Wednesday 5 August 2015

ਵਿਆਪਮ ਘੁਟਾਲਾ : ਬੀ.ਜੇ.ਪੀ. ਰਾਜ ਦਾ ਨਵੇਕਲਾ ਕਮਾਲ, ਅਰਬਾਂ ਦੀ ਰਿਸ਼ਵਤ ਦੇ ਨਾਲ ਨਾਲ ਦਰਜਨਾਂ ਲੋਕਾਂ ਦੀ ਵੀ ਲਈ ਜਾਨ

ਰਵੀ  ਕੰਵਰ 
''ਨਾ ਖਾਊਂਗਾ ਔਰ ਨਾ ਖਾਨੇ ਦੂੰਗਾਂ'' ਦਾ ਹੋਕਾ 2014 ਦੀਆਂ ਲੋਕ ਸਭਾ ਚੋਣਾਂ ਵਿਚ ਦੇਣ ਵਾਲੇ ਨਰਿੰਦਰ ਮੋਦੀ ਦੀ ਸਰਕਾਰ ਦੇ ਪਹਿਲੇ ਇਕ ਸਾਲ ਦੇ ਕਾਰਜਕਾਲ ਦੌਰਾਨ ਹੀ ਅਨੇਕ ਘੁਟਾਲੇ ਸਾਹਮਣੇ ਆ ਗਏ ਹਨ। ਕੇਂਦਰੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਰਾਜ ਸਰਕਾਰਾਂ ਦੀ ਛੱਤਰ ਛਾਇਆ ਹੇਠ ਪਹਿਲਾਂ ਦੀ ਤਰ੍ਹਾਂ ਹੁੰਦਾ ਨਿਤਾਪ੍ਰਤੀ ਦਾ ਭਰਿਸ਼ਟਾਚਾਰ ਤਾਂ ਬਦਸਤੂਰ ਜਾਰੀ ਹੈ ਹੀ, ਹੁਣ ਕਾਮਨਵੈਲਥ ਖੇਡਾਂ ਤੇ 2-ਜੀ ਵਰਗੇ ਘੁਟਾਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ ਦਿਨੀਂ ਉਭਰਿਆ ਲਲਿਤ ਮੋਦੀ ਘੁਟਾਲਾ ਹੈ, ਜਿਸ ਵਿਚ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਉਸਦਾ ਐਮ.ਪੀ.ਪੁੱਤਰ ਦੁਸ਼ਯੰਤ ਸਿਘ ਸ਼ਾਮਲ ਹਨ। ਇਕ ਹੋਰ ਕਰੋੜਾਂ ਰੁਪਏ ਦੀ ਖਰੀਦ ਦਾ ਘੁਟਾਲਾ ਬੀ.ਜੇ.ਪੀ. ਦੀ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਪੰਕਜਾ ਮੁੰਡੇ ਦਾ ਸਾਹਮਣੇ ਆਇਆ ਹੈ। ਪ੍ਰੰਤੂ ਸਭ ਤੋਂ ਭਿਆਨਕ ਤੇ ਲੂੰ-ਕੰਡੇ ਖੜੇ ਕਰ ਦੇਣ ਵਾਲਾ ਘੁਟਾਲਾ ਹੈ, ਬੀ.ਜੇ.ਪੀ. ਦੀ ਸ਼ਿਵਰਾਜ ਚੌਹਾਨ ਦੀ ਸਰਕਾਰ ਦੇ ਕਾਰਜਕਾਲ ਵਿਚ ਵਾਪਰਿਆ ''ਵਿਆਪਮ ਘੁਟਾਲਾ।'' ਇਹ ਇਕ ਆਰਥਕ ਘੁਟਾਲੇ ਤੱਕ ਹੀ ਸੀਮਤ ਨਹੀਂ ਹੈ ਬਲਕਿ ਆਮ ਘੁਟਾਲੇਬਾਜਾਂ ਦੀ ਤਰ੍ਹਾਂ ਸਮੁੱਚੀ ਪ੍ਰਣਾਲੀ ਨੂੰ ਸ਼ਾਤਰਾਨਾ ਢੰਗ ਨਾਲ ਧੋਖਾਧੜੀ ਲਈ ਵਰਤਣ ਦੀ ਮਹਾਰਤ ਦੇ ਨਾਲ ਨਾਲ ਇਕ ਜਥੇਬੰਦ ਮਾਫੀਆ ਦੀ ਤਰ੍ਹਾਂ ਗਵਾਹਾਂ ਤੇ ਹੋਰ ਅਜਿਹੇ ਵਿਅਕਤੀਆਂ, ਜਿਹੜੇ ਇਸ ਘੁਟਾਲੇ ਨੂੰ ਸਾਬਤ ਕਰਨ ਵਿਚ ਸਹਾਇਕ ਸਿੱਧ ਹੋ ਸਕਦੇ ਹਨ, ਦੀਆਂ ਨਿਰੰਤਰ ਹੱਤਿਆਵਾਂ ਕਰਦੇ ਜਾਣ ਦੀ ਬੇਰਹਿਮੀ ਨੇ, ਇਸਨੂੰ ਇਕ ਨਵੇਕਲੇ ਭਿਆਨਕ ਸਕੈਂਡਲ ਦਾ ਰੂਪ ਦੇ ਦਿੱਤਾ ਹੈ।
ਵਿਆਪਮ ਘੁਟਾਲਾ ਮੁੱਖ ਰੂਪ ਵਿਚ ਐਮ.ਬੀ.ਬੀ.ਐਸ. ਅਤੇ ਸਰਕਾਰੀ ਮੁਲਾਜ਼ਮਾਂ ਦੀ ਭਰਤੀ ਲਈ ਹੋਣ ਵਾਲੀਆਂ ਦਾਖਲ ਪਰੀਖਿਆਵਾਂ ਨਾਲ ਸਬੰਧਤ ਧੋਖਾਧੜੀ ਤੇ ਰਿਸ਼ਵਤਖੋਰੀ 'ਤੇ ਅਧਾਰਤ ਘੁਟਾਲਾ ਹੈ, ਜਿਸ ਵਿਚ ਰਾਜ ਦੇ ਰਾਜਪਾਲ, ਸੂਬੇ ਦੇ ਮੁੱਖ ਮੰਤਰੀ, ਉਸਦੀ ਪਤਨੀ, ਸਰਕਾਰ ਦੇ ਮੰਤਰੀਆਂ, ਸੀਨੀਅਰ ਰਾਜਨੀਤੀਵਾਨਾਂ, ਸਰਕਾਰੀ ਅਫਸਰਾਂ ਅਤੇ ਵਪਾਰੀਆਂ ਦੇ ਸ਼ਾਮਲ ਹੋਣ ਦੇ ਦੋਸ਼ ਲੱਗ ਰਹੇ ਹਨ। ''ਵਿਆਪਮ'' ਅਸਲ ਵਿਚ ਮੱਧ ਪ੍ਰਦੇਸ਼ ਦੀ ਦਾਖਲਾ ਪ੍ਰੀਖਿਆਵਾਂ ਲੈਣ ਵਾਲੀ ਅਤੇ ਸਰਕਾਰੀ ਨੌਕਰੀਆਂ ਲਈ ਭਰਤੀ ਕਰਨ ਵਾਲੀ ਸਰਕਾਰੀ ਸੰਸਥਾ, ਜਿਸਨੂੰ ਹਿੰਦੀ ਵਿਚ 'ਮੱਧ ਪ੍ਰਦੇਸ਼ ਵਿਅਵਸਾਇਕ ਪ੍ਰੀਖਿਆ ਮੰਡਲ' ਕਹਿੰਦੇ ਹਨ, ਦੇ ਪਹਿਲੇ ਅੱਖਰਾਂ ਨੂੰ ਲੈ ਕੇ ਬਣਿਆ ਸ਼ਬਦ ਹੈ।
