Saturday 2 May 2015

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਕੁੱਝ ਅਹਿਮ ਪ੍ਰਾਪਤੀਆਂ

ਮੰਗਤ ਰਾਮ ਪਾਸਲਾ

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ (5-8 ਅਪ੍ਰੈਲ 2015) ਬਹੁਤ ਸਾਰੇ ਪੱਖਾਂ ਤੋਂ ਇਕ ਅਤੀ ਮਹੱਤਵਪੂਰਨ, ਨਿਵੇਕਲੀ ਤੇ ਪਾਰਟੀ ਸਫਾਂ ਅੰਦਰ ਇਨਕਲਾਬੀ ਵਿਸ਼ਵਾਸ਼ ਨੂੰ ਹੋਰ ਪਕੇਰਾ ਕਰਨ ਵਾਲੀ ਸਫਲ ਕਾਨਫਰੰਸ ਰਹੀ ਹੈ। ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਸਿਧਾਂਤ ਤੋਂ ਸੇਧ ਲੈ ਕੇ ਦੇਸ਼ ਤੇ ਪੰਜਾਬ ਦੀਆਂ ਠੋਸ ਪ੍ਰਸਥਿਤੀਆਂ ਅਨੁਸਾਰ ਜਨਤਕ ਘੋਲ ਲਾਮਬੰਦ ਕਰਦਿਆਂ ਹੋਇਆਂ ਸੀ.ਪੀ.ਐਮ.ਪੰਜਾਬ ਨੇ ਜਿਸ ਤਰ੍ਹਾਂ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਆਪਣੇ ਜਥੇਬੰਦਕ ਢਾਂਚੇ ਤੇ ਜਨ ਆਧਾਰ ਵਿਚ ਪਸਾਰਾ ਕੀਤਾ ਹੈ ਅਤੇ ਸਾਰੀਆਂ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਕੇ ਲੋਕ ਘੋਲਾਂ ਦਾ ਪਿੜ ਮਘਾਉਣ ਵਿਚ ਆਪਣੀ ਬਣਦੀ ਭੂਮਿਕਾ ਅਦਾ ਕੀਤੀ ਹੈ, ਉਸਦਾ ਪ੍ਰਗਟਾਵਾ ਕਾਨਫਰੰਸ ਦੌਰਾਨ ਡੈਲੀਗੇਟਾਂ ਵਲੋਂ ਪ੍ਰਗਟਾਏ ਵਿਚਾਰਾਂ, ਬਿਆਨੇ ਤਜ਼ਰਬਿਆਂ ਤੇ ਦਿੱਤੇ ਗਏ ਠੋਸ ਭਵਿੱਖੀ ਸੁਝਾਵਾਂ ਤੋਂ ਸਾਫ ਝਲਕਦਾ ਸੀ। ਆਤਮ ਚਿੰਤਨ ਕਰਕੇ ਦਰਪੇਸ਼ ਚਨੌਤੀਆਂ ਦਾ ਮੁਕਾਬਲਾ ਕਰਨ ਦੇ ਹਾਣੀ ਬਣਨ ਲਈ ਕੀਤੀਆਂ ਗਈਆਂ ਗੰਭੀਰ ਬਹਿਸਾਂ ਤੇ ਹੋਰ ਰੁਝੇਵਿਆਂ ਸਦਕਾ ਚਾਰ ਦਿਨਾਂ ਦਾ ਇਹ ਅਜਲਾਸ ਵੀ ਸਮੇਂ ਦੇ ਪੱਖ ਤੋਂ ਨਾਕਾਫੀ ਜਾਪਿਆ। ਇਸ ਕਾਨਫਰੰਸ ਨੇ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪੰਜਾਬ ਦੀਆਂ ਮੌਜੂਦਾ ਆਰਥਿਕ, ਰਾਜਨੀਤਕ ਤੇ ਸਮਾਜਿਕ ਅਵਸਥਾਵਾਂ ਦਾ ਠੋਸ ਮੁਲਾਂਕਣ ਕੀਤਾ। ਮੋਦੀ ਦੀ ਅਗਵਾਈ ਵਿਚ ਲੁਟੇਰੀਆਂ ਹਾਕਮ ਜਮਾਤਾਂ ਵਲੋਂ ਅਪਣਾਈਆਂ ਜਾ ਰਹੀਆਂ ਆਰਥਿਕ ਨੀਤੀਆਂ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵਲੋਂ ਦੇਸ਼ ਦੀ ਸੱਤਾ 'ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਫੈਲਾਈ ਜਾ ਰਹੀ ਫਿਰਕੂ ਜ਼ਹਿਰ ਤੋਂ ਉਪਜੀਆਂ ਕਿਰਤੀ ਜਨਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਠੋਸ ਵਿਸ਼ਲੇਸ਼ਣ ਕੀਤਾ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਢੁਕਵੇਂ ਘੋਲ ਲਾਮਬੰਦ ਕਰਨ ਲਈ ਭਵਿੱਖੀ ਸੇਧਾਂ ਤੈਅ ਕੀਤੀਆਂ ਗਈਆਂ। ਸੀ.ਪੀ.ਐਮ.ਪੰਜਾਬ ਦੇ ਇਤਿਹਾਸ ਵਿਚ ਇਹ ਚੌਥੀ ਕਾਨਫਰੰਸ ਹੇਠ ਲਿਖੇ ਕੁਝ ਪਹਿਲੂਆਂ ਤੋਂ ਰਾਹ ਦਰਸਾਊ ਸਿੱਧ ਹੋਈ ਹੈ : 
1. ਸੀ.ਪੀ.ਐਮ.ਪੰਜਾਬ ਦੀ ਪਿਛਲੀ ਤੀਸਰੀ ਕਾਨਫਰੰਸ ਵਲੋਂ ਲਏ ਗਏ ਫੈਸਲਿਆਂ ਅਤੇ ਸੇਧਾਂ ਦੀ ਰੌਸ਼ਨੀ ਵਿਚ ਜੋ ਰਾਜਨੀਤਕ ਦਾਅਪੇਚ ਘੜੇ ਗਏ, ਪਾਰਟੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਗੰਭੀਰਤਾ ਤੇ ਤਨਦੇਹੀ ਨਾਲ ਲਾਗੂ ਕੀਤੇ ਜਾਣ ਨੂੰ ਮੋਟੇ ਰੂਪ 'ਚ ਸਲਾਹਿਆ ਗਿਆ। ਕੇਂਦਰ ਦੀ ਪਹਿਲਾਂ ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਤੇ ਹੁਣ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਭਾਜਪਾ ਸਰਕਾਰ ਅਤੇ ਪੰਜਾਬ ਦੀ ਅਕਾਲੀ ਦਲ-ਭਾਜਪਾ  ਗਠਜੋੜ ਸਰਕਾਰ ਦੀਆਂ ਲੋਕ ਵਿਰੋਧੀ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਬੱਝਵੀਂ ਲੜਾਈ ਅਤੇ ਹੋਰ ਹਰ ਰੰਗ ਦੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ, ਜੋ ਅਜਿਹੀਆਂ ਹੀ ਆਰਥਿਕ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ, ਦੇ ਵਿਰੋਧ ਵਿਚ ਜਮਾਤੀ ਘੋਲਾਂ ਨੂੰ ਤੇਜ਼ ਕੀਤੇ ਜਾਣ ਦੀ ਰਾਜਸੀ ਲਾਈਨ ਉਪਰ ਸਮੁੱਚੇ ਅਜਲਾਸ ਵਲੋਂ ਸਰਵਸੰਮਤੀ ਨਾਲ ਮੋਹਰ ਲਗਾਈ ਗਈ ਹੈ। 
