Sunday 1 March 2015

ਵਿਸ਼ਵੀਕਰਨ ਦੇ ਦੌਰ 'ਚ ਮੀਡੀਆ ਦਾ ਰੋਲ

ਡਾ. ਤੇਜਿੰਦਰ ਵਿਰਲੀ

ਵਿਸ਼ਵੀਕਰਨ ਦੇ ਦੌਰ ਵਿਚ ਸੂਚਨਾ ਤਕਨਾਲੋਜੀ ਇਨਕਲਾਬ ਦੇ ਮੱਦੇਨਜ਼ਰ  ਜਦੋਂ ਮੀਡੀਆ ਰਾਹੀਂ ਇਹ ਪ੍ਰਸਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਹੁਣ ਵਿਸ਼ਵ ਇਕ ਪਿੰਡ ਬਣ ਗਿਆ ਹੈ ਉਦੋਂ ਦੂਰ ਦਰਾਜ ਦੇ ਪਿੰਡਾਂ ਵਿਚ ਵਸਦੇ ਲੋਕਾਂ ਦੇ ਨਰਕੀ ਜੀਵਨ ਦੀ ਤਸਵੀਰ ਕਿਸੇ ਵੀ ਸਕਰੀਨ 'ਤੇ ਨਹੀਂ ਉਭਰਦੀ। ਇਕ ਪਿੰਡ ਤੋਂ ਦੂਸਰੇ ਪਿੰਡ ਤੱਕ ਤੇ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ, ਇਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਉਹ ਹੀ ਜਾਣਕਾਰੀ ਪਹੁੰਚਦੀ ਹੈ ਜਿਹੜੀ ਇਕ ਖਾਸ ਧਿਰ ਪਹੁੰਚਾਉਣਾ ਚਾਹੁੰਦੀ ਹੈ। ਦੂਸਰੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਜਾਣਕਾਰੀ ਉਹ ਧਿਰ ਨਹੀਂ ਪਹੁੰਚਾਉਣਾ ਚਾਹੁੰਦੀ, ਉਹ ਕਿਸੇ ਤੱਕ ਵੀ ਨਹੀਂ ਪਹੁੰਚਦੀ ਜਾਂ ਜਿਸ ਤਰ੍ਹਾਂ ਉਹ ਚਾਹੁੰਦੀ ਹੈ ਉਸੇ ਤਰ੍ਹਾਂ ਹੀ ਪਹੁੰਚਦੀ ਹੈ। ਇਸ ਲਈ ਕਿਹਾ ਇਹ ਜਾਣਾ ਚਾਹੀਦਾ ਹੈ ਕਿ ਵਿਸ਼ਵ ਕੇਵਲ ਉਨ੍ਹਾਂ ਲੋਕਾਂ ਲਈ ਇਕ ਪਿੰਡ ਬਣਿਆ ਹੈ ਜਿਨ੍ਹਾਂ ਦਾ ਦੂਰਸੰਚਾਰ ਦੇ ਯੰਤਰਾਂ ਉਪਰ ਪੂਰਨ ਕਬਜ਼ਾ ਹੈ। ਬਾਕੀ ਲੋਕਾਂ ਲਈ ਤਾਂ ਇਹ ਇਕ ਭਰਮ ਸਿਰਜਿਆ ਜਾ ਰਿਹਾ ਹੈ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੀ ਬਦੌਲਤ  ਹਾਕਮ ਧਿਰਾਂ ਇਹ ਭਰਮ ਸਿਰਜਣ ਵਿਚ ਸਫਲ ਹੋ ਰਹੀਆਂ ਹਨ।
 ਇਸ ਗੱਲ ਵਿਚ ਕਿਸੇ ਨੂੰ ਵੀ ਕੋਈ ਅਜਿਹਾ ਭਰਮ ਨਹੀਂ ਹੋਣਾ ਚਾਹੀਦਾ ਕਿ ਮੀਡੀਆ ਸਭ ਦਾ ਸਾਂਝਾ ਹੈ ਜਦਕਿ ਅਸਲੀਅਤ ਤਾਂ ਇਹ ਹੈ ਕਿ ਸਮਾਜ ਦੇ ਬਹੁਗਿਣਤੀ ਲੋਕਾਂ ਕੋਲ ਉਨ੍ਹਾਂ ਦੇ ਪੱਖ ਨੂੰ ਪੇਸ਼ ਕਰਨ ਵਾਲਾ ਨਿਰਪੱਖ ਤੇ ਆਜ਼ਾਦ ਮੀਡੀਆ ਨਹੀਂ ਹੈ। ਜਮਾਤੀ ਸਮਾਜ ਵਿਚ ਇਹ ਆਸ ਵੀ ਨਹੀਂ ਕੀਤੀ ਜਾ ਸਕਦੀ ਕਿ ਉਚ ਜਮਾਤ ਦਾ ਮੀਡੀਆ ਸ਼ੋਸ਼ਿਤ ਲੋਕਾਂ ਦੇ ਹਿੱਤਾਂ ਦੀ ਪੂਰਤੀ ਲਈ ਕੰਮ ਕਰੇ। ਇਹ ਧਾਰਨਾ ਕੁਝ ਬੁੱਧੀਜੀਵੀਆਂ ਨੇ ਸੁਚੇਤ ਪੱਧਰ ਉਪਰ ਪੈਦਾ ਕੀਤੀ ਹੈ ਕਿ ਮੌਜੂਦਾ ਮੀਡੀਆ ਤੰਤਰ ਕਾਫੀ ਮਜਬੂਤ ਹੈ। ਜੇ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤਾਂ ਇਹ ਚੌਥਾ ਥੰਮ ਨਿਰਪੱਖ ਹੋ ਕੇ ਕੰਮ ਨਹੀਂ ਕਰ ਰਿਹਾ। ਇਹ ਕੇਵਲ ਆਪਣੀ ਮਾਲਕ ਜਮਾਤ ਦੇ ਹਿੱਤਾਂ ਦੀ ਤਰਫਦਾਰੀ ਕਰਦਾ ਹੈ। ਇਸ ਲਈ ਇਸ ਚੌਥੇ ਥੰਮ ਉਪਰ ਖੜਾ ਅਖੌਤੀ ਲੋਕਤੰਤਰ ਦੇ ਭਰਮ ਦਾ ਮਹਿਲ ਕਿਸੇ ਵਕਤ ਵੀ ਡਿੱਗ ਸਕਦਾ ਹੈ। ਬੁਰਜ਼ੂਆ ਮੀਡੀਆ ਦੀ ਬਦੌਲਤ ਰਾਜ ਕਰਨ ਵਾਲੀਆਂ ਧਿਰਾਂ ਦੀ ਨਾ ਕੇਵਲ ਉਮਰ ਹੀ ਲੰਮੀ ਹੁੰਦੀ ਹੈ ਸਗੋਂ ਲੋਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੁੰਦੀ ਰਹਿੰਦੀ ਹੈ। ਤੇ ਮੀਡੀਆ ਆਪਣੇ ਕਾਰਜ਼ ਵਿਚ ਲੱਗਾ ਹੋਇਆ ਕਦੇ ਨਿਰਪੱਖਤਾ ਦਾ, ਕਦੇ ਜਾਣਕਾਰੀ ਦੇਣ ਦਾ ਤੇ ਕਦੇ ਲੋਕਤੰਤਰ ਦੀ ਰਾਖੀ ਕਰਨ ਦਾ ਬਹਾਨਾਂ ਘੜਕੇ ਬੜੀ ਹੀ ਹੁਸ਼ਿਆਰੀ ਦੇ ਨਾਲ ਆਪਣਾ ਕਾਰਜ਼ ਕਰੀ ਜਾਂਦਾ ਹੈ।
