦੀ ਕੁਰਦ ਅਧਾਰਤ ਖੱਬੇ ਪੱਖੀ ਪਾਰਟੀ ਐਚ.ਡੀ.ਪੀ. (ਪੀਪਲਜ਼ ਡੈਮੋਕਰੇਟਿਕ ਪਾਰਟੀ) ਦੇ ਕਾਰਕੁੰਨ ਇਕੱਠੇ ਹੋਏ ਸਨ ਅਤੇ ਉਸਦੇ ਨਾਲ ਹੀ ਦੂਜਾ ਬੰਬ ਧਮਾਕਾ ਉਥੋਂ ਕੁੱਝ ਮੀਟਰਾਂ ਦੀ ਹੀ ਦੂਰੀ 'ਤੇ ਇਕੱਠੇ ਹੋਏ ਲੋਕਾਂ ਵਿਚ ਹੋਇਆ। ਇਸ ਅਮਨ ਮਾਰਚ ਦਾ ਸੱਦਾ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ ਅਤੇ ਕੁੱਝ ਹੋਰ ਜਨਤਕ ਜਥੇਬੰਦੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੀ ਸਰਕਾਰ ਵਲੋਂ ਕੁਰਦਾਂ ਵਿਰੁੱਧ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਦਿੱਤਾ ਸੀ। ਇਸੇ ਸਾਲ ਜੂਨ ਵਿਚ ਹੋਈਆਂ ਸੰਸਦੀ ਚੋਣਾਂ ਤੋਂ ਬਾਅਦ ਤੋਂ ਹੀ ਦੇਸ਼ ਦੇ ਰਾਸ਼ਟਰਪਤੀ ਇਰਦੋਗਨ ਅਤੇ ਉਨ੍ਹਾਂ ਦੀ ਪਾਰਟੀ ਏ.ਕੇ.ਪੀ. (ਪੀਸ ਐਂਡ ਡਵੈਲਪਮੈਂਟ ਪਾਰਟੀ) ਦੀ ਅਗਵਾਈ ਵਿਚ ਚਲ ਰਹੀ ਸਰਕਾਰ  ਵਲੋਂ ਦੇਸ਼ ਦੇ ਅੰਦਰ ਕੁਰਦ ਬਹੁਲਤਾ ਵਾਲੇ ਖੇਤਰਾਂ ਵਿਚ ਕੁਰਦ ਰਾਜਨੀਤਕ ਕਾਰਕੁੰਨਾਂ ਅਤੇ ਦੇਸ਼ ਤੋਂ ਬਾਹਰ, ਖਾਸਕਰ ਸੀਰੀਆ ਦੇ ਕੋਬਾਨੀ ਵਰਗੇ ਸਰਹੱਦੀ ਖੇਤਰਾਂ ਨੂੰ ਆਈ.ਐਸ.ਆਈ.ਐਸ. ਤੋਂ ਆਜ਼ਾਦ ਕਰਵਾਉਣ ਵਾਲੇ ਕੁਰਦ ਗੁਰੀਲਿਆਂ ਉਤੇ ਹਮਲੇ ਕੀਤੇ ਜਾ ਰਹੇ ਹਨ। ਇਸ ਅਮਨ ਮਾਰਚ ਦਾ ਸੱਦਾ ਦੇਣ ਵਾਲੀਆਂ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ-ਕੇ.ਈ.ਐਸ.ਕੇ. (ਕਨਫੈਡਰੇਸ਼ਨ ਆਫ ਪਬਲਿਕ ਸੈਕਟਰ ਟਰੇਡ ਯੂਨੀਅਨਜ਼), ਡੀ.ਐਸ.ਕੇ. (ਕਨਫੈਡਰੇਸ਼ਨ ਆਫ ਪ੍ਰੋਗ੍ਰੇਸਿਵ ਟਰੇਡ ਯੂਨੀਅਨਜ਼ ਆਫ ਟਰਕੀ), ਟੀ.ਟੀ.ਬੀ.(ਟਰਕਿਸ਼ ਮੈਡੀਕਲ ਐਸੋਸੀਏਸ਼ਨ) ਅਤੇ ਟੀ.ਐਮ.ਐਮ.ਓ.ਬੀ. (ਯੂਨੀਅਨ ਆਫ ਚੈਂਬਰਸ ਆਫ ਟਰਕਿਸ ਇੰਜੀਨੀਅਰਸ ਐਂਡ ਆਰਕੀਟੈਕਟਸ) ਸਨ। ਇਸ ਵਿਚ ਸ਼ਾਮਲ ਹੋਣ ਲਈ ਬਹੁਤ ਸਾਰੇ ਖੱਬੇ ਪੱਖੀ ਕਾਰਕੁੰਨ ਤੇ ਬੁੱਧੀਜੀਵੀਆਂ ਦੇ ਨਾਲ-ਨਾਲ ਦੇਸ਼ ਦੀ ਕੁਰਦ ਅਧਾਰਤ ਖੱਬੇ ਪੱਖੀ ਪਾਰਟੀ ਦੇ ਵੱਡੀ ਗਿਣਤੀ ਵਿਚ ਕਾਰਕੁੰਨ ਰਾਜਧਾਨੀ ਅੰਕਾਰਾ ਦੇ ਰੇਲਵੇ ਸਟੇਸ਼ਨ ਸਾਹਮਣੇ ਇਕੱਠੇ ਹੋਏ ਸਨ।
