Saturday 2 May 2015

ਸੰਖੇਪ ਜੀਵਨੀ ਕਾਰਲ ਮਾਰਕਸ

(5 ਮਈ 2015 ਨੂੰ ਮਜ਼ਦੂਰ ਜਮਾਤ ਦੇ ਪਥਪ੍ਰਦਰਸ਼ਕ ਕਾਰਲ ਮਾਰਕਸ ਦਾ 197ਵਾਂ ਜਨਮ ਦਿਨ ਹੈ। ਇਸ ਮਹਾਨ ਦਿਨ 'ਤੇ ਅਸੀਂ ਸਾਥੀ ਵੀ.ਆਈ.ਲੈਨਿਨ ਵਲੋਂ ਲਿਖਿਆ ਇਕ ਸੰਖੇਪ ਲੇਖ ਦੇ ਰਹੇ ਹਾਂ। ਇਹ ਲੇਖ ਸਾਥੀ ਲੈਨਿਨ ਨੇ 1913 ਵਿਚ ਲਿਖਿਆ ਸੀ। ਇਹ ਉਹਨਾਂ ਦੀਆਂ ਚੋਣਵੀਆਂ ਲਿਖਤਾਂ ਦੀ ਸੈਂਚੀ ਨੰ. ਇਕ ਵਿਚ ਦਰਜ਼ ਹੈ।  
- ਸੰਪਾਦਕੀ ਮੰਡਲ)
ਮਾਰਕਸ, ਕਾਰਲ ਦਾ ਜਨਮ 5 ਮਈ 1818 (ਨਵੀਂ ਜੰਤਰੀ ਅਨੁਸਾਰ) ਟਰੀਅਰ (ਰ੍ਹਾਈਨ ਕੰਢੇ ਦਾ ਪਰੂਸ਼ੀਆ) ਵਿਖੇ ਹੋਇਆ। ਉਹਦਾ ਪਿਤਾ ਇਕ ਵਕੀਲ ਸੀ, ਇਕ ਯਹੂਦੀ ਜਿਸਨੇ 1824 ਵਿਚ ਪ੍ਰੋਟੈਸਟੈਂਟ ਈਸਾਈ ਮਤ ਧਾਰਨ ਕਰ ਲਿਆ। ਪਰਵਾਰ ਖਾਂਦਾ-ਪੀਂਦਾ, ਸਭਿਅ ਸੀ, ਪਰ ਇਨਕਲਾਬੀ ਨਹੀਂ ਸੀ। ਟਰੀਅਰ ਵਿਖੇ ਜਿਮਨੇਜ਼ੀਅਮ (ਹਾਈ ਸਕੂਲ) ਦੀ ਪੜ੍ਹਾਈ ਮੁਕਾਉਣ ਪਿਛੋਂ ਉਹ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਿਆ, ਪਹਿਲਾਂ ਬੋਨ ਵਿਖੇ ਅਤੇ ਫਿਰ ਬਰਲਿਨ ਵਿਖੇ, ਜਿਥੇ ਉਹਨੇ ਕਾਨੂੰਨ ਦੀ ਪੜ੍ਹਾਈ ਕੀਤੀ, ਉਹਦੇ ਮੁੱਖ ਵਿਸ਼ੇ ਇਤਿਹਾਸ ਅਤੇ ਦਰਸ਼ਨ ਸਨ। ਉਹਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ 1841 ਵਿਚ ਮੁਕਾਈ ਅਤੇ ਡੀ.ਐਸ.ਸੀ. ਦੀ ਡਿਗਰੀ ਲਈ ਅਪੀਕਿਊਰੀਅਸ ਦੇ ਦਰਸ਼ਨ ਸਬੰਧੀ ਖੋਜ ਪ੍ਰਬੰਧ ਪੇਸ਼ ਕੀਤਾ। ਉਸ ਸਮੇਂ ਮਾਰਕਸ ਆਪਣੇ ਵਿਚਾਰਾਂ ਵਿਚ ਹੀਗਲਵਾਦੀ-ਆਦਰਸ਼ਵਾਦੀ ਸੀ। ਬਰਲਿਨ ਵਿਖੇ ਉਹ ''ਖੱਬੇ ਪੱਖੀ ਹੀਗਲਵਾਦੀਆਂ'' (ਬਰੂਨੋ ਬਾਵੇਰ ਅਤੇ ਹੋਰਾਂ) ਦੇ ਧੜੇ ਵਿਚੋਂ ਸੀ, ਜਿਨ੍ਹਾਂ ਨੇ ਹੀਗਲ ਦੇ ਦਰਸ਼ਨ ਵਿਚੋਂ ਨਾਸਤਕ ਅਤੇ ਇਨਕਲਾਬੀ ਸਿਟੇ ਕੱਢਣ ਦਾ ਯਤਨ ਕੀਤਾ। 