ਜਮਾਤੀ ਸਮਾਜ ਵਿਚ ਸਿਰਫ ਪਰਸਪਰ ਵਿਰੋਧੀ ਜਮਾਤਾਂ ਦਾ ਹੀ ਖਾਸ ਮਹੱਤਵ ਨਹੀਂ ਹੁੰਦਾ ਸਗੋਂ ਇਸ ਵਿਰੋਧ ਦੀ ਨੀਂਹ ਉਪਰ ਉਸਰੇ ਸਮਾਜ ਪ੍ਰਬੰਧ ਦਾ ਹਰ ਇਕ ਵਰਤਾਰਾ ਹੀ ਜਮਾਤੀ ਘੋਲ ਵਿਚ ਆਪਣਾ ਰੋਲ ਅਦਾ ਕਰਦਾ ਹੈ। ਇਸ ਵਿਚ ਵਿਦਿਆ ਤੰਤਰ, ਸਭਿਆਚਾਰ, ਧਰਮ, ਭਾਸ਼ਾ, ਪਹਿਰਾਵਾ, ਖਾਣ-ਪੀਣ, ਖੇਡਾਂ, ਸਾਹਿਤ, ਮਨੋਰੰਜਨ ਦੇ ਸਾਧਨ ਤੇ ਹੋਰ ਉਹ ਸਾਰਾ ਕੁਝ ਆ ਜਾਂਦਾ ਹੈ ਜਿਹੜਾ ਕਿਸੇ ਸਮਾਜ ਪ੍ਰਬੰਧ ਨੂੰ ਸੱਤਾ ਦੇ ਅਨੁਸਾਰੀ ਕਰਨ ਵਿਚ ਅਹਿਮ ਰੋਲ ਅਦਾ ਕਰਦਾ ਹੈ। ਇਨ੍ਹਾਂ ਸਾਰੇ ਉਸਾਰਾਂ ਦੇ ਵੱਖ ਵੱਖ ਰੂਪਾਂ ਵਿੱਚੋਂ ਸੱਤਾ ਦਾ ਪ੍ਰਵਚਨ ਬੜਾ ਹੀ ਸਹਿਜ ਹੋ ਕੇ ਬੋਲਦਾ ਹੈ। ਇਸ ਦੀ ਇਹ ਸਹਿਜਤਾ ਹੀ ਲੋਕਾਂ ਵਿਚ ਇਕ ਅਜਿਹੀ ਭ੍ਰਾਂਤੀ ਸਿਰਜਣ ਵਿਚ ਸਫਲ ਹੁੰਦੀ ਹੈ ਜਿਹੜੀ ਹਾਕਮ ਧਿਰਾਂ ਦੇ ਹਿੱਤਾਂ ਦੇ ਅਨੁਸਾਰੀ ਹੁੰਦੀ ਹੈ।
ਉਸਾਰ ਦੀਆਂ ਵੱਖ ਵੱਖ ਅਨੁਸ਼ਾਸਨ ਵਿਧੀਆਂ ਵਿੱਚੋਂ ਮੀਡੀਆ ਅੱਜ ਦੇ ਸਮਾਜ ਨੂੰ ਸਿੱਧੇ ਅਸਿੱਧੇ ਰੂਪ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਕਰਦਾ ਹੈ। ਅੱਜ ਦੀ ਵਿਕਸਤ ਟੈਕਨਾਲੋਜ਼ੀ ਦੇ ਸਮੇਂ ਵਿਚ ਮੀਡੀਆ ਦੀ ਮਨੁੱਖ ਉਪਰ ਪਕੜ ਹੋਰ ਵੀ ਮਜਬੂਤ ਹੋ ਗਈ ਹੈ। ਭਾਵੇਂ ਇਹ ਪ੍ਰਿੰਟ ਮੀਡੀਆ ਹੋਵੇ ਜਾਂ ਇਲਕਟ੍ਰਾਨਿਕ ਮੀਡੀਆ ਹੋਵੇ, ਇਹ ਸਮਾਜ ਨੂੰ ਆਪਣੇ ਮਗਰ ਨਹੀਂ ਤੋਰਦਾ ਸਗੋਂ ਮਨੁੱਖੀ ਸਮਾਜ ਨੂੰ ਡੰਗਰਾਂ ਵਾਂਗ ਹੱਕਦਾ ਹੈ। ਵਿਸ਼ਵੀਕਰਨ ਦੇ ਮੌਜੂਦਾ ਦੌਰ ਵਿਚ ਜਦੋਂ ਪੂੰਜੀਵਾਦੀ ਰਾਜ ਪ੍ਰਬੰਧ ਲਈ ਭੂਗੋਲਿਕ ਹੱਦਬੰਦੀਆਂ ਬੇਮਾਇਨੇ ਹੋ ਗਈਆਂ ਹਨ, ਉਦੋਂ ਮਨੁੱਖ ਦੀ ਮਾਨਸਿਕਤਾ ਉਪਰ ਮੀਡੀਆ ਨੇ ਪੂੰਜੀਵਾਦੀ ਤੰਤਰ ਦੀ ਪਕੜ ਹੋਰ ਮਜਬੂਤ ਬਣਾ ਦਿੱਤੀ ਹੈ। ਅੱਜ ਦੇ ਪੂੰਜੀਵਾਦੀ ਤੰਤਰ ਦਾ ਇਹ ਆਖਣਾ ਕਿ ਮਹਾਂ ਬ੍ਰਿਤਾਂਤ ਦਾ ਅੰਤ ਹੋ ਗਿਆ ਹੈ। ਮਨੁੱਖ ਦਾ ਅੰਤ ਹੋ ਗਿਆ ਹੈ। ਕਮਿਊਨਿਜ਼ਮ ਦਾ ਅੰਤ ਹੋ ਗਿਆ ਹੈ। ਇਹ ਸਭ ਪੂੰਜੀਵਾਦ ਦੇ ਅਜਿੱਤ ਹੋਣ ਦਾ ਭਰਮ ਸਿਰਜਦੇ ਸੱਤਾ ਦੇ ਪ੍ਰਵਚਨ ਹਨ, ਜਿਹੜੇ ਮੀਡੀਏ ਵੱਲੋਂ ਸੁਚੇਤ ਤੌਰ 'ਤੇ ਪ੍ਰਸਾਰੇ ਜਾ ਰਹੇ ਹਨ। ਜਦਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਕਤ ਦਾ ਪਹੀਆ ਕਦੇ ਵੀ ਰੁਕਦਾ ਨਹੀਂ। ਇਹ ਸਦਾ ਹੀ ਚੱਲਦਾ ਰਹਿੰਦਾ ਹੈ। ਸਮਾਜ ਦਾ ਇਹ ਵਰਗ ਸੰਘਰਸ਼ ਹੀ ਇਸ ਦੀ ਦਸ਼ਾ ਤੇ ਦਿਸ਼ਾ ਨਿਰਧਾਰਤ ਕਰਦਾ ਹੈ। ਜੇ ਲੋਕ ਪੱਖੀ ਸ਼ੋਸ਼ਿਤ ਧਿਰਾਂ ਤਕੜੀਆਂ ਹੁੰਦੀਆਂ ਹਨ ਤਾਂ ਯਕੀਨਨ ਹੀ ਇਸ ਦੀ ਦਿਸ਼ਾ ਵਿਕਾਸ ਮੁੱਖੀ ਹੋਵੇਗੀ। ਜੇ ਸ਼ੋਸ਼ਕ ਧਿਰਾਂ ਤਕੜੀਆਂ ਹੋਣਗੀਆਂ ਤਾਂ ਕੁਝ ਸਮੇਂ ਲਈ ਜਿੰਦਗੀ ਦੀਆਂ ਸਾਰੀਆਂ ਹੀ ਸੁਖ ਸਹੂਲਤਾਂ ਉਪਰ ਕੁੱਝ ਮੁੱਠੀ ਭਰ ਲੋਕ ਕਾਬਜ਼ ਹੋ ਜਾਣਗੇ ਜਿਵੇਂ ਅਜੌਕੇ ਦੌਰ ਵਿਚ ਕਾਬਜ਼ ਹਨ। ਕਿਉਂਕਿ ਅੰਤਿਮ ਜਿੱਤ ਵੱਡੀ ਧਿਰ ਦੀ ਹੋਣੀ ਹੈ ਇਸ ਲਈ ਯਕੀਨਨ ਇਸ ਨਿਰਣਾਇਕ ਘੋਲ ਵਿਚ ਸਮਾਜ ਉਪਰ ਕਾਬਜ਼ ਧਿਰਾਂ ਨੇ ਹਰ ਹੀਲਾ ਹਰਬਾ ਵਰਤਕੇ ਉਸ ਨਿਰਣਾਇਕ ਘੋਲ ਨੂੰ ਆਪਣੇ ਹਿੱਤ ਵਿਚ ਕਰਨ ਲਈ ਹਰ ਸਾਧਨ ਦੀ ਵਰਤੋਂ-ਦੁਰਵਰਤੋਂ ਕਰਨੀ ਹੀ ਹੈ। ਇਸ ਲਈ ਮੀਡੀਆ ਹਾਕਮ ਧਿਰ ਦਾ ਇਕ ਸਫਲ ਹਥਿਆਰ ਹੈ। ਜੇਮਜ਼ ਪੈਟਰਾਸ ਇਸ ਵਰਤਾਰੇ ਨੂੰ ਅਮਰੀਕੀ ਸਭਿਆਚਾਰਕ ਸਾਮਰਾਜਵਾਦ ਦਾ ਨਾਮ ਦਿੰਦਾ ਹੈ। ਉਸ ਦੇ ਅਨੁਸਾਰ, ''ਅਮਰੀਕੀ ਸਭਿਆਚਾਰਕ ਸਾਮਰਾਜਵਾਦ ਦੇ ਦੋ ਪ੍ਰਮੁੱਖ ਉਦੇਸ਼ ਹਨ-ਪਹਿਲਾ ਆਰਥਕ ਤੇ ਦੂਜਾ ਰਾਜਨੀਤਿਕ। ਆਪਣੇ ਸਭਿਆਚਾਰਕ ਮਾਲ ਲਈ ਮੰਡੀ ਉੱਤੇ ਅਧਿਕਾਰ ਜਮਾਉਣਾ ਅਤੇ ਜਨਤਕ ਚੇਤਨਾ ਨੂੰ ਅਨਕੂਲ ਬਣਾਕੇ ਆਪਣੀ ਸਰਦਾਰੀ ਹਾਸਲ ਕਰਨੀ। ਅੱਜ ਪੂੰਜੀ ਇਕੱਤਰ ਕਰਨ ਅਤੇ ਸੰਸਾਰ ਭਰ ਵਿਚ ਮੁਨਾਫਾ ਕਮਾਉਣ ਦਾ ਇਕੋ ਇਕ ਮਹੱਤਵਪੂਰਨ ਸਰੋਤ ਜੋ ਸਨਅਤੀ ਉਤਪਾਦਨ ਦੀ ਥਾਂ ਲੈਂਦਾ ਜਾ ਰਿਹਾ ਹੈ, ਮਨੋਰੰਜਨ ਨਾਲ ਸੰਬੰਧਿਤ ਮਾਲ ਦੀ ਬਰਾਮਦ ਕਰਨਾ ਹੈ। ਸਭਿਆਚਾਰਕ ਸਾਮਰਾਜਵਾਦ ਜਨਤਾ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਅਤੇ ਇਕਮੁੱਠਤਾ ਦੀ ਪ੍ਰੰਪਰਾ ਨਾਲੋਂ ਤੋੜ ਕੇ ਉਸਦੀ ਥਾਂ ਉੱਤੇ ਮੀਡੀਆ ਦੁਆਰਾ ਪੈਦਾ ਕੀਤੀਆਂ ਗਈਆਂ ਉਨ੍ਹਾਂ 'ਜਰੂਰਤਾਂ' ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਹੜੀਆਂ ਹਰ ਨਵੇਂ ਪ੍ਰਚਾਰ ਨਾਲ ਬਦਲਦੀਆਂ ਰਹਿੰਦੀਆਂ ਹਨ। ਇਸ ਦਾ ਰਾਜਨੀਤਿਕ ਮਕਸਦ ਮਨੁੱਖ ਨੂੰ ਟੁਕੜਿਆਂ ਵਿਚ ਵੰਡ ਕੇ ਇਕ ਦੂਸਰੇ ਤੋਂ ਵੱਖ ਕਰਨਾ, ਜਨਤਾ ਨੂੰ ਜਮਾਤ ਅਤੇ ਭਾਈਚਾਰੇ ਦੇ ਪਰੰਪਰਾਗਤ ਬੰਧਨਾਂ ਤੇ ਸੰਘਰਸ਼ਾਂ ਤੋਂ ਬੇਮੁੱਖ ਕਰਨਾ ਹੈ।'' (ਵਿਸ਼ਵੀਕਰਨ ਦਾ ਪ੍ਰਵਚਨ, ਪੰਨਾਂ 66) ਕਿਉਂਕਿ ਮੀਡੀਆ ਜਮਾਤੀ ਸਮਾਜ ਵਿਚ ਹਾਕਮ ਧਿਰ ਦਾ ਹਥਿਆਰ ਹੈ ਇਸ ਕਰਕੇ ਇਹ ਮਜ਼ਦੂਰ ਜਮਾਤ ਨੂੰ ਪਾੜਨ ਤੇ ਸਭਿਆਚਾਰਕ ਤੌਰ ਉਪਰ ਆਪਣੇ ਅਧੀਨ ਕਰਨ ਦਾ ਕਾਰਜ਼ ਕਰਦਾ ਹੈ। ਇਹ ਕਿਰਤੀਆਂ ਦੀ ਏਕਤਾ ਦੀ ਥਾਂ ਉਨ੍ਹਾਂ ਦੀ ਵੱਖਰਤਾ ਨੂੰ ਉਭਾਰਨ ਦਾ ਉਲਟ ਇਨਕਲਾਬੀ ਰੋਲ ਅਦਾ ਕਰਦਾ ਹੈ। ਜਿਵੇਂ ਪੱਕੇ ਕਾਮਿਆਂ ਦਾ ਕੱਚੇ ਕਾਮਿਆਂ ਨਾਲ ਵਿਰੋਧ ਤੇ ਕੱਚੇ ਕਾਮਿਆਂ ਦੇ ਬੇਰੁਜ਼ਗਾਰ ਕਾਮਿਆਂ ਨਾਲ ਵਿਰੋਧ ਨੂੰ ਉਭਾਰਨਾ। ਇਸ ਦੇ ਨਾਲ ਨਾਲ ਜਾਤੀ ਭਿੰਨਤਾ, ਭੂਗੋਲਿਕ ਭਿੰਨਤਾ ਤੇ ਲਿੰਗਕ ਭਿੰਨਤਾ ਨੂੰ ਵੀ ਉਭਾਰਦਾ ਹੈ। ਇਹ ਮੀਡੀਆ ਦਾ ਹੀ ਰੋਲ ਹੈ ਕਿ ਔਰਤ ਅੱਜ ਉਪਭੋਗ ਦੀ ਵਸਤ ਬਣਕੇ ਹੀ ਰਹਿ ਗਈ ਹੈ। ਇਸ ਸਾਰੇ ਪਿੱਛੇ ਉਸ ਦਾ ਮਕਸਦ ਹੈ ਆਰਥਿਕ ਸ਼ੋਸ਼ਣ। ਇਸ ਆਰਥਿਕ ਸ਼ੋਸ਼ਣ ਲਈ ਜਰੂਰੀ ਹੁੰਦਾ ਹੈ ਰਾਜਸੀ ਤੰਤਰ ਉਪਰ ਕਬਜ਼ਾ। ਇਸ ਲਈ ਆਰਥਿਕਤਾ ਦੇ ਨਾਲ ਰਾਜਨੀਤੀ ਉਪਰ ਵੀ ਸਭ ਤੋਂ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਜੇਮਜ ਪੈਟਰਾਸ ਦੇ ਸ਼ਬਦਾਂ ਵਿਚ ''ਆਧੁਨਿਕਤਾ ਦਾ ਅਰਥ ਹੈ- ਅਮਰੀਕੀ ਮੀਡੀਆ ਦੇ ਉਤਪਾਦਾਂ ਦਾ ਉਪਭੋਗ।'' ਉਹ ਅੱਗੇ ਲਿਖਦਾ ਹੈ ਕਿ, ''ਸਭਿਆਚਾਰਕ ਸਾਮਰਾਜਵਾਦ ਸਿਰਫ ਮੰਡੀ ਖਾਤਿਰ ਹੀ ਨੌਜਵਾਨਾਂ ਵੱਲ ਧਿਆਨ ਕੇਂਦਰਤ ਨਹੀਂ ਕਰਦਾ, ਸਗੋਂ ਇਸਦੇ ਪਿੱਛੇ ਉਨ੍ਹਾਂ ਦਾ ਸਭਿਆਚਾਰਕ ਉਦੇਸ਼ ਵੀ ਹੁੰਦਾ ਹੈ। ਉਹ ਜਾਣਦੇ ਹਨ ਕਿ ਵਿਅਕਤੀਗਤ ਬਗਾਵਤ ਦੀ ਚੇਤਨਾ ਕਦੇ ਵੀ ਆਰਥਕ ਸਭਿਆਚਾਰਕ ਗੁਲਾਮੀ ਖਿਲਾਫ ਰਾਜਨੀਤਿਕ ਬਗਾਵਤ ਦਾ ਰੂਪ ਧਾਰਨ ਕਰ ਸਕਦੀ ਹੈ। ਸੋ ਉਹ ਇਸ ਚਿੰਤਾ ਨੂੰ ਨਿਰਮੂਲ ਕਰ ਦੇਣਾ ਚਾਹੁੰਦੇ ਹਨ।'' ਇਹ ਕਾਰਜ਼ ਮੀਡੀਆ ਬੜੀ ਹੀ ਹੁਸ਼ਿਆਰੀ  ਨਾਲ ਕਰਦਾ ਹੈ। ਅੱਜ ਗਰੀਬੀ ਅਮੀਰੀ ਦੇ ਵਧ ਰਹੇ ਪਾੜੇ ਵਿਚ ਮੀਡੀਆ ਨੇ ਅਹਿਮ ਰੋਲ ਅਦਾ ਕੀਤਾ ਹੈ। ਜਮਾਤੀ ਵਿਰੋਧਤਾਈ ਦੇ ਤਨਾਓ ਨੂੰ ਘੱਟ ਕਰਕੇ ਸੱਤਾ ਦੇ ਅਨੁਸਾਰੀ ਬਣਾਇਆ ਹੈ। ਇਸ ਤੋਂ ਵੀ ਵੱਧਕੇ ਮੀਡੀਏ ਨੇ ਆਮ ਲੋਕਾਂ ਦੇ ਮਨਾਂ ਅੰਦਰ ਇਹ ਧਾਰਨਾ ਪੈਦਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਸਮਾਜਵਾਦ ਤੇ ਕਮਿਊਨਿਜ਼ਮ ਦੇ ਦਿਨ ਲੱਦ ਗਏ ਹਨ। ਗਲ ਕੀ ਮੀਡੀਏ ਨੇ ਸਭਿਆਚਾਰਕ ਪੱਧਰ ਉਪਰ ਅਜਿਹਾ ਕਬਜ਼ਾ ਕਰਕੇ  ਸੰਸਾਰ ਪੱਧਰ ਉਪਰ ਖੱਬੇ ਪੱਖੀ ਰਾਜਨੀਤੀ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਹੈ। ਇਸ ਸਚਾਈ ਨੂੰ ਮੰਨਣ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਖੱਬੇ ਪੱਖੀਆਂ ਦੇ ਮੁਕਾਬਲੇ ਸਾਮਰਾਜਵਾਦੀਆਂ ਨੇ ਰਾਜਨੀਤਕ  ਪ੍ਰਕਿਰਿਆ ਦੇ ਸਭਿਆਚਾਰਕ ਪਾਸਾਰਾਂ ਦਾ ਮਹੱਤਵ ਵਧੇਰੇ ਬਿਹਤਰ ਢੰਗ ਨਾਲ ਸਮਝਿਆ ਤੇ ਇਸ ਦੀ ਪੂਰਤੀ ਲਈ ਮੀਡੀਏ ਨੂੰ ਵਰਤਿਆ ਹੈ। ਖੱਬੇ ਪੱਖੀ ਭਾਵ ਲੋਕ ਪੱਖੀ ਸਿਆਸਤ ਦੇ ਹਾਸ਼ੀਆ ਗ੍ਰਸਤ ਹੋ ਜਾਣ ਦਾ ਸਿੱਟਾ ਇਹ ਹੋਇਆ ਕਿ ਮੀਡੀਆ ਬਹੁਰਾਸ਼ਟਰੀ ਕਾਰਪੋਰੇਟ ਘਰਾਣਿਆਂ ਤੇ ਸੱਤਾ ਦੀ ਮਿਲੀਭੁਗਤ ਦੇ ਨਾਲ ਲੋਕਾਂ ਨੂੰ ਆਪਣੇ ਅਨੁਸਾਰੀ ਬਣਾਉਣ ਲੱਗਾ। ਅੱਜ ਦਾ ਅਖੌਤੀ ਬੁੱਧੀਜੀਵੀ ਵਰਗ ਇਕ ਧਿਰ ਬਣਕੇ ਜਨ ਮਾਧਿਅਮ ਰਾਹੀਂ ਸੱਤਾ ਦੇ ਪ੍ਰਵਚਨ ਨੂੰ ਲੋਕ ਮਾਨਸਿਕਤਾ ਵਿਚ ਠੂਸਣ ਦੇ ਕਾਰਜ ਵਿਚ ਲੱਗਾ ਹੋਇਆ ਹੈ। ਜੇਮਸ ਪੈਟਰਾਸ ਦੇ ਕਥਨ ਮੁਤਾਬਕ, ''ਸਭਿਆਚਾਰਕ ਘੁਸਪੈਠ ਦਾ ਰਾਜਨੀਤਕ ਸੈਨਿਕ ਸਰਦਾਰੀ ਅਤੇ ਆਰਥਿਕ ਲੁੱਟ-ਖਸੁੱਟ ਨਾਲ ਡੂੰਘਾ ਰਿਸ਼ਤਾ ਹੈ।  ਅਮਰੀਕਾ ਨੇ ਆਪਣੇ ਆਰਥਕ ਹਿੱਤਾਂ ਦੇ ਰੱਖਿਅਕ ਦੱਖਣੀ ਅਮਰੀਕੀ ਤਾਨਾਸ਼ਾਹ ਹਾਕਮਾਂ ਦੇ ਸਮਰਥਨ ਲਈ ਫੌਜੀ ਦਖਲ ਦੇ ਨਾਲ ਨਾਲ ਭਾਰੀ ਸਭਿਆਚਾਰਕ ਘੁਸਪੈਠ ਵੀ ਕੀਤੀ ਸੀ। ਅਮਰੀਕੀ ਪੈਸੇ ਉੱਤੇ ਪਲਣ ਵਾਲੇ ਧਰਮ ਪ੍ਰਚਾਰਕ ਭਾਰਤੀ ਪਿੰਡਾਂ ਵਿਚ ਹੱਲਾ ਬੋਲ ਕੇ ਜਨਜਾਤੀ ਕਿਸਾਨਾਂ ਦੇ ਦਿਮਾਗ ਵਿਚ ਗੁਲਾਮੀ ਦਾ ਸੰਦੇਸ਼ ਭਰ ਰਹੇ ਹਨ। ਜਮਹੂਰੀਅਤ ਤੇ ਮੰਡੀ ਬਾਰੇ ਚਰਚਾ ਕਰਨ ਲਈ ਪਾਲਤੂ ਬੁੱਧੀਜੀਵੀਆਂ ਦੀ ਕੌਮਾਂਤਰੀ ਕਾਨਫਰੰਸ ਆਯੋਜਿਤ ਕੀਤੀ ਜਾਂਦੀ ਹੈ। ਪਲਾਇਨਵਾਦੀ ਟੈਲੀਵਿਜਨ ਪ੍ਰੋਗਰਾਮ 'ਕਿਸੇ ਹੋਰ ਦੁਨੀਆਂ' ਦੇ ਭਰਮਜਾਲ ਫੈਲਾਉਂਦੇ ਹਨ। ਸਭਿਆਚਾਰਕ ਘੁਸਪੈਠ, ਗੈਰ ਫੌਜੀ, ਸਾਧਨਾਂ ਰਾਹੀਂ ਉਲਟ ਇਨਕਲਾਬੀ ਜੰਗੀ ਮੁਹਾਰਤ ਦਾ ਪਾਸਾਰ ਹੈ।'' (ਉਹੀ, ਪੰਨਾਂ 69)
