Friday, 1 May 2015

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਅਪ੍ਰੈਲ-ਮਈ 2015)

ਪਾਕਿਸਤਾਨੀ ਕਹਾਣੀ

ਮੁੰਨਾ ਕੋਹ ਲਹੌਰ 

- ਅਫ਼ਜ਼ਲ ਅਹਿਸਨ ਰੰਧਾਵਾ 
'ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿਚ ਜੰਨਤ ਦੀਆਂ ਮੌਜਾਂ ਮਾਨਣਾ ਤੇ ਚੋਰ ਚੋਰੀ ਕਰ ਕੇ ਆਪਦੇ ਬਾਲ-ਬੱਚੇ ਨਾਲ ਬੁੱਲ੍ਹੇ ਲੁੱਟਦਾ। ਤੇ ਇੰਙ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ...।''
''ਕਹਾਣੀ ਦਾ ਮੁੱਢ ਈ ਬੇਢੰਗਾ ਏ!'' ਦਾਰੀ ਜੁਲਾਹਾ ਬੋਲ ਪਿਆ, ''ਅਗਾਂਹ ਕਹਾਣੀ ਕੀ ਹੋਣੀ ਏ?'
ਕਹਾਣੀ ਸੁਣਾਉਂਦਾ ਬਾਬਾ ਭੋਜ ਵਿਚੋਂ ਟੋਕੇ ਜਾਣ ਤੇ ਭੁੜਕ ਡੰਡੀਓਂ ਪਾਰ ਹੋਇਆ। ਦਾਰੀ ਨੂੰ ਝਈ ਲੈ ਕੇ ਪਿਆ : 
''ਅਗਾਂਹ ਤੇ ਤੇਰੀ ਮਾਂ ਨੇ ਜੋ ਹੋਣਾ, ਸੋ ਹੋਣਾ ਏਂ, ਪਹਿਲਾਂ ਤੂੰ ਇਹ ਦੱਸ! ਕਹਾਣੀ ਦਾ ਮੁੱਢ ਕਿਵੇਂ ਬੇਢੰਗਾ ਏ?''
ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆ। ਹੱਸ ਕੇ ਕਹਿਣ ਲੱਗਾ, ''ਤੂੰ ਤੇ ਆਖਦਾ ਹੁੰਦੇ ਏਂ ਭਈ ਚੋਰਾਂ ਦੇ ਘਰ ਕਦੀ ਦੀਵਾ ਹੀ ਨਹੀਂ ਬਲਦਾ ਹੁੰਦਾ। ਹੁਣ ਆਪ ਹੀ ਦੱਸਦਾ ਏਂ ਭਈ ਚੋਰ ਆਪਦੇ ਬਾਲ-ਬੱਚੇ ਨਾਲ ਬੁੱਲ੍ਹੇ ਲੁਟਦਾ ਹੁੰਦਾ ਸੀ ਤੇ ਨਾਲ ਸਾਧ ਪਕੌੜੇ ਵੇਚਣ ਮਗਰੋਂ ਵੀ ਸਾਧ ਹੀ ਰਿਹਾ?''
ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅੱਪੜਿਆ-''ਬਾਬਾ! ਦਾਰੀ ਦੀ ਗੱਲ ਨੂੰ ਚਿਥ ਜ਼ਰਾ! ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸਕੇ ਭਰਾ ਨਹੀਂ ਤੇ ਤਾਏ ਚਾਚੇ ਦੇ ਪੁੱਤਰ ਭਰਾ ਤੇ ਜ਼ਰੂਰ ਹੁੰਦੇ ਨੇ...। ਇਕ ਨੇ ਗਾਹਕ ਨੂੰ ਲੁੱਟਣਾ, ਇਕ ਨੇ ਸਾਕ ਨੂੰ...''
ਬਾਬੇ ਭੋਜ, ਮਾਸਟਰ ਦੀ ਸੁਣੀ ਅਣਸੁਣੀ ਕਰਦਿਆਂ ਕਿਹਾ, ''ਦੀਵਾ ਨਹੀਂ ਬਲਦਾ ਕਦੇ ਤੇਰੇ ਜਹੇ ਰੱਬ ਦੇ ਮਾਰੇ ਚੋਰ ਦੇ ਘਰ, ਜਿੰਨ੍ਹੇ ਸਵੇਰੇ ਉਠ ਕੇ ਮਸੀਤੇ ਜਾ ਕੇ ਨਾਹਵਣ ਤੋਂ ਪਹਿਲੋਂ ਮਸੀਤ ਦਾ ਤੇਲ ਚੋਰੀ ਕਰ ਕੇ ਮਲਣਾ ਹੁੰਦਾ ਏ।''
ਬਾਬੇ ਦੀ ਗੱਲ ਅਜੇ ਵਿਚ ਈ ਸੀ, ਦਾਰੀ ਹੱਸ ਕੇ ਕਹਿਣ ਲੱਗਾ, ''ਰੋਜ ਸਵੇਰੇ ਮੂੰਹ ਹਨੇਰੇ ਖੂਹੀ 'ਚੋਂ ਸੌ ਬੋਕਾ ਕੱਢ ਕੇ ਸਕਾਵੇ ਤੇ ਟੂਟੀਆਂ ਭਰਨਾ ਆਂ ਮਸੀਤ ਦੀਆਂ। ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇਕ ਬੌਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ। ਤੇ ਜੇ ਕਦੇ ਮੈਂ ਕੁੱਜੇ 'ਚੋਂ ਤੇਲ ਦਾ ਚੋਆਂ ਲੈ ਲੈਨਾਂ ਆਂ ਤੇ ਗੁਨਾਹ ਕੀ ਹੋਇਆ? ਅੱਲ੍ਹਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ?'' 
ਦਾਰੀ ਦੀ ਗਲ ਦੇ 'ਹੋਰ ਕਿੱਥੋਂ ਲਵਾਂ' ਵਾਲੇ ਟੋਟੇ 'ਤੇ ਬਾਬੇ ਦਾ ਹਾਸਾ ਨਿਕਲ ਗਿਆ, ਬੋਲਿਆ, 'ਪੁਤਰਾ! ਜੇ ਕਦੇ ਤੈਨੂੰ ਸਵੇਰੇ ਉਠ ਕੇ ਤੇਲ ਮਲ ਕੇ ਨਹਾਵਣ ਦੀ ਆਦਤ ਨਾ ਹੋਵੇ ਤੂੰ ਕਦੇ ਮਮੀਤ ਵੱਲ ਮੂੰਹ ਵੀ ਨਾ ਕਰੇਂ। ਜਾ ਕੇ ਰੋਜ ਤੇਲ ਮਲਨਾ ਏਂ। ਮਗਰੋਂ ਸਰੀਰ ਖੋਲ੍ਹਣ ਲਈ ਦਸ-ਵੀਹ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਈ ਲੈਨਾ ਏ ਨਾ? ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੋਫ਼ੀਕ ਨਹੀਂ ਹੋਈ। ਪਰ ਮੇਰੀ ਗੱਲ ਯਾਦ ਰੱਖੀਂ ਅੱਲ੍ਹਾ ਦੇ ਘਰ ਚੋਰੀ ਕਰਨਾ ਏਂ-ਕੋਹੜਾ ਹੋ ਕੇ ਮਰੇਂਗਾ। ਕੀੜੇ ਖਾਣਗੇ ਏਸ ਸਰੀਰ ਨੂੰ।''
... ਖ਼ੌਰੇ ਕੋਹੜੇ ਹੋਣ ਯਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ। ਸਫਾਈ ਦੇਂਦਿਆਂ ਕਹਿਣ ਲੱਗਾ : ''ਸਹੁੰ ਬੇਬੇ ਦੀ! ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੀ ਜ਼ੁੰਮੇਰਾਤ ਨੂੰ ਤੇ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾਇਆ ਏ।''
''ਹੁਣ ਤੂੰ ਮਸੀਤੋਂ ਤੇਲ ਚੋਰੀ ਕਰ ਕੇ ਨਹੀਂ ਮਲਦਾ-ਹੁਣ ਤੇ ਤੂੰ ਬਸ ਪੱਠੇ ਵੱਢਨਾਂ ਏਂ ਚੋਰੀ!'' ਬਾਬੇ ਭੋਜ ਖ਼ੌਰੇ ਦਾਰੀ ਦੀ ਪਹਿਲੀ ਸਫਾਈ ਮੰਨ ਲਈ ਸੀ। 
ਦਾਰੀ ਆਪਣੀ ਵਾਹੀ, ''ਲੈ ਭਲਾ ਬਾਬਾ! ਪੱਠੇ ਮੈਂ ਕਿੰਨੇ ਕੁ ਵੱਢਨਾਂ ਆਂ? ਇਕ ਤੇ ਬੱਕਰੀ ਜਿੱਡੀ ਗਾਂ ਏ ਤੇ ਇਕ ਬਿੱਲੀ ਜਿੱਡੀ ਵੱਛੀ। ਨਾਲੇ ਪੱਠੇ ਮੈਂ ਕਿਹੜੇ ਰੋਜ ਵੱਢਨਾਂ ਆਂ? ਇਕ ਅੱਧਾ ਡੰਗ ਤੇ ਮੈਂ ਘਾਹ ਖੋਤਰ ਕੇ ਪਾ ਲੈਨਾਂ ਤੇ ਵਿਚੋਂ ਇਕ ਅੱਧਾ ਡੰਗ ਪੱਠੇ ਵੱਢ ਲਿਆਉਨਾਂ, ਉਹ ਵੀ ਉਸ ਸ਼ੂਮ  ਜੱਟ ਦੇ, ਜਿਹੜਾ ਮੰਗਿਆਂ ਨਹੀਂ ਦੇਂਦਾ। ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਏ ਭਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀਂ। ਉਹ ਵੀ ਹੱਸ ਛੱਡਦਾ ਏ ਤੇ ਮੈਂ ਵੀ। ਬਾਬਾ! ਤੂੰ ਹੀ ਦੱਸ ਆਪਣੇ ਦੀਨ ਈਮਾਨ ਨਾਲ, ਜੇ ਦਾਰੀ ਆਪਣੀ ਗਾਂ ਲਈ ਏਸ ਆਪਣੇ ਪਿੰਡ ਵਿਚੋਂ ਪੱਠੇ ਨਾ ਵੱਢੇ ਤੇ ਕਿਥੋਂ ਵੱਢੇ? ਪਿੰਡੋਂ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਭਨਾ ਲਏ?''
