Friday, 1 May 2015

ਹਰ ਪੱਖੋਂ ਸਫਲ ਰਹੀ ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ

ਵਿਸ਼ੇਸ਼ ਰਿਪੋਰਟ

- ਇੰਦਰਜੀਤ ਚੁਗਾਵਾਂ
ਇਕ ਜਿਊਂਦੀ-ਜਾਗਦੀ ਕਮਿਊਨਿਸਟ ਪਾਰਟੀ ਲਈ ਇਹ ਲਾਜ਼ਮੀ ਹੈ ਕਿ ਉਸ ਕੋਲ ਇਕ ਮਜ਼ਬੂਤ ਜਥੇਬੰਦਕ ਢਾਂਚਾ ਹੋਵੇ ਜਿਹੜਾ ਵਿਚਾਰਧਾਰਕ ਪੱਖੋਂ ਪ੍ਰਪੱਕ ਹੋਵੇ ਅਤੇ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਸਮੇਂ ਸਿਰ ਦਾਅਪੇਚਕ ਸੇਧ ਤੈਅ ਕਰਨ ਦੀ ਸਮਰੱਥਾ ਵੀ ਰੱਖਦਾ ਹੋਵੇ। ਸੀ.ਪੀ.ਐਮ.ਪੰਜਾਬ ਦੀ ਪਠਾਨਕੋਟ 'ਚ ਸੰਪੰਨ ਹੋਈ ਚੌਥੀ ਚਾਰ ਰੋਜ਼ਾ ਜਥੇਬੰਦਕ ਕਾਨਫਰੰਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪਾਰਟੀ ਇਸ ਮਿਆਰ 'ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ। 
ਇਹ ਕਾਨਫਰੰਸ 5 ਅਪ੍ਰੈਲ ਨੂੰ ਪਠਾਨਕੋਟ ਦੇ ਬਾਹਰਵਾਰ ਸਰਨਾ ਪਿੰਡ ਦੇ ਸ਼ਕੁੰਤਲਾ ਪੈਲੇਸ 'ਚ ਵਿਸ਼ੇਸ਼ ਤੌਰ 'ਤੇ ਬਸਾਏ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਵਿਚ ਬਾਅਦ ਦੁਪਹਿਰ ਬਜ਼ੁਰਗ ਕਮਿਊਨਿਸਟ ਆਗੂ ਸਾਥੀ ਅਮਰਜੀਤ ਸਿੰਘ ਕਲਾਰ ਵਲੋਂ ਕਿਰਤੀ ਲਹਿਰ ਦਾ ਸ਼ਾਨਾਮੱਤਾ ਸੂਹਾ ਲਾਲ ਝੰਡਾ ਲਹਿਰਾਏ ਜਾਣ ਨਾਲ ਸ਼ੁਰੂ ਹੋਈ। ਸਮੁੱਚੇ ਨਗਰ ਨੂੰ ਲਾਲ ਝੰਡਿਆਂ ਤੇ ਬੈਨਰਾਂ ਨਾਲ ਖੂਬ ਸਜਾਇਆ ਗਿਆ ਸੀ। ਥਾਂ-ਥਾਂ ਉਘੇ ਕਮਿਊਨਿਸਟ ਆਗੂਆਂ, ਸਿੱਖ ਗੁਰੂਆਂ ਅਤੇ ਆਪਣੇ ਵੇਲੇ ਦੇ ਅੱਗੇ ਵਧੂ ਸਮਾਜ ਸੁਧਾਰਕਾਂ ਤੇ ਵਿਚਾਰਕਾਂ ਦੇ ਸਦੀਵੀ ਕਥਨਾਂ ਵਾਲੇ ਫਲੈਕਸ ਲੱਗੇ ਹੋਏ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਵਿਚਲੇ ਮੁੱਖ ਹਾਲ, ਜਿਸ ਨੂੰ ਕਾਮਰੇਡ ਨੇਕ ਰਾਮ ਹਾਲ ਦਾ ਨਾਂਅ ਦਿੱਤਾ ਗਿਆ ਸੀ, ਦੇ ਗੇਟ 'ਤੇ ਦੋਨ੍ਹੋਂ ਪਾਸੇ ਦੇਸ਼ ਅੰਦਰ ਕਮਿਊਨਿਸਟ ਲਹਿਰ ਉਸਾਰਨ 'ਚ ਯੋਗਦਾਨ ਪਾਉਣ ਵਾਲੇ ਆਗੂਆਂ ਦੇ ਨਾਵਾਂ ਦੇ ਬੋਰਡ ਲਾਏ ਗਏ ਸਨ ਜਿਨ੍ਹਾਂ ਵਿਚ ਕਾਮਰੇਡ ਪੀ.ਸੁੰਦਰਈਆ, ਈਐਮਐਸ ਨੰਬੂਦਰੀਪਾਦ ਤੋਂ ਲੈ ਕੇ ਕਾਮਰੇਡ ਸੱਤਪਾਲ ਡਾਂਗ, ਬਿਮਲਾ ਡਾਂਗ ਤੇ ਕਾਮਰੇਡ ਤੁਲਸੀ ਰਾਮ ਦੇ ਨਾਂਅ ਵੀ ਸ਼ਾਮਲ ਸਨ। ਇਹ ਬੋਰਡ ਇਹ ਸੁਨੇਹਾ ਦੇ ਰਹੇ ਸਨ ਕਿ ਸੀ.ਪੀ.ਐਮ.ਪੰਜਾਬ, ਬਿਨਾਂ ਕਿਸੇ ਸੰਕੀਰਨਤਾਵਾਦ ਦੇ, ਕਮਿਊਨਿਸਟ ਅੰਦੋਲਨ ਦੇ ਹਰ ਉਸਰੱਈਏ ਦਾ ਨਿਰਸੰਕੋਚ ਬਰਾਬਰ ਸਤਿਕਾਰ ਕਰਦੀ ਹੈ। 
ਸਾਥੀ ਅਮਰਜੀਤ ਸਿੰਘ ਕਲਾਰ ਵਲੋਂ ਬਾਅਦ ਦੁਪਹਿਰ ਲਾਲ ਝੰਡਾ ਲਹਿਰਾਏ ਜਾਣ ਤੋਂ ਬਾਅਦ ਇਕ ਹੋਰ ਬਜ਼ੁਰਗ ਕਮਿਊਨਿਸਟ ਸਾਥੀ ਮੁਲਖ ਰਾਜ ਨੇ ਹਵਾ 'ਚ ਫਹਿਰਾ ਰਹੇ ਝੰਡੇ ਵੱਲ ਦੇਖ ਜਦ ਇਹ ਸੁਰ ਛੇੜੀ ਕਿ ''ਸੁਣ ਮੇਰੇ ਝੰਡਿਆ, ਸੁਣ ਮੇਰੇ ਝੰਡਿਆ, ਤੈਨੂੰ ਮੈਂ ਨੀਵਾਂ ਹੋਣ ਨਹੀਂ ਦੇਣਾ, ਸੁਣ ਮੇਰੇ ਝੰਡਿਆ....'' ਤਾਂ ਸਮੁੱਚਾ ਮਾਹੌਲ ਇਨਕਲਾਬੀ ਜਜ਼ਬਾਤ ਨਾਲ ਲਬਾ-ਲਬ ਭਰ ਗਿਆ। ਇਕ ਵਾਰ ਫੇਰ 'ਲਾਲ ਝੰਡਾ, ਉਚਾ ਰਹੇ, ਲਾਲ ਝੰਡੇ ਨੂੰ ਲਾਲ ਸਲਾਮ, ਇਨਕਲਾਬ ਜ਼ਿੰਦਾਬਾਦ' ਦੇ ਜੋਸ਼ੀਲੇ ਨਾਅਰਿਆਂ ਨਾਲ ਅਸਮਾਨ ਗੂੰਜ ਉਠਿਆ। ਕਾਮਰੇਡ ਨੇਕ ਰਾਮ ਹਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਬਹੁਤ ਹੀ ਖੂਬਸੂਰਤੀ ਨਾਲ ਉਨ੍ਹਾਂ ਸਾਥੀਆਂ ਦੀ ਯਾਦ ਵਿਚ, ਜਿਹੜੇ ਕਮਿਊਨਿਸਟ ਅੰਦੋਲਨ ਦੌਰਾਨ ਵੱਖ-ਵੱਖ ਸੰਘਰਸ਼ਾਂ 'ਚ ਸ਼ਹੀਦੀਆਂ ਪਾ ਗਏ, ਇਕ ਸ਼ਹੀਦੀ ਮੀਨਾਰ ਬਣਾਇਆ ਗਿਆ ਸੀ। ਇਸ ਸ਼ਹੀਦੀ ਮੀਨਾਰ 'ਤੇ ਸੂਬਾ ਸਕੱਤਰੇਤ ਤੇ ਸੂਬਾ ਕਮੇਟੀ ਦੀ ਅਗਵਾਈ 'ਚ ਸਮੁੱਚੇ ਡੈਲੀਗੇਟਾਂ ਨੇ ਸ਼ਹੀਦਾਂ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ। 
ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਕਾਨਫਰੰਸ 'ਚ ਸ਼ਮੂਲੀਅਤ ਲਈ ਆਉਣ ਵਾਲੇ ਡੈਲੀਗੇਟਾਂ ਤੇ ਦਰਸ਼ਕਾਂ ਦੀ ਆਓ-ਭਗਤ ਲਈ ਪ੍ਰਿੰਸੀਪਲ ਭਗਵਾਨ ਦਾਸ ਸ਼ਰਮਾ ਦੀ ਅਗਵਾਈ ਹੇਠ ਇਕ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਸਕੱਤਰ ਸਾਥੀ ਨੱਥਾ ਸਿੰਘ ਤੇ ਖਜ਼ਾਨਚੀ ਮਾਸਟਰ ਦਲਬੀਰ ਸਿੰਘ ਨੂੰ ਬਣਾਇਆ ਗਿਆ। ਸਵਾਗਤੀ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਭਗਵਾਨਦਾਸ ਸ਼ਰਮਾ ਦੇ ਸਵਾਗਤੀ ਭਾਸ਼ਨ ਨਾਲ ਕਾਨਫਰੰਸ ਦਾ ਵਿਧੀਵਤ ਆਗਾਜ਼ ਹੋਇਆ। ਆਪਣੇ ਬਹੁਤ ਹੀ ਭਾਵਪੂਰਤ ਸਵਾਗਤੀ ਭਾਸ਼ਣ ਰਾਹੀਂ ਪ੍ਰਿੰਸੀਪਲ ਸ਼ਰਮਾ ਨੇ ਜਿਥੇ ਸਮੁੱਚੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ, ਉਥੇ ਉਨ੍ਹਾਂ ਤੋਂ ਇਹ ਆਸ ਵੀ ਕੀਤੀ ਕਿ ਉਹ ਇਸ ਕਾਨਫਰੰਸ ਦੌਰਾਨ ਪੂਰੀ ਸੁਹਿਰਦਤਾ ਨਾਲ ਅਜਿਹੇ ਗਹਿਰ-ਗੰਭੀਰ ਵਿਚਾਰ ਵਟਾਂਦਰੇ ਕਰਨਗੇ ਜਿਨ੍ਹਾਂ ਨਾਲ ਪੰਜਾਬ ਦੇ ਹੀ ਨਹੀਂ, ਸਮੁੱਚੇ ਭਾਰਤ ਦੇ ਕਮਿਊਨਿਸਟ ਅੰਦੋਲਨ ਨੂੰ ਮਜ਼ਬੂਤੀ ਮਿਲੇ ਕਿਉਂਕਿ ਇਹ ਹੀ ਇਕੋ ਇਕ ਅੰਦੋਲਨ ਹੈ ਜਿਹੜਾ ਕਿਰਤੀ ਜਮਾਤ ਦੀ ਸਰਦਾਰੀ ਵਾਲੇ ਨਿਜ਼ਾਮ ਦੀ ਸਥਾਪਤੀ ਰਾਹੀਂ ਸਮੁੱਚੀ ਮਾਨਵਤਾ ਦੀ ਭਲਾਈ ਦਾ ਰਾਹ ਪੱਧਰਾ ਕਰ ਸਕਦਾ ਹੈ। 
ਸਵਾਗਤੀ ਭਾਸ਼ਨ ਤੋਂ ਬਾਅਦ ਸਮੁੱਚੇ ਹਾਊਸ ਨੇ ਕੌਮਾਂਤਰੀ, ਕੌਮੀ ਤੇ ਸਥਾਨਕ ਪੱਧਰ ਤੱਕ ਦੇ ਵਿਛੜੇ ਕਮਿਊਨਿਸਟ ਆਗੂਆਂ ਤੇ ਕਾਰਕੁੰਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। 
ਹਾਊਸ ਦੀ ਪ੍ਰਵਾਨਗੀ ਨਾਲ ਕਾਨਫਰੰਸ ਦੇ ਸੰਚਾਲਨ ਲਈ ਪ੍ਰਧਾਨਗੀ ਮੰਡਲ, ਸੰਚਾਲਨ ਕਮੇਟੀ, ਕਾਰਵਾਈ ਕਮੇਟੀ ਤੇ ਜਾਣ ਪਛਾਣ ਕਮੇਟੀਆਂ ਦਾ ਗਠਨ ਕੀਤਾ ਗਿਆ। 
ਪ੍ਰਧਾਨਗੀ ਮੰਡਲ 'ਚ ਸਰਵਸਾਥੀ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ, ਨੱਥਾ ਸਿੰਘ, ਗੱਜਣ ਸਿੰਘ ਦੁੱਗਾਂ ਤੇ ਬਿਮਲਾ ਦੇਵੀ ਨੂੰ ਲਿਆ ਗਿਆ। 
ਸੰਚਾਲਨ ਕਮੇਟੀ 'ਚ ਸੂਬਾ ਸਕੱਤਰੇਤ ਦੇ ਮੈਂਬਰ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ, ਅਮਰਜੀਤ ਸਿੰਘ ਕਲਾਰ, ਇੰਦਰਜੀਤ ਸਿੰਘ ਗਰੇਵਾਲ, ਪਰਗਟ ਸਿੰਘ ਜਾਮਾਰਾਏ, ਲਾਲ ਚੰਦ ਕਟਾਰੂਚੱਕ ਤੇ ਭੀਮ ਸਿੰਘ ਆਲਮਪੁਰ ਸ਼ਾਮਲ ਸਨ। 
ਸਮੁੱਚੀ ਕਾਨਫਰੰਸ ਦੀ ਕਾਰਵਾਈ ਨੋਟ ਕਰਨ ਵਾਲੀ ਕਾਰਵਾਈ ਕਮੇਟੀ 'ਚ ਸਰਵਸਾਥੀ ਮਹੀਪਾਲ, ਅਰਸਾਲ ਸਿੰਘ ਸੰਧੂ ਤੇ ਪਿਆਰਾ ਸਿੰਘ ਪਰਖ ਸ਼ਾਮਲ ਸਨ ਜਦਕਿ ਸਮੁੱਚੇ ਡੈਲੀਗੇਟਾਂ ਦੀ ਜਾਣ ਪਛਾਣ ਦੀ ਪੜਚੋਲ ਕਰਨ ਵਾਲੀ ਜਾਣ ਪਛਾਣ ਕਮੇਟੀ 'ਚ ਸਰਵਸਾਥੀ ਸੱਜਣ ਸਿੰਘ, ਹਜ਼ਾਰਾ ਸਿੰਘ ਚੀਮਾ ਤੇ ਬਲਦੇਵ ਸਿੰਘ ਪੰਡੋਰੀ ਸ਼ਾਮਲ ਸਨ। 

ਸ਼ਾਮ ਨੂੰ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਨਫਰੰਸ ਅੱਗੇ ਵਿਚਾਰਨ ਵਾਸਤੇ ਰਾਜਨੀਤਕ ਰਿਪੋਰਟ ਦਾ ਖਰੜਾ ਪੇਸ਼ ਕੀਤਾ। 
ਰਿਪੋਰਟ ਅਨੁਸਾਰ ਸਮੁੱਚਾ ਸੰਸਾਰ ਅੱਜ ਵੀ 2008 ਵਿਚ ਉਭਰੇ ਆਲਮੀ ਆਰਥਕ ਮੰਦਵਾੜੇ ਦੀ ਲਪੇਟ ਵਿਚ ਹੈ ਤੇ ਇਸ ਮੰਦਵਾੜੇ ਨਾਲ ਹਰ ਦੇਸ਼ ਅੰਦਰ ਰੁਜ਼ਗਾਰ ਦੇ ਵਸੀਲੇ ਸਿੱਧੇ ਤੌਰ 'ਤੇ ਪ੍ਰਭਾਵਤ ਹੋਏ ਹਨ। ਸਾਮਰਾਜੀ ਵਿੱਤੀ ਪੂੰਜੀ ਦੀ ਵੱਧ ਤੋਂ ਵੱਧ ਮੁਨਾਫੇ ਬਟੋਰਨ ਦੀ ਹਵਸ ਕਾਰਨ ਅਮਰੀਕਾ ਵਿਚ ਉਭਰੇ ਇਸ ਮੰਦਵਾੜੇ ਨੇ ਸਾਰੇ ਹੀ ਵਿਕਸਤ, ਵਿਕਾਸਸ਼ੀਲ ਤੇ ਪਿੱਛੜੇ ਹੋਏ ਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਲਪੇਟੇ ਵਿਚ ਲਿਆ ਹੋਇਆ ਹੈ। ਇਸ ਸੰਕਟ 'ਤੇ ਕਾਬੂ ਪਾਉਣ ਲਈ ਸਾਮਰਾਜੀ ਸੰਸਾਰੀਕਰਨ ਦੀ ਵਕਾਲਤ ਕਰਦੇ ਆਰਥਕ ਮਾਹਿਰਾਂ 'ਤੇ ਪੂੰਜੀਪਤੀ ਸਰਕਾਰਾਂ ਵਲੋਂ ਹੁਣ ਤੱਕ ਵਰਤੇ ਗਏ ਸਾਰੇ ਉਪਾਅ ਪੂਰੀ ਤਰ੍ਹਾਂ ਅਸਫਲ ਸਿੱਧ ਹੋਏ ਹਨ। 
ਦੇਸ਼ ਅੰਦਰ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦੇ ਜਾਰੀ ਰਹਿਣ ਤੇ ਹੋਰ ਤੇਜ਼ੀ ਫੜਨ ਨਾਲ ਆਰਥਕ, ਰਾਜਨੀਤਕ ਤੇ ਸਮਾਜਕ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਸੱਤਾ ਵਿਚ ਆਉਣ ਨਾਲ ਫਿਰਕੂ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਹਨ। ਪੰਜਾਬ ਅੰਦਰ 2012 ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਰਾਜ ਸੱਤਾ 'ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਬਾਦਲ ਸਰਕਾਰ ਦੀਆਂ ਧੱਕੇਸ਼ਾਹੀਆਂ ਹੋਰ ਵੱਧ ਗਈਆਂ ਹਨ। ਸੂਬੇ ਅੰਦਰ ਮਾਫੀਆ ਰਾਜ ਚਲ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜਿਹੇ ਹਾਲਾਤ ਵਿਚ ਪਾਰਟੀ ਅੱਗੇ ਇਨਕਲਾਬੀ ਲਹਿਰ  ਅੱਗੇ ਵਧਾਉਣ ਲਈ ਆਜ਼ਾਦਾਨਾ ਸਰਗਰਮੀਆਂ ਨੂੰ ਤੇਜ਼ ਕਰਨ ਦੇ ਨਾਲ ਨਾਲ ਖੱਬੀਆਂ ਧਿਰਾਂ ਨੂੰ ਇਕ ਮੰਚ 'ਤੇ ਲਿਆਉਣਾ ਅਤੇ ਹੋਰ ਜਮਹੂਰੀ ਸ਼ਕਤੀਆਂ ਨੂੰ ਨਾਲ ਤੋਰਕੇ ਸੰਘਰਸ਼ਾਂ ਦੇ ਮੈਦਾਨ ਨੂੰ ਮਘਾਉਣਾ ਪ੍ਰਮੁੱਖ ਕਾਰਜ ਹੈ। 

ਕਾਨਫਰੰਸ ਦੇ ਦੂਸਰੇ ਦਿਨ 6 ਅਪ੍ਰੈਲ ਨੂੰ ''ਨਵਉਦਾਰਵਾਦੀ ਨੀਤੀਆਂ ਦਾ ਪੰਜਾਬ ਦੀ ਖੇਤੀ 'ਤੇ ਪ੍ਰਭਾਵ'' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਕੁੰਜੀਵੱਤ ਭਾਸ਼ਣ ਉਘੇ ਅਰਥਸ਼ਾਸਤਰੀ ਡਾ. ਗਿਆਨ ਸਿੰਘ ਨੇ ਦਿੱਤਾ। ਉਹਨਾਂ ਨੇ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਕਾਰਨ ਪੰਜਾਬ ਦੇ ਖੇਤੀ ਖੇਤਰ, ਜਿਸ ਵਿੱਚੋਂ ਛੋਟੀ ਕਿਸਾਨੀ ਤਾਂ ਪਹਿਲਾਂ ਹੀ ਬਾਹਰ ਹੈ, ਵਿੱਚੋਂ ਦਰਮਿਆਨੀ ਕਿਸਾਨੀ ਵੀ ਹਾਸ਼ੀਏ 'ਤੇ ਚੱਲੀ ਗਈ ਹੈ। ਖਾਦਾਂ, ਬੀਜਾਂ ਤੇ ਕੀੜੇਮਾਰ-ਨਦੀਨ ਨਾਸ਼ਕਾਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਦਾ ਕਬਜ਼ਾ ਹੋਣ ਕਾਰਨ ਖੇਤੀ ਲਾਗਤਾਂ ਵਿੱਚ ਬਹੁਤ ਤਿੱਖਾ ਵਾਧਾ ਹੋਇਆ ਹੈ। ਸਿੱਟੇ ਵੱਜੋਂ ਕਿਸਾਨੀ ਕਰਜ਼ੇ ਦੀ ਪੰਡ ਦਿਨੋਂ-ਦਿਨ ਭਾਰੀ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਖੇਤ ਮਜ਼ਦੂਰਾਂ ਦੀ ਹਾਲਤ ਵੀ ਨਿੱਘਰਦੀ ਜਾ ਰਹੀ ਹੈ। ਉਹਨਾਂ ਹੱਥੋਂ ਰੁਜ਼ਗਾਰ ਖੁਸ ਰਿਹਾ ਹੈ। ਸੈਮੀਨਾਰ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਇਹਨਾਂ ਨਵ ਉਦਾਰਵਾਦੀ ਨੀਤੀਆਂ ਦਾ ਡੰਗ ਹੋਰ ਤਿੱਖਾ ਹੋਇਆ ਹੈ। ਐਫ.ਸੀ.ਆਈ ਦਾ ਭੋਗ ਪਾਇਆ ਹੀ ਜਾਣ ਵਾਲਾ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨੀ ਜਿਣਸਾਂ ਦੇ ਭਾਅ ਦੇਣ ਤੋਂ ਮੋਦੀ ਸਰਕਾਰ ਮੁਨਕਰ ਹੋ ਗਈ ਹੈ। ਭੋਂ ਪ੍ਰਾਪਤੀ ਆਰਡੀਨੈਂਸ ਸੰਸਦ ਨੂੰ ਅਣਗੌਲਿਆਂ ਕਰਕੇ ਜਾਰੀ ਕੀਤਾ ਗਿਆ ਹੈ। ਅਜਿਹੇ ਹਾਲਾਤ ਵਿੱਚ ਕਿਸਾਨੀ ਕੋਲ ਹੋਰਨਾਂ ਮਿਹਨਤਕਸ਼ਾਂ ਨਾਲ ਮਿਲ ਕੇ ਇਹਨਾਂ ਨੀਤੀਆਂ ਵਿਰੁੱਧ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। 

ਸੈਮੀਨਾਰ ਤੋਂ ਬਾਅਦ ਕਾਨਫਰੰਸ ਵਾਲੇ ਸਥਾਨ ਤੋਂ ਮਲਿਕਪੁਰ ਚੌਕ ਤੱਕ ਆਲ ਇੰਡੀਆ ਪੀਪਲਜ਼ ਫੋਰਮ ਦੇ ਸੱਦੇ ਤੇ ਭੋਂ ਪ੍ਰਾਪਤੀ ਆਰਡੀਨੈਂਸ ਵਿਰੁੱਧ ਰੋਸ ਮਾਰਚ ਕੀਤਾ ਗਿਆ ਅਤੇ ਆਰਡੀਨੈਂਸ ਦਾ ਪੁਤਲਾ ਵੀ ਫੂਕਿਆ ਗਿਆ।

ਬਾਅਦ ਵਿੱਚ ਬਜ਼ੁਰਗ ਕਮਿਊਨਿਸਟ ਆਗੂ, ਸੂਬਾ ਸਕੱਤਰੇਤ ਮੈਂਬਰ ਸਾਥੀ ਅਮਰਜੀਤ ਸਿੰਘ ਕਲਾਰ ਵੱਲੋਂ ਲਿਖੀ ਕਿਤਾਬ 'ਜ਼ਿੰਦਗੀ ਦੇ ਝਰੋਖੇ 'ਚੋਂ (ਕੁੱਝ ਯਾਦਾਂ-ਕੁੱਝ ਪ੍ਰਭਾਵ)' ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਿੱਚ ਸੰਚਾਲਨ ਕਮੇਟੀ ਵੱਲੋਂ ਲੋਕ ਅਰਪਤ ਕੀਤੀ ਗਈ। 

ਉਪਰੰਤ ਸੂਬਾ ਸਕੱਤਰ ਵੱਲੋਂ ਪਹਿਲੇ ਦਿਨ ਪੇਸ਼ ਕੀਤੀ ਗਈ ਰਿਪੋਰਟ 'ਤੇ ਬਹਿਸ ਸ਼ੁਰੂ ਹੋਈ ਜਿਸ ਵਿੱਚ 49 ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ। ਉਹਨਾਂ ਸਵਾਲ ਵੀ ਉਠਾਏ ਤੇ ਉਸਾਰੂ ਸੁਝਾਅ ਵੀ ਦਿੱਤੇ।
ਬਹਿਸ ਦਾ ਜੁਆਬ ਦਿੰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਦੇਸ਼, ਖਾਸ ਕਰ ਅਮਰੀਕਾ, ਆਪਣੇ ਆਰਥਿਕ ਮੰਦਵਾੜੇ ਦਾ ਭਾਰ ਵਿਕਾਸਸ਼ੀਲ ਤੇ ਹੋਰ ਪੱਛੜੇ ਮੁਲਕਾਂ 'ਤੇ ਪਾਉਣ ਲਈ ਵਪਾਰਕ ਘੁਣਤਰਬਾਜ਼ੀਆਂ ਤੇ ਵਿੱਤੀ ਦਬਾਅ ਦੇ ਹਥਿਆਰ ਵਰਤ ਰਹੇ ਹਨ। ਇਸ ਮੰਤਵ ਲਈ ਉਹ ਸੰਸਾਰ ਵਪਾਰ ਸੰਗਠਨ, ਕੌਮਾਂਤਰੀ ਮਾਲੀ ਫੰਡ ਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੀ ਘੋਰ ਦੁਰਵਰਤੋਂ ਕਰ ਰਹੇ ਹਨ। ਸਾਡੇ ਦੇਸ਼ ਵਿੱਚ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਗਠਨ ਤੋਂ ਬਾਅਦ ਨਵ ਉਦਾਰਵਾਦੀ ਨੀਤੀਆਂ ਦਾ ਹਮਲਾ ਹੋਰ ਤਿੱਖਾ ਹੋਇਆ ਹੈ। ਇਸ ਦੇ ਨਾਲ ਹੀ ਫਿਰਕਾਪ੍ਰਸਤ ਤਾਕਤਾਂ ਨੂੰ ਵੀ ਸ਼ਹਿ ਮਿਲੀ ਹੈ। ਆਰ.ਐਸ.ਐਸ. ਆਪਣੇ ਫਿਰਕੂ ਤੇ ਫਾਸ਼ੀਵਾਦੀ ਮਨਸੂਬੇ ਨੰਗੇ ਚਿੱਟੇ ਢੰਗ ਨਾਲ ਜਾਹਿਰ ਕਰ ਰਹੀ ਹੈ। ਉਸ ਦੀ ਧਰਮ ਅਧਾਰਿਤ ਪਛਾਖੜੀ ਰਾਜ ਸਥਾਪਤ ਕਰਨ ਦੀ ਧਾਰਨਾ ਘੱਟ ਗਿਣਤੀਆਂ ਅੰਦਰ ਸਹਿਮ ਪੈਦਾ ਕਰ ਰਹੀ ਹੈ। ਇਸ ਹਾਲਾਤ ਵਿੱਚ ਜ਼ਰੂਰੀ ਹੈ ਕਿ ਸਾਮਰਾਜੀ ਸ਼ਕਤੀਆਂ ਦੇ ਦੇਸ਼ ਅੰਦਰ ਵੱਧ ਰਹੇ ਦਖ਼ਲ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸੰਘ ਪਰਿਵਾਰ ਦੇ ਫਿਰਕੂ-ਫਾਸ਼ੀਵਾਦੀ ਹਮਲੇ ਵਿਰੁੱਧ ਲੋਕਾਂ ਅੰਦਰ ਦੇਸ਼ ਭਗਤੀ, ਧਰਮ-ਨਿਰਪੱਖਤਾ ਤੇ ਜਮਹੂਰੀਅਤ ਦੇ ਸ਼ਾਨਦਾਰ ਵਿਰਸੇ ਨੂੰ ਸੁਰਜੀਤ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣ। ਅਜਿਹੇ ਮਾਹੌਲ ਵਿੱਚ ਖੱਬੀਆਂ ਸ਼ਕਤੀਆਂ ਦਾ ਇੱਕ ਸਾਂਝੇ ਪਲੇਟਫਾਰਮ 'ਤੇ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਕਾਰਜ ਜਨਤਕ ਸੰਘਰਸ਼ਾਂ ਤੇ ਹੋਰ ਰਾਜਨੀਤਿਕ ਸਰਗਰਮੀਆਂ ਦੌਰਾਨ ਜਮਾਤੀ ਭਿਆਲੀ ਦੇ ਸੱਜੇ ਕੁਰਾਹੇ ਅਤੇ ਸੰਕੀਰਨਤਾਵਾਦੀ ਮਾਅਰਕੇਬਾਜ਼ੀ ਦੇ ਖੱਬੇ ਕੁਰਾਹੇ ਵਿਰੁੱਧ ਨਿਰੰਤਰ ਪਹਿਰਾਬਰਦਾਰੀ ਕਰਕੇ ਹੀ ਕੀਤਾ ਜਾ ਸਕਦਾ ਹੈ। ਸਾਥੀ ਪਾਸਲਾ ਨੇ ਡੈਲੀਗੇਟਾਂ ਵਲੋਂ ਉਠਾਏ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਦਿੱਤਾ ਤੇ ਉਨ੍ਹਾਂ ਵਲੋਂ ਦਿੱਤੇ ਗਏ ਉਸਾਰੂ ਸੁਝਾਵਾਂ ਦਾ ਸਵਾਗਤ ਵੀ ਕੀਤਾ। ਬਾਅਦ 'ਚ ਰਿਪੋਰਟ ਸਰਵਸੰਮਤੀ ਨਾਲ ਪਾਸ ਕਰ ਦਿੱਤੀ ਗਈ। 

ਇਸੇ ਸੈਸ਼ਨ ਵਿਚ ਕੁਝ ਮਤੇ ਵੀ ਪਾਸ ਕੀਤੇ ਗਏ। ਬਾਰਸ਼ਾਂ ਕਰਕੇ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਬਾਰੇ ਮਤਾ ਸਾਥੀ ਬਲਦੇਵ ਸਿੰਘ ਸੈਦਪੁਰ ਵਲੋਂ ਪੇਸ਼ ਕੀਤਾ ਗਿਆ ਅਤੇ ਸਾਥੀ ਰਾਜਬਲਬੀਰ ਸਿੰਘ ਨੇ ਇਸਦੀ ਪ੍ਰੋੜਤਾ ਕੀਤੀ। ਮਨਰੇਗਾ ਬਾਰੇ ਮਤਾ ਸਾਥੀ ਮਹੀਪਾਲ ਨੇ ਪੇਸ਼ ਕੀਤਾ ਅਤੇ ਸਾਥੀ ਭੋਲਾ ਸਿੰਘ ਸੰਘੇੜਾ ਨੇ ਇਸਦੀ ਪ੍ਰੋੜਤਾ ਕੀਤੀ। ਇਹ ਮਤੇ ਸਰਵਸੰਮਤੀ ਨਾਲ ਡੈਲੀਗੇਟ ਹਾਊਸ ਵਲੋਂ ਪਾਸ ਕੀਤੇ ਗਏ।
ਸ਼ਾਮ ਦੇ ਸੈਸ਼ਨ ਦੌਰਾਨ ਸਾਥੀ ਹਰਕੰਵਲ ਸਿੰਘ ਹੁਰਾਂ ਵੱਲੋਂ ਜੱਥੇਬੰਦਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਉੱਪਰ  ਬਹਿਸ ਕਾਨਫਰੰਸ ਦੇ ਤੀਸਰੇ ਦਿਨ ਮੰਗਲਵਾਰ ਨੂੰ ਹੋਈ। ਇਸ ਬਹਿਸ ਵਿਚ 40 ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਉਹਨਾਂ ਪਾਰਟੀ ਦੀ ਜਥੇਬੰਦਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਉਸਾਰੂ ਸੁਝਾਅ ਦਿੱਤੇ। ਉਹਨਾਂ ਕਿਹਾ ਕਿ ਸਥਾਨਕ ਮਸਲਿਆਂ ਦੇ ਹੱਲ ਲਈ, ਅਫ਼ਸਰਸ਼ਾਹੀ ਅਤੇ ਪੁਲਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਪਾਰਟੀ ਨੂੰ ਜਥੇਬੰਦਕ ਦਖ਼ਲ 'ਤੇ ਹੀ ਮੁੱਖ ਟੇਕ ਰੱਖਣੀ ਚਾਹੀਦੀ ਹੈ ਜਿਸ ਵਾਸਤੇ ਅਵਾਮੀ ਜਥੇਬੰਦੀਆਂ ਦੀ ਸਰਗਰਮੀ ਬਹੁਤ ਲਾਜ਼ਮੀ ਹੈ। ਉਹਨਾਂ ਨੌਜਵਾਨ-ਵਿੱਦਿਆਰਥੀ ਮੋਰਚੇ 'ਤੇ ਵਧੇਰੇ ਪਹਿਰਾਬਰਦਾਰੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤਿਕ ਸੇਧ ਦੇਣ ਵੱਲ ਪਾਰਟੀ ਨੂੰ ਵਿਸ਼ੇਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ। ਖੱਬੀਆਂ ਧਿਰਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਣ ਲਈ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਉਹਨਾਂ ਸਰਾਹਨਾ ਕੀਤੀ।
ਅਗਲੇ ਦਿਨ 7 ਅਪ੍ਰੈਲ ਨੂੰ ਬਹਿਸ ਦਾ ਜਵਾਬ ਦਿੰਦਿਆਂ ਸਾਥੀ ਹਰਕੰਵਲ ਸਿੰਘ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਡੈਲੀਗੇਟਾਂ ਨੇ ਪਾਰਟੀ ਦੀ ਰਾਜਨੀਤਿਕ ਸੇਧ ਨੂੰ ਦਰੁਸਤ ਕਰਾਰ ਦਿੱਤਾ ਹੈ। ਉਹਨਾਂ ਡੈਲੀਗੇਟਾਂ ਨੂੰ ਚੌਕਸ ਕੀਤਾ ਕਿ ਜਿਸ ਕਮਿਊਨਿਸਟ ਪਾਰਟੀ ਕੋਲ ਮਜ਼ਬੂਤ ਜਥੇਬੰਦਕ ਢਾਂਚਾ ਨਾ ਹੋਵੇ, ਉਸ ਦੀ ਦਰੁਸਤ ਰਾਜਨੀਤਿਕ ਸੇਧ ਵੀ ਪੇਤਲੀ ਪੈ ਜਾਂਦੀ ਹੈ। ਉਹਨਾਂ ਕਿਹਾ ਕਿ ਸਾਮਰਾਜੀ ਦੇਸ਼ਾਂ ਦੀਆਂ ਗਲਬੇ ਵਾਲੀਆਂ ਨੀਤੀਆਂ, ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਨਵ ਉਦਾਰਵਾਦੀ ਨੀਤੀਆਂ ਦੇ ਹੋਰ ਵਧੇਰੇ ਤਿੱਖੇਪਨ ਦੇ ਨਾਲ-ਨਾਲ ਫਿਰਕੂ ਤੇ ਪਿਛਾਖੜੀ ਤਾਕਤਾਂ ਦੇ ਸਿਰ ਚੁੱਕਣ ਕਾਰਨ ਲੋਕਾਂ ਵਿੱਚ ਬੇਚੈਨੀ ਵੱਧ ਰਹੀ ਹੈ। ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਇਸ ਸੰਕਟ ਭਰੇ ਸਮੇਂ ਵਿੱਚ ਲੋਕਾਂ ਦੀ ਬਾਂਹ ਖੱਬੀਆਂ ਪਾਰਟੀਆਂ ਹੀ ਫੜ ਸਕਦੀਆਂ ਹਨ ਤੇ ਇਹ ਕੰਮ ਕਿਸੇ ਇਕੱਲੀਕਾਰੀ ਪਾਰਟੀ ਦਾ ਨਹੀਂ ਹੈ। ਇਸ ਵਾਸਤੇ ਖੱਬੀਆਂ ਪਾਰਟੀਆਂ ਦਾ ਇੱਕ ਸਾਂਝਾ ਮੰਚ ਹੀ ਨਹੀਂ ਸਗੋਂ ਇੱਕ ਖੱਬਾ ਰਾਜਨੀਤਕ ਬਦਲ ਸਮੇਂ ਦੀ ਲੋੜ ਹੈ। ਜਿਸ ਵਾਸਤੇ ਪਾਰਟੀ ਪੂਰੀ ਸੁਹਿਰਦਤਾ ਨਾਲ ਯਤਨਸ਼ੀਲ ਹੈ। ਉਹਨਾਂ ਵੱਲੋਂ ਦਿੱਤੇ ਗਏ ਜਵਾਬ ਉਪਰੰਤ ਜਥੇਬੰਦਕ ਰਿਪੋਰਟ ਸਰਵਸੰਮਤੀ ਨਾਲ ਪਾਸ ਕਰ ਦਿੱਤੀ ਗਈ।
ਇਸ ਜਥੇਬੰਦਕ ਕਾਨਫਰੰਸ ਦੌਰਾਨ ਪਾਰਟੀ ਵਲੋਂ ਖੱਬੀ ਧਿਰ ਦੇ ਏਕੇ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਨੂੰ ਬੂਰ ਪੈਂਦਾ ਸਪੱਸ਼ਟ ਨਜ਼ਰ ਆਇਆ ਜਦੋਂ ਦੋ ਕਮਿਊਨਿਸਟ ਪਾਰਟੀਆਂ, ਸੀ.ਪੀ.ਆਈ. ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰਾਂ ਨੇ ਉਚੇਚੇ ਤੌਰ 'ਤੇ ਭਰਾਤਰੀ ਸੰਦੇਸ਼ ਦੇਣ ਲਈ ਹਾਜ਼ਰੀ ਭਰੀ। 