ਵਿਆਪਮ ਵਲੋਂ ਲਏ ਜਾਂਦੇ ਦਾਖਲਾ ਟੈਸਟਾਂ ਵਿਚ ਧੋਖਾਧੜੀ ਬਾਰੇ ਪਿਛਲੀ ਸਦੀ ਦੇ ਆਖਰੀ ਦਹਾਕੇ ਦੇ ਦਰਮਿਆਨ ਹੀ ਰਿਪੋਰਟਾਂ ਆਉਣੀਆਂ ਸ਼ੁਰ ਹੋ ਗਈਆਂ ਸਨ ਅਤੇ 2000 ਵਿਚ ਇਸ ਬਾਰੇ ਇਕ ਐਫ.ਆਈ.ਆਰ. ਵੀ ਦਰਜ ਹੋਈ ਸੀ। ਪਰ 2009 ਤੱਕ ਇਸ ਮਾਮਲੇ ਵਿਚ ਕਿਸੇ ਵੀ ਜਥੇਬੰਦ ਗਿਰੋਹ ਦੇ ਸਰਗਰਮ ਹੋਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। 2009 ਵਿਚ ਮੱਧ ਪ੍ਰਦੇਸ਼ ਦੇ ਕਾਲਜਾਂ ਵਿਚ ਡਾਕਟਰੀ ਦੀ ਪੜ੍ਹਾਈ-ਐਮ.ਬੀ.ਬੀ.ਐਸ. ਲਈ, ਲਈ ਗਈ ਦਾਖਲਾ ਪ੍ਰੀਖਿਆ ਪੀ.ਐਮ.ਟੀ. ਵਿਚ ਵੱਡੀਆਂ ਧੋਖਾਧੜੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ। ਇੱਥੇ ਇਹ ਵੀ ਵਰਣਨਯੋਗ ਹੈ ਕਿ 2009 ਵਿਚ ਹੀ ਸੂਬੇ ਵਿਚ ਸ਼ਿਵਰਾਜ ਚੌਹਾਨ ਦੀ ਅਗਵਾਈ ਵਿਚ ਬੀ.ਜੇ.ਪੀ. ਮੁੜ ਸੱਤਾ ਵਿਚ ਆਈ ਸੀ। ਸੂਬੇ ਭਰ ਵਿਚ ਬਹੁਤ ਜ਼ਿਆਦਾ ਰੌਲਾ ਪੈਣ ਕਰਕੇ ਸੂਬਾ ਸਰਕਾਰ ਨੂੰ ਇਸਦੀ ਜਾਂਚ ਲਈ ਕਮੇਟੀ ਦਾ ਗਠਨ ਕਰਨਾ ਪਿਆ ਸੀ। ਉਸ ਕਮੇਟੀ ਵਲੋਂ 2011 ਵਿਚ ਜਾਰੀ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ 100 ਦੇ ਲਗਭਗ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਪਰ ਇਸਦੇ ਬਾਵਜੂਦ ਇਹ ਧੋਖਾਧੜੀ ਜਾਰੀ ਰਹੀ ਅਤੇ 2013 ਵਿਚ ਬਹੁਤ ਵੱਡੀ ਪੱਧਰ ਦੀ ਧੋਖਾਧੜੀ ਸਾਹਮਣੇ ਆਈ। ਜਦੋਂ ਇੰਦੌਰ ਦੀ ਪੁਲਸ ਨੇ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 2009 ਦੀ ਦਾਖਲਾ ਪਰੀਖਿਆ ਵਿਚ ਅਸਲ ਪ੍ਰੀਖਿਆਰਥੀਆਂ ਦੀ ਥਾਂ 'ਤੇ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਵਲੋਂ ਜਾਂਚ ਦੌਰਾਨ ਕੀਤੇ ਗਏ ਇੰਕਸ਼ਾਫਾਂ ਨਾਲ ਇਕ ਵੱਡਾ ਜਥੇਬੰਦ ਗਿਰੋਹ ਸਾਹਮਣੇ ਆਇਆ, ਜਿਸਦਾ ਸਰਗਨਾ ਡਾ. ਜਗਦੀਸ਼ ਸਾਗਰ ਸੀ ਅਤੇ ਉਸਦੇ ਨਾਲ ਹੀ ਇਸ ਵਿਚ ਬੀ.ਜੇ.ਪੀ. ਸਰਕਾਰ ਦੇ ਮੰਤਰੀ, ਆਗੂ, ਸੀਨੀਅਰ ਅਫਸਰ ਅਤੇ ਵਪਾਰੀਆਂ ਦੇ ਸ਼ਾਮਲ ਹੋਣ ਦਾ ਵੀ ਭੰਡਾਫੋੜ ਹੋਇਆ। ਡਾ. ਜਗਦੀਸ਼ ਸਾਗਰ ਦੇ ਘਰ ਤੋਂ 317 ਉਮੀਦਵਾਰਾਂ ਦੀ ਇਕ ਸੂਚੀ ਫੜੀ ਗਈ ਜਿਸਦੇ ਆਧਾਰ 'ਤੇ ਡਾਕਟਰ ਜਗਦੀਸ਼ ਸਾਗਰ ਦੇ ਨਾਲ ਨਾਲ ਇਸ ਸੰਸਥਾ ਵਿਚ ਤੈਨਾਤ ਮੁਲਾਜ਼ਮ ਅਤੇ ਬਹੁਤ ਸਾਰੇ ਰਸੂਖਦਾਰ ਵਿਅਕਤੀ ਵੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿਚ ਮੱਧ ਪ੍ਰਦੇਸ਼ ਦੇ ਤਕਨੀਕੀ ਸਿੱਖਿਆ ਮੰਤਰੀ ਲਕਸ਼ਮੀ ਕਾਂਤ ਸ਼ਰਮਾ, ਵਿਆਪਮ ਦੇ ਪ੍ਰੀਖਿਆ ਕੰਟਰੋਲਰ ਪੰਕਜ ਤ੍ਰਿਵੇਦੀ, ਸਿਸਟਮ ਏਨੇਲਿਸਟ ਨਿਤੀਨ ਮਹਿੰਦਰਾ ਤੇ ਅਜੈ ਸੈਨ ਅਤੇ ਪੀ.ਐਮ.ਟੀ. ਪ੍ਰੀਖਿਆ ਦੇ ਇੰਚਾਰਜ ਸੀ.ਕੇ. ਮਿਸ਼ਰਾ ਸ਼ਾਮਲ ਸਨ।
2013 ਵਿਚ ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਵਲੋਂ ਗਠਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਵਲੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। ਵਿਆਪਮ ਬੋਰਡ ਦੀਆਂ ਪ੍ਰੀਖਿਆਵਾਂ ਦੇ ਕੰਟਰੋਲਰ ਪੰਕਜ ਤ੍ਰਿਵੇਦੀ ਵਲੋਂ ਜਾਂਚ ਦੌਰਾਨ ਕੀਤੇ ਗਏ ਇੰਕਸ਼ਾਫ਼ਾਂ ਨਾਲ ਜਿਥੇ ਬੀ.ਜੇ.ਪੀ. ਸਰਕਾਰ ਦੇ ਮੰਤਰੀ ਲਕਸ਼ਮੀ ਕਾਂਤ ਸ਼ਰਮਾ ਅਤੇ ਹੋਰ ਕਈ ਬੀ.ਜੇ.ਪੀ. ਆਗੂਆਂ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਈ ਉਥੇ ਹੀ ਇਹ ਵੀ ਸਾਹਮਣੇ ਆਇਆ ਕਿ ਇਸ ਘੁਟਾਲੇ ਦਾ ਵੱਡਾ ਹਿੱਸਾ ਐਮ.ਬੀ.ਬੀ.