ਮੀਡੀਆ ਕਦੇ ਮਨੋਰੰਜਨ ਦੇ ਨਾਮ ਉਪਰ, ਕਦੇ ਖਬਰਾਂ ਦੇ ਨਾਮ ਉਪਰ ਰਾਜਸੱਤਾ ਨਾਲ ਆਪਣੀ ਸਾਂਝ ਨੂੰ ਲੁਕਵੇਂ ਅੰਦਾਜ਼ ਵਿਚ ਬਣਾਈ ਰੱਖਦਾ ਹੈ। ਅੱਜ ਦੇ ਮੀਡੀਆ ਦੀ ਖਾਸੀਅਤ ਇਸ ਕਰਕੇ ਹੋਰ ਵੀ ਵਧੇਰੇ ਮਹੱਤਵ ਦੀ ਲਿਖਾਇਕ ਬਣ ਗਈ ਹੈ ਕਿਉਂਕਿ ਇਸ ਦੀ ਪਕੜ ਸੰਸਾਰ ਵਿਆਪੀ ਹੈ। ਇਹ ਹਮਲਾ ਘਰ ਦੇ ਅੰਦਰੋਂ ਹੋ ਰਿਹਾ ਹੈ ਇਸ ਕਰਕੇ ਸਾਰੇ ਦਾ ਸਾਰਾ ਪਰਿਵਾਰ ਇਸ ਦੀ ਪਕੜ ਹੇਠ ਹੁੰਦਾ ਹੈ। ਇਸ ਉਪਰ ਵਰਤੀ ਜਾਂਦੀ ਭਾਸ਼ਾ ਵੀ ਕਮਾਲ ਦੀ ਹੁੰਦੀ ਹੈ। ਉਹ ਭਾਵੇਂ ਇਸ਼ਤਿਹਾਰ ਦੀ ਭਾਸ਼ਾ ਹੋਵੇ ਜਾਂ ਖਬਰਾਂ ਰਾਹੀਂ ਪੇਸ਼ ਹੁੰਦੇ ਸੱਤਾ ਦੇ ਪ੍ਰਵਚਨ ਦੀ ਭਾਸ਼ਾ। ਪਾਠਕਾਂ ਨੂੰ ਯਾਦ ਹੋਵੇਗਾ ਜਦੋਂ ਪੈਟਰੋਲ ਨੂੰ ਬਹੁਰਾਸ਼ਟਰੀ ਕੰਪਨੀਆਂ ਦੀ ਲੁੱਟ ਦੇ ਹਵਾਲੇ ਕੀਤਾ ਗਿਆ ਤਾਂ ਕਿਹਾ ਇਹ ਗਿਆ ਕਿ ''ਪੈਟਰੋਲ ਕੰਟਰੋਲ ਮੁਕਤ ਕਰ ਦਿੱਤਾ ਗਿਆ ਹੈ।'' ਜਦ ਕਿ ਅਸਲੀਅਤ ਇਹ ਹੈ ਕਿ ਕੰਟਰੋਲ ਮੁਕਤ ਦਾ ਅਰਥ ਹੈ ਕਿ ਹੁਣ ਕੰਟਰੋਲ ਵਿਸ਼ਵ ਬੈਂਕ ਤੇ ਆਈ ਐਮ ਐਫ  ਦਾ ਹੋਵੇਗਾ। 
ਵਿਸ਼ਵੀਕਰਨ ਦੇ ਪ੍ਰਭਾਵ ਹੇਠ ਹਰ ਦੂਸਰੀ ਚੀਜ਼ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਸਰਕਾਰ ਲੋਕਾਂ ਪ੍ਰਤੀ ਬਣਦੀ ਆਪਣੀ ਮੌਲਿਕ ਜਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਸਾਰੇ ਵਰਤਾਰੇ ਨੂੰ ਭਾਸ਼ਾ ਦੀ ਚਾਲਾਕੀ ਨਾਲ ਪੇਸ਼ ਕੀਤਾ ਜਾਂਦਾ ਹੈ। ਸੜਕਾਂ ਉਪਰ ਪੈਰ-ਪੈਰ 'ਤੇ ਮੁਸਾਫਰਾਂ ਦੀ ਟੋਲ ਟੈਕਸ ਦੇ ਰੂਪ ਵਿਚ ਹੁੰਦੀ ਲੁੱਟ ਨੂੰ ਟੋਲ ਪਲਾਜ਼ਾ ਕਿਹਾ ਜਾ ਰਿਹਾ ਹੈ। ਖੁੱਲੀ ਮੰਡੀ ਦੇ ਲੁੱਟ ਦੇ ਸਿਧਾਂਤ ਨੂੰ ਉਦਾਰਵਾਦ ਦਾ ਨਾਮ ਦਿੱਤਾ ਜਾ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਹ ਪ੍ਰਬੰਧ ਕਿਸ ਲਈ ਉਦਾਰ ਹੈ? ਇਸ ਬਾਰੇ ਸੱਤਾ ਦੇ ਦਲਾਲ ਅਖੌਤੀ ਬੁੱਧੀਜੀਵੀ ਮੀਡੀਆ ਉਪਰ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਹ ਇਹ ਕਦੇ ਵੀ ਨਹੀਂ ਆਖਦੇ ਕਿ ਇਹ ਉਦਾਰਵਾਦ ਲੋਕਾਂ ਦੀ ਕੀਮਤ ਉਪਰ ਬਹੁ ਰਾਸ਼ਟਰੀ ਕੰਪਨੀਆਂ ਲਈ ਹੀ ਹੈ। ਉਹ ਕਦੀ ਵੀ ਨਹੀਂ ਆਖਦੇ ਕਿ ਕੰਟਰੋਲ ਮੁਕਤ ਦਾ ਅਰਥ ਹੈ ਕਿ ਮੰਡੀ ਦੀ ਬੇਕਿਰਕ ਲੁੱਟ ਲਈ ਹੁਣ ਦੇਸ਼ ਦੀ ਸਰਕਾਰ ਕੇਵਲ ਮੂਕ ਦਰਸ਼ਕ ਹੀ ਬਣਕੇ ਰਹਿ ਗਈ ਹੈ। ਇਕ ਪਾਸੇ ਸਾਰੇ ਸਭਿਆਚਾਰਾਂ ਉਪਰ ਸੁਹਾਗਾ ਫੇਰ ਕੇ ਸਭਿਆਚਾਰਾਂ ਦਾ ਮੈਕਡੌਨਲਾਈਜ਼ੇਸ਼ਨ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਲੋਕਾਂ ਵਿਚ ਇਹ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਉਹ ਹੁਣ ਆਜ਼ਾਦ ਹਨ। ਇਸ ਅਖੌਤੀ ਵਿਅਕਤੀਗਤ ਆਜ਼ਾਦੀ ਦਾ ਭਰਮ ਮੀਡੀਆ ਨੇ ਬੜੀ ਹੀ ਚਲਾਕੀ ਨਾਲ ਪੈਦਾ ਕੀਤਾ ਹੈ। ਮਨੁੱਖ ਦੀ ਹਰ ਕਿਸਮ ਦੀ ਆਜ਼ਾਦੀ ਨੂੰ ਖਤਰੇ ਵਿਚ ਪਾਕੇ ਮਨੁੱਖ ਦੀ ਵਿਅਕਤੀਗਤ ਆਜ਼ਾਦੀ ਦੀ ਵਕਾਲਤ ਕਰਦਾ ਮੀਡੀਆ ਅਸਲ ਵਿਚ ਮਨੁੱਖ ਨੂੰ ਮਾਨਸਿਕ ਤੌਰ 'ਤੇ ਧੁਰ ਅੰਦਰ ਤੱਕ ਗੁਲਾਮ ਕਰਨ ਦਾ ਕਾਰਜ਼ ਕਰਦਾ ਹੈ। ਇਸ ਦੇ ਨਾਲ ਹੀ ਸਮਾਜਕ ਸੰਗਠਨਾਂ ਤੇ ਸਮਾਜਕ ਬੰਧਨਾਂ ਉਪਰ ਵਾਰ ਕਰਦਾ ਹੈ।