ਯੂਨੀਵਰਸਿਟੀ ਦੀ ਪੜ੍ਹਾਈ ਮੁਕਾਉਣ ਪਿਛੋਂ ਮਾਰਕਸ ਬੋਨ ਚਲਾ ਗਿਆ, ਉਹਨੂੰ ਪ੍ਰੋਫੈਸਰ ਬਣਨ ਦੀ ਆਸ ਸੀ। ਪਰ ਹਕੂਮਤ ਦੀ, ਜਿਸਨੇ 1832 ਵਿਚ ਲੁਡਵਿਗ ਫਿਊਰਬਾਖ਼ ਨੂੰ ਉਹਦੀ ਪ੍ਰੋਫੈਸਰ ਦੀ ਪਦਵੀ ਤੋਂ ਹਟਾ ਦਿੱਤਾ ਸੀ ਅਤੇ ਉਹਨੂੰ 1836 ਵਿਚ ਯੂਨੀਵਰਸਿਟੀ ਵਿਖੇ ਮੁੜਨ ਨਹੀਂ ਸੀ ਦਿੱਤਾ ਅਤੇ 1841 ਵਿਚ ਨੌਜਵਾਨ ਪ੍ਰੋਫੈਸਰ ਬਰੂਨੋ ਬਾਵੇਰ ਦੇ ਬੋਨ ਵਿਖੇ ਲੈਕਚਰ ਦੇਣ ਉਤੇ ਪਾਬੰਦੀ ਲਾ ਦਿੱਤੀ। ਇਸ ਪਿਛਾਂਹਖਿਚੂ ਨੀਤੀ ਨੇ ਮਾਰਕਸ ਨੂੰ ਵਿਦਿਅਕ ਜੀਵਨ ਦਾ ਵਿਚਾਰ ਛੱਡਣ ਉਤੇ ਮਜ਼ਬੂਰ ਕਰ ਦਿੱਤਾ। ਜਰਮਨੀ ਵਿਚ ਖੱਬੇ ਪੱਖੀ ਹੀਗਲਵਾਦੀ ਵਿਚਾਰਾਂ ਦਾ ਵਿਕਾਸ ਇਸ ਸਮੇਂ ਵਿਚ ਬੜੀ ਤੇਜ਼ੀ ਨਾਲ ਫੈਲ ਰਿਹਾ ਸੀ। ਲੁਡਵਿਗ ਫਿਉਰਬਾਖ਼ ਨੇ ਵਿਸ਼ੇਸ਼ ਤੌਰ 'ਤੇ 1836 ਤੋਂ ਪਿਛੋਂ, ਧਰਮ ਵਿਦਿਆ ਉਤੇ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ, ਅਤੇ ਪਦਾਰਥਵਾਦ ਵਲ ਮੁੜ ਪਿਆ, ਜਿਹੜਾ 1841 ਵਿਚ ਉਹਦੇ ਦਰਸ਼ਨ ਵਿਚ ਪੂਰਾ ਪ੍ਰਬਲ ਹੋ ਗਿਆ (''ਈਸਾਈਅਤ ਦਾ ਤੱਤ'')। 1843 ਵਿਚ ਉਹਦੀ ਲਿਖਤ 'ਭਵਿੱਖ ਦੇ ਦਰਸ਼ਨ ਦੇ ਮੁੱਖ ਨਿਯਮ' ਆਈ। ''ਬੰਦੇ ਲਈ ਇਹ ਲਾਜ਼ਮੀ ਸੀ ਕਿ ਉਹਨੇ ਇਹਨਾਂ ਪੁਸਤਕਾਂ ਦਾ, ਮੁਕਤੀਦਾਤਾ ਪ੍ਰਭਾਵ ਆਪ ਅਨੁਭਵ ਕੀਤਾ ਹੋਵੇ'', ਏਂਗਲਜ ਨੇ ਪਿਛੋਂ ਜਾ ਕੇ ਫਿਉਰਬਾਖ਼ ਦੀਆਂ ਇਹਨਾਂ ਲਿਖਤਾਂ ਸਬੰਧੀ ਲਿਖਿਆ। ''ਅਸੀਂ, (ਅਰਥਾਤ, ਮਾਰਕਸ ਸਮੇਤ, ਖੱਬੇ ਪੱਖੀ ਹੀਗਲਵਾਦੀ), ਸਾਰੇ ਇਕਦਮ ਫਿਉਰਬਾਖਵਾਦੀ ਬਣ ਗਏ। ਉਸ ਸਮੇਂ ਰਾਈਨਲੈਂਡ ਦੀ ਗਰਮ-ਖਿਆਲ ਬੁਰਜ਼ੁਆਜ਼ੀ ਨੇ, ਜਿਨ੍ਹਾਂ ਦਾ ਖੱਬੇ-ਪੱਖੀ ਹੀਗਲਵਾਦੀਆਂ ਨਾਲ ਸੰਪਰਕ ਸੀ, ਕੋਲੇਨ ਵਿਖੇ ਵਿਰੋਧੀ ਪੱਖ ਦਾ ਇਕ ਪੱਤਰ ਸਥਾਪਤ ਕੀਤਾ ਜਿਸਦਾ ਨਾਂ ਸੀ ''Rheinische Zeitung'' (ਪਹਿਲਾ ਪਰਚਾ ਪਹਿਲੀ ਜਨਵਰੀ 1842 ਨੂੰ ਨਿਕਲਿਆ)। ਮਾਰਕਸ ਅਤੇ ਬਰੂਨੋ ਬਾਵੇਰ ਨੂੰ ਇਹਦੇ ਲਈ ਮੁੱਖ ਲੇਖਕ ਹੋਣ ਦਾ ਸੱਦਾ ਦਿੱਤਾ ਗਿਆ, ਅਤੇ ਅਕਤੂਬਰ 1842 ਵਿਚ ਮਾਰਕਸ ਮੁੱਖ ਸੰਪਾਦਕ ਬਣ ਗਿਆ ਅਤੇ ਬੋਨ ਤੋਂ ਕੋਲੇਨ ਚਲਾ ਗਿਆ। ਮਾਰਕਸ ਦੇ ਸੰਪਾਦਨ ਅਧੀਨ ਅਖਬਾਰ ਦਾ ਇਨਕਲਾਬੀ-ਜਮਹੂਰੀ ਮੁਹਾਣ ਸਦਾ ਵਧੇਰੇ ਤਿੱਖਾ ਹੁੰਦਾ ਗਿਆ ਅਤੇ ਹਕੂਮਤ ਨੇ ਪਹਿਲਾਂ ਇਹਦੇ ਉਤੇ ਦੂਹਰੀ ਅਤੇ ਤੀਹਰੀ ਸੈਂਸਰਸ਼ਿਪ ਲਾਗੂ ਕਰ ਦਿੱਤੀ ਅਤੇ ਫਿਰ ਪਹਿਲੀ ਜਨਵਰੀ 1843 ਨੂੰ ਇਹਨੂੰ ਬੰਦ ਕਰਨ ਦਾ ਨਿਰਣਾ ਕੀਤਾ। ਮਾਰਕਸ ਨੂੰ ਉਸ ਤਾਰੀਖ ਤੋਂ ਪਹਿਲਾਂ ਸੰਪਾਦਕ ਦੀ ਪਦਵੀ ਤੋਂ ਅਸਤੀਫਾ ਦੇਣਾ ਪਿਆ ਪਰ ਉਹਦਾ ਅਸਤੀਫਾ ਅਖ਼ਬਾਰ ਨੂੰ ਬਚਾਅ ਨਾ ਸਕਿਆ, ਜਿਹੜਾ ਮਾਰਚ 1843 ਵਿਚ ਛਪਣਾ ਬੰਦ ਹੋ ਗਿਆ। ਮਾਰਕਸ ਨੇ ''Rheinische Zeitung'' ਲਈ ਜਿਹੜੇ ਵੱਡੇ ਲੇਖ ਲਿਖੇ, ਉਹਨਾਂ ਵਿਚੋਂ, ਕੁੱਝ ਹੋਰ ਲੇਖਾਂ ਸਮੇਤ ਏਂਗਲਜ਼ ਮੋਸਲ ਘਾਟੀ ਦੇ ਅੰਗੂਰ ਉਗਾਉਣ ਵਾਲੇ ਕਿਸਾਨਾਂ ਦੀ ਪ੍ਰਸਥਿਤੀ ਸਬੰਧੀ ਇਕ ਲੇਖ ਦਾ ਵਰਣਨ ਕਰਦਾ ਹੈ। ਮਾਰਕਸ ਦੀਆਂ ਪੱਤਰਕਾਰ ਸਰਗਰਮੀਆਂ ਨੇ ਉਹਨੂੰ ਨਿਸ਼ਚਾ ਕਰਵਾ ਦਿੱਤਾ ਕਿ ਉਹ ਰਾਜਨੀਤਕ ਆਰਥਕਤਾ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਅਤੇ ਉਹਨੇ ਉਤਸ਼ਾਹ  ਨਾਲ ਇਹਦਾ ਅਧਿਐਨ ਸ਼ੁਰੂ ਕਰ ਦਿੱਤਾ। 
1843 ਵਿਚ ਮਾਰਕਸ ਨੇ ਕ੍ਰਿਊਜ਼ਨਾਖ ਵਿਖੇ ਆਪਣੀ ਬਚਪਨ ਦੀ ਮਿੱਤਰ ਜੈਨੀ ਫਾਨ ਫੈਸਟਫਾਲਨ ਨਾਲ ਵਿਆਹ ਕਰਵਾ ਲਿਆ, ਜਿਸ ਨਾਲ ਉਹਨੇ ਉਦੋਂ ਮੰਗਣੀ ਕਰ ਲਈ ਸੀ ਜਦੋਂ ਉਹ ਅਜੇ ਵਿਦਿਆਰਥੀ ਸੀ। ਉਹਦੀ ਪਤਨੀ ਪਰਸ਼ੀਆਈ ਰਾਠਸ਼ਾਹੀ ਦੇ ਇਕ ਪਿਛਾਂਹਖਿਚੂ ਪਰਵਾਰ ਵਿਚੋਂ ਸੀ, ਉਹਦਾ ਵੱਡਾ ਭਰਾ 1850-58 ਦੇ ਅਤਿਅੰਤ ਪਿਛੇਖਿਚੂ ਸਮੇਂ ਵਿਚ ਪਰੂਸ਼ੀਆ ਦਾ ਗ੍ਰਹਿ ਮੰਤਰੀ ਸੀ। 