ਐਸ. ਲਈ ਦਾਖਲਾ ਪ੍ਰੀਖਿਆਵਾਂ ਵਿਚ ਧੋਖਾਧੜੀ ਦਾ ਤਾਂ ਹੈ ਹੀ, ਇਸ ਦੇ ਨਾਲ ਹੀ ਇਸ ਬੋਰਡ ਵਲੋਂ ਫੂਡ ਇੰਸਪੈਕਟਰਾਂ, ਮਿਲਕ ਫੈਡਰੇਸ਼ਨ, ਠੇਕੇ 'ਤੇ ਰੱਖੇ ਗਏ ਅਧਿਆਪਕਾਂ, ਪੁਲਸ ਦੇ ਅਮਲੇ ਆਦਿ ਦੀ ਭਰਤੀ ਲਈ ਆਯੋਜਤ ਕੀਤੀਆਂ ਗਈਆਂ ਪ੍ਰੀਖਿਆਵਾਂ ਵਿਚ ਵੀ ਵੱਡੀ ਪੱਧਰ 'ਤੇ ਧੋਖਾਧੜੀ ਕੀਤੀ ਗਈ। ਤ੍ਰਿਵੇਦੀ ਨੇ ਜਾਂਚ ਦੌਰਾਨ ਇਹ ਵੀ ਦੱਸਿਆ ਕਿ ਵਿਆਪਮ ਦੀਆਂ ਦਾਖਲਾ ਤੇ ਭਰਤੀ ਪ੍ਰੀਖਿਆਵਾਂ ਦੇ ਇਸ ਸਮੁੱਚੇ ਘੁਟਾਲੇ ਨੂੰ ਤਕਨੀਕੀ ਸਿੱਖਿਆ ਮੰਤਰੀ ਲਕਛਮੀ ਕਾਂਤ ਸ਼ਰਮਾ ਅਤੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਨੇੜਲੇ, ਵੱਡੇ ਖਾਨ ਮਾਲਕ ਤੇ ਵਪਾਰੀ ਸੁਧੀਰ ਸ਼ਰਮਾ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਹੇਠ ਲੈ ਲਿਆ ਸੀ। ਜੂਨ 2015 ਤਕ ਇਸ ਘੁਟਾਲੇ ਵਿਚ 2000 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। 700 ਦੇ ਕਰੀਬ ਅਜੇ ਗ੍ਰਿਫਤਾਰ ਕੀਤੇ ਜਾਣੇ ਬਾਕੀ ਹਨ। ਜਿਨ੍ਹਾਂ ਵਿਚੋਂ 100 ਤੋਂ ਵੱਧ ਫਰਾਰ ਐਲਾਨੇ ਜਾ ਚੁੱਕੇ ਹਨ। ਸਪੈਸ਼ਲ ਟਾਸਕ ਫੋਰਸ ਨੇ 55 ਐਫ.ਆਈ.ਆਰਾਂ, ਦਰਜ ਕੀਤੀਆਂ ਹਨ, ਜਿਨ੍ਹਾਂ ਵਿਚੋਂ 27 ਵਿਚ ਚਾਰਜ ਸ਼ੀਟਾਂ ਦਾਖਲ ਕਰ ਦਿੱਤੀਆਂ ਗਈਆਂ ਹਨ। ਗੈਰ ਸਰਕਾਰੀ ਸੂਤਰਾਂ ਅਨੁਸਾਰ ਇਸ ਘੁਟਾਲੇ ਵਿਚ ਇਕ ਲੱਖ ਕਰੋੜ ਰੁਪਏ ਦੇ ਲਗਭਗ ਰਿਸ਼ਵਤ ਵਜੋਂ ਲਏ ਗਏ ਹਨ। ਅਤੇ ਇਸ ਤਰ੍ਹਾਂ ਰਿਸ਼ਵਤ ਨਾਲ ਦਾਖਲਾ ਪ੍ਰੀਖਿਆਵਾਂ ਰਾਹੀਂ ਐਮ.ਬੀ.ਬੀ.ਐਸ. ਵਿਚ ਦਾਖਲਾ ਲੈ ਕੇ ਬਨਣ ਵਾਲੇ ਡਾਕਟਰਾਂ ਵਿਚੋਂ 45 ਵਿਅਕਤੀ 12ਵੀਂ ਵੀ ਪਾਸ ਨਹੀਂ ਸਨ। ਇਸ ਘੁਟਾਲੇ ਦਾ ਸਭ ਤੋਂ ਪਹਿਲਾਂ ਇੰਕਸ਼ਾਫ ਕਰਨ ਵਾਲਿਆਂ ਵਿਚੋਂ ਇਕ, ਡਾਕਟਰ ਆਨੰਦ ਰਾਏ ਅਨੁਸਾਰ ਜਦੋਂ ਉਨ੍ਹਾਂ 2005 ਵਿਚ ਦਾਖਲਾ ਪ੍ਰੀਖਿਆ ਦਿੱਤੀ ਸੀ। ਉਸ ਵੇਲੇ ਸਰਕਾਰੀ ਕਾਲਜ, ਗਾਂਧੀ ਮੈਡੀਕਲ ਕਾਲਜ, ਭੋਪਾਲ ਵਿਚ ਦਾਖਲ ਹੋਣ ਵਾਲੇ ਸਾਰੇ ਹੀ 10 ਟਾਪਰ, ਅਸਰ ਰਸੂਖ ਰੱਖਣ ਵਾਲੇ ਅਮੀਰ ਲੋਕਾਂ ਦੇ ਰਿਸ਼ਤੇਦਾਰ ਸਨ। ਇਸ ਘੁਟਾਲੇ ਦਾ ਭੰਡਾਫੋੜ ਕਰਨ ਵਾਲੇ ਦੂਜੇ ਵਿਅਕਤੀ ਆਸ਼ੀਸ਼ ਚਤੁਰਵੇਦੀ ਨੇ ਤਾਂ ਸੀ.ਬੀ.ਆਈ. ਤੋਂ 2003 ਤੋਂ 2013 ਤੱਕ ਦੇ ਸਾਰੇ ਹੀ 5000 ਐਮ.ਬੀ.ਐਸ.ਐਸ. ਤੇ ਐਮ.ਡੀ. ਕਰਨ ਵਾਲੇ ਵਿਦਿਆਰਥੀਆਂ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਦਾਖਲਾ ਪ੍ਰੀਖਿਆਵਾਂ ਵਿਚ ਧੋਖਾਧੜੀ ਲਈ ਮੁੱਖ ਰੂਪ ਵਿਚ 3 ਤਰੀਕੇ ਵਰਤੇ ਜਾਂਦੇ ਸਨ। ਪ੍ਰੀਖਿਆਰਥੀ ਦੇ ਐਡਮਿਟ ਕਾਰਡ 'ਤੇ ਉਸ ਦੇ ਫੋਟੋ ਦੀ ਜਗ੍ਹਾ ਕਿਸੇ ਹੋਰ ਦਾ ਫੋਟੋ ਪ੍ਰੀਖਿਆ ਦੇਣ ਤੋਂ ਪਹਿਲਾਂ ਲਗਾ ਦਿੱਤਾ ਜਾਂਦਾ ਸੀ, ਇਸ ਤਰ੍ਹਾਂ ਅਸਲ ਪ੍ਰੀਖਿਆਰਥੀ ਦੀ ਥਾਂ ਕੋਈ ਹੋਰ ਹੁਸ਼ਿਆਰ ਵਿਅਕਤੀ ਦਾਖਲਾ ਪ੍ਰੀਖਿਆ ਦਿੰਦਾ ਸੀ, ਇਹ ਆਮ ਤੌਰ 'ਤੇ ਪਹਿਲਾਂ ਹੀ ਐਮ.ਬੀ.ਬੀ.ਐਸ. ਕਰ ਰਹੇ ਜਾਂ ਕਰ ਚੁੱਕੇ ਹੁਸ਼ਿਆਰ ਵਿਦਿਆਰਥੀ ਹੁੰਦੇ ਸਨ, ਜਿਹੜੇ ਮੋਟੀ ਰਕਮ ਲੈ ਕੇ ਇਹ ਕੰਮ ਕਰਦੇ ਸਨ। ਪ੍ਰੀਖਿਆ ਹੋਣ ਤੋਂ ਬਾਅਦ ਐਡਮਿਟ ਕਾਰਡ 'ਤੇ ਮੁੜ ਅਸਲ ਵਿਦਿਆਰਥੀ ਦੀ ਫੋਟੋ ਲਗਾ ਦਿੱਤੀ ਜਾਂਦੀ ਸੀ। ਦੂਜੇ ਤਰੀਕੇ ਵਿਚ ਪ੍ਰੀਖਿਆ ਹਾਲ ਵਿਚ ਪ੍ਰੀਖਿਆਰਥੀਆਂ ਦਾ ਬੈਠਣ ਦਾ ਪ੍ਰਬੰਧ ਕਰਨ ਸਮੇਂ, ਦੋ ਪ੍ਰੀਖਿਆਰਥੀਆਂ ਦਰਮਿਆਨ ਇਕ ਵਿਅਕਤੀ ਨੂੰ ਇਸ ਤਰ੍ਹਾਂ ਬਿਠਾਇਆ ਜਾਂਦਾ ਸੀ ਕਿ ਆਲੇ ਦੁਆਲੇ ਵਾਲੇ ਦੋ ਪ੍ਰੀਖਿਆਰਥੀ ਆਸਾਨੀ ਨਾਲ ਉਸ ਤੋਂ ਨਕਲ ਕਰ ਸਕਣ। ਦਰਮਿਆਨ ਬਿਠਾਇਆ ਜਾਣ ਵਾਲਾ ਵਿਅਕਤੀ ਆਮ ਤੌਰ 'ਤੇ ਅਸਲ ਪ੍ਰੀਖਿਆਰਥੀ ਨਹੀਂ ਬਲਕਿ ਕੋਈ ਹੁਸ਼ਿਆਰ ਵਿਅਕਤੀ ਹੁੰਦਾ ਸੀ। ਤੀਜੇ ਤਰੀਕੇ ਵਿਚ, ਪ੍ਰੀਖਿਆਰਥੀ ਨੂੰ ਕਿਹਾ ਜਾਂਦਾ ਸੀ ਕਿ ਉਤਰ ਪੁਸਤਕਾ ਬਿਨਾਂ ਕੋਈ ਜਵਾਬ ਦਿੱਤਿਆਂ ਖਾਲੀ ਹੀ ਛੱਡ ਆਵੇ। ਬਾਅਦ ਵਿਚ ਉਸ ਵਿਚ ਉਸ ਪ੍ਰੀਖਿਆਰਥੀ ਨੂੰ ਦਿੱਤੇ ਜਾਣ ਵਾਲੇ ਨੰਬਰਾਂ ਅਨੁਸਾਰ ਸਵਾਲਾਂ ਦੇ ਜਵਾਬ ਭਰ ਲਏ ਜਾਂਦੇ ਸਨ। ਇਹ ਸਭ ਕੁੱਝ ਇਸ ਪ੍ਰੀਖਿਆ ਲੈਣ ਵਾਲੀ ਸੰਸਥਾ ਵਿਆਪਮ ਦੇ ਉਚੇਰੇ ਅਫਸਰਾਂ, ਅਮਲੇ ਫੈਲੇ ਨਾਲ ਮਿਲੀ ਭੁਗਤ ਰਾਹੀਂ ਕੀਤਾ ਜਾਂਦਾ ਸੀ। ਹਾਈ ਕੋਰਟ ਸਾਹਮਣੇ ਵਿਆਪਮ ਦੇ ਅਧਿਕਾਰੀਆਂ ਨੇ ਆਪ ਮੰਨਿਆ ਹੈ ਕਿ 1020 ਫਾਰਮ ਗਾਇਬ ਹਨ ਅਤੇ 346 ਪ੍ਰੀਖਿਆਰਥੀਆਂ ਦੀ ਥਾਂ ਹੋਰ ਵਿਅਕਤੀਆਂ ਨੇ ਪ੍ਰੀਖਿਆ ਦਿੱਤੀ ਹੈ। 
ਇਸ ਘੁਟਾਲੇ ਨੂੰ ਸਭ ਤੋਂ ਪਹਿਲਾਂ ਲੋਕਾਂ ਵਿਚ ਜਾਹਿਰ ਕਰਨ ਵਾਲੇ (Whistleblower) 3 ਵਿਅਕਤੀ ਹਨ। ਇੰਦੌਰ ਸਥਿਤ ਅੱਖਾਂ ਦੇ ਡਾਕਟਰ ਆਨੰਦ ਰਾਏ, ਇਕ ਸਮਾਜ ਸ਼ਾਸਤਰ ਦੇ ਵਿਦਿਆਰਥੀ ਆਸ਼ੀਸ਼ ਚਤੁਰਵੇਦੀ ਅਤੇ ਖੁਫੀਆ ਬਿਊਰੋ ਨਾਲ ਕਾਰਜਰਤ ਤੇ ਸਪੈਸ਼ਲ ਟਾਸਕ ਫੋਰਸ ਦੇ ਮੈਂਬਰ ਪ੍ਰਸ਼ਾਂਤ ਪਾਂਡੇ।
ਡਾਕਟਰ ਆਨੰਦ ਰਾਏ 2005 ਤੋਂ ਨਿਰੰਤਰ ਇਸ ਘੁਟਾਲੇ ਵਿਰੁੱਧ ਮੈਦਾਨ ਵਿਚ ਹਨ। ਉਹ ਇਕ ਵਿਦਿਆਰਥੀ ਆਗੂ ਸਨ। 2005 ਵਿਚ ਉਨ੍ਹਾਂ ਵੀ ਐਮ.ਬੀ.ਬੀ.ਐਸ. ਲਈ ਦਾਖਲਾ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਦੇਖਿਆ ਕਿ ਸਰਕਾਰੀ ਮੈਡੀਕਲ ਕਾਲਜ ਭੋਪਾਲ ਵਿਚ ਦਾਖਲ ਹੋਣ ਵਾਲੇ ਸਾਰੇ ਹੀ 10 ਟਾਪਰ ਵਿਦਿਆਰਥੀ ਅਸਰ ਰਸੂਖ ਵਾਲੇ ਲੋਕਾਂ ਦੇ ਰਿਸ਼ਤੇਦਾਰ ਹਨ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸਦੀ ਘੋਖ ਕਰਨ ਦੇ ਨਜ਼ਰੀਏ ਤੋਂ ਦੋ ਡਾਕਟਰਾਂ ਦੀਪਕ ਯਾਦਵ ਤੇ ਜਗਦੀਸ਼ ਸਾਗਰ ਨਾਲ ਸਬੰਧ ਬਣਾਏ। 2007 ਵਿਚ ਉਨ੍ਹਾਂ ਡਾ. ਦੀਪਕ ਯਾਦਵ ਨੂੰ ਇਕ ਐਡਮਿਟ ਫਾਰਮ 'ਤੇ ਫੋਟੋ ਬਦਲਕੇ ਲਾਉਂਦੇ ਵੇਖਿਆ ਅਤੇ ਵਧੇਰੇ ਘੋਖ ਕਰਨ 'ਤੇ ਪਾਇਆ ਕਿ ਡਾਕਟਰ ਜਗਦੀਸ਼ ਸਾਗਰ ਵੀ ਇਸ ਵਿਚ ਸ਼ਾਮਲ ਹਨ। ਜੁਲਾਈ 2009 ਵਿਚ ਉਨ੍ਹਾਂ ਇਹ ਸ਼ਿਕਾਇਤ ਕੀਤੀ ਕਿ ਅਸਲ ਪ੍ਰੀਖਿਆਰਥੀਆਂ ਦੀ ਥਾਂ ਹੋਰਾਂ ਨੇ ਇਹ ਪ੍ਰੀਖਿਆ ਦਿੱਤੀ ਹੈ। ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਹੋਰ ਘੋਖ ਕਰਕੇ 2011 ਤੋਂ ਮਾਰਚ 2013 ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ 300 ਜਾਲੀ ਪ੍ਰੀਖਿਆਰਥੀਆਂ ਬਾਰੇ ਸੂਚਨਾ ਇਕੱਤਰ ਕੀਤੀ। ਜੁਲਾਈ 2013 ਵਿਚ ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ 6 ਤੋਂ ਵੱਧ ਵਿਅਕਤੀ ਗ੍ਰਿਫਤਾਰ ਕੀਤੇ, ਜਿਨ੍ਹਾਂ ਡਾਕਟਰ ਜਗਦੀਸ਼ ਸਾਗਰ ਲਈ ਕੰਮ ਕਰਨ ਬਾਰੇ ਮੰਨਿਆ। ਇਸ ਤੋਂ ਬਾਅਦ ਡਾਕਟਰ ਸਾਗਰ ਨੇ ਡਾ. ਰਾਏ ਨੂੰ ਧਮਕਾਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਸਰਕਾਰ ਤੋਂ ਸੁਰੱਖਿਆ ਮੰਗੀ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਬਦਲੇ 50 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਮੰਗ ਕੀਤੀ। ਜਦੋਂਕਿ ਉਨ੍ਹਾਂ ਦੀ ਆਪਣੀ ਤਨਖਾਹ ਸਿਰਫ 38000 ਰੁਪਏ ਮਹੀਨਾ ਸੀ। ਬਾਅਦ ਵਿਚ ਹਾਈ ਕੋਰਟ ਵਿਚ ਜਾਣ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮਿਲੀ, ਉਹ ਵੀ ਸਿਰਫ 8 ਘੰਟੇ ਲਈ। ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਹੀ ਸਰਕਾਰੀ ਡਾਕਟਰ ਹਨ। ਉਨ੍ਹਾਂ ਦੋਵਾਂ ਨੂੰ ਨਿਰੰਤਰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪਤਨੀ ਨੂੰ ਤਾਂ ਪ੍ਰਸੂਤਾ ਛੁੱਟੀ ਮੰਗਣ 'ਤੇ ਮੁਅੱਤਲ ਹੀ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦਾ ਤਬਾਦਲਾ ਉਜੈਨ ਕਰ ਦਿੱਤਾ ਗਿਆ ਹੈ। ਜਦੋਂਕਿ ਡਾ. ਅਨੰਦ ਰਾਏ ਦੀ ਬਦਲੀ ਦੂਰ ਦੁਰਾਡੇ ਜ਼ਿਲ੍ਹੇ ਧਾਰ ਵਿਚ ਕਰ ਦਿੱਤੀ ਗਈ ਹੈ। ਇੱਥੇ ਇਹ ਵਰਣਨਯੋਗ ਹੈ ਕਿ ਰਾਏ ਦੰਪਤੀ ਕੋਲ ਢਾਈ ਸਾਲ ਦਾ ਪੁੱਤਰ ਹੈ ਜਿਸ ਦਾ ਉਨ੍ਹਾਂ ਲਾਲਨ ਪਾਲਣ ਕਰਨਾ ਹੈ। ਡਾ. ਰਾਇ ਮੁਤਾਬਕ ਇਹ ਸਭ ਕੁੱਝ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਉਹ ਸੀਬੀਆਈ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਨਾ ਦੇ ਸਕਣ।
ਇਸ ਘੁਟਾਲੇ ਦਾ ਸਭ ਤੋਂ ਪਹਿਲਾਂ ਪਰਦਾਫਾਸ਼ ਕਰਨ ਵਾਲੇ ਦੂਜੇ ਵਿਅਕਤੀ ਹਨ ਸਮਾਜ ਸ਼ਾਸ਼ਤਰ ਦੇ ਵਿਦਿਆਰਥੀ ਆਸ਼ੀਸ਼ ਚਤੁਰਵੇਦੀ। ਉਹ 2009 ਵਿਚ ਗਵਾਲੀਅਰ ਦੇ ਮੈਡੀਕਲ ਕਾਲਜ ਵਿਚ ਦਾਖਲ ਬਰਜਿੰਦਰ ਰਘੁਵੰਸ਼ੀ ਦੇ ਸੰਪਰਕ ਵਿਚ ਆਏ, ਜਿਹੜਾ ਦਾਖਲਾ ਪ੍ਰੀਖਿਆ ਦਾ ਟਾਪਰ ਸੀ ਪਰ 18 ਮਹੀਨੇ ਬਾਅਦ ਹੀ ਉਹ ਪ੍ਰੀਖਿਆਵਾਂ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਣਾ ਸ਼ੁਰੂ ਹੋ ਗਿਆ। ਇਸ ਨਾਲ ਉਨ੍ਹਾਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ। ਇਸ ਦੌਰਾਨ 2011 ਵਿਚ ਆਸ਼ੀਸ਼ ਚਤੁਰਵੇਦੀ ਦੀ ਮਾਂ ਦਾ ਡਾਕਟਰ ਵਲੋਂ ਗਲਤ ਇਲਾਜ ਕਰਨ ਕਰਕੇ ਦਿਹਾਂਤ ਹੋ ਗਿਆ। ਇਸ ਘਟਨਾ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਨ੍ਹਾਂ ਨਾਲਾਇਕ ਵਿਅਕਤੀਆਂ ਦੇ ਇਸ ਘੁਟਾਲੇ ਰਾਹੀਂ ਡਾਕਟਰ ਬਨਣ ਵਿਰੁੱਧ ਘੋਖ ਕਰਨੀ ਸ਼ੁਰੂ ਕੀਤੀ ਅਤੇ ਕਈ ਇੰਕਸ਼ਾਫ ਕੀਤੇ। ਉਨ੍ਹਾਂ ਉਤੇ ਹੁਣ ਤੱਕ 14 ਜਾਨ ਲੇਵਾ ਹਮਲੇ ਹੋ ਚੁੱਕੇ ਹਨ ਅਤੇ ਇਕ ਵਾਰ ਤਾਂ ਉਨ੍ਹਾਂ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਵੀ ਜਾ ਚੁੱਕਾ ਹੈ। ਉਨ੍ਹਾਂ ਵਲੋਂ ਵੀ ਸੁਰੱਖਿਆ ਮੰਗਣ 'ਤੇ 50,000 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਸਰਕਾਰ ਨੇ ਕੀਤੀ ਸੀ।
ਇਸ ਘੁਟਾਲੇ ਦਾ ਇੰਕਸ਼ਾਫ ਕਰਨ ਵਾਲਿਆਂ ਵਿਚ ਤੀਜੇ ਹਨ ਖੁਫ਼ੀਆ ਵਿਭਾਗ ਵਿਚ ਕਾਰਜਰਤ ਅਤੇ ਟਾਸਕ ਫੋਰਸ ਦੇ ਮੈਂਬਰ ਪ੍ਰਸ਼ਾਂਤ ਪਾਂਡੇ। ਉਨ੍ਹਾਂ ਇਸ ਘੁਟਾਲੇ ਵਿਚ ਸ਼ਾਮਲ ਦੋਸ਼ੀਆਂ ਤੋਂ ਘੁਟਾਲੇ ਨਾਲ ਸਬੰਧਤ ਇਲੈਕਟਰੋਨਿਕ ਡਾਟਾ ਕਬਜ਼ੇ ਵਿਚ ਲਿਆ ਸੀ। ਜਿਸਦੇ ਆਧਾਰ ਉਤੇ ਇਕ ਦਸਤਾਵੇਜ਼ (Excell Sheet) ਸਾਹਮਣੇ ਆਇਆ ਸੀ, ਇਸ ਵਿਚ 'ਸੀ.ਐਮ.' ਕਰਕੇ ਇਕ ਨਾਂਅ ਦਰਜ ਸੀ, ਜਿਸਤੋਂ ਮੁੱਖ ਮੰਤਰੀ ਦੇ ਸ਼ਾਮਲ ਹੋਣ ਦਾ ਸਬੂਤ ਮਿਲਦਾ ਸੀ। ਉਨ੍ਹਾਂ ਇਹ ਸੂਚਨਾ ਅਦਾਲਤ ਨੂੰ ਵੀ ਦਿੱਤੀ ਸੀ। ਇਸ ਮਾਮਲੇ ਵਿਚ ਮੁੱਖ ਮੰਤਰੀ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਉਤੇ ਹੀ ਸੂਚਨਾ ਲੀਕ ਕਰਨ ਦਾ ਦੋਸ਼ ਲਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਦਿੱਲੀ ਹਾਈਕੋਰਟ ਵਿਚ ਜਾ ਕੇ  ਉਹ ਇਸ ਤੋਂ ਬੱਚ ਗਏ। ਉਨ੍ਹਾਂ ਅਨੁਸਾਰ ਹੁਣ ਤੱਕ ਸਿਰਫ ਇਸ ਘੁਟਾਲੇ ਦੇ 10-15% ਭਾਗ ਦਾ ਹੀ ਇੰਕਸ਼ਾਫ ਹੋ ਸਕਿਆ ਹੈ। ਉਨ੍ਹਾਂ ਉਤੇ ਕਈ ਜਾਨ ਲੇਵਾ ਹਮਲੇ ਹੋ ਚੁੱਕੇ ਹਨ। ਉਨ੍ਹਾਂ 'ਦੀ ਹਿੰਦੂ' ਅਖਬਾਰ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ-''ਮੈਂ ਰੱਬ ਤੇ ਸਪੈਸ਼ਲ ਟਾਸਕ ਫੋਰਸ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਜਿੰਦਾ ਹਾਂ। 