Sunday, 1 March 2015

ਧਰਮ ਪਰਿਵਰਤਨ ਬਨਾਮ ਘਰ ਵਾਪਸੀ

ਮੱਖਣ ਕੁਹਾੜ

ਧਰਮ ਪਰਿਵਰਤਨ ਦੇ ਮੁੱਦੇ ਬਾਰੇ ਜਿਸ ਤਰ੍ਹਾਂ ਸਾਰੇ ਭਾਰਤ ਵਿਚ ਚਰਚਾ ਛਿੜੀ ਹੈ, ਇਸ ਨਾਲ ਸਮਾਜਕ ਤਣਾਅ ਪੈਦਾ ਹੋ ਗਿਆ ਹੈ। ਘੱਟ ਗਿਣਤੀਆਂ ਜਿਵੇਂ ਦਹਿਸ਼ਤ ਵਿਚ ਹਨ। ਹਿੰਦੂ-ਮੁਸਲਿਮ ਧਰਮਾਂ ਦਰਮਿਆਨ ਦੂਰੀਆਂ ਵਧਣ ਲਗੀਆਂ ਹਨ। ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਸ ਤਰ੍ਹਾਂ ਦਾ ਸਮਾਜਕ ਤਣਾਅ ਵਾਲਾ ਮਾਹੌਲ ਪਹਿਲਾਂ ਜਾਂ ਤਾਂ ਔਰੰਗਜ਼ੇਬ ਵੇਲੇ ਸੀ ਜਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੀ। ਦੱਸਦੇ ਨੇ ਔਰੰਗਜ਼ੇਬ, 'ਸਵਾ ਮਣ ਜਨੇਊ ਲੁਹਾ ਕੇ ਰੋਟੀ ਖਾਂਦਾ ਸੀ।' ਭਾਵੇਂ ਇਸ 'ਸਵਾ ਮਣ' 'ਚ ਸਚਾਈ ਨਾ ਵੀ ਹੋਵੇ ਪਰ ਇਕ ਤਾਂ ਸੱਚ ਹੈ ਕਿ ਗੁਰੂ ਤੇਗ਼ ਬਹਾਦਰ ਨੂੰ ਜ਼ਮੀਰ ਦੀ ਆਜ਼ਾਦੀ ਦੀ ਰਾਖੀ ਦੇ ਉਚੇਰੇ ਮੰਤਵ ਲਈ ਇਸ ਮਾਹੌਲ ਵਿਰੁੱਧ ਸ਼ਹਾਦਤ ਦੇਣੀ ਪਈ ਸੀ। ਆਜ਼ਾਦੀ ਤੋਂ ਪਹਿਲਾਂ ਬਣੇ ਇਸ ਹਿੰਦੂ-ਮੁਸਲਿਮ ਤਣਾਅ ਦਾ ਹੀ ਸਿੱਟਾ ਸੀ ਕਿ ਮੁਸਲਮਾਨਾਂ ਲਈ ਧਰਮ ਆਧਾਰਤ ਦੇਸ਼ ਪਾਕਿਸਤਾਨ ਬਣਾਉਣ ਦੀ 'ਭਾਰਤੀ ਆਜ਼ਾਦੀ' ਨੂੰ ਵੱਡੀ ਕੁਰਬਾਨੀ ਦੇਣੀ ਪਈ। ਅੱਜ ਫਿਰ ਇਸੇ ਹੀ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਮਨੁੱਖ ਧਰਮ ਤਬਦੀਲ ਕਿਉਂ ਕਰਦਾ ਹੈ? ਧਰਮ ਤਾਂ ਇਕ ਨਿੱਜੀ ਮਸਲਾ ਹੈ ਅਤੇ ਇਸ ਦਾ ਸਬੰਧ ਜੀਵਨ ਜਾਚ ਨਾਲ ਹੈ। ਚੰਗੇ ਅਸੂਲਾਂ ਲਈ, ਬਿਹਤਰ ਜ਼ਿੰਦਗੀ ਲਈ। ਮਨੁੱਖਤਾ ਦੇ ਭਲੇ ਲਈ। ਜੋ ਰੱਬ ਨੂੰ ਮੰਨਦੇ ਹਨ, ਉਨ੍ਹਾਂ ਲਈ ਰੱਬ ਦੀ ਉਪਾਸਨਾ ਕਰਨ ਦੀ ਆਜ਼ਾਦੀ ਦੇ ਮੌਕੇ ਪੈਦਾ ਕਰਨ ਲਈ। ਧਰਮ ਭਾਵ ਅਸੂਲ। ਸਮਾਜ ਵਿਚ ਵਿਚਰਨ ਦੇ ਕੁਝ ਅਜਿਹੇ ਅਸੂਲ ਤੈਅ ਕਰ ਦੇਣੇ, ਜਿਨ੍ਹਾਂ ਨਾਲ ਭਰਾਤਰੀ ਭਾਵ ਪੈਦਾ ਹੋਵੇ। ਸਹਿਜੇ-ਸਹਿਜੇ ਧਰਮ ਇਕ ਪਛਾਣ ਚਿੰਨ੍ਹ ਬਣ ਗਿਆ ਅਤੇ ਲੋਕ ਵਿਰੋਧੀ ਰਾਜਨੀਤੀਵਾਨ ਇਸ ਨੂੰ ਵਰਤ ਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲੱਗੇ। ਲੋਕਾਂ ਨੂੰ ਰਾਜੇ ਅਤੇ ਰੱਬ ਦੀ ਰਜ਼ਾ ਵਿਚ ਰੱਖਣ ਲਈ ਧਰਮ ਨੂੰ ਹਥਿਆਰ ਵਜੋਂ ਵਰਤਿਆ ਜਾਣ ਲੱਗਾ। ਰਾਜ ਭਾਗ ਭਾਵੇਂ ਕਿੰਨਾ ਵੀ ਲੋਕ ਵਿਰੋਧੀ ਹੋਵੇ, ਉਸ ਵਿਰੁੱਧ ਬਗ਼ਾਵਤ ਨਾ ਹੋਵੇ। 'ਮਾੜੀ ਜ਼ਿੰਦਗੀ ਲਈ ਪਿਛਲੇ ਕਰਮਾਂ ਦਾ ਫ਼ਲ ਅਤੇ ਚੰਗੀ ਜ਼ਿੰਦਗੀ ਸਵਰਗ ਵਿਚ ਜਾ ਕੇ ਉਸ ਨੂੰ ਹੀ ਮਿਲੇਗੀ ਜੋ ਧਰਮ ਅਤੇ ਰਾਜ ਦੇ ਅਧੀਨ ਰਹਿ ਕੇ ਵਿਚਰੇਗਾ' ਦਾ ਪ੍ਰਚਾਰ ਹੋਣ ਲੱਗਾ।  ਰਾਜੇ ਜਾਂ ਕਿਸਮਤ ਨੂੰ ਕੋਸਣ 'ਤੇ ਨਰਕ ਦਾ ਡਰ। 'ਜੇਹਾ ਰਾਜਾ ਤੇਹੀ ਪਰਜਾ', 'ਜਿਸ ਦਾ ਰਾਜ ਉਸੇ ਦਾ ਤਪ'। ਰਾਜੇ ਦੇ ਧਰਮ ਨੂੰ ਅਪਣਾ ਕੇ ਉਸ ਦੀ ਪਰਜਾ ਨੂੰ ਵਫ਼ਾਦਾਰੀ ਦਾ ਸਬੂਤ ਦੇਣ ਦਾ ਪਾਠ ਪੜ੍ਹਾਇਆ ਜਾਂਦਾ ਰਿਹਾ ਹੈ। ਰਾਜ ਕਰਨ ਵਾਲੇ ਜਬਰੀ, ਲਾਲਚ ਦੇ ਕੇ ਅਤੇ ਪ੍ਰੇਰਨਾ ਨਾਲ ਵੀ ਆਮ ਲੋਕਾਂ ਨੂੰ ਆਪਣਾ ਧਰਮ ਕਬੂਲ ਕਰਵਾਉਂਦੇ ਰਹੇ ਹਨ। 
ਧਰਮ ਪਰਿਵਰਤਨ ਹਮੇਸ਼ਾ ਆਰਥਕਤਾ ਨਾਲ ਜੁੜਿਆ ਰਿਹਾ ਹੈ। ਹੋਰ ਸੌਖੇਰਾ ਜੀਵਨ ਜਿਊਣ ਦੀ ਤਾਂਘ ਅਤੇ ਧਾਰਮਕ ਕੱਟੜਤਾ ਤੋਂ ਮੁਕਤੀ ਪਾਉਣ ਦੀ ਲਾਲਸਾ ਨਾਲ ਵੀ ਧਰਮ ਪਰਿਵਰਤਨ ਨੂੰ ਉਤਸ਼ਾਹ ਮਿਲਦਾ ਰਿਹਾ ਹੈ। ਗ਼ਰੀਬ ਵਰਗ, ਜਿਧਰੋਂ ਵੀ ਕੁਝ ਰਾਹਤ ਮਿਲੇ, ਉਹ ਉਸੇ ਤਰ੍ਹਾਂ ਦੀ ਜੀਵਨ ਸ਼ੈਲੀ ਅਪਣਾਉਣ ਲੱਗ ਜਾਂਦਾ ਰਿਹਾ ਹੈ। ਇੰਜ ਹਮੇਸ਼ਾ ਤੋਂ ਹੁੰਦਾ ਆਇਆ ਹੈ। ਆਰੀਆਂ ਦੀ ਆਮਦ ਨਾਲ ਚਾਰ ਵਰਣੀ, ਸਮਾਜਕ ਤਾਣਾ-ਬਾਣਾ ਬੁਣਿਆ ਗਿਆ। ਉਹ ਲੋਕ ਜੋ ਆਰੀਆਂ ਤੋਂ ਪਹਿਲਾਂ ਭਾਰਤ ਵਿਚ ਰਹਿ ਰਹੇ ਸਨ, ਚਾਹੇ ਉਹ ਕਬੀਲਿਆਂ ਦੇ ਰੂਪ ਵਿਚ ਸਨ ਜਾਂ ਛੋਟੇ ਛੋਟੇ ਰਾਜ ਸਥਾਪਤ ਕਰ ਕੇ ਰਹਿੰਦੇ ਸਨ, ਸਭ ਦਾ ਆਪਣਾ ਸਭਿਆਚਾਰ, ਭਾਸ਼ਾ ਤੇ ਰਾਜ ਕਰਨ ਦਾ ਢੰਗ ਸੀ। ਆਰੀਆਂ ਵਰਗਾ ਧਾਰਮਕ ਸਰੂਪ ਨਹੀਂ ਸੀ। ਭਾਰਤ ਦੇ ਮੂਲ ਵਾਸੀਆਂ ਨੇ ਆਰੀਆਂ ਨਾਲ ਅਨੇਕਾਂ ਯੁੱਧ ਕੀਤੇ ਪਰ ਉਹ ਹਾਰ ਗਏ। ਕੁਝ ਲੋਕਾਂ ਨੇ ਉਨ੍ਹਾਂ ਦੀ ਈਨ ਮੰਨ ਲਈ, ਕਈ ਲੜਦੇ ਦੱਖਣ ਵੱਲ ਭੱਜ ਗਏ। ਕੁਝ ਵੀ ਸੀ, ਆਰੀਆਂ ਨੇ ਰਾਜ ਵੀ ਸਥਾਪਤ ਕੀਤਾ ਤੇ ਵੈਦਿਕ-ਸਨਾਤਨੀ ਧਰਮ ਵੀ। ਸਮਾਜ ਨੂੰ ਚਾਰ ਵਰਨਾਂ ਵਿਚ ਵੰਡ ਦਿੱਤਾ ਗਿਆ। ਮੂਲ ਭਾਰਤੀਆਂ ਨੂੰ ਗੁਲਾਮ ਬਣਾ ਕੇ ਲੋੜ ਅਧਾਰਤ ਅਤੇ ਪ੍ਰਚਲਤ ਕੰਮਾਂ ਦੇ ਆਧਾਰ 'ਤੇ ਵੈਸ਼, ਸ਼ੂਦਰ, ਖਤਰੀ, ਬ੍ਰਾਹਮਣ ਆਦਿ ਵਰਣਾਂ ਵਿਚ ਵੰਡ ਦਿੱਤਾ ਗਿਆ।  ਵੈਦਿਕ-ਸਨਾਤਨੀ ਧਰਮ ਤੇ ਸੰਸਕ੍ਰਿਤ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਹਿੱਤ ਬ੍ਰਾਹਮਣਾਂ ਦੀ ਵੱਖਰੀ ਤੇ ਸਰਬੋਤਮ ਸ਼੍ਰੇਣੀ ਸਥਾਪਤ ਕੀਤੀ ਗਈ। ਉਸ ਵਕਤ ਆਰੀਆਂ ਤੋਂ ਪਹਿਲਾਂ ਰਹਿ ਰਹੇ ਭਾਰਤੀ ਲੋਕਾਂ (ਮੂਲ ਭਾਰਤੀਆਂ) ਦਾ ਵੱਡੀ ਪੱਧਰ 'ਤੇ ਧਰਮ ਪਰਿਵਰਤਨ ਹੋਇਆ। ਸਨਾਤਨੀ ਕੱਟੜਤਾ ਤੋਂ ਮੁਕਤੀ ਹਾਸਲ ਕਰਨ ਹਿੱਤ ਲੋਕ ਚਾਰਵਾਕੀਏ ਬਣੇ ਅਤੇ ਨਾਸਤਕਤਾ ਵੱਲ ਰੁਚਿਤ ਹੋਏ। ਬ੍ਰਾਹਮਣੀ ਭੇਖਾਂ ਦੀ ਕੱਟੜਤਾ ਤੋਂ ਛੁਟਕਾਰਾ ਹਾਸਲ ਕਰਨ ਲਈ, ਸੌਖਾ ਜੀਵਨ ਜੀਣ ਲਈ। ਇਸ ਸਮੇਂ ਰਾਜ ਪ੍ਰਬੰਧ ਦੀ ਬਣਤਰ ਵਿਚ ਤਬਦੀਲੀ ਹੋਣ ਨਾਲ ਅਤੇ ਚਾਰਵਾਕ ਧਰਮ ਪ੍ਰਚਾਰ ਨਾਲ ਲੋਕ ਰੱਬ ਤੋਂ ਮੁਨਕਰ ਹੋ ਗਏ। ਇਸ ਸਮੇਂ ਜੈਨ ਧਰਮ ਖੂਬ ਫੈਲਿਆ। ਇਸੇ ਦੌਰਾਨ ਹੀ ਬੁੱਧ ਨੇ ਸਨਾਤਨ ਅਤੇ ਜੈਨ ਧਰਮ ਦੇ ਵਿਚ-ਵਿਚਾਲੇ ਦਾ ਰਸਤਾ ਕਢਦਿਆਂ ਰੱਬ ਦੀ ਹੋਂਦ 'ਤੇ ਸਵਾਲੀਆ ਨਿਸ਼ਾਨ ਲਾ ਕੇ ਲੋਕਾਂ ਨੂੰ ਹਿੰਸਾ ਮੁਕਤ ਅਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਸੌਖਾ ਰਾਹ ਦਰਸਾਇਆ। ਭਾਰਤ ਸਮੇਤ ਆਂਢ-ਗੁਆਂਢ ਦੇ ਦੇਸ਼ਾਂ ਵਿਚ ਬੁੱਧ ਧਰਮ ਖੂਬ ਫੈਲਿਆ। ਇਹ ਲੋਕਾਂ ਵਲੋਂ ਲਗਭਗ ਚੌਥੀ ਵਾਰ ਦੀ ਧਰਮ ਤਬਦੀਲੀ ਸੀ। ਅਠਵੀਂ ਸਦੀ ਵਿਚ ਅਰਬ ਕਬੀਲਿਆਂ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਅਤੇ ਧਾੜਵੀ ਬਣ ਕੇ ਮੁਹੰਮਦ ਬਿਨ ਕਾਸਿਮ ਦੇ ਭਾਰਤ 'ਤੇ ਹਮਲੇ ਬਾਅਦ ਤੁਰਕਾਂ, ਮੁਹੰਮਦ ਗਜ਼ਨਵੀ, ਮੁਹੰਮਦ ਗੌਰੀ ਨਾਲ ਭਾਰਤ ਦੇ ਉਤਰੀ ਹਿੱਸੇ ਵਿਚ ਮੁਸਲਿਮ ਸਲਤਨਤ ਸਥਾਪਤ ਹੋ ਗਈ। ਇਕ ਵਾਰ ਫੇਰ ਲੋਕ ਧਰਮ ਤਬਦੀਲ ਕਰਨ ਲਈ ਮਜਬੂਰ ਹੋਏ। ਵਧੇਰੇ ਮਾਰ ਸਾਧਨਹੀਣ ਅਤੇ ਗ਼ੈਰ ਸੰਗਠਤ ਲੋਕਾਂ 'ਤੇ ਹੀ ਪਈ। ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਜਿੱਤ ਕੇ ਮੁਗ਼ਲ ਸਲਤਨਤ ਦੀ ਨੀਂਹ ਰੱਖੀ। ਮੁਗ਼ਲਾਂ ਨੇ ਰਾਜ ਭਾਗ ਚਲਾਉਣ ਲਈ ਪ੍ਰਚਲਤ ਹਿੰਦੂ ਤੇ ਮੁਸਲਿਮ ਧਰਮ ਦੇ ਵਿਚ ਵਿਚਾਲੇ ਦਾ ਰਾਹ ਕਢਿਆ। ਸੂਫ਼ੀ ਮਤ ਹੋਂਦ ਵਿਚ ਆਇਆ। 'ਦੀਨ-ਏ-ਇਲਾਹੀ' ਦਾ ਪ੍ਰਤਾਪ ਵਧਿਆ। ਪਰ ਸ਼ਾਹਜਹਾਂ ਤੇ ਔਰੰਗਜ਼ੇਬ ਨੇ ਲੋਕਾਂ ਨੂੰ ਰਾਜ ਦੀ ਧੌਂਸ, ਜਜੀਆ ਲਾ ਕੇ ਅਤੇ ਤਲਵਾਰ ਦੇ ਜ਼ੋਰ ਨਾਲ ਵੀ ਮੁਸਲਮਾਨ ਬਣਾਇਆ। ਗ਼ਰੀਬ ਲੋਕਾਂ ਨੇ ਜਜੀਏ ਤੇ ਜ਼ਬਰ ਤੋਂ ਬਚਣ ਲਈ ਧਰਮ ਤਬਦੀਲ ਕੀਤਾ। ਮੁਗ਼ਲ ਹਕੂਮਤ ਦੇ ਖ਼ਾਤਮੇ ਮਗਰੋਂ ਅੰਗਰੇਜ਼ ਭਾਰਤ 'ਤੇ ਕਾਬਜ਼ ਹੋ ਗਏ। ਅੰਗਰੇਜ਼ਾਂ ਨੇ ਭਾਵੇਂ ਭਾਰਤੀਆਂ ਨੂੰ ਜਬਰੀ ਤਾਂ ਈਸਾਈ ਨਹੀਂ ਬਣਾਇਆ। ਪਰ ਨਵੀਆਂ ਤਕਨੀਕਾਂ, ਸਿੱਖਿਆ, ਬਰਾਬਰਤਾ ਜਿਹੇ ਨਵੇਂ ਰਾਹ ਏਸ ਢੰਗ ਨਾਲ ਖੋਲ੍ਹੇ ਕਿ ਲੋਕ ਈਸਾਈ ਧਰਮ ਵੱਲ ਖਿੱਚੇ ਗਏ। ਹੇਠਲੀ ਸ਼੍ਰੇਣੀ ਦੇ ਲੋਕ ਵਧੇਰੇ ਗਿਣਤੀ ਵਿਚ ਈਸਾਈ ਬਣੇ। ਹਾਕਮੀ ਰੰਗ ਮਾਨਣ ਲਈ ਦਰਮਿਆਨੀ ਤੇ ਉਚ ਸ਼੍ਰੇਣੀ ਦੇ ਕਈ ਲੋਕ ਵੀ ਈਸਾਈ ਬਣ ਗਏ। ਇਹ ਧਰਮ ਤਬਦੀਲੀ ਦਾ ਇਕ ਹੋਰ ਨਵਾਂ ਦੌਰ ਸੀ। ਗ਼ਰੀਬ ਦਲਿਤ-ਸ਼ੂਦਰ ਸ਼੍ਰੇਣੀ ਨੂੰ ਜਿਵੇਂ ਸਮਾਜਕ ਬਰਾਬਰੀ ਜਿਹੀ ਦਾ ਅਹਿਸਾਸ ਹੋਇਆ। 
ਇਸ ਤੋਂ ਪਹਿਲਾਂ ਪੁਰਾਣੇ ਪੰਜਾਬੀ ਖੇਤਰ ਵਿਚ ਭਗਤੀ ਲਹਿਰ ਨੇ ਨੀਵੀਆਂ ਜਾਤੀਆਂ ਦੇ ਹੱਕ ਵਿਚ ਪ੍ਰਚਾਰ ਕੀਤਾ। ਹਿੰਦੂ ਰੀਤੀ ਰਿਵਾਜਾਂ ਅਤੇ ਮੁਸਲਿਮ ਧਰਮ ਦੇ ਪਖੰਡਾਂ ਵਿਰੁੱਧ ਸੁਰ ਉਚੀ ਹੋਈ। ਬਾਬੇ ਨਾਨਕ ਨੇ 'ਨਾ ਕੋ ਹਿੰਦੂ ਨਾ ਮੁਸਲਮਾਨ' ਅਤੇ ਗੁਰੂ ਅਰਜਨ ਦੇਵ ਜੀ ਨੇ 'ਨਾ ਹਮ ਹਿੰਦੂ ਨਾ ਮੁਸਲਮਾਨ' ਕਹਿ ਕੇ ਲੋਕਾਂ ਨੂੰ ਜਾਤਾਂ, ਧਰਮਾਂ, ਅੰਧ ਵਿਸ਼ਵਾਸੀ ਪਖੰਡਾਂ ਤੋਂ ਉਪਰ ਉਠਣ ਦਾ ਨਾਅਰਾ ਦਿੱਤਾ। ਗੁਰੂ ਤੇਗ਼ ਬਹਾਦਰ ਨੇ ਜਬਰੀ ਧਰਮ ਤਬਦੀਲੀ ਦੇ ਵਿਰੋਧ ਵਿਚ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ 'ਧਰਮ ਮਨੁੱਖ ਦਾ ਨਿੱਜੀ ਮਸਲਾ ਹੈ, ਰਾਜ ਦਾ ਇਸ ਵਿਚ ਦਖ਼ਲ ਨਹੀਂ ਹੋਣਾ ਚਾਹੀਦਾ', ਬਾਰੇ ਵਿਚਾਰ ਪ੍ਰਬਲ ਕਰਨ ਹਿੱਤ ਲਾਮਿਸਾਲ ਕੁਰਬਾਨੀ ਦਿੱਤੀ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਕ ਦੇ ਸਮੇਂ ਦੌਰਾਨ ਲੋਕਾਂ ਨੂੰ ਧਾਰਮਕ ਕੱਟੜਤਾ ਵਿਰੋਧੀ ਅਤੇ ਜਬਰ-ਜੁਲਮ, ਗ਼ਰੀਬੀ, ਆਰਥਕ ਮੰਦਹਾਲੀ, ਬੇਇਨਸਾਫ਼ੀ ਵਿਰੁੱਧ ਡੱਟਣ ਲਈ ਸਭ ਧਰਮਾਂ, ਜਾਤਾਂ, ਖਿੱਤਿਆਂ ਤੋਂ ਉੱਪਰ ਉੱਠ ਕੇ ਇਕ ਹੋ ਕੇ ਲੜਨ ਦੀ ਪ੍ਰੇਰਨਾ ਦਿੱਤੀ ਗਈ।  ਪੰਜ ਪਿਆਰਿਆਂ ਦਾ ਸੰਕਲਪ ਲਿਆ ਕੇ ਲੋਕਾਂ ਨੂੰ ਹੱਕ-ਸੱਚ ਖਾਤਰ, ਲੜਨ ਮਰਨ ਲਈ ਪ੍ਰੇਰਿਆ। ਵੱਖ-ਵੱਖ ਧਰਮਾਂ, ਜਾਤਾਂ, ਫਿਰਕਿਆਂ ਦੇ ਲੋਕ ਇਸ ਹੱਕੀ ਸੋਚ ਵੱਲ ਪ੍ਰੇਰਤ ਹੋਏ। ਗੁਰੂ ਗੋਬਿੰਦ ਸਿੰਘ ਵਲੋਂ ਹੱਕਾਂ ਦੀ ਪ੍ਰਾਪਤੀ ਲਈ ਖ਼ਾਲਸਾ ਫ਼ੌਜ ਖੜੀ ਕੀਤੀ ਗਈ, ਜਿਸ ਨੇ ਮਗਰੋਂ ਬਾਬਾ ਬੰਦਾ ਸਿੰਘ ਬਾਹਦਰ ਦੀ ਅਗਵਾਈ ਵਿਚ ਚਾਰ ਸਾਲ ਰਾਜ ਸਥਾਪਤ ਵੀ ਕੀਤਾ ਅਤੇ ਗ਼ਰੀਬ ਹਲਵਾਹਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ। ਬਾਅਦ ਵਿਚ ਇਸ ਲੜ ਮਰਨ ਵਾਲੀ ਖ਼ਾਲਸਾ ਫ਼ੌਜ ਵੱਲ ਬਹੁਤ ਲੋਕ ਖਿੱਚੇ ਗਏ ਅਤੇ ਸਿੱਖ ਬਾਣੇ ਦੇ ਧਾਰਨੀ ਬਣੇ। ਜੋ ਮਗਰੋਂ ਇਕ ਵਖਰੇ ਸਿੱਖ ਧਰਮ ਵਜੋਂ ਜਾਣਿਆ ਜਾਣ ਲੱਗਾ। ਲੋਕ ਹਮੇਸ਼ਾ ਚੰਗੇ ਵਿਚਾਰਾਂ ਵੱਲ ਖਿੱਚੇ ਜਾਂਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਨੇ ਕਿਸੇ ਨੂੰ ਵੀ ਜਬਰੀ ਸਿੱਖ ਨਹੀਂ ਸੀ ਬਣਾਇਆ।
ਆਜ਼ਾਦੀ ਤੋਂ ਪਹਿਲਾਂ ਜ਼ਹਿਰੀਲਾ ਪ੍ਰਚਾਰ ਕਰ ਕੇ ਹਿੰਦੂ ਤੇ ਮੁਸਲਿਮ ਲੋਕਾਂ ਨੂੰ ਵੰਡਣ ਦਾ ਯਤਨ ਕੀਤਾ ਗਿਆ। ਦੂਜੇ ਧਰਮਾਂ ਵਿਰੁੱਧ ਨਫ਼ਰਤ ਫੈਲਾਈ ਗਈ। ਸਿੱਟੇ ਵਜੋਂ ਦੇਸ਼ ਦੋ ਹਿੱਸਿਆਂ ਵਿਚ (ਹੁਣ ਤਿੰਨ ਵਿਚ) ਵੰਡਿਆ ਗਿਆ। ਉਹੀ ਹਿੰਦੂ-ਮੁਸਲਿਮ ਲੋਕ ਜੋ ਸਦੀਆਂ ਤੋਂ ਇਕੱਠੇ ਰਹਿ ਰਹੇ ਸਨ, ਇਕੱਠੇ ਖਾਂਦੇ-ਪੀਂਦੇ ਸਨ, ਉਹ ਇਕ ਦੂਜੇ ਦੇ ਵੈਰੀ ਬਣ ਗਏ। ਪੰਜਾਬ ਨੇ ਜੋ ਸਿੱਟਾ ਭੁਗਤਿਆ, ਉਹ ਸਭ ਦੇ ਸਾਹਮਣੇ ਹੈ।
ਅੱਜ ਫਿਰ ਲੋਕਾਂ ਨੂੰ ਉਸੇ ਰਾਹ ਤੋਰਿਆ ਜਾ ਰਿਹਾ ਹੈ। ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਕਦੇ 'ਲਵ-ਜੇਹਾਦ', ਕਦੇ ਹਿੰਦੂਆਂ ਲਈ 'ਚਾਰ ਚਾਰ ਬੱਚੇ ਪੈਦਾ ਕਰੋ' ਦਾ ਨਾਅਰਾ ਤੇ ਕਦੇ ਧਰਮ ਪਰਿਵਰਤਨ ਲਈ ਮਜਬੂਰ ਕਰਨਾ ਤੇ ਫੇਰ ਉਸ ਨੂੰ ਘਰ ਵਾਪਸੀ ਕਹਿਣਾ। ਆਖ਼ਰ ਐਸਾ ਮਾਹੌਲ ਸਿਰਜਣ ਦੀ ਲੋੜ ਕੀ ਹੈ? ਕਿਉਂ ਅਜਿਹਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ? ਕੀ ਧਰਮ ਪਰਿਵਰਤਨ ਕਰਵਾਉਣ ਨਾਲ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਪੱਕੀ ਨੌਕਰੀ, ਸੁਰੱਖਿਅਤਾ ਅਤੇ ਭਵਿੱਖੀ ਬੇਫ਼ਿਕਰੀ ਦਾ ਮਸਲਾ ਹੱਲ ਹੋ ਜਾਵੇਗਾ? ਕੀ ਭਾਰਤ ਦੇ ਗ਼ਰੀਬ ਲੋਕਾਂ ਦਾ ਅਮੀਰਾਂ ਵਰਗਾ, ਵਧੀਆ ਜੀਵਨ ਜਿਊਣ ਦਾ ਸੁਪਨਾ ਪੂਰਾ ਹੋ ਜਾਵੇਗਾ? ਜਿਹੜੇ ਮੁਲਕ ਧਰਮ ਨਿਰਪੱਖ ਨਹੀਂ, ਸਗੋਂ ਇਕ ਹੀ ਧਰਮ ਮੁਸਲਿਮ, ਇਸਾਈ ਜਾਂ ਯਹੂਦੀ ਆਦਿ ਵਾਲੇ ਹਨ, ਕੀ ਉਨ੍ਹਾਂ ਮੁਲਕਾਂ ਦੇ ਲੋਕ ਸੁਖੀ ਹਨ? ਜੇ ਅਜਿਹਾ ਸਹੀ ਹੈ ਤਾਂ ਫਿਰ ਪਾਕਿਸਤਾਨ ਜੋ ਇਕ ਮੁਸਲਿਮ ਦੇਸ਼ ਹੈ, ਵਿਚ ਬੇਹੱਦ ਗ਼ਰੀਬੀ ਤੇ ਸਮਾਜਕ ਬਦਅਮਨੀ ਕਿਉਂ ਹੈ? ਅਰਬ ਦੇਸ਼ ਜੋ ਸਾਰੇ ਹੀ ਮੁਸਲਿਮ ਦੇਸ਼ ਹਨ, ਆਪਸ ਵਿਚ ਹੀ ਕਿਉਂ ਲੜੀ-ਮਰੀ ਜਾ ਰਹੇ ਹਨ? ਪੱਛਮੀ ਤੇ ਪੂਰਬੀ ਪਾਕਿਸਤਾਨ ਦੋਵੇਂ ਮੁਸਲਿਮ ਖਿਤੇ ਆਪਸ ਵਿਚ ਕਿਉਂ ਭਿੜੇ? ਬੰਗਲਾਦੇਸ਼ ਕਿਉਂ ਪਾਕਿਸਤਾਨ ਤੋਂ ਵੱਖ ਹੋ ਗਿਆ? ਮੁਸਲਮਾਨ ਮੁਲਕਾਂ ਵਿਚ ਜੋ ਆਪਸੀ ਜੇਹਾਦ ਹੋ ਰਹੇ ਹਨ ਕਿਉਂ ਹਨ? ਇਰਾਨ ਤੇ ਇਰਾਕ ਵਿਚਕਾਰ ਲੰਮਾ ਸਮਾਂ ਯੁੱਧ ਕਿਉਂ ਚੱਲਿਆ?
