Wednesday 5 August 2015

ਮਾਫ਼ੀਆ ਦੀ ਜਕੜ 'ਚ ਹੈ ਪੰਜਾਬ

ਮੱਖਣ ਕੁਹਾੜ
ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਗਰੋਹ ਨੂੰ ਮਾਫ਼ੀਆ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸ ਸ਼ਬਦ ਦਾ ਪ੍ਰਚਲਣ ਅੱਜਕਲ ਇਸ ਲਈ ਆਮ ਹੈ ਕਿਉਂਕਿ ਨਾਜਾਇਜ਼ ਧੰਦੇ ਕਰਨ ਵਾਲਿਆਂ ਦੇ ਕਈ ਤਰ੍ਹਾਂ ਦੇ ਗਰੋਹਾਂ ਦਾ, ਇਸ ਸਮੇਂ, ਹਰ ਸ਼ਹਿਰ, ਪਿੰਡ, ਗਲੀ-ਮੁਹੱਲੇ ਵਿਚ ਪੂਰਨ ਦਬਦਬਾ ਹੈ। ਇਹ ਗਰੋਹ ਹਰ ਨਾਜਾਇਜ਼ ਧੰਦਾ ਧੜੱਲੇ ਨਾਲ ਬੇਖੌਫ਼ ਹੋ ਕੇ ਕਰਦੇ ਹਨ। ਆਮ ਲੋਕਾਂ ਦੇ ਤਾਂ ਜਾਇਜ਼ ਕੰਮ ਵੀ ਨਹੀਂ ਹੁੰਦੇ, ਸਾਲਾਂ ਤਕ ਉਡੀਕਣਾ ਪੈਂਦਾ ਹੈ, ਪਰ ਇਹ ਗਰੋਹ ਨਾਜਾਇਜ਼ ਕੰਮ ਵੀ ਪਲਾਂ ਛਿਣਾਂ ਵਿਚ ਕਰ/ਕਰਾ ਲੈਂਦੇ ਹਨ। ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਜਿਸ ਨੂੰ ਆਪਣੇ 'ਮਿਸ਼ਨ' ਦੀ ਪੂਰਤੀ ਵਿਚ ਅੜਚਨ ਸਮਝਦੇ ਹਨ ਉਸ ਨੂੰ ਰਾਹ 'ਚੋਂ ਹਟਾਉਣ ਲਈ ਦੇਰ ਨਹੀਂ ਲਾਉਂਦੇ; ਚਾਹੇ ਉਹ ਕੋਈ ਆਈ.ਏ.ਐਸ. ਅਧਿਕਾਰੀ ਹੋਵੇ, ਕੋਈ ਵਿਧਾਇਕ ਹੋਵੇ ਜਾਂ ਮੰਤਰੀ। ਆਮ ਆਦਮੀ ਜੇ ਕੋਈ ਉਨ੍ਹਾਂ ਦੇ ਕੰਮ ਵਿਚ ਵਿਘਨ ਪਾਵੇ ਤਾਂ ਉਹ ਉਨ੍ਹਾਂ ਲਈ ਗਾਜਰ ਮੂਲੀ ਤੋਂ ਵੱਧ ਨਹੀਂ ਹੈ।
ਇਹ ਮਾਫ਼ੀਆ ਗਰੋਹ ਸੈਂਕੜਿਆਂ/ਹਜ਼ਾਰਾਂ ਦੀ ਗਿਣਤੀ ਵਿਚ ਲੱਠਮਾਰ ਭਰਤੀ ਕਰਦੇ ਹਨ। ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਖ਼ੂਬ ਲਾਭ ਉਠਾਉਂਦੇ ਹਨ। ਹਰ ਇਕ ਗਰੋਹ ਦਾ ਦੂਸਰਿਆਂ ਨਾਲ ਸਬੰਧ ਹੁੰਦਾ ਹੈ। ਇਕ ਦੂਸਰੇ ਦੇ ਕੰਮ ਆਉਂਦੇ ਹਨ। ਇਨ੍ਹਾਂ ਦੇ ਇਹ ਲੱਠਮਾਰ ਮੋਬਾਈਲ ਫ਼ੋਨਾਂ 'ਤੇ ਮਿੰਟਾਂ ਵਿਚ ਜਿਥੇ 'ਮਾਫ਼ੀਆ ਸਰਦਾਰ' ਦਾ ਹੁਕਮ ਹੋਵੇ ਪੁੱਜ ਜਾਂਦੇ ਹਨ। ਜੋ ਵੀ ਹੁਕਮ ਮਿਲੇ ਉਧਰ ਧਾਵਾ ਬੋਲ ਦੇਂਦੇ ਹਨ। ਇਹ ਗਰੋਹ ਕਿਸੇ ਦਾ ਬਣਿਆ ਬਣਾਇਆ ਘਰ ਢਾਹ ਕੇ ਰਾਤੋ ਰਾਤ ਮਲਬਾ ਗਾਇਬ ਕਰ ਸਕਦੇ ਹਨ, ਜਿਸ ਵੀ ਬੰਦੇ ਨੂੰ ਚਾਹੁਣ ਘਰੋਂ ਚੁੱਕ ਕੇ ਅਗਵਾ ਕਰ ਸਕਦੇ ਹਨ। ਜਿਸ ਨੂੰ ਚਾਹੇ ਕਤਲ ਕਰ ਸਕਦੇ ਹਨ। ਜਿਸ ਦੀਆਂ ਚਾਹੁਣ ਲੱਤਾਂ ਬਾਹਾਂ ਵੱਢ ਸਕਦੇ ਹਨ,  ਜਿਉਂਦਾ ਸਾੜ ਸਕਦੇ ਹਨ। ਮਾਫ਼ੀਏ ਦੇ 'ਸਰਦਾਰ' ਭਾਵੇਂ ਜੇਲ੍ਹ ਵਿਚ ਹੋਣ ਜਾਂ ਬਾਹਰਲੇ ਮੁਲਕ, ਫੇਰ ਵੀ ਉਨ੍ਹਾਂ ਦੇ ਇਸ਼ਾਰੇ 'ਤੇ ਇਹ ਗਰੋਹ ਉਸ ਦੇ ਨਿਸ਼ਾਨੇ ਦੀ ਪੂਰਤੀ ਕਰਨ ਲਈ ਤਤਪਰ ਰਹਿੰਦੇ ਹਨ। ਚਾਹੇ ਕੋਈ ਪੁਲਿਸ ਹਿਰਾਸਤ ਵਿਚ ਹੀ ਕਿਉਂ ਨਾ ਹੋਵੇ, ਉਸ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਸਕਦੇ ਹਨ। ਇਹ ਗਰੋਹ ਜਦ ਬੇਖੌਫ਼ ਘੁੰਮਦੇ ਹਨ ਤਦ ਲੋਕ ਅਕਸਰ ਵੇਖ ਕੇ ਖੌਫ਼-ਜ਼ਦਾ ਹੋ ਜਾਂਦੇ ਹਨ। ਆਮ ਲੋਕ ਇਨ੍ਹਾਂ ਨੂੰ ਵੇਖ ਕੇ ਰਾਹ ਬਦਲ ਲੈਂਦੇ ਹਨ ਜਾਂ ਉਨ੍ਹਾਂ ਅੱਗੇ ਸਿਰ ਨਿਵਾ ਕੇ ਲੰਘਦੇ ਹਨ।
ਇਕ ਗੱਲ ਪੱਕੇ ਤੌਰ 'ਤੇ ਨੋਟ ਕਰਨ ਵਾਲੀ ਹੈ ਕਿ ਕੋਈ ਵੀ ਗਰੋਹ ਚਾਹੇ ਕੋਈ ਵੀ ਕਾਰੋਬਾਰ ਕਰਦਾ ਹੋਵੇ, ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਉਸ ਦੀ ਸ਼ਕਤੀ ਤੇ ਕਾਰੋਬਾਰ ਦਾ ਅਧਾਰ ਉਸ ਦੀ ਪੁਸ਼ਤ-ਪਨਾਹੀ ਕਰਨ ਵਾਲੀ ਸ਼ਕਤੀ 'ਤੇ ਨਿਰਭਰ ਕਰਦਾ ਹੈ। ਹਰ ਤਰ੍ਹਾਂ ਦੇ ਮਾਫ਼ੀਆ ਗਰੋਹਾਂ ਦੇ ਪਿੱਛੇ ਸਿੱਧਾ-ਅਸਿੱਧਾ ਸਿਆਸੀ ਸੱਤਾ ਦਾ ਹੱਥ ਹੁੰਦਾ ਹੈ। ਅਕਸਰ ਇਹ ਪੁਸ਼ਤ-ਪਨਾਹੀ ਰਾਜ ਸੱਤਾ 'ਤੇ ਕਾਬਜ਼ ਸਿਆਸੀ ਗਲਿਆਰਿਆਂ ਵਿਚੋਂ ਹੀ ਕੀਤੀ ਜਾਂਦੀ ਹੈ। ਆਪਣੇ ਆਪ ਕੋਈ ਵੀ ਅਜਿਹਾ ਗਰੋਹ ਸ਼ਕਤੀਸ਼ਾਲੀ ਨਹੀਂ ਹੋ ਸਕਦਾ ਜੇ ਕੋਈ ਰਾਜਸੀ ਸ਼ਕਤੀ ਉਸ ਦੇ ਪਿੱਛੇ ਕੰਮ ਨਾ ਕਰਦੀ ਹੋਵੇ। ਜੇ ਰਾਜ ਸੱਤਾ ਦੀ ਇੱਛਾ ਹੋਵੇ ਤਾਂ ਇਹ ਗਰੋਹ ਖ਼ਤਮ ਹੋ ਸਕਦੇ ਹਨ ਪਰ ਲੋਕ ਵਿਰੋਧੀ ਹਾਕਮਾਂ ਕੋਲੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ। ਬਿਹਾਰ, ਯੂ.ਪੀ. ਅਤੇ ਹੋਰ ਕਈ ਰਾਜਾਂ ਵਿਚ ਵੱਡੀ ਹੱਦ ਤੱਕ ਇਨ੍ਹਾਂ ਹੀ ਗਰੋਹਾਂ ਦੇ ਸਿਰ 'ਤੇ ਸਿਆਸਤ ਚਲਦੀ ਆ ਰਹੀ ਹੈ। ਵੋਟਾਂ ਲੈਣ ਲਈ, ਵੋਟਾਂ ਖ਼ਰੀਦਣ ਲਈ, ਵੋਟਾਂ ਜਬਰੀ ਪਵਾਉਣ ਲਈ, ਵੋਟ-ਡੱਬੇ ਖੋਹਣ ਲਈ, ਲੋਕਾਂ ਨੂੰ ਡਰਾਉਣ ਧਮਕਾਉਣ ਲਈ, ਵੋਟਾਂ ਵਾਸਤੇ ਜਬਰੀ ਧਨ ਪ੍ਰਾਪਤ ਕਰਨ ਲਈ, ਆਪਣੀ ਧੰਨ ਦੌਲਤ ਵਧਾਉਣ ਲਈ ਆਦਿ ਸਿਆਸੀ ਲੋਕਾਂ ਨੂੰ ਇਨ੍ਹਾਂ ਮਾਫ਼ੀਆ ਗਰੋਹਾਂ ਦੀ ਲੋੜ ਹੁੰਦੀ ਹੈ। ਇੰਜ ਇਹ ਇਕ ਦੂਜੇ ਦੀ ਲੋੜ ਬਣ ਕੇ ਪੱਕੇ ਸਾਂਝੀਦਾਰ ਬਣ ਜਾਂਦੇ ਹਨ। ਅਫ਼ਸਰਸ਼ਾਹੀ, ਪੁਲੀਸ, ਮਾਫ਼ੀਆ ਤੇ ਸੱਤਾਧਾਰੀ ਸਿਆਸੀ ਆਗੂਆਂ ਦੀ ਚੰਡਾਲ ਚੌਕੜੀ ਇਕ ਮਿਕ ਹੋ ਕੇ ਵਿਚਰਦੀ ਹੈ। ਅੱਜਕਲ ਪੰਜਾਬ ਵਿਚ ਵੀ ਬਹੁਤ ਤਰ੍ਹਾਂ ਦੇ ਮਾਫ਼ੀਏ 'ਰਾਜ' ਕਰ ਰਹੇ ਹਨ। ਇੰਜ ਲਗਦਾ ਹੈ ਜਿਵੇਂ ਰਾਜ-ਭਾਗ ਕੋਈ ਸਰਕਾਰ ਨਹੀਂ; ਇਹੀ ਚਲਾਉਂਦੇ ਹਨ। ਰਾਜ-ਭਾਗ ਚਲਾਉਣ ਵਾਲਾ ਰਿਮੋਟ ਇਨ੍ਹਾਂ ਮਾਫ਼ੀਆ ਗਰੋਹਾਂ ਦੇ ਹੱਥ ਵਿਚ ਹੀ ਲਗਦਾ ਹੈ।
ਪੰਜਾਬ ਵਿਚ ਸਭ ਤੋਂ ਵੱਧ ਸਰਗਰਮ, ਇਸ ਵਕਤ ਨਸ਼ਾ-ਮਾਫ਼ੀਆ ਹੈ। ਇਸ ਬਾਰੇ ਸਾਬਕਾ ਡੀ.ਜੀ.ਪੀ. ਸ੍ਰੀ ਸ਼ਸ਼ੀ ਕਾਂਤ ਹੋਰਾਂ ਬਹੁਤ ਵਿਸਥਾਰ ਨਾਲ ਦੱਸਿਆ ਹੈ, ਉਨ੍ਹਾਂ ਦੇ ਕੰਮ ਢੰਗ ਅਤੇ ਹੋਰ ਸਾਰੇ ਕੁਝ ਬਾਰੇ ਉਨ੍ਹਾਂ ਵਲੋਂ ਬਾਦਲ ਸਰਕਾਰ ਕੋਲ ਲਿਖਤੀ ਸ਼ਿਕਾਇਤ ਕਰਨ 'ਤੇ ਵੀ ਜੇ ਕੋਈ ਕਾਰਵਾਈ ਨਹੀਂ ਹੁੰਦੀ ਰਹੀ ਤਦ ਸਮਝਣਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ। ਨਸ਼ੇ ਕਿਥੋਂ ਆਉਂਦੇ ਹਨ, ਕੌਣ ਢੋਂਦਾ ਹੈ, ਕੌਣ ਵੇਚਦਾ ਹੈ ਤੇ ਕੌਣ ਖਾਂਦਾ ਹੈ, ਜੇਕਰ ਇਸ ਦਾ ਸਰਕਾਰ ਨੂੰ ਪਤਾ ਹੀ ਨਹੀਂ ਤਾਂ ਸਰਕਾਰ 'ਤੇ ਲੋਕ ਵਿਸ਼ਵਾਸ ਕਿਵੇਂ ਕਰ ਸਕਦੇ ਹਨ? ਫਿਰ ਉਹ ਸਰਕਾਰ ਕੀ ਕਰਦੀ ਹੈ। ਜਗਦੀਸ਼ ਭੋਲੇ ਆਦਿ ਨੇ ਜੋ ਸਚਾਈ ਬਿਆਨ ਕੀਤੀ ਹੈ ਉਸ ਨੂੰ ਅਣਗੌਲਿਆ ਕਿਉਂ ਕਰ ਦਿੱਤਾ ਗਿਆ ਹੈ? ਨਸ਼ਿਆਂ ਦੀ ਇਕ ਖੇਪ ਫੜੀ ਜਾਂਦੀ ਹੈ। ਉਸ ਦੀ ਕੀਮਤ ਕਰੋੜਾਂ 'ਚ ਦਰਸਾਈ ਜਾਂਦੀ ਹੈ। ਪੁਲੀਸ ਤੇ ਸਰਕਾਰ ਦੋਵੇਂ ਕੱਛਾਂ ਵਜਾਉਂਦੇ ਹਨ।  'ਚੋਰ ਫੜ ਲਿਆ-ਚੋਰ ਫੜ ਲਿਆ' ਦੀ ਦੁਹਾਈ ਪਾਈ ਜਾਂਦੀ ਹੈ ਪਰ ਕੀ ਇਹ ਸੱਚ ਨਹੀਂ ਕਿ ਜੇ ਇਕ ਦੋ ਖੇਪਾਂ ਫੜੀਆਂ ਗਈਆਂ ਹਨ ਤਾਂ ਅਠਾਨਵੇਂ ਨਿੜਨਵੇਂ ਖੇਪਾਂ ਟਿਕਾਣੇ ਵੀ ਜਾ ਪੁੱਜੀਆਂ ਹਨ। ਪੰਜਾਬ ਦੀ ਜਵਾਨੀ ਹੈਰੋਇਨ, ਸਮੈਕ ਤੇ ਹੋਰ ਅਨੇਕਾਂ ਤਰ੍ਹਾਂ ਦੇ ਨਸ਼ੇ ਖਾ ਕੇ ਬਰਬਾਦ ਹੋ ਗਈ ਹੈ। ਸ਼ਬਦ 'ਬਰਬਾਦ' ਗਰਕ ਹੋਈ ਜਵਾਨੀ ਦੀ ਸਹੀ ਤਰਜ਼ਮਾਨੀ ਨਹੀਂ ਕਰਦਾ। ਜਵਾਨੀ ਤਿਲਤਿਲ ਕਰ ਕੇ ਮਰ ਰਹੀ ਹੈ। ਮਾਫ਼ੀਆ ਗਰੋਹਾਂ ਦੀ ਗੁਲਾਮ ਬਣ ਗਈ ਹੈ। ਮਾਪੇ ਤੇ ਨਸ਼ੇੜੀਆਂ ਦੇ ਹੋਰ ਰਿਸ਼ਤੇਦਾਰ ਕਿਵੇਂ ਨਿਰੰਤਰ ਜਿਉਂਦੀਆਂ ਲਾਸ਼ਾਂ ਬਣ ਗਏ ਹਨ ਤੇ ਕਿਵੇਂ ਚਿੰਤਾ ਦੀ ਲਾਵਾ ਅਗਨ ਵਿਚ ਸੜ ਰਹੇ ਹਨ।
ਅਫ਼ਸੋਸ ਦਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਕੋਈ ਵੀ ਸਰਕਾਰ ਸ਼ਰਾਬ ਨੂੰ ਨਸ਼ਿਆਂ 'ਚ ਨਹੀਂ ਗਿਣਦੀ। ਸ਼ਰਾਬ ਤੋਂ ਸਰਕਾਰ ਨੂੰ ਵੀ ਖੂਬ ਆਮਦਨ ਹੁੰਦੀ ਹੈ। ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਮੁੱਖ ਆਮਦਨ ਹੈ ਹੀ ਸ਼ਰਾਬ ਦੀ ਵਿਕਰੀ ਤੋਂ। ਕੁੱਲ ਪੰਜਾਹ ਰੁਪਏ ਦੀ ਲਾਗਤ ਵਾਲੀ ਬੋਤਲ ਜਦ ਪੰਜ ਸੌ ਵਿਚ ਵਿਕਦੀ ਹੈ ਤਦ ਚਾਰ ਸੌ ਪੰਜਾਹ ਰੁਪਏ 'ਚੋਂ ਇਹ ਸਰਕਾਰ ਤਾਂ ਕਮਾਈ ਕਰਦੀ ਹੀ ਹੈ, ਸ਼ਰਾਬ ਦੇ ਠੇਕੇਦਾਰ, ਖ਼ੂਬ ਲੁੱਟ ਮਚਾਉਂਦੇ ਹਨ। ਉਨ੍ਹਾਂ ਦੇ 'ਮਾਫ਼ੀਏ ਗਰੋਹ' ਬਣੇ ਹੋਏ ਹਨ। ਉਹ ਸ਼ਰਾਬ ਦੀ ਵਿਕਰੀ ਵਧਾਉਣ ਤੇ ਉਸ 'ਚੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਹਰ ਹਰਬਾ ਵਰਤਦੇ ਹਨ। ਆਪ ਤਾਂ ਸ਼ਰਾਬ 'ਚ ਪਾਣੀ ਤੇ ਹੋਰ ਕਈ ਕੈਮੀਕਲ-ਜ਼ਹਿਰਾਂ ਮਿਲਾਉਂਦੇ ਹੀ ਹਨ ਜੋ ਉਨ੍ਹਾਂ ਦੇ ਠੇਕਾ-ਘੇਰੇ ਤੋਂ ਬਾਹਰੋਂ ਕੋਈ ਸ਼ਰਾਬ ਖਰੀਦੇ ਜਾਂ ਦੇਸੀ ਸ਼ਰਾਬ ਕੱਢ ਕੇ ਉਨ੍ਹਾਂ ਦੇ ਠੇਕੇ-ਘੇਰਿਆਂ ਵਿਚ ਪੀਵੇ, ਉਸ ਨੂੰ ਕੁੱਟ ਕੁੱਟ ਭੋਹ ਕਰ ਦੇਂਦੇ ਹਨ- ਜਾਨੋ ਮਾਰ ਦੇਂਦੇ ਹਨ- ਜੇ ਉਸ ਦੇ ਘਰ ਵਾਲੇ ਕਤਲ ਦਾ ਪਰਚਾ ਦਰਜ ਕਰਾਉਂਦੇ ਹਨ ਤਦ ਉਨ੍ਹਾਂ ਨਾਲ ਲੈਣ ਦੇਣ ਕਰ ਕੇ ਡਰਾ ਧਮਕਾ ਕੇ ਚੁੱਪ ਕਰਾ ਦੇਂਦੇ ਹਨ। ਅਨੇਕਾਂ ਕਤਲ ਇਨ੍ਹਾਂ ਗਰੋਹਾਂ ਦੇ ਲੱਠਮਾਰਾਂ ਨੇ ਕੀਤੇ ਹਨ ਤੇ ਕਰੀ ਜਾ ਰਹੇ ਹਨ। ਇਕ- ਇਕ ਠੇਕੇ ਦਾ ਲਾਈਸੈਂਸ ਲੈ ਕੇ ਦਸ-ਦਸ ਹੋਰ ਬ੍ਰਾਂਚਾਂ -ਠੇਕੇ ਖੋਲ੍ਹ ਹੋਏ ਹਨ, ਕੋਈ ਐਕਸਾਈਜ਼ ਵਿਭਾਗ ਰੱਤੀ ਭਰ ਵੀ 'ਚੀਂਅ-ਪੈਂਅ' ਨਹੀਂ ਕਰਦਾ। ਸਭ ਅਫ਼ਸਰ ਇਨ੍ਹਾਂ ਤੋਂ ਸਹਿਮੇ ਹੋਏ ਹਨ। ਸੱਤਾਧਾਰੀ ਸਿਆਸੀ ਲੋਕ ਇਨ੍ਹਾਂ ਨੂੰ ਵਰਤ ਕੇ ਮਾਲੋ ਮਾਲ ਹੋ ਰਹੇ ਹਨ। ਆਖ਼ਰ ਸਵਾਲ ਤਾਂ ਇਹ ਹੈ ਕਿ ਕੀ ਸ਼ਰਾਬ ਨਸ਼ਾ ਨਹੀਂ? ਜੇ ਨਸ਼ਾ ਹੈ ਤਾਂ ਫਿਰ ਇਸ 'ਤੇ ਪਾਬੰਦੀ ਕਿਉਂ ਨਹੀਂ ਲੱਗ ਰਹੀ। ਇਸ ਨੂੰ ਘਟਾਇਆ ਕਿਉਂ ਨਹੀਂ ਜਾ ਰਿਹਾ। ਕਿਉਂ ਸਰਕਾਰ ਦੀ ਆਮਦਨ ਦੀ ਮੁੱਖ ਟੇਕ ਸ਼ਰਾਬ 'ਤੇ ਹੀ ਟਿਕ ਗਈ ਹੈ? ਇਹ ਸਾਰਾ ਸਿਲਸਿਲਾ ਸ਼ਰਾਬ ਦੇ ਠੇਕੇਦਾਰਾਂ ਦੇ ਰੂਪ ਵਿਚ ਮਾਫ਼ੀਏ ਨਾਲ ਮਿਲਜੁਲ ਕੇ ਡਰਾ-ਧਮਕਾ ਕੇ ਮਹਿੰਗੇ-ਸਸਤੇ ਭਾਅ ਬੋਲੀ ਦੇ ਕੇ ਜਿਸ ਤਰ੍ਹਾਂ ਗੁੰਡਾਗਰਦੀ ਫੈਲਾਉਂਦੇ ਹਨ- ਲਗਦਾ ਹੈ ਰਾਜ ਇਸ ਸ਼ਰਾਬ ਮਾਫ਼ੀਏ ਦਾ ਹੀ ਹੈ। ਇਹ ਵੀ ਕੈਸੀ ਵਿਡੰਬਨਾ ਹੈ ਕਿ ਅਗਰ ਕੋਈ ਜ਼ਿੰਮੀਦਾਰ ਘਰ ਗੁੜ ਦੀ ਸ਼ਰਾਬ ਬਣਾ ਕੇ ਪੀਵੇ ਤਾਂ ਜੇਲ੍ਹ ਦਾ ਭਾਗੀ ਹੈ, ਮੁਜ਼ਰਿਮ ਹੈ ਪਰ ਜੇ ਉਹੀ ਬੰਦਾ ਸਰਕਾਰ ਵਲੋਂ ਸ਼ੀਰੇ ਨਾਲ ਬਣਾ ਕੇ ਵੇਚੀ ਜਾ ਰਹੀ ਸ਼ਰਾਬ ਮਹਿੰਗੇ ਭਾਅ ਖ਼ਰੀਦ ਕੇ ਪੀਵੇ ਤਾਂ ਉਹ ਬਹੁਤ ਚੰਗਾ ਬੰਦਾ ਹੈ। ਇਕ ਸ਼ਰੀਫ਼ ਆਦਮੀ ਹੈ!
ਰੇਤ-ਬਜਰੀ ਮਾਫ਼ੀਏ ਨੇ ਵੀ ਹੁਣ ਨਸ਼ਾ ਮਾਫ਼ੀਏ ਵਾਂਗ ਖੂਬ ਲੁੱਟ ਮਚਾਈ ਹੋਈ ਹੈ। ਇਸ ਨਾਲ ਸਰਕਾਰ ਨੂੰ ਤਾਂ ਲਾਭ ਨਹੀਂ ਮਿਲਦਾ; ਹਾਂ ''ਸਰਕਾਰੀ'' ਲੋਕਾਂ ਦੇ ਘਰ ਭਰ ਰਹੇ ਹਨ। ਜਾਇਦਾਦਾਂ ਵਿਚ ਸੈਂਕੜੇ ਗੁਣਾਂ ਵਾਧਾ ਹੋ ਰਿਹਾ ਹੈ। ਜਿਥੋਂ ਚਾਹੇ, ਜਿੰਨੀ ਚਾਹੇ, ਇਹ ਰੇਤ ਬਜਰੀ ਨਾਜਾਇਜ਼ ਤੌਰ 'ਤੇ ਮੁਫ਼ਤ ਕਢਾਉਂਦੇ ਤੇ ਮਹਿੰਗੇ ਭਾਅ ਵੇਚਦੇ ਹਨ। ਇਨ੍ਹਾਂ ਨੂੰ ਸਿੱਧੇ ਤੌਰ 'ਤੇ ਹੀ ਸਰਕਾਰ ਦਾ ਥਾਪੜਾ ਹੈ। ਜੇ ਬੈਂਸ ਭਰਾਵਾਂ ਵਾਂਗ ਲੋਕ ਇਕ ਮੁੱਠ ਹੋ ਕੇ ਇਸ ਦਾ ਵਿਰੋਧ ਕਰਦੇ ਹਨ ਤਦ 307 ਤਕ ਦੇ ਨਾਜਾਇਜ਼ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਡੱਕ ਦਿੱਤਾ ਜਾਂਦਾ ਹੈ। ਜਦੋਂ ਕਿਧਰੇ ਲੋਕਾਂ ਵਲੋਂ ਮਿਲਕੇ ਸਾਂਝੇ ਮੋਰਚੇ ਲਗਾਏ ਜਾਂਦੇ ਹਨ ਤਦ ਕੁਝ ਚਿਰ ਠੱਲ ਪੈਂਦੀ ਹੈ ਪਰ 'ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ'। ਅੱਜ ਕੋਈ ਵੀ ਗਰੀਬ ਬੰਦਾ ਮਕਾਨ ਬਣਾਉਣ ਬਾਰੇ ਸੋਚਦਾ ਹੈ ਤਾਂ ਰੇਤਾ ਬਜਰੀ ਦੇ ਭਾਅ ਪੁੱਛ ਕੇ ਹੀ ਭੈਅਭੀਤ ਹੋ ਜਾਂਦਾ ਹੈ। ਕਿੱਥੇ ਨੇ ਸਰਕਾਰ ਦੇ ਵਿਧਾਨਕਾਰ ਤੇ ਵਿਧਾਨਕਾਰਾਂ ਵਲੋਂ ਬਣਾਏ 'ਸਖ਼ਤ' ਕਾਨੂੰਨ। ਰੇਤ ਬਜਰੀ ਪਰਚੂਨ 'ਚ ਆਟੇ ਦੇ ਭਾਅ ਵਿਕ ਰਹੀ ਹੈ। ਗ਼ਰੀਬ ਕਿਵੇਂ ਮਕਾਨ ਬਣਾਵੇ?