1843 ਦੀ ਪਤਝੜ ਵਿਚ ਮਾਰਕਸ ਆਰਨਲਡ ਰੂਗੇ (1802-80; ਖੱਬੇ-ਪੱਖੀ ਹੀਗਲਵਾਦੀ; 1825-30 ਵਿਚ ਜੇਲ੍ਹ ਵਿਚ ਰਿਹਾ; 1848 ਤੋਂ ਪਿਛੋਂ ਰਾਜਸੀ ਜਲਾਵਤਨ ਅਤੇ 1866-70 ਤੋਂ ਪਿਛੋਂ ਬਿਸਮਾਰਕ ਪੱਖੀ) ਨਾਲ  ਰਲਕੇ ਬਦੇਸ਼ ਵਿਚ ਇਕ ਗਰਮ ਖਿਆਲੀ ਰਸਾਲਾ ਪ੍ਰਕਾਸ਼ਤ ਕਰਨ ਲਈ ਪੈਰਿਸ ਚਲਾ ਗਿਆ। ਇਸ ਰਸਾਲੇ ''Deutsch-Franzosische Jahrbucher'' ਦਾ ਇਕੋ ਇਕ ਅੰਕ ਪ੍ਰਕਾਸ਼ਤ ਹੋਇਆ। ਜਰਮਨੀ ਵਿਚ ਇਸਦੇ ਗੁਪਤ ਤੌਰ ਉਤੇ ਪ੍ਰਚਾਰ ਵਿਚ ਆਈਆਂ ਔਖਿਆਈਆਂ ਅਤੇ ਰੂਗੇ ਨਾਲ ਮਤਭੇਦਾਂ ਕਾਰਨ ਪ੍ਰਕਾਸ਼ਨਾ ਬੰਦ ਕਰ ਦਿੱਤੀ ਗਈ। ਇਸ ਰਸਾਲੇ ਵਿਚ ਮਾਰਕਸ ਦੇ ਲੇਖ ਦਰਸਾਉਂਦੇ ਹਨ ਕਿ ਉਹ ਪਹਿਲਾਂ ਹੀ ਇਕ ਇਨਕਲਾਬੀ ਬਣ ਚੁੱਕਾ ਸੀ, ਜਿਹੜਾ ''ਹਰ ਵਿਦਮਾਨ ਸ਼ੈ ਦੀ ਬੇਕਿਰਕੀ ਨਾਲ ਪੜਚੋਲ'', ਅਤੇ ਵਿਸ਼ੇਸ਼ ਤੌਰ ਉਤੇ ''ਹਥਿਆਰ ਦੀ ਪੜਚੋਲ'' ਦੀ ਵਕਾਲਤ ਕਰਦਾ ਅਤੇ ਜਨਤਾ ਨੂੰ ਅਤੇ ਪ੍ਰੋਲਤਾਰੀ ਨੂੰ ਸੱਦਾ ਦਿੰਦਾ। 
ਸਤੰਬਰ 1844 ਵਿਚ ਏਗਲਜ਼ ਥੋੜ੍ਹੇ ਦਿਨਾਂ ਲਈ ਪੈਰਿਸ ਆਇਆ ਅਤੇ ਉਸ ਸਮੇਂ ਤੋਂ ਮਾਰਕਸ ਦਾ ਸਭ ਤੋਂ ਨੇੜਵਾਂ ਮਿੱਤਰ ਬਣ ਗਿਆ। ਉਹਨਾਂ ਦੂਹਾਂ ਨੇ ਪੈਰਿਸ ਦੀਆਂ ਇਨਕਲਾਬੀ ਟੋਲੀਆਂ ਦੇ ਉਸ ਸਮੇਂ ਦੇ ਕੁਰਬਲ-ਕੁਰਬਲ ਕਰਦੇ ਜੀਵਨ ਵਿਚ ਅਤਿਅੰਤ ਸਰਗਰਮ ਹਿੱਸਾ ਲਿਆ। (ਉਸ ਸਮੇਂ ਪਰੂਧੋ ਦਾ ਸਿਧਾਂਤ ਵਿਸ਼ੇਸ਼ ਮਹੱਤਤਾ ਵਾਲਾ ਸੀ, ਜਿਸਨੂੰ ਮਾਰਕਸ ਨੇ ਆਪਣੀ ''ਦਰਸ਼ਨ ਦੀ ਕੰਗਾਲੀ'' (1847) ਵਿਚ ਫ਼ੀਤਾ-ਫੀਤਾ ਕੀਤਾ); ਅਤੇ ਨਿਕ ਬੁਰਜ਼ੂਆ ਸੋਸ਼ਲਿਜ਼ਮ ਦੇ ਵੱਖ ਵੱਖ ਸਿਧਾਂਤਾਂ ਵਿਰੁੱਧ ਜ਼ੋਰਦਾਰ ਘੋਲ ਕਰਦੇ ਹੋਏ ਉਹਨਾਂ ਇਨਕਲਾਬੀ ਪ੍ਰੋਲਤਾਰੀ ਸੋਸ਼ਲਿਜ਼ਮ, ਜਾਂ ਕਮਿਊਨਿਜ਼ਮ (ਮਾਰਕਸਵਾਦ) ਦਾ ਸਿਧਾਂਤ ਅਤੇ ਦਾਅਪੇਚ ਘੜੇ। ਪਰੂਸ਼ੀਆਈ ਹਕੂਮਤ ਦੀ ਜ਼ੋਰਦਾਰ ਬੇਨਤੀ ਉਤੇ ਮਾਰਕਸ ਨੂੰ 1845 ਵਿਚ ਇਕ ਖ਼ਤਰਨਾਕ ਇਨਕਲਾਬੀ ਵਜੋਂ ਪੈਰਿਸ ਤੋਂ ਬਦਰ ਕਰ ਦਿੱਤਾ ਗਿਆ। ਉਹ ਬਰਸੇਲਜ਼ ਚਲਾ ਗਿਆ। 1847 ਦੀ ਬਸੰਤ ਵਿਚ ਮਾਰਕਸ ਅਤੇ ਏਂਗਲਜ਼ ''ਕਮਿਊਨਿਸਟ ਲੀਗ'' ਨਾਂ ਦੀ ਇਕ ਗੁਪਤ ਪ੍ਰਚਾਰ ਸਭਾ ਵਿਚ ਸ਼ਾਮਲ ਹੋ ਗਏ, ਉਹਨਾਂ ਲੀਗ ਦੀ ਦੂਜੀ ਕਾਂਗਰਸ (ਲੰਦਨ, ਨਵੰਬਰ 1847) ਵਿਚ ਸਰਗਰਮ ਹਿੱਸਾ ਲਿਆ, ਜਿਸਦੀ ਬੇਨਤੀ ਉਤੇ ਉਹਨਾਂ ਪ੍ਰਸਿੱਧ ''ਕਮਿਊਨਿਸਟ ਮੈਨੀਫੈਸਟੋ'' ਲਿਖਿਆ, ਜਿਹੜਾ ਫਰਵਰੀ 1848 ਵਿਚ ਛਪਿਆ। ਪ੍ਰਤਿਭਾ ਦੀ ਸਪੱਸ਼ਟਤਾ ਅਤੇ ਸਿਆਣਪ ਨਾਲ ਇਸ ਕਿਰਤ ਵਿਚ ਇਕ ਨਵਾਂ ਸੰਸਾਰ-ਸੰਕਲਪ, ਇਕਸਾਰ ਪਦਾਰਥਵਾਦ ਉਲੀਕਿਆ ਗਿਆ ਹੈ, ਜਿਹੜਾ ਸਮਾਜੀ ਜੀਵਨ ਦੇ ਖੇਤਰ ਨੂੰ ਆਪਣੀ ਵਲਗਣ ਵਿਚ ਲੈਂਦਾ ਹੈ; ਵਿਕਾਸ ਦੇ ਸਭ ਤੋਂ ਵੱਧ ਸਰਬਪੱਖੀ ਅਤੇ ਗੰਭੀਰ ਸਿਧਾਂਤ ਵਜੋਂ ਦਵੰਦਵਾਦ; ਜਮਾਤੀ ਸੰਘਰਸ਼ ਦਾ ਸਿਧਾਂਤ ਅਤੇ ਪ੍ਰੋਲਤਾਰੀ-ਨਵੇਂ, ਕਮਿਊਨਿਸਟ ਸਮਾਜ ਦੇ ਸਿਰਜਣਹਾਰ ਦਾ ਸੰਸਾਰ-ਇਤਿਹਾਸਕ ਇਨਕਲਾਬੀ ਰੋਲ ਵੀ ਸ਼ਾਮਲ ਹਨ। 
1848 ਦਾ ਫਰਵਰੀ ਇਨਕਲਾਬ ਸ਼ੁਰੂ ਹੋਣ ਉਤੇ ਮਾਰਕਸ ਨੂੰ ਬੈਲਜੀਅਮ ਤੋਂ ਬਦਰ ਕਰ ਦਿੱਤਾ ਗਿਆ। ਉਹ ਪੈਰਿਸ ਮੁੜ ਆਇਆ, ਜਿੱਥੋਂ, ਮਾਰਚ ਇਨਕਲਾਬ ਤੋਂ ਪਿਛੋਂ ਉਹ ਕੋਲੋਨ, ਜਰਮਨੀ ਚਲਾ ਗਿਆ, ਜਿਥੇ ਪਹਿਲੀ ਜੂਨ 1848 ਤੋਂ 19 ਮਈ 1849 ਤੱਕ ''Neue Rheinische Zeitung'' ਪ੍ਰਕਾਸ਼ਤ ਹੋਇਆ, ਮਾਰਕਸ ਇਹਦਾ ਮੁਖ ਸੰਪਾਦਕ ਸੀ। 1848-49 ਦੀਆਂ ਇਨਕਲਾਬੀ ਘਟਨਾਵਾਂ ਦੇ ਪ੍ਰਵਾਹ ਨੇ ਬੜੇ ਉਜਾਗਰ ਢੰਗ ਨਾਲ ਨਵੇਂ ਸਿਧਾਂਤ ਦੀ ਪ੍ਰੋੜ੍ਹਤਾ ਕਰ ਦਿੱਤੀ, ਐਨ ਉਸੇ ਤਰ੍ਹਾਂ ਜਿਵੇਂ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਕੁਲ ਪ੍ਰੋਲਤਾਰੀ ਅਤੇ ਜਮਹੂਰੀ ਲਹਿਰਾਂ ਨੇ ਇਹਦੀ ਪ੍ਰੋੜ੍ਹਤਾ ਕੀਤੀ। ਜੇਤੂ ਉਲਟ ਇਨਕਲਾਬੀਆਂ  ਨੇ ਪਹਿਲਾਂ ਮਾਰਕਸ ਦੇ ਵਿਰੁੱਧ ਅਦਾਲਤੀ ਕਾਰਵਾਈ ਉਕਸਾਈ (ਉਹ 9 ਫਰਵਰੀ 1849 ਨੂੰ ਬਰੀ ਕਰ ਦਿੱਤਾ ਗਿਆ) ਅਤੇ ਫਿਰ ਉਹਨੂੰ ਜਰਮਨੀ ਤੋਂ ਬਦਰ ਕਰ ਦਿੱਤਾ (16 ਮਈ 1849)। ਮਾਰਕਸ ਪਹਿਲਾਂ ਪੈਰਿਸ ਗਿਆ 13 ਜੂਨ 1849 ਦੇ ਪ੍ਰਦਰਸ਼ਨ ਪਿਛੋਂ ਉਹ ਫਿਰ ਬਦਰ ਕਰ ਦਿੱਤਾ ਗਿਆ, ਅਤੇ ਫਿਰ ਲੰਦਨ ਚਲਾ ਗਿਆ, ਜਿਥੇ ਉਹ ਆਪਣੀ ਮੌਤ ਤੱਕ ਰਿਹਾ। 
ਰਾਜਸੀ ਜਲਾਵਤਨੀ ਵਿਚ ਮਾਰਕਸ ਦਾ ਜੀਵਨ ਬਹੁਤ ਕਰੜਾ ਸੀ, ਜਿਹਾ ਕਿ (1913 ਵਿਚ ਛਪੇ) ਮਾਰਕਸ ਅਤੇ ਏਂਗਲਜ਼ ਵਿਚਕਾਰ ਚਿੱਠੀ-ਪੱਤਰ ਤੋਂ ਪਤਾ ਲੱਗਦਾ ਹੈ। ਗਰੀਬੀ ਦਾ ਮਾਰਕਸ ਅਤੇ ਉਹਦੇ ਪਰਿਵਾਰ ਉਤੇ ਸਖਤ ਭਾਰ ਸੀ ਅਤੇ ਜੇ ਏਂਗਲਜ਼ ਦੀ ਨਿਰੰਤਰ ਅਤੇ ਬੇਗਰਜ਼ ਮਾਲੀ ਸਹਾਇਤਾ ਨਾ ਹੁੰਦੀ ਤਾਂ ਨਾ ਕੇਵਲ ਮਾਰਕਸ ''ਸਰਮਾਇਆ'' ਮੁਕੰਮਲ ਨਾ ਕਰ ਸਕਦਾ ਸਗੋਂ ਥੁੜ ਕਾਰਨ ਕੁਚਲਿਆ ਜਾਂਦਾ। ਨਾਲੇ, ਨਿਕ-ਬੁਰਜ਼ੂਆ ਸੋਸ਼ਲਿਜ਼ਮ ਅਤੇ ਗੈਰ ਪ੍ਰੋਲਤਾਰੀ ਸੋਸ਼ਲਿਜ਼ਮ ਦੇ ਆਮ ਤੌਰ ਉਤੇ ਪ੍ਰਚਲਤ ਸਿਧਾਂਤ ਅਤੇ ਮੁਹਾਣ ਮਾਰਕਸ ਨੂੰ ਇਸ ਗੱਲ ਲਈ ਮਜ਼ਬੂਰ ਕਰਦੇ ਕਿ ਉਹ ਨਿਰੰਤਰ ਅਤੇ ਬੇਕਿਰਕ ਘੋਲ ਲੜੇ ਅਤੇ ਕਈ ਵਾਰ ਅਤਿਅੰਤ ਵਹਿਸ਼ੀ ਅਤੇ ਘੋਰ ਨਿੱਜੀ ਹਮਲਿਆਂ ਦਾ ਮੂੰਹ ਭੰਨੇ। ਮਾਰਕਸ ਰਾਜਸੀ ਜਲਾਵਤਨਾਂ ਦੇ ਹਲਕਿਆਂ ਤੋਂ ਵੱਖ ਰਿਹਾ, ਅਤੇ ਕਈ ਇਤਿਹਾਸਕ ਕਿਰਤਾਂ ਵਿਚ ਆਪਣਾ ਪਦਾਰਥਵਾਦੀ ਸਿਧਾਂਤ ਘੜਿਆ ਅਤੇ ਆਪਣੇ ਆਪ ਨੂੰ ਮੁਖ ਤੌਰ ਉਤੇ ਰਾਜਨੀਤਕ ਆਰਥਕਤਾ ਦੇ ਅਧਿਐਨ ਪ੍ਰਤੀ ਸਮਰਪਤ ਕੀਤਾ। ਮਾਰਕਸ ਨੇ ਆਪਣੀਆਂ ਰਚਨਾਵਾਂ ''ਰਾਜਨੀਤਕ ਆਰਥਕਤਾ ਦੀ ਪੜਚੋਲ'' ਵਿਚ ਹਿਸਾ ਪਾਇਆ  (1859) ਅਤੇ ''ਸਰਮਾਇਆ'' (ਸੰਚੀ 1, 1867) ਲਿਖਕੇ ਇਸ ਸਿਧਾਂਤ ਵਿਚ ਇਨਕਲਾਬ ਲਿਆ ਦਿੱਤਾ। 
