Sunday 1 March 2015

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਦੀ ਮਹੱਤਤਾ

ਸੰਪਾਦਕੀ

ਦੇਸ਼ ਤੇ ਪੰਜਾਬ ਦੀਆਂ ਮੌਜੂਦਾ ਰਾਜਨੀਤਕ ਤੇ ਆਰਥਿਕ ਅਵਸਥਾਵਾਂ ਨੂੰ ਠੀਕ ਸੰਦਰਭ ਵਿਚ ਸਮਝਣ ਅਤੇ ਇਨਕਲਾਬੀ ਦਰਿਸ਼ਟੀ ਤੋਂ ਇਨ੍ਹਾਂ ਵਿਚ ਦਖਲ ਅੰਦਾਜ਼ੀ ਕਰਦਿਆਂ ਖੱਬੀ ਤੇ ਜਮਹੂਰੀ ਲਹਿਰ ਨੂੰ ਮਜ਼ਬੂਤ ਕਰਨ ਹਿੱਤ ਸੀ.ਪੀ.ਐਮ.ਪੰਜਾਬ 5-8 ਅਪ੍ਰੈਲ 2015 ਨੂੰ ਪਠਾਨਕੋਟ ਵਿਖੇ ਆਪਣੀ ਸੂਬਾਈ ਜਥੇਬੰਦਕ ਕਰ ਰਹੀ ਹੈ। ਇਸ ਕਾਨਫਰੰਸ ਵਿਚ ਸੀ.ਪੀ.ਐਮ.ਪੰਜਾਬ ਨੂੰ ਪੰਜਾਬ ਦੇ ਸਮੁੱਚੇ ਕਿਰਤੀਆਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਇਕ ਭਰੋਸੇਯੋਗ ਤੇ ਮਜ਼ਬੂਤ ਰਾਜਨੀਤਕ ਧਿਰ ਵਜੋਂ ਸਥਾਪਤ ਹੋਣ ਲਈ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਠੋਸ ਜਥੇਬੰਦਕ ਫੈਸਲੇ ਲਏ ਜਾਣਗੇ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਦਾ ਵਿਰੋਧ ਕਰਦਿਆਂ ਲੋਕ ਹਿਤਾਂ ਦੀ ਵਧੇਰੇ ਪਹਿਰੇਬਰਦਾਰੀ ਕਰਨ ਦੀ ਯੋਜਨਾਬੰਦੀ ਕੀਤੀ ਜਾਵੇਗੀ। ਸੂਬਾਈ ਕਾਨਫਰੰਸ ਤੋਂ ਪਹਿਲਾਂ ਪਾਰਟੀ ਦੀਆਂ ਮੁਢਲੀਆਂ ਇਕਾਈਆਂ ਤੋਂ ਲੈ ਕੇ ਜ਼ਿਲ੍ਹਾ ਪੱਧਰ ਦੀਆਂ ਜਥੇਬੰਦਕ ਕਾਨਫਰੰਸਾਂ ਕੀਤੀਆਂ ਗਈਆਂ ਹਨ ਅਤੇ ਲੋਕਾਂ ਨਾਲ ਸਬੰਧਤ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ ਢੁਕਵੇਂ ਸੰਘਰਸ਼ ਲਾਮਬੰਦ ਕਰਨ ਬਾਰੇ ਸਹੀ ਫੈਸਲੇ ਲਏ ਗਏ ਹਨ। ਪਾਰਟੀ ਜਥੇਬੰਦੀ ਨੂੰ ਮਜ਼ਬੂਤ ਕਰਨ ਹਿਤ ਵੱਖ ਵੱਖ ਪੱਧਰਾਂ ਉਪਰ ਪਾਰਟੀ ਕਮੇਟੀਆਂ ਦੀ ਚੋਣ ਵੀ ਕੀਤੀ ਗਈ ਹੈ ਅਤੇ ਸੂਬਾ ਕਾਨਫਰੰਸਾਂ ਲਈ ਡੈਲੀਗੇਟ ਚੁਣੇ ਗਏ ਹਨ। ਸੂਬਾ ਕਾਨਫਰੰਸ ਵਿਚ 4 ਦਿਨਾਂ ਦੀ ਬਹਿਸ ਉਪਰੰਤ ਰਾਜਨੀਤਕ ਤੇ ਜਥੇਬੰਦਕ ਮਤੇ ਪਾਸ ਕਰਕੇ ਸੀ.ਪੀ.ਐਮ.ਪੰਜਾਬ ਦੀ ਭਵਿੱਖੀ ਰਣਨੀਤੀ ਤੈਅ ਕੀਤੀ ਜਾਏਗੀ ਅਤੇ ਨਵੀਂ ਸੂਬਾਈ ਕਮੇਟੀ ਤੇ ਕੰਟਰੋਲ ਕਮੀਸ਼ਨ ਦੀ ਚੋਣ ਹੋਵੇਗੀ।