ਬਾਬੇ ਭੋਜ ਦਾ ਫੇਰ ਹਾਸਾ ਡੁੱਲ੍ਹ ਪਿਆ। ਹੱਸਦਿਆਂ ਹੱਸਦਿਆਂ ਬੋਲਿਆ, ''ਓਇ ਬੰਦਾ! ਤੈਨੂੰ ਸੌ ਵਾਰੀ ਆਖਿਆ ਏ ਜਦੋਂ ਕਿਤੋਂ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ। ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ। ਐਵੇਂ ਹਰਾਮ ਮੌਤੇ ਨਾ ਮਾਰਿਆ ਜਾਵੀਂ ਕਿਤੇ। ਓਇ ਚੋਰੀ ਪੱਠੇ ਵੱਢਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ। ਧੇਲਾ ਮੁੱਲ ਨਹੀਂ ਪੈਂਦਾ ਅਜਿਹੇ ਬੰਦੇ ਦਾ।''
''ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ, ਜਿਸ ਪੱਠਿਆਂ ਦੇ ਰੁੱਗ ਤੋਂ ਮਾਰ ਹੀ ਘੱਤਣਾ ਹੋਵੇ। ਮੈਂ ਤਾਂ ਉਹਨਾਂ ਦੇ ਵੱਢਨਾਂ ਆਂ, ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪ ਆਪੇ ਪੱਚੀ ਹੋ ਜਾਵੇ।'' ਦਾਰੀ ਚਹਿਕਦਿਆਂ ਗੱਲ ਟੌਰੀ, ''ਸੁਣਿਆ ਨਹੀਓਂ ਬਾਬਾ! ਇਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਭੰਨਿਆ, ਪਰ ਸੰਨ੍ਹ 'ਤੇ ਹੀ ਫੜਿਆ ਗਿਆ। ਭੈਣ ਤੇ ਭਾਣਜੇ ਭਲਾ ਕੀ ਆਖਣਾ ਸੀ? ਸਗੋਂ ਰੋਟੀ ਪਾਣੀ ਖਵਾ ਕੇ ਘੱਲਿਓ ਨੇ। ਚੋਰ ਪਿਛਾਂਹ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ। ਫੜੇ ਜਾਣ ਉਤੇ ਅੱਪੜਿਆ ਤਾਂ ਦੱਸਿਓ ਸੂ, 'ਮੈਨੂੰ ਫੜਨ ਵਾਲੇ ਵੀ ਭੈਣ ਤੇ ਭਣੂਜਾ ਆਏ।' .. ਬੇਲੀਆਂ ਦੇ ਇਹ ਪੁੱਛਣ ਤੇ 'ਭਈ ਫੇਰ ਕੀ ਹੋਇਆ?'' ਹੱਸ ਕੇ ਆਖਣ ਲੱਗਾ 'ਹੋਣਾ ਕੀ ਸੀ? ਮੈਨੂੰ ਵੇਖ ਕੇ ਮੇਰੀ ਭੈਣ ਤੇ ਭਣੂਜਾ ਢੇਰ ਪੱਚੀ ਹੋਏ।''
ਬਾਬਾ ਤੇ ਮਾਸਟਰ ਹੱਸ ਪਏ। ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ ''ਗੱਲਾਂ ਦਾ ਖੱਟਿਆ ਖਾਨਾਂ ਏਂ।''
ਉਸਤਾਦ ਖੰਘਦਾ ਪੈਰ ਘਸੀਟ ਘਸੀਟ ਕੇ ਟੁਰਦਾ ਮੰਡਲੀ ਵਿਚ ਆ ਰਲਿਆ। 
'ਆ ਉਸਤਾਦਾ! ਬਾਬੇ ਭੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁੱਛਿਆ 'ਸੁਣਾ ਵੱਲ ਏਂ?''