ਧਰਮ ਮਨੁੱਖ ਦੀ ਮਰਨ ਉਪਰੰਤ ਤਥਾ-ਕਥਿਤ ਜਿਊਂਦੀ ਰਹਿ ਜਾਂਦੀ ਆਤਮਾ ਨੂੰ ਪ੍ਰਮਾਤਮਾ ਨਾਲ ਮੇਲ ਕਰਾਉਣ ਦੇ ਮਾਧਿਅਮ ਦੇ ਤੌਰ 'ਤੇ ਕੰਮ ਕਰਨ ਦੀ ਗੱਲ ਕਰਦਾ ਹੈ। ਰਾਜਨੀਤੀ ਇਸ ਵਰਤਾਰੇ ਨੂੰ ਹਮੇਸ਼ਾ ਆਪਣੇ ਪੱਖ ਵਿਚ ਵਰਤਦੀ ਆਈ ਹੈ। ਰਾਜ ਕਰ ਰਹੀ ਅਮੀਰ ਸ਼੍ਰੇਣੀ ਲਈ ਪਿਛਲੇ ਜਨਮ ਦਾ ਭੁਲੇਖਾ, ਅਗਲੇ ਜਨਮ ਦਾ ਲਾਰਾ ਤੇ ਸਥਿਤੀ ਨੂੰ ਕਰਤਾਰੀ ਵਰਤਾਰਾ ਸਮਝ ਕੇ ਜਿਉਂ ਦੀ ਤਿਉਂ ਬਣਾਈ ਰੱਖਣ ਅਤੇ ਤਬਦੀਲੀ ਤਾਂਘ ਲਈ ਚੇਸ਼ਟਾ ਨਾ ਕਰਨ ਲਈ ਧਰਮ ਬੜਾ ਕਾਰਗਰ ਹਥਿਆਰ ਸਾਬਤ ਹੁੰਦਾ ਹੈ। 'ਸਭ ਕੁਝ ਰੱਬੀ ਭਾਣੇ ਵਿਚ ਵਰਤ ਰਿਹਾ ਹੈ' ਕਹਿ ਕੇ ਧਾਰਮਕ ਆਗੂ ਇਨਕਲਾਬੀ  ਸੋਚ ਤੇ ਅਵਸਥਾਵਾਂ ਨੂੰ ਖੁੰਡਿਆਂ ਕਰਦੇ ਰਹਿੰਦੇ ਹਨ। ਅੰਧਵਿਸ਼ਵਾਸ ਅਤੇ ਵਿਚਾਰਾਂ ਦਾ ਧੁੰਦੂਕਾਰਾ ਉਨ੍ਹਾਂ ਨੂੰ ਬੜਾ ਰਾਸ ਆਉਂਦਾ ਹੈ।
ਗ਼ਰੀਬ ਲੋਕ ਹਮੇਸ਼ਾ ਧਰਮ ਤਬਦੀਲੀ ਦੀ ਪੀੜਾ ਹੰਢਾਉਂਦੇ ਆਏ ਹਨ। ਗ਼ਰੀਬ ਦਾ ਧਰਮ ਤਾਂ ਉਸ ਲਈ ਸੌਖੇਰਾ ਤੇ ਵਧੀਆ ਜੀਵਨ ਜਿਊਣ ਦਾ ਸੁਪਨਾ ਮਾਤਰ ਹੀ ਹੁੰਦਾ ਹੈ। ਭਾਰਤ ਵਿਚ ਆਰੀਆਂ ਦੇ ਆਗਮਨ ਤੋਂ ਪਹਿਲਾਂ ਜੋ ਮੂਲ ਭਾਰਤੀ ਵਾਸ਼ਿੰਦੇ ਕਬੀਲਿਆਂ ਦੇ ਰੂਪ ਵਿਚ ਰਹਿੰਦੇ ਸਨ, ਉਹੀ ਅੱਜ ਵਧੇਰੇ ਕਰ ਕੇ ਸਾਧਨਹੀਣਤਾ ਅਤੇ ਗੁਰਬਤ ਦੀ ਮਾਰ ਹੰਢਾ ਰਹੇ ਹਨ। ਨੀਵੀਆਂ ਜਾਤਾਂ ਵਿਚ ਵੀ ਵਧੇਰੇ ਉਨ੍ਹਾਂ ਨੂੰ ਹੀ ਗਿਣਿਆ ਗਿਆ ਹੈ। ਕਈ ਹੋਰ ਲੋਕ ਵੀ ਚੜ੍ਹਦੇ ਸੂਰਜ ਨੂੰ ਸਲਾਮ ਕਰ ਕੇ ਹੋਰ ਸਹੂਲਤਾਂ ਮਾਣਨ ਲਈ ਹਾਕਮ ਪੱਖੀ ਧਰਮ ਤੇ ਭਾਸ਼ਾ ਤਬਦੀਲ ਕਰ ਲੈਂਦੇ ਹਨ। ਖ਼ਾਸ ਕਰ ਕੇ ਦਰਮਿਆਨੀ ਜਮਾਤ ਦੇ ਲੋਕ। ਰੀਸੋ-ਰੀਸੀ ਇਹ ਹੇਠਲੀ ਸ਼੍ਰੇਣੀ ਨੂੰ ਵੀ ਲਾਗ ਲਗ ਜਾਂਦੀ ਹੈ। ਬੁੱਧ, ਜੈਨ, ਮੁਸਲਿਮ, ਇਸਾਈ, ਸਿੱਖ ਧਰਮ ਦੇ ਫੈਲਣ ਦੇ ਕਾਰਨ ਵੀ ਐਸੇ ਹੀ ਸਨ। ਧਰਮ ਦੇ ਕੱਟੜਪੁਣੇ 'ਚੋਂ ਵੀ ਨਵਾਂ ਧਰਮ ਉਦੈ ਹੁੰਦਾ ਆਇਆ ਹੈ। ਇਹ ਵਰਤਾਰਾ ਹੁਣ ਵੀ ਜਾਰੀ ਹੈ। ਆਰੀਆਂ ਨੇ ਜਬਰ, ਯੁੱਧ ਤੇ ਪ੍ਰੇਰਨਾ ਸਾਰੇ ਢੰਗ ਵਰਤੇ। ਸਨਾਤਨੀ-ਬ੍ਰਾਹਮਣੀ ਪਖੰਡਾਂ 'ਚੋਂ ਨਿਕਲਣ ਲਈ ਲੋਕਾਂ ਨੇ ਜੈਨ ਤੇ ਮਗਰੋਂ ਬੁੱਧ ਧਰਮ ਅਪਣਾਇਆ। ਜੈਨ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਸਨ ਤੇ ਬੁੱਧ ਧਰਮ ਦੀ ਵੀ ਰੱਬ ਬਾਰੇ ਪਹੁੰਚ ਨਕਾਰਾਤਮਕ ਹੀ ਸੀ। ਇਸ ਲਈ ਲੋਕਾਂ ਨੇ ਸੰਸਕ੍ਰਿਤ ਦੀ ਥਾਂ ਸੌਖੀਆਂ ਅਤੇ ਆਮ ਬੋਲੀਆਂ ਜਾਂਦੀਆਂ ਭਾਸ਼ਾਵਾਂ ਅਤੇ ਸੌਖਾ ਤੇ ਬਰਾਬਰਤਾ ਵਾਲਾ ਜੀਵਨ ਢੰਗ ਜਲਦ ਅਪਣਾ ਲਿਆ। ਮੁਸਲਿਮ ਅਤੇ ਈਸਾਈ ਧਰਮਾਂ ਨੂੰ ਭਾਰਤੀਆਂ ਦੇ ਅਪਣਾਉਣ ਦਾ ਕਾਰਨ ਹਾਕਮੀ ਤੇ ਕੱਟੜਤਾ ਦੇ ਕਾਰਨਾਂ ਤੋਂ ਇਲਾਵਾ ਨੀਵੀਂ ਜਾਤ ਪ੍ਰਤੀ ਘੱਟ ਨਫ਼ਰਤ ਦਾ ਹੋਣਾ ਵੀ ਸਮਝਿਆ ਜਾਂਦਾ ਹੈ। ਇਕ ਗ਼ਰੀਬੀ, ਦੂਜਾ ਨੀਵੀਂ ਜਾਤ, ਦੋਹਾਂ ਦੀ ਦੋਹਰੀ ਗੁਲਾਮੀ ਤੋਂ ਨਜਾਤ ਹਾਸਲ ਕਰਨ ਲਈ ਗ਼ਰੀਬ ਲੋਕ ਹਮੇਸ਼ਾ ਉਪਰਾਲੇ ਕਰਦੇ ਰਹੇ ਹਨ। ਮੁਗਲਾਂ ਵਲੋਂ ਜਬਰੀ ਧਰਮ ਤਬਦੀਲ ਕਰਾਉਣ ਅਤੇ ਮੁਸਲਿਮ ਧਰਮ ਵਿਚਲੀ ਕੱਟੜਤਾ ਤੋਂ ਅੱਕੇ ਲੋਕਾਂ ਨੇ ਨਜਾਤ ਹਾਸਲ ਕਰਨ ਲਈ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਮੁਗਲ ਹਾਕਮਾਂ ਵਿਰੁੱਧ ਲਹੂ ਵੀਟਵੀਂ ਲੜਾਈ ਕੀਤੀ। ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਵੀ ਵੱਖ-ਵੱਖ ਦਲਿਤ ਸ਼੍ਰੇਣੀਆਂ 'ਚੋਂ ਤੇ ਭਾਰਤ ਦੇ ਵੱਖ-ਵੱਖ ਖਿੱਤਿਆਂ 'ਚੋਂ ਲਏ। ਭਾਵ ਪੰਜ ਪਿਆਰੇ ਉਹੀ ਬਣੇ ਜੋ ਧਰਮਾਂ, ਜਾਤਾਂ, ਮਜ਼੍ਹਬਾਂ, ਖਿੱਤਿਆਂ ਤੋਂ ਉਪਰ ਉਠ ਕੇ ਚੰਗੇਰੇ ਜੀਵਨ ਲਈ ਲੜ-ਮਰਨ ਲਈ ਤਿਆਰ ਸਨ। ਇਸ ਸਮੇਂ ਬਣੀ ਸਿੱਖ ਫ਼ੌਜ ਅੱਜ ਵੱਖਰਾ ਸਿੱਖ ਧਰਮ ਬਣ ਚੁੱਕਾ ਹੈ। ਪਰ ਸਿੱਖ ਧਰਮ ਵਿਚ ਵੀ ਹੁਣ ਤਕ ਗੁਰੂਆਂ ਦੀ ਆਸ਼ਾ ਮੁਤਾਬਕ ਦਲਿਤਾਂ ਨੂੰ ਬਰਾਬਰਤਾ ਦਾ ਜੀਵਨ ਨਹੀਂ ਮਿਲਿਆ। ਧਾਰਮਕ ਦਿੱਖ ਤੋਂ ਤਾਂ ਲੋਕ ਸਿੱਖੀ ਸਰੂਪ ਵਾਲੇ ਹੋ ਗਏ ਪਰ ਉਚੀਆਂ ਜਾਤਾਂ ਵਾਲਿਆਂ ਦੀ ਨੀਵੀਆਂ ਜਾਤਾਂ ਵਾਲਿਆਂ ਨਾਲ ਰੋਟੀ-ਬੇਟੀ ਦੀ ਉੱਕਾ ਹੀ ਸਾਂਝ ਨਹੀਂ ਬਣੀ। ਕਈ ਥਾਈਂ ਇਨ੍ਹਾਂ ਨੂੰ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਵੀ ਵੱਖਰੇ ਕਰਨੇ ਪਏ ਹਨ।
ਅੱਕੇ ਹੋਏ ਗ਼ਰੀਬ 'ਭਾਈ ਲਾਲੋ' ਜੋ ਪਹਿਲਾਂ ਕਈ ਲਾਲ ਚੰਦ ਜਾਂ ਲਾਲ ਮੁਹੰਮਦ ਸਨ, ਉਹ ਹੁਣ ਲਾਲ ਸਿੰਘ ਤੋਂ ਲਾਲੂ ਮਸੀਹ ਬਣ ਰਹੇ ਹਨ। ਉਨ੍ਹਾਂ ਨੂੰ ਦੁਆ ਰਾਹੀਂ ਠੀਕ ਕਰਨ ਦਾ ਲਾਰਾ, ਮਿਸ਼ਨਰੀ ਸਕੂਲਾਂ ਤੇ ਹਸਪਤਾਲਾਂ ਵਿਚ ਕੁਝ ਛੋਟ ਤੇ ਚਰਚਾਂ ਵਿਚ ਕੁਝ ਸਮਾਜਕ ਬਰਾਬਰਤਾ ਨਜ਼ਰ ਆਈ ਤਾਂ ਉਹ ਗੁਰਦੁਆਰੇ ਦੀ ਥਾਂ ਚਰਚਾਂ ਵਿਚ ਵਿਖਾਈ ਦੇਣ ਲੱਗੇ ਹਨ, ਕਿਉਂਕਿ ਹੁਣ ਉਨ੍ਹਾਂ ਲਈ ਚੰਗੇਰੇ ਜੀਵਨ ਲਈ ਨਾ ਕੋਈ ਲੜਾਈ ਹੀ ਦਿਸਦੀ ਹੈ ਤੇ ਨਾ ਹੀ ਕੋਈ ਰਾਹ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅੱਜ ਬਾਬੇ ਨਾਨਕ, ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ, ਤਰਲੋਚਨ ਭਗਤ, ਫ਼ਰੀਦ ਜੀ ਵਰਗਿਆਂ ਨੇ ਜਿਸ 'ਭਾਈ ਲਾਲੋ' ਦੇ ਹੱਕ ਦੀ ਗੱਲ ਤੋਰੀ ਸੀ ਅਤੇ ਗੁਰੂ ਗੋਬਿੰਦ ਸਿੰਘ ਨੇ ਜਿਸ 'ਲਾਲੋ' ਲਈ ਮਲਕ ਭਾਗੋਆਂ ਵਿਰੁੱਧ ਬੰਦਾ ਬਹਾਦਰ ਨੂੰ ਲੜਾਈ ਦੇ ਮੈਦਾਨ ਵਿਚ ਆਪਣੇ ਵਾਰਸ ਵਜੋਂ ਤੋਰਿਆ ਸੀ, ਉਹ ਭਾਈ ਲਾਲੋ ਅੱਜ ਲਾਲ ਸਿੰਘ, ਲਾਲ ਚੰਦ, ਲਾਲ ਮਸੀਹ, ਲਾਲ ਮੁਹੰਮਦ ਆਦਿ ਨਾਵਾਂ ਵਾਲਾ ਤਾਂ ਹੈ ਪਰ ਉਸ ਦੇ ਰਹਿਣ ਸਹਿਣ ਤੇ ਗ਼ਰੀਬੀ ਵਿਚ ਕੋਈ ਖਾਸ ਤਬਦੀਲੀ ਨਹੀਂ ਹੋਈ। ਉਸ ਦੁਆਲੇ ਉਸੇ ਦੇ ਹੀ ਧਰਮ ਵਾਲੇ 'ਮਲਕ ਭਾਗੋ' ਅੱਜ ਮਾਲਕ ਸਿੰਘ, ਮਾਲਕ ਚੰਦ, ਮਾਲਕ ਮਸੀਹ, ਮਾਲਕ ਮੁਹੰਮਦ ਆਦਿ ਬਣੇ ਉਸ ਦੀ ਮਿਹਨਤ ਲੁੱਟ ਰਹੇ ਹਨ। ਮਨੁੱਖ ਹਰ ਤਰ੍ਹਾਂ ਦੀ ਆਜ਼ਾਦੀ ਤੇ ਬਰਾਬਰਤਾ ਦਾ ਹੱਕ ਚਾਹੁੰਦਾ ਹੈ। ਉਹ ਅਮਨਮਈ ਜ਼ਿੰਦਗੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਕੋਈ ਹੋਵੇ ਜੋ ਉਸ ਨੂੰ ਗੁਰੂ ਗੋਬਿੰਦ ਸਿੰਘ, ਭਗਤ ਸਿੰਘ, ਬੱਬਰਾਂ, ਗ਼ਦਰੀ ਬਾਬਿਆਂ ਵਰਗਾ ਅਗਵਾਈ ਕਰਨ ਵਾਲਾ ਮਿਲੇ। ਇੰਝ ਉਹ ਲੋਕ ਘੋਰ ਗ਼ਰੀਬੀ 'ਚੋਂ ਨਿਕਲਣ ਲਈ ਲੜ ਮਰਨ ਲਈ ਤਿਆਰ ਹੋ ਸਕਦੇ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਅੱਜ ਵੀ ਉਹ ਉਸ ਦੇ ਪਿਛੇ ਲਗਦੇ ਰਹਿਣਗੇ ਜੋ ਉਨ੍ਹਾਂ ਨੂੰ ਘੱਟੋ ਘੱਟ ਧਾਰਮਕ ਜਾਂ ਸਮਾਜਕ ਰਾਹਤ ਹੀ ਦੇਵੇ। ਏਸ ਮਕਸਦ ਲਈ ਉਹ ਰਾਧਾ ਸਵਾਮੀ, ਨਿਰੰਕਾਰੀ, ਰਾਮ ਰਹੀਮ ਬਾਬਾ, ਰਾਮ ਦੇਵ, ਰਾਮ ਪਾਲ, ਆਸ਼ੂਤੋਸ਼ ਆਦਿ ਕਿਸੇ ਵੀ ਸ਼ਾਖਸ਼ਾਤ ਗੁਰੂ ਜੀ ਦੇ ਚਰਨਾਂ ਵਿਚ ਜਾ ਕੇ ਜਾਂ ਕਿਸੇ ਵੀ ਹੋਰ ਸਥਾਨਕ ਡੇਰੇ ਦਾ ਸ਼ਰਧਾਲੂ ਕਿਉਂ ਨਾ ਬਣਨਾ ਪਵੇ, ਉਹ ਤਿਆਰ ਹਨ। ਇਹ ਧਰਮ ਤਬਦੀਲੀ ਉਦੋਂ ਤੀਕ ਜਾਰੀ ਹੀ ਰਹਿਣੀ ਹੈ ਜਦ ਤਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ। ਇਸ ਧਰਮ ਤਬਦੀਲੀ ਨੂੰ 'ਘਰ ਵਾਪਸੀ' ਦਾ ਨਾਮ ਦੇਣਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ ਜਾਂ ਫਿਰ ਆਰੀਆਂ ਦੀ ਆਮਦ ਤੋਂ ਪਹਿਲਾਂ ਵਾਲੇ ਮੂਲ ਭਾਰਤੀ ਨਿਵਾਸੀਆਂ ਲਈ ਉਨ੍ਹਾਂ ਦਾ ਬੁਨਿਆਦੀ ਮਾਲਕੀ ਹੱਕ ਪ੍ਰਵਾਨ ਕਰਨਾ ਹੋਵੇਗਾ। 
ਅੱਜ ਭਾਰਤ ਜਿਸ ਦਹਾਨੇ 'ਤੇ ਖੜਾ ਹੈ, ਬਹੁਤ ਹੀ ਖ਼ਤਰਨਾਕ ਹੈ। ਜੇ ਮੌਜੂਦਾ ਹਾਕਮਾਂ ਨੂੰ ਆਪਣੇ ਖਤਰਨਾਕ ਮਨਸੂਬੇ ਪੂਰੇ ਕਰਨ ਤੋਂ ਨਾ ਰੋਕਿਆ ਗਿਆ ਤਾਂ ਨਤੀਜੇ ਬਹੁਤ ਹੀ ਭਿਆਨਕ ਹੋਣਗੇ। ਖਾਨਾਜੰਗੀ ਵਰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਫੇਰ ਟੁਕੜੇ ਹੋ ਸਕਦੇ ਹਨ। ਇਹੀ ਸਾਰਾ ਕੁਝ ਸਾਮਰਾਜੀ ਸ਼ਕਤੀਆਂ ਚਾਹੁੰਦੀਆਂ ਹਨ। ਮੁਸਲਿਮ ਅਤੇ ਈਸਾਈਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਮੁਸਲਿਮ ਘੱਟ ਗਿਣਤੀ ਪਹਿਲੇ ਨਿਸ਼ਾਨੇ 'ਤੇ ਹੈ। ਇਸ ਸਾਰੇ ਪਿਛੇ ਆਰ.ਐਸ.ਐਸ. ਦਾ ਸਪਸ਼ਟ ਹੱਥ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੁਨਹਿਰੀ ਮੌਕਾ ਸਮਝਿਆ ਜਾ ਰਿਹਾ ਹੈ। ਕਿਉਂਕਿ ਭਾਰਤ ਵਿਚ ਇਸ ਵਕਤ ਭਾਰਤੀ ਜਨਤਾ ਪਾਰਟੀ ਦਾ ਪੂਰਨ ਬਹੁਸੰਮਤੀ ਵਾਲਾ ਰਾਜ ਹੈ ਜੋ ਆਰ.ਐਸ.ਐਸ. ਦਾ ਹੀ ਰਾਜਨੀਤਕ ਵਿੰਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਵਿਚਾਰਧਾਰਾ ਨਾਲ ਸਥਾਈ ਤੌਰ 'ਤੇ ਜੁੜੇ ਹੋਏ ਹਨ ਅਤੇ ਇਸੇ ਦੀਆਂ ਨੀਤੀਆਂ ਨੂੰ ਅੱਗੇ ਵਧਾ ਰਹੇ ਹਨ। ਮੁਸਲਮਾਨਾਂ ਤੋਂ ਹਿੰਦੂਆਂ ਦੀ ਗਿਣਤੀ ਹੋਰ ਜ਼ਿਆਦਾ ਵਧਾਉਣ ਲਈ ਹਾਕਮ ਪਾਰਟੀ ਦੇ ਪਾਰਲੀਮੈਂਟ ਮੈਂਬਰ ਤੇ ਹੋਰ ਆਗੂ ਹਿੰਦੂ ਔਰਤਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦੇ ਰਹੇ ਹਨ। ਮੁਸਲਮਾਨਾਂ ਨੂੰ ਡਰਾ-ਧਮਕਾ, ਲਾਲਚ ਨਾਲ, ਵਰਗਲਾ ਕੇ ਹਿੰਦੂ ਧਰਮ ਵਿਚ ਲਿਆ ਕੇ ਘਰ ਵਾਪਸੀ ਦਾ ਨਾਮ ਦਿੱਤਾ ਜਾ ਰਿਹਾ ਹੈ। ਹਿੰਦੂ ਲੜਕੀ ਮੁਸਲਿਮ ਲੜਕੇ ਨਾਲ ਪਿਆਰ/ਵਿਆਹ ਕਰਦੀ ਹੈ ਤਾਂ 'ਲਵ ਜੇਹਾਦ' ਦਾ ਸ਼ੋਰ ਮਚਾਇਆ ਜਾਂਦਾ ਹੈ। ਗੁਜਰਾਤ ਦੰਗੇ ਫ਼ਿਰਕਾਪ੍ਰਸਤੀ ਅਤੇ ਘੋਰ ਨਫ਼ਰਤ ਦਾ ਹੀ ਪ੍ਰਗਟਾਵਾ ਸਨ। ਅਤਿਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਹਰ ਥਾਂ ਉਨ੍ਹਾਂ ਨੂੰ ਮੁਸਲਿਮ ਧਰਮ ਨਾਲ ਜੋੜਨ ਦਾ ਕੋਈ ਮੌਕਾ ਨਹੀਂ ਖ਼ਾਲੀ ਜਾਣ ਦਿੱਤਾ ਜਾਂਦਾ। ਭਾਰਤੀ ਸੰਵਿਧਾਨ ਵਿਚ  ਮੁਸਲਿਮ ਤੇ ਈਸਾਈ ਧਰਮ ਮੰਨਣ ਵਾਲਿਆਂ ਨੂੰ ਕੋਈ ਰਾਖਵਾਂਕਰਨ ਦਾ ਅਧਿਕਾਰ ਪਹਿਲਾਂ ਹੀ ਨਹੀਂ ਹੈ। ਹੁਣ ਉਨ੍ਹਾਂ ਨੂੰ ਗ਼ਰੀਬੀ 'ਚੋਂ ਕੱਢਣ ਦੀ ਥਾਂ ਹਿੰਦੂ ਮੁਹੱਲਿਆਂ 'ਚੋਂ ਵੀ ਬਾਹਰ ਕੱਢਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਨੌਕਰੀਆਂ ਵਿਚ ਵਿਤਕਰਾ, ਮਦਰੱਸਿਆਂ ਵਿਰੁੱਧ ਪ੍ਰਚਾਰ, ਗੰਗਾ ਨਦੀ ਦੀ ਸਫ਼ਾਈ, ਗੀਤਾ ਨੂੰ ਰਾਸ਼ਟਰੀ ਗ੍ਰੰਥ ਲਈ ਤਜਵੀਜਤ ਕਰਨਾ, ਭਾਜਪਾ ਰਾਜਾਂ ਵਾਲੇ ਪ੍ਰਾਂਤਾਂ ਵਿਚ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਕਰਾਰ ਦੇਣਾ, ਹਾਥੀ ਦਾ ਸਿਰ 'ਗਣੇਸ਼ ਜੀ' ਦੇ ਸਿਰ ਦੇ ਥਾਂ ਲਾ ਦੇਣ ਦੇ ਮਿਥਿਹਾਸ ਨੂੰ ਪੁਰਾਤਨ ਹਿੰਦੁਸਤਾਨ ਦੀ ਸਾਇੰਸ ਦੀ ਤਰੱਕੀ ਕਹਿਣਾ, ਜੋਤਿਸ਼ ਨੂੰ ਵਿਗਿਆਨ ਕਹਿ ਕੇ ਸਕੂਲ ਸਲੇਬਸ ਵਿਚ ਦਰਜ ਕਰਨ ਦੀ ਗੱਲ ਕਰਨਾ, ਵਾਰਾਨਸੀ ਨੂੰ ਹੀ ਭਾਰਤ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਲਈ ਜਪਾਨ ਨਾਲ ਸਮਝੌਤਾ ਕਰਨਾ, ਭਾਜਪਾ ਪਾਰਲੀਮੈਂਟ ਮੈਂਬਰਾਂ ਵਲੋਂ ਉਨਤੀ ਲਈ ਸਿਰਫ਼ ਹਿੰਦੂ ਪਿੰਡਾਂ ਨੂੰ ਹੀ ਅਪਣਾਉਣਾ, ਬਾਬਾ ਰਾਮਦੇਵ ਨੂੰ ਯੋਗ ਗੁਰੂ ਬਣਾ ਕੇ ਆਰ.