Sunday, 1 March 2015

ਸਾਥੀ ਸੁਹੇਲ ਦੇ ਨਮਿੱਤ ਕੁੱਝ ਭਾਵਨਾਵਾਂ ਰਾਹੀਂ 'ਸਲਾਮ'

ਸ਼ਰਧਾਂਜਲੀ
ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੈ ਕਿ ਅਸੀਂ ਇਕ ਬਹੁਤ ਹੀ ਪ੍ਰਪੱਕ, ਸਿਰੜੀ ਤੇ ਲੋਕ ਹਿਤਾਂ ਨੂੰ ਸਮਰਪਤ ਮਨੁੱਖ ਕਾਮਰੇਡ ਸੁਹੇਲ ਸਿੰਘ ਹੁਰਾਂ ਨੂੰ ਉਨ੍ਹਾਂ ਦੀ 22ਵੀਂ ਬਰਸੀ ਮੌਕੇ ਯਾਦ ਕਰ ਰਹੇ ਹਾਂ। ਆਪਣੇ ਸ਼ਾਨਾਮੱਤੇ ਇਤਿਹਾਸ ਦੇ ਪੰਨਿਆਂ ਉਪਰ ਉਕਰੇ ਨਾਇਕਾਂ ਨੂੰ ਯਾਦ ਕਰਨਾ ਪ੍ਰਗਤੀਸ਼ੀਲ ਲਹਿਰਾਂ ਦੇ ਵਿਕਾਸ ਲਈ ਜ਼ਰੂਰੀ ਸ਼ਰਤਾਂ ਵਿਚੋਂ ਪ੍ਰਮੁੱਖ ਹੈ। ਖਾਸ ਤੌਰ 'ਤੇ ਅਜੋਕੇ ਸਮਿਆਂ ਵਿਚ, ਜਦੋਂ ਮੌਜੂਦਾ ਪੂੰਜੀਵਾਦੀ ਢਾਂਚਾ ਨਾਮਨਿਹਾਦ ਵਿਕਾਸ ਕਰਦਿਆਂ ਨਿਘਾਰ ਦੀ ਸਿਖਰ ਵੱਲ ਵੱਧ ਰਿਹਾ ਹੈ ਅਤੇ ਕਿਸੇ ਵੀ ਵਿਅਕਤੀ ਜਾਂ ਘਟਨਾ ਨੂੰ 'ਨਿੱਜੀ ਮੁਨਾਫੇ ਤੇ ਸਵਾਰਥੀ ਹਿਤਾਂ' ਨਾਲ  ਮੇਲ ਕੇ ਹੀ ਮਾਪਿਆ ਜਾਂਦਾ ਹੈ, ਉਸ ਸਮੇਂ ਸਾਥੀ ਸੁਹੇਲ ਵਰਗੇ ਨਿਸ਼ਠਾਵਾਨ ਤੇ ਜ਼ਿੰਦਾਦਿਲ ਇਨਸਾਨ ਨੂੰ ਯਾਦ ਕਰਨਾ ਤੇ ਉਨ੍ਹਾ ਕੋਲੋਂ ਜਿੰਨੀ ਸੰਭਵ ਹੋ ਸਕੇ, ਪ੍ਰੇਰਨਾ ਲੈ ਕੇ ਸਮਾਜਿਕ ਵਿਕਾਸ ਦੀ ਲਹਿਰ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਯਤਨ ਕਰਨਾ ਹੋਰ ਵੀ ਜ਼ਰੂਰੀ ਤੇ ਲਾਹੇਵੰਦਾ ਬਣ ਜਾਂਦਾ ਹੈ। ਜਿੰਨਾ ਕੁ ਮੇਰਾ ਵਾਹ ਪਿਆ ਸਾਥੀ ਸੁਹੇਲ ਜੀ ਨਾਲ, ਮੈਂ ਉਨ੍ਹਾਂ ਨੂੰ ਨੇੜਿਉਂ ਹੋ ਕੇ ਇਕ 'ਰਾਜਨੀਤਕ ਤਪੱਸਵੀ' ਦੇ ਰੂਪ ਵਿਚ ਦੇਖਿਆ, ਜੋ ਸਾਰੀਆਂ ਆਰਥਿਕ ਤੇ ਸਮਾਜਿਕ ਕਠਿਨਾਈਆਂ ਦਾ ਖਿੜੇ ਮੱਥੇ ਸਾਹਮਣਾ ਕਰਦਾ ਹੋਇਆ, ਅਟੱਲ ਤੇ ਨਿਰਸਵਾਰਥ ਹੋ ਕੇ ਪੂਰੀ ਤਰ੍ਹਾਂ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਸਮਰਪਿਤ ਰਿਹਾ ਹੈ। ਉਸਨੇ ਪ੍ਰਤੀਬੱਧ 'ਇਨਕਲਾਬੀ ਪੱਤਰਕਾਰੀ' ਦਾ ਰਾਹ ਚੁਣਿਆ, ਜੋ ਮੌਜੂਦਾ ਸਮਿਆਂ ਵਿਚ ਆਮ ਤੌਰ 'ਤੇ ਬੀਤੇ ਦੀ ਕਹਾਣੀ ਬਣਦਾ ਜਾ ਰਿਹਾ ਹੈ। ਸਾਥੀ ਸੁਹੇਲ ਆਪਣੀ ਸਿਆਣਪ ਤੇ ਸਿਧਾਂਤਕ ਪ੍ਰਪੱਕਤਾ ਸਦਕਾ ਬਿਨਾਂ ਕਿਸੇ ਹੋਰ ਲਾਲਸਾ ਦਾ ਸ਼ਿਕਾਰ ਹੋਇਆਂ ਨਿਰੰਤਰ ਇਕ ਪ੍ਰਤੀਬੱਧ ਪੱਤਰਕਾਰ ਤੇ ਕਮਿਊਨਿਸਟ ਕਾਰਜਕਰਤਾ ਵਾਂਗਰ ਇਨਕਲਾਬੀ ਲਹਿਰ ਲਈ ਉਮਰ ਭਰ ਆਪਣਾ ਯੋਗਦਾਨ ਪਾਉਂਦਾ ਰਿਹਾ। ਪੱਤਰਕਾਰੀ ਤੇ ਇਨਕਲਾਬੀ ਕਿਰਦਾਰ ਦੋਹਾਂ ਨੂੰ ਹੀ ਸਹਿਜ ਅਵਸਥਾ ਵਿਚ ਪੂਰੀ ਨਿਸ਼ਠਾ ਨਾਲ ਨਿਭਾਉਣਾ, ਅੱਜ ਕਲ ਜੇਕਰ ਅਸੰਭਵ ਨਹੀਂ ਤਾਂ ਘੱਟੋ ਘੱਟ ਮੁਸ਼ਕਿਲ ਜ਼ਰੂਰ ਹੈ। 
ਪਾਰਟੀ ਵਲੋਂ ਦਿੱਤੀ ਜਾਂਦੀ  ਬਹੁਤ ਹੀ ਨਿਗੁਣੀ ਜਿਹੀ ਵਿੱਤੀ ਸਹਾਇਤਾ ਨਾਲ (ਜਿਸਦਾ ਅੱਖਰਾਂ ਵਿਚ ਜ਼ਿਕਰ ਕਰਨਾ ਵੀ ਮਨ ਨੂੰ ਚੰਗਾ ਨਹੀਂ ਲੱਗਦਾ) ਘਰ ਦਾ ਸਾਰਾ ਖਰਚਾ ਚਲਾਉਣਾ, ਸੁਪਤਨੀ ਤੇ ਦੋ ਧੀਆਂ ਦੀਆਂ ਸਭ ਦੁਨਿਆਵੀ ਲੋੜਾਂ ਦੀ ਪੂਰਤੀ ਨਾ ਕਰ ਸਕਣ ਦੇ ਬਾਵਜੂਦ ਵੀ ਇਕ ਆਦਰਸ਼ ਪਤੀ ਤੇ ਪਿਤਾ ਦਾ ਰੋਲ ਨਿਭਾਉਣਾ ਅਤੇ ਕਿਸੇ ਵੀ ਅਨੈਤਿਕ ਢੰਗ ਦੀ ਇਕ 'ਪਾਈ' ਉਪਰ ਵੀ ਲਲਚਾਈ ਨਜ਼ਰ ਨਾ ਰੱਖਣਾ ਸੱਚਮੁਚ ਹੀ ਸਾਥੀ ਸੁਹੇਲ ਨੂੰ ਇਕ 'ਆਦਰਸ਼ਵਾਦੀ ਮਨੁੱਖ' ਦਾ ਰੁਤਬਾ ਪ੍ਰਦਾਨ ਕਰਦਾ ਹੈ। 1975 ਵਿਚ ਕਾਂਗਰਸ ਸਰਕਾਰ ਦੁਆਰਾ ਦੇਸ਼ ਉਪਰ ਠੋਸੀ ਐਮਰਜੈਂਸੀ ਤੇ 80ਵਿਆਂ ਦੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਖਤਰਨਾਕ ਦੌਰ ਵਿਚ ਵੀ ਸਾਥੀ ਸੁਹੇਲ ਦਾ ਹੌਸਲਾ ਤੇ ਸੱਚੀ ਗੱਲ ਕਹਿਣ ਦੀ ਹਰ ਰੋਜ਼ ਨਵੀਂ 'ਤਰਾਸ਼ੀ ਵਿਧੀ' ਇਕ ਮਾਣ ਕਰਨਯੋਗ ਵਿਲੱਖਣਤਾ ਹੈ ਉਸਦੀ। ਸਰਕਾਰ ਦੇ ਸੈਂਸਰ ਬੋਰਡ ਦੀ ਕੈਂਚੀ ਤੋਂ ਵੀ ਸਾਥੀ ਸੁਹੇਲ ਦੀ ਲਿਖਤ ਅੱਖ ਬਚਾ ਕੇ ਅਗਾਂਹ ਲੰਘ ਜਾਂਦੀ ਸੀ। ਹਰ ਰੋਜ਼ ਹੀ ਲਿਖਤਾਂ ਤੇ ਬੋਲਾਂ ਵਿਚ ਖਾਲਿਸਤਾਨੀ ਦਹਿਸ਼ਤਗਰਦੀ ਦੇ ਪਰਖੱਚੇ ਉਡਾਉਣ ਵਾਲਾ ਸਾਥੀ ਸੁਹੇਲ ਬਿਨਾਂ ਕਿਸੇ ਭੈਅ ਤੇ ਝਿਜਕ ਦੇ ਆਪਣੇ ਜ਼ਿੰਮੇ ਲੱਗੇ ਹਰ ਕੰਮ ਨੂੰ ਬਾਖੂਬੀ ਨਿਭਾਉਂਦਾ ਰਿਹਾ। ਉਸਨੇ ਸਾਰੇ ਖਤਰਿਆਂ ਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜੀਵਨ ਭਰ ਕਮਿਊਨਿਸਟ ਕਿਰਦਾਰ ਦਾ ਝੰਡਾ ਬੁਲੰਦ ਕਰੀ ਰੱਖਿਆ। 
ਸੀ.ਪੀ.ਆਈ.(ਐਮ) ਦੀ ਸੂਬਾ ਕਮੇਟੀ ਦਾ ਮੈਂਬਰ ਹੋਣ ਨਾਤੇ ਸਾਥੀ ਸੁਹੇਲ ਨੇ ਕਦੇ ਵੀ ਆਪਣੇ ਨਿੱਜੀ ਹਿਤਾਂ ਨੂੰ ਪਾਰਟੀ ਹਿਤਾਂ ਤੋਂ ਉਪਰ ਨਹੀਂ ਰੱਖਿਆ ਤੇ ਨਾ ਹੀ ਪਾਰਟੀ ਕੋਲੋਂ ਕਿਸੇ ਖਾਸ ਅਹੁਦੇ ਜਾਂ ਰਿਆਇਤ ਦੀ ਮੰਗ ਕੀਤੀ। ਉਹ ਕਿਸੇ ਵੀ ਅਵਸਥਾ ਅਤੇ ਪੁਜੀਸ਼ਨ ਵਿਚ ਕਿਰਤੀਆਂ ਦਾ ਰਾਜ ਸਥਾਪਤ ਕਰਨ ਦੀ ਜੰਗ ਵਿਚ ਇਕ  ਯੋਗ ਸਿਪਾਹੀ/ਜਰਨੈਲ ਦੀ ਭੂਮਿਕਾ ਅਦਾ ਕਰਨ ਦੇ ਸਮਰੱਥ ਸੀ। ਮੇਰੇ ਜੀਵਨ ਦੀ ਸਾਥੀ ਸੁਹੇਲ ਨਾਲ ਨੇੜਤਾ ਵਾਲਾ ਹਿੱਸਾ ਹਮੇਸ਼ਾਂ ਹੀ ਮੇਰੇ ਲਈ ਯਾਦਗਾਰੀ ਤੇ ਪ੍ਰੇਰਨਾ ਸਰੋਤ ਬਣਿਆ ਰਹੇਗਾ। ਕਾਸ਼! ਸਮੇਂ ਤੋਂ ਪਹਿਲਾਂ ਹੀ ਤੁਰ ਜਾਣ ਵਾਲਾ ਸਾਥੀ ਸੁਹੇਲ ਜੇਕਰ ਕਮਿਊਨਿਸਟ ਲਹਿਰ ਸੰਗ ਆਪਣੀ ਦੋਸਤੀ ਤੇ ਵਫ਼ਾਦਾਰੀ ਨੂੰ ਹੋਰ ਲੰਬੇ ਸਮੇਂ ਤੱਕ ਨਿਭਾਉਂਦਾ ਰਹਿੰਦਾ ਤਾਂ ਇਹ ਸਾਡੇ ਸਾਰਿਆਂ ਲਈ ਹੀ ਬਹੁਤ ਲਾਭਕਾਰੀ ਹੁੰਦਾ। ਐਸਾ ਨਾ ਹੋ ਸਕਣ ਦਾ ਸਾਨੂੰ ਅਫਸੋਸ ਹੈ। ਉਸਦੀ ਇਨਕਲਾਬੀ ਜ਼ਿੰਦਗੀ ਦੇ ਤਜ਼ਰਬੇ ਤੇ ਹੰਢਾਏ ਦਰਦ ਅੱਜ ਵੀ ਸਾਨੂੰ ਆਪਣੇ ਅਕੀਦੇ ਉਪਰ ਕਾਇਮ ਰਹਿਣ ਲਈ ਪ੍ਰੇਰਣਾ ਦਾ ਚਿਰਾਗ ਬਣਕੇ ਸਾਡਾ ਰਾਹ ਰੁਸ਼ਨਾ ਰਹੇ ਹਨ। 
- ਮੰਗਤ ਰਾਮ ਪਾਸਲਾ

No comments:

Post a Comment