ਇਨ੍ਹਾਂ ਬੰਬ ਧਮਾਕਿਆਂ ਦਾ ਮੁੱਖ ਰੂਪ ਵਿਚ ਸ਼ਿਕਾਰ ਬਣੀ ਪਾਰਟੀ ਐਚ.ਡੀ.ਪੀ. ਅਤੇ ਅਮਨ ਮਾਰਚ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਇਨ੍ਹਾਂ ਧਮਾਕਿਆਂ ਲਈ ਦੇਸ਼ ਦੀ ਏ.ਕੇ.ਪੀ. ਸਰਕਾਰ ਅਤੇ ਰਾਸ਼ਟਰਪਤੀ ਇਰਦੋਗਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਇਰਦੋਗਨ ਦੇ ਹੱਥ ਇਨ੍ਹਾਂ ਬੰਬ ਧਮਾਕਿਆਂ ਵਿਚ ਸ਼ਹੀਦ ਹੋਣ ਵਾਲੇ ਖੱਬੇ ਪੱਖੀ ਕਾਰਕੁੰਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਜਦੋਂਕਿ ਸਰਕਾਰ ਅਤੇ ਐਚ.ਡੀ.ਪੀ. ਦੀਆਂ ਰਾਜਨੀਤਕ ਰੂਪ ਵਿਚ ਵਿਰੋਧੀ ਧਿਰਾਂ ਅਮਨ ਮਾਰਚ ਲਈ ਇਕੱਠੀਆਂ ਹੋਣ ਵਾਲੀਆਂ ਧਿਰਾਂ ਅਤੇ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਹੀ ਇਨ੍ਹਾਂ ਹਮਲਿਆਂ ਲਈ ਦੋਸ਼ੀ ਗਰਦਾਨ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਅਹਿਮਤ ਦਾਵੁਤੋਗਲੁ ਨੇ ਇਸ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਆਈ.ਐਸ.ਆਈ.ਐਸ. ਤੇ ਹੀ ਨਹੀਂ ਬਲਕਿ ਕੁਰਦਿਸ਼ ਗੁਰੀਲਿਆਂ ਅਤੇ ਖੱਬੇ ਪੱਖੀ ਗਰੁੱਪਾਂ 'ਤੇ ਵੀ ਸ਼ੱਕ ਕਰਦੀ ਹੈ। ਦੇਸ਼ ਦੇ ਜੰਗਲਾਤ ਮੰਤਰੀ ਵੇਅਸੇਲ ਇਰੋਗੁਲ ਨੇ ਤਾਂ ਬੇਸ਼ਰਮੀ ਦਾ ਸਿਰਾ ਹੀ ਲਗਾ ਦਿੱਤਾ ਜਦੋਂ ਉਨ੍ਹਾਂ ਕਿਹਾ -''ਸਾਡੇ ਲੋਕਾਂ ਨੂੰ ਅਜਿਹੇ ਭੜਕਾਹਟ ਪੈਦਾ ਕਰਨ ਵਾਲੇ ਲੋਕਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ ਜਿਹੜੇ ਕਿ ਅਜਿਹੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਮਾਰਚ ਜਥੇਬੰਦ ਕਰਦੇ ਹਨ ਤਾਂਕਿ ਸਮਾਜਕ ਇਕਸੁਰਤਾ ਵਿਚ ਵਿਘਨ ਪਾਇਆ ਜਾ ਸਕੇ।''
ਸਰਕਾਰ ਦਾ ਸਾਜਸ਼ੀ ਵਤੀਰਾ ਇਨ੍ਹਾਂ ਬੰਬ ਧਮਾਕਿਆਂ ਦੇ ਨਾਲ ਹੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਜਿਸ ਬਾਰੇ  ਐਚ.ਡੀ.ਪੀ. ਵਲੋਂ ਉਸੇ ਦਿਨ ਜਾਰੀ ਪ੍ਰੈਸ ਬਿਆਨ ਵਿਚ ਸਪੱਸ਼ਟ ਕਰ ਦਿੱਤਾ ਗਿਆ ਸੀ -''ਜਿਸ ਵੇਲੇ ਇਹ ਬੰਬ ਧਮਾਕੇ ਹੋਏ ਉਸ ਵੇਲੇ ਨੇੜੇ-ਤੇੜੇ ਵੀ ਪੁਲਸ ਮੌਜੂਦ ਨਹੀਂ ਸੀ। ਧਮਾਕਿਆਂ ਤੋਂ 15 ਮਿੰਟ ਬਾਅਦ ਪੁਲਸ ਪੁੱਜੀ ਅਤੇ ਜਦੋਂ ਉਹ ਪੁੱਜੀ ਵੀ ਤਾਂ ਉਸਨੇ ਜਖ਼ਮੀਆਂ ਦੀ ਮਦਦ ਕਰਨ ਲਈ ਪੁੱਜੀ ਭੀੜ ਉਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਫੇਸਬੁੱਕ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਆਪਣੇ ਭਤੀਜੇ ਦੇ ਮਾਰੇ ਜਾਣ ਦੀ ਖ਼ਬਰ ਮਿਲਣ 'ਤੇ ਉਥੇ ਪੁੱਜੇ ਇਕ ਵਿਅਕਤੀ ਨੇ ਪ੍ਰਸਿੱਧ ਅਖਬਾਰ 'ਗਾਰਡੀਅਨ' ਦੇ ਰਿਪੋਰਟਰ ਨੂੰ ਦੱਸਿਆ ''ਇਹ ਸਾਡੇ ਬੱਚੇ ਹਨ ਪ੍ਰੰਤੂ ਉਹ (ਪੁਲਸ) ਸਾਨੂੰ ਉਨ੍ਹਾਂ ਦੀ ਮਦਦ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ। ਮੈਂ ਖੂਨ ਨਾਲ ਲੱਥਪਥ ਲੱਤਾਂ, ਬਾਹਾਂ ਅਤੇ ਸਿਰ ਹਰ ਪਾਸੇ ਖਿਲਰੇ ਹੋਏ ਵੇਖੇ ਹਨ।'' ਐਚ.