ਸੀ.ਪੀ.ਆਈ. ਦੀ ਪੰਜਾਬ ਕੌਂਸਲ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ ਨੇ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਰਥਿਕ, ਰਾਜਨੀਤਕ ਤੇ ਸਮਾਜਿਕ ਖੇਤਰ ਵਿੱਚ ਘੋਰ ਬੇਚੈਨੀ ਪਾਈ ਜਾ ਰਹੀ ਹੈ। ਕਾਂਗਰਸ ਤੋਂ ਵੀ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਲਈ ਇੱਕ ਮਜ਼ਬੂਤ ਖੱਬੀ ਧਿਰ ਹੀ ਲੋਕਾਂ ਲਈ ਆਸ ਦੀ ਕਿਰਨ ਸਾਬਤ ਹੋ ਸਕਦੀ ਹੈ। 

ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖ਼ਤਪੁਰਾ ਨੇ ਇਸ ਮੌਕੇ ਇੱਕ ਸਫ਼ਲ ਜਥੇਬੰਦਕ ਕਾਨਫਰੰਸ ਲਈ ਸੀ.ਪੀ.ਐਮ ਪੰਜਾਬ ਦੀ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੱਬੀਆਂ ਪਾਰਟੀਆਂ ਹੀ ਇੱਕ ਲੋਕ ਪੱਖੀ ਰਾਜਨੀਤਕ ਬਦਲ ਪੇਸ਼ ਕਰ ਸਕਦੀਆਂ ਹਨ। ਚਾਰ ਖੱਬੀਆਂ ਪਾਰਟੀਆਂ 'ਚ ਹੋਈ ਨੇੜਤਾ ਨੂੰ ਇੱਕ ਸ਼ੁਭ ਸ਼ਗਨ ਦੱਸਦਿਆਂ ਉਹਨਾਂ ਹੋਰਨਾਂ ਖੱਬੀਆਂ ਧਿਰਾਂ ਨੂੰ ਵੀ ਇਸ ਸਾਂਝੇ ਮੰਚ ਨਾਲ ਜੁੜਨ ਦਾ ਸੱਦਾ ਦਿੱਤਾ।     
ਇਸ ਦਿਨ ਦੋਵਾਂ ਸੈਸ਼ਨਾਂ ਦੌਰਾਨ ਡੈਲੀਗੇਟ ਹਾਉਸ ਨੇ ਮਤੇ ਵੀ ਪਾਸ ਕੀਤੇ ਬੇਘਰਿਆਂ ਨੂੰ ਪਲਾਟ ਦੇਣ ਬਾਰੇ ਮਤਾ ਸਾਥੀ ਜਗਜੀਤ ਸਿੰਘ ਜੱਸੇਆਣਾ ਨੇ ਪੇਸ਼ ਕੀਤਾ ਅਤੇ ਸਾਥੀ ਜਸਪਾਲ ਸਿੰਘ ਝਬਾਲ ਨੇ ਇਸਦੀ ਪ੍ਰੋੜ੍ਹਤਾ ਕੀਤੀ। ਕਿਸਾਨੀ ਜਿਣਸਾਂ ਦੇ ਲਾਹੇਵੰਦ ਭਾਆਂ ਬਾਰੇ ਮਤਾ ਸਾਥੀ ਸੰਤੋਖ ਸਿੰਘ ਔਲਖ ਨੇ ਪੇਸ਼ ਕੀਤਾ ਅਤੇ ਸਾਥੀ ਲਾਲ ਚੰਦ ਮਾਨਸਾ ਨੇ ਇਸਦੀ ਪ੍ਰੋੜ੍ਹਤਾ ਕੀਤੀ। ਜ਼ਮੀਨ ਦੇ ਅਧਿਗ੍ਰਹਿਣ ਕਾਨੂੰਨ ਬਾਰੇ ਮਤਾ ਸਾਥੀ ਗੁਰਨਾਮ ਸਿੰਘ ਸੰਘੇੜਾ ਨੇ ਪੇਸ਼ ਕੀਤਾ ਅਤੇ ਸਾਥੀ ਮਲਕੀਤ ਸਿੰਘ ਵਜ਼ੀਦਕੇ ਨੇ ਇਸਦੀ ਪ੍ਰੋੜਤਾ ਕੀਤੀ। ਜਨਤਕ ਵੰਡ ਪ੍ਰਣਾਲੀ ਬਾਰੇ ਮਤਾ ਸਾਥੀ ਹਰਜੀਤ ਸਿੰਘ ਮਦਰੱਸਾ ਨੇ ਪੇਸ਼ ਕੀਤਾ ਅਤੇ ਸਾਥੀ ਤਜਿੰਦਰ ਸਿੰਘ ਥਿੰਦ ਹਰਿਆਣਾ ਨੇ ਇਸਦੀ ਪ੍ਰੋੜ੍ਹਤਾ ਕੀਤੀ। ਰੇਤ-ਬੱਜਰੀ ਬਾਰੇ ਮਤਾ ਸਾਥੀ ਮੁਖਤਾਰ ਸਿੰਘ ਮਲ੍ਹਾ ਨੇ ਪੇਸ਼ ਕੀਤਾ ਅਤੇ ਸਾਥੀ ਰਾਮ ਸਿੰਘ ਕਾਇਮਵਾਲਾ ਨੇ ਇਸਦੀ ਪ੍ਰੋੜ੍ਹਤਾ ਕੀਤੀ। ਸਮਾਜਕ ਜਬਰ ਬਾਰੇ ਮਤਾ ਸਾਥੀ ਗੁਰਨਾਮ ਸਿੰਘ ਦਾਊਦ ਨੇ ਪੇਸ਼ ਕੀਤਾ ਅਤੇ ਸਾਥੀ ਹਰਕੰਵਲ ਸਿੰਘ ਨੇ ਇਸਦੀ ਪ੍ਰੋੜਤਾ ਕੀਤੀ। ਸਨਅਤੀ ਮਜ਼ਦੂਰਾਂ ਬਾਰੇ ਮਤਾ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ ਪੇਸ਼ ਕੀਤਾ ਅਤੇ ਸਾਥੀ ਬਲਵਿੰਦਰ ਸਿੰਘ ਛੇਹਰਟਾ ਨੇ ਇਸਦੀ ਪ੍ਰੋੜਤਾ ਕੀਤੀ। ਦਰਿਆਈ ਪਾਣੀਆਂ ਬਾਰੇ ਮਤਾ ਸਾਥੀ ਅਰਸਾਲ ਸਿੰਘ ਸੰਧੂ ਨੇ ਪੇਸ਼ ਕੀਤਾ ਅਤੇ ਡਾ. ਸਰਬਜੀਤ ਸਿੰਘ ਗਿੱਲ ਵਲੋਂ ਇਸਦੀ ਪ੍ਰੋੜ੍ਹਤਾ ਕੀਤੀ ਗਈ। ਪੰਜਾਬੀ ਭਾਸ਼ਾ ਬਾਰੇ ਮਤਾ ਡਾਕਟਰ ਕਰਮਜੀਤ ਸਿੰਘ ਨੇ ਪੇਸ਼ ਕੀਤਾ ਅਤੇ ਸਾਥੀ ਮੱਖਣ ਕੁਹਾੜ ਨੇ ਇਸਦੀ ਪ੍ਰੋੜ੍ਹਤਾ ਕੀਤੀ। ਪੁਲਸ ਵਧੀਕੀਆਂ ਬਾਰੇ ਮਤਾ ਸਾਥੀ ਛੱਜੂ ਰਾਮ ਰਿਸ਼ੀ ਨੇ ਪੇਸ਼ ਕੀਤਾ ਅਤੇ ਸਾਥੀ ਰਾਮਕੁਮਾਰ ਫਾਜ਼ਿਲਕਾ ਨੇ ਇਸਦੀ ਪ੍ਰੋੜਤਾ ਕੀਤੀ। ਇਹ ਸਾਰੇ ਮਤੇ ਸਰਬਸੰਮਤੀ ਨਾਲ ਹਾਉਸ ਨੇ ਪਾਸ ਕੀਤੇ। 