''ਵੱਲ ਹੁਣ ਕੀ ਹੋਣਾ ਏਂ?'' ਦਸ ਕਦਮ ਟੂਰਨ ਨਾਲ ਅਜੇ ਤੀਕ ਬੁਢੇਪੇ, ਉਸਤਾਦ ਨੂੰ ਸਾਹ ਚੜ੍ਹਿਆ ਹੋਇਆ ਸੀ। ਨਿਢਾਲ ਜਿਹੀ ਵਾਜ ਵਿਚ ਕਹਿਣ ਲੱਗਾ ''ਜੇ ਲੰਮੇ ਪੈ ਜਾਈਏ ਤਾਂ ਉਠ ਕੇ ਨਹੀਂ ਬੈਠਾ ਜਾਂਦਾ। ਜੇ ਜ਼ੋਰ ਲਾ ਲੂ ਕੇ ਉਠ ਹੀ ਬਹੀਏ ਤੇ ਪੈਰੀਂ ਨਹੀਂ ਖਲੋਤਾ ਜਾਂਦਾ। ਜੇ ਮਰ ਖਪ ਕੇ ਪੈਰੀਂ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤੱਕ ਦੱਸ ਕਰਊਂ ਟੁਰ ਹੀ ਆਈਏ ਤੇ ਫਿਰ ਘੜੀ ਚੰਗੀ ਤੇ ਸਾਹ ਹੀ ਵਾਹਰਾ ਨਹੀਂ ਹੁੰਦਾ। ਲੱਖ ਲਾਹਨਤ ਆਖ ਏਸ ਬੁਢੇਪੇ ਨੂੰ।''
ਉਸਤਾਦ ਦੀ ਗਰਿਅ ਜ਼ਾਹੀ 'ਤੇ ਦਾਰੀ ਢੀਠਾਂ ਵਾਂਗ ਹੱਸ ਕੇ ਕਹਿਣ ਲੱਗਾ ''ਉਸਤਾਦ ਸਿਆਣੇ ਆਖ ਗਏ ਨੇ ਜਵਾਨੀ ਬੜੀ ਚੀਜ਼ ਹੈ। ਬੁਢਾਪਾ ਬੜਾ ਲਾਅਨਤੀ।'' ਸਣੇ ਉਸਤਾਦ ਸਾਰੇ ਹੱਸ ਪਏ। 
ਭੋਜ ਤੇ ਉਸਤਾਦ ਸੱਤਰ-ਅੱਸੀ ਦੇ ਪੇਟੇ ਵਿਚ ਪੁਰਾਣੇ ਸੰਗੀ ਸਨ। ਦੋਵੇਂ ਹਾਣੀ। ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹ ਕੇ ਆਪਣੇ ਆਪਣੇ ਕੰਮ ਲੱਗ ਗਏ। ਭੋਜ ਵਾਹੀ ਜੋਤੀ ਵਿਚ ਤੇ ਉਸਤਾਦ ਭਾਂਡੇ ਬਣਾਉਣ ਤੇ ਖੋਤਿਆਂ 'ਤੇ ਭਾਰ ਢੋਣ ਵਿਚ... ਭੋਜ ਦੀ ਵਾਹੀ ਜੋਤੀ ਉਹਦੇ ਪੁੱਤਰ ਪੋਤਰਿਆਂ ਸਾਂਭ ਲਈ ਤੇ ਉਸਤਾਦ ਦੀ ਥਾਂ ਉਹਦਾ ਭਰਾ ਚੱਕ 'ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ, ਆਵੀ ਚਾੜ੍ਹ ਕੇ ਪਕਾਉਂਦਾ ਤੇ ਪਿੰਡੋ-ਪਿੰਡ ਵੇਚਦਾ। ਉਹਦਾ ਭਤੀਜਾ... ਉਸਤਾਦ ਦੀ ਤਾਂ ਨਾ ਰੰਨ, ਨਾ ਕੰਨ। ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿਧਰੋਂ ਰੰਨ ਦਾ ਅਜਿਹਾ ਟੋਟਾ ਨਾ ਲੱਭਾ, ਜਿਹਨੂੰ ਘਰਵਾਲੀ ਆਖਦੇ ਨੇ। ਤੇ ਪਤਾ ਨਹੀਂ ਉਹਨੂੰ ਉਸਤਾਦ ਕਿਉਂ ਆਖਦੇ। ਇਹਨਾਂ ਦੋ ਬਾਬਿਆਂ ਦੇ ਦੋ ਹੋਰ ਯਾਰ ਸਨ। ਇਕ ਅੱਧਖੜ ਉਮਰ ਦਾ ਸੱਯਦ ਮਾਸਟਰ ਤੇ ਇਕ ਜਵਾਨ ਉਮਰ ਦਾ ਦਾਰੀ ਜੁਲਾਹਾ। ਓਦਣ ਵੀ ਉਹ ਚਾਰੇ ਈ ਰੋਜ਼ ਵਾਂਙ ਬਾਬੇ ਭੋਜ ਦੀ ਹਵੇਲੀ ਵਿਚ ਬੈਠ ਕੇ ਰਾਤੀਂ ਏਧਰ ਉਧਰ ਦੀਆਂ ਮਾਰ ਰਹੇ ਸਨ : 