ਭੌਂ ਮਾਫ਼ੀਆ ਇਸ ਵਕਤ ਸਮੁੱਚੇ ਪੰਜਾਬ ਵਿਚ ਬਹੁਤ ਸਰਗਰਮ ਹੈ। ਇਨ੍ਹਾਂ ਦੇ ਵੀ ਵੱਡੇ ਵੱਡੇ ਗੈਂਗ ਹਨ। ਸਭ ਨੂੰ ਸੱਤਾ ਸਿਆਸਤ ਦੀ ਛੱਤਰੀ ਮਿਲੀ ਹੋਈ ਹੈ। ਇਹ ਜਿਥੇ ਚਾਹੁਣ, ਜ਼ਮੀਨ 'ਤੇ ਕਬਜ਼ਾ ਕਰ ਲੈਂਦੇ ਹਨ। ਜਿਸ ਵੀ ਜ਼ਮੀਨ ਦਾ ਮਾਲਕ ਕਮਜ਼ੋਰ ਹੋਵੇ, ਜਿਸ ਦਾ ਪਲਾਟ ਕੁਝ ਚਿਰ ਤੋਂ ਖ਼ਾਲੀ ਪਿਆ ਹੋਵੇ ਉਸ 'ਤੇ ਮਿੱਟੀ ਪਾ ਕੇ, ਮਾਲਕ ਨੂੰ ਡਰਾ ਧਮਕਾ ਕੇ ਉਸ 'ਤੇ ਝੂਠਾ ਪਰਚਾ ਦਰਜ ਕਰਵਾ ਕੇ ਉਸ ਨੂੰ ਥਾਣੇ ਬੰਦ ਕਰਾ ਕੇ, ਸਬੰਧਤ ਪਲਾਟ, ਜ਼ਮੀਨ 'ਤੇ ਕਬਜ਼ਾ ਕਰ ਲਿਆ ਜਾਂਦਾ ਹੈ। ਦਰਿਆਵਾਂ ਦੇ ਨਾਲ-ਨਾਲ, ਪਾਕਿਸਤਾਨ ਦੇ ਬਾਰਡਰ ਦੇ ਨਾਲ-ਨਾਲ ਜੋ ਵੀ ਇਸ ਤਰ੍ਹਾਂ ਦੀ ਜ਼ਮੀਨ ਸੀ ਸੱਭ ਭੌਂ ਮਾਫ਼ੀਏ ਨੇ ਹੜੱਪ ਕਰ ਲਈ ਹੈ। ਬਹੁਤੇ ਥਾਈਂ ਸੱਤਾਧਾਰੀ ਸਿਆਸੀ ਲੋਕ/ ਵਿਧਾਇਕ ਸਿੱਧੇ ਹੀ ਇਸ ਤਰ੍ਹਾਂ ਦੇ ਮਾਫ਼ੀਆ ਗਰੋਹਾਂ ਦੀ ਅਗਵਾਈ ਕਰ ਰਹੇ ਹਨ। ਜੇ ਜ਼ਮੀਨ ਸਰਕਾਰੀ ਹੈ, ਸ਼ਾਮਲਾਟ ਹੈ ਜਾਂ ਸਿੱਧਾ ਕੋਈ ਮਾਲਕ ਸਾਹਮਣੇ ਨਹੀਂ ਹੈ, ਤਦ ਇਨ੍ਹਾਂ ਮਾਫ਼ੀਆ ਗਰੋਹਾਂ  ਦੀ ਚਾਂਦੀ ਹੋ ਜਾਂਦੀ ਹੈ। ਭੌਂ ਮਾਫ਼ੀਏ ਦੇ ਸੂਹੀਏ ਧਰਤੀ ਦਾ ਚੱਪਾ ਚੱਪਾ ਸੁੰਘਦੇ ਫਿਰਦੇ ਹਨ ਕਿ ਕਿਧਰੇ ਕਿਸੇ ਵੀ ਥਾਂ ਦਾ ਕੋਈ ਆਪਸੀ ਝਗੜਾ ਹੋਵੇ। ਇਕ ਧਿਰ ਨੂੰ ਥੋੜੇ ਜਿਹੇ ਪੈਸੇ ਦੇ ਕੇ ਉਸ ਤੋਂ ਰਜਿਸਟਰੀ ਕਰਵਾ ਲੈਂਦੇ ਹਨ ਤੇ ਅਗਲੇ ਦਿਨ ਉਸ ਥਾਂ, ਪਲਾਟ, ਮਕਾਨ 'ਤੇ ਜ਼ਬਰੀ ਕਬਜ਼ਾ ਕਰ ਲੈਂਦੇ ਹਨ। ਇਵੇਂ ਹੀ ਹੋ ਰਿਹਾ ਹੈ ਪੰਜਾਬ ਵਿਚ। ਲੋਕਾਂ ਲਈ ਆਪਣੀਆਂ ਜ਼ਮੀਨਾਂ, ਪਲਾਟ, ਮਕਾਨ ਬਚਾਉਣੇ ਬਹੁਤ ਕਠਿਨ ਹੋ ਗਏ ਹਨ। ਗੁਰਦਾਸਪੁਰ ਦੇ ਮੁਹੱਲੇ ਗੋਪਾਲ ਨਗਰ ਦੇ ਕਰੀਬ ਸਵਾ ਦੋ ਏਕੜ ਜ਼ਮੀਨ ਦੇ ਲੋਕਾਂ ਦੇ ਖ਼ਰੀਦੇ ਹੋਏ, ਚਾਰ ਦੀਵਾਰੀਆਂ ਵਲ਼ੀਆਂ ਹੋਈਆਂ, ਸਭ ਜੇ.ਸੀ.ਬੀ. ਤੇ ਟਰੈਕਟਰਾਂ ਨਾਲ ਢਾਹ ਕੇ ਉਪਰ ਮਿੱਟੀ ਪਾ ਕੇ ਕਲੋਨੀ ਬਣਾਉਣੀ ਸ਼ੁਰੂ ਕਰ ਦਿੱਤੀ। ਪਲਾਟ ਮਾਲਕਾਂ ਵਿਚੋਂ ਜੋ ਵੀ ਵਿਰੋਧ ਕਰਦਾ ਉਸ ਨੂੰ ਥਾਣੇ ਵਿਚ ਡੱਕ ਦਿੱਤਾ ਜਾਂਦਾ। ਜੇ ਕੋਈ ਫ਼ਰਿਆਦ ਕਰੇ ਤਾਂ ਕਿਥੇ ਕਰੇ। ਥਾਣੇ ਕਚਹਿਰੀ ਜਾਵੇ ਤਾਂ ਕੋਈ ਵੀ ਗੱਲ ਨਹੀਂ ਸੁਣੀ ਜਾਂਦੀ।  