ਮੀਡੀਆ ਭਰਮ ਤਾਂ ਇਹ ਸਿਰਜਦਾ ਹੈ ਕਿ ਉਹ ਸਥਿਤੀਆਂ ਨੂੰ ਹੂ ਬ ਹੂ ਪੇਸ਼ ਕਰਕੇ ਯਥਾਰਥਿਕਤਾ ਦੀ ਹੀ ਪੇਸ਼ਕਾਰੀ ਕਰਦਾ ਹੈ। ਜਦਕਿ ਇਤਿਹਾਸ ਗਵਾਹ ਹੈ ਕਿ ਉਹ ਸਮਾਜਕ ਕ੍ਰਾਂਤੀਕਾਰੀਆਂ ਦੇ ਵਿਅਕਤੀਤਵ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਜਿਸ ਨਾਲ ਇਨਕਲਾਬੀ ਧਿਰਾਂ ਦਾ ਦੋਹਰਾ ਨੁਕਸਾਨ ਹੁੰਦਾ ਹੈ। ''ਸੰਸਾਰ ਮੀਡੀਆ ਕਮਿਊਨਿਸਟ ਵਿਰੋਧੀ ਹਾਕਮਾਂ ਦੁਆਰਾ ਗੁਆਟੇਮਾਲਾ ਵਿਚ ਇਕ ਲੱਖ ਆਦੀਵਾਸੀਆਂ, ਅਲ ਸਲਵਾਡੋਰ ਵਿਚ 75 ਹਜ਼ਾਰ ਕਿਰਤੀਆਂ, ਨਿਕਾਰਾਗੁਆ ਵਿਚ 50 ਹਜ਼ਾਰ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੇ ਜਾਣ ਬਾਰੇ ਆਪਣੇ ਦਰਸ਼ਕਾਂ ਨੂੰ ਕਦੇ ਵੀ ਚੇਤੇ ਨਹੀਂ ਕਰਵਾਉਂਦਾ''( ਉਹੀ ਪੰਨਾਂ 71)। ਇਸ ਦੇ ਨਾਲ ਹੀ ਮੀਡੀਆ ਕਿਸੇ ਸਥਿਤੀ ਦੇ ਤਰਕ ਨੂੰ ਵਿਗਾੜ ਕੇ ਪੇਸ਼ ਕਰਨ ਦੀ ਮੁਹਾਰਤ ਵੀ ਰੱਖਦਾ ਹੈ। ਸੰਸਾਰ ਮੀਡੀਏ ਨੇ ਇਰਾਕ ਦੀ ਜੰਗ ਵਿਚ ਅਮਰੀਕਾ ਪੱਖੀ ਭੂਿਮਕਾ ਜਿਸ ਤਰ੍ਹਾਂ ਨਾਲ ਨਿਭਾਈ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਰਾਕ 'ਤੇ ਹੋਏ ਦੂਸਰੇ ਹਮਲੇ ਵੇਲੇ ਅਮਰੀਕੀ ਸਾਮਰਾਜੀਆਂ ਨੇ ਝੂਠਾ ਤਰਕ ਇਹ ਸਿਰਜਿਆ ਸੀ ਕਿ ਸੱਦਾਮ ਹੁਸੈਨ ਕੋਲ ਰਸਾਇਣਕ ਹਥਿਆਰ ਹਨ ਜਿਸ ਨਾਲ ਸਾਰੇ ਸੰਸਾਰ ਨੂੰ ਖ਼ਤਰਾ ਹੈ। ਜਦਕਿ ਸਾਰਾ ਸੰਸਾਰ ਜਾਣਦਾ ਹੈ ਇਹ ਤਰਕ ਨਿਰ ਅਧਾਰ ਸੀ। ਜਿਸ ਦਾ ਮਕਸਦ ਕੇਵਲ ਤੇ ਕੇਵਲ ਸਦਾਮ ਹੁਸੈਨ ਦੀ ਸੱਤਾ ਦਾ ਤਖਤਾ ਪਲਟ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨਾ ਹੀ ਸੀ। ਕਮਾਲ ਦੀ ਗੱਲ ਇਸ ਵਿਚ ਇਹ ਹੈ ਕਿ ਸਾਮਰਾਜੀ ਧਿਰਾਂ ਦਾ ਮੀਡੀਆ ਉਪਰ ਏਨਾਂ ਗਲਬਾ ਹੈ ਕਿ ਅਸਲੀਅਤ ਦਮ ਤੋੜ ਰਹੀ ਹੈ ਤੇ ਬਦਲਵੇਂ ਰੂਪ ਵਿਚ ਲੋਕਾਂ ਵਿਚ ਪੇਸ਼ ਨਹੀਂ ਹੋ ਸਕੀ (ਜਿਨੀ ਕੁ ਹੋਈ ਉਹ ਬਹੁਤ ਥੋੜੀ ਸੀ )। ਇਹੋ ਕੁਝ ਹੀ ਅਫਗਾਨਿਸਤਾਨ ਦੇ ਸੰਦਰਭ ਵਿਚ ਹੋ ਰਿਹਾ ਹੈ। ਅੱਤਵਾਦ ਦੇ ਨਾਮ ਹੇਠ ਕਿਸੇ ਦੇਸ਼ ਦੇ ਨਿਰਦੋਸ਼ ਲੋਕਾਂ ਉਪਰ ਕੀਤੀ ਜਾਂਦੀ ਬੰਬਾਰੀ ਨੂੰ ਵੀਡੀਓ ਗੇਮ ਵਾਂਗ ਹੀ ਪੇਸ਼ ਕੀਤਾ ਜਾਂਦਾ ਹੈ। ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਅੱਤਵਾਦ ਨੂੰ ਪੱਠੇ ਪਾਉਣ ਵਾਲਾ ਅਮਰੀਕੀ ਸਾਮਰਾਜਵਾਦ 9-11 ਦੇ ਹਮਲੇ ਤੋਂ ਬਾਅਦ ਅੱਤਵਾਦ ਸੰਬੰਧੀ ਦੋਗਲੀ ਨੀਤੀ 'ਤੇ ਚੱਲਣ ਕਰਕੇ ਸੰਸਾਰ ਭਰ ਵਿਚ ਬਦਨਾਮ ਹੈ। ਅੱਜ ਮੀਡੀਆ ਅਮਰੀਕੀ ਸਾਮਰਾਜਵਾਦ ਦੀ ਛਵੀ ਨੂੰ ਸੁਧਾਰਨ ਵਿਚ ਲੱਗਾ ਹੋਇਆ ਹੈ।
ਮੀਡੀਏ ਦੁਆਰਾ ਪੇਸ਼ ਕੀਤੇ ਜਾਂਦੇ ਇਤਿਹਾਸਕ ਪ੍ਰੋਗਰਾਮ ਵੀ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ। ਗਲ ਕੀ ਇਤਿਹਾਸ ਨੂੰ ਸਾਮਰਾਜੀ ਹਿੱਤਾਂ ਲਈ ਘੜਿਆ ਜਾਂਦਾ ਹੈ ਤੇ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਨੂੰ ਪਰੋਸਿਆ ਜਾਂਦਾ ਹੈ। ਅਫਗਾਨਿਸਤਾਨ ਦੀ ਬਰਬਾਦੀ ਦਾ ਕਾਰਨ ਅਮਰੀਕੀ ਸਾਮਰਾਜਵਾਦ ਹੈ ਜਿਸ ਨੇ ਸਮਾਜਵਾਦੀ ਰੂਸ ਨੂੰ ਤਬਾਹ ਕਰਨ ਲਈ ਅਫਗਾਨਿਸਤਾਨ ਅੰਦਰ ਅੱਤਵਾਦੀ ਕਤਾਰਬੰਦੀ ਕੀਤੀ। ਅਮਰੀਕੀ ਸਾਮਰਾਜ ਦੀਆਂ ਕਠਪੁਤਲੀਆਂ ਬਣੇ ਤਾਲਿਬਾਨੀ ਅਮਰੀਕਾ ਦੀ ਹੀ ਪੈਦਾਇਸ਼ ਹਨ ਪਰ ਇਤਿਹਾਸ ਨੂੰ ਤੋੜ ਕੇ ਪੇਸ਼ ਕਰਨ ਦਾ ਕੰਮ ਕਰਦਾ ਮੀਡੀਆ ਸਾਰੀਆਂ ਹੀ ਸਥਿਤੀਆਂ ਨੂੰ ਸਿਰ ਪਰਨੇ ਕਰਕੇ ਦਰਸ਼ਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਕਿਸ ਨੂੰ ਕ੍ਰਾਂਤੀਕਾਰੀ ਦੇ ਰੂਪ ਵਿਚ ਪੇਸ਼ ਕਰਨਾ ਹੈ ਤੇ ਕਿਸ ਨੂੰ ਅੱਤਵਾਦੀ ਦੇ ਰੂਪ ਵਿਚ ਪੇਸ਼ ਕਰਨਾ ਹੈ ਇਸ ਦਾ ਨਿਰਣਾ ਮੀਡੀਏ ਦੀਆਂ ਚਾਲਕ ਸ਼ਕਤੀਆਂ ਕਰਦੀਆਂ ਹਨ।
ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨੇ ਤੀਸਰੀ ਦੁਨੀਆਂ ਦੇ ਲੋਕਾਂ ਨੂੰ ਗੁਰਬਤ ਦੀ ਭੱਠੀ ਵਿਚ ਝੋਕ ਦਿੱਤਾ ਹੈ। ਲੈਟਿਨ ਅਮਰੀਕਾ ਦੇ ਦੇਸ਼ਾਂ ਵਿਚ ਇਹ ਨੀਤੀਆਂ ਏਸ਼ੀਆ ਦੇ ਮੁਕਾਬਲੇ ਇਕ ਦਹਾਕਾ ਪਹਿਲਾਂ ਸ਼ੁਰੂ ਹੋ ਗਈਆਂ ਸਨ। ਇਸ ਕਰਕੇ ਇਨ੍ਹਾਂ ਨਵ ਸਾਮਰਾਜਵਾਦੀ ਨੀਤੀਆਂ ਦਾ ਮਾਰੂ ਪ੍ਰਭਾਵ ਵੀ ਉਨ੍ਹਾਂ ਉਪਰ ਪਹਿਲਾਂ ਪੈਣਾ ਕੁਦਰਤੀ ਹੀ ਸੀ। ਮੀਡੀਆ ਸ਼ੋਸ਼ਣ, ਲਾਚਾਰਗੀ ਤੇ ਗੁਰਬਤ ਦੀ ਚੱਕੀ ਵਿਚ ਪਿੱਸ ਰਹੇ ਲੋਕਾਂ ਨੂੰ ਅਖੌਤੀ ਮਨੋਰੰਜਨ ਰਾਹੀਂ ਪੱਠੇ ਪਾਉਣ ਦਾ ਯਤਨ ਕਰ ਰਿਹਾ ਹੈ। ''ਰੀਗਨ ਨੇ ਆਪਣੇ ਸ਼ਾਸਨ ਕਾਲ ਵਿਚ ਅਤਿਅੰਤ ਹਰਮਨ ਪਿਆਰੇ ਅਤੇ ਸਿਰੇ ਦੇ ਪ੍ਰਤੀਕਿਰਿਆਵਾਦੀ ਮਨੋਰੰਜਨ ਪ੍ਰੋਗਰਾਮਾਂ ਰਾਹੀਂ ਮੀਡੀਆ ਦੇ ਛਲ ਕਪਟ ਦੀ ਚੌਧਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਅਤੇ ਇਸ ਸਿਲਸਿਲੇ ਨੂੰ ਲਾਤੀਨੀ ਅਮਰੀਕਾ ਅਤੇ ਏਸ਼ੀਆ ਤਕ ਵਿਸਥਾਰਿਆ। (ਵਿਸ਼ਵੀਕਰਨ ਦਾ ਪ੍ਰਵਚਨ, ਪੰਨਾਂ 71)
ਮੀਡੀਆ ਜਿਸ ਕਿਸਮ ਦੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ ਉਹ ਬੜੇ ਹੀ ਕਮਾਲ ਦੀ ਹੈ। ਸੰਸਾਰ ਪੱਧਰ 'ਤੇ ਹੀ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਵਾਲੇ ਨਿੱਕੀਆਂ ਸਨਅਤਾਂ ਨੂੰ ਬੰਦ ਕਰਵਾਉਣ ਵਾਲੇ, ਛੋਟੇ ਦੁਕਾਨਦਾਰਾਂ ਦੇ ਰੁਜ਼ਗਾਰ ਨੂੰ ਖੋਹਕੇ ਬੇਰੁਜ਼ਗਾਰ ਕਰਕੇ ਵੱਡੇ ਮਾਲ ਉਸਾਰਨ ਵਾਲੇ ਬਹੁ ਰਾਸ਼ਟਰੀ ਕਾਰਪੋਰੇਟਾਂ ਦੇ ਧਾੜਵੀਆਂ ਨੂੰ ਉਦਾਰਵਾਦੀ, ਸੁਧਾਰਵਾਦੀ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਜਿਨ੍ਹਾਂ ਦੇ ਕਾਰੋਬਾਰ ਵਿਚ ਲੱਗੇ ਕਰੋੜਾਂ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਵਿਚ ਸੋਧ ਕਰਕੇ ਨਰਕ ਵਰਗੀ ਜਿੰਦਗੀ ਜੀਉਣ ਲਈ ਇਸ ਪ੍ਰਬੰਧ ਨੇ ਮਜਬੂਰ ਕੀਤਾ ਹੈ। ਬਸਤਰ ਦੇ ਜੰਗਲਾਂ ਵਿਚ ਆਪਣੀ ਜ਼ਮੀਨ ਦੇ ਜਬਰੀ ਖੋਹੇ ਜਾਣ ਦੇ ਵਿਰੋਧ ਵਿਚ ਅੰਦੋਲਨ ਕਰਦੇ ਅੰਦੋਲਨਕਾਰੀਆਂ ਨੂੰ ਇਹੋ ਮੀਡੀਆ ਖ਼ਤਰਨਾਕ ਅੱਤਵਾਦੀ ਬਣਾਕੇ ਪੇਸ਼ ਕਰ ਰਿਹਾ ਹੈ। ਜਦਕਿ ਅਸਲੀਅਤ ਇਹ ਹੈ ਕਿ ਆਦੀਵਾਸੀ ਲੋਕਾਂ ਦੇ ਘਰਾਂ ਨੂੰ ਉਜਾੜ ਕੇ ਪਿੰਡਾਂ ਦੇ ਪਿੰਡ ਤਬਾਹ ਕਰਕੇ ਧਰਤੀ ਦੇ ਗਰਭ ਵਿਚ ਦੱਬੇ ਕੁਦਰਤੀ ਖਜ਼ਾਨਿਆਂ ਨੂੰ ਕੌਡੀਆਂ ਦੇ ਭਾਅ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਤੇ ਉਨ੍ਹਾਂ ਆਦੀਵਾਸੀਆਂ ਨੂੰ ਸੜਕਾਂ ਦੇ ਕਿਨਾਰੇ ਬਣੇ 'ਸਲਵਾਜੂਡਮ' ਨਾਮ ਅਧੀਨ ਕੈਂਪਾਂ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇ ਉਹ ਲੋਕ ਆਪਣੇ ਘਰਾਂ ਵੱਲ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ। ਜੇ ਉਹ ਲੋਕ ਵਿਰੋਧ ਕਰਦੇ ਹਨ ਤਾਂ ਬੇਕਸੂਰ ਲੋਕਾਂ ਨੂੰ ਮਾਓਵਾਦੀ ਆਖਕੇ ਫੌਜੀ ਬੂਟਾਂ ਹੇਠ ਕੁਚਲ ਦਿੱਤਾ ਜਾਂਦਾ ਹੈ। ਸੰਸਾਰ ਮੀਡੀਆ ਨੇ ਹੁਣ ਤੱਕ ਕੁਦਰਤੀ ਵਸੀਲਿਆਂ ਨਾਲ ਭਰਪੂਰ ਧਰਤੀ ਦੇ ਗਰੀਬ ਲੋਕਾਂ ਦੇ ਦਰਦ ਨੂੰ ਬਿਆਨ ਕਰਨ ਦੀ ਥਾਂ ਹਾਕਮ ਧਿਰਾਂ ਦੇ ਝੂਠੇ ਤਰਕ ਨੂੰ ਹੀ ਪੇਸ਼ ਕੀਤਾ ਹੈ।