7 ਮਈ 2015 ਨੂੰ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰੀ ਸੀ, ਜਿਸਨੂੰ ਮੇਰੀ ਪਤਨੀ ਚਲਾ ਰਹੀ ਸੀ। ਰੱਬ ਦਾ ਸ਼ੁਕਰ ਹੈ ਕਿ ਮੇਰੀ ਪਤਨੀ ਤੇ ਚਾਰ ਸਾਲਾ ਬੱਚਾ ਰਾਜੀ ਬਾਜ਼ੀ ਬਚ ਗਏ, ਪਰ ਮੇਰੀ ਦਾਦੀ ਅਜੇ ਤੱਕ ਵੀ ਹਸਪਤਾਲ ਵਿਚ ਦਾਖਲ ਹੈ।''
ਵਿਆਪਮ ਘੁਟਾਲੇ ਨੂੰ ਭਿਆਨਕਤਾ ਪ੍ਰਦਾਨ ਕਰਦਾ ਹੈ, ਇਸ ਨਾਲ ਸਬੰਧਤ ਗਵਾਹਾਂ, ਦੋਸ਼ੀਆਂ ਤੇ ਇੱਥੋਂ ਤੱਕ ਕਿ ਇਸ ਰਾਹੀਂ ਚੁਣੇ ਗਏ ਵਿਅਕਤੀਆਂ ਦੀਆਂ ਮੌਤਾਂ ਦਾ ਚਲ ਰਿਹਾ ਨਿਰੰਤਰ ਸਿਲਸਿਲਾ। 6 ਜੁਲਾਈ ਤਕ ਗੈਰ ਸਰਕਾਰੀ ਸੂਤਰਾਂ ਅਨੁਸਾਰ 49 ਵਿਅਕਤੀਆਂ ਅਤੇ ਸਰਕਾਰੀ ਸੂਤਰਾਂ ਮੁਤਾਬਕ 38 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਮੱਧ ਪ੍ਰਦੇਸ਼ ਹਾਈਕੋਰਟ ਵਲੋਂ ਬਣਾਈ ਸਪੈਸ਼ਲ ਜਾਂਚ ਟੀਮ ਮੁਤਾਬਕ ਹੀ 2012 ਵਿਚ ਇਸ ਘੁਟਾਲੇ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਤੱਕ ਹੋ ਚੁੱਕੀਆਂ ਮੌਤਾਂ ਵਿਚੋਂ 32 ਵਿਅਕਤੀ 25-30 ਸਾਲ ਉਮਰ ਵਰਗ ਦੇ ਸਨ। ਇਹ ਮੌਤਾਂ ਸਾਰੀਆਂ ਹੀ ਗੈਰ ਕੁਦਰਤੀ ਹਨ ਅਤੇ ਸ਼ੱਕ ਦੇ ਘੇਰੇ ਵਿਚ ਆਉਂਦੀਆਂ ਹਨ। ਦਰਜਨ ਤੋਂ ਵੱਧ ਵਿਅਕਤੀ ਤਾਂ ਸੜਕ ਹਾਦਸਿਆਂ ਵਿਚ ਮਾਰੇ ਗਏ। ਬਾਕੀਆਂ ਵਿਚੋਂ ਬਹੁਤ ਸਾਰਿਆਂ ਨੇ ਅਖੌਤੀ ਖੁਦਕੁਸ਼ੀਆਂ ਕੀਤੀਆਂ ਦਰਸਾਈਆਂ ਗਈਆਂ ਹਨ। ਮੱਧ ਪ੍ਰਦੇਸ਼ ਦੀ ਪੁਲਸ ਤਾਂ ਇਨ੍ਹਾਂ ਮੌਤਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੁਦਰਤੀ ਸਿੱਧ ਕਰਨ ਵਿਚ ਰੁੱਝੀ ਹੋਈ ਸੀ। ਪ੍ਰੰਤੂ 4 ਜੁਲਾਈ ਨੂੰ ਹਿੰਦੀ ਦੇ ਪ੍ਰਸਿੱਧ ਕੌਮੀ ਪੱਧਰ ਦੇ ਹਿੰਦੀ ਨਿਊਜ ਚੈਨਲ 'ਆਜ ਤੱਕ' ਦੇ ਰਿਪੋਰਟਰ ਅਕਸ਼ੈ ਸਿੰਘ ਦੀ ਹੋਈ ਸ਼ੱਕੀ ਹਾਲਤਾਂ ਵਿਚ ਮੌਤ ਨੇ ਇਨ੍ਹਾਂ ਮੌਤਾਂ ਨੂੰ ਕੌਮੀ ਪੱਧਰ 'ਤੇ ਉਜਾਗਰ ਕਰ ਦਿੱਤਾ। ਸ਼੍ਰੀ ਅਕਸ਼ੈ ਸਿੰਘ ਵਿਆਪਮ ਰਾਹੀਂ ਐਮ.ਬੀ.ਬੀ.ਐਸ. ਵਿਚ ਦਾਖਲਾ ਲੈ ਚੁੱਕੀ ਵਿਦਿਆਰਥਣ ਨਮਰਤਾ ਡਾਮੋਰ ਦੀ ਸ਼ੱਕੀ ਹਾਲਤਾਂ ਵਿਚ ਜਨਵਰੀ 2012 ਵਿਚ ਹੋਈ ਮੌਤ ਬਾਰੇ ਉਸਦੇ ਘਰ ਵਾਲਿਆਂ ਨਾਲ ਨਿਊਜ਼ ਰਿਪੋਰਟ ਦੇ ਸਿਲਸਿਲੇ ਵਿਚ ਇੰਟਰਵਿਊ ਲੈਣ ਗਏ ਸਨ। ਉਹ ਜਦੋਂ ਨਮਰਤਾ ਦੇ ਪਿਤਾ ਦੀ ਇੰਟਰਵਿਊ ਲੈ ਰਹੇ ਸਨ ਤਾਂ ਉਨ੍ਹਾਂ ਦੇ ਮੂੰਹ ਵਿਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ ਨੇੜਲੇ ਹਸਪਤਾਲ ਵਿਖੇ ਫੌਰੀ ਰੂਪ ਵਿਚ ਲਿਜਾਏ ਗਏ, ਜਿੱਥੇ ਅਕਸ਼ੈ ਸਿੰਘ ਨੂੰ ਮਰਿਆ ਹੋਇਆ ਲਿਆਂਦਾ ਦੱਸਿਆ ਗਿਆ। ਉਨ੍ਹਾਂ ਦੀ ਇਸ ਸ਼ਹਾਦਤ ਨੇ ਇਸ ਘਿਨਾਉਣੇ ਵਿਆਪਮ ਘੁਟਾਲੇ ਨੂੰ ਦੇਸ਼ ਦੇ ਲੋਕਾਂ ਦੇ ਸਾਹਮਣੇ ਲੈ ਆਂਦਾ। ਸੂਬਾ ਸਰਕਾਰ ਵਲੋਂ ਇਨ੍ਹਾਂ ਮੌਤਾਂ ਨੂੰ ਖੁਰਦ ਬੁਰਦ ਕਰਨ ਦੇ ਪੂਰੇ ਯਤਨ ਕੀਤੇ ਗਏ। ਨਮਰਤਾ ਡਾਮੋਰ, ਇਕ 25 ਸਾਲਾ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਸੀ, ਜਿਸਨੇ ਵਿਆਪਮ ਦੀ ਦਾਖਲਾ ਪ੍ਰੀਖਿਆ ਰਾਹੀਂ ਇਸ ਵਿਚ ਦਾਖਲਾ ਲਿਆ ਸੀ। ਉਸਦਾ ਨਾਂਅ 2010 ਵਿਚ ਗਲਤ ਢੰਗ ਨਾਲ ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਦੋਸ਼ੀਆਂ ਵਿਚ ਸ਼ਾਮਲ ਸੀ। ਜਨਵਰੀ 2012 ਵਿਚ ਉਸਦੀ ਸ਼ੱਕੀ ਢੰਗ ਨਾਲ ਮੌਤ ਹੋ ਗਈ। ਦਰਸਾਇਆ ਗਿਆ ਕਿ ਉਸਨੇ ਰੇਲ ਗੱਡੀ ਅੱਗੇ ਛਾਲ ਮਾਰਕੇ ਆਤਮ ਹੱਤਿਆ ਕਰ ਲਈ ਅਤੇ ਉਸਦੀ ਲਾਸ਼ ਰੇਲਵੇ ਲਾਇਨ ਨੇੜਿਓਂ ਬਰਾਮਦ ਕੀਤੀ ਗਈ। ਪੋਸਟ ਮਾਰਟਮ ਵਿਚ ਇਹ ਤੱਥ ਸਾਹਮਣੇ ਆਇਆ ਕਿ ਉਸਦੀ ਹੱਤਿਆ ਗਲਾ ਘੁਟਕੇ ਕੀਤੀ ਗਈ ਸੀ। ਉਸਦੇ ਬਾਵਜੂਦ ਸੂਬੇ ਦੀ ਪੁਲਸ ਉਸ ਕੇਸ ਨੂੰ ਆਤਮ ਹੱਤਿਆ ਦਰਸਾਅ ਕੇ ਬੰਦ ਕਰ ਚੁੱਕੀ ਸੀ। ਪ੍ਰੰਤੂ, ਹੁਣ ਇਸ ਮਾਮਲੇ ਵਿਚ ਸੀ.ਬੀ.ਅਈ. ਦੇ ਦਖਲ ਨਾਲ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਅਜਿਹੇ ਦਰਜ਼ਨ ਮਾਮਲੇ ਹਨ, ਜਿਨ੍ਹਾਂ ਵਿਚ ਮੱਧ ਪ੍ਰਦੇਸ਼ ਪੁਲਸ ਨੇ ਆਪਣੇ ਆਕਾਵਾਂ ਨੂੰ ਬਚਾਉਣ ਲਈ ਅਜਿਹੇ ਘਿਨਾਉਣੇ ਕੁਕਰਮ ਕੀਤੇ ਹਨ। 28 ਅਪ੍ਰੈਲ 2015 ਨੂੰ ਵਿਜੇ ਸਿੰਘ ਪਟੇਲ ਦੀ ਮੌਤ ਨੂੰ ਵੀ ਪੁਲਸ ਨੇ ਆਤਮ ਹੱਤਿਆ ਦਰਸਾਇਆ ਹੈ। ਇਸਦੇ ਬਿਆਨ ਦੇ ਆਧਾਰ 'ਤੇ ਹੀ ਐਸ.ਟੀ.ਐਫ. ਨੇ ਸਾਬਕਾ ਮੰਤਰੀ ਲਕਸ਼ਮੀਕਾਂਤ ਸ਼ਰਮਾ ਦੇ ਸਾਲੇ ਤੇ ਉ.ਐਸ.ਡੀ. ਨੂੰ ਗ੍ਰਿਫਤਾਰ ਕੀਤਾ ਸੀ। ਸ਼੍ਰੀ ਪਟੇਲ ਨੂੰ ਐਸ.ਟੀ.ਐਫ. ਨੇ ਬਿਆਨਾਂ ਲਈ ਸੱਦਿਆ ਸੀ ਪ੍ਰੰਤੂ ਉਹ ਉਸ ਸਾਹਮਣੇ ਪੇਸ਼ ਹੋਣ ਤੋਂ ਕੁੱਝ ਘੰਟੇ ਪਹਿਲਾਂ ਹੀ ਗਾਇਬ ਹੋ ਗਿਆ ਅਤੇ 28 ਅਪ੍ਰੈਲ ਨੂੰ ਉਸਦੀ ਲਾਸ਼ ਕਾਂਕੇਰ ਦੀ ਇਕ ਧਰਮਸ਼ਾਲਾ ਵਿਚੋਂ ਮਿਲੀ। ਅਜਿਹੀਆਂ ਸ਼ੱਕੀ ਮੌਤਾਂ ਵਿਚ, ਇਸ ਘੁਟਾਲੇ ਵਿਚ ਨਾਮਜਦ ਸੂਬੇ ਦੇ ਗਵਰਨਰ ਰਾਮਨਰੇਸ਼ ਯਾਦਵ ਦਾ ਪੁੱਤਰ ਸ਼ੈਲੇਸ਼ ਯਾਦਵ ਵੀ ਸ਼ਾਮਲ ਹੈ। ਸੂਬਾ ਸਰਕਾਰ ਤੇ ਬੀ.ਜੇ.ਪੀ. ਦੀ ਅਪਰਾਧਿਕ ਗੈਰ ਸੰਵੇਦਨਸ਼ੀਲਤਾ ਤਾਂ ਇਨ੍ਹਾਂ ਮੌਤਾਂ ਦੇ ਮਾਮਲੇ ਵਿਚ ਲੂੰ ਕੰਡੇ ਖੜੇ ਕਰ ਦੇਣ ਵਾਲੀ ਹੈ। ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਸਮੇਤ ਇਸਦੇ ਕੇਂਦਰੀ ਆਗੂ ਇਨ੍ਹਾਂ ਮੌਤਾਂ ਨੂੰ ਆਮ ਸਧਾਰਨ ਮੌਤਾਂ ਗਰਦਾਨਦੇ ਹਨ ਅਤੇ ਪੁਲਸ ਵਲੋਂ ਇਨ੍ਹਾਂ ਮਾਮਲਿਆਂ ਵਿਚ ਕੀਤੀ ਗਈ ਕਾਰਵਾਈ ਨੂੰ ਦਰੁਸਤ ਠਹਿਰਾਉਂਦੇ ਰਹੇ ਹਨ। ਸੂਬੇ ਦੇ ਗ੍ਰਹਿ ਮੰਤਰੀ ਬਾਬੂ ਰਾਮ ਗੌੜ ਨੇ ਤਾਂ ਗੈਰ ਸੰਵੇਦਨਸ਼ੀਲਤਾ ਦੀ ਹੱਦ ਹੀ ਕਰ ਦਿੱਤੀ ਜਦੋਂ ਉਨ੍ਹਾਂ ਪੱਤਰਕਾਰਾਂ ਨੂੰ ਇਨ੍ਹਾਂ ਮੌਤਾਂ ਦੇ ਸੰਬੰਧ ਵਿਚ ਕਿਹਾ ''ਜੋ ਇਸ ਦੁਨੀਆਂ ਮੇਂ ਆਇਆ ਹੈ, ਉਸੇ ਏਕ ਨਾ ਏਕ ਦਿਨ, ਇਸ ਦੁਨੀਆਂ ਸੇ ਜਾਨਾ ਹੀ ਹੈ।''
ਮੱਧ ਪ੍ਰਦੇਸ਼ ਵਿਚ ਵਾਪਰਿਆ ਵਿਆਪਮ ਘੁਟਾਲਾ, ਸਾਡੇ ਦੇਸ਼ ਦਾ ਪਹਿਲਾ ਅਜਿਹਾ ਘੁਟਾਲਾ ਹੈ, ਜਿਸ ਵਿਚ ਅਰਬਾਂ ਰੁਪਏ ਦੀ ਰਿਸ਼ਵਤਖੋਰੀ ਹੋਣ ਦੇ ਨਾਲ ਨਾਲ ਇਸ ਨੂੰ ਸਾਬਤ ਨਾ ਹੋਣ ਦੇਣ ਲਈ ਇਸ ਨਾਲ ਸਬੰਧਤ ਚਾਰ ਦਰਜਨ ਦੇ ਲਗਭਗ ਵਿਅਕਤੀਆਂ ਦੀ ਬੇਰਹਿਮੀ ਨਾਲ ਹੱਤਿਆ ਵੀ ਕਰ ਦਿੱਤੀ ਗਈ ਹੈ। ਇਹ ਸਭ ਕੁੱਝ ਉਸ ਬੀ.ਜੇ.ਪੀ. ਪਾਰਟੀ ਦੀ ਸਰਕਾਰ ਦੇ ਖੰਭਾਂ ਹੇਠ ਹੀ ਨਹੀਂ, ਬਲਕਿ ਸ਼ਮੂਲੀਅਤ ਨਾਲ ਹੋ ਰਿਹਾ ਹੈ, ਜਿਹੜੀ ਗਊ ਹੱਤਿਆ ਨੂੰ ਤਾਂ ਪਾਪ ਸਮਝਦੀ ਹੈ, ਪ੍ਰੰਤੂ ਇਸ ਘੁਟਾਲੇ ਨੂੰ ਖੁਰਦ ਬੁਰਦ ਕਰਨ ਲਈ ਚਾਰ ਦਰਜਨ ਵਿਅਕਤੀਆਂ ਦੀ ਹੱਤਿਆ ਉਸਦੀ ਜ਼ਮੀਰ ਨੂੰ ਛੋਹਦੀ ਤੱਕ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨਿਤਾਪ੍ਰਤੀ ਭਰਿਸ਼ਟਾਚਾਰ ਵਿਰੁੱਧ ਜੰਗ ਦਾ ਯੋਧਾ ਹੋਣ ਦਾ ਬੁਲੰਦ ਬਾਂਗ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਤਾਂ ਇਹ ਘੁਟਾਲਾ ਦਿਸਦਾ ਤੱਕ ਨਹੀਂ, ਉਨ੍ਹਾਂ ਇਸ ਬਾਰੇ ਕੋਈ ਟਿਪਣੀ ਤੱਕ ਕਰਨ ਦੀ ਲੋੜ ਨਹੀਂ ਸਮਝੀ। ਉਸਦੇ ਕਾਨੂੰਨ ਮੰਤਰੀ ਨੇ ਤਾਂ ਬੇਸ਼ਰਮੀ ਦੀ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਛੋਟੇ ਮੋਟੇ ਘੁਟਾਲਿਆਂ ਬਾਰੇ ਬੋਲਣ ਦੀ ਕੋਈ ਲੋੜ ਹੀ ਨਹੀਂ। ਬੀ.ਜੇ.ਪੀ. ਦੇ ਆਗੂਆਂ, ਕੇਂਦਰੀ ਮੰਤਰੀਆਂ ਅਤੇ ਆਰ.ਐਸ.ਐਸ. ਦੇ ਆਗੂਆਂ ਨੂੰ ਇਸ ਘੁਟਾਲੇ ਦੇ ਪੈਸਿਆਂ ਵਿਚੋਂ ਹਿੱਸਾ ਮਿਲਣਾ ਤਾਂ ਹੁਣ ਜਗ ਜਾਹਰ ਹੀ ਹੋ ਚੁੱਕਾ ਹੈ, ਮੋਦੀ ਸਰਕਾਰ ਦੇ ਪੈਟਰੋਲੀਅਮ ਮੰਤਰੀ ਅਤੇ ਹੋਰ ਆਗੂਆਂ ਦੀਆਂ ਮੱਧ ਪ੍ਰਦੇਸ਼ ਫੇਰੀਆਂ ਦੀਆਂ ਹਵਾਈ ਟਿਕਟਾਂ ਇਸ ਘੁਟਾਲੇ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੁਧੀਰ ਸ਼ਰਮਾ ਨੇ ਹੀ ਬੁੱਕ ਕਰਵਾਈਆਂ ਸਨ। ਡਾ. ਆਨੰਦ ਰਾਏ ਅਨੁਸਾਰ ਉਹ ਆਰ.ਐਸ.ਐਸ. ਦਾ ਸਰਗਰਮ ਕਾਰਕੁੰਨ ਸੀ ਅਤੇ ਉਸਦੇ ਡਾਕਟਰਾਂ ਦੇ ਇੰਦੌਰ ਸੈਲ ਦਾ ਮੁਖੀ ਸੀ। ਪ੍ਰੰਤੂ ਜਦੋਂ ਉਸਨੇ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਤਾਂ ਆਰ.ਐਸ.ਐਸ. ਨੇ ਉਸ ਤੋਂ ਦੂਰੀ ਬਣਾ ਲਈ। ਸੰਘ ਮੁਖੀ ਮੋਹਨ ਭਾਗਵਤ ਨੇ ਵੀ ਅਜੇ ਤੱਕ ਇਸ ਘੁਟਾਲੇ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਹੈ। ਰਿਪੋਰਟਰ ਅਕਸ਼ੈ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਮੁੱਚੇ ਦੇਸ਼ ਵਿਚ ਜਨਤਕ ਦਬਾਅ ਸਦਕਾ ਸੀ.ਬੀ.ਆਈ. ਵਲੋਂ ਇਸਦੀ ਪੜਤਾਲ ਹੱਥ ਵਿਚ ਲੈਣ ਨਾਲ ਇਸ ਮਾਮਲੇ ਬਾਰੇ ਕੁੱਝ ਕੁ ਹਾਂ-ਪੱਖੀ ਗੱਲ ਹੋਈ ਹੈ। ਇਹ ਵੀ ਤਾਂ ਹੀ ਕਾਰਗਰ ਸਿੱਧ ਹੋਵੇਗੀ ਜੇਕਰ ਦੇਸ਼ ਦੀ ਸੁਪਰੀਮ ਕੋਰਟ ਇਸ ਪੜਤਾਲ ਦੀ ਪੂਰੀ ਤਨਦੇਹੀ ਨਾਲ ਨਿਗਰਾਨੀ ਕਰੇ। ਇਸ ਘੁਟਾਲੇ ਵਿਚ ਸ਼ਾਮਲ ਲੋਕਾਂ ਦੇ ਨਾਪਾਕ ਕੁਕਰਮ ਤਾਂ ਹੀ ਸਾਹਮਣੇ ਆ ਸਕਣਗੇ, ਜੇਕਰ ਸਮੁੱਚੇ ਦੇਸ਼ ਵਿਚ ਲੋਕਾਂ ਨੂੰ ਇਸ ਪ੍ਰਤੀ ਚੇਤਨ ਕਰਦੇ ਹੋਏ ਜਨਤਕ ਦਬਾਅ ਨਿਰੰਤਰ ਬਣਾਕੇ ਰੱਖਿਆ ਜਾਵੇ, ਨਹੀਂ ਤਾਂ ਹਾਕਮ ਧਿਰਾਂ ਕੋਈ ਨਾ ਕੋਈ ਹਰਬਾ ਵਰਤਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਿਚ ਸਫਲ ਹੋ ਜਾਣਗੀਆਂ।
ਤਾਜ਼ਾ ਖ਼ਬਰਾਂ ਅਨੁਸਾਰ ਸੀ.ਬੀ.ਆਈ. ਨੇ ਸੂਬਾ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੀ ਭੂਮਿਕਾ ਨੂੰ ਹੀ ਸ਼ੱਕੀ ਮੰਨਿਆ ਹੈ। ਉਸ ਅਨੁਸਾਰ ਕਈ ਮਾਮਲਿਆਂ ਦੀ ਜਾਂਚ ਦੌਰਾਨ ਲੀਪਾਪੋਚੀ ਕਰਨ ਲਈ ਰਿਸ਼ਵਤ ਲਈ ਗਈ। ਰਸੂਖਦਾਰ ਤੇ ਵੱਡੇ ਅਫਸਰਾਂ ਨਾਲ ਸਬੰਧਤ ਲੋਕਾਂ ਨੂੰ ਬਚਾਇਆ ਗਿਆ ਅਤੇ ਸਧਾਰਨ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ। ਏਜੰਸੀ ਅਨੁਸਾਰ ਮੌਤਾਂ ਦੇ ਮਾਮਲੇ ਵਿਚ ਵੀ ਸ਼ੱਕ ਦੀ ਸੂਈ ਐਸ.ਟੀ.ਐਫ. ਵੱਲ ਜਾਂਦੀ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਬਹੁਤੇ ਵਿਦਿਆਰਥੀ ਹਨ, ਜਿਨ੍ਹਾਂ ਨੇ ਵੱਡੀਆਂ ਰਕਮਾਂ ਰਿਸ਼ਵਤ ਵਜੋਂ ਦਿੱਤੀਆਂ, ਪ੍ਰੰਤੂ ਰਿਸ਼ਵਤਾਂ ਲੈਣ ਵਾਲੇ ਖੁੱਲ੍ਹੇ ਫਿਰ ਰਹੇ ਹਨ।           (19.7.2015)

No comments:

Post a Comment