ਡੀ.ਪੀ. ਦੇ ਕੋ-ਚੇਅਰਮੈਨ ਸੇਲਾਹਤਿਨ ਡੇਮੀਰਤਾਸ ਨੇ ਉਨ੍ਹਾਂ ਦੀ ਪਾਰਟੀ 'ਤੇ ਸਰਕਾਰ ਅਤੇ ਉਨ੍ਹਾਂ ਦੇ ਦੁਸ਼ਮਣਾਂ ਵਲੋਂ ਇਨ੍ਹਾਂ ਬੰਬ ਧਮਾਕਿਆਂ ਦਾ ਰਾਜਨੀਤਕ ਲਾਹਾ ਲੈਣ ਦਾ ਦੋਸ਼ ਲਾਉਣ ਦਾ ਗੁੱਸੇ ਵਿਚ ਜਵਾਬ ਦਿੰਦਿਆਂ ਕਿਹਾ- ''ਤੁਸੀਂ ਕੌਣ ਹੁੰਦੇ ਹੋ ਸਾਨੂੰ ਧਮਕਾਉਣ ਵਾਲੇ? ਅਸੀਂ ਤੁਹਾਨੂੰ, ਸਾਨੂੰ ਦਿਨ ਦੀਵੀਂ ਅਜਿਹੇ ਢੰਗਾਂ ਨਾਲ ਮਾਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਹਾਂ ਜਿਹੜੇ ਮਰ ਰਹੇ ਹਾਂ। ਅਸੀਂ ਪੁਲਸ ਹਾਂ, ਫੌਜੀ ਹਾਂ, ਅਸੀਂ ਕੁਰਦ ਹਾਂ ਤੇ ਤੁਰਕ ਹਾਂ, ਜਿਹੜੇ ਨਿੱਤ ਦਿਨ ਮਰ ਰਹੇ ਹਾਂ। ਤੁਹਾਡੇ ਬੱਚੇ ਨਹੀਂ ਮਾਰੇ ਜਾ ਰਹੇ। ਇਸੇ ਕਰਕੇ ਅਸੀਂ ਇਸ ਲਈ ਜ਼ਿੰਮੇਵਾਰ ਨਹੀਂ ਹਾਂ, ਬਲਕਿ ਤੁਸੀਂ ਜਿੰਮੇਵਾਰ ਹੋ।''
ਇਸੇ ਸਾਲ ਦੇ ਜੂਨ ਮਹੀਨੇ ਵਿਚ ਦੇਸ਼ ਵਿਚ ਸੰਸਦ ਲਈ ਚੋਣਾਂ ਹੋਈਆਂ ਸਨ। ਜਿਸ ਵਿਚ 2002 ਤੋਂ ਨਿਰੰਤਰ ਰਾਜ ਕਰ ਰਹੀ ਪਾਰਟੀ ਏ.ਕੇ.ਪੀ. ਪੂਰਨ ਬਹੁਮਤ ਪ੍ਰਾਪਤ ਕਰਨ ਵਿਚ ਅਸਫਲ ਰਹੀ ਸੀ ਉਸਨੂੰ 550 ਸੀਟਾਂ ਵਾਲੀ ਸੰਸਦ ਵਿਚ 40 ਫੀਸਦੀ ਤੋਂ ਕੁਝ ਹੀ ਵੱਧ ਵੋਟਾਂ ਪ੍ਰਾਪਤ ਕਰਨ ਨਾਲ ਉਸਨੂੰ 258 ਸੀਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿਚ ਹੀ ਕੁਰਦ ਅਧਾਰਤ ਖੱਬੇ ਪੱਖੀ ਪਾਰਟੀ ਐਚ.ਡੀ.ਪੀ. ਨੂੰ 13% ਵੋਟਾਂ ਮਿਲੀਆਂ ਸਨ ਅਤੇ ਉਹ ਸੰਸਦ ਵਿਚ 80 ਸੀਟਾਂ ਪ੍ਰਾਪਤ ਕਰਨ ਵਿਚ ਸਫਲ ਰਹੀ ਸੀ। ਏ.ਕੇ.ਪੀ. ਪਾਰਟੀ ਦੇ ਮੁੱਖ ਆਗੂ ਇਰਦੋਗਨ ਜਿਹੜੇ ਕਿ ਇਸ ਵੇਲੇ ਰਾਸ਼ਟਰਪਤੀ ਹਨ, ਅਤੇ ਉਨ੍ਹਾਂ ਦਾ ਨਿਸ਼ਾਨਾ ਸੰਸਦ ਵਿਚ ਬਹੁਮਤ ਹਾਸਲ ਕਰਕੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਵਿਚ ਵਾਧਾ ਕਰਕੇ ਦੇਸ਼ਾਂ ਨੂੰ ਇਸਲਾਮਕ ਦੇਸ਼ ਬਨਾਉਣ ਵੱਲ ਵਧਣ ਦਾ ਸੀ। ਉਨ੍ਹਾਂ ਦਾ ਇਹ ਮੰਸੂਬਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ। ਕਾਫੀ ਜੱਦੋ ਜਹਿਦ ਤੋਂ ਬਾਅਦ ਵੀ ਏ.ਕੇ.