2. ਹਰ ਰੰਗ ਦੇ ਲੁਟੇਰੇ ਹਾਕਮਾਂ ਦੀਆਂ ਆਰਥਿਕ ਨੀਤੀਆਂ ਅਤੇ ਫਿਰਕਾਪ੍ਰਸਤ ਤੱਤਾਂ ਵਿਰੁੱਧ ਇਕਸਾਰ ਸੰਘਰਸ਼ ਕਰਨ ਦੀ ਦਾਅਪੇਚਕ ਲਾਈਨ ਨੂੰ ਭਵਿੱਖ ਵਿਚ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਕ ਦੁਸ਼ਮਣ ਵਿਰੁੱਧ ਲੜਾਈ ਲੜਦਿਆਂ ਹੋਇਆਂ ਦੂਸਰੀ ਲੁਟੇਰੀ ਧਿਰ ਨਾਲ ਪਾਈਆਂ ਮੌਕਾਪ੍ਰਸਤ ਰਾਜਸੀ ਸਾਂਝਾਂ ਖੱਬੀ ਲਹਿਰ ਨੂੰ ਜਨਸਮੂਹਾਂ ਵਿਚੋਂ ਨਿਖੇੜਨ ਦਾ ਕੰਮ ਕਰਦੀਆਂ ਹਨ, ਜਿਸ ਨਾਲ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਸਮੁੱਚੀਆਂ ਖੱਬੇ ਪੱਖੀ ਸ਼ਕਤੀਆਂ ਦੀ ਭਰੋਸੇਯੋਗਤਾ ਉਪਰ ਆਂਚ ਆਉਂਦੀ ਹੈ। 
ਕਿਸੇ ਖਾਸ ਮੁੱਦੇ ਉਪਰ ਦੁਸ਼ਮਣ ਜਮਾਤਾਂ ਦੀਆਂ ਆਪਸੀ ਵਿਰੋਧਤਾਈਆਂ ਨੂੰ ਵੀ ਇਨਕਲਾਬੀ ਧਿਰਾਂ ਵਲੋਂ ਤਦ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦੋਂ ਖੱਬੀ ਲਹਿਰ ਇਕ ਸ਼ਕਤੀਸ਼ਾਲੀ ਧਿਰ ਵਜੋਂ ਉਭਰੀ ਹੋਵੇ ਤੇ ਜਨ ਸਮੂਹਾਂ ਨੂੰ ਕਿਸੇ ਵਿਸ਼ੇਸ਼ ਮੁੱਦੇ ਉਪਰ ਵਿਰੋਧੀ ਜਮਾਤਾਂ ਨਾਲ ਪਾਈ ਸਾਂਝ ਦੇ ਦੌਰਾਨ ਵੀ ਆਪਣੀ ਆਜ਼ਾਦਾਨਾ ਰਾਜਨੀਤਕ ਪਹੁੰਚ ਬਾਰੇ ਸਮਝਾਉਣ ਦੇ ਸਮਰੱਥ ਹੋਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਖੱਬੇ ਪੱਖੀਆਂ ਦੀ ਕਿਸੇ ਲੁਟੇਰੀ ਰਾਜਨੀਤਕ ਧਿਰ ਨਾਲ ਪਾਈ ਥੋੜ ਚਿਰੀ ਸਾਂਝ ਵੀ ਖੱਬੀ ਲਹਿਰ ਲਈ ਨੁਕਸਾਨਦੇਹ ਸਾਬਤ ਹੁੰਦੀ ਰਹੀ ਹੈ ਤੇ ਅੱਗੋਂ ਵੀ ਅਜਿਹਾ ਹੀ ਵਾਪਰਨ ਦੀ ਸੰਭਾਵਨਾ ਕਾਇਮ ਰਹੇਗੀ। 
3.  ਲੋਕਲ ਮੁੱਦਿਆਂ ਉਪਰ ਘੋਲ ਕੀਤੇ ਜਾਣ ਦੀ ਲੋੜ ਉਪਰ ਬਲ ਦਿੱਤਾ ਗਿਆ ਹੈ। ਸਰਕਾਰਾਂ ਦੀਆਂ ਆਰਥਿਕ ਨੀਤੀਆਂ ਖਿਲਾਫ ਅਤੇ ਲੋਕ ਹਿਤਾਂ ਦੀ ਰਾਖੀ ਲਈ ਲੜਦਿਆਂ ਹੋਇਆਂ ਸਥਾਨਕ ਸੰਘਰਸ਼ਾਂ ਦੀ ਮਦਦ ਨਾਲ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਜਨ ਆਧਾਰ ਅਤੇ ਹੋਰ ਸਧਾਰਣ ਲੋਕਾਂ ਨੂੰ ਸਾਂਝੀ ਲਹਿਰ ਅੰਦਰ ਖਿੱਚਿਆ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਹਾਕਮ ਧਿਰਾਂ ਵਿਰੁੱਧ ਵੱਡੀ ਰਾਜਨੀਤਕ ਜਨਤਕ ਲੜਾਈ ਵਿਚ ਭਾਗੀਦਾਰ ਬਣਾ ਕੇ ਇਨਕਲਾਬੀ ਲਹਿਰ ਦਾ ਪਸਾਰਾ ਕੀਤਾ ਜਾ ਸਕਦਾ ਹੈ। ਦੋਨਾਂ ਤਰ੍ਹਾਂ ਦੇ ਘੋਲ ਇਕ ਦੂਸਰੇ ਦੇ ਸਹਿਯੋਗੀ ਤੇ ਪਰਿਪੂਰਕ ਹਨ, ਜਿਨ੍ਹਾ ਉਪਰ ਬਣਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। 
4. ਕਾਨਫਰੰਸ ਵਲੋਂ ਸੀ.ਪੀ.ਐਮ.ਪੰਜਾਬ ਨੂੰ ਦੇਸ਼ ਤੇ ਪ੍ਰਾਂਤ ਅੰਦਰ ਪਾਰਟੀ ਦੇ ਜਨ ਅਧਾਰ ਅਤੇ ਸਮੁੱਚੀ ਜਮਹੂਰੀ ਲਹਿਰ ਮਜ਼ਬੂਤ ਕਰਨ ਹਿੱਤ ਤਿੰਨ ਪੱਧਰਾਂ ਉਪਰ ਸੰਘਰਸ਼ ਵਿੱਢਣ ਦੀ ਲੋੜ ਉਪਰ ਜ਼ੋਰ ਦਿੱਤਾ ਗਿਆ ਹੈ : 
ੳ. ਪਾਰਟੀ ਤੇ ਜਨ ਸੰਗਠਨਾਂ ਦੇ ਆਜ਼ਾਦਾਨਾ ਸੰਘਰਸ਼
ਅ. ਖੱਬੀਆਂ ਸ਼ਕਤੀਆਂ ਨਾਲ ਮਿਲ ਕੇ ਸਾਂਝੇ ਘੋਲ
ੲ. ਵੱਖ ਵੱਖ ਖੇਤਰਾਂ ਤੇ ਸਮਾਜ ਦੇ ਅਲੱਗ ਅਲੱਗ ਹਿੱਸਿਆਂ ਨਾਲ ਸਬੰਧਤ ਲੋਕ ਹਿਤਾਂ ਲਈ ਸੰਘਰਸ਼ਸ਼ੀਲ ਜਮਹੂਰੀ ਜਥੇਬੰਦੀਆਂ, ਜੋ ਸਮਾਜਿਕ ਜਬਰ, ਵਾਤਾਵਰਣ, ਆਦਿਵਾਸੀਆਂ, ਜਮਹੂਰੀ ਅਧਿਕਾਰਾਂ, ਇਸਤਰੀ ਹੱਕਾਂ ਇਤਿਆਦਿ ਮੁੱਦਿਆਂ ਉਪਰ ਸੰਘਰਸ਼ ਕਰ ਰਹੀਆਂ ਹਨ, ਨਾਲ ਸਾਂਝਾ ਮੰਚ (ਆਲ ਇਡੀਆ ਪਿਉਪਲਜ ਫੋਰਮ AIPF ਦੀ ਤਰਜ਼ 'ਤੇ) ਉਸਾਰ ਕੇ ਵਿਸ਼ਾਲ ਘੋਲ। 
ਅਜਿਹਾ ਕਰਦਿਆਂ ਹੋਇਆਂ ਸੀ.ਪੀ.ਐਮ.ਪੰਜਾਬ ਦੀ ਆਜ਼ਾਦਾਨਾ ਰਾਜਨੀਤਕ ਤੇ ਵਿਚਾਰਧਾਰਕ ਪਹੁੰਚ ਬਾਰੇ ਵੀ ਸਮੁੱਚੀ ਪਾਰਟੀ ਤੇ ਆਮ ਲੋਕਾਂ ਨੂੰ ਚੇਤਨ ਕੀਤੇ ਜਾਣ ਦੀ ਲੋੜ ਨੂੰ ਵੀ ਉਜਾਗਰ ਕੀਤਾ ਗਿਆ ਹੈ। 
5. ਸਦੀਆਂ ਤੋਂ ਦਲਿਤਾਂ ਤੇ ਸਮਾਜ ਦੇ ਹੋਰ ਪੱਛੜੇ ਤੇ ਕਥਿਤ ਤੌਰ 'ਤੇ ਅਛੂਤ ਸਮਝੇ ਜਾਂਦੇ ਲੋਕਾਂ ਉਪਰ ਲਗਾਤਾਰ ਹੋ ਰਹੇ ਸਮਾਜਿਕ ਜਬਰ ਦੇ ਮੁੱਦੇ ਨੂੰ ਸਮੁੱਚੇ ਜਮਾਤੀ ਘੋਲਾਂ ਦੇ ਨਾਲ ਨਾਲ  ਇਕ ਵੱਖਰੇ ਮੁੱਦੇ ਵਜੋਂ ਵੀ ਸਮਝਣ ਤੇ ਇਸ ਵਿਰੁੱਧ ਢੁਕਵੇਂ  ਜਨਤਕ ਸੰਘਰਸ਼ ਵਿੱਢਣ ਦੀ ਲੋੜ ਹੈ। ਇਨ੍ਹਾਂ ਘੋਲਾਂ ਨੂੰ ਪਹਿਲ ਦੇ ਆਧਾਰ ਤੇ ਲੜਨ ਦੀ ਜ਼ਰੂਰਤ ਦੇ ਨਾਲ ਨਾਲ ਹਰ ਰੰਗ ਦੀਆਂ ਜਾਤੀਪਾਤੀ, ਫੁੱਟ ਪਾਊ ਤੇ ਜਮਹੂਰੀ ਲਹਿਰ ਅੰਦਰ ਨਫਰਤ ਦੇ ਬੀਜ ਬੀਜਣ ਵਾਲੀਆਂ ਸ਼ਕਤੀਆਂ ਵਿਰੁੱਧ ਵਿਚਾਰਧਾਰਕ ਘੋਲ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਤ ਕੀਤਾ ਗਿਆ ਹੈ। 
6. ਔਰਤਾਂ, ਵਿਦਿਆਰਥੀਆਂ ਤੇ ਨੌਜਵਾਨਾਂ ਦੇ ਮਸਲਿਆਂ ਉਪਰ ਅਧਾਰਤ ਮਜ਼ਬੂਤ ਜਨਤਕ ਜਥੇਬੰਦੀਆਂ ਉਸਾਰਨ ਤੇ ਸੰਘਰਸ਼ ਕਰਨ ਦੀ ਫੌਰੀ ਲੋੜ ਮਹਿਸੂਸ ਕੀਤੀ ਗਈ ਹੈ। ਸਮੁੱਚੀ ਕਾਨਫਰੰਸ ਵਲੋਂ ਇਨ੍ਹਾਂ ਵਰਗਾਂ ਦੀ ਲਹਿਰ ਵਿਚ ਆਈ ਖੜੋਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਸਮਾਂਬੱਧ ਯੋਜਨਾਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਔਰਤਾਂ ਉਪਰ ਹੋ ਰਹੇ ਭਿੱਨ ਭਿੰਨ ਤਰ੍ਹਾਂ ਦੇ ਅਣਮਨੁੱਖੀ ਜਬਰ ਵਿਰੁੱਧ ਸੰਘਰਸ਼ ਕਰਨ ਦੀ ਮਹੱਤਤਾ ਉਪਰ ਸਿਰਫ ਔਰਤ ਡੈਲੀਗੇਟਾਂ ਨੇ ਹੀ ਨਹੀਂ ਸਗੋਂ ਸਮੁੱਚੇ ਡੈਲੀਗੇਟ ਹਾਊਸ ਵਲੋਂ ਪੂਰਾ ਜ਼ੋਰ ਦਿੱਤਾ ਗਿਆ ਹੈ। 
7. ਪੰਜਾਬ ਦੇ ਖੇਤੀਬਾੜੀ ਸੰਕਟ ਦੇ ਵਿਸ਼ੇ ਬਾਰੇ ਪ੍ਰਸਿੱਧ ਅਰਥ ਸ਼ਾਸ਼ਤਰੀ ਡਾ. ਗਿਆਨ ਸਿੰਘ ਜੀ ਨੇ ਕਾਨਫਰੰਸ ਦੌਰਾਨ ਆਯੋਜਤ ਵਿਸ਼ੇਸ਼ ਸੈਮੀਨਾਰ ਵਿਚ ਬਹੁਤ ਹੀ ਅਰਥ ਭਰਪੂਰ ਤੇ ਗਿਆਨ ਭੰਡਾਰ ਨਾਲ ਗੜੁਚ ਭਾਸ਼ਣ ਦਿੱਤਾ, ਜਿਸ ਨੇ ਕਾਨਫਰੰਸ ਵਿਚ ਹਾਜ਼ਰ ਸਮੁੱਚੇ ਡੈਲੀਗੇਟਾਂ ਤੇ ਵੱਡੀ ਗਿਣਤੀ ਵਿਚ ਜੁੜੇ ਹੋਰ ਲੋਕਾਂ ਨੂੰ ਬੇਜ਼ਮੀਨੇ, ਦਿਹਾਤੀ ਮਜ਼ਦੂਰਾਂ, ਗਰੀਬ ਤੇ ਦਰਮਿਆਨੇ ਕਿਸਾਨਾਂ ਉਪਰ ਅਧਾਰਤ ਮਜ਼ਬੂਤ ਜਨਤਕ ਲਹਿਰ ਉਸਾਰਨ ਦੀ ਮਹੱਤਤਾ ਦਾ ਡੂੰਘਾ ਅਹਿਸਾਸ ਕਰਾਇਆ, ਜਿਸ ਨਾਲ ਭਵਿੱਖੀ ਜਨਤਕ ਲਹਿਰ ਨੂੰ ਬੜ੍ਹਾਵਾ ਦੇਣ ਵਾਸਤੇ ਅਮਲੀ ਰੂਪ ਵਿਚ ਨਵਾਂ ਰੰਗ ਭਰਿਆ ਜਾ ਸਕੇਗਾ। 
8. ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਦੋਨਾਂ ਤਰ੍ਹਾਂ ਦੇ ਸੰਘਰਸ਼ਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਹੋਇਆਂ, ਕਾਨਫਰੰਸ ਵਲੋਂ ਗੈਰ ਪਾਰਲੀਮਾਨੀ ਘੋਲਾਂ ਉਪਰ ਹੋਰ ਵਧੇਰੇ ਜ਼ੋਰ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਸਦੇ ਨਾਲ ਹੀ ਕਮਿਊਨਿਸਟ ਲਹਿਰ ਵਿਚ ਆਏ ਸੱਜੇ ਤੇ ਖੱਬੇ ਕੁਰਾਹਿਆਂ ਵਿਰੁੱਧ ਨਿਰੰਤਰ ਸੰਘਰਸ਼ ਜਾਰੀ ਰੱਖਣ ਦੇ ਨਾਲ ਨਾਲ ਖੱਬੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਸੇਧ ਵੀ ਤੈਅ ਕੀਤੀ ਗਈ। 
9. ਪਾਰਟੀ ਜਥੇਬੰਦੀ ਨੂੰ ਲੈਨਿਨਵਾਦੀ ਲੀਹਾਂ ਉਪਰ ਮਜ਼ਬੂਤ ਕਰਨ ਲਈ ਬਹੁਤ ਹੀ ਕੀਮਤੀ ਸੁਝਾਅ ਪੇਸ਼ ਕੀਤੇ ਗਏ ਤੇ ਪਾਰਟੀ ਜਥੇਬੰਦੀ ਤੇ ਪਾਰਟੀ ਆਗੂਆਂ ਵਿਚ ਪਾਈਆਂ ਜਾ ਰਹੀਆਂ ਕਮਜ਼ੋਰੀਆਂ ਬਾਰੇ ਕੋਈ ਬਦਲਾਖੋਰੀ ਜਾਂ ਦੁਸ਼ਮਣੀ ਦੀ ਭਾਵਨਾ ਵਾਲੀ ਨਹੀਂ ਸਗੋਂ ਬਣਦੀ ਸਾਰਥਕ ਤੇ ਉਸਾਰੂ ਨੁਕਤਾਚੀਨੀ ਕੀਤੀ ਗਈ। ਇਸ ਸਭ ਕੁੱਝ ਪਿੱਛੇ ਕਮਿਊਨਿਸਟ ਭਾਵਨਾ ਸਾਫ ਝਲਕਦੀ ਸੀ। ਪਾਰਟੀ ਕੇਂਦਰ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਜ਼ਬੂਤ ਕਰਨਾ, ਪਾਰਟੀ ਇਕਾਈਆਂ ਤੇ ਵੱਖ ਵੱਖ ਪੱਧਰਾਂ ਦੀਆਂ ਕਮੇਟੀਆਂ ਦੀ ਕਾਰਜਵਿਧੀ ਨੂੰ ਸੁਧਾਰਨਾ ਤੇ ਸਮੁੱਚੀ ਪਾਰਟੀ ਮੈਂਬਰਸ਼ਿਪ ਦੀ ਗੁਣਵੱਤਾ ਨੂੰ ਹੋਰ ਨਿਖਾਰਨ ਦੀ ਅਹਿਮ ਲੋੜ ਸਮੁੱਚੀ ਬਹਿਸ ਦਾ ਕੇਂਦਰੀ ਬਿੰਦੂ ਰਹੀ। ਪਾਰਟੀ ਵਿਦਿਆ ਦੇਣ, 'ਸੰਗਰਾਮੀ ਲਹਿਰ' ਦੀ ਕੁਆਲਟੀ ਤੇ ਘੇਰਾ ਵਧਾਉਣ ਅਤੇ ਹੋਰ ਪ੍ਰਚਾਰ ਸਮੱਗਰੀ ਛਾਪਣ ਦੀ ਅਹਿਮੀਅਤ ਬਾਰੇ ਵੀ ਹਾਊਸ ਨੇ ਗੰਭੀਰਤਾ ਨਾਲ ਵਿਚਾਰਿਆ ਅਤੇ ਯੋਗ ਫੈਸਲੇ ਕੀਤੇ। 
10. ਪਾਰਟੀ ਤੇ ਜਨਤਕ ਜਥੇਬੰਦੀਆਂ ਦੇ ਆਪਸੀ ਸਬੰਧਾਂ ਨੂੰ ਇਨਕਲਾਬੀ ਚੌਖਟੇ ਵਿਚ ਇਕ ਵਾਰ ਮੁੜ ਰੇਖਾਂਕਤ ਕੀਤਾ ਗਿਆ। ਪਾਰਟੀ ਅੰਦਰ ਹਰ ਪੱਧਰ 'ਤੇ ਹਕੀਕੀ ਤੌਰ 'ਤੇ ਅੰਤਰ ਪਾਰਟੀ ਜਮਹੂਰੀਅਤ ਨੂੰ ਪ੍ਰਫੁਲਤ ਕਰਦਿਆਂ ਹੋਇਆਂ ਜਮਹੂਰੀ ਕੇਂਦਰੀਵਾਦ ਦੇ ਸੁਨਹਿਰੀ ਅਸੂਲ ਨੂੰ ਇਸਦੀ ਇਨਕਲਾਬੀ ਭਾਵਨਾ ਵਿਚ ਪੂਰੇ ਜ਼ੋਰ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਦੂਜੇ ਪਾਸੇ ਜਨਤਕ ਜਥੇਬੰਦੀਆਂ ਦੀ ਆਜ਼ਾਦਾਨਾ ਜਮਹੂਰੀ ਕਾਰਜਵਿਧੀ ਨੂੰ ਯਕੀਨੀ ਬਣਾ ਕੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੇ ਸੁਝਾਅ ਦਿੱਤੇ ਗਏ।
11. ਜਿਸ ਤਰ੍ਹਾਂ ਕਾਨਫਰੰਸਾਂ ਵਿਚ ਡੈਲੀਗੇਟਾਂ ਵਲੋਂ ਗੰਭੀਰ ਬਹਿਸਾਂ ਰਾਹੀਂ ਖੁਲ੍ਹ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਤੇ ਪਾਰਟੀ ਬਿਹਤਰੀ ਲਈ ਨਿਝੱਕ ਹੋ ਕੇ ਸੁਝਾਅ ਪੇਸ਼ ਕੀਤੇ ਗਏ, ਉਹ ਸੱਚਮੁੱਚ ਹੀ ਪ੍ਰੇਰਨਾ ਸਰੋਤ ਸਨ। ਸਭ ਤੋਂ ਵੱਡੀ ਗੱਲ ਸੀ ਪਾਰਟੀ ਅੰਦਰ ਪੂਰਨ ਰੂਪ ਵਿਚ ਇਰਾਦੇ ਦੀ ਏਕਤਾ। ਕਿਸੇ ਕਿਸਮ ਦੀ ਪਾਰਟੀ ਧੜੇਬੰਦੀ ਜਾਂ ਆਪਹੁਦਰੇਪਣ ਦਾ ਨਾਮੋ ਨਿਸ਼ਾਨ ਨਹੀਂ ਸੀ ਤੇ ਸਮੁੱਚਾ ਹਾਊਸ ਪਾਰਟੀ ਦੁਆਰਾ ਅਪਣਾਈ ਜਾ ਰਹੀ ਰਾਜਨੀਤੀ ਤੇ ਵਿਚਾਰਧਾਰਕ ਲਾਈਨ ਉਪਰ ਪੂਰੀ ਤਰ੍ਹਾਂ ਇਕਮੁੱਠ ਜਾਪ ਰਿਹਾ ਸੀ। ਨਾਲ ਹੀ ਲੋੜ ਤੋਂ ਵਧੇਰੇ ਆਤਮ ਸੰਤੁਸ਼ਟੀ ਤੇ ਅਵੇਸਲੇਪਨ ਤੋਂ ਰਹਿਤ ਮਜ਼ਬੂਤ ਭਵਿੱਖੀ ਲਹਿਰ ਉਸਾਰਨ ਦੀ ਚਿੰਤਾ ਦੀਆਂ ਲਕੀਰਾਂ ਵੀ ਹਰ ਸਾਥੀ ਦੇ ਜ਼ਿਹਨ ਵਿਚ ਸਪੱਸ਼ਟ ਉਕਰੀਆਂ ਨਜ਼ਰ ਆ ਰਹੀਆਂ ਸਨ। ਪਾਰਟੀ ਅੰਦਰ ਇਸ ਇਨਕਲਾਬੀ ਜਮਹੂਰੀ ਮਹੌਲ ਦਾ ਹੋਰ ਵਧੇਰੇ ਸੰਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਪਾਰਟੀ ਤੇ ਜਮਹੂਰੀ ਲਹਿਰ ਦਾ ਘੇਰਾ ਹੋਰ ਵਿਸ਼ਾਲ ਕੀਤੇ ਜਾਣ ਵਿਚ ਸਹਾਇਤਾ ਮਿਲ ਸਕੇ।
12. ਸੀ.ਪੀ.ਆਈ. ਦੇ ਸੂਬਾਈ ਸਕੱਤਰ ਸਾਥੀ ਹਰਦੇਵ ਅਰਸ਼ੀ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਵਲੋਂ ਭਰਾਤਰੀ ਸੰਦੇਸ਼ ਨੂੰ ਡੈਲੀਗੇਟਾਂ/ਅਬਜਰਵਰਾਂ ਵਲੋਂ ਤਾੜੀਆਂ ਤੇ ਨਾਅਰਿਆਂ ਦੀ ਗੂੰਜ ਵਿਚ ਸੁਣਿਆ ਗਿਆ। ਇਸ ਨਾਲ ਖੱਬੀ ਲਹਿਰ ਵਿਚ ਆਪਸੀ ਸੂਝਬੂਝ ਨਾਲ ਇਕ ਦੂਸਰੇ ਨੂੰ ਸਮਝਣ ਅਤੇ ਅਮਲਾਂ ਵਿਚ ਏਕਤਾ ਤੇ ਸੰਘਰਸ਼ ਦੇ ਸੰਕਲਪ ਨੂੰ ਹੋਰ ਮਜ਼ਬੂਤ ਤੇ ਪੀਡਾ ਕਰਨ ਵਿਚ ਸਹਾਇਤਾ ਮਿਲੇਗੀ। 