ਮਾਲ ਵਿਭਾਗ ਅਧਿਕਾਰੀ ਪਲਾਟ ਮਾਲਕਾਂ ਨੂੰ ਵਿਧਾਇਕ ਕੋਲ ਜਾਣ ਲਈ ਆਖਦੇ ਹਨ, 'ਵਿਧਾਇਕ ਜੀ' ਉਨ੍ਹਾਂ ਨੂੰ ਮਾਫ਼ੀਏ ਦੀ ਗੱਲ ਮੰਨਣ ਲਈ ਜ਼ੋਰ ਦਿੰਦੇ ਹਨ। ਗੁਰਦਾਸਪੁਰ ਦੇ ਪਲਾਟ ਮਾਲਕ ਇਕਮੁੱਠ ਹੋ ਕੇ ਲੜਾਈ ਦੇ ਰਹੇ ਹਨ, ਸਾਰੀਆਂ ਹੀ ਪਾਰਟੀਆਂ ਸਿਆਸੀ ਮਤਭੇਦ ਭੁਲਾ ਕੇ ਉਨ੍ਹਾਂ ਦੀ ਹੱਕ ਰਸੀ ਲਈ ਲੜਾਈ ਲੜ ਰਹੀਆਂ ਹਨ ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ।  ਸਰਕਾਰ ਡੱਟ ਕੇ ਭੌਂ ਮਾਫ਼ੀਏ ਨਾਲ ਖੜੀ ਹੈ। ਸਾਰੀਆਂ ਖੱਬੀਆਂ ਤੇ ਸੱਜੀਆਂ ਪਾਰਟੀਆਂ 'ਤੇ ਅਧਾਰਤ ਬਣੇ ਸਾਂਝੇ ਮੋਰਚੇ ਦੇ ਇਕ ਆਗੂ ਉਪਰ ਮਾਫ਼ੀਏ ਨੇ ਸ਼ਰੇਆਮ ਕਾਤਲਾਨਾ ਹਮਲਾ ਕਰ ਦਿੱਤਾ। ਉਸ ਨੂੰ ਗੱਡੀ ਵਿਚ ਸੁੱਟ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲੀਸ ਨੇ ਉਸ ਆਗੂ ਦੇ ਬਿਆਨਾਂ ਦੇ ਆਧਾਰ 'ਤੇ ਐਫ਼.ਆਈ.ਆਰ. ਹੀ ਨਹੀਂ ਲਿਖੀ। ਇਕ ਪੁਲਿਸ ਦੇ ਏ.ਐਸ.ਆਈ. ਵਲੋਂ ਹੀ ਹਲਕੀ ਜਹੀ ਐਫ਼.ਆਈ.ਆਰ. ਦਰਜ ਕਰ ਲਈ ਗਈ।  ਸਰਕਾਰ, ਪੁਲੀਸ, ਅਫ਼ਸਰਸ਼ਾਹੀ, ਵਿਧਾਇਕ ਸਭ ਭੌਂ ਮਾਫ਼ੀਏ ਦੇ ਨਾਲ ਸਾਖਸ਼ਾਤ ਖੜੇ ਦਿਸ ਰਹੇ ਹਨ। ਮਾਫ਼ੀਏ ਨੇ ਵਿਧਾਇਕ ਦੀ ਪੁਸ਼ਤ-ਪਨਾਹੀ ਨਾਲ ਸ਼ਜਰੇ ਤੇ ਮੁਸਾਵੀ (ਮਾਲ ਰਿਕਾਰਡ) ਵਿਚ ਵੱਡੇ ਪੱਧਰ 'ਤੇ ਕੱਟ-ਵੱਢ ਕਰਨ ਦਾ ਕਹਿਰ ਕਮਾਇਆ। ਪਰ ਵਿਧਾਇਕ ਦਾ ਵਾਲ ਵੀ ਵਿੰਗਾ ਨਹੀਂ ਹੋਇਆ।
ਟੀ.ਵੀ. ਕੇਬਲ ਮਾਫ਼ੀਆ ਕੌਣ ਚਲਾ ਰਿਹਾ ਹੈ, ਕੌਣ ਇਸ ਦੇ ਪਿਛੇ ਹੈ? ਕੌਣ ਨਹੀਂ ਜਾਣਦਾ। ਕੋਈ ਹੋਰ ਟੀ.ਵੀ. ਕੇਬਲ ਮਾਲਕ ਸਾਹਮਣੇ ਖਲੋਣ ਹੀ ਨਹੀਂ ਦਿੱਤਾ ਜਾਂਦਾ। ਲੋਕ ਸੁਖਬੀਰ ਬਾਦਲ ਦੀ ਕੇਬਲ ਆਖਦੇ ਹਨ, ਪਰ ਸੁਖਬੀਰ ਬਾਦਲ ਹੋਰੀਂ ਕਹਿੰਦੇ ਹਨ ਮੇਰਾ ਕੋਈ ਲਾਗਾ-ਦੇਗਾ ਹੀ ਨਹੀਂ ਹੈ। ਇਹ ਕੀ ਹੋ ਰਿਹਾ ਹੈ? ਕੌਣ ਹੈ ਜੋ ਅੰਮ੍ਰਿਤਸਰ 'ਚ ਅਦਾਲਤ ਸਾਹਮਣੇ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੰਦਾ ਹੈ?
ਮੋਗਾ-ਔਰਬਿਟ ਬੱਸ ਕਾਂਡ ਨੇ ਸਮੁੱਚੇ ਭਾਰਤ ਵਿਚ ਤਰਥੱਲੀ ਮਚਾਉਣ ਵਾਲੇ ਅਤੇ ਸਮੂਹ ਪੰਜਾਬੀਆਂ ਦੀ ਤਰਾਹ-ਤਰਾਹ ਕਰਾਉਣ ਵਾਲੇ ਕੀਤੇ ਗਏ ਕਾਰੇ ਨੇ ਟਰਾਂਸਪੋਰਟ ਮਾਫ਼ੀਏ ਦੀ ਸਚਾਈ ਦੇ ਸਾਰੇ ਪਰਦੇ ਖੋਲ੍ਹ ਦਿੱਤੇ ਹਨ। ਸਾਰੇ ਹੀ ਨਿੱਜੀ ਟਰਾਂਸਪੋਰਟਾਂ ਨੇ ਹਰ ਬੱਸ ਵਿਚ ਚਾਰ-ਚਾਰ ਪੰਜ-ਪੰਜ ਗੁੰਡੇ ਰੱਖੇ ਹੋਏ ਹਨ ਜੋ ਕਿਸੇ ਨੂੰ ਖੰਘਣ ਤਕ ਨਹੀਂ ਦਿੰਦੇ। ਜੇ ਮੋਗੇ ਦੀ ਇਕ 13 ਸਾਲਾ ਲੜਕੀ ਉਨ੍ਹਾਂ ਮਾਫ਼ੀਆ-ਲੱਠਮਾਰਾਂ ਦੀ ਮਰਜ਼ੀ ਨਹੀਂ ਮੰਨਦੀ ਤਾਂ ਉਸ ਨੂੰ ਬੱਸ 'ਚੋਂ ਸੁੱਟ ਕੇ ਫ਼ੌਰੀ ਕਤਲ ਕੀਤਾ ਜਾ ਸਕਦਾ ਹੈ। ਇਹੀ ਸੰਕੇਤ ਦਿੱਤਾ ਹੈ 'ਬਾਦਲ' ਦੀ ਔਰਬਿਟ ਬੱਸ ਕੰਪਨੀ ਦੇ ਟਰਾਂਸਪੋਰਟ ਮਾਫ਼ੀਏ ਨੇ। ਸਾਰੇ ਹੀ ਟਰਾਂਸਪੋਰਟ ਮਾਫ਼ੀਏ ਬਾਦਲਾਂ ਵਾਂਗ ਹੀ ਵਿਚਰ ਰਹੇ ਹਨ। ਟਰਾਂਸਪੋਰਟ ਮਾਫ਼ੀਆ ਨਿੱਜੀ ਏ.ਸੀ., ਮਰਸਡੀਜ਼ ਬੱਸਾਂ ਉਪਰ ਸਰਕਾਰੀ ਟੈਕਸ ਦੂਜੀਆਂ ਸਾਧਾਰਨ ਬੱਸਾਂ ਨਾਲੋਂ ਕਈ ਗੁਣਾਂ ਤਕ ਘੱਟ ਕਰਵਾ ਸਕਦਾ ਹੈ। ਇਹ ਮਾਫ਼ੀਏ ਆਪਣੀਆਂ ਬੱਸਾਂ ਵਿਚ ਜਿਸ ਤਰ੍ਹਾਂ ਬਦਮਾਸ਼ੀ ਤੇ ਮਨਮਰਜ਼ੀ ਕਰਦੇ ਹਨ, ਉਹ ਆਪਣੀ ਥਾਂ ਹੈ।
ਇਸੇ ਹੀ ਤਰ੍ਹਾਂ ਹੋਟਲ ਮਾਫ਼ੀਆ ਸਰਗਰਮ ਹੈ, ਉਹ ਜਿਸ ਵੀ  ਹੋਟਲ 'ਤੇ ਚਾਹੁਣ ਕਬਜ਼ਾ ਕਰ ਸਕਦੇ ਹਨ। ਮਾਫ਼ੀਆ ਦੀ ਸਰਪ੍ਰਸਤੀ ਹੇਠ ਚੱਲ ਰਹੇ ਹੋਟਲਾਂ ਵਿਚ ਬਾਹਰ ਵੈਸ਼ਨੋ ਢਾਬਾ ਲਿਖ ਕੇ ਵੀ ਅੰਦਰ ਸਭ ਕੁਝ ਚਲਦਾ ਹੈ। ਕੋਈ ਰੋਕ ਟੋਕ ਨਹੀਂ ਹੈ। ਹੋਟਲਾਂ ਵਿਚ ਸ਼ਰੇਆਮ ਦੇਹ ਵਪਾਰ ਅਤੇ ਹਰ ਤਰ੍ਹਾਂ ਦੇ ਨਸ਼ੇ ਚਲਦੇ ਹਨ। ਜੇ ਪੁਲੀਸ ਦਾ ਅਫ਼ਸਰ ਕੋਈ ਉਥੇ ਵਿਰੋਧ ਕਰਨ ਦੀ ਜ਼ੁਰਅੱਤ ਕਰਦਾ ਹੈ ਤਾਂ ਲੱਤਾਂ ਭੰਨਾ ਕੇ ਹੀ ਪਰਤਦਾ ਹੈ। ਹੋਟਲਾਂ ਵਿਚ ਵੱਡੇ ਪੱਧਰ 'ਤੇ ਜਿਸਮ ਫ਼ਰੋਸ਼ੀ ਦੇ ਧੰਦੇ ਇਹ ਮਾਫ਼ੀਏ ਚਲਾਉਂਦੇ ਹਨ। ਜੇ ਕੋਈ ਪੱਤਰਕਾਰ, ਇਨ੍ਹਾਂ ਦੇ ਪਾਜ ਨੰਗੇ ਕਰਦਾ ਹੈ, ਉਸ ਦੀ ਖ਼ੈਰ ਨਹੀਂ। ਇਸ ਵਕਤ ਪੰਜਾਬ ਦੀਆਂ ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ। ਲੋਕਾਂ ਤੇ ਮਾਪਿਆਂ ਵਿਚ ਭਾਰੀ ਸਹਿਮ ਹੈ। ਔਰਤਾਂ ਲਈ ਨੌਕਰੀ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਇਹ ਸਭ ਕਾਰੇ ਕਰਨ ਵਾਲੇ ਸਰਕਾਰੀ ਸ਼ਹਿ ਪ੍ਰਾਪਤ ਮਾਫ਼ੀਏ ਹਨ, ਜਿਨ੍ਹਾਂ ਤੋਂ ਲੋਕ ਅੱਕੇ ਪਏ ਹਨ। ਕੋਈ ਧੀ ਆਪਣੇ ਨਾਲ  ਹੋਈ ਜ਼ਿਆਦਤੀ ਦੀ ਕਿਥੇ ਫ਼ਰਿਆਦ ਕਰੇ? ਪੁਲੀਸ ਨਹੀਂ ਸੁਣਦੀ। ਸਰਕਾਰ ਦਿਸਦੀ ਨਹੀਂ। ਗੁੰਡਿਆਂ ਨੂੰ ਸਿਆਸੀ ਸੱਤਾ ਦੀ ਸਰਪ੍ਰਸਤੀ ਹਾਸਲ ਹੈ। ਏਸੇ ਤਰ੍ਹਾਂ ਬੈਂਕ ਲੁਟੇਰਾ ਮਾਫੀਆ, ਏ.ਟੀ.ਐਮ.ਤੋੜੂ ਮਾਫੀਆ, ਬੈਗ, ਵਾਲੀਆਂ, ਚੈਨੀਆਂ ਆਦਿ ਖੋਹਣ ਵਾਲਾ 'ਝਪਟਮਾਰ' ਮਾਫੀਆ, ਜਾਅਲੀ ਦੁਆਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਜਾਅਲੀ ਵਸਤਾਂ ਬਣਾਉਣ ਅਤੇ ਵੇਚਣ ਵਾਲਾ ਮਾਫੀਆ,  ਲੱਕੜ ਚੋਰ, ਬੱਚਾ ਚੋਰ, ਜੇਬ ਕਤਰੇ, ਘਰਾਂ 'ਚ ਚੋਰੀਆਂ ਕਰਨ ਵਾਲੇ, ਕਾਰ-ਮੋਟਰ ਸਾਈਕਲ ਚੋਰ, ਅਨੇਕਾਂ-ਅਨੇਕਾਂ ਤਰ੍ਹਾਂ ਦੇ ਹੋਰ ਵੀ ਮਾਫ਼ੀਏ ਸਰਗਰਮ ਹਨ। ਲੋਕ ਆਪਣੇ ਆਪ ਨੂੰ ਜਿਵੇਂ ਇਹਨਾਂ ਅਜਗਰਾਂ ਦੇ ਸ਼ਿਕੰਜੇ ਵਿਚ ਫਸੇ ਮਹਿਸੂਸ ਕਰਦੇ ਹਨ। ਕੀ ਕੀਤਾ ਜਾਵੇ? ਕਿਵੇਂ ਇਸ ਕਾਲੀ-ਬੋਲ਼ੀ ਹਨੇਰੀ ਤੋਂ ਬਚਿਆ ਜਾਵੇ? ਕਿਵੇਂ ਇਨ੍ਹਾਂ ਸਰਕਾਰੀ ਹੱਲਾਸ਼ੇਰੀ ਤੇ ਪੁਸ਼ਤ ਪਨਾਹੀ ਪ੍ਰਾਪਤ ਖੂੰਖਾਰ ਬਘਿਆੜਾਂ, ਅਜਗਰਾਂ ਦੇ ਗਰੋਹਾਂ ਤੋਂ ਬਚਿਆ ਜਾਵੇ? ਹਰ ਇਕ ਦੇ ਸਾਹਮਣੇ ਇਹੀ ਸਵਾਲ ਹੈ? ਹਰ ਚਿਹਰਾ ਦੂਸਰੇ ਨੂੰ ਇਹੀ ਪੁੱਛ ਰਿਹਾ ਹੈ। ਕੀ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਭਗਤ ਸਿੰਘ, ਊਧਮ ਸਿੰਘ, ਬੱਬਰਾਂ, ਗਦਰੀ ਬਾਬਿਆਂ ਦੇ ਵਾਰਸ ਖਾਮੋਸ਼ ਧੌਣਾਂ ਨੀਵੀਆਂ ਕਰ ਕੇ ਹੀ ਇਹ ਸਭ ਕੁੱਝ ਜਰੀ ਜਾਣਗੇ?