ਪੀ. ਸਰਕਾਰ ਬਨਾਉਣ ਲਈ ਬਹੁਮਤ ਜੁਟਾਉਣ ਵਿਚ ਅਸਫਲ ਰਹੀ। ਦੇਸ਼ ਦੇ ਸੰਵਿਧਾਨ ਮੁਤਾਬਕ ਹੁਣ 1 ਨਵੰਬਰ ਨੂੰ ਮੁੜ ਚੋਣਾਂ ਕਰਵਾਉਣੀਆਂ ਪੈ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਜਿੱਤਣ ਦੇ ਮੱਦੇਨਜ਼ਰ ਹੀ ਅਜਿਹੇ ਘਿਨੌਣੇ ਕੁਕਰਮ ਦੀਤੇ ਜਾ ਰਹੇ ਹਨ। ਜੂਨ ਦੀਆਂ ਚੋਣਾਂ ਦੀ ਮੁਹਿੰਮ ਦੌਰਾਨ ਜਦੋਂ ਇਰਦੋਗਨ ਅਤੇ ਏ.ਕੇ.ਪੀ. ਨੂੰ ਇਹ ਸਪੱਸ਼ਟ ਦਿਖਾਈ ਦੇਣ ਲੱਗ ਪਿਆ ਸੀ ਕਿ ਐਚ.ਡੀ.ਪੀ. ਦੇ ਹੱਕ ਵਿਚ ਲੋਕ ਉਭਾਰ ਪੈਦਾ ਹੋ ਰਿਹਾ ਹੈ, ਤਾਂ ਤੋਂ ਹੀ ਉਸਦੇ ਸਮਰਥਕਾਂ ਉੱਤੇ ਜਾਨਲੇਵਾ ਹਮਲੇ ਸ਼ੁਰੂ ਹੋ ਗਏ ਸਨ। ਚੋਣਾਂ ਤੋਂ ਦੋ ਦਿਨ ਪਹਿਲਾਂ ਉਸਦੀ ਮੁੱਖ ਚੋਣ ਰੈਲੀ ਉਤੇ ਦੀਆਵਾਕਾਰ ਵਿਖੇ ਹੋਏ ਹਮਲੇ ਵਿਚ 5 ਕਾਰਕੁੰਨ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋਏ ਸਨ। ਇਸਦੇ ਬਾਵਜੂਦ ਚੋਣਾਂ ਵਿਚ 13.1% ਵੋਟਾਂ ਪ੍ਰਾਪਤ ਕਰਨ ਵਿਚ ਐਚ.ਡੀ.ਪੀ. ਦੇ ਕਾਮਯਾਬ ਰਹਿਣ ਤੋਂ ਬਾਅਦ ਤਾਂ ਰਾਸ਼ਟਰਪਤੀ ਇਰਦੋਗਨ ਅਤੇ ਉਸਦੀ ਪਾਰਟੀ ਹੋਰ ਵੀ ਬੁਖਲਾ ਗਏ ਸਨ ਅਤੇ ਸਰਕਾਰ ਵਲੋਂ ਕੁਰਦਾਂ ਅਤੇ ਐਚ.ਡੀ.ਪੀ. ਉਤੇ ਹਮਲੇ ਹੋਰ ਤੇਜ਼ ਕਰ ਦਿੱਤੇ ਗਏ ਸਨ। 7 ਜੂਨ ਤੋਂ 15 ਅਕਤੂਬਰ ਦਰਮਿਆਨ ਹੀ 694 ਕੁਰਦ ਅਤੇ ਐਚ.ਡੀ.ਪੀ. ਦੇ ਕਾਰਕੁੰਨ ਇਨ੍ਹਾਂ ਹਮਲਅਿਾਂ ਵਿਚ ਮਾਰੇ ਜਾ ਚੁੱਕੇ ਹਨ। 20 ਜੂਨ ਨੂੰ ਤੁਰਕੀ ਦੇ ਸੀਰੀਆ ਦੀ ਹੱਦ ਨਾਲ ਲੱਗਦੇ ਸ਼ਹਿਰ ਸੁਰੁਕ ਵਿਚ ਕੁਰਦ ਨੌਜਵਾਨ ਸੰਗਠਨਾਂ ਵਲੋਂ ਕੋਬਾਨੀ ਦੇ ਕੁਰਦਾਂ ਦੇ ਹੱਕ ਵਿਚ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਵਿਚ ਬੰਬ ਧਮਾਕਾ ਕਰ ਦਿੱਤਾ ਗਿਆ ਸੀ, ਜਿਸ ਵਿਚ 34 ਨੌਜਵਾਨ ਮਾਰੇ ਗਏ ਸਨ। ਦੇਸ਼ ਦੇ ਪੱਛਮੀ ਹਿੱਸੇ ਵਿਚ ਕੁਰਦ ਬਹੁਲ ਸ਼ਹਿਰਾਂ ਵਿਚ ਪੁਲਸ ਅਤੇ ਫੌਜ ਵਲੋਂ ਹਮਲੇ ਆਮ ਗੱਲ ਹਨ। ਸਿਜਾਰੇ ਵਿਚ ਪੁਲਸ ਅਤੇ ਫੌਜ ਨੇ 21 ਆਮ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਐਚ.ਡੀ.ਪੀ. ਪਾਰਟੀ ਦੇ ਦਫਤਰਾਂ ਉਤੇ ਏ.ਕੇ.ਪੀ. ਦੇ ਗੁੰਡਿਆਂ ਵਲੋਂ ਅਕਸਰ ਹੀ ਹਮਲੇ ਕੀਤੇ ਜਾਂਦੇ ਹਨ।