''ਬਾਬਾ ਅਗਾਂਹ ਟੁਰ ਹੁਣ!'' ਦਾਰੀ ਬਾਬੇ ਨੂੰ ਆਖਿਆ। 
''ਬੜਾ ਟੁਰੇ ਆਂ ਆਪਣੀ ਉਮਰ ਵਿਚ ਪੁੱਤ!'' ਬਾਬੇ ਭੋਜ ਨੇ ਚਮਕ ਕੇ ਕਿਹਾ ''ਏਥੋਂ ਤਰੀਕ ਭੁਗਤਣ ਟੁਰਦੇ ਲਹੌਰ ਜਾਂਦੇ... ਪੂਰੇ ਅੱਸੀ ਕੋਹ!... ਪਿੰਡੋਂ ਰੋਟੀ ਪੱਲੇ ਬੰਨ੍ਹ ਕੇ, ਅੱਲ੍ਹਾ ਦਾ ਨਾਂ ਲੈ ਕੇ ਮਾਰਦੇ ਨਾਅਰਾ : 
''ਬੱਧੇ ਵਾਰ ਮੁਸਾਫਰਾਂ ਤੇ ਮੁੰਨਾ ਕੋਹ ਲਹੌਰ!
''ਤੇ ਪੈਂਡੇ ਠਿਲ੍ਹ, ਤੀਜੇ ਦਿਨ ਮੂੰਹ ਹਨੇਰੇ ਜਾ ਵੜਦੇ ਲਹੌਰ... ਤੇ ਤਰੀਕ ਭੁਗਤ ਕੇ ਸਾ ਦਿਹਾੜੀ ਮੁੜ ਪੈਂਦੇ ਪਿਛਾਂਹ ਤੇ ਛਾਲਾਂ ਮਾਰਦੇ ਦੋ ਦਿਨਾਂ ਵਿਚ ਪਿੰਡ ਆ ਅੱਪੜਦੇ ਤੇ ਅਗਲੇ ਦਿਨ ਉਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ... ਓਇ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ, ਜਿਨ੍ਹੇ ਦੋ ਕੋਹ ਜਾਣਾ ਹੋਵੇ ਤੇ ਅੱਧਾ ਦਿਨ ਟੇਸ਼ਨ 'ਤੇ ਬਹਿ ਕੇ ਗੱਡੀ ਉਡੀਕਦਾ ਰਹਿਨਾਂ ਏਂ।''
ਮਾਸਟਰ ਬਹੁਤਾ ਗਾਲੜੀ ਨਹੀਂ ਸੀ ਪਰ ਬੋਲਣੋਂ ਰਹਿ ਨਾ ਸਕਿਆ। ''ਗੱਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ! ਸਵੇਰੇ ਚੜ੍ਹੋ ਗੱਡੀ ਤੇ ਲਹੌਰੋਂ ਤਰੀਕ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ। ਜਿਹੜਾ ਪੈਂਡਾ ਤੁਸੀਂ ਛਿਆਂ ਦਿਨਾਂ ਵਿਚ ਕਰਦੇ ਸਓ, ਹੁਣ ਛੇਆਂ ਘੰਟਿਆਂ ਵਿਚ ਨਿਬੜ ਜਾਂਦਾ ਏ ਤੇ ਨਾ ਪੈਂਦੇ ਨੇ ਪੈਰੀਂ ਛਾਲੇ ਤੇ ਨਾ ਚੜ੍ਹਦੀਆਂ ਨੇ ਖੁੱਚਾਂ... ਅਮਾਨ ਨਾਲ ਗੱਡੀ ਵਿਚ ਬਹਿ ਕੇ ਭਾਵੇਂ ਸੌਂ ਰਵ੍ਹੋ।''
ਦਾਰੀ ਸਫਾਈ ਦੇਂਦਿਆਂ ਤਰਲਾ ਵਾਹਿਆ ''ਮੈਂ ਤਾਂ ਆਖਿਆ ਸੀ ਗੱਲ ਨੂੰ ਅਗਾਂਹ ਟੋਰੋ!''