ਮੀਡੀਆ ਜਿਹੜਾ ਸਮਾਜ ਦੀ ਹਰ ਇਕ ਨਿੱਕੀ ਨਿੱਕੀ ਗਤੀਵਿਧੀ ਉਪਰ ਨਜ਼ਰ ਰੱਖਦਾ ਹੈ। ਉਹ ਸਮਾਜ ਨੂੰ ਸਮਾਜ ਦੀ ਸਹੀ ਜਾਣਕਾਰੀ ਨਹੀਂ ਦਿੰਦਾ ਹੈ। ਆਖਣ ਨੂੰ ਤਾਂ ਇਹ ਜਾਣਕਾਰੀ ਹੂ-ਬ-ਹੂ ਹੁੰਦੀ ਹੈ ਪਰ ਇਹ ਜੋ ਕੁਝ ਵੀ ਪੇਸ਼ ਕੀਤਾ ਜਾ ਰਿਹਾ ਹੁੰਦਾ ਹੈ। ਇਹ ਹੂ ਬ ਹੂ ਸੱਚ ਨਾ ਹੋਕੇ ਸਗੋਂ ਘੜਿਆ ਗਿਆ ਸੱਚ ਹੁੰਦਾ ਹੈ। ਦੂਸਰੇ ਸ਼ਬਦਾਂ ਵਿਚ ਜੇ ਇਹ ਵੀ ਕਹਿ ਲਿਆ ਜਾਵੇ ਕਿ ਖਬਰਾਂ ਪੇਸ਼ ਨਹੀਂ ਹੁੰਦੀਆਂ ਸਗੋਂ ਖਬਰਾਂ ਘੜੀਆਂ ਜਾਂਦੀਆਂ ਹਨ। ਉਦਾਹਰਣ ਦੇ ਤੌਰ 'ਤੇ ਮੈਂ ਇਕ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ, ਇਹ ਗੱਲ 1999 ਦੀ ਹੈ, ਪੰਜਾਬ ਦੇ ਇਕ ਮੰਤਰੀ ਨੇ ਇਕ ਸਕੂਲ ਵਿਚ ਛਾਪਾ ਮਾਰਿਆ। ਤਿੰਨ ਅਧਿਆਪਕ ਗੈਰ ਹਾਜ਼ਰ ਸਨ ਤੇ ਤਿੰਨ ਛੁੱਟੀ ਉਪਰ ਸਨ। ਗੈਰ ਹਾਜ਼ਰ ਅਧਿਆਪਕਾਂ ਨੂੰ ਮੰਤਰੀ ਨੇ ਆਪਣੀ ਕੋਠੀ ਮਿਲਣ ਲਈ ਕਿਹਾ ਤੇ ਜਿਹੜੇ ਤਿੰਨ ਛੁੱਟੀ ਉਪਰ ਸਨ, ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਅਖਬਾਰ ਦੀ ਖਬਰ ਉਹ ਸੀ ਜੋ ਮੰਤਰੀ ਸਾਹਿਬ ਨੇ ਮੀਡੀਆ ਨੂੰ ਦਿੱਤੀ ''ਸਕੂਲ ਵਿਚ ਛਾਪਾ ਤਿੰਨ ਅਧਿਆਪਕ ਗੈਰਹਾਜ਼ਰ।'' ਮੈਂ ਇਸ ਖਬਰ ਦੀ ਦਰੁਸਤੀ ਲਈ ਬੜੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ। ਗੈਰ ਹਾਜ਼ਰ ਅਧਿਆਪਕਾਂ ਪਾਸੋਂ ਮੰਤਰੀ ਨੇ ਵੀਹ ਵੀਹ ਹਜ਼ਾਰ ਰੁਪਿਆ ਉਸੇ ਸ਼ਾਮ ਲੈ ਲਿਆ ਤੇ ਛੁੱਟੀ ਵਾਲੇ ਬੇਕਸੂਰ ਅਧਿਆਪਕਾਂ ਨੂੰ ਤਿੰਨ ਤਿੰਨ ਮਹੀਨੇ ਲਈ ਮੁਅਤਲ ਕਰ ਦਿੱਤਾ। ਜੇ ਇਸ ਖਬਰ ਦਾ ਪ੍ਰਭਾਵ ਦੇਖਿਆ ਜਾਵੇ ਤਾਂ ਇਹ ਬਣਦਾ ਹੈ ਕਿ ਮੰਤਰੀ ਨੇ ਚੈਕਿੰਗ ਕੀਤੀ ਤੇ ਅਧਿਆਪਕ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੇ ਸਨ। ਜਦਕਿ ਅਸਲੀਅਤ ਜਿਹੜੀ ਲੋਕਾਂ ਤੱਕ ਜਾਣੀ ਚਾਹੀਦੀ ਸੀ ਕਿ ਨਿਰਦੋਸ਼ ਲੋਕਾਂ ਨੂੰ ਬਲੀ ਦੇ ਬੱਕਰੇ ਬਣਾਕੇ ਮੰਤਰੀ ਨੇ ਦੋਸ਼ੀਆਂ ਨੂੰ ਨਿਗੂਣੀ ਧਨ ਰਾਸ਼ੀ ਲੈ ਕੇ ਛੱਡ ਦਿੱਤਾ। ਹਰ ਅਖਬਾਰ ਆਪਣੇ ਪੱਤਰ ਪ੍ਰੇਰਕ ਦੀ ਹੀ ਖ਼ਬਰ ਲਗਾਉਂਦੀ ਹੈ ਤੇ ਉਹ ਆਪਣੇ ਅਖਬਾਰ ਦੇ ਮਾਲਕਾਂ ਦੇ ਆਰਥਕ ਤੇ ਰਾਜਨੀਤਕ ਹਿਤਾਂ ਦੀ ਅਣਦੇਖੀ ਨਹੀਂ ਕਰ ਸਕਦੇ। ਬਹੁ-ਗਿਣਤੀ ਪੱਤਰਕਾਰਾਂ ਦੀ ਸਮਰਥਾ ਸੱਚ ਦੀ ਖਾਤਰ ਆਪਣੀ ਬਲੀ ਦੇ ਦੇਣ ਦੀ ਨਹੀਂ ਹੁੰਦੀ।
ਲੋਕਾਂ ਦਾ ਲੋਕ ਪੱਖੀ ਵਿਕਲਪਕ ਮੀਡੀਆ ਨਾ ਹੋਣ ਕਰਕੇ ਇਹ ਸੰਤਾਪ ਹੋਰ ਵੀ ਲੰਮਾਂ ਹੋ ਰਿਹਾ ਹੈ। ਇਸ ਲਈ ਸ਼ੋਸ਼ਲ ਮੀਡੀਆ ਕੀ ਰੋਲ ਅਦਾ ਕਰਦਾ ਹੈ ਜਾਂ ਲੋਕ ਇਸ ਦਾ ਬਦਲ ਕਿਸ ਤਰ੍ਹਾਂ ਤਲਾਸ਼ਦੇ ਹਨ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ।
ਅੱਜ ਜਦੋਂ ਮੀਡੀਆ 'ਤੇ ਕਾਰਪੋਰੇਟ ਜਗਤ ਦਾ ਕਬਜ਼ਾ ਹੈ, ਲੋਕ ਪੱਖੀ ਸੱਚ ਪੇਸ਼ ਕਰਨਾ ਇਕ ਜਟਿਲ ਕਾਰਜ ਹੈ।ઠઠ

No comments:

Post a Comment