ਮੱਧ ਏਸ਼ੀਆ ਵਿਚ ਕੁਰਦ ਨਸਲ ਦੇ ਲਗਭਗ 2 ਕਰੋੜ 80 ਲੱਖ ਲੋਕ ਹਨ, ਜਿਹੜੇ ਲਗਭਗ ਇਕ ਲੱਖ ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲੇ ਹੋਏ ਹਨ। ਇਹ ਇਲਾਕਾ ਈਰਾਕ, ਈਰਾਨ, ਸੀਰੀਆ ਤੇ ਤੁਰਕੀ ਦੇਸ਼ਾਂ ਦਾ ਹਿੱਸਾ ਹੈ। ਪਿਛਲੇ ਕਈ ਦਹਾਕਿਆਂ ਤੋਂ ਸਮੁੱਚੇ ਕੁਰਦ ਇਕ ਆਜ਼ਾਦ ਕੁਰਦਿਸਤਾਨ ਦੀ ਕਾਇਮੀ ਲਈ ਸੰਘਰਸ਼ ਕਰ ਰਹੇ ਹਨ। ਜਿਸਦੀ ਅਗਵਾਈ ਖੱਬੇ ਪੱਖੀ ਪਾਰਟੀ ਪੀ.ਕੇ.ਕੇ. ਕਰ ਰਹੀ ਹੈ। ਈਰਾਕ ਵਿਚ ਕੁਰਦ ਆਪਣੇ ਖੇਤਰ ਵਿਚ ਖੁਦ ਮੁਖਤਾਰ ਸੂਬਾਈ ਸਰਕਾਰ ਬਨਾਂਉਣ ਵਿਚ ਸਫਲ ਰਹੇ ਹਨ ਜਿਹੜੀ ਕਿ ਦੇਸ਼ ਦੀ ਕੇਂਦਰੀ ਸਰਕਾਰ ਅਧੀਨ ਹੈ। ਸੀਰੀਆ ਦੇ ਕੁਰਦ ਬਹੁਲ ਖੇਤਰ ਵਿਚ ਉਹ ਰੋਜ਼ਾਵਾ ਕੁਰਦ ਸ਼ਾਸਨ ਵਾਲਾ ਖੇਤਰ ਕਾਇਮ ਕਰਨ ਵਿਚ ਸਫਲ ਰਹੇ ਹਨ। ਖੁੰਖਾਰ ਇਸਲਾਮਕ ਬੁਨਿਆਦਪ੍ਰਸਤ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਨੂੰ ਸਭ ਤੋਂ ਪਹਿਲਾਂ ਠੱਲ੍ਹ ਕੁਰਦ ਗੁਰੀਲਿਆਂ ਨੇ ਹੀ ਪਾਈ ਸੀ, ਜਿਸ ਵਿਚ ਕੁਰਦ ਔਰਤਾਂ ਦੇ ਗੁਰੀਲਾ ਸੰਗਠਨ ਵਾਈ.ਪੀ.ਜੀ. ਦੀ ਭੂਮਿਕਾ ਦੀ ਸਮੁੱਚੀ ਦੁਨੀਆਂ ਵਿਚ ਸ਼ਲਾਘਾ ਹੋਈ ਸੀ। ਤੁਰਕੀ ਦੀ ਸੀਮਾ ਨਾਲ ਲੱਗਦੇ ਸੀਰੀਆਈ ਸੂਬੇ ਕੋਬਾਨੀ ਤੋਂ ਆਈ.ਐਸ.ਆਈ.ਐਸ. ਨੂੰ ਖਦੇੜ ਕੇ ਕਬਜ਼ਾ ਕੀਤਾ ਸੀ। ਜਿਹੜਾ ਅਜੇ ਵੀ ਕਾਇਮ ਹੈ।
ਤੁਰਕੀ ਦੇ ਕੁਰਦ ਬਹੁਲ ਖੇਤਰਾਂ ਵਿਚ ਵੀ ਕੁਰਦ ਲੋਕ ਪੀ.ਕੇ.ਕੇ. ਤੇ ਐਚ.ਡੀ.ਪੀ. ਦੀ ਅਗਵਾਈ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹੇ ਹਨ। ਜੂਨ ਦੀਆਂ ਚੋਣਾਂ ਵਿਚ ਰਾਜਨੀਤਕ ਲਾਹਾ ਲੈਣ ਲਈ ਤੁਰਕੀ ਦੀ ਏ.ਕੇ.ਪੀ. ਸਰਕਾਰ ਨੇ ਪੀ.ਕੇ.ਕੇ. ਦੇ ਉਸਦੀ ਜੇਲ੍ਹ ਵਿਚ ਬੰਦ ਮੁਖੀ ਅਬਦੁਲਾ ਓਕਲੈਨ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਉਸਦਾ ਮੰਤਵ ਇਸ ਨਾਲ ਆਮ ਲੋਕਾਂ ਵਿਚ ਏ.ਕੇ.ਪੀ. ਨੂੰ ਸ਼ਾਂਤੀ ਦੀ ਚਾਹਵਾਨ ਅਤੇ ਕੁਰਦ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਣ ਵਾਲੀ ਦਰਸਾਕੇ ਦੇਸ਼ ਦੇ ਕੁਰਦ ਲੋਕਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਦੀਆਂ ਵੋਟਾਂ ਬਟੋਰਨਾ ਸੀ। ਇੱਥੇ ਇਹ ਵਰਣਨਯੋਗ ਹੈ ਕਿ ਤੁਰਕੀ ਵਿਚ ਕੁਰਦਾਂ ਦੀ ਆਬਾਦੀ, ਕੁਲ ਆਬਾਦੀ ਦਾ 20% ਹੈ। ਪ੍ਰੰਤੁ ਜੂਨ ਚੋਣਾਂ ਵਿਚ ਏ.ਕੇ.ਪੀ. ਤਾਂ ਲਾਹਾ ਲੈਣ ਵਿਚ ਅਸਫਲ ਰਹੀ ਅਤੇ ਆਪਣੇ 330 ਸੀਟਾਂ ਹਾਸਲ ਕਰਨ ਦੇ ਟੀਚੇ ਤੋਂ ਬਹੁਤ ਪਿੱਛੇ ਬਹੁਮਤ ਤੋਂ ਵੀ ਘੱਟ 258 ਸੀਟਾਂ 'ਤੇ ਹੀ ਰਹਿ ਗਈ। ਜਦੋਂਕਿ ਐਚ.ਡੀ.ਪੀ. ਪਹਿਲੀ ਵਾਰ ਸੰਵਿਧਾਨ ਮੁਤਾਬਕ ਸੰਸਦ ਵਿਚ ਪ੍ਰਤੀਨਿਧਤਾ ਹਾਸਲ ਕਰਨ ਦੀ 10% ਦੀ ਹੱਦ ਨੂੰ ਪਾਰ ਕਰਕੇ 13.1% ਵੋਟਾਂ ਹਾਸਲ ਕਰਦੀ ਹੋਈ 80 ਸੀਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ। ਉਸਨੂੰ ਕੁਰਦ ਗੁਰੀਲਿਆਂ ਵਲੋਂ ਕੋਬਾਨੀ ਵਿਚ ਆਈ.ਐਸ.ਆਈ.ਐਸ. ਨੂੰ ਭਾਂਜ ਦੇਣ ਦੀ ਸ਼ਾਨਦਾਰ ਮੁਹਿੰਮ ਦਾ ਲਾਹਾ ਤਾਂ ਮਿਲਿਆ ਹੀ ਨਾਲ ਹੀ ਉਹ ਦੇਸ਼ ਦੇ ਖੱਬੇ ਪੱਖੀ ਤੇ ਜਮਹੂਰੀਅਤ ਪਸੰਦ ਲੋਕਾਂ ਦਾ ਵੀ ਸਮਰਥਨ ਹਾਸਲ ਕਰਨ ਵਿਚ ਵੀ ਸਫਲ ਰਹੀ।
ਜੂਨ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਤੁਰਕੀ ਦੀ ਰਾਸ਼ਟਰਪਤੀ ਇਰਦੋਗਨ ਦੀ ਅਗਵਾਈ ਵਾਲੀ ਏ.ਕੇ.ਪੀ. ਸਰਕਾਰ ਨੇ ਸੀਰੀਆ ਵਿਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਇਨ੍ਹਾਂ ਹਮਲਿਆਂ ਲਈ ਉਸਨੂੰ ਅਮਰੀਕੀ ਸਾਮਰਾਜ ਦਾ ਵੀ ਪੂਰਣ ਸਮਰਥਨ ਪ੍ਰਾਪਤ ਹੈ। ਜਿਨ੍ਹਾਂ ਵਿਚ ਉਸਨੇ ਆਈ.ਐਸ.ਆਈ.ਐਸ. ਤੋਂ ਵਧੇਰੇ ਨਿਸ਼ਾਨਾ ਪੀ.ਕੇ.ਕੇ. ਦੀ ਅਗਵਾਈ ਵਿਚ ਆਈ.ਐਸ. ਦਾ ਵਿਰੋਧ ਕਰ ਰਹੇ ਗੁਰੀਲਾ ਸੰਗਠਨਾਂ ਵਾਈ.ਪੀ.ਜੀ. ਅਤੇ ਵਾਈ.ਪੀ.ਜੇ. ਦੇ ਟਿਕਾਣਿਆਂ ਨੂੰ ਬਣਾਇਆ ਅਤੇ ਉਸ ਦੇ ਆਗੂ ਅਬਦੁਲਾ ਓਕਲੈਨ ਨਾਲ ਚਲ ਰਹੀ ਗੱਲਬਾਤ ਵੀ ਬੰਦ ਕਰ ਦਿੱਤੀ। ਦੇਸ਼ ਅੰਦਰ ਉਸਨੇ ਐਚ.ਡੀ.ਪੀ. ਨੂੰ ਨਿਸ਼ਾਨਾ ਬਣਾਇਆ ਅਤੇ ਇਹ ਹਮਲੇ ਨਿਰੰਤਰ ਜਾਰੀ ਹਨ। 10 ਅਕਤੂਬਰ ਦਾ ਹਮਲਾ ਵੀ ਇਨ੍ਹਾਂ ਹਮਲਿਆਂ ਦੀ ਹੀ ਇਕ ਕੜੀ ਹੈ। ਇਸ ਦਮਨ ਮੁਹਿੰਮ ਅਧੀਨ ਹੁਣ ਤੱਕ ਜਿਵੇਂ ਅਸੀਂ ਪਹਿਲਾਂ ਦੱਸ ਆਏ ਹਾਂ, ਐਚ.ਡੀ.ਪੀ. ਦੇ 694 ਕਾਰਕੁੰਨ ਸ਼ਹੀਦ ਕੀਤੇ ਜਾ ਚੁੱਕੇ ਹਨ। ਇਹ ਚੋਣ ਹਮਲੇ 1 ਨਵੰਬਰ ਦੀਆਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੀਤੇ ਜਾ ਰਹੇ ਹਨ। ਜਿੱਥੇ ਇਨ੍ਹਾਂ ਦਾ ਮਕਸਦ ਐਚ.ਡੀ.ਪੀ. ਦੇ ਕਾਰਕੁੰਨਾਂ, ਆਮ ਕੁਰਦਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਵਿਚ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਨੂੰ ਵੋਟਾਂ ਤੋਂ ਦੂਰ ਰੱਖਣਾ ਹੈ ਉਥੇ ਹੀ ਇਨ੍ਹਾਂ ਦਾ ਮਕਸਦ ਦੇਸ਼ ਦੇ ਆਮ ਲੋਕਾਂ ਵਿਚ ਇਹ ਦਰਸਾਉਣਾ ਹੈ ਕਿ ਰਾਸ਼ਟਰਪਤੀ ਇਰਦੋਗਨ ਦੀ ਅਗਵਾਈ ਵਿਚ ਏ.ਕੇ.ਪੀ. ਸਰਕਾਰ ਹੀ ਇਨ੍ਹਾਂ ਨੂੰ ਕਾਬੂ ਵਿਚ ਰੱਖਕੇ ਦੇਸ਼ ਵਿਚ ਅਮਨ ਕਾਇਮ ਰੱਖ ਸਕਦੀ ਹੈ।