ਕਾਨਫਰੰਸ ਦੇ ਆਖਰੀ ਦਿਨ 8 ਅਪ੍ਰੈਲ ਨੂੰ 47 ਮੈਂਬਰੀ ਸੂੱਬਾ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਸੂਬਾ ਕਮੇਟੀ ਨੇ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਮੁੜ ਸੂਬਾ ਸਕੱਤਰ ਚੁਣਿਆ। ਇਸ ਤੋਂ ਬਿਨਾਂ ਤਿੰਨ ਮੈਂਬਰੀ ਕੰਟਰੋਲ ਕਮਿਸ਼ਨ ਵੀ ਬਣਾਇਆ ਗਿਆ ਜਿਸ ਦੇ ਚੇਅਰਮੈਨ ਸਾਥੀ ਹਰਦੀਪ ਸਿੰਘ ਸਰਬ ਸੰਮਤੀ ਨਾਲ ਚੁਣ ਲਿਆ ਗਿਆ। ਕਾਨਫਰੰਸ ਨੇ ਇੱਕ ਵਿਸ਼ੇਸ਼ ਮਤਾ ਵੀ ਪਾਸ ਕੀਤਾ ਜਿਸ ਅਨੁਸਾਰ ਦੇਸ਼ ਅਤੇ ਪੰਜਾਬ ਅੰਦਰ ਸਾਮਰਾਜ ਨਿਰਦੇਸ਼ਤ ਨੀਤੀਆਂ ਜਿਨ੍ਹਾਂ ਨਾਲ ਮਹਿੰਗਾਈ, ਬੇ-ਰੁਜ਼ਗਾਰੀ, ਭ੍ਰਿਸ਼ਟਾਚਾਰ ਦੇ ਨਾਲ-ਨਾਲ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਿੱਖਿਆ, ਸਿਹਤ, ਬਿਜਲੀ, ਟਰਾਂਸਪੋਰਟ ਆਦਿ ਦੀਆਂ ਸਰਕਾਰੀ ਸੇਵਾਵਾਂ ਦਾ ਭੋਗ ਪੈਣ ਜਾ ਰਿਹਾ ਹੈ, ਦੇ ਵਿਰੁੱਧ ਅਤੇ ਕੇਂਦਰ ਸਰਕਾਰ ਵਿੱਚ ਮੋਦੀ ਸਰਕਾਰ ਆਉਣ  ਬਾਅਦ ਸਮਾਜ ਦੀ ਫਿਰਕੂ ਸਦਭਾਵਨਾ ਤੇ ਏਕਤਾ ਨੂੰ ਭੰਗ ਕਰਨ ਵਾਲੀ ਵੱਧ ਰਹੀ ਫਿਰਕਾਪ੍ਰਸਤੀ ਦੇ ਵਿਰੁੱਧ ਪਾਰਟੀ ਨੇ ਤਿੰਨ ਪੱਧਰੀ ਸੰਘਰਸ ਚਲਾਉਣ ਦਾ ਫੈਸਲਾ ਵੀ ਕੀਤਾ। ਪਾਰਟੀ ਨੇ ਇਸ ਮਤੇ ਨੂੰ ਲਾਗੂ ਕਰਨ ਦੀ ਸੇਧ ਵਿੱਚ ਹੀ ਖਬੀਆਂ ਸ਼ਕਤੀਆਂ ਤੇ ਹੋਰ ਲੋਕਪੱਖੀ ਧਿਰਾਂ ਦਾ ਸਹਿਯੋਗ ਲੈਣ ਦਾ ਫੈਸਲਾ ਵੀ ਕੀਤਾ। 
ਲੋਕਪੱਖੀ ਮੁੱਦਿਆਂ ਨੂੰ ਉਭਾਰਨ ਤੇ ਫਿਰਕਾਪ੍ਰਸਤੀ ਵਿਰੁੱਧ ਪ੍ਰਚਾਰ ਮੁਹਿਮ ਨੂੰ ਤੇਜ ਕਰਨ ਲਈ ਪਾਰਟੀ ਵਲੋਂ 11 ਮਈ ਤੋਂ 25 ਮਈ ਤੱਕ ਪੰਜਾਬ ਅੰਦਰ ਪਿੰਡ ਪੱਧਰੀ ਮੀਟਿੰਗਾਂ/ਜਲਸੇ ਕਰਨ ਪਿੱਛੋਂ ਜੂਨ ਦੇ ਪਹਿਲੇ ਹਫਤੇ ਜਿਲ੍ਹਾ ਪੱਧਰੀ ਮੁਜਾਹਰੇ ਕਰਨ ਦਾ ਫੈਸਲਾ ਵੀ ਸਰਬ ਸੰਮਤੀ ਨਾਲ ਕੀਤਾ। ਇਸ ਵਿਸ਼ੇਸ਼ ਮਤੇ ਨੂੰ ਅਤੇ ਹੋਰ ਪਾਸ ਕੀਤੇ ਮਤਿਆਂ ਨੂੰ ਲਾਗੂ ਕਰਵਾਉਣ ਲਈ ਜੱਥੇਬੰਧਕ ਕਾਨਫਰੰਸ ਵਿੱਚ ਜੁੜੇ ਉਤਸਾਹਤ ਡੈਲੀਗੇਟਾਂ ਨੇ ਇਸ ਮੁਹਿਮ ਨੂੰ ਸਫਲ ਬਨਾਉਣ ਦਾ ਪ੍ਰਣ ਵੀ ਲਿਆ।  ਔਰਤਾਂ ਦੀ ਜਥੇਬੰਦੀ ਉਸਾਰਨ ਬਾਰੇ ਵੀ ਇਕ ਵਿਸ਼ੇਸ਼ ਮਤਾ ਡੈਨੀਗੇਟ ਹਾਉਸ ਵਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸੇ ਸੈਸ਼ਨ ਦੌਰਾਨ ਜਾਣ-ਪਛਾਣ ਕਮੇਟੀ ਦੇ ਚੇਅਰਮੈਨ ਸਾਥੀ ਸੱਜਣ ਸਿੰਘ ਨੇ ਡੈਲੀਗੇਟਾਂ ਦੀ ਜਾਣ-ਪਛਾਣ ਸਬੰਧੀ ਰਿਪੋਰਟ ਵੀ ਹਾਉਸ ਸਾਹਮਣੇ ਪੇਸ਼ ਕੀਤੀ। ਸਾਥੀ ਲਾਲ ਚੰਦ ਕਟਾਰੂਚੱਕ ਨੇ ਕਾਨਫਰੰਸ ਦੀ ਤਿਆਰੀ ਸਬੰਧੀ ਤਜ਼ਰਬਿਆਂ ਨੂੰ ਹਾਉਸ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਬਹੁਤੀ ਉਗਰਾਹੀ, ਜਨਤਕ ਉਗਰਾਹੀ ਦੇ ਰੂਪ ਵਿਚ ਕੀਤੀ ਗਈ ਹੈ। ਕਾਨਫਰੰਸ ਲਈ ਬਣੀ ਸਵਾਗਤੀ ਕਮੇਟੀ ਦੇ ਵਿੱਤ ਸਕੱਤਰ ਸਾਥੀ ਦਲਬੀਰ ਸਿੰਘ ਵਲੋਂ ਕਾਨਫਰੰਸ ਲਈ ਇਕੱਠੇ ਕੀਤੇ ਗਏ ਫੰਡ ਅਤੇ ਖਰਚੇ ਦਾ ਹਿਸਾਬ-ਕਿਤਾਬ ਵੀ ਡੈਲੀਗੇਟ ਹਾਉਸ ਸਾਹਮਣੇ ਪੇਸ਼ ਕੀਤਾ। ਅੰਤ ਵਿਚ ਸਾਥੀ ਕੁਲਵੰਤ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਵਲੋਂ ਕਾਨਫਰੰਸ ਦੇ ਸ਼ਾਨਦਾਰ ਪ੍ਰਬੰਧਾਂ ਅਤੇ ਸਫਲਤਾਪੂਰਵਕ ਇਸਨੂੰ ਨੇਪਰੇ ਚਾੜ੍ਹਨ ਲਈ ਗੁਰਦਾਸਪੁਰ- ਪਠਾਨਕੋਟ ਦੇ ਪਾਰਟੀ ਸਾਥੀਆਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਨਾਅਰਿਆਂ ਦੀ ਗੂੰਜ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਨਾਉਣ ਦੇ ਅਹਿਦ ਨਾਲ ਕਾਨਫਰੰਸ ਸਫਲਤਾ ਸਹਿਤ ਸੰਪਨ ਹੋਈ। 