''ਕਿਹੜੀ ਗੱਲ?'' ਬਾਬੇ ਭੋਜ ਬੇਧਿਆਨੀ ਤੇ ਆਰਾਮ ਨਾਲ ਪੁਛਿਆ। ਬਹੁਤ ਵਾਰੀ  ਇੰਙ ਹੀ ਹੁੰਦਾ ਕਿ ਗੱਲ ਵਿਚੋਂ ਹੋਰ ਗੱਲ ਟੁਰ ਪੈਂਦੀ, ਵਿਚੋਂ ਹੋਰ ਤੇ ਹੋਰ। ਅਸਲ ਗੱਲ ਕਿਤੇ ਪਿਛਾਂਹ ਦੂਰ ਰਹਿ ਜਾਂਦੀ ਤੇ ਰੌਲੇ ਵਿਚ ਵਿੱਸਰ ਜਾਂਦੀ। 
'ਪਕੌੜੇ ਵੇਚਣ ਵਾਲੇ ਸਾਧ ਤੇ ਚੋਰ ਦੀ ਗੱਲ?'' ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ। 
''ਹਾਹੋ! ਹੱਛਾ!'' ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ ''ਹੁਣ ਵਿਚ ਨਾ ਬੋਲੀਂ ਤੇ ਤੈਨੂੰ ਇਕ ਗੱਲ ਸੁਣਾਵਾਂ ਸੱਚੀਂ!''
ਸੱਚੀ ਗੱਲ ਦੇ ਨਾਂਅ ਤੇ ਉਸਤਾਦ ਕੰਨ ਚੁੱਕੇ। ਇਕ ਦੋ ਵਾਰੀ ਆਪਣੀ ਕਤਰਾਵੀਂ ਖਿਚੜੀ ਦਾੜ੍ਹੀ ਵਿਚ ਖੁਰਕ ਕੇ ਕਹਿਣ ਲੱਗਾ ''ਸੱਚ ਵੀ ਕਿੰਙ ਦਾ ਗਹਿਣਾ ਏ? ਜਿਹੜੀ ਗੱਲ ਦੇ ਗਲ਼ ਵਿਚ ਪਾ ਦਿਓ, ਗੱਲ ਫੱਟ ਜਾਂਦੀ ਏ।'' ਬਾਬੇ ਭੋਜ ਗੱਲ ਟੋਰੀ। ''ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇਕ ਗਾਹਕ ਅਜਿਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਡਕਾਰ ਮਾਰ ਕੇ ਮੁੱਛਾਂ 'ਤੇ ਹੱਥ ਫੇਰਦਾ, ਪੈਸੇ ਦਿਤਿਓਂ ਬਗੈਰ ਚਲਾ ਜਾਂਦਾ ਹੁੰਦਾ। ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ, ਨਾ ਹੀ ਗਾਹਕ ਕੁਝ ਦੇਂਦਾ। ਹੱਟੀ ਵਾਲਾ ਸੋਚਦਾ ਮੁਫ਼ਤੌੜੇ ਗਾਹਕ ਨੂੰ ਕਦੇ ਤਾਂ ਹਯਾ ਆਊ ਤੇ ਓੜਕ ਇਕ ਨ ਇਕ ਦਿਨ ਉਹ ਏਸ ਰੋਜ਼ ਦੇ ਧਰੋਹ ਤੋਂ ਮੁੜ ਜਾਊ। ਪਰ ਨਾ ਤਾਂ ਮੁਫ਼ਤੌੜੇ ਗਾਹਕ ਨੂੰ ਹਯਾ ਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਤਾਇਆ। ਪਤਾ ਨਹੀਂ ਮਾੜੇ ਹੋਣ ਪਾਰੋਂ ਯਾਂ ਭਲੇਮਾਣਸ ਹੋਣ ਕਾਰਨ! ਤੇ ਇਹ ਕੰਮ ਵਰ੍ਹਾ-ਦੋ ਚਲਦਾ ਰਿਹਾ।''
ਦਾਰੀ ਰਹਿ ਨਾ ਸਕਿਆ, ਆਖਣ ਲੱਗਾ ''ਹੱਟੀ ਵਾਲਾ ਦੇਂਦਾ ਅਰਜੀ ਪਰਚਾ ਠਾਣੇ ਵਿਚ। ਆਪੇ ਲੈ ਜਾਂਦੇ ਬੰਨ੍ਹ ਕੇ, ਅਜਿਹੇ ਧੱਕੇਸ਼ਾਹੀ ਕਰਨ ਵਾਲੇ ਗਾਹਕ ਨੂੰ ਤੇ ਦਮੜੀ ਦੇ ਨਾਲ ਚਮੜੀ ਵੀ ਲਾਹ ਦੇਂਦੇ ਅਗਲੇ।''
ਟੋਕੇ ਜਾਣ ਤੇ ਬਾਬਾ ਭੋਜ ਦਾਰੀ ਨੂੰ ਟੁੱਟ ਕੇ ਪੈ ਗਿਆ ''ਤੇਰਾ ਪਿਓ ਠਾਣਾ ਉਦੋਂ ਹੁੰਦਾ ਨਹੀਂ ਸੀ ਤੇ ਫਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ। ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤੀਕਰ ਹੁੰਦੀ ਹੋਊ?''
''ਹੱਛਾ ਭਲਾ! ਫੇਰ?'' ਦਾਰੀ ਬਾਬੇ ਵੱਖ ਵੇਖਿਆ। 
''ਫੇਰ ਇਕ ਦਿਹਾੜੀ ਮੁਫ਼ਤੌੜਾ ਗਾਹਕ ਮੁੱਛਾਂ ਨੂੰ ਤਾਅ ਦੇਂਦਾ ਆਇਆ। ਵੇਖਦਾ ਕੀ ਏ? ਪਕੌੜਿਆਂ ਵਾਲੇ ਦੀ ਭੱਠੀ ਤੇ ਕੜਾਹੀ ਧੋਤੀ ਮਾਂਜੀ ਮੂਧੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਏ।''
''ਕੀ ਹੋਇਆ? ਅੱਜ ਪਕੌੜੇ ਨਹੀਂ ਕੱਢੇ ਭਲਿਆ?'' ਉਹਨੇ ਪੁੱਛਿਆ! 'ਜੋ ਹੈ ਸੀ ਤੂੰ ਖਾ ਗਿਆ ਏਂ, ਵਰ੍ਹੇ ਦੋਹੀਂ ਵਿਚ। ਮੇਰੀ ਰਾਸ ਮੁੱਕ ਗਈ ਏ। ਹੁਣ ਕਾਹਦੇ ਨਾਲ ਕੱਢਾਂ ਪਕੌੜੇ?' ਹੱਟੀ ਵਾਲੇ ਰੌਂਦੀ ਆਵਾਜ਼ ਵਿਚ ਕਿਹਾ। 
'ਅਗਲੇ ਦਿਨ ਕੀਤੇ ਹੋਏ ਇਕਰਾਰ 'ਤੇ ਗਾਹਕ ਅੱਪੜਿਆ। ਇਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ : ਕਦੇ ਪਹਿਲਾਂ ਦੱਸ ਦੇਂਦੋ ਤਾਂ ਤੇਰੀ ਭੱਠੀ ਠੰਢੀ ਕਦੀ ਨਾ ਹੁੰਦੀ। ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ, ਫੇਰ ਫੂਕ ਮਾਰ ਛੱਡੀਂ ਮੇਰੇ ਕੰਨ ਵਿਚ। ਤੇ ਹੱਟੀ ਵਾਲੇ ਨੂੰ ਹੈਰਾਨ ਪ੍ਰੇਸ਼ਾਨ ਛੱਡ ਕੇ ਚਲਦਾ ਹੋਇਆ। 
''ਪੋਟਲੀ ਸੋਨੇ ਦੀਆਂ ਮੋਹਰਾਂ, ਟੂੰਬਾਂ ਤੇ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ। ਪਕੌੜਿਆਂ ਵਾਲੇ ਏਨੀ ਦੌਲਤ ਕਦੇ ਖਾਬ ਵਿਚ ਵੀ ਨਹੀਂ ਸੀ ਦੇਖੀ। 
''ਸੱਤ-ਅੱਠ ਦਿਹਾੜੀਆਂ ਮਗਰੋਂ ਸ਼ਹਿਰ ਵਿਚ ਇਕ ਨਾਮੀ-ਗਰਾਮੀ ਚੋਰ ਨੂੰ ਸੂਲੀ ਚਾੜ੍ਹਨ ਦੀ ਡੋਨੀ (ਡੋਂਡੀ) ਪਿੱਟੀ ਗਈ, ਜਿਨ੍ਹੇ ਇਕ ਸਰਦਾਰ ਦਾ ਝੁੱਗਾ ਭੰਨਿਆ ਸੀ। ਤੇ ਉਤੋਂ ਚੋਰੀ ਨਹੀਂ ਸੀ ਮੰਨਦਾ। ਮਾਲ ਨਹੀਂ ਸੀ ਦੇਂਦਾ। ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿਚ ਦਿੱਤੀ ਜਾਣੀ ਸੀ ਤੇ ਸਾਰਾ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ, ਵਿਚ ਉਹ ਪਕੌੜਿਆਂ ਵਾਲਾ ਵੀ ਸੀ। ਪਕੌੜਿਆਂ ਵਾਲੇ ਸੂਲੀ ਦੇ ਥੜ੍ਹੇ ਤੇ ਕੱਸੀਆਂ ਮੁਸ਼ਕਾਂ, ਬੱਧੇ ਅਤੇ ਖਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਹਾਣ (ਪਛਾਣ) ਲਿਆ ਤੇ ਪਲ ਭਰ ਵਿਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ। ਚੋਰੀ ਦਾ ਮਾਲ ਮੋੜਿਆਂ ਖੌਰੇ ਚੋਰ ਦੀ ਜਾਨ ਬੱਚ ਜਾਏ, ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ਚੀਰਦਾ ਸੂਲੀ ਦੇ ਥੜ੍ਹੇ ਵੱਲ ਵਧਿਆ। ਜ਼ਰਾ ਨੇੜੇ ਹੋਇਆ ਤੇ ਉਸ ਹੱਥ ਚੁੱਕਿਆ ਬੋਲਣ ਲਈ। ਪਰ ਓਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ। ਚੋਰ ਨੇ ਖ਼ੌਰੇ ਉਹਦੀਆਂ ਅੱਖਾਂ ਵਿਚ ਪੜ੍ਹ ਲਿਆ ਸੀ, ਹੱਸਿਆ ਤੇ ਉਚੀ 'ਵਾਜ ਨਾਲ ਜਿਵੇਂ ਸਾਰੀ ਖਲਕਤ ਨੂੰ ਸੁਣਾ ਕੇ ਕਹਿਣ ਲੱਗਾ ''ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਈ ਦੇਣਾ ਏ। ਏਸ ਲਈ ਜਿਸ ਭਲੇਮਾਣਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ। ਜੇ ਉਹ ਸਾਰਾ ਨਾਂ ਵੀ ਰੱਖਣਾ ਚਾਹਵੇ ਤੇ ਜਿੰਨਾ ਮੈਂ ਉਹਦਾ ਕਰਜ਼ਾ ਦੇਣਾ ਏ, ਉਹ ਰੱਖ ਕੇ ਬਾਕੀ ਮਾਲ 'ਚੋਂ ਸ਼ਹਿਰ ਵਿਚ ਲੋਕਾਂ ਲਈ ਖੂਹ  ਲਵਾ ਦੇਵੇ ਤੇ ਸਰਾਂ ਬਣਵਾ ਦੇਵੇ।''
''ਤੇ ਚੋਰ ਸੂਲੀ ਚੜ੍ਹ ਗਿਆ...'' ਬਾਬਾ ਭੋਜ ਖਲੋ ਗਿਆ, ਗੱਲ ਕਰਦਾ ਖ਼ੌਰੇ ਸਾਹ ਲੈਣ ਲਈ।
''ਤੇ ਫੇਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਮੁਸਾਫਰਾਂ ਲਈ ਸਰਾਂ? ਮੋਇਆਂ ਦੇ ਥੇਹ ਵਿਚ।'' ਦਾਰੀ ਹੱਸ ਕੇ ਕਹਿਣ ਲੱਗਾ ''ਖਾ ਗਿਆ ਹੋਣਾ ਏ ਹੱਟੀ ਵਾਲਾ ਸਾਰਾ ਕੁਝ।''
''ਨਹੀਂ ਭਾਈ!'' ਬਾਬੇ ਭੋਜ ਕਿਹਾ, ''ਓਦੋਂ ਅਜੇ ਲੋਕਾਂ ਵਿਚ ਈਮਾਨ ਦੀ ਰੱਤੀ ਹੈ ਸੀ। ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿਚ ਦਸ ਖੂਹ ਲਵਾ ਦਿੱਤੇ ਤੇ ਇਕ ਸਰਾਂ ਬਣਵਾ ਦਿੱਤੀ ਮੁਸਾਫ਼ਰਾਂ ਲਈ...। ਕਈ ਸਦੀਆਂ ਲਹੌਰ ਸ਼ਹਿਰ ਦੇ ਲੋਕ ਤੇ ਲਹੌਰ ਵਿਚ ਬਾਹਰੋਂ ਆਵਣ ਵਾਲੇ ਮੁਸਾਫਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦੁਆਵਾਂ ਦੇਂਦੇ ਰਹੇ।''
''ਸਦੀਆਂ?'' ਮਾਸਟਰ ਹੈਰਾਨ ਹੋ ਕੇ ਪੁੱਛਿਆ।
''ਆਹੋ!'' ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿਚ ਵੇਖ ਕੇ ਕਿਹਾ ''ਇਹ ਗੱਲ ਕੋਈ ਚਾਰ ਸਦੀਆਂ ਪੁਰਾਣੀ ਏ, ਪਰ ਸੱਚੀ ਏ। ਏਸ ਕਰਕੇ ਅੱਜ ਵੀ ਜਿਉਂਦੀ ਏ।''
''ਸੱਚ ਕਦੇ ਪੁਰਾਣਾ ਨਹੀਂ ਹੁੰਦਾ।... ਸੱਚ ਕਦੇ ਬੁੱਢਾ ਨਹੀਂ ਹੁੰਦਾ। ਸੱਚ ਕਦੇ ਨਹੀਂ ਮਰਦਾ।'' ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉਠਦਿਆਂ ਹੋਇਆਂ ਦੋ ਟੁੱਕ ਤਰੀਕੇ ਨਾਲ ਗੱਲ ਕੀਤੀ। 

No comments:

Post a Comment