ਇਸ ਕਾਨਫਰੰਸ ਦੀ ਮਹੱਤਤਾ ਅਜੋਕੇ ਸਮੇਂ ਵਿਚ ਹੋਰ ਵੀ ਵੱਧ ਜਾਂਦੀ ਹੈ, ਜਦੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਇਕ ਪਾਸੇ ਸਾਮਰਾਜ ਨਾਲ ਯੁਧਨੀਤਕ ਸਾਂਝਾ ਅਤੇ ਦੇਸ਼ ਦੇ ਕੁਦਰਤੀ ਖਜ਼ਾਨੇ, ਕਿਰਤ ਸ਼ਕਤੀ ਤੇ ਭਾਰਤੀ ਮੰਡੀ ਨੂੰ ਵਿਦੇਸ਼ੀ ਧਾੜਵੀਆਂ ਹਵਾਲੇ ਕੀਤਾ ਜਾ ਰਿਹਾ ਹੈ ਤੇ ਦੂਜੇ ਬੰਨ੍ਹੇ ਫਿਰਕੂ ਪੱਤਾ ਖੇਡ ਕੇ ਦੇਸ਼ ਨੂੰ ਇਕ ਧਰਮ ਅਧਾਰਤ 'ਹਿੰਦੂ ਰਾਸ਼ਟਰ' ਬਣਾਉਣ ਦੀਆਂ ਸਿੱਧੀਆਂ ਕੋਸ਼ਿਸ਼ਾਂ ਤੇ ਐਲਾਨ ਕੀਤੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੇ ਅਨੁਰੂਪ ਅਪਣਾਈਆਂ ਜਾ ਰਹੀਆਂ ਇਨ੍ਹਾਂ ਨੀਤੀਆਂ ਸਦਕਾ ਲੋਕਾਂ ਦੀਆਂ ਤੰਗੀਆਂ, ਗਰੀਬੀ, ਬੇਕਾਰੀ, ਮਹਿੰਗਾਈ, ਕੁਪੋਸ਼ਨ ਆਦਿ ਵਿਚ ਭਾਰੀ ਵਾਧਾ ਹੋਵੇਗਾ ਤੇ ਸਮੁੱਚਾ ਧਰਮ ਨਿਰਪੱਖ ਸਮਾਜਿਕ ਤਾਣਾ-ਬਾਣਾ ਉਲਝੇਗਾ। ਮੋਦੀ ਸਰਕਾਰ ਆਪਣੇ ਖਤਰਨਾਕ ਮਨਸੂਬਿਆਂ ਨੂੰ ਸਿਰੇ ਚਾੜ੍ਹਨ ਲਈ ਹਰ ਗੈਰ ਜਮਹੂਰੀ ਢੰਗ ਇਸਤੇਮਾਲ ਕਰ ਰਹੀ ਹੈ ਤੇ ਸਮੁੱਚੀ ਦਬਾਊ ਮਸ਼ੀਨਰੀ ਨੂੰ ਹੋਰ ਤਿੱਖਾ ਕਰਕੇ 'ਬੇਤਰਸ' ਤੇ 'ਜ਼ਾਲਮ' ਬਣਾ ਰਹੀ ਹੈ। ਦੇਸ਼ ਦੀ ਇਹੋ ਜਿਹੀ ਅਵਸਥਾ ਤੇ ਹੁਕਮਰਾਨਾਂ ਦੀ ਪਹੁੰਚ ਸਾਮਰਾਜੀ ਲੁਟੇਰਿਆਂ ਨੂੰ ਬੜੀ ਰਾਸ ਆ ਰਹੀ ਹੈ। ਅਜੋਕੇ ਸਮੇਂ ਦੀ ਇਹ ਵੀ ਇਕ ਵੱਡੀ ਤ੍ਰਾਸਦੀ ਹੈ ਕਿ ਦੇਸ਼ ਦੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਭਾਜਪਾ, ਕਾਂਗਰਸ, ਅਕਾਲੀ ਦਲ ਸਮੇਤ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਪੱਖ ਤੋਂ ਲਗਭਗ ਪੂਰੀ ਤਰ੍ਹਾਂ ਇਕਸੁਰ ਹਨ। 
ਇਨ੍ਹਾਂ ਅਵਸਥਾਵਾਂ ਵਿਚ ਪੰਜਾਬ ਤੇ ਦੇਸ਼ ਪੱਧਰ ਉਪਰ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਅਤੇ ਫਿਰਕਾਪ੍ਰਸਤੀ ਵਿਰੁੱਧ ਇਕਜੁਟ ਬੱਝਵਾਂ ਸੰਘਰਸ਼ ਸਮੇਂ ਦੀ ਪ੍ਰਮੁੱਖ ਲੋੜ ਹੈ ਜੋ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਵਿਸ਼ਾਲ ਏਕੇ ਰਾਹੀਂ ਹੀ ਪੂਰੀ ਕੀਤੀ ਜਾ ਸਕਦੀ ਹੈ। ਸੀ.