ਪ੍ਰੰਤੂ ਅਜਿਹਾ ਨਹੀਂ ਹੈ ਲੋਕ ਅੱਜ ਵੀ ਲੜ ਰਹੇ ਹਨ। ਅੱਜ ਲੋੜ ਹੈ ਜਮਹੂਰੀ ਸੋਚਣੀ ਵਾਲੇ ਵਿਅਕਤੀਆਂ, ਲੋਕ ਪੱਖੀ ਜਥੇਬੰਦੀਆਂ ਤੇ ਮਾਨਵਵਾਦੀ ਸੋਚਾਂ ਨੂੰ, ਧਰਮਾਂ, ਜਾਤਾਂ ਤੇ ਸੌੜੇ ਸਿਆਸੀ ਹਿੱਤਾਂ ਤੋਂ ਉਪਰ ਉਠ ਕੇ ਇਕਮੁੱਠ ਕੀਤਾ ਜਾਵੇ। ਐਸੇ ਰਾਹ ਤੇ ਹੌਸਲੇ ਦੀਆਂ ਅਨੇਕਾਂ ਮਿਸਾਲਾਂ ਹਨ। 'ਕਿਰਨਜੀਤ' ਕਾਂਡ ਵੇਲੇ ਜੁਲਮ ਵਿਰੋਧੀ ਸਭ ਤਾਕਤਾਂ ਨੇ ਇਕਮੁਠ ਹੋ ਕੇ ਸਾਂਝੀ ਲੜਾਈ ਦਿੱਤੀ ਸੀ। ਜਿੱਤ ਹਾਸਲ ਹੋਈ। ਹੁਣੇ ਹੁਣੇ ਦਿੱਲੀ ਗੈਂਗ ਰੇਪ ਦਾ ਲੋਕਾਂ ਇਵੇਂ ਹੀ ਮੁਕਾਬਲਾ ਕੀਤਾ ਹੈ। ਫ਼ਰੀਦਕੋਟ ਸ਼ਰੂਤੀ ਅਗਵਾ ਕੇਸ ਵਿਰੁੱਧ ਜਿਸ ਢੰਗ ਨਾਲ ਲੜਾਈ ਦਿੱਤੀ ਗਈ, ਆਪਣੀ ਮਿਸਾਲ ਆਪ ਹੈ। ਗੁਰਦਾਸਪੁਰ ਵਿਚ ਭੌਂ ਮਾਫ਼ੀਏ ਵਿਰੁੱਧ ਇਵੇਂ ਹੀ ਲੜਾਈ ਚਲ ਰਹੀ ਹੈ। ਰੇਤ ਬਜਰੀ ਮਾਫ਼ੀਏ ਵਿਰੁੱਧ ਸਾਂਝੀ ਲੜਾਈ ਜਾਰੀ ਹੈ। ਪਿੰਡ ਖੰਨਾ-ਚਮਾਰਾਂ (ਗੁਰਦਾਸਪੁਰ), ਦੇ ਗੋਬਿੰਦਪੁਰਾ ਥਰਮਲ ਪਲਾਂਟ, ਔਰਬਿਟ ਬੱਸ ਕਾਂਡਾਂ ਆਦਿ ਵਿਰੁੱਧ ਲੜਾਈਆਂ ਦੀਆਂ, ਮਿਸਾਲਾਂ ਸਾਹਮਣੇ ਹਨ। ਪੰਜਾਬ ਵਿਚ ਬਹੁਤ ਥਾਈਂ ਇਸ ਤਰ੍ਹਾਂ ਦੇ ਮੋਰਚੇ ਲਗ ਰਹੇ ਹਨ। ਕਾਫ਼ਲੇ ਵੱਧ ਰਹੇ ਹਨ। ਇਸ ਅਤਿ ਦੇ ਜੁਲਮ ਵਿਰੁੱਧ ਬਹੁਤ ਲੋਕ ਲੜ ਰਹੇ ਹਨ, ਬਹੁਤ ਲੜਨਾ ਚਾਹ ਰਹੇ ਹਨ। ਲੋੜ ਹੈ ਸਭ ਲੜਨ ਵਾਲੀਆਂ ਸ਼ਕਤੀਆਂ/ਲੋਕਾਂ  ਨੂੰ ਇਕਮੁੱਠ ਕੀਤਾ ਜਾਵੇ। ਜਾਲਮਾਂ ਦੇ ਜੁਲਮਾਂ ਤੋਂ ਛੁਟਕਾਰਾ ਪਾਉਣ ਲਈ ਮੁਗਲਾਂ ਤੇ ਅੰਗਰੇਜ਼ਾਂ ਵਿਰੁੱਧ ਲੜੇ ਗਏ ਜਾਨ ਹੂਲਵੇਂ ਸੰਘਰਸ਼ਾਂ ਵਾਂਗ ਹੀ ਅੱਜ ਫਿਰ ਤੋਂ ਇਕ ਬੱਝਵਾਂ ਯੁੱਧ ਛੇੜਨ ਦੀ ਲੋੜ ਹੈ। ਜਿੰਨੀ ਜਲਦੀ ਇਹ ਯੁੱਧ ਛਿੜੇ, ਓਨਾਂ ਹੀ ਚੰਗਾ ਹੋਵੇਗਾ।

No comments:

Post a Comment