ਐਸ.ਐਸ. ਦਾ ਪ੍ਰਚਾਰ ਕਰਨ ਦਾ ਗੁਪਤ ਏਜੰਡਾ ਦੇਣਾ ਤੇ ਯੋਗ ਨੂੰ ਅੰਤਰਰਾਸ਼ਟਰੀ ਮਾਨਤਾ ਦਿਵਾਉਣਾ, 'ਰਾਮ ਜਾਦੇ' ਜਾਂ 'ਹਰਾਮ ਜਾਦੇ' ਦਾ ਵਿਚਾਰ, ਆਦਿ ਆਦਿ ਸਭ ਮੁਸਲਿਮ ਤੇ ਹੋਰ ਘੱਟ ਗਿਣਤੀਆਂ ਦੇ ਵਿਰੋਧ ਵਿਚ ਅਤੇ ਤਰਕਸ਼ੀਲ ਲੋਕਾਂ ਨੂੰ ਚਿੜਾਉਣ ਦੇ ਨੁਕਤੇ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਇਸ ਸਾਰੇ ਵਰਤਾਰੇ ਤੋਂ ਖਾਮੋਸ਼ ਸਹਿਮਤੀ ਦੇ ਕੇ ਅਖੌਤੀ ਵਿਕਾਸ ਦੇ ਪ੍ਰਚਾਰ ਦੇ ਰੂਪ ਵਿਚ 'ਕਵਰਿੰਗ ਫ਼ਾਇਰ' ਕਰ ਰਹੇ ਹਨ। ਮੋਦੀ ਦਾ ਵਿਕਾਸ ਨਿਰੋਲ ਰਾਜ ਕਰ ਰਹੀ ਅਮੀਰ ਜਮਾਤ ਦਾ ਹੀ ਵਿਕਾਸ ਹੈ। ਬਹੁ-ਰਾਸ਼ਟਰੀ ਕੰਪਨੀਆਂ ਦੀ ਆਮਦ, ਉਨ੍ਹਾਂ ਦੀ ਆਮਦ ਲਈ ਸਾਰੇ ਰਾਹ ਮੋਕਲੇ ਕਰੀ ਜਾਣਾ, ਜ਼ਮੀਨ ਜਬਰੀ ਮੱਲਣ ਦੇ ਕਾਨੂੰਨ ਵਿਚ ਸੋਧ, ਹਰ ਵਿਭਾਗ ਦਾ ਮੁਕੰਮਲ ਨਿੱਜੀਕਰਨ, ਕਿਰਤ ਕਾਨੂੰਨਾਂ ਵਿਚ ਸੋਧ, ਲੜਦੇ ਲੋਕਾਂ ਲਈ ਕਾਲੇ ਕਾਨੂੰਨ, ਹੜਤਾਲ ਕਰਨ ਦੇ ਵਿਰੋਧ ਵਿਚ ਫ਼ਤਵਾ, ਆਦਿ ਸਭ ਅਮੀਰ ਭਾਰਤੀ ਘਰਾਣਿਆਂ ਨੂੰ ਹੋਰ ਅਮੀਰ ਕਰਨ ਵੱਲ ਸੇਧਤ ਕਦਮ ਹਨ। ਇਹ ਗ਼ਰੀਬਾਂ ਲਈ ਮਿਰਗ ਤ੍ਰਿਸ਼ਨਾ ਤੋਂ ਸਿਵਾ ਕੁਝ ਨਹੀਂ ਹੈ। ਗ਼ਰੀਬੀ ਦੂਰ ਕਰਨ ਤੇ ਰੁਜ਼ਗਾਰ ਦੀ ਗਾਰੰਟੀ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਸਿੱਟੇ ਵਜੋਂ ਭਾਰਤ ਫੇਰ ਤੋਂ ਬਹੁਰਾਸ਼ਟਰੀ ਕੰਪਨੀਆਂ ਦਾ ਗੁਲਾਮ ਮੁਲਕ ਬਣ ਜਾਵੇਗਾ। ਗ਼ਰੀਬ ਹੋਰ ਗ਼ਰੀਬ ਹੋਵੇਗਾ। ਇਸ ਨੂੰ ਛੁਪਾਉਣ ਲਈ ਮੁਸਲਿਮ ਅਤੇ ਹੋਰ ਘੱਟ ਗਿਣਤੀਆਂ 'ਤੇ ਹਮਲੇ ਤੇ ਹਮਲਿਆਂ ਨੂੰ ਛੁਪਾਉਣ ਲਈ 'ਵਿਕਾਸ' ਦਾ ਫਰੇਬੀ ਪ੍ਰਚਾਰ ਜ਼ੋਰਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸ ਵਕਤ ਲੋਕਾਂ ਨੂੰ ਭੇਡਾਂ ਬਕਰੀਆਂ ਸਮਝ ਕੇ ਧਾਰਮਕ ਠੱਪੇ ਲਾਉਣ ਦੀ ਦੌੜ ਲੱਗੀ ਹੋਈ ਹੈ।
ਸੋਚਣ ਦੀ ਲੋੜ ਤਾਂ ਇਹ ਹੈ ਕਿ ਆਰ.ਐਸ.ਐਸ. ਮਨਸੂਬੇ ਮੁਤਾਬਕ ਜੇ ਭਾਰਤ ਸੱਚਮੁਚ ਹੀ ਹਿੰਦੂ ਰਾਸ਼ਟਰ ਬਣ ਜਾਵੇਗਾ ਤਾਂ ਗ਼ਰੀਬੀ ਦੂਰ ਹੋ ਜਾਵੇਗੀ? ਆਰ.ਐਸ.ਐਸ. ਦੇ ਮਨਸੂਬੇ ਪੂਰੇ ਕਰਨ ਨਾਲ ਦੇਸ਼ ਦਾ ਕਦਾਚਿਤ ਭਲਾ ਨਹੀਂ ਹੋ ਸਕਦਾ, ਸਗੋਂ ਦੇਸ਼ ਹਜ਼ਾਰਾਂ ਸਾਲ ਪਿੱਛੇ ਚਲਾ ਜਾਵੇਗਾ। ਵਿਗਿਆਨਕ ਤੇ ਤਰਕਸ਼ੀਲ ਸੋਚ ਵਿਹੂਣਾ ਦੇਸ਼। ਦੇਸ਼ ਨੂੰ ਅਜਿਹਾ ਬਣਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਦੇਸ਼ ਦੇ ਅਸਲੀ ਮਾਲਕ ਭਾਰਤ ਦੇ ਉਹ ਗ਼ਰੀਬ ਲੋਕ ਹਨ ਜਿਨ੍ਹਾਂ ਦੀ ਗਿਣਤੀ 80% ਤੋਂ ਵੀ ਵਧੇਰੇ ਹੈ। ਉਨ੍ਹਾਂ ਨੂੰ ਅਸਲ ਭਾਰਤ ਵਾਸੀ ਤੇ ਭਾਰਤ ਦੇ ਮਾਲਕ ਬਣਾਉਣ ਲਈ ਸਹੀ ਸੋਚ ਵਾਲਿਆਂ ਨੂੰ ਚੁੱਪ ਤੋੜਨੀ ਹੋਵੇਗੀ। ਇਕ ਜੰਗ ਹੈ ਇਹ। ਜੰਗ ਵਿਚ ਕੁੱਦਣ ਬਗ਼ੈਰ ਕੋਈ ਚਾਰਾ ਨਹੀਂ ਹੈ। ਧਰਮ ਪਰਿਵਰਤਨ ਰਾਹੀਂ ਮਾਨਵੀ ਕਲਿਆਣ ਕਰਨ ਦੀ ਪ੍ਰਕਿਰਿਆ ਤੇ ਸੋਚ ਨੂੰ ਹਰ ਹਾਲਤ ਠੱਲ ਪਾਉਣੀ ਹੋਵੇਗੀ। ਧਾਰਮਕਤਾ ਦੇ ਨਾਂਅ 'ਤੇ ਅੰਧਵਿਸ਼ਵਾਸੀ  ਸ਼ਕਤੀਆਂ ਨੂੰ ਪ੍ਰਫੁੱਲਤ ਹੋਣ ਤੋਂ ਹਰ ਹਾਲਤ ਰੋਕਣਾ ਹੋਵੇਗਾ। ਲੋਕ ਇਨਸਾਨ ਹਨ - ਭੇਡਾਂ ਬਕਰੀਆਂ ਨਹੀਂ। ਧਰਮ ਤਬਦੀਲੀ ਨਹੀਂ, ਗ਼ਰੀਬੀ ਦੂਰ ਕਰਨਾ ਹੀ 'ਰਾਜ ਧਰਮ' ਹੈ। ਧਰਮ ਜਦੋਂ ਜਦੋਂ ਵੀ ਰਾਜਨੀਤੀ ਨਾਲ ਰਲ਼-ਗਡ ਹੋਵੇਗਾ ਫਨਾਹ ਦਾ ਮੁਕਾਮ ਬਣੇਗਾ।

No comments:

Post a Comment