ਪੰਜਾਹਵਿਆਂ ਦੇ ਅੰਤ ਅਤੇ ਸੱਠਵਿਆਂ ਵਿਚ ਜਮਹੂਰੀ ਲਹਿਰਾਂ ਦੇ ਸੁਰਜੀਤ ਹੋਣ ਨੇ ਮਾਰਕਸ ਨੂੰ ਅਮਲੀ ਸਰਗਰਮੀ ਲਈ ਮੁੜ ਪ੍ਰੇਰਿਆ। 1864 ਵਿਚ (28 ਸਤੰਬਰ) 'ਕਿਰਤੀ ਲੋਕਾਂ ਦੀ ਕੌਮਾਂਤਰੀ ਸਭਾ' (International Working Mens’ Association) ਪ੍ਰਸਿੱਧ ਪਹਿਲੀ ਇੰਟਰਨੈਸ਼ਨਲ-ਲੰਦਨ ਵਿਖੇ ਸਥਾਪਤ ਕੀਤੀ ਗਈ। ਮਾਰਕਸ ਇਸ ਸਭਾ ਦੀ ਜ਼ਿੰਦ ਜਾਨ ਸੀ, ਅਤੇ ਇਹਦੇ ਪਹਿਲੇ ''ਸੰਬੋਧਨ ਪੱਤਰ'' ਅਤੇ ਅਣਗਿਣਤ ਪ੍ਰਸਤਾਵਾਂ, ਐਲਾਨਾਂ ਅਤੇ ਮਨੋਰਥ ਪੱਤਰਾਂ ਦਾ ਲੇਖਕ ਸੀ। ਵੱਖ ਵੱਖ ਦੇਸ਼ਾਂ ਦੀ ਮਜ਼ਦੂਰ ਲਹਿਰ ਨੂੰ ਇਕਮੁਠ ਕਰਦੇ ਹੋਏ ਗੈਰ ਪ੍ਰੋਲਤਾਰੀ, ਪੂਰਬ ਮਾਰਕਸੀ, ਸੋਸ਼ਲਿਜ਼ਮ ਦੇ ਵੱਖ ਵੱਖ ਰੂਪਾਂ (ਮਾਜ਼ਿਨੀ, ਪਰੂਧੋਂ, ਬਾਕੂਨਿਨ, ਬਰਤਾਨੀਆ ਦੇ ਉਦਾਰਪੰਥੀ ਟਰੇਡ ਯੂਨਿਅਨਵਾਦ, ਜਰਮਨੀ ਵਿਚ ਲਾਸਾਲਵਾਦੀ ਸੱਜੇ ਪੱਖੀ ਡਾਵਾਂਡੋਲਤਾ) ਨੂੰ ਸਾਂਝੀ ਸਰਗਰਮੀ ਦੇ ਰਾਹ ਉਤੇ ਪਾਉਣ ਦਾ ਯਤਨ ਕਰਦੇ ਹੋਏ, ਅਤੇ ਇਹਨਾਂ ਸਾਰੀਆਂ ਧਾਰਾਵਾਂ ਅਤੇ ਪਰਪਾਰਟੀਆਂ ਦੇ ਸਿੱਧਾਂਤਾਂ ਦਾ ਮੁਕਾਬਲਾ ਕਰਦੇ ਹੋਏ ਮਾਰਕਸ ਨੇ ਵੱਖ ਵੱਖ ਦੇਸ਼ਾਂ ਵਿਚ ਕਿਰਤੀ ਸ਼੍ਰੇਣੀ ਦੇ ਪ੍ਰੋਲਤਾਰੀ ਘੋਲ ਲਈ ਇਕਸਾਰ ਦਾਅਪੇਚ ਘੜੇ। ਪੈਰਿਸ ਕਮਿਊਨ ਦੀ ਹਾਰ (1871) ਤੋਂ ਪਿਛੋਂ ਜਿਸਦੀ ਮਾਰਕਸ ਨੇ ਅਜਿਹੀ ਗੰਭੀਰ, ਦੋ ਟੁਕ, ਸ਼ਾਨਦਾਰ, ਕਾਰਗਰ ਅਤੇ ਇਨਕਲਾਬੀ ਵਿਆਖਿਆ ਦਿੱਤੀ (ਫਰਾਂਸ ਵਿਚ ਖਾਨਾ-ਜੰਗੀ'' 1871 ) ਅਤੇ ਇੰਟਰਨੈਸ਼ਨਲ ਵਿਚ ਬਾਕੂਨਿਨ ਦੇ ਹਾਮੀਆਂ ਵਲੋਂ ਪਾਈ ਫੁੱਟ ਪਿਛੋਂ ਪਿਛਲੇਰੀ ਜਥੇਬੰਦੀ ਦੀ ਹੋਂਦ ਯੂਰਪ ਵਿਚ ਨਹੀਂ ਸੀ ਰਹਿ ਸਕਦੀ। ਇੰਟਰਨੈਸ਼ਨਲ ਦੀ ਹੇਗ ਕਾਂਗਰਸ (1872) ਤੋਂ ਪਿਛੋਂ ਮਾਰਕਸ ਨੇ ਇੰਟਰਨੈਸ਼ਨਲ ਦੀ ਆਮ ਪ੍ਰੀਸ਼ਦ ਨਿਊਯਾਰਕ ਤਬਦੀਲ ਕਰ ਦਿੱਤੀ। ਪਹਿਲੀ ਇੰਟਰਨੈਸ਼ਨਲ ਨੇ ਆਪਣਾ ਇਤਿਹਾਸਕ ਕਾਰਜ ਪੂਰਾ ਕਰ ਲਿਆ ਸੀ ਅਤੇ ਹੁਣ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਮਜ਼ਦੂਰ ਲਹਿਰ ਦੇ ਕਿਤੇ ਵਧੇਰੇ ਵਿਕਾਸ ਦੇ ਸਮੇਂ ਲਈ ਮੈਦਾਨ ਖਾਲੀ ਕਰ ਦਿੱਤਾ, ਉਹ ਸਮਾਂ ਸੀ ਜਿਸ ਵਿਚ ਲਹਿਰ ਵਿਸ਼ਾਲਤਾ ਵਿਚ ਵਧੀ ਅਤੇ ਵੱਖ ਵੱਖ ਕੌਮੀ ਰਾਜਾਂ ਵਿਚ ਜਨਤਕ ਸੋਸ਼ਲਿਸਟ ਕਿਰਤੀ ਜਮਾਤ ਦੀਆਂ ਪਾਰਟੀਆਂ ਸਥਾਪਤ ਕੀਤੀਆਂ ਗਈਆਂ। 
ਇੰਟਰਨੈਸ਼ਨਲ ਵਿਚ ਉਹਦੀ ਕਰੜੀ ਘਾਲਣਾ ਅਤੇ ਉਸ ਤੋਂ ਵੀ ਵੱਧ ਕਰੜੇ ਸਿਧਾਂਤਕ ਰੁਝੇਵਿਆਂ ਨੇ ਮਾਰਕਸ ਦੀ ਸਿਹਤ ਦੀ ਜੜ੍ਹੀਂ ਤੇਲ ਦੇ ਦਿੱਤਾ। ਉਹਨੇ ਰਾਜਨੀਤਕ ਆਰਥਕਤਾ ਨੂੰ ਮੁੜ ਘੜਨ ਅਤੇ ''ਸਰਮਾਇਆ'' ਮੁਕੰਮਲ ਕਰਨ ਲਈ ਕੰਮ ਜਾਰੀ ਰੱਖਿਆ, ਜਿਸ ਵਿਚ ਉਹਨੇ ਬਹੁਤ ਸਾਰੀ ਨਵੀਂ ਸਮੱਗਰੀ ਇਕੱਠੀ ਕੀਤੀ ਅਤੇ ਕਈ ਭਾਸ਼ਾਵਾਂ (ਉਦਾਹਰਣ ਵਜੋਂ, ਰੂਸੀ) ਪੜ੍ਹੀਆਂ। ਪਰ ਖ਼ਰਾਬ ਸਿਹਤ ਨੇ ਉਹਨੂੰ ''ਸਰਮਾਇਆ'' ਮੁਕੰਮਲ ਨਾ ਕਰਨ ਦਿੱਤਾ। 
2 ਦਸੰਬਰ 1881 ਨੂੰ ਉਹਦੀ ਪਤਨੀ ਦੀ ਮੌਤ ਹੋ ਗਈ ਅਤੇ 14 ਮਾਰਚ 1883 ਨੂੰ ਮਾਰਕਸ ਆਪਣੀ ਆਰਾਮ ਕੁਰਸੀ ਵਿਚ ਸੁਖ ਦੀ ਨੀਂਦ ਸੌਂ ਗਿਆ। ਉਹ ਆਪਣੀ ਪਤਨੀ ਦੇ ਨੇੜੇ ਲੰਦਨ ਦੇ ਹਾਈਗੇਟ ਕਬਰਿਸਤਾਨ ਵਿਚ ਦਫਨ ਹੈ। ਮਾਰਕਸ ਦੇ ਬੱਚਿਆਂ ਵਿਚੋਂ ਕਈ ਉਸ ਸਮੇਂ ਲੰਦਨ ਵਿਚ ਮਰ ਗਏ ਜਦੋਂ ਪਰਵਾਰ ਕੰਗਾਲੀ ਦੀ ਹਾਲਤ ਵਿਚ ਰਹਿ ਰਿਹਾ ਸੀ। ਉਹਦੀਆਂ ਤਿੰਨ ਧੀਆਂ ਨੇ ਅੰਗਰੇਜ਼ ਅਤੇ ਫਰਾਂਸੀਸੀ ਸੋਸ਼ਲਿਸਟਾਂ ਨਾਲ ਵਿਆਹ ਕੀਤੇ : ਇਲੀਨੋਰ ਐਵਲਿੰਗ, ਲਾਉਰਾ ਲਾਫਾਰਗ ਅਤੇ ਜੈਨੀ ਲੌਂਗੇ। ਪਿਛਲੇਰੀ ਦਾ ਪੁਤਰ ਫਰਾਂਸੀਸੀ ਸੋਸ਼ਲਿਸਟ ਪਾਰਟੀ ਦਾ ਮੈਂਬਰ ਹੈ। 

No comments:

Post a Comment