ਪੀ.ਐਮ. ਪੰਜਾਬ ਦੀ ਚੌਥੀ ਸੂਬਾਈ ਜਥੇਬੰਦਕ ਕਾਨਫਰੰਸ ਪੂੰਜੀਵਾਦੀ ਢਾਂਚੇ ਦੀ ਲੁੱਟ ਖਸੁੱਟ ਵਿਰੁੱਧ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਦੇਸ਼ ਅੰਦਰ ਪੈਰ ਪਸਾਰ ਰਹੀਆਂ ਫਿਰਕੂ ਸ਼ਕਤੀਆਂ ਖਿਲਾਫ ਖੱਬੇ ਪੱਖੀ ਤੇ ਜਮਹੂਰੀ ਧਿਰਾਂ ਦੇ ਏਕੇ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਠੋਸ ਫੈਸਲੇ ਲਏਗੀ, ਜਿਨ੍ਹਾਂ ਨਾਲ ਪ੍ਰਾਂਤ ਅੰਦਰ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੇ ਵਿਰੋਧ ਵਿਚ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਕਾਇਮ ਕਰਨ 'ਚ ਮਦਦ ਮਿਲ ਸਕੇ। 
ਸੀ.ਪੀ.ਐਮ.ਪੰਜਾਬ ਦੀ ਚਾਰ ਰੋਜ਼ਾ ਸੂਬਾਈ ਕਾਨਫਰੰਸ ਦੀ ਹਰ ਪੱਖ ਤੋਂ ਸਫਲਤਾ ਸਿਰਫ ਪਾਰਟੀ ਮੈਂਬਰਾਂ ਤੇ ਹਮਦਰਦਾਂ ਦੀ ਦਿਲਚਸਪੀ ਦਾ ਵਿਸ਼ਾ ਹੀ ਨਹੀਂ ਬਲਕਿ ਪੰਜਾਬ ਦੀ ਸਮੁੱਚੀ ਮਿਹਨਤਕਸ਼ ਜਨਤਾ ਦੇ ਉਜਲੇ ਭਵਿੱਖ ਨਾਲ ਜੁੜਿਆ ਮੁੱਦਾ ਵੀ ਹੈ। ਸਾਡਾ ਇਹ ਪੱਕਾ ਯਕੀਨ ਹੈ ਕਿ ਸੀ.ਪੀ.ਐਮ.ਪੰਜਾਬ ਦੀ ਪਠਾਨਕੋਟ ਕਾਨਫਰੰਸ ਉਸ ਵਿਚ ਜੁੜੇ ਡੈਲੀਗੇਟਾਂ ਤੇ ਆਬਜ਼ਰਵਰਾਂ ਦੇ ਗੰਭੀਰ ਵਿਚਾਰ ਵਟਾਂਦਰਿਆਂ ਤੇ ਪਿਛਲੇ ਸੰਘਰਸ਼ਾਂ ਵਿਚ ਹਾਸਲ ਕੀਤੇ ਕੀਮਤੀ ਤਜ਼ਰਬਿਆਂ ਦੇ ਆਧਾਰ 'ਤੇ ਪ੍ਰਾਂਤ ਦੀ ਖੱਬੀ ਲਹਿਰ ਨੂੰ ਨਵੀਆਂ ਬੁਲੰਦੀਆਂ ਉਪਰ ਪਹੁੰਚਾਉਣ ਲਈ ਨਵਾਂ ਮੀਲ ਪੱਥਰ ਸਿੱਧ ਹੋਵੇਗੀ ਤੇ ਇਨਕਲਾਬੀ ਲਹਿਰ ਨੂੰ ਪੰਜਾਬ ਦੀਆਂ ਸਰਹੱਦਾਂ ਤੋਂ ਪਾਰ ਪੂਰੇ ਦੇਸ਼ ਅੰਦਰ ਨਵੀਆਂ ਸੇਧਾਂ ਦੇਣ ਵਿਚ ਵੀ ਆਪਣਾ ਨਿੱਗਰ ਯੋਗਦਾਨ ਪਾਵੇਗੀ। 
ਆਓ! ਸੀ.ਪੀ.ਐਮ.ਪੰਜਾਬ ਦੀ ਇਸ ਚੌਥੀ ਜਥੇਬੰਦਕ ਕਾਨਫਰੰਸ ਨੂੰ ਹਰ ਪੱਖੋਂ ਸਫਲ ਬਣਾਈਏ ਤਾਂ ਕਿ ਉਹ ਇਕ ਰਵਾਇਤੀ ਕਿਸਮ ਦੀ ਬੈਠਕ ਨਾ ਰਹਿ ਕੇ ਇਕ ਇਨਕਲਾਬੀ ਮੱਘਦਾ ਸੂਰਜ ਬਣਕੇ ਸਾਡੇ ਭਵਿੱਖੀ ਘੋਲਾਂ ਦਾ ਰਾਹ ਰੁਸ਼ਨਾਏ। 
- ਮੰਗਤ ਰਾਮ ਪਾਸਲਾ

No comments:

Post a Comment