13. ਪਠਾਨਕੋਟ-ਗੁਰਦਾਸਪੁਰ ਦੀ ਸਮੁੱਚੀ ਪਾਰਟੀ ਵਲੋਂ ਜਿਸ ਉਤਸ਼ਾਹ, ਇਨਕਲਾਬੀ ਤੇ ਸਮਰਪਤ ਭਾਵਨਾ ਨਾਲ ਇਸ ਕਾਨਫਰੰਸ ਦੀ ਤਿਆਰੀ ਕੀਤੀ ਗਈ, ਉਹ ਸਿਰਫ ਕਮਾਲ ਦੀ ਹੀ ਨਹੀਂ ਸੀ, ਸਗੋਂ ਪੂਰੇ ਪੰਜਾਬ ਦੀ ਪਾਰਟੀ ਲਈ ਇਕ ਰਾਹ ਦਸੇਰਾ ਬਣਕੇ ਉਭਰੀ ਹੈ। ਸਮੁੱਚਾ ਪ੍ਰਬੰਧ, ਖਾਸ ਤੌਰ 'ਤੇ ਇਨਕਲਾਬੀ ਵਿਚਾਰਾਂ ਤੇ ਸਾਡੇ ਆਪਣੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਹੋਈ ਇਨਕਲਾਬੀ ਸਜਾਵਟ ਤੇ ਸਮੁੱਚੇ ਵਲੰਟੀਅਰਾਂ ਦੁਆਰਾ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਆਪੋ ਆਪਣੀਆਂ ਜਿੰਮੇਵਾਰੀਆਂ ਨੇ ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਇਕ ਯਾਦਗਾਰੀ ਇਤਿਹਾਸ ਸਿਰਜਿਆ ਹੈ। ਕਿਰਤੀ ਲੋਕਾਂ ਵਲੋਂ ਆਪਣੀ ਕਿਰਤ ਕਮਾਈ ਵਿਚੋਂ ਦਿੱਤੇ ਪਾਰਟੀ ਫੰਡਾਂ ਦੀ ਵਰਤੋਂ ਜਿਸ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਕੀਤੀ ਗਈ, ਉਸ ਨੇ ਦਰਸਾ ਦਿੱਤਾ ਹੈ ਕਿ ਜੇਕਰ ਕੋਈ ਇਨਕਲਾਬੀ ਸੰਗਠਨ ਇਮਾਨਦਾਰੀ ਤੇ ਠੀਕ ਸੇਧ ਵਿਚ ਸਮਾਜਿਕ ਤਬਦੀਲੀ ਤੇ ਲੋਕ ਹਿਤਾਂ ਦੀ ਰਾਖੀ ਲਈ ਯਤਨਸ਼ੀਲ ਹੈ, ਤਦ ਇਸ ਕਾਰਜ ਲਈ ਪੰਜਾਬ ਦੀ ਮਿਹਨਤਕਸ਼ ਜਨਤਾ ਵੀ ਕਿਸੇ ਕਿਸਮ ਦੀ ਕੋਈ ਥੋੜ ਨਹੀਂ ਰਹਿਣ ਦਿੰਦੀ। 
ਪੂਰਾ ਭਰੋਸਾ ਹੈ ਕਿ ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਪ੍ਰਾਂਤ ਤੇ ਦੇਸ਼ ਵਿਚ ਖੱਬੇ ਪੱਖੀ ਲਹਿਰ ਉਸਾਰਨ ਵਿਚ ਇਕ ਮੀਲ ਪੱਥਰ ਸਿੱਧ ਹੋਵੇਗੀ ਤੇ ਪਾਰਟੀ ਦੇ ਜਨ ਅਧਾਰ ਨੂੰ ਨਵੀਆਂ  ਬੁਲੰਦੀਆਂ ਤੱਕ ਲੈ ਕੇ ਜਾਣ ਦੇ ਸਮਰੱਥ ਬਣੇਗੀ। 

No comments:

Post a Comment