ਲਾਲ ਝੰਡੇ ਵਾਲਾ ਬਾਬਾ
ਉਮਰ ਦੇ ਆਖ਼ਰੀ ਪੜਾਅ 'ਤੇ ਹੁੰਦਿਆਂ ਆਪਣੇ ਅਕੀਦੇ ਤੋਂ ਨਾ ਥਿੜਕਣ ਦਾ ਹੁਨਰ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। ਪਰ ਇਹ ਹੁਨਰ 82 ਸਾਲ ਦੇ ਕਮਿਊਨਿਸਟ ਸਾਥੀ ਤੇਜਾ ਸਿੰਘ ਬੇਨੜਾ ਨੂੰ ਬਾਖ਼ੂਬੀ ਆਉਂਦਾ ਹੈ। ਸਾਥੀ ਬੇਨੜਾ ਇਸ ਉਮਰ 'ਚ ਵੀ ਪਾਰਟੀ ਦੀਆਂ ਗਤੀਵਿਧੀਆਂ 'ਚ ਪੂਰੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਤੇ ਇਨ੍ਹਾਂ ਸਰਗਰਮੀਆਂ ਦੌਰਾਨ ਉਹ ਲਾਲ ਝੰਡੇ ਤੋਂ ਵੱਖ ਹੋਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ। 'ਲਾਲ ਝੰਡੇ ਵਾਲਾ ਬਾਬਾ' ਵਜੋਂ ਜਾਣੇ ਜਾਂਦੇ ਸਾਥੀ ਬੇਨੜਾ ਇਸ ਚੌਥੀ ਜਥੇਬੰਦਕ ਕਾਨਫਰੰਸ ਦੌਰਾਨ ਸਭ ਡੈਲੀਗੇਟਾਂ ਤੇ ਵਲੰਟੀਅਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਉਹ ਜਿੱਧਰ ਵੀ ਜਾਂਦੇ ਲਾਲ ਝੰਡਾ ਉਨ੍ਹਾਂ ਦੇ ਮੋਢੇ 'ਤੇ ਉਚਾ ਲਹਿਰਾ ਰਿਹਾ ਨਜ਼ਰ ਆਉਂਦਾ। 

ਬਾਬਾਣੀਆਂ-ਕਹਾਣੀਆਂ
ਪੰਜਾਬੀ ਦੀ ਇਕ ਪ੍ਰਸਿੱਧ ਅਖਾਉਤ ਹੈ 'ਬਾਬਾਣੀਆਂ-ਕਹਾਣੀਆਂ ਪੁੱਤ-ਸਪੁੱਤ ਕਰੇਣ'। ਇਹ ਅਖਾਉਤ ਪਾਰਟੀ ਦੀ ਚੌਥੀ ਜਥੇਬੰਦਕ ਕਾਨਫਰੰਸ ਦੌਰਾਨ ਸਾਕਾਰ ਰੂਪ 'ਚ ਸਾਹਮਣੇ ਆਈ। ਡੈਲੀਗੇਟਾਂ ਬਾਰੇ ਇਕੱਤਰ ਕੀਤੀ ਜਾਣਕਾਰੀ ਤੋਂ ਇਕ ਰੌਚਕ ਤੇ ਮਾਣ ਮੱਤਾ ਤੱਥ ਇਹ ਉਭਰ ਕੇ ਸਾਹਮਣੇ ਆਇਆ ਕਿ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਦਾਦਾ-ਪੋਤਾ ਬਤੌਰ ਡੈਲੀਗੇਟ ਤੇ ਦਰਸ਼ਕ ਵਜੋਂ ਇਸ ਕਾਨਫਰੰਸ 'ਚ ਹਿੱਸਾ ਲਿਆ। ਸਾਥੀ ਮਿੱਠੂ ਸਿੰਘ ਘੁੱਦਾ ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਟੀਮ ਦਾ ਪ੍ਰੇਰਣਾਮਈ ਮੈਂਬਰ ਹੈ। ਉਨ੍ਹਾਂ ਦਾ ਬੇਟਾ ਗੁਰਜੰਟ ਸਿੰਘ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦਾ ਮੈਂਬਰ ਹੈ ਤੇ ਉਨ੍ਹਾਂ ਦਾ ਪੋਤਾ ਸੰਦੀਪ ਸਿੰਘ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦਾ ਕਾਰਕੁੰਨ ਹੈ। ਇਸ ਜਥੇਬੰਦਕ ਕਾਨਫਰੰਸ ਵਿਚ ਸਾਥੀ ਮਿੱਠੂ ਸਿੰਘ ਘੁੱਦਾ ਨੇ ਡੈਲੀਗੇਟ ਵਜੋਂ ਤੇ ਸੰਦੀਪ ਨੇ ਦਰਸ਼ਕ ਵਜੋਂ ਹਿੱਸਾ ਲਿਆ। 

No comments:

Post a Comment