ਜਮਹੂਰੀਅਤ ਪਸੰਦ ਲੋਕਾਂ ਵਿਚ ਦੇਸ਼ ਦੀ ਸਰਕਾਰ ਵਲੋਂ ਸੀਰੀਆ ਵਿਚ ਕੁਰਦ ਟਿਕਾਣਿਆਂ ਅਤੇ ਦੇਸ਼ ਵਿਚ ਐਚ.ਡੀ.ਪੀ. 'ਤੇ ਹੁੰਦੇ ਹਮਲਿਆਂ ਕਰਕੇ ਪਹਿਲਾਂ ਹੀ ਰੋਸ ਵਿਆਪਤ ਸੀ, 10 ਅਕਤੂਬਰ ਨੂੰ ਅਮਨ ਮਾਰਚ ਲਈ ਇਕੱਠੇ ਹੋਏ ਲੋਕਾਂ 'ਤੇ ਹੋਏ ਮਨੁੱਖੀ ਬੰਬ ਹਮਲਿਆਂ ਕਰਕੇ ਇਹ ਰੋਸ ਇਕ ਭਾਂਬੜ ਦਾ ਰੂਪ ਅਖਤਿਆਰ ਕਰ ਗਿਆ। ਬੰਬ ਧਮਾਕਿਆਂ ਦੇ ਅਗਲੇ ਹੀ ਦਿਨ ਐਤਵਾਰ ਨੂੰ ਠੀਕ ਉਸੇ ਥਾਂਹ 'ਤੇ ਅੰਕਾਰਾਂ ਦੇ ਮੁੱਖ ਰੇਲਵੇ ਸਟੇਸ਼ਨ ਦੇ ਬਾਹਰ 1000 ਤੋਂ ਵੱਧ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਪੇਸ਼ ਕੀਤੀਆਂ। ਦੇਸ਼ ਦੇ ਦੂਜੇ ਵੱਡੇ ਸ਼ਹਿਰ ਇਸਤਾਂਬੂਲ ਵਿਖੇ 10 ਹਜ਼ਾਰ ਲੋਕਾਂ ਨੇ ਮਾਰਚ ਕੀਤਾ ਅਤੇ ਇਸ ਹਮਲੇ ਦੀ ਨਿੰਦਾ ਕੀਤੀ। ਯੂਰਪ ਦੇ ਵੀ ਕਈ ਸ਼ਹਿਰਾਂ ਵਿਚ ਹਜ਼ਾਰਾਂ ਲੋਕਾਂ ਨੇ ਮੁਜ਼ਾਹਰੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਤੁਰਕੀ ਸਰਕਾਰ ਦੀ ਸਖਤ ਨਿਖੇਧੀ ਕੀਤੀ।
ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ-ਕੇ.ਈ.ਐਸ.ਕੇ, ਡੀ.ਆਈ.ਐਸ.ਕੇ., ਟੀ.ਟੀ.ਬੀ. ਅਤੇ ਟੀ.ਐਮ.ਐਮ.ਓ.ਬੀ., ਜਿਨ੍ਹਾਂ ਨੇ 10 ਅਕਤੂਬਰ ਦੇ ਅਮਨ ਮਾਰਚ ਦਾ ਸੱਦਾ ਦਿੱਤਾ ਸੀ, ਨੇ ਇਨ੍ਹਾਂ ਬੰਬ ਧਮਾਕਿਆਂ ਵਿਰੁੱਧ ਅਤੇ ਤੁਰਕੀ ਦੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ 12 ਅਤੇ 13 ਅਕਤੂਬਰ ਨੂੰ 48 ਘੰਟੇ ਦੀ ਆਮ ਹੜਤਾਲ ਦਾ ਸੱਦਾ ਦਿੱਤਾ। ਉਨ੍ਹਾਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ''ਅਸੀਂ ਇਸ ਫਾਸ਼ੀਵਾਦੀ ਹਤਿਆ ਕਾਂਡ ਵਿਰੁੱਧ ਪ੍ਰਤੀਰੋਧ ਕਰਦੇ ਹੋਏ ਆਪਣੇ ਸ਼ਹੀਦ ਹੋਏ ਦੋਸਤਾਂ ਨੂੰ ਯਾਦ ਕਰਦੇ ਹਾਂ, ਅਸੀਂ ਹੁਣ ਤਿੰਨਾਂ ਦਿਨਾਂ ਲਈ ਸੋਗ ਮਨਾ ਰਹੇ ਹਾਂ।'' ਇਸ ਆਮ ਹੜਤਾਲ ਨੂੰ ਵੱਡੀ ਸਫਲਤਾ ਮਿਲੀ ਅਤੇ ਦੇਸ਼ ਪੂਰੀ ਤਰ੍ਹਾਂ ਠੱਪ ਹੋ ਗਿਆ। ਦੇਸ਼ ਭਰ ਵਿਚ ਸਿਹਤ ਕਾਮਿਆਂ, ਵਕੀਲਾਂ, ਮਜ਼ਦੂਰਾਂ ਅਤੇ ਸਭ ਵਰਗਾਂ ਨੇ ਹੜਤਾਲ ਵਿਚ ਭਾਗ ਲਿਆ। ਵਿਦਿਆਰਥੀਆਂ ਨੇ ਵੀ ਆਪਣੀਆਂ ਕਲਾਸਾਂ ਦਾ ਪੂਰਨ ਰੂਪ ਵਿਚ ਬਾਈਕਾਟ ਕੀਤਾ। ਦੇਸ਼ ਵਿਚ ਹੜਤਾਲ ਵਿਚ ਸ਼ਾਮਲ ਹੋਏ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਮੁਜ਼ਾਹਰੇ ਕੀਤੇ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਲੱਗਣ ਵਾਲੇ ਮੁੱਖ ਨਾਅਰੇ ਸਨ -'ਇਰਦੋਗਨ ਚੋਰ ਤੇ ਹਤਿਆਰਾ ਹੈ', 'ਤਾਨਾਸ਼ਾਹ ਹਾਰੇਗਾ, ਲੋਕਾਂ ਦੀ ਜਿੱਤ ਹੋਵੇਗੀ', 'ਅਸੀਂ ਸੋਗ ਮਨਾ ਰਹੇ ਹਾਂ, ਅਸੀਂ ਹੜਤਾਲ 'ਤੇ ਹਾਂ।'
10 ਅਕਤੂਬਰ ਦੇ ਬੰਬ ਧਮਾਕਿਆਂ ਦੇ ਸੰਦਰਭ ਵਿਚ ਬਿਆਨ ਜਾਰੀ ਕਰਦਿਆਂ ਐਚ.ਡੀ.ਪੀ. ਦੇ ਕੋ-ਚੇਅਰਮੈਨ ਸਾਲੇਹਾਤੀਨ ਡੇਮੀਰਤਾਸ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ, ਜਿਸ ਵਿਚ ਉਨ੍ਹਾਂ ਕਿਹਾ-''ਉਸ ਸਮੇਂ ਜਦੋਂ ਤੁਰਕੀ ਵਿਚ ਅੰਨ੍ਹੀਆਂ ਕੌਮਪ੍ਰਸਤ ਅਤੇ ਧਰੁਵੀਕਰਨ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, 1 ਨਵੰਬਰ ਦੀਆਂ ਆਮ ਚੋਣਾਂ ਦੀ ਸੁਰੱਖਿਆ ਦਾ ਸਵਾਲ ਬਹੁਤ ਔਖਾ ਬਣਦਾ ਜਾ ਰਿਹਾ ਹੈ, ਜਿਸਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ  ਚਾਹੀਦਾ ਹੈ। ਸਾਡੇ ਵੋਟਰ ਹਰ ਸਮਾਜਕ ਥਾਂ 'ਤੇ ਅਤੇ ਰਾਜਨੀਤਕ ਸਰਗਰਮੀ ਦੌਰਾਨ ਆਪਣੇ ਆਪ ਨੂੰ ਨਿਰੰਤਰ ਖਤਰੇ ਵਿਚ ਮਹਿਸੂਸ ਕਰਦੇ ਹਨ। ਖੇਤਰ ਵਿਚ ਸਥਿਰਤਾ ਨੂੰ ਕਾਇਮ ਰੱਖਣ ਲਈ ਟਕਰਾਅ (ਹਿੰਸਾ) ਦੇ ਮਾਰੂ ਪ੍ਰਭਾਵਾਂ ਨੂੰ ਹੋਰ ਵਧੇਰੇ ਫੈਲਣ ਤੋਂ ਰੋਕਣਾ ਮਹੱਤਵਪੂਰਨ ਹੈ। ਇਸੇ ਕਰਕੇ, ਕੌਮਾਂਤਰੀ ਭਾਈਚਾਰੇ ਲਈ ਇਹ ਅੱਤ ਦਾ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਇਰਦੋਗਨ ਅਤੇ ਏ.ਕੇ.ਪੀ. ਸਰਕਾਰ ਜਿਹੜੀ ਕਿ ਤੁਰਕੀ ਦੇ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਪਹਿਲਾਂ ਹੀ ਭਰੋਸੇਯੋਗਤਾ ਗੁਆ ਚੁੱਕੀ ਹੈ, ਵਿਰੁੱਧ ਸਖਤ ਪੈਂਤੜਾ ਅਖਤਿਆਰ ਕਰੇ। ਅਸੀਂ ਕੌਮਾਂਤਰੀ ਭਾਈਚਾਰੇ ਨੂੰ ਸਾਡੇ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਸੱਦਾ ਦਿੰਦੇ ਹਾਂ, ਉਹ ਤੁਰਕੀ ਦੇ ਲੋਕਾਂ ਨਾਲ ਸਿੱਧੇ ਰੂਪ ਵਿਚ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ, ਨਾ ਕਿ ਉਨ੍ਹਾਂ ਸਰਕਾਰ ਦੇ ਪ੍ਰਤੀਨਿੱਧਾਂ ਨਾਲ ਜਿਹੜੇ ਕਿ ਰਾਜਨੀਤਕ ਤੇ ਪ੍ਰਸ਼ਾਸਨਕ ਤੌਰ 'ਤੇ ਸਿੱਧੇ ਰੂਪ ਵਿਚ ਇਸ ਹਤਿਆਕਾਂਡ ਲਈ ਜ਼ਿੰਮੇਵਾਰ ਹਨ।''

No comments:

Post a Comment